ਪ੍ਰਮਾਤਮਾ ਦੁਆਰਾ ਸਿਰਜੀ ਹੋਈ ਇਸ ਸ਼ੇਸਠ ਸਿਰਜਣਾ ਧਰਤੀ ਹੈ। ਇਸ ਧਰਤੀ ਉਪਰ ਸਭ ਤੋਂ ਖੂਬਸੂਰਤ ਤੇ ਉਂਨੀ ਹੀ ਗੁੰਝਲਦਾਰ ਰਚਨਾ ਇਸਤਰੀ ਹੈ। ਇਸਤਰੀ ਬਹੁਤ ਜਿਆਦਾ ਇਮਤਿਹਾਨਾਂ ਵਿਚੋਂ ਦੀ ਨਿਕਲਦੀ ਹੈ। ਪੈਰ ਪੈਰ ਤੇ ਇਮਤਿਹਾਨ ਇਸ ਦੀ ਉਡੀਕ ਕਰਦੇ ਹਨ ਤੇ ਹਰ ਪ੍ਰੀਖਿਆ ਵਿਚੋਂ ਸਫਲ ਹੁੰਦੀ ਹੋਈ ਇਹ ਹਰ ਦਿਨ ਨਵੇਂ ਤੋਂ ਨਵੇਂ ਚੈਲਿੰਜ ਸਵਿਕਾਰ ਕਰਦੀ ਹੋਈ ਆਪਣੀ ਮੰਜ਼ਿਲ ਵੱਧ ਵਧਦੀ ਹੀ ਜਾਂਦੀ ਹੈ। ਹਾਲਾਂਕਿ ਉਸ ਨੂੰ ਆਪਣੀ ਮੰਜ਼ਿਲ ਦਾ ਕੁਝ ਵੀ ਪਤਾ ਨਹੀਂ ਹੁੰਦਾ।
ਕਿਉਂਕਿ ਨਿਰਧਾਰਿਤ ਮੰਜ਼ਿਲ ਵੱਲ ਵੱਧਣਾ ਬਹੁਤ ਜ਼ਿਆਦਾ ਸੌਖਾ ਹੁੰਦਾ ਹੈ, ਪਰ ਜਦੋਂ ਮੰਜ਼ਿਲ ਹਵਾਵਾਂ ਦੇ ਰੁਖ ਨਾਲ ਸਬੰਧਤ ਹੋਵੇ ਤਾਂ ਬੇੜੀ ਸਮੁੰਦਰ ਦੀਆਂ ਲਹਿਰਾਂ ਨਾਲ ਤਾਲ ਨਾਲ ਤਾਲ ਮਿਲਾ ਕੇ ਚੱਲੇ ਤਾ ਪੈਰ ਪੈਰ 'ਤੇ ਨੇੜੇ ਜਾਪਦੀ ਮੰਜ਼ਿਲ ਦਾ ਪੈਡਾਂ ਦੂਰ ਹੀ ਦੂਰ ਹੁੰਦਾ ਚਲਾ ਜਾਂਦਾ ਹੈ। ਕੋਲ ਹੀ ਜਾਪਣ ਵਾਲੀ ਮੰਜ਼ਿਲ ਹਜ਼ਾਰਾਂ ਮੀਲ ਤੇ ਆਪਣੀ ਠਹਿਰ ਕਾਇਮ ਕਰ ਲੈਂਦੀ ਹੈ, ਪਰ ਕਦੇ ਵੀ ਹਾਰ ਨਾ ਮੰਨਣ ਵਾਲਾ 'ਨਾਰੀਮਨ' ਹਵਾ ਦੇ ਰੁਖਾਂ ਦਾ ਮੁਕਾਬਲਾ ਕਰਦਾ ਹੋਇਆ, ਉਲਟ ਦਿਸ਼ਾਵਾਂ ਤੋਂ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਰਸਤਾ ਅਖਤਿਆਰ ਕਰ ਲੈਂਦਾ, ਫਿਰ ਜ਼ਿੰਦਗੀ ਦੇ ਤੁਫਾਨ, ਝੱਖੜ, ਸਮੇਂ ਦੇ ਥਪੇੜੇ, ਕਿਸਮਤ ਦੇ ਟੋਏ ਟਿੱਬੇ ਸਫਲਤਾ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਆਪਣਾ ਹੀ ਰੁਖ ਬਦਲਣਾ ਪੈਂਦਾ ਹੈ।
ਅੱਜ ਜਦੋਂ ਅਖਬਾਰ, ਟੀਵੀ ਚੈਨਲ, ਸ਼ੋਸ਼ਲ ਮੀਡੀਆ ਵਿਚ ਹਰ ਕੋਈ ਔਰਤਾਂ, ਲੜਕੀਆਂ ਦੇ ਬਰਾਬਰ ਹੋਣ ਦਾ ਨਾਹਰਾ ਮਾਰ ਰਿਹਾ ਹੈ ਕਿ ਭਾਰਤੀ ਰਾਜਨੀਤੀ ਵਿਚ ਵੀ ਇਸਤਰੀਆਂ ਨੂੰ ਬਰਾਬਰ ਦਾ ਹੱਕ ਮਿਲ ਰਿਹਾ ਹੈ। ਸਾਡੇ ਸੂਝਵਾਨ ਲੋਕਾਂ ਨੂੰ ਇਹ ਗੱਲ ਆਪਣੇ ਦਿਲ ਤੇ ਹੱਥ ਰੱਖ ਕੇ ਸੋਚਣੀ ਚਾਹੀਦੀ ਹੈ ਕਿ ਕੀ ਇਹ ਸਹੀ ਹੈ? ਕਿ ਔਰਤ ਨੂੰ ਬਰਾਬਰ ਦਾ ਅਧਿਕਾਰ ਮਿਲ ਰਿਹਾ ਹੈ। ਅੱਜ ਕੱਲ ਰਾਜਨੀਤੀ ਵਿਚ ਵੀ ਨਾਮ ਪਤਨੀ ਦਾ ਚਲਦਾ ਹੈ, ਉਸ ਦੇ ਨਾਂ ਤੇ ਸਤਾ ਹਥਿਆ ਕੇ ਉਸ ਦਾ ਨਾਮ ਵਰਤ ਕੇ, ਸੱਤਾ ਦਾ ਆਨੰਦ ਪੁੱਤਰ ਜਾਂ ਪਤੀ ਮਾਣਦੇ ਹਨ ਤੇ ਕਈ ਵਾਰ ਤਾਂ ਕੁਰਸੀ ਦਾ ਨਸ਼ਾ ਇੰਨਾਂ ਸਿਰ ਚੜ ਕੇ ਬੋਲਦਾ ਹੈ ਕਿ ਸਧਾਰਨ ਇਨਸਾਨ ਤਾਂ ਕੀੜੇ ਮਕੌੜੇ ਪ੍ਰਤੀਤ ਹੋਣ ਲੱਗ ਤੇ ਘਰਵਾਲੀ ਵੀ ਜਾਹਿਲ ਅਨਪੜ੍ਹ ਲੱਗਣ ਲੱਗ ਜਾਂਦੀ ਹੈ ਤੇ ਉਹ ਉਸ ਉਪਰ ਹੀ ਹੁਕਮ ਚਲਾਉਂਦੇ ਹਨ। ਘਰ ਔਰਤ ਦੀ ਕਦਰ ਪੰਜ ਪੈਸੇ ਤੋਂ ਜ਼ਿਆਦਾ ਨਹੀਂ ਸਮਝਦੇ।
ਅੱਜ ਕੱਲ ਦੀਆਂ ਬੱਚੀਆਂ ਨੂੰ ਵੀ ਉਨ੍ਹਾਂ ਦਾ ਉਹ ਅਧਿਕਾਰ ਵੀ ਨਹੀਂ ਦਿੱਤਾ ਜਾਂਦਾ, ਜੋ ਸਿਰਫ ਉਨ੍ਹਾਂ ਦਾ ਹੈ? ਨਾ ਕਿ ਕਿਸੇ ਹੋਰ ਦੇ ਅਧਿਕਾਰ ਤੇ ਡਾਕਾ ਹੈ। ਇਹ ਗੱਲ ਮੇਰੀ ਸਮਝ ਤੋਂ ਬਾਹਰ ਹੀ ਹੋ ਜਾਂਦੀ ਹੈ, ਜੋ ਕੁਝ ਲੜਕੀਆਂ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਨੂੰ ਮੰਜਿਲ ਤੱਕ ਪਹੁੰਚਾਉਣ ਲਈ ਮਾਗਰ ਦਰਸ਼ਨ ਤਾਂ ਕੀ ਕਰਨਾ.. ਸੇਧ ਤਾਂ ਕੀ ਦੇਣੀ ਹੈ। ਸਗੋਂ ਉਨ੍ਹਾਂ ਦੇ ਰਸਤੇ ਵਿਚ ਰੋਕਾਂ ਹੀ ਲਗਾਈਆਂ ਜਾਣੀਆਂ, ਉਨ੍ਹਾਂ ਲਈ ਪੈਰ ਪੈਰ ਤੇ ਬੰਦਿਸ਼ ਲਗਾਉਣਾ, ਉਡਾਣ ਭਰਨ ਤੋਂ ਪਹਿਲੋਂ ਹੀ ਉਨ੍ਹਾਂ ਦੇ ਖੰਭ ਕੱਟ ਦੇਣੇ। ਫਿਰ ਹਾਉਕੇ, ਹਾਵੇ ਤੇ ਮਨ ਉਦਾਸ ਕਰ ਕੇ ਰਹਿ ਜਾਣਾ, ਇਹੀ ਤਾਂ ਹਿੱਸੇ ਆਉਂਦਾ ਹੈ। .
ਥੋੜੇ ਦਿਨ ਪਹਿਲਾਂ ਦੇਸ਼ ਵਿਚ ਗਣਤੰਤਰਾ ਦਿਵਸ ਮਨਾਉਣ ਦਾ ਉਪਰਾਲਾ ਕੀਤਾ ਗਿਆ, ਲੱਗਭਗ ਇਕ ਮਹੀਨੇ ਤੋਂ ਹੀ ਸਾਰੇ ਸਰਕਾਰੀ ਵਿਭਾਗ ਇਸ ਦੀ ਬੇਹਤਰੀ ਵਾਸਤੇ ਲੱਗੇ ਹੋਏ ਸਨ ਕਿ ਕਿਸ ਤਰੀਕੇ ਨਾਲ ਇਸ ਆਜਾਦੀ ਦਿਹਾੜੇ ਨੂੰ ਮਨਾਇਆ ਜਾਵੇ ਕਿ ਕਿਸ ਤਰੀਕੇ ਨਾਲ ਸਫਲਤਾ ਪੂਰਵਕ ਇਸ ਨੂੰ ਨੇਪਰੇ ਚਾੜਿਆ ਜਾ ਸਕੇ। ਹਰ ਕਿਸੇ ਦੇ ਹਿੱਸੇ ਜੋ ਕੰਮ ਵੀ ਆਇਆ ਸਾਰੇ ਕਰ ਰਹੇ ਸਨ। ਸਭ ਦਾ ਮਨ ਉਤਸ਼ਾਹ ਨਾਲ ਭਰਿਆ ਸੀ। ਮੇਰੇ ਕੋਲ ਇਕ ਬੱਚੀ ਆਈ ਕਹਿੰਦੀ ਮੈਮ ਅਸੀਂ ਵੀ ਮਨ੍ਹਾਂ ਸਕਦੇ ਹਾਂ ਗਣਤੰਤਰ ਦਿਵਸ... ਮੈਂ ਕਿਹਾ ਕਿ ਕਿਉਂ ਨਹੀਂ ਬੇਟਾ ਤੁਹਾਡਾ ਹੀ ਤਾਂ ਹੈ ਇਹ ਦਿਵਸ... ਤੁਹਾਡੀ ਖੁਸ਼ੀ ਵਿਚ ਹੀ ਮੇਰੀ ਖੁਸ਼ੀ ਹੈ। ਮੇਰੇ ਦੇਸ਼ ਦੀ ਖੁਸ਼ੀ ਹੈ। ਮੇਰੇ ਪ੍ਰਾਂਤ ਦੀ ਖੁਸ਼ੀ ਹੈ। ਬੱਚੀਆਂ ਕਹਿੰਦੀਆਂ ਮੈਮ ਤੁਸੀਂ ਪੀ. ਟੀ. ਮੈਮ ਨੂੰ ਕਹੋ ਕਿ ਉਹ ਸਾਨੂੰ ਵੀ ਲਾਉਣ। ਮੈਂ ਕਿਹਾ ਜਾਉ ਤੁਸੀਂ ਮੈਂ ਕਹਿ ਦਿੰਦੀ ਹਾਂ। ਬੱਚੀਆਂ ਬੜੀਆਂ ਖੁਸ਼ ਸਨ।
ਉਨ੍ਹਾਂ ਨੂੰ ਉਨ੍ਹਾਂ ਦੀ ਉਮੰਗ ਪੂਰੀ ਹੋਣ ਦਾ ਹੁੰਗਾਰਾ ਮਿਲ ਗਿਆ ਸੀ। ਪਰ ਦੂਜੇ ਦਿਨ ਉਹੀ ਬੱਚੀ ਮੇਰੇ ਕੋਲ ਫਿਰ ਆਈ, ਮੇਰੇ ਤੋਂ ਉਸ ਦੀ ਬੇਬਸੀ ਦੇਖੀ ਨਹੀਂ ਗਈ। ਉਸ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਬਹੁਤ ਹੱਦ ਤੱਕ ਉਸ ਨੇ ਰੋ ਰੋ ਕੇ ਆਪਣਾ ਬੇਹਾਲ ਕਰ ਲਿਆ ਸੀ। ਉਸ ਦੀਆਂ ਸਾਥਣਾ ਮੇਰੇ ਕੋਲ ਆਈਆਂ। ਬੜੇ ਹੀ ਭੋਲੇਪਣ ਨਾਲ ਕਿਹਾ ਮੈਮ ਉਹ ਅੱਜ ਫਿਰ ਰੋ ਰਹੀ ਹੈ... ਮੈਂ ਪੁੱਛਿਆ ਕੌਣ? ਉਹ ਕਹਿੰਦੀਆਂ ਜੋ ਕੱਲ ਤੁਹਾਡੇ ਕੋਲ ਆਈ ਸੀ.. ਫਿਰ ਮੈਂ ਉਸ ਵੱਲ ਵਧੀ, ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਿਆ। ਪੁੱਛਿਆ ਕਿਉਂ ਰੋ ਰਹੀ ਹੈ.? ਉਹ ਮੇਰੇ ਗਲੇ ਨਾਲ ਲੱਗ ਕੇ ਫੁੱਟ ਫੁੱਟ ਰੋਈ... ਮੈਂ ਪੁੱਛਿਆ ਬੇਟਾ ਗੱਲ ਤਾਂ ਦੱਸ ਕੀ ਹੋਇਆ.. ਕਿਉਂ ਰੋ ਰਹੀ ਹੈ? ਉਸ ਨੇ ਦੱਸਿਆ ਕਿ ਮੈਂਨੂੰ ਮੇਰੇ ਇੰਚਾਰਜ ਨੇ ਰੋਕ ਦਿੱਤਾ ਕਿ ਨਹੀਂ ਜਾਣਾ। ਸਾਰੇ ਬੱਚੇ ਵੈਨ ਉਪਰ ਜਾ ਰਹੇ ਹਨ।
ਮੈਂ ਪੜਦੀ ਵੀ ਬਹੁਤ ਹਾਂ, ਫਸਟ ਆਉਂਦੀ ਹਾਂ. ਫਿਰ ਵੀ ਪਤਾ ਨਹੀਂ ਕਿਉਂ ਸਾਨੂੰ ਕਿਸੇ ਵੀ ਫੰਕਸ਼ਨ ਵਿਚ ਨਹੀਂ ਜਾਣ ਦਿੱਤਾ ਜਾਂਦਾ ਕਿ ਤੁਸੀਂ ਪੜ੍ਹਾਈ ਕਰਨੀ ਹੈ। ਅਸੀਂ ਵੀ ਜਾਣਾ, ਹੁਣ ਇਥੇ ਇਹ ਗੱਲ ਆ ਜਾਂਦੀ ਹੈ ਕਿ 'ਬੇਟੀ ਪੜਾਓ, ਬੇਟੀ ਬਚਾਓ' ਜਿਹੇ ਨਾਅਰੇ ਮਾਰਨ ਵਾਲਿਆਂ ਨੂੰ ਇਨ੍ਹਾਂ ਬੇਟੀਆਂ ਦੀਆਂ ਅੱਖਾਂ ਵਿਚ ਤੈਰਦੇ ਹੋਏ ਸੁਪਨੇ ਕਿਉਂ ਨਹੀਂ ਦਿੱਸਦੇ। ਉਨ੍ਹਾਂ ਦੀਆਂ ਨਾਜੁਕ ਭਾਵਨਾਵਾਂ ਕਿਉਂ ਨਹੀਂ ਦਿੱਸਦੀਆਂ... ਉਨ੍ਹਾਂ ਦੇ ਮਨ ਅੰਦਰ ਕੁਝ ਕਰ ਗੁਜ਼ਰਨ ਦੀ ਭਾਵਨਾਵਾਂ ਨੂੰ ਬਣਾਈ ਰੱਖਣਾ ਨਹੀਂ ਬਣਦਾ, ਉਨ੍ਹਾਂ ਦੇ ਅਧਿਆਪਕ ਸਹਿਬਾਨਾਂ ਲਈ ਬਹੁਤ ਸਾਰੀਆਂ ਬੱਚੀਆਂ, ਕੁਝ ਕਰ ਗੁਜਰਨਾ ਦਾ ਜਜ਼ਬਾ ਦਿਲ ਵਿਚ ਰੱਖਦੀਆਂ ਹਨ। ਲੋੜ ਹੈ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਮਜ਼ਬੂਤ ਕਰਨ ਦੀ ਨਾ ਕਿ ਉਨ੍ਹਾਂ ਦੇ ਅੰਦਰ ਜਲਦੀ ਹੋਈ ਪ੍ਰਕਾਸ਼ ਦੀ ਲੋਅ ਨੂੰ ਫੂਕ ਮਾਰ ਕੇ ਬੁਝਾ ਦੇਣ ਦੀ।
ਥੋੜੇ ਦਿਨ ਪਹਿਲਾਂ ਇਕ ਛੋਟੀ ਜਿਹੀ ਲੜਕੀ ਮੇਰੇ ਕੋਲ ਆਈ.. ਉਸ ਨੇ ਆਪਣੇ ਸਕੂਲ ਵਿਚੋਂ ਬਹੁਤ ਹੀ ਸਖਤ ਮੈਚ ਜੂਡੋ-ਕਰਾਟੇ ਜਿੱਤਿਆ ਸੀ। ਸਾਥੀਆਂ ਨੇ ਤਾੜੀਆਂ ਵਜਾਈਆਂ ਬਹੁਤ ਖੁਸ਼ ਹੋਈ ਆਪਣੀ ਛੋਟੀ ਜਿਹੀ ਜਿੱਤ ਉਸ ਦੇ ਨਿੱਕੇ ਨਿੱਕੇ ਹੱਥਾਂ ਤੋਂ ਕਿਤੇ ਜ਼ਿਆਦਾ ਵੱਡੀ ਸੀ। ਉਸ ਦੇ ਦਿਮਾਗ ਤੇ ਜਿੱਤ ਦਾ ਸਰੂਰ ਉਸ ਨੂੰ ਆਪਣੇ ਹਮ-ਉਮਰ ਦੇ ਸਾਥੀਆਂ ਤੋਂ ਜ਼ਿਆਦਾ ਕਾਬਲ ਹੋਣ ਦਾ ਮਾਣ ਸੀ ਤੇ ਪੈਰ ਧਰਤੀ ਤੋਂ ਗਿੱਠ ਉੱਚੇ ਹੀ ਰਹਿੰਦੇ। ਉਹ ਦਿਨ ਵੀ ਆ ਗਿਆ ਜਦੋਂ ਬੱਚੀ ਨੇ ਸਟੇਟ ਲੈਵਲ ਮੁਕਾਬਲੇ ਲਈ ਜਾਣਾ ਸੀ। ਮਨ ਵਿਚ ਜਿੱਤਣ ਦਾ ਜਜਬਾ... ਦਿਲ ਵਿਚ ਉਮੰਗ ਤੇ ਆਪਣੇ ਆਪ ਤੇ ਐਵੇਂ ਜਿਹੇ ਹੋਈ ਜਾਣ ਵਾਲਾ ਮਾਣ.. ਪਰ ਜਦੋਂ ਆਪਣੀ ਖੁਸ਼ੀ ਉਸ ਤੋਂ ਸੰਭਾਲੀ ਨਾ ਗਈ ਅਤੇ ਸਟੇਟ ਲੈਵਲ ਲਈ ਜਾਣ ਲਈ ਇਜਾਜਤ ਦੀ ਲੋੜ ਪਈ, ਪਰ ਉਸ ਦੀ ਮਾਂ ਵਲੋਂ ਇਹ ਕਹਿ ਕੇ ਸਭ ਤੋਂ ਪਹਿਲਾਂ ਇਨਕਾਰ ਕਰ ਦਿੱਤਾ ਕਿ ਤੂੰ ਕੁੜੀ ਹੈ... ਨਹੀਂ ਜਾਵੇਗੀ... ਅਗਰ ਕੋਈ ਸੱਟ-ਫੇਟ ਵੱਜ ਗਈ ਤਾਂ ਸਾਰੀ ਉਮਰ ਲਈ ਰੋਗੀ ਬਣ ਜਾਵੇਗੀ।
ਉਸ ਦੀ ਉੱਚ ਸਿੱਖਿਆ ਪ੍ਰਾਪਤ ਅਤੇ ਉੱਚ ਪੱਧਰ ਦੀ ਸਰਵਿਸ ਕਰਦੀ ਮਾਂ ਨੇ ਉਸ ਨੂੰ ਜਾਣ ਨਹੀਂ ਦਿੱਤਾ ਜੋ ਕਿ ਲੋਕਾਂ ਵਿਚ ਹਰ ਰੋਜ਼ ਕੁੜੀਆਂ ਦੀ ਸਿੱਖਿਆ ਅਤੇ ਅਧਿਕਾਰਾਂ ਦਾ ਗੁਣਗਾਨ ਕਰਦੀ ਨਹੀਂ ਥੱਕਦੀ ਸੀ। ਉਹ ਲੜਕੀ ਬਹੁਤ ਰੋਈ ਕੁਰਲਾਈ, ਕਈ ਦਿਨ ਉਸ ਨੇ ਚੰਗੀ ਤਰ੍ਹਾਂ ਖਾਣਾ ਵੀ ਨਾ ਖਾਧਾ... ਰਾਤ ਨੂੰ ਸੁੱਤੀ ਪਈ ਵੀ ਇੰਜ ਹੀ ਕਹਿੰਦੀ ਰਹੀ... ਮੰਮੀ ਠੀਕ ਹੈ... ਜਿਵੇਂ ਤੁਸੀਂ ਕਹਿੰਦੇ ਹੋ ਬਿਲਕੁਲ ਠੀਕ ਹੈ.. ਮੈਂ ਨਹੀਂ ਜਾਂਦੀ.. ਮੈਂ ਜਿੱਦ ਵੀ ਨਹੀਂ ਕਰਦੀ ... ਤੇ ਫਿਰ ਨਹੀਂ ਜਾਣ ਦਿੱਤਾ ਲੜਕੀ ਨੂੰ ਮੁਕਾਬਲੇ ਵਿਚ, ਜਦੋਂਕਿ ਇਹ ਜ਼ਿਲ੍ਹੇ ਵਿਚੋਂ ਫਸਟ ਆਈ ਸੀ ਤੇ ਰਾਜ ਪੱਧਰੀ ਮੁਕਾਬਲਾ ਹੋਣਾ ਸੀ ਜਲੰਧਰ ਵਿਚ। ਇਸ ਮੁਕਾਬਲੇ ਵਿਚ ਕੀ ਹੋ ਜਾਂਦਾ, ਜੇਕਰ ਇਹ ਚਲੀ ਜਾਂਦੀ.. ਆਖਰਕਾਰ ਹਮ-ਉਮਰ ਬੱਚੇ ਆਏ ਹੋਏ ਸਨ ਉਥੇ। ਜਿੱਤਣਾ ਹਰ ਬੱਚੇ ਦਾ ਅਧਿਕਾਰ ਹੈ। ਅਗਰ ਬੇਟੀ ਜਿੱਤਣ ਦਾ ਜਜ਼ਬਾ ਰੱਖਦੀ ਹੈ, ਉਸ ਨੂੰ ਮੁਕਾਬਲੇ ਲਈ ਆਪ ਤਿਆਰ ਕਰਨਾ ਚਾਹੀਦਾ ਹੈ। ਫੋਕੇ ਲੈਕਚਰ ਨਹੀਂ ਕਰਨੇ ਚਾਹੀਦੇ।
ਬਹੁਤ ਵਾਰ ਧਿਆਨ ਵਿਚ ਇਹ ਗੱਲ ਵੀ ਆਉਂਦੀ ਹੈ ਕਿ ਬੱਚੀ ਦਾ ਮਨ ਮੈਡੀਕਲ ਜਾਂ ਇੰਜੀਨੀਰਿੰਗ ਕਰਨ ਦਾ ਹੁੰਦਾ ਹੈ। ਬਹੁਤ ਹੀ ਤੇਜ਼ ਦਿਮਾਗ ਤੇ ਗਿਆਨ ਵਿਗਿਆਨ ਦੀ ਸਮਝ ਰੱਖਣ ਵਾਲੀਆਂ ਬੇਟੀਆਂ ਨੂੰ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਵੀ ਇਨ੍ਹਾਂ ਖੇਤਰਾਂ ਵਿਚ ਉਤਾਰਿਆ ਨਹੀਂ ਜਾਂਦਾ। ਛੇ ਮਹੀਨੇ ਪਹਿਲੋਂ ਮੇਰੀ ਮੁਲਾਕਾਤ ਇਕ ਅਜਿਹੀ ਲੜਕੀ ਨਾਲ ਕੰਮ ਦੇ ਸਿਲਸਿਲੇ ਵਿਚ ਹੀ ਹੋਈ। ਮੈਨੂੰ ਉਹ ਲੜਕੀ ਦੇਖਣ ਨੂੰ ਬਹੁਤ ਹੀ ਖੂਬਸੂਰਤ, ਪੜੀ ਲਿਖੀ ਹੋਣ ਦੇ ਨਾਲ ਨਾਲ ਉਸ ਦੇ ਗੱਲਬਾਤ ਤੇ ਉਸ ਦੇ ਸਮਾਜ ਪ੍ਰਤੀ ਨਜ਼ਰੀਏ ਤੋਂ ਬਹੁਤ ਹੀ ਅਪੀਲ ਕੀਤੀ। ਮੈਂ ਉਸ ਤੋਂ ਉਸ ਦੀ ਪੜ੍ਹਾਈ ਲਿਖਾਈ ਬਾਰੇ ਪੁੱਛਿਆ, ਉਸ ਨੇ ਮੈਨੂੰ ਦੱਸਿਆ ਕਿ 'ਮੈਮ' ਮੈਂ ਏ.ਆਈ.ਪੀ.ਐਮ.ਟੀ. (ਆਲ ਇੰਡੀਆ ਪ੍ਰੀ ਮੈਡੀਕਲ ਟੈਸਟ) ਪਾਸ ਕੀਤਾ ਹੋਇਆ ਹੈ। ਮੈਂ ਪੁੱਛਿਆ ਫਿਰ ਉਸ ਪਾਸੇ ਕਿਉਂ ਨਹੀਂ ਗਏ? ਉਸ ਨੇ ਦੱਸਿਆ ਕਿ ਪੈਸੇ ਦੀ ਤੰਗੀ ਸਭ ਕੁਝ ਕਰਵਾ ਦਿੰਦੀ ਹੈ।
ਮੇਰੇ ਭਰਾ ਦਾ ਬਾਹਰ ਕੈਨੇਡਾ ਜਾਣ ਦਾ ਬਣਦਾ ਸੀ। ਮੰਮੀ ਪਾਪਾ ਨੇ ਉਸ 'ਤੇ ਪੈਸੇ ਲਗਾ ਕੇ ਉਸ ਨੂੰ ਕੈਨੇਡਾ ਭੇਜ ਦਿੱਤਾ। ਕਿਉਂਕਿ ਉਨ੍ਹਾਂ ਲਈ ਮੇਰੇ ਭਰਾ ਦਾ ਲਾਈਫ ਵਿਚ ਸੈਟਲ ਹੋਣਾ ਜਰੂਰੀ ਸੀ। ਜਦੋਂ ਉਹ ਪੈਸੇ ਕਮਾਏਗਾ ਤਾਂ ਸਾਡੇ ਪਰਿਵਾਰ ਦਾ ਸਟੈਂਡਡ ਵੀ ਉੱਚਾ ਹੋ ਜਾਵੇਗਾ, ਜੋ ਦੇਣਾ ਲੈਣਾ ਉਹ ਵੀ ਉਤਰ ਜਾਵੇਗਾ। ਮੇਰੇ ਤੇ ਉਨ੍ਹਾਂ ਨੂੰ ਬਹੁਤ ਪੈਸੇ ਲਗਾਉਣੇ ਪੈਣੇ ਸਨ, ਫਿਰ ਐਮ.ਬੀ.ਬੀ.ਐਸ ਕਰਨ ਤੋਂ ਬਾਅਦ ਵੀ ਪਹਿਲੇ 2-3 ਸਾਲ 15 ਹਜ਼ਾਰ ਰੁਪਏ ਦੀ ਨੌਕਰੀ ਹੀ ਮਿਲਣੀ ਸੀ.. ਕੀ ਫਾਇਦਾ? ਲੱਖਾਂ ਰੁਪਏ ਖਰਚ ਕਰਕੇ 15 ਹਜ਼ਾਰ ਰੁਪਏ ਦੇ ਲਈ ਕੰਮ ਕਰਨ ਦਾ.. ਮੰਮੀ ਪਾਪਾ ਕਹਿੰਦੇ ਦਿਨ ਰਾਤ ਦੀਆਂ ਡਿਊਟੀਆਂ ਦੇ ਬਾਹਰੀ ਪ੍ਰੈਸ਼ਰ ਵਿਚ ਕੌਣ ਰਹੇਗਾ, ਤੇਰੇ ਨਾਲ? ਇਨ੍ਹਾਂ ਕਹਿੰਦੀ ਹੋਈ ਉਹ ਫੁੱਟ ਫੁੱਟ ਕਰਕੇ ਰੋਣ ਲੱਗੀ... ਬਹੁਤ ਦਿਲ ਦੁਖੀ ਹੋਇਆ... ਕਿ ਕੀ ਕਰਨ ਐਸੀਆਂ ਬੱਚੀਆਂ ਜਿਹੜੀਆਂ ਕਿ ਪਰਿਵਾਰਿਕ ਚੱਕੀਆਂ ਵਿਚ ਮੁੰਡੇ/ਕੁੜੀ ਦੇ ਭੇਦਭਾਵ ਕਾਰਨ ਪਿਸਦੀਆਂ ਹਨ ਤੇ ਉਪਰੋਂ ਇੰਨੀ ਕਾਬਲੀਅਤ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਮੇਂ ਦੇ ਜੋ ਹਾਲਤ ਹਨ ਉਨ੍ਹਾਂ ਦੀ ਭੇਟ ਚੜਨਾ ਪੈ ਰਿਹਾ ਹੈ।
ਕਾਸ਼.! ਸਾਡੇ ਭਾਰਤ ਵਰਗੇ ਦੇਸ਼ ਵਿਚ ਵੀ ਅਜਿਹ ਹਾਲਾਤ ਪੈਦਾ ਹੋ ਜਾਣ ਕਿ ਲੜਕੀਆਂ ਨੂੰ ਉਨ੍ਹਾਂ ਦੇ ਕੰਮਾਂ ਦੀ ਪੂਰੀ ਤਨਖਾਹ ਮਿਲਣ ਲੱਗ ਜਾਵੇ। ਠੇਕੇ ਤੇ ਰੱਖੇ ਡਾਕਟਰ, ਇੰਜੀਨੀਅਰ ਅਤੇ ਅਧਿਆਪਕਾਂ ਨੂੰ ਪੂਰੀ ਤਨਖਾਹ ਮਿਲੇ। ਉਨ੍ਹਾਂ ਦਾ ਕਿੱਤਾ ਸੁਰੱਖਿਅਤ ਹੋਵੇ। ਉਨ੍ਹਾਂ ਦੀ ਕਦਰ ਹੋਵੇ ਅਤੇ ਉਹ ਮਾਨਸਿਕ ਪ੍ਰੇਸ਼ਾਨੀ ਤੋਂ ਬਚ ਸਕਣ। ਭਾਰਤ ਦੀ ਖੂਬਸੂਰਤੀ ਚੰਦ ਕੁ ਰੁਪਏ ਖਾਤਰ ਵੱਡੇ ਵੱਡੇ ਸ਼ੋਅ-ਰੂਮਾਂ, ਬਿਊਟੀ ਪਾਰਲਰਾਂ, ਪ੍ਰਾਈਵੇਟ ਕੰਪਨੀਆਂ ਅਤੇ ਹੋਟਲਾਂ ਵਿਚ ਨਾ ਰੁਲੇ। ਲੜਕੀਆਂ ਦੇ ਹੱਕ ਵਿਚ ਵੱਡੇ ਵੱਡੇ ਲੈਕਚਰ ਅਤੇ ਪ੍ਰੋਗਰਾਮ ਤੇ ਬੇਅਥਾਹ ਖਰਚ ਕਰਨ ਦੀ ਬਿਜਾਏ ਇਨ੍ਹਾਂ ਲਈ ਕੰਮ ਦੇ ਠੋਸ ਮੌਕੇ ਪ੍ਰਦਾਨ ਕੀਤੇ ਜਾਣ। ਮਾਂ ਬਾਪ ਵੀ ਇਨ੍ਹਾਂ ਦੀ ਮਹੱਤਤਾ ਨੂੰ ਜਾਣਨ ਕਿ ਇਨ੍ਹਾਂ ਨੂੰ ਵੀ ਚੰਗੀ ਜਿੰਦਗੀ ਜਿਉਣ ਦੀ ਜਰੂਰਤ ਹੈ। ਮੈਡੀਕਲ ਟੈਸਟ ਪਾਸ ਕਰਨ ਵਾਲੀਆਂ ਲੜਕੀਆਂ ਨੂੰ ਮਜ਼ਬੂਰੀ ਵੱਸ ਅਜਿਹੇ ਪ੍ਰੋਫੈਸ਼ਨ ਨੂੰ ਅਪਣਾਉਣਾ ਪੈਂਦਾ ਹੈ, ਜੋ ਉਨ੍ਹਾਂ ਦੇ ਦਿਮਾਗ, ਉਨ੍ਹਾਂ ਦੇ ਵਿਚਾਰ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦੇ ਉਲਟ ਹੁੰਦਾ ਹੈ।
ਆਮ ਤੌਰ ਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਭਾਵੇਂ ਸਾਡੇ ਦੇਸ਼ ਵਿਚ ਬਿਊਟੀ ਮੁਕਾਬਲੇ ਹੋ ਰਹੇ ਹਨ...ਗੀਤ ਸੰਗੀਤ ਮੁਕਾਬਲੇ ਹੋ ਰਹੇ ਹਨ। ਦੇਸ਼ਾਂ ਵਿਦੇਸ਼ਾਂ ਵਿਚ ਭਾਰਤੀ ਖੂਬਸੂਰਤੀ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ। ਬੜੇ ਚਾਅ ਨਾਲ ਵੇਖਿਆ ਜਾਂਦਾ ਹੈ ਪਰ ਪੰਜਾਬ ਵਿਚ ਖਾਸ ਤੌਰ ਤੇ ਬੱਚੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਭਾਗ ਲੈਣ ਦੀ ਮਨਾਹੀ ਹੁੰਦੀ ਹੈ। ਉਨ੍ਹਾਂ ਅੰਦਰ ਕਿੰਨੀਂ ਵੀ ਪ੍ਰਤੀਭਾ ਕਿਉਂ ਨਾ ਹੋਵੇ ਉਨ੍ਹਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ। ਇਨ੍ਹਾਂ ਪ੍ਰਤੀਯੋਗਤਾਵਾਂ ਵਿਚ ਬਹੁਤ ਵਾਰ ਮਾਪਿਆਂ ਤੋਂ ਵੱਧ ਕੇ ਬਾਕੀ ਪਰਿਵਾਰ ਵਾਲੇ ਕਿ ਜੇਕਰ ਸਾਡੀ ਲੜਕੀ ਸਟੇਜ ਤੇ ਪ੍ਰੋਗਰਾਮ ਕਰੇਗੀ ਤਾਂ ਪਤਾ ਨਹੀਂ ਕੀ ਪਾਰਲੋ ਆ ਜਾਵੇਗੀ? ਪਤਾ ਨਹੀਂ ਉਨ੍ਹਾਂ ਦੀ ਬੇਟੀ ਅਜਿਹਾ ਕੀ ਕਰ ਰਹੀ ਹੈ ਕਿ ਸਮਾਜ ਵਿਚ ਉਨ੍ਹਾਂ ਦਾ ਰੁਤਬਾ ਥੱਲੇ ਆ ਜਾਵੇਗਾ?
ਇਕ ਬਹੁਤ ਹੀ ਪਿਆਰੀ ਬੱਚੀ ਜਿਸਨੂੰ ਸਭਿਆਚਾਰ ਨਾਲ ਸਬੰਧਤ ਹਰ ਮੁਕਾਬਲੇ ਵਿਚ ਭਾਗ ਲੈਣ ਦੀ ਉਤਸੁਕਤਾ ਰਹਿੰਦੀ ਸੀ, ਉਸ ਦੇ ਅੰਦਰ ਪ੍ਰਤੀਭਾ ਵੀ ਇੰਨੀਂ ਸੀ ਕਿ ਉਸ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਕਿ ਕਮਾਲ ਦੀ ਪਰਫਾਰਮੈਂਸ ਦਿੰਦੀ ਹੈ। ਉਸ ਦੇ ਚਿਹਰੇ ਦੇ ਹਾਵ-ਭਾਵ ਵੀ ਇੰਨੇ ਜ਼ਿਆਦਾ ਦਿਲਕਸ਼ ਹੁੰਦੇ ਕਿ ਉਹ ਸਭ ਤੋਂ ਵਧੀਆ ਮੁਕਾਬਲੇ ਦੀ ਪ੍ਰਤੀਯੋਗੀ ਹੁੰਦੀ। ਉਸ ਨੇ ਸਟੇਟ ਲੈਵਲ ਮੁਕਾਬਲੇ ਲਈ ਭਾਗ ਲੈਣ ਜਾਣਾ ਸੀ, ਉਸ ਦੇ ਘਰੋਂ ਉਸ ਦੀ ਭੈਣ ਦਾ ਫੋਨ ਆਇਆ ਕਿ ਇਸ ਨੂੰ ਇਸ ਮੁਕਾਬਲੇ ਵਿਚ ਨਹੀਂ ਜਾਣ ਦੇਣ ਕਿਉਂਕਿ ਮੇਰੇ ਭਰਾ ਨੂੰ ਇਹ ਨਹੀਂ ਪਾਸੰਦ ਕਿ ਉਸ ਦੀ ਭੈਣ ਸਟੇਜ਼ਾਂ ਉਪਰ ਡਾਂਸ ਕਰੇ। ਉਸ ਨੂੰ ਸਾਰੇ ਦੇਖਣ, ਸਾਨੂੰ ਵੀ ਨਹੀਂ ਚੰਗਾ ਲੱਗਦਾ ਕਿ ਇਹ ਪੜ੍ਹਾਈ ਦੀ ਜਗ੍ਹਾ ਤੇ ਗਾਣੇ ਗਾਉਂਦੀ ਹੀ ਫਿਰੀ ਜਾਵੇ।
ਉਸ ਲੜਕੀ ਦੇ ਘਰ ਵਾਲਿਆਂ ਨੇ ਉਸ ਦੀ ਅਗਾਂਹ ਵੱਧਣ ਦੀ ਚਾਹਤ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ। ਬਹੁਤ ਹੀ ਜ਼ਿਆਦਾ ਖੂਬਸੂਰਤ ਦਿਸਣ ਵਾਲੀ ਉਹ ਲੜਕੀ ਦਿਨਾਂ ਵਿਚ ਹੀ ਇੰਨਾਂ ਕੁ ਕੁਮਲਾ ਗਈ ਕਿ ਉਸ ਦੇ ਚਿਹਰੇ ਦਾ ਰੰਗ ਇਕਦਮ ਕਾਲਾ ਪੈ ਗਿਆ। ਉਸ ਦੀਆਂ ਅੱਖਾਂ ਵਿਚਲੀ ਚਮਕ ਨੇ ਉਦਾਸ ਨਜ਼ਰਾਂ ਦਾ ਰੰਗ ਲੈ ਲਿਆ। ਹਰ ਸਮੇਂ ਚਹਿਕਦੀ ਰਹਿਣ ਵਾਲੀ ਲੜਕੀ ਇਕ ਪੱਥਰ ਦੀ ਤਰ੍ਹਾਂ ਪ੍ਰਭੀਤ ਹੋਣ ਲੱਗ ਗਈ। ਕੁਝ ਹੀ ਦਿਨਾਂ ਵਿਚ ਉਸ ਦੇ ਚਿਹਰੇ ਦੀ ਰੰਗਤ ਫਿੱਕੀ ਪੈ ਗਈ। ਫੁੱਲਾਂ ਵਾਂਗ ਹੱਸਦਾ ਚਿਹਰਾ ਇਕਦਮ ਮੁਰਝਾ ਗਿਆ।
'ਕੁਝ ਸੁਪਨੇ ਨੇ ਕੁਝ ਅੜ੍ਹੀਆਂ ਨੇ,
ਪਰ ਜਿੰਦਗੀ ਤੇਰੇ ਤੋਂ ਆਸਾਂ ਬੜੀਆਂ ਨੇ।
Add a review