ਮੈਂ ਪੰਜਾਬ ਵਿਚ ਜੰਮਿਆਂ ਪਲ਼ਿਆ ਹਾਂ ਅਤੇ ਮੇਰੀ ਮਾਂ ਬੋਲੀ ਪੰਜਾਬੀ ਹੈ ਇਸ ਲਈ ਮੈਂ ਪੰਜਾਬੀ ਬੰਦਾ ਹਾਂ। ਆਪਣੇ ਖਿੱਤੇ ਅਤੇ ਮਾਂ ਬੋਲੀ ਕਾਰਨ ਮੈਂ ਬਣਿਆਂ ਬਣਾਇਆ ਪੰਜਾਬੀ ਹਾਂ। ਦੂਸਰੀਆਂ ਬੋਲੀਆਂ ਮੈਨੂੰ ਸਿੱਖਣੀਆਂ ਪਈਆਂ ਹਨ ਪਰ ਮਾਂ ਬੋਲੀ ਬਿਨਾ ਕਿਸੇ ਸਿਖਲਾਈ ਦੇ ਆਪਣੇ ਮਹੌਲ ‘ਚੋਂ ਮਿਲੀ ਹੈ। ਮਾਂ ਬੋਲੀ ਨੂੰ ਸਿੱਖਣ ਦੀ ਬਜਾਏ ਸਹਿ-ਸੁਭਾਅ ਗ੍ਰਹਿਣ ਕੀਤਾ ਹੈ। ਹੋਰ ਬੋਲੀਆਂ ਨੂੰ ਉਹਨਾਂ ਦੀ ਵਿਆਕਰਣ ਦੇ ਮਾਧਿਅਮ ਰਾਹੀਂ ਸਿੱਖਦਾ ਹਾਂ। ਆਪਣੀ ਬੋਲੀ ਵਿਆਕਰਨ ਜਾਣੇ ਬਗੈਰ ਬਿਲਕੁਲ ਠੀਕ ਬੋਲਣੀ ਆ ਗਈ ਹੈ। ਦੁਨੀਆਂ ਭਰ ਦੇ ਸਾਰੇ ਅਨਪੜ੍ਹਾਂ ਨੂੰ ਵੀ ਆਪਣੀ ਮਾਂ ਬੋਲੀ ਠੀਕ ਬੋਲਣੀ ਆ ਜਾਂਦੀ ਹੈ ਹਾਲਾਂ ਕਿ ਉਹਨਾਂ ਨੂੰ ਆਪਣੀ ਬੋਲੀ ਦੀ ਵਿਆਕਰਣ ਦਾ ਉੱਕਾ ਇਲਮ ਨਹੀਂ ਹੁੰਦਾ। ਮਿਸਾਲ ਦੇ ਤੌਰ ‘ਤੇ ਦੋ ਸ਼ਬਦ ਹਨ: ਪੀਲਾ ਪੱਤਾ। ਇਹਨਾਂ ਦਾ ਬਹੁ ਬਚਨ ਕਹਿਣਾ ਹੋਵੇ ਤਾਂ ਕਹਾਂਗਾ: ਪੀਲੇ ਪੱਤੇ। ਇਸੇ ਤਰ੍ਹਾਂ ਨੀਲਾ ਘੋੜਾ ਦਾ ਬਹੁ ਵਚਨ ਹੋਵੇਗਾ: ਨੀਲੇ ਘੋੜੇ। ਪਰ ਲਾਲ ਤਾਰਾ ਦਾ ਬਹੁ ਬਚਨ ਲਾਲੇ ਤਾਰੇ ਨਹੀਂ ਲਾਲ ਤਾਰੇ ਹੀ ਕਹਾਂਗਾ। ਇਹ ਮੈਨੂੰ ਕਿਸੇ ਵਿਆਕਰਣ ਪੜ੍ਹਾਉਣ ਵਾਲੇ ਨੇ ਨਹੀਂ ਸਿਖਾਇਆ, ਆਪਣੇ ਆਪ ਹੀ ਪਤਾ ਹੈ। ਬਿਲਕੁਲ ਉਵੇਂ ਜਿਵੇਂ ਸਾਹ ਸੋਚ ਕੇ ਨਹੀਂ ਲਏ ਜਾਂਦੇ।
ਜਿਥੇ ਮਾਂ ਬੋਲੀ ਸੁਤੇ-ਸਿੱਧ ਗ੍ਰਹਿਣ ਹੁੰਦੀ ਹੈ ਉਥੇ ਧਰਮ ਆਪ ਧਾਰਨ ਕੀਤਾ ਜਾਂਦਾ ਹੈ। ਸਿੱਖ ਧਰਮ ਦੇ ਤਾਂ ਨਾਂ ਤੋਂ ਹੀ ਜ਼ਾਹਿਰ ਹੈ ਕਿ ਇਹ ਧਰਮ ਸਿੱਖਣਾ ਪੈਂਦਾ ਹੈ। ਸਿੱਖ ਵਿਚਾਰਧਾਰਾ ਜਨਮ ਅਧਾਰਤ ਜਾਤ ਪ੍ਰਬੰਧ ਅਤੇ ਧਰਮ ਪ੍ਰਬੰਧ ਨੂੰ ਮਾਨਤਾ ਨਹੀਂ ਦਿੰਦੀ। ਪਰ ਮੈਂ ਸਿੱਖ ਧਰਮ ਧਾਰਨ ਕਰਨ ਵਾਲੇ ਦੀ ਬਜਾਏ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਪਰਿਵਾਰ ਵਿਚ ਪੈਦਾ ਹੋਇਆ ਜਨਮ ਅਧਾਰਤ ਸਿੱਖ ਹਾਂ। ਪਹਿਲੇ ਜ਼ਮਾਨੇ ਵਿਚ ਦੂਸਰੇ ਵਿਸ਼ਵਾਸਾਂ ਦੇ ਲੋਕ ਸਿੱਖ ਵਿਚਾਰਧਾਰਾ ਦੇ ਲੜ ਲੱਗ ਕੇ ਆਪਣੇ ਆਪ ਨੂੰ ਰੁਪਾਂਤਿ੍ਰਤ ਕਰਕੇ ਸਿੱਖ ਬਣਦੇ ਸਨ। ਉਹ ਸੜ ਮਰਨ ਦੀ ਪਰਵਾਹ ਕੀਤੇ ਬਿਨਾ ਸਿੱਖੀ ਦੀ ਬਲਦੀ ਸ਼ਮਾਂ ਵੱਲ ਆਕ੍ਰਸ਼ਿਤ ਹੋਏ ਪਰਵਾਨੇ ਸਨ। ਉਹ ਪੁਰਾਣੇ ਅਤੇ ਪ੍ਰਚਲਤ ਵਿਸ਼ਵਾਸਾਂ ਨੂੰ ਤਿਆਗ ਕੇ ਨਵੀਂ ਨਿਰੋਈ ਜੀਵਨ ਸ਼ੈਲੀ ਸਿੱਖਣ ਵਾਲੇੇ ਸਿੱਖ ਬਣਦੇ ਜਾਂ ਸਿੱਖ ਅਖਵਾਉਣ ਦੇ ਅਧਿਕਾਰੀ ਬਣਦੇ ਸਨ। ਕਹਿ ਸਕਦੇ ਹੋ ਕਿ ਮੇਰਾ ਸਬੰਧ ਸਿੱਖ ਧਰਮ ਨਾਲੋਂ ਵਧੇਰੇ ਸਿੱਖ ਫਿਰਕੇ ਨਾਲ ਹੈ। ਹੋਣਾ ਤਾਂ ਨਹੀਂ ਚਾਹੀਦਾ ਪਰ ਮੈਂ ਬਣੇ ਬਣਾਏ ਪੰਜਾਬੀ ਵਾਂਗ ਹੀ ਬਣਿਆਂ ਬਣਾਇਆ ਸਿੱਖ ਹਾਂ।
ਅਰਬਾਂ ਖਰਬਾਂ ਸਾਲ ਪਹਿਲਾਂ ਅਸੀਂ ਵੀ ਹੋਰ ਚੌਪਾਏ ਜਾਨਵਰਾਂ ਵਾਂਗ ਚਾਰ ਲੱਤਾਂ ‘ਤੇ ਤੁਰਨ ਵਾਲੇ ਜਾਨਵਰ ਹੀ ਸਾਂ। ਜਿਉਂ ਜਿਉਂ ਸਾਡੇ ਅੰਦਰ ਸ਼ਬਦ ਦਾ ਪ੍ਰਕਾਸ਼ ਸ਼ੁਰੂ ਹੋਇਆ ਸਾਡੇ ਬੰਦੇ ਬਣਨ ਦੀ ਪ੍ਰਕਿਰਿਆ ਸ਼ੁਰੂ ਹੋਈ। ਅੱਜ ਜਾਨਵਰਾਂ ਨਾਲੋਂ ਮਨੁੱਖਾਂ ਦਾ ਸਿਰਫ ਏਨਾ ਹੀ ਫਰਕ ਹੈ ਕਿ ਸਾਡੇ ਕੋਲ ਵਿਕਸਤ ਭਾਸ਼ਾ ਹੈ। ਪੰਛੀ ਪਹਿਲਾਂ ਤੋਂ ਹੀ ਪਰਾਂ ਨਾਲ ਉਡਦੇ ਹਨ, ਬੰਦੇ ਨਹੀਂ ਸਨ ਉਡਦੇ ਹੁੰਦੇ। ਬੰਦੇ ਨੇ ਭਾਸ਼ਾ ਨਾਲ ਉਡਣਾ ਸਿੱਖਿਆ, ਜਹਾਜ਼ ਯਾਨੀ ਤਕਨਾਲੋਜੀ ਨਾਲ ਉਡਣਾ ਸ਼ੁਰੂ ਕੀਤਾ। ਤਕਨਾਲੋਜੀ ਭਾਸ਼ਾ ਨਾਲ ਹੋਂਦ ਵਿਚ ਆਉਂਦੀ ਹੈ। ਜਿਉਂ ਜਿਉਂ ਬੋਲੀ ਨੇ ਵਿਕਾਸ ਕੀਤਾ ਤਿਉਂ-ਤਿਉਂ ਬੰਦੇ ਨੇ ਭਾਵ ਮਨੁੱਖੀ ਸੱਭਿਅਤਾ ਨੇ ਵਿਕਾਸ ਕੀਤਾ। ਹਰ ਸੱਭਿਅਤਾ ਸ਼ਬਦ ਨਾਲ ਸ਼ੁਰੂ ਹੋਈ, ਬੋਲੀ ਨਾਲ ਸ਼ੁਰੂ ਹੋਈ। ਜਿਉਂ-ਜਿਉਂ ਕੋਈ ਬੋਲੀ ਜਾਂ ਭਾਸ਼ਾ ਵਿਕਸਤ ਹੋਈ ਤਿਉਂ-ਤਿਉਂ ਉਸ ਸੱਭਿਅਤਾ ਦੀਆਂ ਬਾਕੀ ਚੀਜ਼ਾਂ ਨੇ ਵਿਕਾਸ ਕੀਤਾ। ਜਿਹੜੇ ਪ੍ਰਾਚੀਨ ਕਬੀਲੇ ਸਦੀਆਂ ਤੋਂ ਅਜੇ ਤੱਕ ਜਿਉਂ ਦੇ ਤਿਉਂ ਹਨ ਉਹਨਾਂ ਦੀ ਭਾਸ਼ਾ ਵੀ ਜਿਉਂ ਦੀ ਤਿਉਂ ਹੈ। ਜਿਹੜੇ ਯੂਰਪੀ ਭਾਈਚਾਰਿਆਂ ਨੇ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ ਉਹਨਾਂ ਦੀਆਂ ਬੋਲੀਆਂ ਵੀ ਬਹੁਤ ਤੇਜ਼ੀ ਨਾਲ ਵਿਕਸਤ ਹੋਈਆਂ। ਬਾਹਰਵੀਂ ਤੇਰ੍ਹਵੀਂ ਸਦੀ ਵਿਚ ਅੰਗਰੇਜ਼ੀ ਨੂੰ ਹੋਰ ਕਈ ਯੂਰਪੀ ਭਾਸ਼ਾਵਾਂ ਦੇ ਮੁਕਾਬਲੇ ਬਹੁਤ ਪਛੜੀ ਭਾਸ਼ਾ ਮੰਨਿਆਂ ਜਾਂਦਾ ਸੀ, ਉਸ ਨੂੰ ਉਜੱਡਾਂ ਦੀ ਭਾਸ਼ਾ ਕਿਹਾ ਜਾਂਦਾ ਸੀ। ਪਰ ਉਹਨਾਂ ਲਗਾਤਾਰ ਸਰਗਰਮੀ ਨਾਲ ਆਪਣੀ ਬੋਲੀ ਨੂੰ ਅਮੀਰ ਕੀਤਾ। ਹੋਰ ਬੋਲੀਆਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਆਪਣੀ ਬੋਲੀ ਵਿਚ ਸ਼ਾਮਲ ਕੀਤੀਆਂ। ਉਹਨਾਂ ਦਾ ਸ਼ਬਦ ਫਾਦਰ ਸਾਡੇ ਤੋਂ ਗਿਆ ਹੋਇਆ ਹੈ। ਸਾਡਾ ਪਿਤਰ ਸ਼ਬਦ ਜਰਮਨ ਵਿਚੋਂ ਹੁੰਦਾ ਹੋਇਆ ਫਿਤਰ, ਫਿਦਰ ਅਖੀਰ ਅੰਗਰੇਜ਼ੀ ਦਾ ਫਾਦਰ ਹੋ ਗਿਆ। ਸਾਡਾ ਭਰਾ ਜਾਂ ਭਰਾਤਰ ਵੀ ਬਰਾਤਰ, ਬਰਾਦਰ ਹੁੰਦਾ ਹੋਇਆ ਉਹਨਾਂ ਦਾ ਬਰੱਦਰ ਬਣ ਗਿਆ। ਸਾਡਾ ਭਾਈਚਾਰਾ ਜੋ ਬਰਾਦਰੀ ਉਹਨਾਂ ਦੀ ਬਰਦਰ+ਹੁੱਡ। ਸਾਡੇ ਦੰਦ ਜਾਂ ਦੰਤ ਤੋਂ ਹੀ ਉਹਨਾਂ ਦਾ ਦੰਤਲ ਜਾਂ ਡੈਂਟਲ ਬਣਿਆਂ। ਅੰਗਰੇਜ਼ਾਂ ਨੇ ਆਪਣੀ ਬੋਲੀ ਦੇ ਨਾਲ ਨਾਲ ਵਿਕਾਸ ਕੀਤਾ।
ਸੱਭਿਆਚਾਰ ਦੀਆਂ ਮੂਲ ਗੱਲਾਂ ਵਿਚੋਂ ਮਾਂ ਬੋਲੀ ਪਹਿਲੇ ਨੰਬਰ ‘ਤੇ ਆਉਂਦੀ ਹੈ। ਕੋਈ ਬੋਲੀ ਜਾਂ ਸੱਭਿਆਚਾਰ ਕਿਸੇ ਖਾਸ ਖਿੱਤੇ ਦੇ ਹੁੰਦੇ ਹਨ। ਕਿਸੇ ਬਾਹਰਲੇ ਮੁਲਕ ਵਿਚ ਵਸਦਾ ਜੇ ਕੋਈ ਪੰਜਾਬੀ ਬੰਦਾ ਮਿਲੇਗਾ ਤਾਂ ਉਹ ਪੰਜਾਬ ਤੋਂ ਗਿਆ ਹੋਇਆ ਮਿਲੇਗਾ ਜਾਂ ਉਸ ਦਾ ਪਿਓ ਦਾਦਾ ਪੰਜਾਬ ਦੀ ਧਰਤੀ ਤੋਂ ਗਿਆ ਹੋਵੇਗਾ। ਦੂਰ ਦੁਰਾਡੇ ਦੂਸਰੀ ਧਰਤੀ ‘ਤੇ ਵਸੇ ਲੋਕਾਂ ਦੀ ਮਾਂ ਬੋਲੀ ਵੀ ਇਕ ਦੋ ਪੀੜ੍ਹੀਆਂ ਬਾਅਦ ਬਦਲ ਜਾਂਦੀ ਹੈ, ਉਸ ਧਰਤੀ ਦੀ ਬੋਲੀ ਉਹਨਾਂ ਦੀ ਮਾਂ ਬੋਲੀ ਬਣ ਜਾਂਦੀ ਹੈ। ਬਾਬਾ ਫਰੀਦ ਦਾ ਦਾਦਾ ਅਫਗਾਨਿਸਤਾਨ ਤੋਂ ਆ ਕੇ ਪੰਜਾਬ ਦੇ ਮੁਲਤਾਨ ਇਲਾਕੇ ਵਿਚ ਵਸਿਆ ਸੀ। ਉਸ ਦੀ ਤੀਜੀ ਪੀੜ੍ਹੀ ਦੇ ਫਰੀਦ ਦੀ ਮਾਂ ਬੋਲੀ ਪੰਜਾਬੀ ਹੋ ਗਈ ਅਤੇ ਉਸ ਨੂੰ ਪੰਜਾਬੀ ਮਾਂ ਬੋਲੀ ਦਾ ਪਹਿਲਾ ਵੱਡਾ ਸ਼ਾਇਰ ਮੰਨਿਆਂ ਜਾਂਦਾ ਹੈ। ਬਿਹਾਰ ਤੋਂ ਪੰਜਾਬ ਆ ਵਸੇ ਮਜ਼ਦੂਰਾਂ ਦੇ ਏਥੇ ਪੈਦਾ ਹੋਏ ਬੱਚਿਆਂ ਜਾਂ ਹੱਦ ਬੱਚਿਆਂ ਦੇ ਬੱਚਿਆਂ ਦੀ ਬੋਲੀ ਭੋਜਪੁਰੀ ਤੋਂ ਪੰਜਾਬੀ ਹੋ ਜਾਂਦੀ ਹੈ। ਅਸੀਂ ਥੋੜ੍ਹਾ ਹਠੀ ਲੋਕ ਹਾਂ ਇਸ ਲਈ ਅਸੀਂ ਦੂਸਰੀਆਂ ਧਰਤੀਆਂ ‘ਤੇ ਜਾ ਕੇ ਆਪਣੀ ਮਾਂ ਬੋਲੀ ਨੂੰ ਪੀੜ੍ਹੀ ਦਰ ਪੀੜ੍ਹੀ ਸਲਾਮਤ ਰੱਖਣ ਦੇ ਇਛੁਕ ਹਾਂ ਪਰ ਨਿਸਚੇ ਨਾਲ ਨਹੀਂ ਕਹਿ ਸਕਦੇ ਕਿ ਅਸੀਂ ਇਸ ਵਿਚ ਕਾਮਯਾਬ ਹੋਵਾਂਗੇ।
ਬੋਲੀ ਦੇ ਉਲਟ ਧਰਮ ਕਿਸੇ ਵਿਸ਼ੇਸ਼ ਖਿੱਤੇ ਦਾ ਨਹੀਂ ਹੁੰਦਾ। ਕੋਈ ਬੰਦਾ ਅਮਰੀਕਾ ਵਿਚ ਪੈਦਾ ਹੋ ਕੇ ਉਥੇ ਰਹਿੰਦਿਆਂ ਸਿੱਖ ਬਣ ਸਕਦਾ ਹੈ। ਇਸੇ ਤਰ੍ਹਾਂ ਇਰਾਨ ਦੀ ਧਰਤੀ ‘ਤੇ ਪੈਦਾ ਹੋਇਆ ਅਤੇ ਉਥੋਂ ਦੀ ਬੋਲੀ ਅਤੇ ਸੱਭਿਆਚਾਰ ਨਾਲ ਸਬੰਧਤ ਕੋਈ ਸਿੱਖ ਮਿਲ ਸਕਦਾ ਹੈ। ਸਿੱਖ ਦੁਨੀਆਂ ਦੇ ਕਿਸੇ ਖਿੱਤੇ, ਬੋਲੀ ਜਾਂ ਸਭਿਆਚਾਰ ਨਾਲ ਸਬੰਧਤ ਹੋ ਸਕਦੇ ਹਨ। ਕੋਈ ਗੁਜਰਾਤੀ ਸਿੱਖ, ਕੋਈ ਦੱਖਣੀ ਸਿੱਖ, ਕੋਈ ਬੰਬਈਆ ਸਿੱਖ, ਕੋਈ ਸਿੰਧੀ ਸਿੱਖ, ਕੋਈ ਅਫਗਾਨੀ ਸਿੱਖ ਹੋ ਸਕਦਾ ਹੈ। ਗੁਰੂ ਦੀ ਸਾਂਝ ਕਾਰਨ ਇਹ ਸਾਰੇ ਸਿੱਖ ਪੰਜਾਬ ਵਾਸੀ ਪੰਜਾਬੀ ਸਿੱਖਾਂ ਦੇ ਗੁਰਭਾਈ ਹਨ। ਦੂਜੇ ਪਾਸੇ ਪੰਜਾਬੀ ਬੰਦਾ ਕਿਸੇ ਵੀ ਧਾਰਮਿਕ ਵਿਸ਼ਵਾਸ ਵਾਲਾ ਹੋ ਸਕਦਾ ਹੈ ਜਿਵੇਂ ਕੋਈ ਹਿੰਦੂ ਪੰਜਾਬੀ ਹੋ ਸਕਦਾ ਹੈ, ਕੋਈ ਮੁਸਲਿਮ ਪੰਜਾਬੀ, ਕੋਈ ਜੈਨੀ ਪੰਜਾਬੀ, ਕੋਈ ਇਸਾਈ ਪੰਜਾਬੀ ਹੋ ਸਕਦਾ ਹੈ। ਇਹ ਮਾਂ ਬੋਲੀ ਦੀ ਸਾਂਝ ਕਾਰਨ ਸਿੱਖ-ਪੰਜਾਬੀਆਂ ਦੇ ਮਾਂ ਜਾਏ ਹਨ। ਪੰਜਾਬੀ ਹੋਣਾ ਅਤੇ ਸਿੱਖ ਹੋਣਾ ਵੱਖਰੀਆਂ ਵੱਖਰੀਆਂ ਗੱਲਾਂ ਹਨ। ਪਰ ਅਕਸਰ ਇਹਨਾਂ ਨੂੰ ਰੱਲ਼ਗੱਡ ਕਰਕੇ ਦੇਖਿਆ ਜਾਂਦਾ ਹੈ। ਅਸੀਂ ਬਹੁਤ ਵਾਰ ਪੰਜਾਬੀ ਸੱਭਿਆਚਾਰ ਨੂੰ ਸਿੱਖ ਸੱਭਿਆਚਾਰ ਸਮਝ ਲੈਂਦੇ ਹਾਂ ਅਤੇ ਸਿੱਖ ਜੀਵਨ-ਜਾਚ ਨੂੰ ਪੰਜਾਬੀ ਸੱਭਿਆਚਾਰ ਕਹਿ ਲੈਂਦੇ ਹਾ। ਰਲਗੱਡ ਕਰਨ ਦੀ ਇਸ ਪ੍ਰਵਿਰਤੀ, ਸਮਝ ਜਾਂ ਸਿਆਸਤ ਨਾਲ ਅਸੀਂ ਪੰਜਾਬ ਅਤੇ ਪੰਜਾਬੀ ਦਾ ਵੀ ਬਹੁਤ ਨੁਕਸਾਨ ਕੀਤਾ ਅਤੇ ਸਿੱਖੀ ਨੂੰ ਵੀ ਚੋਖੀ ਢਾਅ ਲਾਈ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਜਿਥੇ ਬੋਲੀ ਅਤੇ ਸੱਭਿਆਚਾਰ ਦਾ ਸਬੰਧ ਮੁੱਖ ਤੌਰ ‘ਤੇ ਕਿਸੇ ਭੂਗੋਲਿਕ ਖੇਤਰ ਨਾਲ ਹੁੰਦਾ ਹੈ ਉਥੇ ਧਰਮ ਦਾ ਸਬੰਧ ਉਸ ਦੇ ਮੁੱਖ ਗਰੰਥ ਜਾਂ ਗਰੰਥਾਂ ਨਾਲ ਹੁੰਦਾ ਹੈ।
ਅਸੀਂ ਬੋਲੀ ਅਤੇ ਲਿੱਪੀ ਨੂੰ ਵੀ ਬਹੁਤ ਰਲਗੱਡ ਕਰ ਦਿੰਦੇ ਹਾਂ। ਅਸਲ ਵਿਚ ਇਹ ਵੱਖਰੀਆਂ ਵੱਖਰੀਆਂ ਚੀਜ਼ਾਂ ਹਨ। ਮੈਂ ਆਪਣੀ ਮਾਂ ਬੋਲੀ ਭਾਵੇਂ ਦੂਸਰੀਆਂ ਬੋਲੀਆਂ ਵਾਂਗ ਨਹੀਂ ਸਿੱਖੀ ਪਰੰਤੂ ਆਪਣੀ ਲਿੱਪੀ ਓਦਾਂ ਹੀ ਸਿੱਖੀ ਹੈ ਜਿਸ ਤਰ੍ਹਾਂ ਬੇਗਾਨੀਆਂ ਲਿੱਪੀਆਂ ਸਿੱਖੀਆਂ ਹਨ। ਊੜਾ ਐੜਾ ਉਸੇ ਤਰ੍ਹਾਂ ਹੀ ਲਿਖਣਾ ਪੜ੍ਹਨਾ ਸਿੱਖਿਆ ਹੈ ਜਿਸ ਤਰ੍ਹਾਂ ਏ ਬੀ ਸੀ ਸਿੱਖੀ ਹੈ। ਬਚਪਨ ਵਿਚ ਸਾਡੀਆਂ ਮਾਵਾਂ ਪੈਂਤੀ ਅੱਖਰਾਂ ਅਤੇ ਲਗਾਂ ਮਾਤਰਾਵਾਂ ਦੀ ਮੁਹਾਰਨੀ ਸਿਖਾਉਂਦੀਆਂ ਸਨ। ਉਹ ਸਾਨੂੰ ਪੰਜਾਬੀ ਬੋਲੀ ਨਹੀਂ ਗੁਰਮੁਖੀ ਲਿੱਪੀ ਸਿਖਾਉਂਦੀਆਂ ਸਨ। ਮੁਹਾਰਨੀ ਬੋਲੀ ਦੀ ਨਹੀਂ ਲਿੱਪੀ ਦੀ ਹੁੰਦੀ ਹੈ।
ਜਿਵੇਂ ਪਹਿਲਾਂ ਕਿਹਾ ਹੈ ਕਿ ਮਾਂ ਬੋਲੀ ਦੂਸਰੀਆਂ ਬੋਲੀਆਂ ਵਾਂਗ ਸਿੱਖਣ ਦੀ ਬਜਾਏ ਸਿੱਧੀ ਗ੍ਰਹਿਣ ਕੀਤੀ ਹੁੰਦੀ ਹੈ। ਇਸ ਕਰਕੇ ਸਾਡੇ ਮਨ ਦੀ ਸਰੰਚਨਾ ਸਾਡੀ ਮਾਂ ਬੋਲੀ ਨਾਲ ਹੁੰਦੀ ਹੈ ਭਾਵ ਸਾਡਾ ਅਵਚੇਤਨ ਮਾਂ ਬੋਲੀ ਨਾਲ ਬਣਿਆਂ ਹੁੰਦਾ ਹੈ। ਬੇਗਾਨੀ ਬੋਲੀ ਵਿਚ ਪੜ੍ਹੀ ਸੁਣੀ ਗੱਲ ਨੂੰ ਸਿੱਖ ਤਾਂ ਲੈਂਦੇ ਹਾਂ, ਵਰਤ ਵੀ ਲੈਂਦੇ ਹਾਂ ਪਰ ਉਹ ਸਾਡੇ ਮਨ ਦਾ ਹਿੱਸਾ ਨਹੀਂ ਬਣਦੀ। ਮਨ ਦਾ ਹਿੱਸਾ ਤਾਂ ਉਹੀ ਗੱਲ ਬਣਦੀ ਹੈ ਜੋ ਅਸੀਂ ਆਪਣੀ ਮਾਂ ਬੋਲੀ ਵਿਚ ਗ੍ਰਹਿਣ ਕੀਤੀ ਹੋਵੇ। ਉਹਨਾਂ ਲੋਕਾਂ ਨੂੰ ਵਹਿਮ ਭਰਮ ਜਾਂ ਟੂਣੇ ਟਾਮਣ ਕਰਦੇ ਦੇਖਿਆ ਜਾ ਸਕਦਾ ਹੈ ਜਿਹਨਾਂ ਨੇ ਵਿਗਿਆਨ ਦੇ ਵਿਸ਼ੇ ਨਾਲ ਸੋਲਾਂ ਸਤਾਰਾਂ ਜਮਾਤਾਂ ਪਾਸ ਕੀਤੀਆਂ ਹੋਈਆਂ ਹਨ। ਅਸਲ ਵਿਚ ਵਿਗਿਆਨ ਉਹਨਾਂ ਹੋਰ ਬੋਲੀ ਵਿਚ ਪੜਿ੍ਹਆ ਹੈ ਅਤੇ ਵਹਿਮ ਭਰਮ ਆਪਣੀ ਬੋਲੀ ਰਾਹੀਂ ਅਪਣਾਏ ਹਨ। ਇਸ ਕਰਕੇ ਪੰਜਾਬੀ ਲੋਕ ਮਨ ਦਾ ਵਿਗਿਆਨ ਨਾਲ ਉਹ ਸਬੰਧ ਨਹੀਂ ਬਣਿਆਂ ਜੋ ਯੂਰਪ ਦੀਆਂ ਬੋਲੀਆਂ ਵਾਲਿਆਂ ਦਾ ਬਣਿਆਂ ਹੈ। ਉਹ ਲੋਕ ਵਿਗਿਆਨ ਆਪੋ ਆਪਣੀਆਂ ਜ਼ੁਬਾਨਾਂ ਵਿਚ ਪੜ੍ਹਦੇ ਹਨ। ਇਹ ਦਿਲਚਸਪ ਤੱਥ ਹੈ ਕਿ ਵਿਗਿਆਨ ਦੇ ਵਿਸ਼ਿਆਂ ਵਿਚ ਨੋਬਲ ਪੁਰਸਕਾਰ ਜਿੱਤਣ ਵਾਲਿਆਂ ਦੀ ਬਹੁਗਿਣਤੀ ਅੰਗਰੇਜ਼ਾਂ ਦੀ ਨਹੀਂ ਹੈ; ਕੋਈ ਜਰਮਨ ਹੈ ਕੋਈ ਫਰੈਂਚ ਹੈ ਜਾਂ ਯੂਰਪ ਦੀਆਂ ਹੋਰ ਬੋਲੀਆਂ ਬੋਲਣ ਵਾਲੇ ਹਨ। ਇਹਨਾਂ ਦੇ ਜਿਹੜੇ ਖੋਜ ਪੱਤਰਾਂ ਲਈ ਨੋਬਲ ਪੁਰਸਕਾਰ ਮਿਲੇ ਉਹ ਇਹਨਾਂ ਦੀਆਂ ਆਪਣੀਆਂ ਬੋਲੀਆਂ ਵਿਚ ਹਨ। ਸਾਡੇ ਦੇਸ਼ ਦੇ ਭੌਤਿਕ ਵਿਗਿਆਨੀ ਚੰਦਰ ਸ਼ੇਖਰ ਨੂੰ ਉਹਨਾਂ ਦੇ ਜਿਸ ਖੋਜ ਪੱਤਰ ਲਈ ਨੋਬਲ ਇਨਾਮ ਮਿਲਿਆ ਉਹਨਾਂ ਦੀ ਤਮਿਲ ਮਾਤ ਭਾਸ਼ਾ ਵਿਚ ਹੈ। ਅਸੀਂ ਇਹ ਵਹਿਮ ਪਾਲਿਆ ਹੋਇਆ ਕਿ ਸਾਇੰਸ ਅਤੇ ਤਕਨਾਲੋਜੀ ਸਿਰਫ ਅੰਗਰੇਜ਼ੀ ਵਿਚ ਪੜ੍ਹਾਏ ਜਾਣ ਵਾਲੇ ਖੇਤਰ ਹਨ। ਅਸਲ ਵਿਚ ਸਾਇੰਸ ਦੀ ਸਾਰੀ ਖੋਜ ਅਤੇ ਵਿਕਾਸ ਯੂਰਪ ਦੇ ਵੱਖ ਵੱਖ ਖਿੱਤਿਆਂ ਅਤੇ ਬੋਲੀਆਂ ਵਿਚ ਨਾਲ ਨਾਲ ਹੋਇਆ ਹੈ। ਇਲੈਕਟਰੀਕਲ ਇੰਜਨੀਅਰਿੰਗ ਦੀਆਂ ਬੁਨਿਆਦੀ ਇਕਾਈਆਂ ਹਨ ਵੋਲਟ, ਐਮਪੀਅਰ, ਵਾਟ ਅਤੇ ਓਹਮ। ਇਕਾਈਆਂ ਦੇ ਇਹ ਨਾਂ ਵੱਖ ਵੱਖ ਵਿਗਿਆਨੀਆਂ ਦੇ ਨਾਵਾਂ ’ਤੇ ਰੱਖੇ ਗਏ ਹਨ। ਇਹਨਾਂ ਵਿਗਿਆਨੀਆਂ ਵਿਚੋਂ ਕੋਈ ਵੀ ਇੰਗਲੈਂਡ ਦਾ ਨਹੀਂ ਸੀ। ਜੇਮਜ਼ ਵਾਟ ਤੋਂ ਬਿਨਾਂ ਕਿਸੇ ਦੀ ਮਾਂ ਬੋਲੀ ਅੰਗਰੇਜ਼ੀ ਨਹੀਂ ਸੀ। ਐਲੇਸੰਦਰੋ ਵੋਲਟ ਇਟਾਲੀਅਨ ਸਨ, ਆਂਦਰੇ ਮੈਰੀ ਐਮਪੀਅਰ ਫਰਾਂਸੀਸੀ ਸਨ, ਜੇਮਜ਼ ਵਾਟ ਸਕਾਟਲੈਂਡ ਦੇ ਸਨ ਅਤੇ ਜਾਰਜ ਓਹਮ ਜਰਮਨ ਦੇ ਸਨ। ਇਹ ਬਹੁਤ ਗਲਤ ਧਾਰਨਾ ਹੈ ਕਿ ਵਿਗਿਆਨ ਦਾ ਅੰਗਰੇਜ਼ੀ ਨਾਲ ਅਨਿਖੜਵਾਂ ਸਬੰਧ ਹੈ।
ਮੈਂ ਵਿਗਿਆਨ ਦਾ ਵਿਸ਼ਾ ਦਸਵੀਂ ਜਮਾਤ ਤੱਕ ਪੰਜਾਬੀ ਵਿਚ ਪੜਿ੍ਹਆ ਹੈ ਅਤੇ ਮੇਰੀ ਇਸ ਵਿਚ ਬਹੁਤ ਦਿਲਚਸਪੀ ਰਹੀ ਹੈ। ਪਰ ਗਿਆਰਵੀਂ ਜਮਾਤ ਵਿਚ ਇਸ ਨੂੰ ਅੰਗਰੇਜ਼ੀ ਭਾਸ਼ਾ ਵਿਚ ਪੜ੍ਹਨ ਦੀ ਮਜਬੂਰੀ ਸੀ। ਮੈਂ ਪੜ੍ਹਾਈ ਪੱਖੋਂ ਉਸ ਵੇਲੇ ਦੇ ਬਹੁਤ ਮਾੜੇ ਸਰਕਾਰੀ ਸਕੂਲ ਵਿਚੋਂ ਦਸਵੀਂ ਪਾਸ ਕੀਤੀ ਸੀ ਜਿਥੇ ਸੱਠਾਂ ਵਿਚੋਂ ਕੇਵਲ ਸੱਤ ਬੱਚੇ ਹੀ ਪਾਸ ਹੋਏ ਸਨ। ਮੈਂ ਉਸ ਸਕੂਲ ਵਿਚੋਂ ਪਹਿਲੇ ਸਥਾਨ ‘ਤੇ ਰਿਹਾ ਅਤੇ ਦੂਸਰੇ ਸਥਾਨ ‘ਤੇ ਰਹਿਣ ਵਾਲੇ ਬੱਚੇ ਦੇ ਮੇਰੇ ਤੋਂ 24-25 ਪ੍ਰਤੀਸ਼ਤ ਨੰਬਰ ਘੱਟ ਸਨ। ਮੈਂ ਆਪਣੀ ਮੈਰਿਟ ਕਰਕੇ ਆਪਣੀ ਪਸੰਦ ਦੇ ਸਭ ਤੋਂ ਵਧੀਆ ਅਤੇ ਵਕਾਰੀ ਕਾਲਜ ਵਿਚ ਵਿਗਿਆਨ ਦੇ ਵਿਸ਼ੇ ਲੈ ਕੇ ਦਾਖਲਾ ਲਿਆ। ਪਰ ਕਿਉਂਕਿ ਇਥੇ ਵਿਗਿਆਨ ਦੀ ਪੜ੍ਹਾਈ ਅੰਗਰੇਜ਼ੀ ਵਿਚ ਸ਼ੁਰੂ ਹੋ ਗਈ ਮੈਂ ਵਿਗਿਆਨ ਵਿਚ ਡੂੰਘੀ ਦਿਲਚਸਪੀ ਰੱਖਣ ਦੇ ਬਾਵਜੂਦ ਗਿਆਰਵੀਂ ਜਮਾਤ ਵਿਚੋਂ ਰੋ ਪਿੱਟ ਕੇ ਮਸੀਂ ਪਾਸ ਹੋਇਆ। ਇਸ ਤੋਂ ਬਾਅਦ ਦੋ ਕੁ ਸਾਲ ਲਾ ਕੇ ਇੰਜਨੀਅਰਿੰਗ ਕਾਲਜ ਵਿਚ ਔਖਾ ਸੌਖਾ ਦਾਖਲਾ ਲੈ ਗਿਆ। ਇੰਜਨੀਅਰਿੰਗ ਦੀ ਡਿਗਰੀ ਚਾਰ ਸਾਲਾਂ ਵਿਚ ਸੌਖਿਆਂ ਇਸ ਕਰਕੇ ਪਾਸ ਕਰ ਗਿਆ ਕਿਉਂਕਿ ਬਹੁਗਿਣਤੀ ਪੇਂਡੂ ਵਿਦਿਆਰਥੀਆਂ ਵਾਲੇ ਸਾਡੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਵਿਚ ਅੱਧੀ ਪਚੱਧੀ ਪੜ੍ਹਾਈ ਪੰਜਾਬੀ ਵਿਚ ਕਰਾਈ ਜਾਂਦੀ ਸੀ। ਮੈਨੂੰ ਲਗਦਾ ਹੈ ਕਿ ਜੇ ਦਸਵੀਂ ਤੋਂ ਬਾਅਦ ਵਿਗਿਆਨ ਲਗਾਤਾਰ ਪੰਜਾਬੀ ਵਿਚ ਹੀ ਪੜ੍ਹਨਾ ਹੁੰਦਾ ਤਾਂ ਮੈਂ ਦਰਮਿਆਨਾ ਜਿਹਾ ਇੰਜਨੀਅਰ ਬਣਨ ਦੀ ਬਜਾਏ ਨਾਮੀ ਵਿਗਿਆਨੀ ਬਣ ਸਕਦਾ ਸੀ।
ਅਸੀਂ ਆਪਣਾ ਸਨਅਤੀ ਵਿਕਾਸ ਅਤੇ ਵਣਜ ਵਿਹਾਰ ਬੇਗਾਨੀ ਬੋਲੀ ਦੇ ਸਿਰ ‘ਤੇ ਸ਼ੁਰੂ ਕੀਤਾ। ਦੂਸਰਿਆਂ ਦੀ ਬੋਲੀ ਨੂੰ ਆਪਣੀ ਤਰੱਕੀ ਦਾ ਅਧਾਰ ਬਣਾਇਆ। ਇਸ ਲਈ ਅਸੀਂ ਅਜੋਕੇ ਵਿਕਾਸ ਦੇ ਰਸਤੇ ਚੱਲ ਕੇ ਬਹੁਤਾ ਦੂਰ ਤੱਕ ਨਹੀਂ ਜਾ ਸਕੇ। ਯੂਰਪ ਦੇ ਜਾਂ ਦੂਸਰੇ ਸਨਅਤੀ ਦੇਸ਼ਾਂ ਦੇ ਮੁਕਾਬਲੇ ਉਹਨਾਂ ਵਰਗੇ ਤਕਨੀਕੀ ਵਿਕਾਸ ਦਾ ਦਸਵਾਂ ਕੁ ਹਿੱਸਾ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਸਾਡਾ ਹਿਸਾਬ ਕਿਤਾਬ ਖਿਲਰ ਪੱਤਰ ਗਿਆ। ਸਾਡਾ ਪੌਣ ਪਾਣੀ ਅਤੇ ਸਮੁੱਚਾ ਵਾਤਾਵਰਣ ਤਬਾਹ ਹੋ ਗਿਆ। ਅਸੀਂ ‘ਤਰੱਕੀ’ ਕਰਨ ਲੱਗਿਆਂ ਆਪਣੀਆਂ ਜੀਵਨ ਹਾਲਤਾਂ ਹੀ ਬਰਬਾਦ ਕਰ ਲਈਆਂ। ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੇ ਉਸ ਤਰੱਕੀ ਦੀ ਝਾਲ ਨਹੀਂ ਝੱਲੀ। ਬੇਗਾਨੀ ਜੂਠ ਦੇ ਆਸਰੇ ਪਲਣ ਵਾਲੀ ਤਰੱਕੀ ਦੀ ਝਾਕ ਦੀ ਬਜਾਏ ਜੇ ਅਸੀਂ ਆਪਣੇ ਪੈਰਾਂ ਆਸਰੇ ਤੁਰਦੇ, ਆਪਣੀ ਬੋਲੀ ਦੇ ਸਿਰ ‘ਤੇ ਤਰੱਕੀ ਕਰਨ ਦੀ ਸੋਚਦੇ ਤਾਂ ਉਹ ਤਰੱਕੀ ਹੋਰ ਤਰ੍ਹਾਂ ਦੀ ਹੋਣੀ ਸੀ, ਉਹ ਤਰੱਕੀ ਹੰਢਣਸਾਰ ਹੋਣੀ ਸੀ, ਸੰਸਾਰ ਨੂੰ ਅਗਵਾਈ ਦੇਣ ਵਾਲੀ ਹੋਣੀ ਸੀ।
ਜੇ ਕੋਈ ਸਾਨੂੰ ਪੁੱਛੇ ਕਿ ਸਿੱਖਾਂ ਦੀ ਬੋਲੀ ਕਿਹੜੀ ਹੈ ਤਾਂ ਸਾਡੇ ਵਿਚੋਂ ਬਹੁਤੇ ਕਹਿਣਗੇ ਕਿ ਪੰਜਾਬੀ ਸਿੱਖਾਂ ਦੀ ਬੋਲੀ ਹੈ। ਇਹ ਜਵਾਬ ਦਰੁਸਤ ਨਹੀਂ ਹੈ। ਸਿੱਖ ਧਰਮ ਦੀਆਂ ਦੋ ਬੁਨਿਆਦੀ ਸਥਾਪਨਾਵਾਂ ਹਨ, ਇਕ ਗੁਰੂ ਗਰੰਥ ਅਤੇ ਦੂਸਰਾ ਗੁਰੂ ਪੰਥ। ਗੁਰੂ ਗਰੰਥ ਦੀ ਬੋਲੀ ਪੰਜਾਬੀ ਨਹੀਂ ਹੈ। ਇਹ ਅਣਗਿਣਤ ਬੋਲੀਆਂ ਦਾ ਖ਼ਜ਼ਾਨਾ ਹੈ। ਅਣਗਿਣਤ ਇਸ ਕਰਕੇ ਕਿ ਇਸ ਵਿਚ ਕਈ ਉਹ ਬੋਲੀਆਂ ਵੀ ਹੋਣਗੀਆਂ ਜੋ ਪਿਛਲੀਆਂ ਪੰਜ ਸਦੀਆਂ ਦੌਰਾਨ ਅਲੋਪ ਵੀ ਹੋ ਗਈਆਂ। ਗੁਰੂ ਗਰੰਥ ਦੀ ਲਿੱਪੀ ਗੁਰਮੁਖੀ ਹੈ ਭਾਵ ਇੱਕ ਹੈ ਪਰ ਬੋਲੀਆਂ ਅਨੇਕ ਹਨ। ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਪੰਜਾਬ ਦੇ ਲਗਪਗ ਕੇਂਦਰ ਵਿਚ ਹੈ। ਉਥੋਂ ਦੀ ਪੰਜਾਬੀ ਨੂੰ ਅਸੀਂ ਕੇਂਦਰੀ ਪੰਜਾਬੀ ਆਖਦੇ ਹਾਂ। ਦੇਸ਼ ਵੰਡ ਤੋਂ ਬਾਅਦ ਇਹ ਖੇਤਰ ਲਹਿੰਦੇ ਪੰਜਾਬ ਵਿਚ ਆਉਣ ਕਰਕੇ ਇਸ ਨੂੰ ਲਹਿੰਦੀ ਪੰਜਾਬੀ ਵੀ ਕਿਹਾ ਜਾਂਦਾ ਹੈ। ਗੁਰੂ ਗਰੰਥ ਸਾਹਿਬ ਵਿਚ ਇਸ ਬੋਲੀ ਵਿਚ ਗੁਰੂ ਨਾਨਕ ਜੀ ਦੀ ਬਹੁਤ ਘੱਟ ਬਾਣੀ ਮਿਲਦੀ ਹੈ। ਉਹਨਾਂ ਦੀ ਬਾਣੀ ਖੜ੍ਹੀ ਬੋਲੀ, ਬ੍ਰੱਜ, ਸੰਸਕ੍ਰਿਤ, ਫਾਰਸੀ, ਮੈਥਲੀ, ਅਵਧੀ, ਸਿੰਧੀ ਆਦਿ ਬੋਲੀਆਂ ਵਿਚ ਹੈ। ਗੁਰੂ ਨਾਨਕ ਨੇ ਆਪਣੀਆਂ ਉਦਾਸੀਆਂ ਨਾਲ ਵਿਸ਼ਾਲ ਭੁਗੋਲਕ ਖੇਤਰ ਦੀ ਮਹਿਜ਼ ਯਾਤਰਾ ਹੀ ਨਹੀਂ ਕੀਤੀ ਸਗੋਂ ਦੂਰ ਦੂਰ ਤੱਕ ਗੁਰਮਤਿ ਵਿਚਾਰਧਾਰਾ ਨੂੰ ਫੈਲਾਇਆ ਅਤੇ ਸੰਗਠਿਤ ਕੀਤਾ। ਆਪ ਜਿਥੇ ਜਿਥੇ ਵੀ ਗਏ ਹਰ ਇਲਾਕੇ ਜਾਂ ਖਿੱਤੇ ਵਿਚ ਆਪਣੀ ਸੰਗਤ ਸਥਾਪਤ ਕੀਤੀ। ਜਿਥੇ ਵੀ ਗਏ ਉਸ ਧਰਤੀ ਦੀ ਬੋਲੀ ਨੂੰ ਜਾਣਿਆਂ, ਉਸ ਬੋਲੀ ਵਿਚ ਓਥੋਂ ਦੀ ਸੰਗਤ ਨੂੰ ਮੁਖ਼ਾਤਿਬ ਹੋਏ। ਆਪਣੇ ਉਪਦੇਸ਼ ਜਾਂ ਵਿਚਾਰਧਾਰਾ ਨੂੰ ਪਾਰ ਖੇਤਰੀ ਅਤੇ ਪਾਰ ਭਾਸ਼ਾਈ ਬਣਾਇਆ। ਉਹਨਾਂ ਆਪਣੀ ਭਾਸ਼ਾ ਨੀਤੀ ਨਾਲ ਆਪਣੇ ਆਪ ਨੂੰ ਪੰਜਾਬ ਜਾਂ ਪੰਜਾਬੀਆਂ ਦਾ ਨਹੀਂ ਸਗੋਂ ਮਨੁੱਖਤਾ ਦਾ ਪੈਗੰਬਰ ਸਿੱਧ ਅਤੇ ਸਥਾਪਤ ਕੀਤਾ। ਗੁਰੂ ਸਾਹਿਬ ਆਪਣੀ ਬਹੁ ਭਾਸ਼ਾਈ ਬਾਣੀ ਤੋਂ ਬਿਨਾ ਵੱਖ ਵੱਖ ਭੂਗੋਲਿਕ ਖੇਤਰਾਂ, ਬੋਲੀਆਂ ਅਤੇ ਸੱਭਿਆਚਾਰਾਂ ਨਾਲ ਸਬੰਧਤ ਉਹਨਾਂ ਤੋਂ ਪਹਿਲਾਂ ਹੋਏ ਗੁਰਮਤਿ ਦੇ ਸੁਖ਼ਨਵਰਾਂ ਦੀ ਬਾਣੀ ਵੀ ਨਾਲ ਲੈ ਕੇ ਆਏ ਜੋ ਬਾਅਦ ਵਿਚ ਗੁਰੂ ਗਰੰਥ ਸਾਹਿਬ ਦਾ ਹਿੱਸਾ ਬਣੀ। ਇਸ ਲਈ ਗੁਰਮਤਿ ਦੀ ਵਿਸ਼ਾਲਤਾ ਨੂੰ ਆਪਣੀ ਬੋਲੀ ਤੱਕ ਘਟਾਉਣਾ ਇਸ ਦਾ ਨੁਕਸਾਨ ਜਾਂ ਨਿਰਾਦਰ ਕਰਨ ਵਾਲੀ ਗੱਲ ਹੈ।
ਸਿੱਖ ਧਰਮ ਦੀ ਦੂਸਰੀ ਮੁੱਖ ਸਥਾਪਨਾ ਹੈ ਖਾਲਸਾ ਪੰਥ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਆਰਿਆਂ ਦੇ ਰੂਪ ਵਿਚ ਖਾਲਸਾ ਪੰਥ ਦੇ ਜੋ ਪਹਿਲੇ ਪੰਜ ਨੁਮਾਇੰਦੇ ਜਾਂ ਆਗੂ ਚੁਣੇ ਉਹਨਾਂ ਵਿਚੋਂ ਭਾਈ ਦਇਆ ਸਿੰਘ ਜੀ ਲਾਹੌਰ (ਹੁਣ ਪਾਕਿਸਤਾਨ) ਦੇ, ਭਾਈ ਧਰਮ ਸਿੰਘ ਜੀ ਮੇਰਠ (ਯੂ.ਪੀ.) ਦੇ, ਭਾਈ ਮੋਹਕਮ ਸਿੰਘ ਜੀ ਦਵਾਰਕਾ (ਗੁਜਰਾਤ) ਦੇ, ਭਾਈ ਹਿੰਮਤ ਸਿੰਘ ਜੀ ਜਗਨ ਨਾਥ ਪੁਰੀ (ਉੜੀਸਾ) ਦੇ ਅਤੇ ਭਾਈ ਸਾਹਿਬ ਸਿੰਘ ਜੀ ਬਿਦਰ (ਕਰਨਾਟਕਾ) ਦੇ ਇਲਾਕੇ ਨਾਲ ਸਬੰਧਤ ਸਨ। ਪੰਜਾਂ ਦੀ ਮਾਂ ਬੋਲੀ, ਦੇਸ਼ ਅਤੇ ਸੱਭਿਆਚਾਰ ਵੱਖਰਾ ਵੱਖਰਾ ਸੀ। ਇਹਨਾਂ ਪੰਜਾਂ ਵਿਚੋਂ ਸਾਡੇ ਹੁਣ ਦੇ ਇਧਰਲੇ ਪੰਜਾਬ ਦੇ ਖਿੱਤੇ ਨਾਲ ਸਬੰਧਤ ਕੋਈ ਨਹੀਂ ਸੀ। ਇਹ ਪਿਆਰੇ ਵੱਖ ਵੱਖ ਦੇਸ਼-ਦੇਸ਼ਾਂਤਰਾਂ ਵਿਚ ਵਸਦੇ ‘ਕੱਲੇ-ਦੁਕੱਲੇ ਸਿੱਖ ਤਾਂ ਨਹੀਂ ਹੋਣਗੇ ਜੋ ਆਪਣਿਆਂ ਇਲਾਕਿਆਂ ਤੋਂ ਗੁਰੂ ਨੂੰ ਸੀਸ ਭੇਟ ਕਰਨ ਆ ਗਏ, ਇਹਨਾਂ ਇਲਾਕਿਆਂ ਵਿਚ ਵਸਦੀ ਵੱਡੀ ਵਸੋਂ ਸਿੱਖੀ ਸਿਦਕ ਨੂੰ ਪਰਨਾਈ ਹੋਵੇਗੀ। ਇਸ ਤੋਂ ਪਤਾ ਲਗਦਾ ਹੈ ਕਿ ਸਿੱਖੀ ਦੀਆਂ ਜੜ੍ਹਾਂ ਦੇ ਰੂਪ ਵਿਚ ਗੁਰਮਤਿ ਵਿਚਾਰਧਾਰਾ ਦਾ ਸਬੰਧ ਜਿੰਨਾ ਦੂਰ ਦੇਸ਼ ਦੇਸ਼ਾਂਤਰਾਂ ਤੱਕ ਸੀ ਇਸ ਦੀਆਂ ਟਾਹਣੀਆਂ ਦੇ ਰੂਪ ਵਿਚ ਖਾਲਸਾ ਪੰਥ ਦਾ ਮੁਢਲਾ ਫੈਲਾਓ ਵੀ ਓਨਾ ਹੀ ਵਿਸ਼ਾਲ ਸੀ। ਗੁਰੂ ਸਾਹਿਬਾਨ ਦੇ ਹੈਡਕੁਆਟਰ ਮੁੱਖ ਤੌਰ ਤੇ ਲੰਮਾ ਸਮਾਂ ਪੰਜਾਬ ਵਿਚ ਰਹੇ ਹੋਣ ਕਰਕੇ ਬਹੁਤੇ ਇਤਿਹਾਸਕ ਗੁਰਦੁਆਰੇ ਪੰਜਾਬ ਵਿਚ ਹਨ। ਉਨੀਵੀਂ ਸਦੀ ਦੇ ਮਗਰਲੇ ਅਤੇ ਵੀਹਵੀਂ ਸਦੀ ਦੇ ਆਰੰਭਲੇ ਸਾਲਾਂ ਵਿਚ ਪੰਜਾਬੀ ਸਿੱਖਾਂ ਦਾ ਜ਼ਿਆਦਾ ਧਿਆਨ ਅਤੇ ਜ਼ੋਰ ਇਹਨਾਂ ਗੁਰਦੁਆਰਿਆਂ ਤੋਂ ਮਹੰਤਾਂ ਅਤੇ ਅੰਗਰੇਜ਼ਾ ਦਾ ਕਬਜ਼ਾ ਖਤਮ ਕਰਨ ‘ਤੇ ਲੱਗਿਆ। ਬਾਅਦ ਵਿਚ ਸਿੱਖ ਲੀਡਰਾਂ ਦਾ ਬਹੁਤਾ ਜ਼ੋਰ ਪੰਜਾਬ ਦੀ ਪ੍ਰਸ਼ਾਸਨਕ ਸ਼ਕਤੀ ਹਥਿਆਉਣ ਦੇ ਸਾਧਨ ਵਜੋਂ ਗੁਰਦੁਆਰਿਆ ਦੀਆਂ ਸਟੇਜਾਂ ਅਤੇ ਗੋਲਕਾਂ ‘ਤੇ ਕਬਜ਼ਾ ਲਈ ਲੱਗਿਆ। ਕੇਂਦਰੀ ਸੰਸਥਾਵਾਂ ‘ਤੇ ਇਕੱਲੇ ਪੰਜਾਬੀਆਂ ਦਾ ਕਬਜ਼ਾ ਹੋਣ ਕਰਕੇ ਦੂਸਰੇ ਖਿੱਤਿਆਂ ਅਤੇ ਸੱਭਿਆਚਾਰਾਂ ਨਾਲ ਸਬੰਧਤ ਸਿੱਖੀ ਦੀ ਵੰਨ-ਸੁਵੰਨਤਾ ਪੰਥ ਦੀ ਬੁੱਕਲ ‘ਚੋਂ ਕਿਰ ਗਈ। ਕਲਕੱਤੇ ਵਸਦੇ ਸ. ਜਗਮੋਹਨ ਸਿੰਘ ਗਿੱਲ ਨੇ ਆਪਣੀਆਂ ਖੋਜੀ ਲਿਖਤਾਂ ਰਾਹੀਂ ਦੱਸਿਆ ਹੈ ਕਿ ਕਦੀ ਯੂ. ਪੀ. ਬਿਹਾਰ, ਬੰਗਾਲ, ਉੜੀਸਾ ਅਤੇ ਹੋਰ ਪੂਰਬੀ ਇਲਾਕਿਆ ਵਿਚ ਪਿੰਡਾਂ ਦੇ ਪਿੰਡ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਵਾਲੇ ਹੁੰਦੇ ਸਨ। ਇਹਨਾਂ ਥਾਵਾਂ 'ਤੇ ਹੁਣ ਗੁਰਦੁਆਰਿਆਂ ਦੀਆਂ ਅਣਗਿਣਤ ਢੱਠੀਆਂ ਅਤੇ ਅੱਧ ਢੱਠੀਆਂ ਇਮਾਰਤਾਂ ਦੇ ਨਿਸ਼ਾਨ ਬਚੇ ਹਨ।
ਭਾਰਤ ਦੇ ਲੰਮੇ ਚੌੜੇ ਖੇਤਰਫਲ ਵਿਚ ਵਸਦੇ ਖਾਲਸਿਆਂ ਦੀ ਸੰਪਰਕ ਬੋਲੀ ਸਾਡੇ ਵਾਲੀ ਪੰਜਾਬੀ ਨਹੀਂ ਹੋਵੇਗੀ। ਇਕ ਦੂਸਰੇ ਨੂੰ ਮਿਲਦਿਆਂ ਸਿੰਘ ਫਤਹਿ ਦੀ ਸਾਂਝ ਕਰਦੇ:
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥
ਇਥੇ ਵਾਹਿਗੁਰੂ ਜੀ ਕਾ ਖਾਲਸਾ ਹੈ, ਵਾਹਿਗੁਰੂ ਜੀ ਦਾ ਖਾਲਸਾ ਨਹੀਂ ਹੈ। ਵਾਹਿਗੁਰੂ ਜੀ ਕੀ ਫਤਹਿ ਹੈ, ਦੀ ਫਤਹਿ ਨਹੀਂ ਹੈ। ਇਹ ਪੰਜਾਬੀ, ਹਿੰਦੁਸਤਾਨੀ ਅਤੇ ਦੂਸਰੀਆਂ ਉਤਰ ਭਾਰਤੀ ਭਾਸ਼ਾਵਾਂ ਬੋਲਣ ਵਾਲੇ ਵੱਡੇ ਇਲਾਕੇ ਦੀਆਂ ਬੋਲੀਆਂ ਦੇ ਸਾਂਝੇ ਮੁਹਾਵਰੇ ਵਾਲਾ ਵਾਕ ਹੈ। ਦੂਜੇ ਪਾਸੇ ਜੰਮੂ ਤੋਂ ਲੈ ਕੇ ਕਲਕੱਤੇ ਤੱਕ ਅਸੀਂ ਦੇਵਨਾਗਰੀ ਲਿੱਪੀ ਵਿਚ ਜੈ ਮਾਤਾ ਦੀ ਲਿਖਿਆ ਥਾਂ ਥਾਂ ਪੜ੍ਹ ਸਕਦੇ ਹਾਂ। ਇਹ ਹਰ ਥਾਂ ਜੈ ਮਾਤਾ ਦੀ ਹੁੰਦਾ ਹੈ ਜੈ ਮਾਤਾ ਕੀ ਨਹੀਂ ਹੁੰਦਾ। ਇਹ ਪੰਜਾਬੀ ਵਿਚ ਹੈ। ਮਾਤਾ ਰਾਣੀਆਂ ਹੁਸ਼ਿਆਰਪੁਰ ਤੋਂ ਜੰਮੂ ਤੱਕ ਭਾਵ ਪੰਜਾਬ ਵਿਚ ਹੋਈਆਂ ਹਨ। ਬੋਲੀ ਕਿਸੇ ਧਰਮ ਦੀ ਨਹੀਂ ਖਿੱਤੇ ਦੀ ਹੁੰਦੀ ਹੈ। ਅਸੀਂ ਲਿੱਪੀ ਨੂੰ ਬੋਲੀ ਸਮਝਦੇ ਰਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਕਿਉਂਕਿ ਗੁਰਮੁਖੀ ਲਿੱਪੀ ਵਿਚ ਲਿਖਦੇ ਹਾਂ, ਗੁਰੂ ਗਰੰਥ ਸਾਹਿਬ ਗੁਰਮੁਖੀ ਲਿੱਪੀ ਵਿਚ ਹੈ, ਇਸ ਲਈ ਸਾਨੂੰ ਲਗਦਾ ਕਿ ਇਹ ਪੰਜਾਬੀ ਹੈ। ਲਿੱਪੀ ਦਾ ਸਬੰਧ ਇਕ ਧਰਮ ਨਾਲ ਹੋ ਸਕਦਾ ਹੈ, ਕਿਉਂਕਿ ਧਰਮ ਦਾ ਧਰਮ ਗ੍ਰੰਥ ਹੁੰਦਾ ਹੈ ਜਿਸ ਦੀ ਇਕ ਲਿੱਪੀ ਹੁੰਦੀ ਹੈ। ਪਰ ਜ਼ਰੂਰੀ ਨਹੀਂ ਕਿ ਉਸ ਦੀ ਬੋਲੀ ਵੀ ਇਕ ਹੋਵੇ। ਸਾਡੇ ਧਰਮ ਗਰੰਥ ਦੀ ਤਾਂ ਬਿਲਕੁਲ ਇਕ ਬੋਲੀ ਨਹੀਂ। ਜਿੰਨੀਆਂ ਬੋਲੀਆਂ ਗੁਰੂ ਗਰੰਥ ਸਾਹਿਬ ਵਿਚ ਹਨ ਸ਼ਾਇਦ ਓਨੀਆਂ ਦੁਨੀਆਂ ਦੇ ਕਿਸੇ ਹੋਰ ਧਰਮ ਗਰੰਥ ਵਿਚ ਨਹੀਂ। ਪਰ ਇਸ ਦੀ ਲਿੱਪੀ ਇਕ ਹੈ, ਗੁਰਮੁਖੀ। ਸਾਰੇ ਸਿੱਖਾਂ ਲਈ ਇਕ ਲਿੱਪੀ ਜਾਣਨੀ ਜ਼ਰੂਰੀ ਹੋ ਸਕਦੀ ਹੈ ਕਿ ਜਿਸ ਨੇ ਵੀ ਗੁਰੂ ਗਰੰਥ ਸਾਹਿਬ ਨੂੰ ਪੜ੍ਹਨਾ ਹੈ, ਇਸ ਨਾਲ ਸਿੱਧਾ ਸਬੰਧ ਜੋੜਨਾ ਹੈ ਉਸ ਨੂੰ ਇਹ ਲਿੱਪੀ ਆਉਣੀ ਚਾਹੀਦੀ ਹੈ।
ਪੰਜਾਬ (ਖਿੱਤਾ) ਕਦੀ ਮਜ਼ਹਬ ਦੇ ਨਾਂ ‘ਤੇ ਵੰਡ ਹੋਇਆ। ਪਰ ਮਜ਼ਹਬ ਦਾ ਇਕ ਖਿੱਤਾ ਨਹੀਂ ਹੁੰਦਾ, ਕੋਈ ਮਜ਼ਹਬ ਬਹੁਤ ਸਾਰੇ ਖਿੱਤਿਆਂ ਵਿਚ ਫੈਲਿਆ ਹੋ ਸਕਦਾ ਹੈ। ਪਰ ਦੇਸ਼, ਬੋਲੀ ਅਤੇ ਸੱਭਿਆਚਾਰ ਦਾ ਖਿੱਤਾ ਜ਼ਰੂਰ ਹੁੰਦਾ ਹੈ। ਇਸ ਲਈ 1947 ਵਿਚ ਪੰਜਾਬ ਦੀ ਕੁਦਰਤ ਵਿਰੋਧੀ ਬਹੁਤ ਕਰੂਰ ਵੰਡ ਹੋਈ। ਸਾਡੇ ਭਾਵ ਸਿੱਖਾਂ ਦੇ ਲੀਡਰਾਂ ਨੇ ਵੀ ਉਹ ਵੰਡ ਪਰਵਾਨ ਕੀਤੀ। ਮੁਲਕ ਦੀ ਜਿਸ ਸਿਆਸੀ ਸਥਿਤੀ ਨੂੰ ਨਜਿੱਠਣ ਲਈ ਉਹ ਵੰਡ ਮਨਜੂਰ ਕੀਤੀ ਗਈ ਸੀ ਉਹ ਲੱਖਾਂ ਲੋਕਾਂ ਦੀ ਮੌਤ ਅਤੇ ਕਰੋੜਾਂ ਦੇ ਉਜਾੜੇ ਦੇ ਬਾਵਜੂਦ ਨਜਿੱਠੀ ਨਹੀਂ ਗਈ, ਲਗਾਤਾਰ ਸੁਲ਼ਗੀ ਜਾਂਦੀ ਹੈ। ਓਦੋਂ ਅਸੀਂ ਸਿੱਖਾਂ (ਹਿੰਦੂਆਂ ਜਾਂ ਮੁਸਲਮਾਨਾਂ) ਦੀ ਬਜਾਏ ਪੰਜਾਬੀਆਂ ਦੇ ਤੌਰ ‘ਤੇ ਸਰਗਰਮ ਹੋਏ ਹੁੰਦੇ, ਪੰਜਾਬੀਆਂ ਨੇ ਆਪਣਾ ਦੇਸ ਪੰਜਾਬ ਬਣਾਉਣਾ ਸੋਚਿਆ ਜਾਂ ਮੰਗਿਆ ਹੁੰਦਾ ਤਾਂ ਅੱਜ ਹਿੰਦੂ, ਮੁਸਲਮਾਨਾਂ ਅਤੇ ਸਿੱਖਾਂ ਅਤੇ ਹੋਰ ਵਿਸ਼ਵਾਸਾਂ ਦੇ ਪੰਜਾਬੀਆਂ ਦਾ ਸਾਂਝਾ ਦੇਸ਼ ਪੰਜਾਬ ਹੁੰਦਾ। ਦਰਿਆ ਸਿੰਧ ਅਤੇ ਦਰਿਆ ਯਮੁਨਾ ਦੀਆਂ ਭੂਗੋਲਕਿ ਅਤੇ ਕੁਦਰਤੀ ਸੀਮਾਵਾਂ ਦੇ ਵਿਚਕਾਰ ਕਿਸੇ ਫਿਰਕੇ ਦੀ ਬਜਾਏ ਬੋਲੀ ਅਤੇ ਸੱਭਿਆਚਾਰ ਦੇ ਆਧਾਰ 'ਤੇ ਅਬਾਦ ਦੇਸ਼ ਦੀ ਪੰਜਾਬੀ ਰਾਸ਼ਟਰੀ ਭਾਸ਼ਾ ਹੁੰਦੀ ਜਿਸ ਨੂੰ ਲਿਖਣ ਲਈ ਦੋ ਲਿੱਪੀਆਂ ਗੁਰਮੁਖੀ ਅਤੇ ਸ਼ਾਹਮੁਖੀ ਮਨਜੂਰ ਹੁੰਦੀਆਂ। ਪੰਜ ਦਰਿਆ ਇਸ ਦੇ ਵੱਖ ਵੱਖ ਖੁਦਮੁਖਤਿਆਰ ਸੂਬਿਆਂ ਵਿਚਕਾਰ ਕੁਦਰਤੀ ਸਰਹੱਦਾਂ ਹੁੰਦੀਆਂ। ਮਿੰਟਗੁਮਰੀ, ਮੁਲਤਾਨ, ਰਾਵਲਪਿੰਡੀ, ਸਿਆਲਕੋਟ, ਚੰਬਾ, ਸ਼ਿਮਲਾ, ਅੰਬਾਲਾ, ਦਿੱਲੀ, ਰੇਵਾੜੀ, ਅਬੋਹਰ ਇਸ ਦੀਆਂ ਸੀਮਾਵਾਂ ਦੇ ਅੰਦਰਲੇ ਪੰਜਾਬੀ ਇਲਾਕੇ ਅਖਵਾਉਂਦੇ। ਤਕਰੀਬਨ ਹਰ ਤਰ੍ਹਾਂ ਦੀ ਧਰਤੀ ਭਾਵ ਪਹਾੜ, ਮੈਦਾਨ, ਜੰਗਲ ਅਤੇ ਮਾਰੂਥਲ ਪੰਜਾਬ ਦੇ ਭੂ-ਦਿ੍ਰਸ਼ਾਂ ਵਜੋਂ ਸ਼ੋਭਨੀਕ ਹੁੰਦੀ। ਝਾਂਗੀ, ਪੋਠੋਹਾਰੀ, ਸਰਾਇਕੀ, ਮੁਲਤਾਨੀ, ਲਹਿੰਦੀ, ਡੋਗਰੀ, ਪਹਾੜੀ, ਮਾਝੀ, ਦੁਆਬੀ, ਮਲਵਈ, ਪੁਆਧੀ, ਬਾਂਗਰੂ ਆਦਿ ਨੂੰ ਪੰਜਾਬੀ ਬੋਲੀ ਪਰਿਵਾਰ ਦੀਆਂ ਬਰਾਬਰ ਦੇ ਮਹੱਤਵ ਵਾਲੀਆਂ ਬੋਲੀਆਂ ਮੰਨਿਆਂ ਜਾਂਦਾ। ਉਰਦੂ, ਅੰਗਰੇਜ਼ੀ ਅਤੇ ਦੇਵਨਾਗਰੀ ਲਿੱਪੀ ਵਾਲੀ ਹਿੰਦੀ ਭਾਸ਼ਾਵਾਂ ਨੂੰ ਦੂਜੀ ਭਾਸ਼ਾ ਦੇ ਤੌਰ 'ਤੇ ਸਿੱਖਣ ਵਰਤਣ ਦੀ ਚੋਣ ਉਪਲਭਦ ਹੁੰਦੀ। ਬਾਬੂ ਫਿਰੋਜ਼ਦੀਨ ਸ਼ਰਫ ਦਾ ਗੀਤ 'ਸੋਹਣੇ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀਂ ਸਈਓ' ਰਾਸ਼ਟਰੀ ਗਾਨ ਬਣ ਗੂੰਜਦਾ। ਪੰਜਾਬ ਦੇ ਇਸ ਸੁਹਾਵਨੇ ਸੁਪਨੇ ਨੂੰ ਇਸ ਵਿਚੋਂ ਲੰਘਦੇ ਵਰਤਮਾਨ ਹਿੰਦ-ਪਾਕਿ ਬਾਰਡਰ ਨੇ ਵਿਚਕਾਰੋਂ ਚੀਰਿਆ ਹੋਇਆ ਹੈ। ਇਸ ਬਾਰਡਰ ‘ਤੇ ਝੰਡੇ ਲਹਿਰਾਉਣ / ਉਤਾਰਨ ਮੌਕੇ ਸਿਰਾਂ ਤੋਂ ਉਚੇ ਪੈਰ ਚੁੱਕ ਚੁੱਕ ਧਰਤੀ ‘ਤੇ ਖੜਕਾਏ ਜਾਂਦੇ ਫੌਜੀ ਬੂਟ ਇਸ ਸੁਪਨੇ ਦੇ ਸਿਰ ਵਿਚ ਦੋਨਾਂ ਪਾਸਿਆ ਦੀਆਂ ਸਰਕਾਰਾਂ ਵਲੋਂ ਦੋ ਵੇਲੇ ਮਾਰੇ ਜਾਂਦੇ ਵਦਾਨ ਹਨ।
ਪੰਜਾਬ ਦੇਸ਼ ਦਾ ਇਹ ਸੁਪਨਾ ਹਕੀਕਤ ਬਣਨ ਤੋਂ ਇਸ ਕਰਕੇ ਦੂਰ ਰਿਹਾ ਕਿ ਅਸੀਂ ਸਾਰੇ ਪੰਜਾਬੀ ਹੋਣ ਦੇ ਨਾਤੇ ਇਕੱਠੇ ਹੋਣ ਦੀ ਬਜਾਏ ਹਿੰਦੂ, ਮੁਸਲਮਾਨ ਅਤੇ ਸਿੱਖ ਅਖਵਾਉਣ ਦੇ ਨਾਤੇ ਵੰਡ ਹੋਏ। ਅਸੀਂ ਕਹਿੰਦੇ ਤਾਂ ਹਾਂ ਕਿ ਸਾਡਾ ਧਰਮ ਦੁਨੀਆਂ ਦਾ ਸਭ ਤੋਂ ਮਹਾਨ, ਤਾਕਤਵਰ ਅਤੇ ਮਜਬੂਤ ਧਰਮ ਹੈ। ਪਰ ਸਾਡਾ ਵਿਹਾਰ ਦੱਸਦਾ ਰਹਿੰਦਾ ਹੈ ਕਿ ਜਿੰਨਾ ਅਸੀਂ ਹਰ ਗੱਲ ਵਿਚ ਆਪਣੇ ਧਰਮ ਨੂੰ ਖਤਰਾ ਮਹਿਸੂਸ ਕਰਦੇ ਰਹਿੰਦੇ ਹਾਂ ਓਨਾਂ ਦੁਨੀਆਂ ਵਿਚ ਕਿਸੇ ਹੋਰ ਧਰਮ ਨੂੰ ਮੰਨਣ ਵਾਲੇ ਲੋਕ ਨਹੀਂ ਕਰਦੇ। ਇਸੇ ਡਰ ਦਾ ਨਤੀਜਾ ਰਿਹਾ ਕਿ ਸਾਡੇ ਲੀਡਰਾਂ ਨੇ ਦੇਸ਼ ਦੀ ਮਜ਼ਹਬ ਅਧਾਰਤ ਵੰਡ ਨੂੰ ਮਨਜੂਰ ਕੀਤਾ। ਵੰਡ ਲਈ ਅਸੀਂ ਬੋਲੀ ਅਤੇ ਸੱਭਿਆਚਾਰ ਵਾਲਾ ਰਸਤਾ ਛੱਡ ਕੇ ਮਜ਼ਹਬ ਵਾਲਾ ਰਸਤਾ ਅਖਤਿਆਰ ਕੀਤਾ। ਅਸਲ ਵਿਚ ਜੇ ਪੰਜਾਬੀ ਸਾਡੀ ਮਾਂ ਬੋਲੀ ਹੈ ਤਾਂ ਪੰਜਾਬੀ ਬੋਲਣ ਵਾਲੇ ਹਿੰਦੂ ਅਤੇ ਮੁਸਲਮਾਨ ਸਾਡੇ ਮਾਂ ਜਾਏ ਹਨ। ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿਚ ਅਸੀਂ ਸਿੱਖ ਤੀਜੇ ਨੰਬਰ ‘ਤੇ ਹਾਂ। ਸਭ ਤੋਂ ਵੱਧ ਗਿਣਤੀ ਮੁਸਲਮਾਨਾਂ ਦੀ ਹੈ, ਨੌਂ-ਦਸ ਕਰੋੜ ਮੁਸਲਮਾਨ ਪੰਜਾਬੀ ਪਾਕਿਸਤਾਨ ਵਿਚ ਰਹਿੰਦੇ ਹਨ। ਏਧਰ ਦਿੱਲੀ ਤੱਕ ਪੰਜਾਬੀ ਬੋਲਣ ਵਾਲਿਆਂ ਵਿਚ ਅਸੀਂ 35-36 ਪ੍ਰਤੀਸ਼ਤ ਤੋਂ ਘੱਟ ਹੀ ਹੋਵਾਂਗੇ। ਦੇਸ਼ ਵੰਡ ਸਮੇਂ ਸਿੱਖ ਬਹੁ ਗਿਣਤੀ ਵਾਲੀਆਂ ਕੇਵਲ 2-3 ਤਹਿਸੀਲਾਂ ਹੀ ਸਨ ਜਿਨ੍ਹਾਂ ਦੇ ਆਧਾਰ ‘ਤੇ ਕੋਈ ਸਿੱਖ ਦੇਸ਼ ਤਾਂ ਬਣ ਨਹੀਂ ਸੀ ਸਕਦਾ। ਪਰ ਵੰਡ ਦੌਰਾਨ ਵਸੋਂ ਦੇ ਆਦਾਨ ਪ੍ਰਦਾਨ ਕਰਕੇ ਇਧਰਲੇ ਕੁਝ ਹਿੱਸੇ ਵਿਚ ਸਿੱਖ ਬਹੁ ਗਿਣਤੀ ਬਣ ਗਈ। ਸਿੱਖ ਲੀਡਰਾਂ ਦੀ ਇੱਛਾ ਹੋਈ ਕਿ ਇਸ ਬਹੁ ਗਿਣਤੀ ਵਾਲਾ ਵੱਖਰਾ ਸੂਬਾ ਹੋਵੇ ਜਿਥੇ ਉਹ ਸਿੱਖ ਵੋਟਾਂ ਦੀ ਬਹੁ ਗਿਣਤੀ ਦੇ ਸਿਰ ‘ਤੇ ਸੱਤਾਧਾਰੀ ਹੋ ਸਕਣ। ਅਕਾਲੀ ਦਲ ਵਲੋਂ ਲਗਾਇਆ ਗਿਆ ਪੰਜਾਬੀ ਸੂਬੇ ਦਾ ਮੋਰਚਾ ਕਹਿਣ ਨੂੰ ਪੰਜਾਬੀ ਬੋਲੀ ਦੇ ਅਧਾਰ ‘ਤੇ ਸੂਬਾ ਬਣਾਉਣ ਦੀ ਮੰਗ ਕਰਦਾ ਸੀ ਪਰ ਹਕੀਕਤ ਵਿਚ ਗੁਣਾਂ ਦੀ ਬਜਾਏ ਗਿਣਤੀ ਆਸਰੇ ‘ਸਿੱਖ ਮੁੱਖ ਮੰਤਰੀ ਬਣਾਉਣ ਦੀ ਚਾਹਤ ਸੀ। ਗਹੁ ਨਾਲ ਦੇਖਿਆ ਜਾਵੇ ਤਾਂ ਇਸ ਮੋਰਚੇ ਨਾਲ ਅਸੀਂ ਪੰਜਾਬੀ ਬੋਲਦੇ ਲੋਕਾਂ ਦਾ ਸੂਬਾ ਬਣਾਉਣ ਦੇ ਨਾਂ ‘ਤੇ ਵੱਡੀ ਗਿਣਤੀ ਵਿਚ ਪੰਜਾਬੀ ਬੋਲਣ ਵਾਲੇ ਹਰਿਆਣਾ ਅਤੇ ਹਿਮਾਚਲ ਦੇ ਇਲਾਕਿਆਂ ਨੂੰ ਆਪਣੇ ਤੋਂ ਵੱਖਰੇ ਕੀਤਾ। ਪੰਜਾਬ ਦੇ ਇਕ ਛੋਟੇ ਜਿਹੇ ਭਾਗ ਵਿਚ ਪ੍ਰਸ਼ਾਸਨਕ ਸੱਤਾ ਪ੍ਰਾਪਤੀ ਵੱਲ ਸਾਰਾ ਧਿਆਨ ਕੇਂਦਰਤ ਕਰਕੇ ਪੰਜਾਬ ਦੀ ਸਿੱਖ ਲੀਡਰਸ਼ਿਪ ਦੁਰ ਦਰਾਜ ਦੇ ਭਾਰਤੀ ਪ੍ਰਦੇਸ਼ਾਂ ਵਿਚ ਵਸਦੇ ਆਪਣੇੇ ਗੁਰਭਾਈਆਂ ਨੂੰ ਸਿੱਖੀ ਨਾਲ ਜੋੜੀ ਰੱਖਣ ਦੀ ਜਿੰਮੇਵਾਰੀ ਤੋਂ ਖੁੰਝ ਗਈ।
ਅਸੀਂ ਅਕਸਰ ਗਿਲਾ ਕਰਦੇ ਹਾਂ ਕਿ ਪੰਜਾਬੀ ਸੂਬਾ ਬਣਨ ਵੇਲੇ ਹਿੰਦੂ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਵਾਈ। ਪੰਜਾਬੀ ਮਾਂ ਬੋਲੀ ਸੀ ਤਿੰਨਾਂ ਦੀ ਪਰ ਜਦ ਸਾਡੀ ਸਿੱਖ ਸਿਆਸਤ ਨੇ ਬਹੁਤਾ ਕਿਹਾ ਕਿ ਪੰਜਾਬੀ ਸਾਡੀ (ਸਿੱਖਾਂ ਦੀ) ਮਾਂ ਬੋਲੀ ਹੈ, ਸਾਡੀ ਮਾਂ ਹੈ, ਸਾਡੀ ਮਾਂ ਹੈ ਤਾਂ ਸਾਡੀ ਮੇਰ ਨੇ ਹੋਰਾਂ ਨੂੰ ਇਸ ਤੋਂ ਦੂਰ ਕਰਨ ਦਾ ਰੋਲ ਨਿਭਾਇਆ। ਜਦ ਕੋਈ ਬੱਚਾ ਸਾਂਝੇ ਖਿਡਾਉਣੇ ਨੂੰ ਬਹੁਤਾ “ਮੇਰਾ ਮੇਰਾ” ਕਰੇ ਤਾਂ ਬਾਕੀ ਬੱਚੇ ਉਸ ਨਾਲ ਖੇਡਦੇ ਨਹੀਂ ਹੁੰਦੇ। ਉਹ ਕਹਿੰਦੇ ਹਨ, “ਤੇਰਾ ਹੈ ਤਾਂ ਚੱਲ ਤੂੰ ਹੀ ਰੱਖ।” ਖਿਡੌਣੇ ਦੀ ਮਲਕੀਅਤ ਦੇ ਦਾਅਵੇ ਕਾਰਨ ਉਸ ਕੋਲੋਂ ਖੇਡ ਗੁਆਚ ਜਾਂਦੀ ਹੈ। ਅਸੀਂ ਆਪਣੀ ਇਸ ਗਲਤੀ ਦੀ ਨਿਸ਼ਾਨਦੇਹੀ ਕਰੀਏ। ਜਦ ਦੂਸਰੇ ਮਜ਼ਹਬ ਦੇ ਲੋਕਾਂ ਨੇ ਇਹ ਗੱਲ ਸੁੰਘ ਲਈ ਕਿ ਬੋਲੀ ਦਾ ਤਾਂ ਬਹਾਨਾ ਹੈ ਅਸਲ ਅਤੇ ਗੁੱਝਾ ਉਦੇਸ਼ ਕੋਈ ਹੋਰ ਹੈ ਤਾਂ ਉਹਨਾਂ ਇਸ ਟਾਕਰੇ ਲਈ ਉਲਟ ਉਦੇਸ਼ ਦੇ ਤਹਿਤ ਆਪਣੀ ਬੋਲੀ ਬਾਰੇ ਗਲਤ ਸੂਚਨਾ ਦਰਜ ਕਰਾਈ। ਦੇਸ਼ ਵੰਡ ਵੇਲੇ ਦੀ ਸਿਆਸਤ ਦਾ ਸ਼ਿਕਾਰ ਹੋ ਕੇ ਅਸੀਂ ਆਪਣੇ ਮਾਂ ਜਾਏ ਮੁਸਲਮਾਨਾਂ ਤੋਂ ਦੂਰ ਹੋਏ ਅਤੇ ਇਸ ਤੋਂ ਮਗਰਲੀ ਸਿਆਸਤ ਦੇ ਅਧੀਨ ਸਾਡਾ ਆਪਣੇ ਹਿੰਦੂ ਮਾਂ ਜਾਇਆਂ ਨਾਲੋਂ ਫਾਸਲਾ ਬਣਿਆ।
ਅਸੀਂ ਆਪਣੀ ਮਾਂ ਬੋਲੀ ਦੇ ਹੇਜ ਵਿਚ ਜਜ਼ਬਾਤੀ ਨਾਹਰੇਬਾਜ਼ੀ, ਮਾਅਰਕੇਬਾਜ਼ੀ ਜਾਂ ਬਿਆਨਬਾਜ਼ੀ ਤਾਂ ਬਹੁਤ ਕਰ ਲੈਂਦੇ ਹਾਂ ਪਰ ਇਸ ਨੂੰ ਬਣਾਉਣ, ਬਚਾਉਣ ਜਾਂ ਇਸ ਦੀ ਤਰੱਕੀ ਲਈ ਕੀ ਕਰਨਾ ਬਣਦਾ ਹੈ ਜਾਂ ਤਾਂ ਉਹ ਸਾਨੂੰ ਪਤਾ ਨਹੀਂ, ਜੇ ਪਤਾ ਹੈ ਤਾਂ ਉਹ ਕੁਝ ਕਰਨਾ ਨਹੀਂ ਚਾਹੁੰਦੇ। ਪੰਜਾਬੀਆਂ ਦੇ ਅਣਗਿਣਤ ਸਦੀਆਂ ਪੁਰਾਣੇ ਦੋ ਮੂਲ਼ ਧੰਦੇ ਹਨ, ਇਕ ਖੇਤੀ ਬਾੜੀ ਅਤੇ ਦੂਸਰਾ ਪਸ਼ੂ ਪਾਲਣ। ਸੱਭਿਅਤਾ ਦੇ ਵਿਕਾਸ ਦੇ ਮੁੱਢਲੇ ਸਮੇਂ ਤੋਂ ਇਹ ਦੋਵੇਂ ਪੰਜਾਬ ਦੇ ਅਜੇ ਤੱਕ ਚਲੇ ਆਉਂਦੇ ਮੁੱਖ ਕਿੱਤੇ ਹਨ। ਪੰਜਾਬ ਵਿਚ ਖੇਤੀ ਵਿਕਾਸ ਲਈ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਬਣੀ ਜਿਸ ਨੂੰ ਪੀ. ਏ. ਯੂ. ਕਿਹਾ ਜਾਂਦਾ ਹੈ ਅਤੇ ਪਸ਼ੂ ਪਾਲਣ ਦੇ ਵਿਕਾਸ ਲਈ ਬਣੀ ਯੁਨੀਵਰਸਿਟੀ ਦਾ ਨਾਂ ਗੁਰਮੁਖੀ ਲਿੱਪੀ ਬਣਾਉਣ ਵਾਲੇ ਦੂਸਰੇ ਪਾਤਸ਼ਾਹ ਦੇ ਨਾਂ ‘ਤੇ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੁਨੀਵਰਸਿਟੀ ਹੈ ਜਿਸ ਨੂੰ ਅੰਗਰੇਜ਼ੀ ਅੱਖਰਾਂ ਦੇ ਆਧਾਰ ‘ਤੇ ਗਡਵਾਸੂ ਕਿਹਾ ਜਾਂਦਾ ਹੈ। ਪੰਜਾਬ ਦੀ ਖੇਤੀ ਯੁਨੀਵਰਸਿਟੀ ਵਿਚ ਖੇਤੀ ਖੋਜ ਅਤੇ ਖੇਤੀਬਾੜੀ ਦੀ ਸਾਰੀ ਪੜ੍ਹਾਈ ਅਤੇ ਪਸ਼ੂ ਪਾਲਣ ਯੁਨੀਵਰਸਿਟੀ ਵਿਚ ਪਸ਼ੂ ਖੋਜ ਅਤੇ ਪਸ਼ੂ ਪਾਲਣ ਦੀ ਸਾਰੀ ਪੜ੍ਹਾਈ ਪੰਜਾਬੀ ਦੀ ਬਜਾਏ ਅੰਗਰੇਜ਼ੀ ਵਿਚ ਕਰਾਈ ਜਾਂਦੀ ਹੈ। ਮੇਰੀ ਜਾਣਕਾਰੀ ਮੁਤਾਬਿਕ ਨਾ ਤਾਂ ਕਿਸੇ ਸਰਕਾਰ ਨੇ ਖੇਤੀ ਕਰਨ ਅਤੇ ਪਸ਼ੂ ਚਾਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਿਆਣਿਆਂ ਨੂੰ ਇਹ ਪੜ੍ਹਾਈ ਉਹਨਾਂ ਦੀ ਆਪਣੀ ਬੋਲੀ ਵਿਚ ਦੇਣ ਬਾਰੇ ਕਦੀ ਸੋਚਿਆ ਅਤੇ ਨਾ ਹੀ ਕਿਸੇ ਵਰਗ ਜਾਂ ਜਥੇਬੰਦੀ ਨੇ ਸਰਕਾਰ ਤੋਂ ਇਸ ਦੀ ਮੰਗ ਹੀ ਕੀਤੀ ਹੈ।
1962 ਵਿਚ ਕੁਝ ਪੰਜਾਬੀ ਦਾਨਿਸ਼ਵਰਾਂ ਦੀ ਮੰਗ, ਸਲਾਹ ਅਤੇ ਪਹਿਲ ਕਦਮੀ ਨਾਲ ਪਟਿਆਲਾ ਦੀ ਪੰਜਾਬੀ ਯੁਨੀਵਰਸਿਟੀ ਬਣੀ। ਇਸ ਯੁਨੀਵਰਸਿਟੀ ਦਾ ਮੁਢਲਾ ਉਦੇਸ਼ ਵਿਗਿਆਨ ਨਾਲ ਸਬੰਧਤ ਵੱਖ ਵੱਖ ਵਿਸ਼ਿਆਂ ਦੀ ਪੰਜਾਬੀ ਵਿਚ ਪੜ੍ਹਾਈ ਕਰਾਉਣ ਲਈ ਪਾਠ ਪੁਸਤਕਾਂ ਤਿਆਰ ਕਰਨਾ ਮਿਥਿਆ ਗਿਆ ਸੀ। ਯੁਨੀਵਰਸਿਟੀ ਨੂੰ ਆਪਣੀ ਗੋਲਡਨ ਜੁਬਲੀ ਮਨਾਈ ਨੂੰ ਵੀ ਕਿੰਨੇ ਸਾਲ ਲੰਘ ਗਏ ਪਰ ਅਸੀਂ ਕਾਲਜ ਪੱਧਰ ‘ਤੇ ਵਿਗਿਆਨ, ਇੰਜਨੀਅਰਿੰਗ, ਮੈਡੀਕਲ, ਕਾਨੂੰਨ ਆਦਿ ਖੇਤਰਾਂ ਦੀ ਪੜ੍ਹਾਈ ਆਪਣੀ ਬੋਲੀ ਵਿਚ ਕਰਾਉਣ ਦਾ ਅਜੇ ਤੱਕ ਉੱਕਾ ਪ੍ਰਬੰਧ ਨਹੀਂ ਕੀਤਾ। ਇਸ ਸਥਿਤੀ ਨੂੰ ਪੰਜਾਬੀ ਨਾਲ ਸਬੰਧਤ ਸੰਸਥਾਵਾਂ ਅਤੇ ਜਥੇਬੰਦੀਆਂ ਨੇ ਬੜੇ ਆਰਾਮ ਨਾਲ ਸਹਿਣ ਕੀਤਾ ਹੋਇਆ ਹੈ। ਆਪਣੇ ਲੋਕਾਂ ਅਤੇ ਆਪਣੀ ਬੋਲੀ ਦੇ ਵਿਕਾਸ ਲਈ ਕਰਨ ਵਾਲੇ ਇਹ ਬੁਨਿਆਦੀ ਕੰਮ ਸਨ ਜੋ ਅਸੀਂ ਨਹੀਂ ਕੀਤੇ। ਅਸੀਂ ਆਪਣੀ ਬੋਲੀ ਆਪ ਵਿਕਸਤ ਕਰਨੀ ਸੀ। ਸਾਨੂੰ ਆਪਣੀ ਜ਼ੁਬਾਨ ਦੇ ਵਿਕਾਸ ਅਤੇ ਪਰਚਲਨ ਤੋਂ ਕਿਸੇ ਬਾਹਰਲੇ ਦੁਸ਼ਮਣ ਨੇ ਨਹੀਂ ਅਸੀਂ ਆਪ ਹੀ ਰੋਕਿਆ ਹੋਇਆ ਹੈ।
ਵੰਡ ਪਾਊ ਸਿਆਸਤ ਨੇ ਇਹ ਸਥਾਪਤ ਕਰਨ ਵਾਲਾ ਮਹੌਲ ਬਣਾਇਆ ਕਿ ਸਿੱਖਾਂ ਦੀ ਬੋਲੀ ਪੰਜਾਬੀ, ਹਿੰਦੂਆਂ ਦੀ ਹਿੰਦੀ ਅਤੇ ਮੁਸਲਮਾਨਾਂ ਦੀ ਉਰਦੂ ਹੈ। ਇਹ ਵੰਡ ਨਾ ਤਾਂ ਤੱਥਾਤਮਿਕ ਤੌਰ ਦੇ ਦਰੁਸ਼ਤ ਹੈ ਅਤੇ ਨਾ ਹੀ ਅਜਿਹੀ ਵੰਡ ਨੂੰ ਗੁਰੂ ਸਾਹਿਬ ਮਾਨਤਾ ਦਿੰਦੇ ਹਨ। ਬੋਲੀਆਂ ਸਬੰਧੀ ਗੁਰੂ ਦਾ ਵਿਹਾਰ ਦਸਦਾ ਹੈ ਕਿ ਦੁਨੀਆਂ ਭਰ ਦੀਆਂ ਤਮਾਮ ਬੋਲੀਆਂ ਚੰਗੀਆਂ ਹਨ, ਇਹਨਾਂ ਨੂੰ ਬੋਲਣ ਵਾਲੇ ਲੋਕਾਂ ਦੇ ਨੇੜੇ ਹੋਵੋ, ਇਹਨਾਂ ਨੂੰ ਜੋੜੋ, ਸ਼ੁਭ ਕਰਮਨਾ ਲਈ ਇਹਨਾਂ ਨੂੰ ਸੰਗਠਤ ਕਰੋ। ਵੱਧ ਤੋਂ ਵੱਧ ਬੋਲੀਆਂ ਸਿੱਖੋ ਅਤੇ ਵੱਖ ਵੱਖ ਬੋਲੀਆਂ ਵਿਚ ਲਿਖੇ ਛਪੇ ਗਿਆਨ ਨੂੰ ਆਪਣੇ ਲੋਕਾਂ ਕੋਲ ਲੈ ਕੇ ਆਓ। ਬਹੁਤ ਸਾਰੀਆਂ ਬੋਲੀਆਂ ਵਿਚ ਲਿਖਣ ਅਤੇ ਪ੍ਰਚਾਰ ਕਰਨ ਵਾਲੇ ਗੁਰੂ ਸਾਹਿਬ ਬੋਲੀ ਬਾਰੇ ਵਿਸ਼ੇਸ਼ ਤੌਰ ‘ਤੇ ਦਰਜ ਕਰਦੇ ਹਨ:
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥ (ਮ.1, 1191)
ਇਹ ਅਵਰ ਕੌਣ ਹੈ? ਗੁਰੂ ਨਾਨਕ ਲਈ ਇਹ ਅਵਰ ਫ਼ਰੀਦ, ਕਬੀਰ, ਜੈਦੇਵ, ਨਾਮਦੇਵ ਆਦਿ ਤਾਂ ਨਹੀਂ ਹੋ ਸਕਦੇ। ਗੁਰੂ ਲਈ ਅਵਰ ਹੁਕਮਰਾਨ ਜਾਂ ਸੱਤਾਵਾਨ ਹੈ। ਗੁਰੂ ਸਾਹਿਬ ਆਖਦੇ ਹਨ ਕਿ ਆਪਣੀ ਬੋਲੀ ਛੱਡ ਕੇ ਹੁਕਮਰਾਨਾਂ ਦੀ ਬੋਲੀ ਨਹੀਂ ਬੋਲੀਦੀ ਹੁੰਦੀ। ਦੂਜੇ ਲਫ਼ਜ਼ਾਂ ਵਿਚ ਕੋਈ ਬੋਲੀ ਇਸ ਕਰਕੇ ਨਹੀਂ ਬੋਲੀਦੀ ਕਿ ਹੁਕਮਰਾਨ ਉਸ ਨੂੰ ਬੋਲਦੇ ਹਨ। ਆਪਣੀ ਗਰਜ਼ ਲਈ ਉਹਨਾਂ ਦੀ ਚਾਪਲੂਸੀ ਨਹੀਂ ਕਰੀਦੀ ਹੁੰਦੀ, ਜੀ ਜੀ ਸਰ ਸਰ ਨਹੀਂ ਕਰੀਦਾ। ਲੋਕਤੰਤਰ ਦੇ ਦੌਰ ਵਿਚ ਸਾਡਾ ਆਪਣੇ ਹੁਕਮਰਾਨਾਂ ਨੂੰ ਕਹਿਣਾ ਬਣਦਾ ਹੈ ਕਿ ਜਿਸ ਬੋਲੀ ਵਿਚ ਲੋਕਾਂ ਤੋਂ ਵੋਟਾਂ ਮੰਗੀਆਂ ਹਨ ਉਹੀ ਬੋਲੀ ਵਿਧਾਨ ਸਭਾ ਵਿਚ ਵਰਤੋ। ਜਿਸ ਬੋਲੀ ਵਿਚ ਭੋਗਾਂ ਦੇ ‘ਕੱਠਾਂ ਵਿਚ ਭਾਸ਼ਨ ਦਿੰਦੇ ਹੋ ਉਸੇ ਬੋਲੀ ਵਿਚ ਫਾਈਲਾਂ ‘ਤੇ ਫੈਸਲੇ ਲਿਖੋ। ਜਿਸ ਬੋਲੀ ਵਿਚ ਲੋਕ ਲੜਦੇ ਝਗੜਦੇ ਹਨ ਉਸੇ ਬੋਲੀ ਵਿਚ ਅਦਾਲਤਾਂ ਇਹਨਾਂ ਝਗੜਿਆਂ ਦੇ ਫੈਸਲੇ ਕਰਨ ਅਤੇ ਲਿਖਣ। ਹਰ ਤਰ੍ਹਾਂ ਦੇ ਗਿਆਨ ਵਿਗਿਆਨ ਦੀ ਪੜ੍ਹਾਈ ਮਾਂ ਬੋਲੀ ਵਿਚ ਕਰਾਉਣ ਦਾ ਪ੍ਰਬੰਧ ਕਰਨ। ਪੰਜਾਬੀਆਂ ਦੀ ਹੰਢਣਸਾਰ ਅਤੇ ਸਥਾਈ ਤਰੱਕੀ ਲਈ ਪੰਜਾਬੀ ਨੂੰ ਸਤਿਕਾਰ ਨਾਲ ਸਰਕਾਰ, ਰੁਜ਼ਗਾਰ ਅਤੇ ਵਣਜ ਵਪਾਰ ਦੀ ਭਾਸ਼ਾ ਬਣਾਇਆ ਜਾਵੇ।
ਸਭ ਤੋਂ ਅਹਿਮ ਗੱਲ ਕਿ ਕੇਵਲ ਪੰਜਾਬ ਨਾਲ ਜੋੜ ਕੇ ਗੁਰਮਤਿ ਜਾਂ ਸਿੱਖੀ ਦੀ ਵਿਸ਼ਾਲਤਾ ਨੂੰ ਹੋਰ ਸੱਟ ਨਾ ਮਾਰੀਏ ਅਤੇ ਪੰਜਾਬੀ ਨੂੰ ਕੇਵਲ ਸਿੱਖਾਂ ਦੀ ਕਹਿ ਕੇ ਪੰਜਾਬ ਅਤੇ ਪੰਜਾਬੀ ਦਾ ਹੋਰ ਨੁਕਸਾਨ ਕਰਨ ਤੋਂ ਗੁਰੇਜ਼ ਕਰੀਏੇ। ਸਿੱਖੀ ਦੇ ਵਿਗਾਸ ਲਈ ਗੈਰ-ਪੰਜਾਬੀ ਗੁਰਭਾਈਆਂ ਨਾਲ ਵਧੀਆ ਸਾਂਝ ਸੰਪਰਕ ਬਣਾਈਏ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਪੰਜਾਬੀ ਮਾਂ ਜਾਇਆਂ ਨਾਲ ਇਕਮੁੱਠਤਾ ਕਾਇਮ ਕਰੀਏ।
Add a review