ਬੀਦੋਵਾਲੀ, ਸਿੱਧੂਆਂ ਬਰਾੜਾਂ ਦਾ ਮੋਢੀ ਪਿੰਡ ਸੀ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਏਕੇ ਸਮੇਤ ਪਰਿਵਾਰ 1688 ਬਿਕਰਮੀ ਵਿੱਚ ਮੋਹਨ ਪਾਸ ਆਏ ਸਨ। ਬਠਿੰਡਾ ਗੱਜ਼ਟ ਦੇ ਅਨੁਸਾਰ ਬੀਦੋਵਾਲੀ ਇਲਾਕੇ ਦੀ ਚੌਧਰ ਪਹਿਲੇ ਪਹਿਲ ਮੁਗਲਾਂ ਨੇ ਬਰਾੜ ਬੰਸ ਦੇ ਇੱਕ ਬੈਰਮ ਨੂੰ ਦੇ ਦਿੱਤੀ ਸੀ। ਬੈਰਮ ਦੀ ਮੌਤ 1560 ਈਸਵੀ ਵਿੱਚ ਹੋਈ। ਫਿਰ ਇਸ ਇਲਾਕੇ ਦੀ ਚੌਧਰ ਉਸ ਦੇ ਪੁੱਤਰ ਮਹਿਰਾਜ ਨੂੰ ਮਿਲ ਗਈ। ਮਹਿਰਾਜ ਦੇ ਪੋਤੇ ਮੋਹਨ ਨੇ ਭੱਟੀ ਮੁਸਲਮਾਨਾਂ ਤੋਂ ਤੰਗ ਆ ਕੇ ਬੀਦੋਵਾਲੀ ਪਿੰਡ 1618 ਈਸਵੀ ਵਿੱਚ ਕੁਝ ਸਮੇਂ ਲਈ ਛੱਡ ਦਿੱਤਾ ਅਤੇ ਉਹ ਬਠਿੰਡੇ ਦੇ ਇਲਾਕੇ ਵਿੱਚ ਆ ਗਿਆ। ਸਰਕਾਰ ਵੀ ਉਸ ਤੇ ਨਾਰਾਜ਼ ਸੀ। ਮਾਨ, ਭੁੱਲਰ ਤੇ ਹੇਅਰ ਵੀ ਆਪਣੇ ਆਪ ਨੂੰ ਪੰਜਾਬ ਦੀ ਧਰਤੀ ਦੇ ਮਾਲਕ ਸਮਝਦੇ ਸਨ। ਸਿੱਧੂਆਂ ਨੂੰ ਉਜਾੜ ਦਿੰਦੇ ਸਨ। ਨੇਤਾ ਸਿੰਘ ਦੰਦੀਵਾਲ ਚੌਹਾਨ ਦੇ ਅਨੁਸਾਰ ਮੋਹਨ ਅਤੇ ਉਸ ਦਾ ਪੁੱਤਰ ਰੂਪਚੰਦ 1632 ਈਸਵੀ ਵਿੱਚ ਬੀਦੋਵਾਲੀ ਹੀ ਭੱਟੀ?ਮੁਸਲਮਾਨਾਂ ਨਾਲ ਲੜਦੇ ਮਾਰੇ ਗਏ ਸਨ। ਮੋਹਨ ਦਾ ਪੁੱਤਰ ਕਾਲਾ ਵੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਪੱਕਾ ਸੇਵਕ ਸੀ। ਸ਼ਾਹਜਹਾਨ ਦੀ ਫ਼ੌਜ ਨੇ ਗੁਰੂ ਸਾਹਿਬ ਤੇ 1635 ਈਸਵੀ ਵਿੱਚ ਮਰਾਝ ਦੇ ਨੇੜੇ ਲਹਿਰੇ ਹੱਲਾ ਬੋਲ ਦਿੱਤਾ। ਕਾਲੇ ਨੇ ਇਸ ਲੜਾਈ ਵਿੱਚ ਗੁਰੂ ਸਾਹਿਬ ਦੀ ਆਪਣੇ ਸਾਰੇ ਭਾਈਚਾਰੇ ਸਮੇਤ ਡੱਟ ਕੇ ਪੂਰੀ ਸਹਾਇਤਾ ਕੀਤੀ। ਗੁਰੂ ਸਾਹਿਬ ਦੀ ਜਿੱਤ ਹੋਈ। ਗੁਰੂ ਸਾਹਿਬ ਨੇ ਖ਼ੁਸ਼ ਹੋਕੇ ਕਾਲੇ ਬਰਾੜ ਨੂੰ ਕਿਹਾ ਕਿ ਜਿਤਨਾ ਇਲਾਕਾ ਚਾਹੁੰਦਾ ਹੈਂ, ਹੁਣੇ ਹੀ ਵਲ ਲੈ ਤੇ ਮੋਹੜੀ ਗੱਡ ਲੈ। ਭੁੱਲਰਾਂ ਨੇ ਗੱਡੀ ਮੋਹੜੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਕਾਲੇ ਨੇ 22 ਇਲਾਕਾ ਸ਼ਾਮ ਤੱਕ ਵਲ ਲਿਆ। ਉਸ ਨੇ ਸ਼ਾਮ ਨੂੰ ਗੁਰੂ ਸਾਹਿਬ ਪਾਸ ਆਕੇ ਮੋਹੜੀ ਖੂਹ ਵਿੱਚ ਸੁਟਣ ਦੀ ਸ਼ਿਕਾਇਤ ਕੀਤੀ ਤਾਂ ਗੁਰੂ ਹਰਗੋਬਿੰਦ ਜੀ ਨੇ ਕਿਹਾ, ''ਭਾਈ ਕਾਲੇ, ਤੇਰੀ ਜੜ੍ਹ ਪਤਾਲ ਵਿੱਚ ਲੱਗ ਗਈ ਹੈ। ਇਸ ਤਰ੍ਹਾਂ ਕਾਲੇ ਨੇ ਮਰਾਝ ਪਿੰਡ ਵਸਾਇਆ। ਗੁਰੂ ਹਰਰਾਏ ਸਾਹਿਬ ਜਦ ਮਾਲਵੇ ਵਿੱਚ ਆਏ ਤਾਂ ਕਾਲਾ ਆਪਣੇ ਭਤੀਜਿਆਂ ਫੂਲ ਤੇ ਸੰਦਲ ਨੂੰ ਲੈ ਕੇ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਫੂਲ ਤੇ ਸੰਦਲ ਦੇ ਘੋੜੇ ਗੰਗਾ ਜਮਨਾ ਪਾਣੀ ਪੀਣਗੇ। ਫੂਲ ਦੀ ਸੰਤਾਨ ਜਮਨਾ ਤੋਂ ਸਤਿਲੁਜ ਤੱਕ ਰਾਜ ਕਰੇਗੀ। ਫੂਲ ਨੇ ਵੱਡਾ ਹੋ ਕੇ ਫੂਲ ਨਗਰ ਵਸਾਇਆ ਤੇ ਆਲੇ ਦੁਆਲੇ ਦੇ ਇਲਾਕੇ ਜਿੱਤੇ। ਚੌਧਰੀ ਫੂਲ ਦੇ ਪੁੱਤਰ ਤ੍ਰਿਲੋਕ ਸਿੰਘ ਤੇ ਰਾਮ ਸਿੰਘ ਹੋਏ। ਇਨ੍ਹਾਂ ਨੇ ਨਵਾਬ ਈਸਾ ਖਾਂ ਤੋਂ ਆਪਣੇ ਬਾਪ ਦੀ ਮੌਤ ਦਾ ਬਦਲਾ ਲਿਆ। ਇਨ੍ਹਾਂ ਨੇ ਦਸਵੇਂ ਗੁਰੂ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ। ਇਨ੍ਹਾਂ ਦੋਵਾਂ ਸਰਦਾਰਾਂ ਦੀ ਔਲਾਦ ਦੀਆਂ ਰਿਆਸਤਾਂ ਪਟਿਆਲਾ, ਨਾਭਾ ਤੇ ਜੀਂਦ (ਸੰਗਰੂਰ) ਹੋਈਆਂ। ਇਨ੍ਹਾਂ ਤਿੰਨਾਂ ਨੂੰ ਫੂਲ ਵੰਸ਼ ਰਿਆਸਤਾਂ ਕਿਹਾ ਜਾਂਦਾ ਸੀ। ਫੂਲਕੀਆਂ ਰਿਆਸਤਾਂ ਵਿਚੋਂ ਬਾਬਾ ਆਲਾ ਸਿੰਘ ਨੇ ਆਪਣੇ ਰਾਜ ਨੂੰ ਬਹੁਤ ਵਧਾਇਆ। ਉਹ ਪੱਕੇ ਸਿੱਖ ਤੇ ਉੱਚ ਕੋਟੀ ਦੇ ਨੀਤੀਵਾਨ ਸਨ। ਮਹਾਰਾਜਾ ਆਲਾ ਸਿੰਘ ਦੀ 1765 ਈਸਵੀ ਵਿੱਚ ਮੌਤ ਹੋਈ। ਉਹ ਮਹਾਨ ਸੂਰਬੀਰ ਸੀ।
ਫਰੀਦਕੋਟ ਰਿਆਸਤ ਦਾ ਵਡੇਰਾ ਭਲਣ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਪੱਕਾ ਸਿੱਖ ਸੀ। ਉਸ ਨੇ ਵੀ ਮਹਿਰਾਜ ਦੀ ਲੜਾਈ ਵਿੱਚ ਗੁਰੂ ਸਾਹਿਬ ਦੀ ਸਹਾਇਤਾ ਕੀਤੀ ਸੀ। ਉਹ 1643 ਈਸਵੀ ਵਿੱਚ ਬੇਔਲਾਦ ਮਰ ਗਿਆ। ਉਸ ਦੀ ਮੌਤ ਤੋਂ ਮਗਰੋਂ ਕਪੂਰਾ ਚੌਧਰੀ ਬਣਿਆ। ਕਪੂਰਾ ਬਰਾੜ ਚੌਧਰੀ ਭਲਣ ਦੇ ਭਰਾ ਲਾਲੇ ਦਾ ਪੁੱਤਰ ਸੀ। ਕਪੂਰੇ ਨੇ 1661 ਈਸਵੀ ਵਿੱਚ ਕੋਟਕਪੂਰਾ ਨਗਰ ਵਸਾਇਆ। ਕਪੂਰਾ ਵੀ 83 ਪਿੰਡ ਦਾ ਚੌਧਰੀ ਸੀ। ਉਹ ਵੀ ਸਿੱਖੀ ਨੂੂੰ ਪਿਆਰ ਕਰਦਾ ਸੀ। ਪਰ ਮੁਗਲਾਂ ਨਾਲ ਵੀ ਵਿਗਾੜਨਾ ਨਹੀਂ ਚਾਹੁੰਦਾ ਸੀ।
1705 ਈਸਵੀ ਵਿੱਚ ਮੁਕਤਸਰ ਦੀ ਜੰਗ ਵਿੱਚ ਕਪੂਰੇ ਨੇ ਗੁਰੂ ਗੋਬਿੰਦ ਸਿੰਘ ਦੀ ਲੁਕਵੀਂ ਹੀ ਸਹਾਇਤਾ ਕੀਤੀ। ਈਸਾ ਖ਼ਾਨ ਮੰਜ ਨੇ ਧੋਖੇ ਨਾਲ 1708 ਈਸਵੀ ਵਿੱਚ ਕਪੂਰੇ ਨੂੰ ਕਤਲ ਕਰ ਦਿੱਤਾ। ਕਪੂਰੇ ਦੇ ਤਿੰਨ ਪੁੱਤਰ ਸੁਖੀਆ, ਸੇਮਾਂ ਤੇ ਮੁਖੀਆ ਸਨ। ਇਨ੍ਹਾਂ ਨੇ ਈਸਾ ਖ਼ਾਨ ਨੂੰ ਮਾਰ ਕੇ ਸਾਰਾ ਇਲਾਕਾ ਜਿੱਤ ਲਿਆ। ਇਸ ਲੜਾਈ ਵਿੱਚ ਸੇਮਾਂ ਵੀ 1710 ਈਸਵੀ 'ਚ ਮਾਰਿਆ ਗਿਆ। ਇਸ ਤਰ੍ਹਾਂ 1720 ਈਸਵੀ ਵਿੱਚ ਕਪੂਰੇ ਦਾ ਵੱਡਾ ਪੁੱਤਰ ਮੁਖੀਆ ਫਿਰ ਗਦੀ ਤੇ ਬੈਠਾ। 1808 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਦੀ ਰਿਆਸਤ ਦੇ ਸਾਰੇ ਇਲਾਕੇ ਉੱਤੇ ਮੁਕਤਸਰ ਤੱਕ ਕਬਜ਼ਾ ਕਰ ਲਿਆ ਸੀ। ਅੰਗਰੇਜ਼ਾਂ ਦੇ ਕਹਿਣ ਤੇ ਇਹ ਇਲਾਕਾ ਰਣਜੀਤ ਸਿੰਘ ਨੂੰ ਛੱਡਣਾ ਪਿਆ। ਇਸ ਕਾਰਨ ਹੀ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਵਿੱਚ ਇਸ ਰਿਆਸਤ ਦੇ ਰਾਜੇ ਪਹਾੜਾ ਸਿੰਘ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ। 1705 ਈਸਵੀ ਵਿੱਚ ਮੁਕਤਸਰ ਦੀ ਜੰਗ ਵਿੱਚ ਜਥੇਦਾਰ ਦਾਨ ਸਿੰਘ ਬਰਾੜ ਨੇ 1500 ਬਰਾੜਾਂ ਨੂੰ ਨਾਲ ਲੈ ਕੇ ਮੁਗਲ ਫ਼ੌਜਾਂ ਦੇ ਪੈਰ ਉਖੇੜ ਦਿੱਤੇ ਸੀ।
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਬਰਾੜ ਭਾਈਚਾਰੇ ਤੇ ਬਹੁਤ ਖ਼ੁਸ਼ ਸਨ। ਗੁਰੂ ਗੋਬਿੰਦ ਸਿੰਘ ਦੇ ਸਮੇਂ ਮਾਲਵੇ ਵਿੱਚ ਬਰਾੜਾਂ ਦਾ ਦਬਦਬਾ ਸੀ। ਔਰੰਗਜ਼ੇਬ ਵੀ ਸਿੱਧੂ ਬਰਾੜਾਂ ਤੋਂ ਡਰਦਾ ਮਾਲਵੇ ਵੱਲ ਮੂੰਹ ਨਹੀਂ ਕਰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਦੀਨੇ ਕਾਂਗੜ ਤੋਂ ਜੋ ਜ਼ਫਰਨਾਮਾ ਲਿਖਿਆ ਸੀ ਉਸ ਵਿੱਚ ਵੀ ਬਰਾੜਾਂ ਦਾ ਵਿਸ਼ੇਸ਼ ਵਰਣਨ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਬਰਾੜਾਂ ਦੀ ਸਾਰੀ ਕੌਮ ਮੇਰੇ ਹੁਕਮ ਵਿੱਚ ਹੀ ਹੈ। ਅਸਲ ਵਿੱਚ ਜਦ ਗੁਰੂ ਹਰਗੋਬਿੰਦ ਸਿੰਘ ਸੰਨ 1688 ਬਿਕਰਮੀ ਵਿੱਚ ਮਾਲਵੇ ਵਿੱਚ ਆਏ ਤਾਂ ਬਰਾੜਾਂ ਦੇ ਚੌਧਰੀ ਭਲਣ ਨੇ ਸਿੱਖੀ ਧਾਰਨ ਕਰ ਲਈ। ਇਸ ਕਾਰਨ ਬਰਾੜ ਗੁਰੂਆਂ ਦੇ ਸ਼ਰਧਾਲੂ ਤੇ ਸੇਵਕ ਬਣ ਗਏ। ਭਾਈ ਬਹਿਲੋ ਵੀ ਗੁਰੂ ਅਰਜਨ ਦੇਵ ਦਾ ਪੱਕਾ ਸਿੱਖ ਸੀ। ਸਿੱਧੂ ਬਰਾੜ ਬਹੁਤ ਵੱਡਾ ਭਾਈਚਾਰਾ ਸੀ। ਕੈਂਥਲ ਰਿਆਸਤ ਦੇ ਮੋਢੀ ਭਾਈ ਭੱਗਤੂ ਦੀ ਸੰਤਾਨ ਵਿਚੋਂ ਭਾਈ ਦੇਸੂ ਸਿੰਘ ਸੀ। ਇਹલ ਸਟੇਟ ਬਹੁਤ ਦੂਰ ਤੱਕ ਫੈਲੀ ਹੋਈ ਸੀ। 1857 ਦੇ ਗ਼ਦਰ ਕਾਰਨ ਅੰਗਰੇਜ਼ਾਂ ਨੇ 1858 ਈਸਵੀ ਵਿੱਚ ਇਸ ਸਟੇਟ ਨੂੰ ਜ਼ਬਤ ਕਰ ਲਿਆ ਸੀ। ਮੁਕਤਸਰ ਤਹਿਸੀਲ ਦਾ ਬੀਦੋਵਾਲੀ, ਝੁੰਬੇ, ਕੋਟਾ?ਭਾਈ, ਚੰਨੂੰ, ਫਕਰਸਰ, ਥੇੜੀ ਆਦਿ ਦਾ ਇਲਾਕਾ ਵੀ ਇਸ ਵਿੱਚ ਸ਼ਾਮਿਲ ਸੀ। ਭਾਈਕੇ ਸਿੱਧੂਆਂ ਦੇ ਪ੍ਰਸਿੱਧ ਪਿੰਡ ਫਫੜੇ, ਚੱਕ ਭਾਈਕਾ, ਭੁਚੋ, ਸੇਲਬਹਾਹ, ਦਿਆਲਪੁਰਾ, ਬੰਬੀਹਾ, ਭਾਈ, ਥੇਹੜੀ, ਭਾਈਕਾ ਕੇਰਾ ਤੇ ਕੋਟ ਭਾਈ ਆਦਿ ਕਾਫ਼ੀ ਪਿੰਡ ਸਨ।
ਘਰਾਜ ਦੀ ਉਲਾਦ 'ਚੋਂ ਅੱਠ ਜਲਾਲ ਬਝੇ। ਜਲਾਲ ਦੇ ਬਾਨੀ ਬਾਬੇ ਜਲਾਲ ਦੀ ਬੰਸ ਦੇ ਪਿੰਡ ਆਕਲੀਆਂ, ਗੁਰੂਸਰ, ਭੋੜੀਪੁਰਾ, ਕੋਇਰ ਸਿੰਘ ਵਾਲਾ, ਹਾਕਮ ਵਾਲਾ, ਹਮੀਰਗੜ੍ਹ ਤੇ ਰਾਮੂਵਾਲਾ ਹਨ।
ਸਿੱਧੂਆਂ ਦੇ ਜਗਰਾਉਂ ਤਹਿਸੀਲ ਵਿੱਚ ਵੀ ਤਿੰਨ ਸਿੱਧਵਾਂ ਤੋਂ ਇਲਾਵਾ ਹੋਰ ਕਈ ਪਿੰਡ ਹਨ। ਮੋਗੇ ਤੇ ਬਾਘੇ ਪੁਰਾਣੇ ਦੇ ਖੇਤਰ ਵਿੱਚ ਵੀ ਸਿੱਧੂਆਂ ਦੇ ਕਾਫ਼ੀ ਪਿੰਡ ਹਨ। ਮਾਝੇ ਵਿੱਚ ਵੀ ਸਿੱਧੂਆਂ ਦਾ ਕੋਈ?ਕੋਈ ਪਿੰਡ ਹੈ। ਕਿਸੇ ਸਮੇਂ ਮਾਲਵੇ ਵਿੱਚ ਬਰਾੜਾਂ ਦੀਆਂ ਬੀਦੋਵਾਲੀ, ਬਠਿੰਡੇ ਤੇ ਪੰਜ ਗਰਾਹੀਂ ਚੌਧਰਾਂ ਸਨ। ਸਿੱਧੂਆਂ ਦੀਆਂ ਮੁੱਖ ਮੂੰਹੀਆ?ਬਰਾੜ, ਹਰੀਕੇ, ਭਾਈਕੇ, ਪੀਰਕੋਟੀਏ, ਰੋਸੇ, ਜੈਦ ਤੇ ਮਾਣੋਕੇ ਹਨ। ਸਿੱਧੂ ਬਰਾੜ ਸਿੱਧੇ ਅਤੇ ਬੜਬੋਲੇ ਹੁੰਦੇ ਹਨ। ਲੜਾਕੇ ਵੀ ਹੁੰਦੇ ਹਨ। ਸਾਰੇ ਇਤਿਹਾਸਕਾਰ ਇਸ ਗੱਲ ਨੂੰ ਠੀਕ ਮੰਨਦੇ ਹਨ ਕਿ ਸਿੱਧੂ ਭੱਟੀਆਂ ਵਿਚੋਂ ਹੀ ਹਨ। ਭੱਟੀ ਸੱਪਤ ਸਿੰਧੂ ਖੇਤਰ ਵਿਚੋਂ ਹੀ ਰਾਜਸਥਾਨ ਵਿੱਚ ਗਏ ਸੀ। ਕੁਝ ਭੱਟੀ ਪੰਜਾਬ ਵਿੱਚ ਵੀ ਆਬਾਦ ਰਹੇ ਸਨ। ਸਾਰੇ ਸਿੱਧੂ ਬਰਾੜ ਨਹੀਂ ਹੁੰਦੇ। ਬਰਾੜ ਕੇਵਲ ਉਹ ਹੀ ਹੁੰਦੇ ਹਨ ਜੋ ਬਰਾੜ ਦੀ ਬੰਸ ਵਿਚੋਂ ਹਨ। ਬਹੁਤੇ ਨਕਲੀ ਬਰਾੜ ਹਨ। ਪੰਜਾਬ ਵਿੱਚ ਸਾਰੇ ਬਰਾੜ ਸਿੱਖ ਹਨ। ਸਿੱਧੂ ਹਿੰਦੂ ਜਾਟ ਵੀ ਹੁੰਦੇ ਹਨ ਅਤੇ ਜੱਟ ਸਿੱਖ ਵੀ ਹਨ। ਸਿੱਧੂ ਦਲਿਤ ਤੇ ਪਿਛੜੀਆਂ ਜਾਤੀਆਂ ਵਿੱਚ ਵੀ ਹਨ। ਬਰਾੜਾਂ ਦੀਆਂ ਆਪਣੀਆਂ ਮੂੰਹੀਆਂ?ਮਹਿਰਾਜਕੇ, ਜਲਾਲਕੇ, ਡਲੇਕੇ, ਦਿਉਣ ਕੇ, ਫੂਲ ਕੇ, ਅਬੂਲ ਕੇ, ਸੰਘ੍ਰ ਕੇ ਤੇ ਸੇਮੇ ਵੀ ਅਸਲੀ ਬਰਾੜ ਹਨ। ਅੱਜਕੱਲ੍ਹ ਪੰਜਾਬ ਵਿੱਚ ਸਭ ਤੋਂ ਵੱਧ ਸਿੱਧੂ ਬਰਾੜ ਜੱਟ ਹੀ ਹਨ। ਹੁਣ ਸਿੱਧੂ ਬਰਾੜ?ਬਹੁਗਿਣਤੀ ਵਿੱਚ ਹੋਣ ਕਾਰਨ ਮੁਸਲਮਾਨਾਂ ਵਾਂਗ ਆਪਣੇ ਗੋਤ ਵਿੱਚ ਵੀ ਰਿਸ਼ਤੇਦਾਰੀਆਂ ਕਰਨ ਲੱਗ ਪਏ ਹਨ। 1881 ਦੀ ਮਰਦਮਸ਼ੁਮਾਰੀ ਵਿੱਚ ਸਿੱਧੂਆਂ ਦੀ ਗਿਣਤੀ 155332 ਸੀ। ਬਰਾੜਾਂ ਦੀ ਗਿਣਤੀ 53344 ਸੀ। ਦੋਵਾਂ ਦੀ ਕੁੱਲ ਗਿਣਤੀ 2 ਲੱਖ 8 ਹਜ਼ਾਰ ਬਣਦੀ ਹੈ। 1981 ਤੱਕ ਇਨ੍ਹਾਂ ਦੀ ਗਿਣਤੀ ਦਸ ਗੁਣਾਂ ਜ਼ਰੂਰ ਵੱਧ ਗਈ ਹੈ। ਪੰਜਾਬ ਵਿੱਚ 1991 ਵਿੱਚ ਸਿੱਧੂ ਬਰਾੜਾਂ ਦੀ ਕੁੱਲ ਗਿਣਤੀ ਲਗਭਗ 30 ਲੱਖ ਤੱਕ ਸੀ। ਸਾਰੇ ਜੱਟਾਂ ਨਾਲੋਂ ਸਿੱਧੂ ਬਰਾੜਾਂ ਦੀ ਗਿਣਤੀ ਸਭ ਤੋਂ ਵੱਧ ਹੈ। ਹੁਣ ਇਹ ਸਾਰੀ ਦੁਨੀਆਂ ਵਿੱਚ ਹੀ ਫੈਲ ਗਏ ਹਨ। ਇਹ ਇੱਕ ਸ਼ਕਤੀਸ਼ਾਲੀ ਭਾਈਚਾਰਾ ਹੈ। ਗਿਆਨੀ ਬਲਵੰਤ ਸਿੰਘ ਨੇ ਵੀ ਕਾਫ਼ੀ ਮਿਹਨਤ ਤੇ ਖੋਜ ਕਰਕੇ ''ਸਿੱਧੂ ਬਰਾੜ ਇਤਿਹਾਸ'' ਪੁਸਤਕ ਲਿਖੀ ਹੈ। ਅੰਗਰੇਜ਼ੀ ਦੀਆਂ ਕਈ ਕਿਤਾਬਾਂ ਵਿੱਚ ਵੀ ਸਿੱਧੂ ਬਰਾੜਾਂ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ।
ਬਰਾੜ ਬੰਸ ਵਿਚੋਂ ਸੰਘਰ, ਕਪੂਰਾ, ਡੱਲਾ, ਦਾਨ ਸਿੰਘ, ਸੇਮਾ ਮਹਾਰਾਜਾ ਆਲਾ ਸਿੰਘ ਮਹਾਨ ਜੋਧੇ ਸਨ। ਸਿੱਧੂਆਂ ਵਿਚੋਂ ਭਾਈ ਫਤਿਹ ਸਿੰਘ ਤੇ ਸ਼ਾਮ ਸਿੰਘ ਅਟਾਰੀ ਵਾਲੇ ਮਹਾਂਬਲੀ ਹੋਏ ਹਨ। ਸਿੱਧੂਆਂ ਅਤੇ ਬਰਾੜਾਂ ਦੀਆਂ ਮਾਲਵੇ ਵਿੱਚ ਪਟਿਆਲਾ, ਨਾਭਾ, ਜੀਂਦ, ਕੈਂਥਲ, ਫਰੀਦਕੋਟ, ਪੰਜ ਰਿਆਸਤਾਂ ਸਨ। ਸਿੱਧੂ?ਬਰਾੜ ਜੰਗਜੂ ਸਨ। ਮਾਲਵੇ ਵਿੱਚ ਸਿੱਧੂ?ਬਰਾੜਾਂ ਦਾ ਬੋਲਬਾਲਾ ਸੀ। ਮਾਝੇ ਤੇ ਦੁਆਬੇ ਦੇ ਜੱਟ ਸਿੱਖਾਂ ਨੂੂੰ ਜਦੋਂ ਮੁਸਲਮਾਨ ਹਾਕਮ ਤੰਗ ਕਰਦੇ ਸਨ ਤਾਂ ਬਹੁਤੇ ਸਿੱਖ ਮਾਲਵੇ ਦੇ ਲੱਖੀ ਜੰਗਲ ਵਿੱਚ ਆ ਰਹਿੰਦੇ ਸਨ। ਸਿੱਧੂ ਬਰਾੜ ਹੁਣ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਇਹ ਜੱਟਾਂ ਦਾ ਸਭ ਤੋਂ ਤਕੜਾ ਤੇ ਪ੍ਰਭਾਵਸ਼ਾਲੀ ਭਾਈਚਾਰਾ ਹੈ। ਸਿੱਖ ਸੰਘਰਸ਼ ਵਿੱਚ ਵੀ ਜੱਟਾਂ ਦੀ ਕੁਰਬਾਨੀ ਮਹਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਧੂ ਬਰਾੜ ਜੱਟਾਂ ਤੇ ਬਹੁਤ ਮਾਣ ਸੀ। ਸਿੱਧੂਆਂ, ਬਰਾੜਾਂ ਦੀ ਪੰਜਾਬ ਨੂੰ ਮਹਾਨ ਦੇਣ ਹੈ।
Add a review