ਜੰਗਲੀ ਜੀਵ ਸੁਰੱਖਿਆ ਹਫ਼ਤਾ ਹਰ ਸਾਲ 2 ਤੋਂ 8 ਅਕਤੂਬਰ ਤੱਕ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦਾ ਮੁੱਖ ਉਦੇਸ਼ ਜੰਗਲੀ ਜੀਵਾਂ ਦੀ ਸੰਭਾਲ ਅਤੇ ਸੁਰੱਖਿਆ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਹਰ ਨਾਗਰਿਕ ਭਾਰਤ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਬਾਰੇ ਜਾਗਰੂਕ ਹੋ ਸਕੇ ਅਤੇ ਉਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੇ। ਜੰਗਲੀ ਜੀਵ ਕੁਦਰਤ ਦੇ ਸੰਤੁਲਨ (ਈਕੋਲੌਜੀਕਲ ਸੰਤੁਲਨ) ਨੂੰ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਹਨ। ਮਾਸਾਹਾਰੀ ਜਾਨਵਰਾਂ ਦੀ ਹੱਤਿਆ ਨਾਲ ਸ਼ਾਕਾਹਾਰੀ ਜੀਵਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ ਜੋ ਬਦਲੇ ਵਿੱਚ ਜੰਗਲ ਦੀ ਬਨਸਪਤੀ ਨੂੰ ਪ੍ਰਭਾਵਿਤ ਕਰਦੇ ਹਨ। ਇਸ ਤਰ੍ਹਾਂ ਜੰਗਲ ਵਿੱਚ ਭੋਜਨ ਦੀ ਘਾਟ ਕਾਰਨ ਉਹ ਜੰਗਲ ਤੋਂ ਬਾਹਰ ਖੇਤਾਂ ਵਿੱਜ ਆ ਕੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਇਸ ਬਾਰੇ ਸਭ ਤੋਂ ਪਹਿਲਾਂ ਭਾਰਤੀ ਜੰਗਲੀ ਜੀਵ ਬੋਰਡ ਨੇ 1952 ਵਿੱਚ ਮਹਾਨ ਦ੍ਰਿਸ਼ਟੀਕੋਣ ਨਾਲ ਕੁਝ ਜ਼ਰੂਰੀ ਕਦਮ ਚੁੱਕੇ ਸਨ। ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਅਤੇ ਉਨ੍ਹਾਂ ਦੇ ਨਿਵਾਸ ਸਥਾਨਾਂ ਦੀ ਸੰਭਾਲ ਲਈ ਠੋਸ ਕਾਰਵਾਈ ਕਰਨ ਦੀ ਜ਼ਰੂਰਤ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਬਹੁਤ ਸਾਰੇ ਪ੍ਰੋਜੈਕਟਾਂ ’ਤੇ ਧਿਆਨ ਕੇਂਦਰਤ ਕੀਤਾ ਸੀ। ਪ੍ਰੋਜੈਕਟ ਟਾਈਗਰ, ਪ੍ਰੋਜੈਕਟ ਹਾਥੀ, ਪ੍ਰੋਜੈਕਟ ਸਨੋਅ ਲੈਪਰਡ ਇਸ ਪਹਿਲ ਦੀ ਝਲਕ ਹਨ। ਇਨ੍ਹਾਂ ਪ੍ਰਮੁੱਖ ਪ੍ਰਜਾਤੀਆਂ ਨੂੰ ਬਚਾਉਣ ਦੀਆਂ ਮੁਹਿੰਮਾਂ ਜੰਗਲਾਂ ਅਤੇ ਹੋਰ ਜੀਵਾਂ ਅਤੇ ਪ੍ਰਜਾਤੀਆਂ ਦੇ ਨਿਵਾਸ ਦੀ ਸੰਭਾਲ ਵਿੱਚ ਸਹਾਇਤਾ ਕਰਦੀਆਂ ਹਨ। ਜੰਗਲੀ ਜੀਵਾਂ ਅਤੇ ਉਨ੍ਹਾਂ ਦੀਆਂ ਰਹਿਣ ਦੀਆਂ ਥਾਵਾਂ ਦੀ ਸੁਰੱਖਿਆ ਦਾ ਮਤਲਬ ਹੈ ਘੱਟ ਬਿਮਾਰੀਆਂ ਜੋ ਮਨੁੱਖ ਨੂੰ ਪ੍ਰਭਾਵਿਤ ਕਰਦੀਆਂ ਹਨ। ਜੰਗਲੀ ਜੀਵਾਂ ਦੀ ਸੰਭਾਲ ਅਤੇ ਉਨ੍ਹਾਂ ਦਾ ਨਿਵਾਸ ਮਨੁੱਖੀ ਸਿਹਤ ਲਈ ਮਹੱਤਵਪੂਰਨ ਹੈ।
ਇਸ ਬਾਰੇ ਵਿਗਿਆਨਕ ਖੋਜ ਦਰਸਾਉਂਦੀ ਹੈ ਕਿ ਵਿਭਿੰਨ ਸੁਰੱਖਿਅਤ ਕੁਦਰਤੀ ਖੇਤਰਾਂ ਵਿੱਚ ਮਲੇਰੀਆ ਅਤੇ ਹੋਰ ਬਿਮਾਰੀਆਂ ਦੇ ਬਹੁਤ ਘੱਟ ਮਾਮਲੇ ਵੇਖਣ ਨੂੰ ਮਿਲਦੇ ਹਨ। ਜੰਗਲੀ ਜੀਵਾਂ ਦੇ ਬਾਇਓਟਿਕ ਫੰਕਸ਼ਨ ਮੁੱਲ ਉਹ ਹਨ ਜੋ ਜਾਨਵਰਾਂ ਦੇ ਜੀਵ-ਖੇਤਰ ਅਤੇ ਭੂ-ਖੇਤਰ ਨਾਲ ਸੰਚਾਰ ਕਰਨ ਦੇ ਤਰੀਕਿਆਂ ਦੇ ਨਤੀਜੇ ਵਜੋਂ ਹੁੰਦੇ ਹਨ। ਇਨ੍ਹਾਂ ਵਿੱਚ ਪਰਾਗਣ, ਪੌਸ਼ਟਿਕ ਸਾਈਕਲਿੰਗ, ਕੀਟ ਨਿਯੰਤਰਣ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਹਰ ਸਾਲ 2 ਤੋਂ 8 ਅਕਤੂਬਰ ਤੱਕ ਦੇਸ਼ ਭਰ ਵਿੱਚ ਜੰਗਲੀ ਜੀਵ ਸੁਰੱਖਿਆ ਹਫ਼ਤਾ ਮਨਾਉਣ ਦਾ ਉਦੇਸ਼ ਲੋਕਾਂ ਨੂੰ ਜੰਗਲੀ ਜੀਵਾਂ ਦੀ ਸੰਭਾਲ ਅਤੇ ਸੁਰੱਖਿਆ ਪ੍ਰਤੀ ਵਧੇਰੇ ਜਾਗਰੂਕ ਕਰਨਾ ਹੁੰਦਾ ਹੈ ਜਿਸ ਵਿਚ:
ਅਸੀਂ ਅਣਜਾਣਪੁਣੇ ਵਿੱਚ ਬਹੁਤ ਸਾਰੇ ਕੰਮ ਜੰਗਲੀ ਜੀਵਾਂ ਦੀ ਸੰਭਾਲ ਦੇ ਵਿਰੁੱਧ ਕਰਦੇ ਹਾਂ। ਦਰਅਸਲ, ਮਨੁੱਖ ਨੇ ਵਾਤਾਵਰਣ ਵਿੱਚ ਡੂੰਘੀ ਤਬਦੀਲੀ ਕੀਤੀ ਹੈ ਅਤੇ ਖੇਤਰ ਨੂੰ ਸੋਧਿਆ ਹੈ। ਮੱਛੀਆਂ ਫੜਨ ਅਤੇ ਸ਼ਿਕਾਰ ਕਰਨ ਦੁਆਰਾ ਜੀਵ-ਰਸਾਇਣਕ ਚੱਕਰ ਨੂੰ ਬਦਲ ਕੇ ਪ੍ਰਜਾਤੀਆਂ ਦਾ ਸਿੱਧਾ ਸ਼ੋਸ਼ਣ ਕੀਤਾ ਹੈ। ਜੰਗਲੀ ਜੀਵ ਸੁਰੱਖਿਆ ਹਫ਼ਤਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਰੇ ਜਾਨਵਰਾਂ ਨਾਲੋਂ ਬਹੁਤ ਸੂਝਵਾਨ ਹੋਣ ਦੇ ਨਾਤੇ ਜਾਨਵਰਾਂ ਦੇ ਸ਼ਾਂਤੀਪੂਰਨ ਸਹਿਹੋਂਦ ਬਣਾਉਣੀ ਚਾਹੀਦੀ ਹੈ।
ਜੰਗਲੀ ਜੀਵਾਂ ਦੇ ਸ਼ੋਸ਼ਣ ਨੂੰ ਵੇਖ ਕੇ ਮਨੁੱਖਤਾ ਹੁਣ ਚੁੱਪ ਨਹੀਂ ਰਹਿ ਸਕਦੀ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇਕੱਠੇ ਖੜ੍ਹੇ ਹੋਈਏ ਅਤੇ ਬਹੁਤ ਦੇਰ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਫਰਿਆਦ ਨੂੰ ਸਮਝਣ ਦਾ ਯਤਨ ਕਰੀਏ। ਕਿਸੇ ਵੀ ਜੀਵ ਦਾ ਸਾਡੇ ਵਾਤਾਵਰਣ ਵਿੱਚੋਂ ਲੋਪ ਹੋਣ ਤੋਂ ਭਾਵ ਉਸ ਦਾ ਸਦਾ ਲਈ ਖ਼ਤਮ ਹੋ ਜਾਣਾ ਹੈ। ਅੱਜ ਸਾਡੇ ਵਿੱਚ ਜੰਗਲੀ ਜੀਵਾਂ ਦੀ ਸੰਭਾਲ ਵਿੱਚ ਵੱਖ-ਵੱਖ ਵਿਭਾਗਾਂ ਦੇ ਨਾਲ, ਇੱਕ ਦੂਜੇ ਨਾਲ ਤਾਲਮੇਲ ਦੀ ਘਾਟ ਹੈ। ਆਓ, ਰਲ ਮਿਲ ਕੇ ਆਪਣੇ ਦੇਸ਼ ਦੇ ਜੰਗਲੀ ਜੀਵਾਂ ਦੀਆਂ ਸਾਰੀਆਂ ਕਿਸਮਾਂ ਅਤੇ ਪੌਦਿਆਂ ਦੀ ਰੱਖਿਆ ਲਈ ਹੱਥ ਵੰਡਾਈਏ।
ਅੱਜ ਬਹੁਤ ਸਾਰੇ ਪੰਛੀ ਤੇ ਜੰਗਲੀ ਜਾਨਵਰ ਪੰਜਾਬ ਵਿੱਚ ਘੱਟ ਗਿਣਤੀ (ਵਲਨਰੇਬਲ) ਪ੍ਰਜਾਤੀ ਵਿੱਚ ਆਉਂਦੇ ਜਾ ਰਹੇ ਹਨ। ਮਨੁੱਖ ਵੱਲੋ ਉਨ੍ਹਾਂ ਦੇ ਵਾਸ ਨਾਲ ਛੇੜਖਾਨੀ ਜਾਂ ਉਨ੍ਹਾਂ ਨੇੜੇ ਸ਼ੋਰ ਸ਼ਰਾਬਾ ਪਾਉਣ ਕਰਕੇ ਕਈ ਪੰਛੀਆਂ ਨੇ ਸਾਡੇ ਸੂਬੇ ਨੂੰ ਅਲਵਿਦਾ ਕਹਿ ਦਿੱਤਾ ਹੈ ਜਾਂ ਲੋਪ ਹੋ ਗਏ ਹਨ।ਆਈ.ਯੂ.ਸੀ.ਐਨ ਨੇ ਇਨ੍ਹਾਂ ਵਿੱਚੋਂ ਕੁਝ ਸੰਕਟਮਈ ਜੋਖ਼ਮ (Critically Endangered), ਖ਼ਤਰੇ ਵਿਚ (Endangered) ਅਤੇ ਕੁਝ ਕਮਜ਼ੋਰ ਸਥਿਤੀ (Vulnerable) ਵਿੱਚ ਐਲਾਨੇ ਹਨ ਜਿਨ੍ਹਾਂ ਵਿੱਚੋਂ ਕੁਝ ਕੁ ਦਾ ਵੇਰਵਾ ਇਉਂ ਹੈ:
ਸਲਾਰਾ ਕਬੂਤਰ (Yellow eyed Pigeons)
ਇਹ ਕਬੂਤਰ 1995 ਤੋਂ ਪੰਜਾਬ ਵਿੱਚ ਹਰੀਕੇ ਝੀਲ ਵਿਖੇ 1500 ਤੋਂ 2000 ਦੀ ਗਿਣਤੀ ਵਿਚ ਕਜ਼ਾਖਿਸਤਾਨ ਤੋਂ ਪਰਵਾਸ ਕਰਦਾ ਰਿਹਾ। ਇਹ ਸ਼ਰਮਾਕਲ ਪੰਛੀ ਹੈ। ਇਹ ਸਾਰੇ ਕਤਾਰਾਂ ਵਿੱਚ ਇਕੱਠੇ ਹੋ ਕੇ ਹਰੀਕੇ ਹੈੱਡਵਰਕਸ ਲਾਗੇ ਸਪਰ ਉੱਤੇ ਸ਼ੀਸ਼ਮ ਦੇ ਰੁੱਖਾਂ ’ਤੇ ਬੈਠਦੇ ਸਨ। ਇਸ ਬਾਰੇ ਓਰੀਐਂਟਲ ਬਰਡ ਕਲੱਬ, ਇੰਗਲੈਂਡ ਨੇ ਵੀ ਕਈ ਵਾਰ ਲਿਖਿਆ। ਹਰੀਕੇ ਵਿਖੇ ਪਰਵਾਸ ਬਾਰੇ ‘ਐਨਡੇਂਜ਼ਰਡ ਬਰਡਜ਼ ਆਫ਼ ਦਿ ਵਰਲਡ’ ਵਿੱਚ ਵੀ ਲਿਖਿਆ ਗਿਆ ਹੈ। ਸਾਲ 2000 ਤੋਂ ਬਾਅਦ ਇੱਕ ਵੀ ਪੰਛੀ ਪੰਜਾਬ ਵਿੱਚ ਪਰਵਾਸ ਕਰ ਕੇ ਨਹੀਂ ਆਇਆ। ਸਲਾਰਾ ਕਬੂਤਰਾਂ ਵੱਲੋਂ ਪਰਵਾਸ ਲਈ ਨਾ ਆਉਣ ਦਾ ਕਾਰਨ ਸਪਸ਼ਟ ਨਜ਼ਰ ਆਉਂਦਾ ਹੈ। ਇਹ ਪੰਛੀ ਇਤਨੇ ਸ਼ਰਮਕਲ ਹਨ ਕਿ ਮਨੁੱਖ ਵੱਲੋਂ ਥੋੜ੍ਹੀ ਜਿਹੀ ਦਖ਼ਲਅੰਦਾਜ਼ੀ ਜਾਂ ਸ਼ੋਰ ਸ਼ਰਾਬੇ ਤੋਂ ਇਹ ਬਹੁਤ ਡਰਦੇ ਹਨ। ਆਈ.ਯੂ.ਸੀ.ਐਨ. ਨੇ ਇਸ ਪੰਛੀ ਨੂੰ ਕਮਜ਼ੋਰ ਸ਼੍ਰੇਣੀ (Vulnerable) ਵਿੱਚ ਸ਼ਾਮਲ ਕੀਤਾ ਹੈ।
ਰੇਤਲ ਨੇਰ੍ਹਨੀ (Syke’s Nightjar)
ਰੇਤਲ ਨੇਰ੍ਹਨੀ ਨਾਂ ਦਾ ਪੰਛੀ ਉੱਤਰੀ-ਪੱਛਮੀ ਭਾਰਤ, ਪਾਕਿਸਤਾਨ, ਦੱਖਣ-ਪੂਰਬੀ ਅਫ਼ਗ਼ਾਨਿਸਤਾਨ ਵਿੱਚ ਮਿਲਦਾ ਹੈ। ਰੇਤਲ ਨੇਰ੍ਹਨੀ ਨੂੰ ਫ਼ੌਜ ਵਿਚ ਤਾਇਨਾਤ ਕਰਨਲ ਵਿਲੀਅਮ ਹੈਨਰੀ ਸਾਈਕਜ਼ ਜੋ ਪੰਛੀਆਂ ਦੇ ਵਿਗਿਆਨੀ ਵੀ ਸਨ, ਨੇ ਲੱਭਿਆ ਸੀ। ਇਸ ਲਈ ਇਸ ਪੰਛੀ ਦਾ ਨਾਂ ਕਰਨਲ ਸਾਈਕਜ਼ ਦੇ ਨਾਮ ’ਤੇ ਰੱਖਿਆ ਗਿਆ ਹੈ। ਨੇਰ੍ਹਨੀ (ਨਾਈਟਜਾਰ) ਪੰਜ ਪਰਿਵਾਰਾਂ ਵਿੱਚ ਵੰਡਿਆ ਹੋਇਆ ਹੈ ਅਤੇ ਇਸ ਦੀਆਂ 120 ਕਿਸਮਾਂ ਹਨ। ਰੇਤਲ ਨੇਰ੍ਹਨੀ ਨੂੰ ਹਰੀਕੇ ਵਿਖੇ ਲਗਾਤਾਰ 1995 ਤੋਂ 2000 ਤੱਕ ਪਰਵਾਸ ਕਰਦਿਆਂ ਲਹਿੰਦੇ ਪਾਸੇ ਵੇਖਿਆ ਗਿਆ ਅਤੇ ਫੋਟੋ ਵੀ ਖਿੱਚੀਆਂ ਗਈਆਂ। ਜਿਸ ਥਾਂ ’ਤੇ ਇਹ ਪੰਛੀ ਆਇਆ ਕਰਦਾ ਸੀ ਅੱਜ ਉਹ ਰਕਬਾ ਖੇਤੀ ਅਧੀਨ ਆ ਗਿਆ ਹੈ। ਸਾਲ 2000 ਤੋਂ ਬਾਅਦ ਇਹ ਪੰਛੀ ਦਿਖਾਈ ਨਹੀਂ ਦਿੱਤਾ। ਰੇਤਲ ਨੇਰ੍ਹਨੀ ਦਾ ਨਾ ਤਾਂ ਹਰੀਕੇ ਨਮਧਰਤੀ ਵਿਖੇ ਅਤੇ ਨਾ ਹੀ ਪੰਜਾਬ ਵਿੱਚ ਕਿਸੇ ਹੋਰ ਥਾਂ ਮਿਲਣ ਦਾ ਕੋਈ ਸੰਕੇਤ ਮਿਲਿਆ। ਇਸ ਪੰਛੀ ਦੀ ਖਾਸੀਅਤ ਹੈ ਕਿ ਇਹ ਦਿਨ ਵੇਲੇ ਲੁਕ ਕੇ ਰਹਿੰਦਾ ਹੈ, ਪਰ ਸਾਰੀ ਰਾਤ ਚੌਕੰਨਾ ਰਹਿੰਦਾ ਹੈ। ਆਈ.ਯੂ.ਸੀ.ਐਨ. ਨੇ ਤਾਂ ਇਸ ਪੰਛੀ ਨੂੰ ਕਮਜ਼ੋਰ ਸ਼੍ਰੇਣੀ (Vulnerable) ਵਜੋਂ ਐਲਾਨ ਦਿੱਤਾ ਹੈ।
ਪਨਚੀਰਾ (Indian skimmer)
ਪਨਚੀਰਾ (ਇੰਡੀਅਨ ਸਕਿਮਰ) ਬਹੁਤ ਸੁੰਦਰ ਪਰਵਾਸੀ ਪੰਛੀ ਹੈ। ਇਹ ਪੰਜਾਬ ਵਿੱਚ ਸਰਦੀਆਂ ਦੇ ਮੌਸਮ ਵਿੱਚ ਹਰੀਕੇ ਝੀਲ ਵਿਖੇ ਆਇਆ ਕਰਦਾ ਸੀ, ਪਰ ਹੁਣ ਇਸ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸ ਨੂੰ ਪਨਚੀਰਾ (ਇੰਡੀਅਨ ਸਕਿਮਰ) ਨਾਂ ਇਸ ਦੇ ਸ਼ਿਕਾਰ ਕਰਨ ਦੇ ਵਿਲੱਖਣ ਢੰਗ ਕਾਰਨ ਦਿੱਤਾ ਗਿਆ ਹੈ ਜਿਸ ਵਿਚ ਇਸ ਦੀ ਚੁੰਝ ਦੀ ਜ਼ਿਆਦਾ ਭੂਮਿਕਾ ਹੁੰਦੀ ਹੈ। ਇਹ ਮੁੱਖ ਤੌਰ ’ਤੇ ਸਾਫ਼ ਪਾਣੀ ਦੇ ਦਰਿਆਵਾਂ ਨਦੀਆਂ ਵਿੱਚ ਪਰਵਾਸ ਕਰਦਾ ਹੈ। ਪਨਚੀਰੇ ਦੇ ਸਿਰ ਦਾ ਰੰਗ ਕਾਲਾ, ਚੁੰਝ ਸੰਤਰੀ, ਖੰਭ ਕਾਲੇ ਤੇ ਲੰਬੇ ਅਤੇ ਬਾਕੀ ਦਾ ਸਰੀਰ ਚਿੱਟਾ ਹੁੰਦਾ ਹੈ। ਇਸ ਦੀਆਂ ਲੱਤਾਂ ਤੇ ਪੰਜੇ ਦਾ ਰੰਗ ਲਾਲ ਹੁੰਦਾ ਹੈ। ਲੰਬੀ ਸੰਤਰੀ ਚੁੰਝ ਦੀ ਨੋਕ ਉੱਤੇ ਪੀਲੇ ਰੰਗ ਦਾ ਨਿਸ਼ਾਨ ਹੁੰਦਾ ਹੈ। ਇਹ ਆਮ ਤੌਰ ’ਤੇ ਮੱਛੀ ਦਾ ਸ਼ਿਕਾਰ ਕਰਦੇ ਹਨ, ਪਰ ਲੋੜ ਪੈਣ ’ਤੇ ਛੋਟੇ ਖੋਪੜੀਦਾਰ ਜੀਵ ਅਤੇ ਕੀੜੀਆਂ ਦੇ ਲਾਰਵਾ ਵੀ ਖਾ ਲੈਂਦੇ ਹਨ। ਪਨਚੀਰੇ ਨੂੰ ਆਈ.ਯੂ.ਸੀ.ਐਨ. (ਇੰਟਰਨੈਸ਼ਨਲ ਯੂਨੀਅਨ ਫਾਰ ਨੇਚਰ ਕੰਜ਼ਰਵੇਸ਼ਨ) ਨੇ ਇੱਕ ਕਮਜ਼ੋਰ ਕਿਸਮ ਐਲਾਨ ਦਿੱਤਾ ਹੈ। ਹੁਣ ਇਸ ਪਰਵਾਸੀ ਪੰਛੀ ਦੀ ਗਿਣਤੀ ਪਹਿਲਾਂ ਨਾਲੋਂ ਕਾਫ਼ੀ ਘਟ ਗਈ ਹੈ।
ਮਿਲਾਪੜੀ ਟਟੀਹਰੀ (Sociable Lapwing)
ਮਿਲਾਪੜੀ ਟਟੀਹਰੀ (Sociable Lapwing) ਕਜ਼ਾਖ਼ਿਸਤਾਨ ਦੇ ਖੁੱਲ੍ਹੇ ਘਾਹ ਦੇ ਮੈਦਾਨਾਂ ਤੋਂ ਸਿਰਫ਼ ਭਾਰਤ ਦੇ ਉੱਤਰ-ਪੱਛਮੀ ਖੇਤਰ ਵਿੱਚ ਪਰਵਾਸ ਕਰਨ ਵਾਲਾ ਪੰਛੀ ਹੈ। ਇਹ ਟਟੀਹਰੀ ਸਾਡੇ ਆਲੇ-ਦੁਆਲੇ ਮਿਲਣ ਵਾਲੀ ਟਟੀਹਰੀ ਦੇ ਪਰਿਵਾਰ ਨਾਲ ਹੀ ਸਬੰਧ ਰੱਖਦੀ ਹੈ। ਇਸ ਵੱਲੋਂ ਪਰਵਾਸ ਦੌਰਾਨ ਵੱਡੇ ਝੁੰਡਾਂ ਵਿੱਚ ਜਾ ਰਹੀਆਂ ਕਿਸਮਾਂ ਦੇ ਨਿਰੀਖਣ ਤੋਂ ਬਾਅਦ ਨਾਂ ਇਸ ਨੂੰ ਇਹ ਨਾਂ ਮਿਲਾਪੜੀ ਟਟੀਹਰੀ ਦਿੱਤਾ ਗਿਆ ਹੈ, ਪਰ ਮਨੁੱਖ ਵੱਲੋਂ ਇਨ੍ਹਾਂ ਦਾ ਆਵਾਸ ਖ਼ਤਮ ਕਰ ਦੇਣ ਤੋਂ ਬਾਅਦ ਇਹ ਆਪਣੇ ਪਰਿਵਾਰ ਤੋਂ ਵੱਖ ਹੋ ਗਏ। ਇਸ ਨੇ ਰੂਸ ਅਤੇ ਸਾਇਬੇਰੀਆ ਦੇ ਰੜੇ ਮੈਦਾਨਾਂ ਨੂੰ ਆਪਣਾ ਆਵਾਸ ਬਣਾ ਲਿਆ ਹੈ। ਹੁਣ ਇਹ ਟਟੀਹਰੀਆਂ ਭਾਰਤ, ਪਾਕਿਸਤਾਨ, ਸ੍ਰੀਲੰਕਾ ਅਤੇ ਸੁਡਾਨ ਵਰਗੇ ਦੇਸ਼ਾਂ ਵਿਚ ਪਰਵਾਸ ਕਰਦੀਆਂ ਹਨ। ਇਹ ਪੰਛੀ ਮੁੱਖ ਤੌਰ ’ਤੇ ਕੀੜੇ-ਮਕੌੜਿਆਂ ਨੂੰ ਆਪਣੀ ਖੁਰਾਕ ਬਣਾਉਂਦੇ ਹਨ। ਇਨ੍ਹਾਂ ਨੂੰ ਭੂੰਡ, ਬਿੱਛੂ, ਚਿੱਚੜ ਜਾਂ ਮੱਕੜੀ ਜੋ ਵੀ ਮਿਲੇ ਖਾ ਜਾਂਦੇ ਹਨ। ਆਈ.ਯੂ.ਸੀ.ਐਨ. ਨੇ ਮਿਲਾਪੜੀ ਟਟੀਹਰੀ ਦੀ ਤੇਜ਼ ਰਫ਼ਤਾਰ ਨਾਲ ਘਟਦੀ ਨਸਲ ਨੂੰ ਖ਼ਤਰੇ ਦੇ ਨਿਸ਼ਾਨ ਦੀ ਸੂਚੀ ਵਿੱਚ ਰੱਖ ਦਿੱਤਾ ਹੈ ਕਿਉਂਕਿ ਇਸ ਦੀ ਆਬਾਦੀ ਵਿੱਚ ਬਹੁਤ ਤੇਜ਼ੀ ਨਾਲ ਕਮੀ ਆਈ ਹੈ। ਮਿਲਾਪੜੀ ਟਟੀਹਰੀ ਵਰਗੇ ਸੁੰਦਰ ਪੰਛੀ ਅੱਜ ਘਰੋਂ ਬੇਘਰ ਹੋ ਗਏ ਅਤੇ ਇਨ੍ਹਾਂ ਦੀ ਨਸਲ ਖਾਤਮੇ ਵੱਲ ਵੱਧਦੀ ਜਾ ਰਹੀ ਹੈ। ਇਹ ਗਿਰਾਵਟ ਭਵਿੱਖ ਵਿੱਚ ਜਾਰੀ ਰਹਿਣ ਅਤੇ ਵਧਣ ਦੀ ਸੰਭਾਵਨਾ ਹੈ।
ਗਿੱਧਾਂ ਜਾਂ ਗਿਰਝਾਂ (Vultures)
ਕੁਝ ਸਾਲ ਪਹਿਲਾਂ ਪੰਜਾਬ ਵਿੱਚ ਗਿੱਧਾਂ ਆਮ ਵੇਖਣ ਨੂੰ ਮਿਲਦੀਆਂ ਸਨ। ਦਰਅਸਲ, ਪੰਜਾਬ ਵਿੱਚ ਪਿੰਡਾਂ ਦੇ ਬਾਹਰ ਹੱਡਾ-ਰੋੜੀਆਂ ਆਮ ਵੇਖਣ ਨੂੰ ਮਿਲਦੀਆਂ ਸਨ। ਇਸ ਕਾਰਨ ਸੂਬੇ ਵਿੱਚ ਭੂਰੀ ਗਿੱਧ (Griffon Vulture), ਲਮਚੁੰਝੀ ਗਿੱਧ (Long billed Vulture), ਗਿੱਧ (Indian White backed Vulture) ਅਤੇ ਚਿੱਟੀ ਗਿੱਧ (Egyptian Vulture) ਆਮ ਦਿਸਦੀਆਂ ਸਨ। ਪਸ਼ੂਆਂ ਨੂੰ ਦਿੱਤੀ ਜਾਂਦੀ ਡਾਈਕਲੋਫਿਨੈਕ ਦਵਾਈ ਨੇ ਗਿੱਧਾਂ ’ਤੇ ਬਹੁਤ ਮਾੜਾ ਅਸਰ ਕੀਤਾ। ਸਿੱਟੇ ਵਜੋਂ ਬਹੁਤ ਸਾਰੀਆਂ ਗਿੱਧਾਂ ਦੀ ਨਸਲ ਖ਼ਾਤਮੇ ਵੱਲ ਵਧਦੀ ਜਾ ਰਹੀ ਹੈ। ਆਈ.ਯੂ.ਸੀ.ਐਨ. ਨੇ ਗਿੱਧਾਂ ਦੀ ਤੇਜ਼ ਰਫ਼ਤਾਰ ਨਾਲ ਘਟਦੀ ਨਸਲ ਨੂੰ ਖ਼ਤਰੇ ਦੇ ਨਿਸ਼ਾਨ ਦੀ ਸੂਚੀ ਵਿੱਚ (ਕਰਿਟੀਕਲੀ ਐਨਡੇਂਜਰਡ) ਜਾਂ ਐਨਡੇਂਜਰਡ ਵਿੱਚ ਰੱਖਿਆ ਹੈ। ਅੱਜ ਮਰੇ ਹੋਏ ਜਾਨਵਰਾਂ ਨੂੰ ਆਵਾਰਾ ਕੁੱਤੇ ਖਾਂਦੇ ਹਨ।
ਘੜਿਆਲ (Gharial)
ਕਿਸੇ ਵੇਲੇ ਘੜਿਆਲ ਬਿਆਸ ਦਰਿਆ ਵਿੱਚ ਆਮ ਪਾਇਆ ਜਾਂਦਾ ਸੀ। ਘੜਿਆਲ ਭਾਰਤੀ ਉਪ-ਮਹਾਂਦੀਪ ਦੀਆਂ ਸਾਰੀਆਂ ਪ੍ਰਮੁੱਖ ਨਦੀਆਂ ਸਿੰਧ, ਬ੍ਰਹਮਪੁੱਤਰ ਵਿੱਚ ਆਮ ਮਿਲਦਾ ਸੀ। ਕਈ ਸਾਲ ਪਹਿਲਾਂ ਬਿਆਸ ਦਰਿਆ ਵਿੱਚੋਂ ਘੜਿਆਲ ਦੀ ਪ੍ਰਜਾਤੀ ਖ਼ਤਮ ਹੋ ਚੁੱਕੀ ਸੀ। ਅੱਜ ਘੜਿਆਲ ਦੀ ਛੋਟੀ ਜਿਹੀ ਆਬਾਦੀ ਸੋਨ ਦਰਿਆ, ਗਿਰਵਾ, ਗੰਗਾ ਅਤੇ ਚੰਬਲ ਵਿੱਚ ਰਹਿ ਗਈ ਹੈ। ਆਈ.ਯੂ.ਸੀ.ਐਨ. ਨੇ ਇਸਨੂੰ ਐਨਡੇਂਜਰਡ ਐਲਾਨ ਦਿੱਤਾ ਹੈ। ਪੰਜਾਬ ਵਿੱਚ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਕੁਝ ਘੜਿਆਲ ਹਰੀਕੇ ਬਿਆਸ ਦਰਿਆ ਵਿੱਚ ਛੱਡੇ ਹਨ।
ਬੁੱਲਣ (Indus Dolphin)
ਹਰੀਕੇ ਨਮਧਰਤੀ ਵਿੱਚ ਮਿਲਣ ਵਾਲੀ ਬੁੱਲਣ (ਇੰਡਸ ਡਾਲਫਿਨ) ਕੋਈ ਮੱਛੀ ਨਹੀਂ ਸਗੋਂ ਧਣਧਾਰੀ ਜੀਵ ਹੈ। ਇਹ ਸਿੰਧ ਦਰਿਆ ਵਿੱਚ ਮਿਲਦੀ ਹੈ। ਬਿਆਸ ਦਰਿਆ ਵਿੱਚ 8 ਤੋਂ 10 ਬੁੱਲਣ (ਇੰਡਸ ਡਾਲਫਿਨ) ਦੱਸੀਆਂ ਜਾਂਦੀਆਂ ਹਨ। ਬੁੱਲਣ ਦੇ ਕੰਨ ਉਸ ਦੀਆਂ ਅੱਖਾਂ ਦੇ ਥੱਲੇ ਹੁੰਦੇ ਹਨ। ਪਾਣੀ ਵਿੱਚ ਰਹਿਣ ਵਾਲਾ ਇਹ ਜੀਵ ਅੱਖੋਂ ਅੰਨ੍ਹਾਂ ਹੁੰਦਾ ਹੈ। ਪੰਜਾਬ ਸਰਕਾਰ ਨੇ ਇਸ ਨੂੰ ਆਪਣਾ ਰਾਜ ਜਲ ਜੀਵ ਐਲਾਨ ਕੀਤਾ ਹੈ। ਆਈ.ਯੂ.ਸੀ.ਐਨ. ਨੇ ਇਸ ਨੂੰ ਐਨਡੇਂਜਰਡ ਐਲਾਨਿਆ ਹੈ।
ਮਛੇਰੀ ਬਿੱਲੀ (Fishing Cat)
ਮਛੇਰੀ ਬਿੱਲੀ (ਫਿਸ਼ਿੰਗ ਕੈਟ) ਹਰੀਕੇ ਵਿਖੇ ਮਿਲਦੀ ਹੈ। ਇਸ ਦੀ 70 ਫ਼ੀਸਦੀ ਖੁਰਾਕ ਮੱਛੀ ਹੈ। ਇਸੇ ਕਰਕੇ ਇਸ ਦਾ ਨਾਂ ਮਛੇਰੀ ਬਿੱਲੀ ਪਿਆ ਹੈ। ਇਸ ਦੇ ਸਰੀਰ ਉਪਰ ਕਾਲੇ ਰੰਗ ਦੇ ਚਟਾਕ ਹੁੰਦੇ ਹਨ। ਆਮ ਬਿੱਲੀਆਂ ਦੇ ਮੁਕਾਬਲੇ ਇਨ੍ਹਾਂ ਦੇ ਪੈਰ ਘੱਟ ਘੁੰਮਦੇ ਹਨ। ਇਨ੍ਹਾਂ ਦਾ ਪੰਜਾ ਝਿੱਲੀਦਾਰ ਹੁੰਦਾ ਹੈ। ਮਛੇਰੀ ਬਿੱਲੀਆਂ ਆਮ ਤੌਰ ’ਤੇ ਰਾਤ ਵੇਲੇ ਸ਼ਿਕਾਰ ਲਈ ਨਿਕਲਦੀਆਂ ਹਨ। ਦਿਨ ਵੇਲੇ ਇਹ ਕਾਨਿਆਂ ਜਾਂ ਘਾਹ ਨੂੰ ਆਪਣਾ ਬਿਸਤਰਾ ਬਣਾ ਕੇ ਸੌਂਦੀਆਂ ਹਨ। ਇਹ ਪਾਣੀ ਵਿੱਚ ਕਾਫ਼ੀ ਦੇਰ ਤੱਕ ਰਹਿ ਸਕਦੀਆਂ ਹਨ। ਇਹ ਲੰਬੀ ਦੂਰੀ ਤੱਕ ਤੈਰ ਕੇ ਜਾ ਸਕਦੀਆਂ ਹਨ। ਮਛੇਰੀ ਬਿੱਲੀਆਂ ਦੀ ਗਿਣਤੀ ਰਾਜ ਵਿੱਚ ਬਹੁਤ ਘੱਟ ਹੈ। ਇਸ ਨੂੰ ਜੰਗਲੀ ਜੀਵ (ਸੁਰੱਖਿਆ) ਕਾਨੂੰਨ 1972 ਦੇ ਸ਼ਡਿਊਲ ਇੱਕ ਵਿੱਚ ਰੱਖਿਆ ਗਿਆ ਹੈ। ਆਈ.ਯੂ.ਸੀ.ਐਨ. ਨੇ ਇਸ ਨੂੰ ਘੱਟ ਮਿਲਣ ਵਾਲੇ (ਵਲਨਰੇਬਲ) ਜੀਵਾਂ ਦੀ ਸ਼੍ਰੇਣੀ ਵਿੱਚ ਰੱਖਿਆ ਹੈ।
ਪਾੜ੍ਹਾ ਹਿਰਨ (Hog Deer)
ਪਾੜ੍ਹਾ ਹਿਰਨ ਆਮ ਤੌਰ ’ਤੇ ਦਰਿਆਵਾਂ ਅਤੇ ਨਦੀਆਂ ਨੇੜੇ ਲੰਬੇ ਘਾਹ ਵਿੱਚ ਮਿਲਦਾ ਹੈ। ਇਹ ਤਰਾਈ ਦੇ ਮੈਦਾਨਾਂ ਅਤੇ ਪੰਜਾਬ ਵਿੱਚ ਆਮ ਮਿਲਦਾ ਸੀ। ਇਹ ਹੋਰ ਦੂਜੇ ਹਿਰਨਾਂ ਦੀ ਬਜਾਏ ਉਛਲਣ ਕੁੱਦਣ ਦੀ ਬਜਾਏ ਸਿਰ ਹੇਠਾਂ ਨੂੰ ਕਰ ਕੇ ਚਲਦਾ ਹੈ। ਇਸ ਦਾ ਸਰੀਰ ਗਠੀਲਾ ਅਤੇ ਲੱਤਾਂ ਛੋਟੀਆਂ ਹੁੰਦੀਆਂ ਹਨ। ਇਸ ਦੀ ਨਜ਼ਰ ਅਤੇ ਸੁੰਘਣ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਸ਼ਹਿਰੀਕਰਨ, ਦਰਿਆਵਾਂ ਨੇੜੇ ਵਧਦੇ ਖੇਤੀਬਾੜੀ ਦੇ ਧੰਦੇ ਨੇ ਪਾੜ੍ਹੇ ਹਿਰਨ ਦੀ ਨਸਲ ’ਤੇ ਬੜਾ ਮਾੜਾ ਅਸਰ ਪਾਇਆ ਹੈ। ਆਈ.ਯੂ.ਸੀ.ਐਨ. ਨੇ ਇਸ ਨੂੰ ਐਨਡੇਂਜਰਡ ਐਲਾਨ ਕੀਤਾ ਹੈ।
ਇਨ੍ਹਾਂ ਤੋਂ ਇਲਾਵਾ ਪੰਜਾਬ ਵਿੱਚ ਬਰਿਸਲ ਗਰਾਸ ਬੈਬਲਰ (Bristle Grass Babbler), ਜੇਰਡਨ’ਜ਼ ਬੈਬਲਰ(Jerdon’s Babbler), ਕਸ਼ਮੀਰੀ ਟਿਕਟਿੱਕੀ (Kashmir Flycatcher), ਚਿੱਟਸਿਰੀ ਬੱਤਖ਼ (White headed duck), ਕਾਲਾ ਹਿਰਨ (Black buck), ਸਰਾਲ (Python), ਸਲਹਾ (Pangolin), ਪੀਲੀ ਗੋਹ (Yellow monitored Lizard), ਚਿਤਰਾ ਇੰਡੀਕਾ ਕੱਛੂ (Chitra indicia) ਅੱਜ ਖ਼ਤਰੇ ਦੇ ਨਿਸ਼ਾਨ ਹੇਠਾਂ ਹਨ। ਬਹੁਤ ਸਾਰੇ ਪੰਛੀਆਂ, ਜੰਗਲੀ ਜੀਵਾਂ, ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੀ ਪ੍ਰਜਾਤੀਆਂ ਬੜੀ ਤੇਜ਼ੀ ਨਾਲ ਘਟਦੀਆਂ ਜਾ ਰਹੀਆਂ ਹਨ। ਜੰਗਲੀ ਜੀਵ ਸੁਰੱਖਿਆ ਹਫ਼ਤਾ 2021 ਵਿੱਚ ਸਾਡਾ ਸਭ ਦਾ ਇਹ ਫ਼ਰਜ਼ ਬਣਦਾ ਹੈ ਕਿ ਇਸ ਕੁਦਰਤੀ ਸਰਮਾਏ ਨੂੰ ਮਿਲ ਕੇ ਬਚਾਉਣ ਦਾ ਯਤਨ ਕਰੀਏ।
Add a review