ਸ਼ਹੀਦ ਭਗਤ ਸਿੰਘ ਨੇ ਆਜ਼ਾਦੀ ਦੀ ਲੜਾਈ ਦੌਰਾਨ ਇਨਕਲਾਬੀ ਲਹਿਰ ਨੂੰ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਬਾਹਰ ਕੱਢਣ ਦੇ ਨਾਲ ਨਾਲ ਰਾਜ ਪ੍ਰਬੰਧ ਨੂੰ ਕਲਿਆਣਕਾਰੀ ਅਤੇ ਸਮਾਜਵਾਦੀ ਲੀਹਾਂ ਤੇ ਉਸਾਰਨ ਦੇ ਉਦੇਸ਼ ਨਾਲ ਵੀ ਸਬੰਧਤ ਕਰ ਦਿੱਤਾ।ਸੰਸਾਰ ਵਿੱਚ ਇਸ ਸਮੇਂ ਸਾਮਰਾਜਵਾਦ ਰਾਜਨੀਤਕ, ਉਦਯੋਗਿਕ, ਵਪਾਰਿਕ, ਸਾਹਿਤਕ, ਸਭਿਆਚਾਰਕ ਅਤੇ ਮਾਨਸਿਕ ਗਲਬੇ ਦੇ ਰੂਪ ਵਿਚ ਬਹੁਤ ਵਿਆਪਕ, ਜਲਿਟ ਅਤੇ ਖ਼ਤਰਨਾਕ ਰੂਪ ਧਾਰ ਰਿਹਾ ਹੈ। ਅਜਿਹੇ ਸਮੇਂ ਸ਼ਹੀਦ ਭਗਤ ਸਿੰਘ ਵਰਗੇ ਕ੍ਰਾਂਤੀਕਾਰੀ ਦੇ ਵਿਚਾਰਾਂ ਨੂੰ ਨਵੀਆਂ ਹਾਲਤਾਂ ਵਿੱਚ ਸਮਝਣਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਪਰ ਉਸ ਦੇ ਕ੍ਰਾਂਤੀਕਾਰੀ ਵਿਚਾਰਾਂ ਦੇ ਸਨਮੁਖ ਉਸ ਦਾ ਸਥਾਪਤ ਬਿੰਬ ਵੱਡੇ ਅੜਿਕੇ ਦੇ ਤੌਰ ਤੇ ਪੇਸ਼ ਹੁੰਦਾ ਹੈ।
ਪਿਛਲੇ ਸਾਲੀਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਨ ਤੇ ਸਰਕਾਰੀ ਛੁੱਟੀ ਬੰਦ ਹੋਣ ਤੇ ਕਈ ਵਿਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਵਲੋਂ ਹੜਤਾਲ ਕੀਤੀ ਗਈ। ਸੜਕਾਂ ਤੇ ਜਲੂਸ ਕੱਢੇ ਗਏ, ਮੁਜਾਹਰੇ ਕੀਤੇ ਗਏ।ਆਪਣੇ ਸ਼ਹੀਦੀ ਵੇਲੇ ਤੱਕ ਕਿਤਾਬ ਪੜ੍ਹਦੇ ਰਹਿਣ ਵਾਲੇ ਭਗਤ ਸਿੰਘ ਦੇ ਸ਼ਹੀਦੀ ਦਿਨ ਦੀ ਛੁੱਟੀ ਨੂੰ ਲੈ ਕੇ ਹੋ ਰਹੇ ਬਵਾਲ ਦੀਆਂ ਖ਼ਬਰਾਂ ਪੜ੍ਹ ਕੇ ਇਕ ਕਾਰਟੂਨ ਸੁੱਝਦਾ ਸੀ-
ਸ਼ਹੀਦ-ਏ-ਆਜ਼ਮ ਦੇ ਸ਼ਹੀਦੀ ਦਿਨ ਦੀ
ਛੁੱਟੀ ਨਾ ਹੋਵੇ
ਇਹ ਗੱਲ ਕਿਵੇਂ ਜਰੀਏ
ਚਲੋ ਰੋਸ ਹੜਤਾਲ ਕਰੀਏ
ਕਲਾਸਾਂ ਦਾ ਬਾਈਕਾਟ ਕਰਾਂਗੇ
ਨਾ ਪੜ੍ਹਨ ਪੜ੍ਹਾਉਣ ਦਿਆਂਗੇ
ਤੇ ਨਾ ਪੜ੍ਹਾਂਗੇ
ਸ਼ਹੀਦ ਦੇ ਸ਼ਹੀਦੀ ਦਿਨ ਤੇ
ਜੋ ਆਖਰੀ ਸਮੇਂ ਤੱਕ
ਪੜ੍ਹਦਾ ਰਿਹਾ ਸੀ
2007 ਸ਼ਹੀਦ ਭਗਤ ਸਿੰਘ ਦੇ ਜਨਮ ਦਾ ਸ਼ਤਾਬਦੀ ਵਰ੍ਹਾ ਸੀ।ਇਹਨੀਂ ਦਿਨੀਂ ਲੁਧਿਆਣਾ ਦੇ ਗੁਰੁ ਨਾਨਕ ਇੰਜਨੀਅਰਿੰਗ ਕਾਲਜ ਵਿਚ ਚੱਲ ਰਹੇ ਪ੍ਰੋਗਰਾਮ ਦੌਰਾਨ ਜਦ ਪੁੱਛਿਆ ਗਿਆ ਕਿ ਕਿਸ ਨੂੰ ਭਗਤ ਸਿੰਘ ਬਹੁਤ ਪ੍ਰੇਰਤ ਕਰਦਾ ਜਾਂ ਚੰਗਾ ਲੱਗਦਾ ਹੈ ਤਾਂ ਭਰੇ ਹਾਲ ਵਿਚ ਸਭ ਦੀਆਂ ਬਾਹਵਾਂ ਖੜ੍ਹੀਆਂ ਸਨ।ਜਦ ਪੱੁਛਿਆ ਗਿਆ ਕਿ ਕੌਣ ਭਗਤ ਸਿੰਘ ਬਣਨਾ ਚਾਹੁੰਦਾ ਹੈ ਤਾਂ ਸਿਰਫ ਦੋ ਜਾਂ ਤਿੰਨ ਹੱਥ ਖੜ੍ਹੇ ਸਨ।
ਭਗਤ ਸਿੰਘ ਦਾ ਨਾਇਕਤਵ ਤਾਂ ਸਭ ਚੰਗਾ ਨੂੰ ਲੱਗਦਾ ਹੈ ਪਰ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਭਗਤ ਸਿੰਘ ਵਰਗਾ ਬਣਿਆਂ ਜਾਏ ਜਾਂ ਆਪਣੇ ਕਿਸੇ ਧੀ ਪੁੱਤ ਨੂੰ ਉਸ ਵਰਗਾ ਬਣਾਇਆ ਜਾਏ। ਉਸ ਦੀ ਲੋਕ ਪ੍ਰਿਅਤਾ ਦਾ ਕੋਈ ਪਾਰਾਵਾਰ ਨਹੀਂ।ਸਿੱਖ ਉਸ ਨੂੰ ਸਿੱਖ ਹੋਣ ਕਰਕੇ ਵਧੇਰੇ ਪਸੰਦ ਕਰਦੇ ਹੋ ਸਕਦੇ ਹਨ। ਜੱਟਾਂ ਨੂੰ ਉਸ ਦਾ ਜੱਟ ਪਰਿਵਾਰ ਨਾਲ ਸਬੰਧਤ ਹੋਣਾ ਗੌਰਵ ਪਰਦਾਨ ਕਰਦਾ ਹੋਏਗਾ। ਹਿੰਦੂਆਂ ਖਾਸਕਰ ਆਰ| ਐਸ| ਐਸ| ਵਾਲਿਆਂ ਨੂੰ ਉਸਦਾ ਆਰੀਆ ਸਮਾਜ ਵਾਲਾ ਪਿਛੋਕੜ ਆਸਰਾ ਦਿੰਦਾ ਹੋਵੇਗਾ।ਨਕਸਲੀਆਂ ਅਤੇ ਖਾਲਸਤਾਨੀਆਂ ਨੂੰ ਉਸ ਦੇ ਬੰਬਾਂ ਅਤੇ ਗੋਲੀਆਂ ਦੀ ਗੂੰਜ ਪ੍ਰੇਰਤ ਕਰਦੀ ਰਹੀ ਹੋਵੇਗੀ। ਲਾਹੌਰ ਦੇ ਇਲਾਕੇ ਨਾਲ ਉਸ ਦੇ ਜੀਵਨ ਅਤੇ ਸ਼ਹੀਦੀ ਦਾ ਸਬੰਧ ਹੋਣ ਕਰਕੇ ਲਹਿੰਦੇ ਪੰਜਾਬ ਵਿੱਚ ਵੀ ਚੋਖੀ ਮਾਨਤਾ ਹੈ।ਪਰ ਭਗਤ ਸਿੰਘ ਬਾਰੇ ਸਾਂਝਾ ਤੱਥ ਜੋ ਸਭ ਦੇ ਮਨਾਂ ਵਿਚ ਉਸ ਦਾ ਉੱਚਾ ਸਥਾਨ ਸਥਾਪਤ ਕਰਦਾ ਹੈ ਉਹ ਹੈ ਉਸ ਦਾ ਚੜ੍ਹਦੀ ਜਵਾਨੀ ਵਿਚ ਹੱਸ ਹੱਸ ਕੇ ਫਾਂਸੀ ਦਾ ਰੱਸਾ ਚੁੰਮਣਾਂ।ਇਸ ਫਾਂਸੀ ਨੂੰ ਕੋਈ ਭਾਰਤ ਮਾਤਾ ਦੀ ਆਬਰੂ ਨਾਲ ਸਬੰਧਤ ਕਰਦਾ ਹੈ, ਕੋਈ ਆਜ਼ਾਦੀ ਨਾਲ, ਕੋਈ ਗਰੀਬਾਂ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਨਾਲ, ਕੋਈ ਅਣਖ ਨਾਲ ਤੇ ਕੋਈ ਸਿਰਫ ਮੁੱਛ ਦੇ ਸਵਾਲ ਨਾਲ।ਪਰ ਸਾਰਿਆਂ ਨੇ ਭਗਤ ਸਿੰਘ ਨੂੰ ਸਿਰਫ ਫਾਂਸੀ, ਮੌਤ ਜਾਂ ਸ਼ਹੀਦੀ ਨਾਲ ਜੋੜ ਕੇ ਹੀ ਆਪਣੇ ਮਨਾਂ ਵਿਚ ਪ੍ਰਤੀਬਿੰਬਤ ਕੀਤਾ ਹੋਇਆ ਹੈ।ਕਵੀਆਂ ਨੇ ਉਸ ਨੂੰ ਮੌਤ ਵਿਆਹੁਣ ਵਾਲਾ ਲਾੜਾ ਕਿਹਾ-
ਆਓ ਨੀ ਭੈਣੋ ਰਲ-ਮਿਲ ਗਾਵੀਏ ਘੋੜੀਆਂ ਜੰਞ ਤਾਂ ਹੋਈ ਏ ਤਈਆਰ ਵੇ ਹਾਂ
ਮੌਤ ਕੁੜੀ ਨੂੰ ਪਰਣਾਵਣ ਚਾਲਿਆ ਭਗਤ ਸਿੰਘ ਸਰਦਾਰ ਵੇ ਹਾਂ
ਕਿਉਂਕਿ ਸਭ ਲਈ ਭਗਤ ਸਿੰਘ ਹੋਣ ਦਾ ਅਰਥ ਭਰ ਜਵਾਨੀ ਵਿੱਚ ਮੌਤ ਨੂੰ ਜੱਫੀਆਂ ਪਾਉਂਣਾ ਹੈ ਅਤੇ ਅਸੀਂ ਮੌਤ ਤੋਂ ਲਗਪਗ ਸਾਰੇ ਹੀ ਡਰਦੇ ਹਾਂ, ਇਸ ਲਈ ਉਸ ਵਰਗਾ ਹੋਣਾ ਸਾਡੀ ਇੱਛਾ ਨਹੀਂ ਹੋ ਸਕਦੀ।ਪਰ ਉਸ ਦੇ ਜੀਵਨ ਦੀਆਂ ਸਰਗਰਮੀਆਂ ਅਤੇ ਲਿਖਤਾਂ ਦਾ ਅਧਿਅਨ ਕਰਨ ਨਾਲ ਭਗਤ ਸਿੰਘ ਦਾ ਹੋਰ ਹੀ ਰੂਪ ਸਾਹਮਣੇ ਆਉਂਦਾ ਹੈ।ਭਗਤ ੰਿਸੰਘ ਦਾ ਅਜਿਹਾ ਰੂਪ ਕਿ ਜਿਸ ਵਰਗਾ ਹੋਣ ਤੋਂ ਡਰਨ ਨਹੀਂ ਸਗੋਂ ਉਸ ਜਹੇ ਬਣਨ ਦੀ ਲੋੜ ਹੈ।ਭਗਤ ਸਿੰਘ ਮੌਤ ਦਾ ਨਹੀਂ ਸਗੋਂ ਜ਼ਿੰਦਗੀ ਦਾ ਲਾੜਾ ਸੀ। ਜ਼ਿੰਦਗੀ ਦੇ ਗੀਤ ਗਾਉਣ ਵਾਲਾ ਜ਼ਿੰਦਗੀ ਦਾ ਆਸ਼ਕ।ਉਹ ਸ਼ਾਂਤੀ, ਆਜ਼ਾਦੀ, ਖੇੜੇ ਅਤੇ ਖੁਸ਼ਹਾਲੀ ਭਰੀ ਮਾਨਵੀ ਜ਼ਿੰਦਗੀ ਦੇ ਸੁਪਨੇ ਦੀ ਖੁਮਾਰੀ ਨਾਲ ਭਰਿਆ ਪਿਆ ਸੀ।ਉਹ ਘਰੋਂ ਅੰਤਰ ਰਾਸ਼ਟਰੀ, ਕੌਮੀ ਅਤੇ ਸਥਾਨਕ ਪੱਧਰ ਦੀਆਂ ਤੱਤਕਾਲੀਨ ਰਾਜਨੀਤਕ, ਸਮਾਜਕ, ਆਰਥਿਕ ਅਤੇ ਪ੍ਰਸ਼ਾਸਨਿਕ ਸਥਿਤੀਆਂ ਨੂੰ ਸਮਝਣ ਸਮਝਾਉਣ ਲਈ ਅਤੇ ਲੋਕਾਂ ਨੂੰ ਆਜ਼ਾਦੀ, ਬਰਾਬਰੀ ਅਤੇ ਸਮਾਜਿਕ ਨਿਆਂ ਲਈ ਸੰਘਰਸ਼ ਕਰਨ ਲਈ ਜਾਗਰਿਤ ਕਰਨ ਲਈ ਤੁਰਿਆ ਸੀ ਨਾ ਕਿ ਮਰਨ ਲਈ।ਨਾ ਸਾਂਡਰਸ ਨੂੰ ਮਾਰਨ ਦਾ ਅਤੇ ਨਾ ਹੀ ਅਸੈਂਬਲੀ ਵਿਚ ਬੰਬ ਸੁੱਟਣ ਦਾ ਮਨੋਰਥ ਸ਼ਹੀਦੀ ਪਦਵੀ ਪ੍ਰਾਪਤ ਕਰਨਾ ਸੀ।ਹਾਂ, ਸ਼ਹੀਦੀ ਦਾ ਜ਼ਰੂਰੀ ਮਨੋਰਥ ਸੀ: ਇਨਕਲਾਬੀ ਚੇਤਨਾ ਨੂੰ ਹਰ ਭਾਰਤ ਦੇ ਹਰ ਕੋਨੇ ਵਿਸ਼ੇਸਕਰ ਨੌਜਵਾਨਾਂ ਤੱਕ ਪਰਵਾਹਿਤ ਕਰਨਾ।ਜਿਥੇ 23 ਮਾਰਚ ਦੇ ਦਿਨ ਦਾ ਸਬੰਧ ਸ਼ਹੀਦ-ਏ-ਆਜ਼ਮ ਦੀ ਸ਼ਹੀਦੀ ਨਾਲ ਹੈ ਉਥੇ ਸਾਲ ਦੇ ਬਾਕੀ 364 ਦਿਨਾਂ ਦਾ ਸਬੰਧ ਉੱਚ ਆਦਰਸ਼ ਨੂੰ ਸਮਰਪਿਤ ਉਸ ਦੀਆਂ ਸਾਰੀਆਂ ਜੀਵਨ ਸਰਗਰਮੀਆਂ ਨਾਲ ਹੈ।ਜੇ ਸਾਲ ਦੇ 364 ਦਿਨ ਅਸੀਂ ਉਸ ਦੇ ਜੀਵਨ ਸੰਗਰਾਮ ਅਤੇ ਜੀਵਨ ਮਨੋਰਥ ਦਾ ਧਿਆਨ ਨਹੀਂ ਧਰਦੇ ਤਾਂ ਇਕ ਦਿਨ ਉਸ ਦੀ ਸ਼ਹੀਦੀ ਨੂੰ ਯਾਦ ਕਰਨ ਦੇ ਪਾਖੰਡ ਦਾ ਕੀ ਲਾਭ?
ਜਿਸ ਮੌਤ ਕਰਕੇ ਉਹ ਸਾਡੇ ਚੇਤਿਆਂ ਵਿਚ ਹੈ ਉਸ ਮੌਤ ਦਾ ਫੈਸਲਾ ਤਾਂ ਬਰਤਾਨਵੀ ਸਾਮਰਾਜ ਦੀ ਨੌਕਰਸ਼ਾਹੀ ਨੇ ਕੀਤਾ ਸੀ। ਜੇ ਇਸ ਫੈਸਲੇ ਨੂੰ ਨੌਕਰਸ਼ਾਹੀ ਮੌਕੇ ਤੇ ਰੱਦ ਕਰ ਦਿੰਦੀ ਤਾਂ ਸ਼ਾਇਦ ਸਾਨੂੰ ਅੱਜ ਭਗਤ ਸਿੰਘ ਦਾ ਨਾਂ ਵੀ ਪਤਾ ਨਾ ਹੁੰਦਾ।ਕਾਰਨ ਇਹ ਹੈ ਕਿ ਜਿਸ ਭਗਤ ਸਿੰਘ ਨੂੰ ਭਗਤ ਸਿੰਘ ਨੇ ਸਿਰਜਿਆ ਸੀ ਉਸ ਨਾਲ ਸਾਡਾ ਬਹੁਤਾ ਵਾਸਤਾ ਨਹੀਂ ਹੈ।ਅਸੀਂ ਬੁੱਤ ਸਿਰਜਨਾ ਅਤੇ ਬੁੱਤ ਪੂਜਾ ਨਾਲ ਹੀ ਆਪਣੀ ਗੁਜ਼ਰ ਬਸਰ ਕਰਨੀ ਚਾਹੁੰਦੇ ਹਾਂ। ਪੜ੍ਹਨਾ, ਗੁੜਨਾ, ਜਾਨਣਾ, ਸਮਝਣਾ ਪੰਜਾਬੀਆਂ ਲਈ ਬਹੁਤ ਔਖੇ ਕੰਮ ਹਨ। ਸਾਡੇ ਅਜਿਹੇ ਰਵੱਈਏ ਬਾਰੇ ਭਗਤ ਸਿੰਘ ਨੇ 16-17 ਸਾਲ ਦੀ ਉਮਰ ਵਿੱਚ ਲਿਖੇ ਇਕ ਲੇਖ ਵਿਚ ਵਰਨਣ ਕੀਤਾ ਸੀ –
“ਲਗਪਗ ਇਕੋ ਹੀ ਸਮੇਂ ਤੇ ਬੰਗਾਲ ਵਿਚ ਸਵਾਮੀ ਵਿਵੇਕਾਨੰਦ ਅਤੇ ਪੰਜਾਬ ਵਿਚ ਸਵਾਮੀ ਰਾਮਤੀਰਥ ਪੈਦਾ ਹੋਏ। ਦੋਨੋਂ ਹੀ ਇਕੋ ਦਰਜੇ ਦੇ ਮਹਾਂਪੁਰਸ਼ ਸਨ।ਦੋਨਾਂ ਨੇ ਵਿਦੇਸ਼ਾਂ ਵਿਚ ਭਾਰਤੀ ਤੱਤਵ ਗਿਆਨ ਦੀ ਧਾਂਕ ਜਮਾ ਕੇ ਖ਼ੁਦ ਜਗਤ ਪ੍ਰਸਿੱਧੀ ਪ੍ਰਾਪਤ ਕੀਤੀ। ਪਰ ਸਵਾਮੀ ਵਿਵੇਕਾਨੰਦ ਦਾ ਮਿਸ਼ਨ ਬੰਗਾਲ ਵਿਚ ਇੱਕ ਪੱਕੀ ਸੰਸਥਾ ਬਣ ਗਿਆ।ਪਰ ਪੰਜਾਬ ਵਿਚ ਸਵਾਮੀ ਰਾਮਤੀਰਥ ਦੀ ਯਾਦਗਾਰ ਤੱਕ ਨਹੀਂ ਦਿਸਦੀ।……ਉਹ (ਸਵਾਮੀ ਰਾਮਤੀਰਥ) ਕਈ ਵਾਰ ਅਮਰੀਕਾ ਵਿੱਚ ਅਸਤ ਹੁੰਦੇ ਸੂਰਜ ਨੂੰ ਦੇਖ ਕੇ ਆਂਸੂ ਵਗਾਉਂਦੇ ਹੋਏ ਕਹਿ ਉੱਠਦੇ ਸਨ “ਤੂੰ ਹੁਣ ਮੇਰੇ ਪਿਆਰੇ ਭਾਰਤ ਵਿਚ ਚੜ੍ਹਨ ਜਾ ਰਿਹਾ ਹੈਂ, ਮੇਰੇ ਇਹਨਾਂ ਆਂਸੂਆਂ ਨੂੰ ਭਾਰਤ ਦੇ ਸੁੰਦਰ ਹਰੇ ਖੇਤਾਂ ਵਿਚ ਉਸ ਦੀਆਂ ਬੂੰਦਾਂ ਦੇ ਰੂਪ ਵਿਚ ਰੱਖ ਦੇਣਾ।” ਏਨਾ ਮਹਾਨ ਦੇਸ਼ ਅਤੇ ਈਸ਼ਵਰ ਭਗਤ ਸਾਡੇ ਸੂਬੇ ਵਿਚ ਪੈਦਾ ਹੋਇਆ ਹੋਵੇ, ਪਰ ਉਸ ਦੀ ਯਾਦਗਾਰ ਤੱਕ ਨਾ ਦਿਸੇ, ਇਸ ਦਾ ਕਾਰਨ ਸਾਹਿਤਕ ਪਿਛੜਿਆਪਨ ਤੋਂ ਇਲਾਵਾ ਹੋਰ ਕੀ ਹੋ ਸਕਦਾ ਹੈ? ਇਹ ਗੱਲ ਅਸੀਂ ਪੈਰ ਪੈਰ ਤੇ ਅਨੁਭਵ ਕਰਦੇ ਹਾਂ। ਬੰਗਾਲ ਦੇ ਮਹਾਂ ਪੁਰਸ਼ ਸ਼੍ਰੀ ਰਵਿੰਦਰਨਾਥ ਠਾਕੁਰ ਅਤੇ ਸ਼੍ਰੀ ਕੇਸ਼ਵ ਚੰਦਰ ਸੇਨ ਦੀ ਟੱਕਰ ਦੇ ਪੰਜਾਬ ਵਿੱਚ ਕਈ ਮਹਾਂ ਪੁਰਸ਼ ਹੋਏ ਹਨ, ਪਰ ਉਹਨਾਂ ਦੀ ਉਹ ਕਦਰ ਨਹੀਂ ਅਤੇ ਮਰਨ ਦੇ ਬਾਅਦ ਉਹ ਜਲਦੀ ਹੀ ਭੁਲਾ ਦਿੱਤੇ ਗਏ, ਜਿਵੇਂ ਗੁਰੁ ਗਿਆਨ ਸਿੰਘ ਜੀ ਇਤਿਆਦਿ। ਇਸ ਸਾਰੇ ਦੀ ਤਹਿ ਵਿਚ ਅਸੀਂ ਦੇਖਦੇ ਹਾਂ ਕਿ ਇਕ ਹੀ ਮੁੱਖ ਕਾਰਨ ਹੈ ਅਤੇ ਉਹ ਹੈ ਸਾਹਿਤਕ ਰੁਚੀ ਤੇ ਜਾਗਗ੍ਰਿਤੀ ਦੀ ਪੂਰੀ ਤਰ੍ਹਾਂ ਘਾਟ।”
ਭਗਤ ਸਿੰਘ ਪੜ੍ਹਾਈ ਤੋਂ ਭਗੌੜਾ ਹੋ ਕੇ ਬਣਿਆਂ ਇਨਕਲਾਬੀ ਨਹੀਂ ਸੀ।1921 ਦੀ ਨਾ ਮਿਲਵਰਤਣ ਲਹਿਰ ਦੌਰਾਨ ਵਿਦਿਆਰਥੀਆਂ ਨੂੰ ਕਿਹਾ ਗਿਆ ਸੀ ਕਿ ਉਹ ਅੰਗਰੇਜ਼ਾਂ ਦੀ ਨੌਕਰੀ ਵਾਲੀ ਵਿੱਦਿਆ ਨੂੰ ਤਿਆਗਦੇ ਹੋਏ ਸਕੂਲ ਛੱਡ ਦੇਣ।ਦਸਵੀਂ ਵਿਚ ਪੜ੍ਹਦੇ ਭਗਤ ਸਿੰਘ ਨੇ ਸਕੂਲ ਛੱਡ ਦਿੱਤਾ।1922 ਵਿਚ ਦੇਸ਼ ਭਗਤਾਂ ਨੇ ਲਾਹੌਰ ਨੈਸ਼ਨਲ ਕਾਲਜ ਖੋਲ੍ਹ ਕੇ ਨੌਜਵਾਨਾਂ ਲਈ ਦੇਸੀ ਤਰਜ਼ ਦੀ ਦੇਸ਼ ਭਗਤੀ ਦੀ ਵਿੱਦਿਆ ਦੇਣ ਦਾ ਪ੍ਰਬੰਧ ਕੀਤਾ।ਪਰ ਭਗਤ ਸਿੰਘ ਨੇ ਅਜੇ ਦਸਵੀਂ ਪਾਸ ਨਹੀਂ ਸੀ ਕੀਤੀ। ਉਸ ਨੇ ਬਹੁਤ ਮਿਹਨਤ ਕਰਕੇ ਵਿਸ਼ੇਸ਼ ਟੈਸਟ ਪਾਸ ਕਰਕੇ ਕਾਲਜ ਵਿਚ ਦਾਖਲਾ ਲਿਆ।ਇਥੇ ਉਹ ਰਾਜਨੀਤੀ, ਸਾਹਿਤ, ਭਾਸ਼ਾ, ਧਰਮ, ਇਤਿਹਾਸ, ਦਰਸ਼ਨ, ਸਮਾਜ ਸ਼ਾਸਤਰ ਆਦਿ ਵਿਸ਼ਿਆਂ ਦਾ ਨਾ ਕੇਵਲ ਵਿਦਿਆਰਥੀ ਬਣਿਆਂ ਸਗੋਂ ਖੋਜਾਰਥੀ ਹੋ ਨਿਬੜਿਆ।ਉਸ ਸਮੇਂ ਪੰਜਾਬ ਵਿਚ ਮਜ਼ਹਬਾਂ ਦੀ ਆੜ ਵਿਚ ਭਾਸ਼ਾ ਦੇ ਨਾਂ ਤੇ ਵੱਡਾ ਬਖੇੜਾ ਤੇ ਬਹਿਸ ਚੱਲ ਰਹੀ ਸੀ।16-17 ਸਾਲਾ ਭਗਤ ਸਿੰਘ ਨੇ ਆਪਣੇ ਲੰਮੇ ਲੇਖ, ਜਿਸ ਦਾ ਅਸੀਂ ਉਪਰ ਵੀ ਜ਼ਿਕਰ ਕੀਤਾ ਹੈ, ਰਾਹੀਂ ਭਾਸ਼ਾ ਦੇ ਮਹੱਤਵ ਨੂੰ ਲੈ ਕੇ ਪੰਜਾਬ ਦੀ ਭਾਸ਼ਾ ਅਤੇ ਲਿੱਪੀ ਸਬੰਧੀ ਵਿਚਾਰ ਪ੍ਰਗਟ ਕੀਤੇ।ਉਹ ਪੰਜਾਬ ਵਿਚ ਪੰਜਾਬੀ ਭਾਸ਼ਾ ਦੇ ਮਹੱਤਵ ਦੀ ਗੱਲ ਕਰਦਿਆਂ ਲਿਖਦਾ ਹੈ-
“ਸੰਸਕ੍ਰਿਤ ਦਾ ਸਾਰਾ ਸਾਹਿਤ ਹਿੰਦੂ ਸਮਾਜ ਨੂੰ ਮੁੜ ਸੁਰਜੀਤ ਨਾ ਕਰ ਸਕਿਆ। ਇਸ ਲਈ ਮੌਕੇ ਮੁਤਾਬਿਕ ਭਾਸ਼ਾ ਵਿਚ ਨਵੇਂ ਸਾਹਿਤ ਦੀ ਸਿਰਜਨਾ ਕੀਤੀ ਗਈ। ਉਸ ਮੌਕੇ ਮੁਤਾਬਕ ਭਾਵ ਦੇ ਸਾਹਿਤ ਨੇ ਆਪਣਾ ਜੋ ਪ੍ਰਭਾਵ ਦਿਖਾਇਆ ਉਹੀ ਅਸੀਂ ਅੱਜ ਤੱਕ ਅਨੁਭਵ ਕਰਦੇ ਹਾਂ।…|| ਔਖੀ ਸੰਸਕ੍ਰਿਤ ਦੇ ਮੰਤਰ ਅਤੇ ਪੁਰਾਣੀ ਅਰਬੀ ਦੀਆਂ ਆਇਤਾਂ ਏਨੀਆਂ ਅਸਰਦਾਰ ਨਹੀਂ ਹੋ ਸਕਦੀਆਂ ਜਿੰਨੀਆਂ ਕਿ ਆਪਣੀ ਭਾਸ਼ਾ ਦੀਆਂ ਸਧਾਰਨ ਗੱਲਾਂ।”
ਉਹ ਦੂਸਰੀਆਂ ਭਾਰਤੀ ਭਾਸ਼ਾਵਾਂ ਦੀ ਸਥਿਤੀ ਦਾ ਵਰਨਣ ਕਰਦਾ ਹੋਇਆ ਪੰਜਾਬੀ ਦੀ ਤੱਤਕਾਲੀਨ ਸਥਿਤੀ ਦਾ ਵਿਸ਼ਲੇਸ਼ਣ ਕਰਦਾ ਹੈ-
“ਦੂਜੇ ਸੂਬਿਆਂ ਵਿਚ ਅਸੀਂ ਦੇਖਦੇ ਹਾਂ ਕਿ ਮੁਸਲਮਾਨਾਂ ਨੇ ਸੂਬਾਈ ਭਾਸ਼ਾ ਨੂੰ ਖ਼ੂਬ ਅਪਨਾ ਲਿਆ ਹੈ। ਬੰਗਾਲ ਦੇ ਸਾਹਿਤਕ ਖੇਤਰ ਵਿਚ ਕਵੀ ਨਜ਼ਰ-ਉਲ-ਇਸਲਾਮ ਇਕ ਚਮਕਦਾ ਸਿਤਾਰਾ ਹੈ। ਹਿੰਦੀ ਕਵੀਆਂ ਵਿੱਚ ਲਤੀਫ ਹੁਸੈਨ ਨਟਵਰ ਉਲੇਖਨੀਯ ਹੈ।ਏਸੇ ਤਰ੍ਹਾਂ ਗੁਜਰਾਤ ਵਿਚ ਵੀ ਹੈ।ਪਰ ਬਦਕਿਸਮਤੀ ਹੈ ਪੰਜਾਬ ਦੀ। ਏਥੇ ਮੁਸਲਮਾਨਾਂ ਦਾ ਸਵਾਲ ਤਾਂ ਵੱਖਰਾ ਰਿਹਾ, ਹਿੰਦੂ ਸਿੱਖ ਵੀ ਇਸ ਗੱਲ ਤੇ ਨਹੀਂ ਮਿਲ ਸਕੇ।”
ਅਸੀਂ ਭਗਤ ਸਿੰਘ ਨੂੰ ਸਿਰਫ ਅਣਖੀਲੇ, ਨਿਡਰ ਅਤੇ ਹਿੰਸਕ ਯੋਧੇ ਦੇ ਰੂਪ ਵਿਚ ਹੀ ਸਥਾਪਤ ਕੀਤਾ ਹੈ। ਬਹੁਤ ਸੂਖਮ ਅਤੇ ਸੰਵੇਦਨਸ਼ੀਲ ਮਨ ਵਾਲੇ ਕੋਮਲ ਭਾਵੀ ਭਗਤ ਸਿੰਘ ਸਾਡੇ ਲੋਕ ਮਨ ਦਾ ਭਾਗ ਨਹੀਂ ਬਣਿਆਂ।1923-24 ਵਿਚ ਜਦ ਪਹਿਲੀ ਵਾਰ ਘਰੋਂ ਕਾਨਪੁਰ ਜਾ ਕੇ ਗਣੇਸ਼ ਸ਼ੰਕਰ ਵਿਦਿਆਰਥੀ ਦੇ ਪ੍ਰਤਾਪ ਅਖਬਾਰ ਵਿਚ ਕੰਮ ਕਰਨ ਲੱਗੇ ਤਾਂ ਉਥੇ ਬੀ| ਕੇ| ਦੱਤ, ਚੰਦਰ ਸ਼ੇਖਰ ਆਜ਼ਾਦ, ਜੈਦੇਵ ਕਪੂਰ, ਰਾਮ ਪ੍ਰਸਾਦ ਬਿਸਮਿਲ, ਸ਼ਿਵ ਵਰਮਾ ਆਦਿ ਇਨਕਲਾਬੀਆਂ ਨਾਲ ਮੇਲ ਹੋਇਆ।ਇਥੇ ਪਾਰਟੀ ਵਾਸਤੇ ਕਿਸੇ ਪਿੰਡ ਡਾਕਾ ਮਾਰਨ ਜਾਣਾ ਪਿਆ। ਇਸ ਘਟਨਾ ਨੇ ਭਗਤ ਸਿੰਘ ਦੇ ਮਨ ਨੂੰ ਵਲੰੂਦਰ ਦਿੱਤਾ।ਉਹ ਬਹੁਤ ਰੋਇਆ ਤੇ ਕਹਿਣ ਲੱਗਾ, “ਆਜ਼ਾਦ ਭਾਰਤ ਦੀ ਕੀ ਤਮੰਨਾ ਲੈ ਕੇ ਅਸੀਂ ਏਦਾਂ ਦੇ ਕੰਮਾਂ ਵਿੱਚ ਭਟਕੇ ਫਿਰਦੇ ਹਾਂ। ਇਹ ਜਬਰਦਸਤੀ ਹਥਿਆਰਾਂ ਦੇ ਜ਼ੋਰ ਪਾਰਟੀ ਲਈ ਪੈਸੇ ਇਕੱਠੇ ਕਰਨਾ ਸਾਨੂੰ ਆਜ਼ਾਦ ਭਾਰਤ ਦੀ ਕੀ ਤਸਵੀਰ ਦੇਵੇਗਾ?” ਇਸ ਸਵਾਲ ਦੇ ਜਵਾਬ ਦੀ ਖੋਜ ਸ਼ੁਰੂ ਹੋਈ। ਇਸੇ ਖੋਜ ਦੀ ਦ੍ਰਿਸ਼ਟੀ ਤੋਂ ਰੂਸ, ਆਇਰਲੈਂਡ, ਇਟਲੀ ਆਦਿ ਦੇਸ਼ਾਂ ਵਿਚ ਚੱਲੇ ਸੰਘਰਸ਼ਾਂ ਦੀਆਂ ਕਹਾਣੀਆਂ ਨੂੰ ਘੋਖਿਆ ਪੜਤਾਲਿਆ ਗਿਆ।ਇਸ ਤਰ੍ਹਾਂ ਭਗਤ ਸਿੰਘ ਨੇ ਇਨਕਲਾਬ ਦੇ ਰਾਹ ਤੁਰਨ ਲੱਗਿਆਂ ਆਪਣੇ ਆਪ ਨੂੰ ਬੰਬਾਂ, ਪਿਸਤੌਲਾਂ ਜਾਂ ਗੋਲੀਆਂ ਨਾਲ ਲੈਸ ਕਰਨ ਦੀ ਥਾਂ ਅਧਿਐਨ ਨਾਲ ਲੈਸ ਕੀਤਾ। 9 ਅਗਸਤ 1925 ਨੂੰ ਕਾਕੋਰੀ ਵਿਖੇ ਸਰਕਾਰੀ ਖ਼ਜ਼ਾਨਾ ਲੁੱਟਣ ਵਾਲੇ ਸਾਰੇ ਇਨਕਲਾਬੀ (ਸਿਵਾਏ ਚੰਦਰ ਸ਼ੇਖਰ ਆਜ਼ਾਦ ਦੇ) ਪਕੜੇ ਗਏ ਤਾਂ ਜਥੇਬੰਦੀ ਦੀ ਲੀਡਰਸ਼ਿਪ ਦੀ ਜਿੰਮੇਵਾਰੀ ਦਾ ਸਾਰਾ ਭਾਰ ਭਗਤ ਸਿੰਘ ਹੋਰਾਂ ਤੇ ਆਣ ਪਿਆ।ਉਸ ਵੇਲੇ ਆਪਣੀ ਮਨੋ-ਸਥਿਤੀ ਦਾ ਭਗਤ ਸਿੰਘ ਨੇ ਇਸ ਤਰ੍ਹਾਂ ਵਰਨਣ ਕੀਤਾ ਹੈ-
“ਅਧਿਐਨ ਕਰਨ ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ਵਿਚ ਉਭਰਦੀਆਂ ਰਹੀਆਂ।ਅਧਿਐਨ ਕਰ, ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਯੋਗ ਹੋ ਜਾਏਂ।ਆਪਣੇ ਸਿਧਾਂਤ ਦੀ ਹਮਾਇਤ ਵਿਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਅਨ ਕਰ।ਮੈਂ ਅਧਿਅਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਤੇ ਵਿਸ਼ਵਾਸਾਂ ਵਿਚ ਬਹੁਤ ਵੱਡੀ ਤਬਦੀਲੀ ਆ ਗਈ।ਸਾਡੇ ਤੋਂ ਪਹਿਲਾਂ ਦੇ ਇਨਕਲਾਬੀਆਂ ਵਿਚ ਸਿਰਫ ਤਸ਼ੱਦਦ ਦੇ ਤੌਰ ਤਰੀਕਿਆਂ ਦਾ ਰੋਮਾਂਸ ਏਨਾ ਭਾਰੂ ਸੀ, ਹੁਣ ਉਹਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ।”
1927 ਦੇ ਅਖੀਰ ਵਿੱਚ ਭਗਤ ਸਿੰਘ ਤੋਂ ਉਸ ਦੇ ਬਚਪਨ ਦੇ ਦੋਸਤ ਅਮਰ ਚੰਦ, ਜੋ ਅਮਰੀਕਾ ਵਿਚ ਪੜ੍ਹਨ ਗਿਆ ਹੋਇਆ ਸੀ, ਦੀ ਮਾਤਾ ਨੇ ਆਪਣੇ ਪੁੱਤਰ ਨੂੰ ਖਤ ਲਿਖਵਾਇਆ।ਭਗਤ ਸਿੰਘ ਨੇ ਆਪਣੇ ਵਲੋਂ ਵੀ ਅਮਰ ਚੰਦ ਨੂੰ ਇਕ ਚਿੱਠੀ ਲਿਖ ਕੇ ਉਸੇ ਲਿਫਾਫੇ ਵਿਚ ਪਾਈ। ਇਸ ਚਿੱਠੀ ਵਿਚ ਮੁੱਖ ਤੌਰ ਤੇ ਆਪਣੇ ਹਾਲਾਤ ਦਾ ਵਰਨਣ ਕੀਤਾ ਸੀ। ਇਸ ਵਿਚ ਉਹ ਆਪਣੇ ਦੋਸਤ ਨੂੰ ਇਹ ਵੀ ਲਿਖਦਾ ਹੈ-
“ਭਾਈ ਖੂਬ ਦਿਲ ਲਾ ਕੇ ਤਾਲੀਮ ਹਾਸਲ ਕਰਦੇ ਜਾਓ।…ਕਦੀ ਮੌਕਾ ਮਿਲੇ ਤਾਂ ਕੋਈ ਚੰਗੀਆਂ ਚੰਗੀਆਂ ਕਿਤਾਬਾਂ ਭੇਜਣ ਦੀ ਤਕਲੀਫ ਉਠਾਣਾ। ਆਖਰ ਅਮਰੀਕਾ ਵਿਚ ਲਿਟਰੇਚਰ ਤਾਂ ਬਹੁਤ ਹੈ।”
ਇਸ ਤੋਂ ਉਸ ਦੇ ਸਾਹਿਤ ਅਤੇ ਅਧਿਅਨ ਪ੍ਰਤੀ ਲਗਾਓ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।ਰੂਪੋਸ਼ੀ ਦੇ ਸਮੇਂ ਜਦ ਉਸ ਦੀ ਕਮੀਜ਼ ਤੇ ਪਜਾਮਾ ਵੀ ਸਾਥ ਛੱਡ ਗਏ, ਉਸ ਕੋਲ ਪਹਿਨਣ ਲਈ ਸਿਰਫ ਇਕ ਫਟਿਆ ਪੁਰਾਣਾ ਖੱਦਰ ਦਾ ਕੋਟ ਅਤੇ ਇੱਕ ਚਾਦਰ ਸੀ, ਉਸ ਸਮੇਂ ਵੀ ਉਸ ਕੋਲ ਕੋਈ ਨਾ ਕੋਈ ਵਧੀਆ ਕਿਤਾਬ ਜ਼ਰੂਰ ਹੁੰਦੀ ਸੀ।ਅਧਿਐਨ ਦੇ ਨਾਲ ਨਾਲ ਦੂਸਰਿਆਂ ਨੂੰ ਵੀ ਪੜ੍ਹਾਉਣਾ ਸ਼ੁਰੂ ਕੀਤਾ। ਬਾਹਰਲੇ ਚੰਗੇਰੇ ਸਾਹਿਤ ਦੇ ਤਰਜੁਮੇ ਕੀਤੇ।ਬੱਬਰ ਅਕਾਲੀ ਲਹਿਰ, ਗਦਰ ਲਹਿਰ, ਕੂਕਾ ਲਹਿਰ ਅਤੇ ਭਾਰਤ ਦੀ ਆਜ਼ਾਦੀ ਨਾਲ ਸਬੰਧਤ ਹੋਰ ਲਹਿਰਾਂ ਅਤੇ ਇਹਨਾਂ ਨਾਲ ਜੁੜੇ ਦੇਸ਼ ਭਗਤਾਂ ਸਬੰਧੀ ਸਿਲਸਿਲੇਵਾਰ ਲਿਖਿਆ।ਕਿਰਤੀ ਅਖ਼ਬਾਰ ਦੇ ਸੰਪਾਦਨ ਦੀ ਜ਼ਿੰਮੇਵਾਰੀ ਨਿਭਾਉਣੀ ਸ਼ੁਰੂ ਕੀਤੀ।ਦੁਨੀਆਂ ਵਿਚ ਵਾਪਰ ਰਹੀਆਂ ਵਿਚਾਰਧਾਰਕ ਅਤੇ ਰਾਜਨੀਤਕ ਤਬਦੀਲੀਆਂ ਬਾਰੇ ਖੂਬ ਲਿਖਿਆ।ਕਾਕੋਰੀ ਕਾਂਡ ਨਾਲ ਸਬੰਧਤ ਇਨਕਲਾਬੀਆਂ ਬਾਰੇ ਲੇਖ ਲੜੀ ਲਿਖੀ।ਉਸ ਨੇ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਚਾਰ ਜ਼ੁਬਾਨਾਂ ਵਿਚ ਇੱਕੋ ਜਿੰਨਾ ਵਧੀਆ ਲਿਖਣ ਦੀ ਮੁਹਾਰਤ ਹਾਸਿਲ ਕੀਤੀ।ਉਸ ਦੇ ਦੁਆਰਾ ਤੱਥਾਂ ਅਧਾਰਿਤ ਲਿਖੀ ਸੰਘਣੀ ਵਾਰਤਕ ਵਿੱਚ ਵੀ ਕਵਿਤਾ ਵਰਗੇ ਸੰਗੀਤ ਸੀ ਛਣਕਾਰ ਤੇ ਰਵਾਨੀ ਹੁੰਦੀ ਸੀ-
“ਅਨਿਆਈ ਪ੍ਰਬੰਧ! ਉਹ ਲੋਕ ਜੋ ਮਹੱਲ ਬਣਾਉਂਦੇ ਹਨ ਝੌਂਪੜੀਆਂ ਵਿਚ ਰਹਿੰਦੇ ਹਨ। ਉਹ ਲੋਕ ਜੋ ਸੋਹਣੀਆਂ ਸੋਹਣੀਆਂ ਅਤੇ ਆਰਾਮ ਦੇਣ ਵਾਲੀਆਂ ਚੀਜ਼ਾਂ ਬਣਾਉਂਦੇ ਹਨ ਪੁਰਾਣੀਆਂ ਅਤੇ ਗੰਦੀਆਂ ਚਟਾਈਆਂ ਤੇ ਸੌਂਦੇ ਹਨ।ਐਸਾ ਕਿਉਂ ਰਹਿਣਾ ਚਾਹੀਦਾ ਹੈ?ਜੇ ਐਸੀ ਹੀ ਹਾਲਤ ਪਿਛਲੇ ਸਮੇਂ ਵਿੱਚ ਰਹੀ ਹੈਤਾਂ ਆਉਂਣ ਵਾਲੇ ਸਮੇਂ ਵਿਚ ਕਿਉਂ ਨਹੀਂ ਹੋਰ ਹੋਣੀ ਚਾਹੀਦੀ?ਜੇ ਅਸੀਂ ਚਾਹੁੰਦੇ ਹਾਂ ਕਿ ਹਿੰਦੋਸਤਾਨੀਆਂ ਦੀ ਹਾਲਤ ਅੱਜ ਨਾਲੋਂ ਚੰਗੀ ਹੋਵੇ ਤਾਂ ਇਹ ਹਾਲਤ ਤਬਦੀਲ ਹੋਣੀ ਚਾਹੀਦੀ ਹੈ।ਸਾਨੂੰ ਤਬਦੀਲ ਕਰਨੀ ਚਾਹੀਦੀ ਹੈ।”
ਅੱਜ ਕੱਲ੍ਹ ਬਹੁਤੇ ਪੋਸਟਰਾਂ ਵਿਚ ਭਗਤ ਸਿੰਘ ਨੂੰ ਪਿਸਤੌਲ ਚੁੱਕੀ ਦਿਖਾਇਆ ਹੁੰਦਾ ਹੈ।ਪਰ ਭਗਤ ਸਿੰਘ ਨੇ ਅੰਗਰੇਜ਼ੀ ਸਾਮਰਾਜ ਵਿਰੱਧ ਵਿੱਢੀ ਜੰਗ ਵਿੱਚ ਜਿਹੜਾ ਪਹਿਲਾ ਹਥਿਆਰ ਚੁੱਕਿਆ ਸੀ ਉਹ ਪਿਸਤੌਲ ਨਹੀਂ ਸਗੋਂ ਕਲਮ ਸੀ।ਗੁਰੂ ਗੋਬਿੰਦ ਸਿੰਘ ਸੰਗੀਤ, ਕਾਵਿ, ਦਰਸ਼ਨ, ਨਾਟਕ, ਸੰਵਾਦ ਆਦਿ ਸਭ ਵਸੀਲਿਆਂ ਦੇ ਭਰਵੇਂ ਉਪਯੋਗ ਤੋਂ ਮਗਰੋਂ ਹੀ ਹਥਿਆਰ ਉਠਾਉਣ ਨੂੰ ਵਾਜਿਬ ਮੰਨਦੇ ਹਨ-
ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ
ਇਸੇ ਤਰ੍ਹਾਂ ਹਿੰਸਾ ਭਗਤ ਸਿੰਘ ਦਾ ਵੀ ਮਨਭਾਉਂਦਾ ਪਹਿਲਾ ਹਥਿਆਰ ਕਦਾਚਿੱਤ ਨਹੀਂ ਸੀ। ਉਹ ਲਿਖਦਾ ਹੈ-
“ਸਖਤ ਲੋੜ ਵੇਲੇ ਤਾਕਤ ਦੀ ਵਰਤੋਂ ਜਾਇਜ਼ ਹੈ ਪਰ ਅਹਿੰਸਾ ਸਾਰੀਆਂ ਜਨਤਕ ਲਹਿਰਾਂ ਦੀ ਅਟੁੱਟ ਨੀਤੀ ਹੈ।”
ਭਗਤ ਸਿੰਘ ਅਤੇ ਬੀ. ਕੇ. ਦੱਤ ਵਲੋਂ 8 ਅਪਰੈਲ 1929 ਨੂੰ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟਣ ਮਗਰੋਂ ਸੁੱਟੇ ਪੈਂਫਲੇਟਾਂ ਵਿਚ ਹਿੰਸਾ-ਅਹਿੰਸਾ ਬਾਰੇ ਵਿਚਾਰਾਂ ਨੂੰ ਸਪੱਸ਼ਟ ਕੀਤਾ ਗਿਆ ਸੀ-
“ਅਸੀਂ ਮਨੁੱਖੀ ਜੀਵਨ ਨੂੰ ਬੜਾ ਪਵਿੱਤਰ ਮੰਨਦੇ ਹਾਂ ਅਤੇ ਉਸ ਦੇ ਸੁਨਹਿਰੀ ਭਵਿੱਖ ਦਾ ਸੁਪਨਾ ਵੇਖਦੇ ਹਾਂ ਜਦੋਂ ਮਨੁੱਖ ਪੂਰਨ ਸ਼ਾਂਤੀ ਤੇ ਆਜ਼ਾਦੀ ਨਾਲ ਵਿਚਰੇਗਾ।ਸਾਨੂੰ ਇਹ ਪਰਵਾਨ ਕਰਦਿਆਂ ਦੁੱਖ ਹੁੰਦਾ ਹੈ ਅਸੀਂ ਇਨਸਾਨੀ ਖ਼ੂਨ ਡੋਲ੍ਹਣ ਤੇ ਮਜਬੂਰ ਕੀਤੇ ਹਏ ਹਾਂ।”
ਅਸੈਂਬਲੀ ਬੰਬ ਕੇਸ ਵਿੱਚ ਭਗਤ ਸਿੰਘ ਦਾ ਅਦਾਲਤੀ ਬਿਆਨ ਸੀ
“ਇਨਕਲਾਬ ਵਾਸਤੇ ਖੂਨੀ ਲੜਾਈਆਂ ਜ਼ਰੂਰੀ ਨਹੀਂ ਹਨ ਅਤੇ ਨਾ ਹੀ ਇਸ ਵਿਚ ਨਿੱਜੀ ਬਦਲੇ ਲਈ ਕੋਈ ਥਾਂ ਹੈ।ਇਹ ਬੰਬ ਅਤੇ ਪਿਸਤੌਲ ਦਾ ਫਿਰਕਾ ਨਹੀਂ। ਇਨਕਲਾਬ ਤੋਂ ਸਾਡਾ ਮਤਲਬ ਹੈ ਕਿ ਨੰਗੇ ਅਨਿਆਂ ਉਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਜ਼ਰੂਰ ਬਦਲਣਾ ਚਾਹੀਦਾ ਹੈ।”
ਇਸੇ ਦੌਰਾਨ 19 ਅਕਤੂਬਰ 1929 ਨੂੰ ਪੰਜਾਬ ਸਟੂਡੈਂਟ ਯੂਨੀਅਨ ਦੀ ਦੂਸਰੀ ਕਾਨਫਰੰਸ, ਜਿਸ ਦੇ ਸਭਾਪਤੀ ਨੇਤਾ ਜੀ ਸੁਭਾਸ਼ ਚੰਦਰ ਬੋਸ ਸਨ, ਵਿਚ ਭਗਤ ਸਿੰਘ ਹੋਰਾਂ ਦੁਆਰਾ ਘੱਲੇ ਸੰਦੇਸ਼ ਵਿਚ ਦਰਜ ਸੀ-
“ਅਸੀਂ ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ।ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਜ਼ਿਆਦਾ ਵੱਡੇ ਕੰਮ ਹਨ।”
ਕਿੳਂਕਿ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਅੰਗਰੇਜ਼ ਪੁਲਿਸ ਅਫਸਰ ਸਾਂਡਰਸ ਦਾ ਕਤਲ ਕਰਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ ਇਸ ਲਈ ਸਾਨੂੰ ਲੱਗਦਾ ਹੈ ਕਿ ਉਹਨਾਂ ਦੇ ਮਨਾਂ ਵਿਚ ਲਾਲਾ ਜੀ ਪ੍ਰਤੀ ਬਹੁਤ ਸ਼ਰਧਾ ਦਾ ਭਾਵ ਸੀ।ਸਾਨੂੰ ਲੱਗਦਾ ਹੈ ਕਿ ਗਰਮ ਖਿਆਲੀਏ ਹੋਣ ਕਰਕੇ ਲਾਲਾ ਜੀ ਇਹਨਾਂ ਇਨਕਲਾਬੀਆ ਦੇ ਸਰਪਰਸਤ ਹੋਣਗੇ ਅਤੇ ਉਹਨਾਂ ਦੀ ਕਿਸੇ ਬੁਲੰਦ ਸਖ਼ਸ਼ੀਅਤ, ਉਚ ਆਦਰਸ਼ਾਂ ਅਤੇ ਦੇਸ਼ ਭਗਤੀ ਕਾਰਨ ਭਗਤ ਸਿੰਘ ਅਤੇ ਉਸ ਦੇ ਸਾਥੀ ਲਾਲਾ ਜੀ ਦੇ ਅਨਿਨ ਭਗਤ ਹੋਣਗੇ।ਪਰ ਅਸਲੀਅਤ ਇਸ ਤੋਂ ਉਲਟ ਸੀ।ਭਗਤ ਸਿੰਘ ਤੇ ਉਸਦੇ ਸਾਥੀ ਲਾਲਾ ਲਾਜਪਤ ਰਾਏ ਦੀਆਂ ਇਨਲਾਬੀ ਲਹਿਰ ਨਾਲ ਧ੍ਰੋਹ ਕਰਨ, ਵਿਦੇਸ਼ਾਂ ‘ਚੋਂ ਆਜ਼ਾਦੀ ਸੰਗਰਾਮ ਦੇ ਨਾਂ ਤੇ ਧਨ ਇਕੱਠਾ ਕਰਕੇ ਆਪਣੀ ਮਰਜ਼ੀ ਅਤੇ ਹਿੱਤ ਮੁਤਾਬਕ ਵਰਤਣ ਅਤੇ ਫੋਕੀ ਲੀਡਰੀ ਚਮਕਾਉਣ ਵਰਗੀਆਂ ਸੁਆਰਥੀ ਕਾਰਵਾਈਆਂ ਤੋਂ ਬੜੀ ਸ਼ਲੀਨਤਾ ਅਤੇ ਦਲੀਲ ਨਾਲ ਪਰਦਾ ਚੁੱਕਦੇ ਰਹੇ ਸਨ।ਸਾਂਡਰਸ ਦਾ ਕਤਲ ਇਕ ਮਨੱੁਖ ਦੀ ਮੌਤ ਦਾ ਦੂਸਰੇ ਮਨੁੱਖ ਨੂੰ ਮਾਰ ਕੇ ਲਿਆ ਨਿੱਜੀ ਕਿਸਮ ਦਾ ਬਦਲਾ ਨਹੀਂ ਸੀ।ਇਹ ਅੰਗਰੇਜ਼ੀ ਹਕੂਮਤ ਦੇ ਕਾਲੇ ਕਾਨੂੰਨ ਵਿਰੱੁਧ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਵਾਲੇ ਇਕ ਭਾਰਤੀ ਆਗੂ ਦੀ ਪੁਲਿਸ ਦੀਆਂ ਡਾਂਗਾਂ ਦੀਆ ਸੱਟਾਂ ਨਾਲ ਹੋਈ ਮੌਤ ਕਾਰਨ ਦੇਸ਼ ਵਾਸੀਆਂ ਦੇ ਡਿੱਗੇ ਕੌਮੀ ਮਨੋਬਲ ਨੂੰ ਮੁੜ ਉਭਾਰਨ ਲਈ ਕੀਤਾ ਗਿਆ ਕਾਰਨਾਮਾ ਸੀ।
ਦੂਜੇ ਪਾਸੇ ਅਸੀਂ ਭਗਤ ਸਿੰਘ ਅਤੇ ਮਹਾਤਮਾ ਗਾਂਧੀ ਨੂੰ ਇੱਕ ਦੂਸਰੇ ਦੇ ਕੱਟੜ ਵਿਰੋਧੀ ਅਤੇ ਦੁਸ਼ਮਣ ਤਸਲੀਮ ਕਰਦੇ ਹਾਂ।ਭਗਤ ਸਿੰਘ ਦੇ ਪ੍ਰਸੰਸਕ ਅਖਵਾਉਣ ਲਈ ਗਾਂਧੀ ਨੂੰ ਗਾਲ੍ਹਾਂ ਕੱਢਣਾ ਜ਼ਰੂਰੀ ਸ਼ਰਤ ਮੰਨੀ ਜਾਣ ਲੱਗੀ ਹੈ।ਭਗਤਸਿੰਘਵਾਦੀ ਦਰਸਾਉਣ ਲਈ ਗਾਂਧੀ ਅਤੇ ਭਗਤ ਸਿੰਘ ਦੇ ਵਿਚਾਰਾਂ ਅਤੇ ਲਿਖਤਾਂ ਨੂੰ ਪੜ੍ਹੇ ਬਗੈਰ ਹੀ ਗਾਂਧੀ ਨੂੰ ਨਿੰਦਣਾ ਭੰਡਣਾ ਆਪਣਾ ਹੱਕ ਸਮਝਦੇ ਹਾਂ। ਉਸ ਦੇ ਇਖ਼ਲਾਕ ਅਤੇ ਚਰਿੱਤਰ ਬਾਰੇ ਏਨੀਆਂ ਘਟੀਆ ਅਤੇ ਕਮੀਨੀਆਂ ਗੱਲਾਂ ਕਰਦੇ ਹਾਂ ਜਿਹੜੀਆਂ ਕਿਸੇ ਸਧਾਰਨ ਆਦਮੀ ਬਾਰੇ ਵੀ ਕਰਨੀਆਂ ਵਾਜਿਬ ਨਹੀਂ।ਪਰ ਭਗਤ ਸਿੰਘ ਭਾਵੇਂ ਗਾਂਧੀ ਦੇ ਵਿਚਾਰਾਂ ਅਤੇ ਸਿਆਸਤ ਨੂੰ ਕਿਰਤੀ ਲੋਕਾਂ ਦੇ ਹਿੱਤ ਵਿਚ ਨਹੀਂ ਸੀ ਮੰਨਦਾ ਪਰ ਉਸ ਦੇ ਇਖ਼ਲਾਕ ਅਤੇ ਸੁਹਿਰਦਤਾ ਤੇ ਕਦੇ ਕਿੰਤੂ ਨਹੀਂ ਕੀਤਾ।ਭਾਵੇਂ ਗਾਂਧੀ ਦੁਆਲੇ ਆਪਣੇ ਹਿੱਤਾਂ ਖਾਤਰ ਜੁੜੀ ਖ਼ੁਦਗਰਜ਼ ਸਰਮਾਏਦਾਰੀ ਨੂੰ ਉਹ ਆਮ ਭਾਰਤੀ ਜਨਤਾ ਲਈ ਵੱਡਾ ਖ਼ਤਰਾ ਮੰਨਦਾ ਸੀ ਪਰ ਉਸ ਦੀ ਸਿਆਸੀ ਸ਼ਕਤੀ ਅਤੇ ਜੁਗਤਾਂ ਦਾ ਕਾਇਲ ਸੀ।ਉਹ ਲਿਖਦਾ ਹੈ-
“ਗਾਂਧੀ ਇਕ ਦਿਆਲੂ ਮਾਨਵਤਾਵਾਦੀ ਆਦਮੀ ਹੈ ਪਰ ਅਜਿਹੇ ਦਿਆਲੂਪੁਣੇ ਨਾਲ ਸਮਾਜਕ ਤਬਦੀਲੀ ਨਹੀਂ ਆਉਂਦੀ, ਸਗੋਂ ਉਸ ਲਈ ਇਕ ਵਿਗਿਆਨਕ ਅਤੇ ਗਤੀਸ਼ੀਲ ਸਮਾਜਕ ਸ਼ਕਤੀ ਦੀ ਜ਼ਰੂਰਤ ਹੈ।…ਇਹ ਲਹਿਰ ਜੋ ਅੱਜ ਹੈ ਇਸ ਨੂੰ ਗਾਂਧੀਵਾਦ ਕਹਿਣਾ ਹੀ ਠੀਕ ਹੈ।…ਇਸ ਦਾ ਤਰੀਕਾ ਅਨੂਠਾ ਹੈ, ਪਰ ਇਸ ਦੇ ਵਿਚਾਰ ‘ਵਿਚਾਰੇ ਲੋਕਾਂ’ ਦੇ ਕਿਸੇ ਕੰਮ ਦੇ ਨਹੀਂ।…ਇਸ (ਗਾਂਧੀ) ਨੂੰ ਚਲਾਉਣ ਵਾਲੇ ਵੀ ਦੇਸ਼ ਦੇ ਅਜਿਹੇ ਲੋਕ ਹਨ, ਜਿਨ੍ਹਾਂ ਦਾ ਹਿੱਤ ਇਸ ਨਾਲ ਬੱਝਾ ਹੈ, ਉਹ ਆਪਣੇ ਹਿੱਤਾਂ ਨਾਲ ਬੁਰਜਵਾ ਹੱਠ ਰਾਹੀਂ ਚਿਪਕੇ ਹੋਏ ਹਨ।…ਇਸ ਨੂੰ ਤਾਂ ਇਸ ਦੇ ਦੋਸਤਾਂ ਤੋਂ ਬਚਾਉਣ ਦੀ ਲੋੜ ਹੈ। ਗਾਂਧੀਵਾਦ ਆਪਣੇ ਭਾਣਾ ਮੰਨਣ ਦੇ ਮੱਤ ਰੱਖਣ ਦੇ ਬਾਵਜੂਦ ਇਨਕਲਾਬੀ ਵਿਚਾਰਾਂ ਦੇ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ।…ਉਹਨਾਂ ਨੇ ਕਿਰਤੀਆਂ ਨੂੰ ਲਹਿਰ ਵਿਚ ਹਿੱਸੇਦਾਰ ਬਣਾ ਕੇ ਕਿਰਤੀ ਇਨਕਲਾਬ ਲਈ ਰਾਹ ਪਾ ਦਿੱਤਾ ਹੈ।…ਇਨਕਲਾਬੀਆਂ ਨੂੰ ਅਹਿੰਸਾ ਦੇ ਫਰਿਸ਼ਤੇ ਨੂੰ ਉਸਦਾ ਯੋਗ ਥਾਂ ਦੇਣਾ ਚਾਹੀਦਾ ਹੈ।”
ਆਮ ਤੌਰ ਤੇ ਇਹੀ ਮਹਿਸੂਸ ਕੀਤਾ ਜਾਂਦਾ ਹੈ ਕਿ ਭਗਤ ਸਿੰਘ ਭਾਰਤੀਆਂ ਦੀ ਗੁਲਾਮੀ ਅਤੇ ਪੱਛੜੇਪਨ ਲਈ ਅੰਗਰੇਜ਼ੀ ਸਾਮਰਾਜ ਨੂੰ ਹੀ ਜਿੰਮੇਵਾਰ ਸਮਝਦਾ ਸੀ ਅਤੇ ਸਿਰਫ਼ ਅੰਗਰੇਜ਼ਾਂ ਨੂੰ ਦੇਸ਼ ਤੋਂ ਬਾਹਰ ਭਜਾਉਣ ਲਈ ਬੰਦੂਕਾਂ ਚੁੱਕੀ ਫਿਰਦਾ ਸੀ। ਪਰ ਉਹ ਭਾਰਤੀਆਂ ਦੇ ਰਾਜਨੀਤਕ, ਸੱਭਿਆਚਾਰਕ, ਆਤਮਿਕ ਅਤੇ ਮਾਨਸਿਕ ਪਛੜੇਵੇਂ ਲਈ ਜ਼ੋਰ ਸ਼ੋਰ ਨਾਲ ਭਾਰਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਰਿਹਾ ਹੈ।ਅਜਿਹੇ ਪੱਛੜੇਪਨ ਨੂੰ ਚਿਤਵ ਕੇ ਤੜਫਦਾ, ਕਲ਼ਪਦਾ ਤੇ ਵਿਲਕਦਾ ਰਿਹਾ ਹੈ।ਏਨਾ ਹੀ ਨਹੀਂ, ਉਹ ਹਿੰਦ ਵਾਸੀਆਂ ਦੀਆਂ ਰਗਾਂ ‘ਚੋਂ ਇਸ ਪੱਛੜੇਪਨ ਨੂੰ ਹੂੰਝ ਕੇ ਬਾਹਰ ਸੁੱਟਣ ਲਈ ਆਪਣੇ ਸ਼ਬਦਾਂ ਦੀਆਂ ਗੋਲੀਆਂ ਚਲਾਉਂਦਾ ਰਿਹਾ, ਆਪਣੀਆਂ ਲਿਖਤਾਂ ਦੇ ਬੰਬ ਫਟਾਉਂਦਾ ਰਿਹਾ।ਮਹਾਨ ਦੇਸ਼ ਭਗਤਾਂ ਬਾਰੇ ਲਿਖੇ ਲੇਖਾਂ ਵਿਚ ਉਹ ਅਕ੍ਰਿਤਘਣ ਭਾਰਤੀਆਂ ਨੂੰ ਵਾਰ ਵਾਰ ਫਿਟਕਾਰਦਾ ਰਿਹਾ।
ਅਸੀਂ ਭਗਤ ਸਿੰਘ ਦੇ ਪੰਜਾਬੀ ਹੋਣ ਤੇ ਲੱਖ ਚੌੜੇ ਹੁੰਦੇ ਫਿਰੀਏ ਪਰ ਭਗਤ ਸਿੰਘ ਨੂੰ ਸਾਡੀ (ਪੰਜਾਬੀਆਂ ਦੀ) ਮਹਾਨਤਾ ਬਾਰੇ ਕੋਈ ਭਰਮ ਨਹੀਂ ਸੀ। ਉਸ ਨੇ ਆਪਣੇ ਪੰਜਾਬੀ ਜਾਂ ਜੱਟ ਦੀ ਹੋਣ ਜਾਂ ਸਿੱਖ ਭਾਈਚਾਰੇ ਨਾਲ ਸਬੰਧਤ ਹੋਣ ਦੀ ਕਦੇ ਟਾਹਰ ਨਹੀਂ ਮਾਰੀ।ਸਗੋਂ ਇਸ ਤੋਂ ਉਲਟ ਆਪਣੀਆਂ ਲਿਖਤਾਂ ਵਿਚ ਉਹ ਪੰਜਾਬੀਆਂ ਨੂੰ ਹੋਰ ਦੇਸ਼ ਵਾਸੀਆਂ ਦੇ ਮੁਕਾਬਲੇ ਵਧੇਰੇ ਖ਼ੁਦਗਰਜ਼, ਅਕ੍ਰਿਤਘਣ ਅਤੇ ਰਾਜਸੀ ਚੇਤਨਾ ਪੱਖੋਂ ਅਵੇਸਲੇ ਤਸਲੀਮ ਕਰਦਾ ਸੀ। 27 ਫਰਵਰੀ 1926 ਨੂੰ ਹੋਲੀ ਵਾਲੇ ਦਿਨ ਛੇ ਬੱਬਰ ਅਕਾਲੀਆਂ- ਕਿਸ਼ਨ ਸਿੰਘ ਗੜਗੱਜ, ਸੰਤਾ ਸਿੰਘ, ਦਲੀਪ ਸਿੰਘ, ਨੰਦ ਸਿੰਘ, ਕਰਮ ਸਿੰਘ ਅਤੇ ਧਰਮ ਸਿੰਘ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਇਹਨਾਂ ਸੂਰਬੀਰਾਂ ਦੇ ਜੀਵਨ, ਉਦੇਸ਼ ਅਤੇ ਘਾਲਣਾ ਬਾਰੇ ਭਗਤ ਸਿੰਘ ਦਾ ਲੇਖ 15 ਮਾਰਚ 1926 ਦੇ ਪ੍ਰਤਾਪ ਅਖ਼ਬਾਰ ਵਿਚ ਪ੍ਰਕਾਸ਼ਤ ਹੋਇਆ।ਉਹ ਲਿਖਦਾ ਹੈ ਕਿ ਜਿਸ ਦਿਨ ਇਹਨਾਂ ਯੋਧਿਆਂ ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ਦਿੱਤੀ ਗਈ ਅਤੇ ਫਿਰ ਚੁੱਪ ਚਾਪ ਸ਼ਹਿਰ ਦੇ ਸ਼ਮਸ਼ਾਨ ਘਾਟ ਵਿੱਚ ਇਹਨਾਂ ਦੀ ਅੰਤਮ ਕ੍ਰਿਆ ਕੀਤੀ ਗਈ ਉਸ ਦਿਨ ਪੰਜਾਬ ਦੇ ਲੋਕ ਪੂਰੀ ਬੇਸ਼ਰਮੀ ਨਾਲ ਇੱਕ ਦੂਸਰੇ ਤੇ ਰੰਗ ਸੁੱਟ ਕੇ ਹੋਲੀ ਦੀ ਖੁਸ਼ੀ ਮਨਾ ਰਹੇ ਸਨ।ਇਸ ਤੋਂ ਲੱਗਦਾ ਹੈ ਕਿ ਅਸੀਂ ਭਾਵੇਂ ਭਗਤ ਸਿੰਘ ਨੂੰ ਬਹੁਤਾ ਨਹੀਂ ਜਾਣਦੇ ਪਰ ਉਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਸੀ।
ਇਹ ਨਤੀਜਾ ਕੱਢਣਾ ਠੀਕ ਨਹੀਂ ਹੋਵੇਗਾ ਕਿ ਭਗਤ ਸਿੰਘ ਨੂੰ ਆਪਣੀ ਵਿਦਵਤਾ ਅਤੇ ਗਿਆਨ ਦਾ ਕੋਈ ਅਫ਼ਰੇਵਾਂ ਸੀ।ਜਾਂ ਉਹ ਆਮ ਲੋਕਾਂ ਤੋਂ ਰੁੱਸਿਆ ਅਤੇ ਟੁੱਟਿਆ ਹੋਇਆ ਸੀ।ਜਾਂ ਇਨਕਲਾਬ ਦੇ ਹਵਾਈ ਕਿਲੇ ਦੀ ਮਿਰਗ ਤ੍ਰਿਸ਼ਨਾ ਲਈ ਲੁਕਿਆ ਜਾਂ ਭੱਜਿਆ ਫਿਰਦਾ ਗੁਰੀਲਾ ਸੀ।ਇਸ ਤੋਂ ਉਲਟ ਉਹ ਜਨ ਸਧਾਰਨ ਦੇ ਦੁੱਖਾਂ ਤਕਲੀਫ਼ਾਂ ਨਾਲ ਅਤੇ ਤੱਤਕਾਲੀ ਲੋਕ ਲਹਿਰਾਂ ਨਾਲ ਗਹਿਰੀ ਤਰ੍ਹਾਂ ਜੁੜਿਆ ਹੋਇਆ ਸੀ।ਗੁਰਦੁਆਰਾ ਸੁਧਾਰ ਲਹਿਰ ਤਹਿਤ 1924 ਵਿਚ ਜੈਤੋ ਦੇ ਮੋਰਚੇ ਦੌਰਾਨ ਜਥੇ ਜੈਤੋ ਨੂੰ ਜਾ ਰਹੇ ਸਨ। ਸਰਕਾਰ ਵਲੋਂ ਪਾਬੰਦੀ ਸੀ ਕਿ ਇਹਨਾਂ ਜਥਿਆਂ ਨੂੰ ਕੋਈ ਪਾਣੀ ਤੱਕ ਨਾ ਪਿਆਵੇ।ਭਗਤ ਸਿੰਘ ਨੇ ਆਪਣੇ ਪਿੰਡ ਬੰਗੇ ਦੇ ਲੋਕਾਂ ਨੂੰ ਲਾਮਬੰਦ ਕਰਕੇ ਲੰਗਰ ਤਿਆਰ ਕਰਵਾ ਕੇ ਕਮਾਦ ਦੇ ਖੇਤਾਂ ਵਿਚ ਰਖਾਇਆ ਕਿਉਂਕਿ ਪੁਲਿਸ ਵਲੋਂ ਨਾਕਾਬੰਦੀ ਸੀ।ਤੇਰ੍ਹਵੇਂ ਸ਼ਹੀਦੀ ਜਥੇ ਨੂੰ ਰੋਕ ਕੇ ਲੰਗਰ ਛਕਾਇਆ ਗਿਆ।ਉਸ ਨੇ ਜਥੇ ਨੂੰ ਬਹੁਤ ਪ੍ਰਭਾਵਸ਼ਾਲੀ ਅਤੇ ਜਜ਼ਬਾਤੀ ਲੈਕਚਰ ਵੀ ਦਿਤਾ ਕਿ ਬਹੁਤਿਆਂ ਦੀਆਂ ਅੱਖਾਂ ਭਰ ਆਈਆਂ।ਇਸ ਬਦਲੇ ਉਸਦੇ ਵਾਰੰਟ ਨਿਕਲੇ। ਉਹ ਦੁਬਾਰਾ ਕਾਨਪੁਰ ਚਲਿਆ ਗਿਆ। ਉਥੇ ਗਣੇਸ਼ ਸ਼ੰਕਰ ਵਿਦਿਆਰਥੀ ਦੀ ਸਹਾਇਤਾ ਨਾਲ ਅਲੀਗੜ੍ਹ ਜ਼ਿਲੇ ਦੇ ਪਿੰਡ ਸਾਦੀਪੁਰ ਵਿਚ ਨੈਸ਼ਨਲ ਸਕੂਲ ਦਾ ਮੁੱਖ ਅਧਿਆਪਕ ਲੱਗ ਕੇ ਜੀਅ ਜਾਨ ਨਾਲ ਯੋਗਦਾਨ ਪਾਇਆ।ਜਦ ਕਾਨਪੁਰ ਵਿਚ ਭਿਆਨਕ ਹੜ੍ਹ ਆਇਆ ਤਾਂ ਉਸ ਨੇ ਅੱਗੇ ਲੱਗ ਕੇ ਹੜ੍ਹ ਪੀੜਤਾਂ ਦੀ ਸੇਵਾ ਅਤੇ ਸਹਾਇਤਾ ਕੀਤੀ।ਰੂਸੀ ਇਨਕਲਾਬੀਆਂ ਦੀ ਜੀਵਨਸ਼ੈਲੀ ਅਤੇ ਕਾਰਜਸ਼ੈਲੀ ਤੋਂ ਉਹ ਬਲਿਹਾਰੇ ਜਾਂਦਾ ਸੀ। ਜਿਸ ਬਾਰੇ ਉਸ ਨੇ ਪ੍ਰਿੰਸ ਕੋ੍ਰੋਪਾਟਕਿਨ ਦੇ ਹਵਾਲੇ ਨਾਲ ਜੋ ਲਿਖਿਆ ਹੈ ਉਹ ਸਾਡੇ ਦੇਸ਼ ਵਿਚ ਮਜ਼ਦੂਰਾਂ ਅਤੇ ਗਰੀਬ ਲੋਕਾਂ ਦੇ ਸਿਰ ਤੇ ਸਿਆਸਤ ਕਰਨ ਵਾਲਿਆਂ ਨੂੰ ਵੀ ਹਲੂਣ ਦੇਣ ਵਾਲਾ ਹੈ।ਇਸ ਤੋਂ ਪਤਾ ਲੱਗਦਾ ਹੈ ਕਿ ਜੇ ਅੱਜ ਕੱਲ੍ਹ ਵੀ ਝੱੁਗੀਆ ਝੌਂੜੀਆਂ ਦੀ ਗਿਣਤੀ ਵਧ ਰਹੀ ਹੈ ਤਾਂ ਉਸ ਲਈ ਉਹਨਾਂ ਦੇ ਸਿਰੋਂ ਸਿਆਸੀ ਰੋਟੀਆ ਸੇਕਣ ਵਾਲੇ ਉਹਨਾਂ ਦੇ ਅਖੌਤੀ ਨੁਮਾਇੰਦੇ ਬਰਾਬਰ ਦੇ ਨਹੀਂ ਸਗੋਂ ਵਧੇਰੇ ਜਿੰਮੇਵਾਰ ਹਨ।ਵੇਰਵਾ ਇਸ ਤਰ੍ਹਾਂ ਹੈ-
“ਰੂਸੀ ਕਿਸਾਨ ਕਿਸੇ ਵੀ ਸਫੇਦਪੋਸ਼ ਨੂੰ, ਜੋ ਨਾ ਹਲ਼ ਵਾਹੁੰਦਾ ਹੋਵੇ, ਨਾ ਕੋਹਾੜਾ ਚਲਾਉਂਦਾ ਹੋਵੇ, ਜਿਸ ਦੇ ਹੱਥਾਂ ਤੇ ਹਥੌੜਾ ਚਲਾਉਣ ਨਾਲ ਛਾਲੇ ਨਾ ਪਏ ਹੋਣ ਅਤੇ ਜਿਸ ਨੇ ਨਾ ਕਹੀ ਵਾਹੀ ਹੋਵੇ, ਉਸ ਨੂੰ ਆਪਣਾ ਦੁਸ਼ਮਣ ਸਮਝਦੇ ਸਨ। ਪਰ ਇਨਕਲਾਬੀਆਂ ਨੂੰ ਉਹਨਾਂ ਦੀ ਮੁਹੱਬਤ ਤੇ ਵਿਸ਼ਵਾਸ ਚਾਹੀਦਾ ਸੀ। ਇਸ ਕਰਕੇ ਉਹਨਾਂ ਦੇ ਨਾਲ ਮਿਹਨਤ ਕਰਨ ਅਤੇ ਉਹਨਾਂ ਵਾਂਗ ਰਹਿਣ ਦੀ ਲੋੜ ਸੀ।ਅੱਜ ਅਸੀਂ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਦੀਆਂ ਵਧ ਵਧ ਕੇ ਗੱਲਾਂ ਪਏ ਕਰਦੇ ਹਾਂ।ਕਿੰਨੇ ਕੁ ਆਦਮੀ ਇਸ ਤਰ੍ਹਾਂ ਸ਼ਹਿਰਾਂ ਨੂੰ ਛੱਡ ਕੇ ਪਿੰਡਾਂ ਵਾਲਿਆਂ ਵਾਂਗੂੰ ਗੰਦੇ ਮੰਦੇ ਰਹਿਣ ਨੂੰ ਤਿਆਰ ਹੋਣਗੇ? ਪਰ ਓਥੇ ਲੋਕਾਂ ਨੇ ਆਪਣੇ ਕਾਲਜ, ਪਲਟਨਾਂ ਅਤੇ ਕੁਰਸੀਆਂ ਛੱਡ ਦਿੱਤੀਆਂ। ਜੱਟਾਂ ਤੇ ਲੁਹਾਰਾਂ ਵਾਲੇ ਕੰਮ ਸਿੱਖ ਕੇ ਪਿੰਡਾਂ ਨੂੰ ਤੁਰ ਪਏ। ਉਹ! ਕਿੱਡੀ ਵੱਡੀ ਕੁਰਬਾਨੀ ਹੈ!! ਬੜੇ ਬੜੇ ਅਮੀਰ ਖ਼ਾਨਦਾਨਾਂ ਦੀਆਂ ਪਲ਼ੀਆਂ ਹੋਈਆਂ ਬੜੀਆਂ ਨਾਜ਼ੁਕ ਲੜਕੀਆਂ ਕਾਰਖਾਨਿਆਂ ਵਿੱਚ ਮਜ਼ਦੂਰੀ ਕਰਨ ਵਾਸਤੇ ਟੁਰ ਪਈਆਂ। ਦੂਸਰੇ ਮਜ਼ਦੂਰਾਂ ਵਾਂਗ ਘੁਰਨਿਆਂ ਵਿਚ ਸੌਂਦੀਆਂ, ਸੋਲ਼ਾਂ ਸੋਲ਼ਾਂ ਘੰਟੇ ਮਸ਼ੀਨ ਤੇ ਕੰਮ ਕਰਦੀਆਂ। ਨੰਗੇ ਪੈਰੀਂ ਦਰਿਆ ਤੋਂ ਘਰਾਂ ਜੋਗਾ ਪਾਣੀ ਲਿਆਉਂਦੀਆਂ। ਬਸ ਇੱਕੋ ਲਗਨ, ਇਕੋ ਧੁਨ ਵਿਚ ਮਸਤ ਸਨ।ਇਹਨਾਂ ਗਰੀਬਾਂ ਮਜ਼ਦੂਰਾਂ ਨੂੰ ਇਹਨਾਂ ਦੀ ਭੈੜੀ ਹਾਲਾਤ ਦਾ ਗਿਆਨ ਕਰਾਉਣਾ ਅਤੇ ਉਸ ਦਾ ਇਲਾਜ ਦੱਸਣਾ।……ਰੂਸੀ ਯੁੱਗਗਰਦੀ ਦੀ ਦਾਦੀ ਕਹਾਉਣ ਵਾਲੀ ਸ਼੍ਰੀਮਤੀ ਕੈਥੇਰਾਈਨ ਬੜੀ ਅਮੀਰ ਤੇ ਖ਼ੂਬਸੂਰਤ ਔਰਤ ਸੀ।ਉਹ ਵੀ ਇਹਨਾਂ ਵਿਚ ਸ਼ਾਮਲ ਹੋਈ।…|ਅੱਜ ਐਸਾ ਕਰ ਸਕਣ ਦੀ ਹਿੰਮਤ ਕਰ ਸਕਣ ਵਾਲੇ ਕਿੰਨੇ ਕੁ ਆਦਮੀ ਹਿੰਦੋਸਤਾਨ ਵਿਚ ਮੌਜੂਦ ਹਨ?”
ਭਗਤ ਸਿੰਘ ਦਾ ਇਹ ਸਵਾਲ ਆਜ਼ਾਦੀ ਸੰਗਰਾਮ ਦੇ ਮੋਹਰੀਆਂ ਲਈ ਹੀ ਨਹੀਂ ਸਗੋਂ ਅੱਜ ਕੱਲ੍ਹ ਮਜ਼ਦੂਰਾਂ ਦੇ ਹਰੇਕ ‘ਹਮਦਰਦ’, ਗਰੀਬਾਂ ਦੇ ਹਰ ‘ਮਸੀਹੇ’, ਹਰ ਟਰੇਡ ਯੂਨੀਅਨ ਆਗੂ ਅਤੇ ਭਗਤ ਸਿੰਘ ਦੇ ਸੁਪਨਿਆ ਨੂੰ ਸਾਕਾਰ ਕਰਨ ਦੇ ਹਰ ‘ਦਾਅਵੇਦਾਰ’ ਲਈ ਚਣੌਤੀ ਹੈ।
ਉਹ ਜਾਤ ਪਾਤ ਅਧਾਰਿਤ ਸਮਾਜਿਕ ਪ੍ਰਬੰਧ ਦੇ ਬਹੁਤ ਖਿਲਾਫ਼ ਸੀ। ਉਸ ਦੀ ਦਲੀਲ ਸੀ ਕਿ ਜਦ ਤੱਕ ਅਸੀਂ ਕੁਝ ਜਾਤਾਂ ਦੇ ਲੋਕਾਂ ਨੂੰ ਨੀਵੇਂ ਸਮਝਦੇ ਹਾਂ, ਉਹਨਾਂ ਨੂੰ ਸਮਾਜਿਕ ਤੌਰ ਤੇ ਪਿਛਾੜ ਕੇ ਰੱਖਦੇ ਹਾਂ ਅਤੇ ਕਈ ਵਾਰੀ ਤਾਂ ਉਹਨਾਂ ਨਾਲ ਪਸ਼ੂਆਂ ਤੋਂ ਭੈੜਾ ਸਲੂਕ ਕਰਦੇ ਹਾਂ ਤਾਂ ਸਾਨੂੰ ਅੰਗਰੇਜ਼ਾਂ ਤੋਂ ਆਪਣੀ ਬਰਾਬਰੀ ਅਤੇ ਆਜ਼ਾਦੀ ਦੀ ਮੰਗ ਕਰਨ ਦਾ ਕੀ ਨੈਤਿਕ ਅਧਿਕਾਰ ਹੈ?
ਭਗਤ ਸਿੰਘ ਜਜ਼ਬਿਆਂ ਤੋਂ ਕੋਰੀ ਖੁਸ਼ਕ ਸ਼ਖ਼ਸੀਅਤ ਦਾ ਮਾਲਕ ਨਹੀਂ ਸਗੋਂ ਮਾਨਵੀ ਸੰਵੇਦਨਾ ਅਤੇ ਜਜ਼ਬਿਆਂ ਦੀ ਤਰਲਤਾ ਨਾਲ ਗੜੁੱਚ ਸੀ।ਫਾਂਸੀ ਤੋਂ 20 ਦਿਨ ਪਹਿਲਾਂ 3 ਮਾਰਚ 1931 ਨੂੰ ਆਪਣੇ ਭਰਾ ਕੁਲਬੀਰ ਸਿੰਘ ਨੂੰ ਖ਼ਤ ਲਿਖਆ-
“ਅਹਿਸਤਾ ਅਹਿਸਤਾ ਮਿਹਨਤ ਨਾਲ ਪੜ੍ਹਦੇ ਜਾਣਾ। ਅਗਰ ਕੋਈ ਕੰਮ ਸਿੱਖੋ ਤਾਂ ਬਿਹਤਰ ਹੋਵੇਗਾ।ਪਰ ਸਭ ਕੁਝ ਪਿਤਾ ਜੀ ਦੀ ਸਲਾਹ ਨਾਲ ਕਰਨਾ। ਜਿਥੋਂ ਤੱਕ ਹੋ ਸਕੇ ਪਿਆਰ ਨਾਲ ਸਾਰੇ ਜਣੇ ਗੁਜ਼ਾਰਾ ਕਰਨਾ।ਇਸ ਤੋਂ ਬਿਨਾਂ ਕੀ ਕਹਾਂ? ਜਾਣਦਾ ਹਾਂ ਕਿ ਅੱਜ ਤੁਹਾਡੇ ਦਿਲ ਵਿੱਚ ਗ਼ਮ ਦਾ ਸਮੁੰਦਰ ਠਾਠਾਂ ਮਾਰ ਰਿਹਾ ਹੈ।ਤੁਹਾਡੀ ਗੱਲ ਸੋਚ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਰਹੇ ਹਨ।”
ਇਸੇ ਤਰ੍ਹਾਂ ਦਾ ਖਤ ਦੂਸਰੇ ਭਰਾ ਕੁਲਤਾਰ ਸਿੰਘ ਨੂੰ ਲਿਖਿਆ –
“ਅੱਜ ਤੁਹਾਡੀਆਂ ਅੱਖਾਂ ਵਿਚ ਹੰਝੂ ਦੇਖ ਕੇ ਬਹੁਤ ਦੁੱਖ ਹੋਇਆ।ਅੱਜ ਤੁਹਾਡੀਆਂ ਗੱਲਾਂ ਵਿਚ ਬਹੁਤ ਦਰਦ ਸੀ, ਤੁਹਾਡੇ ਹੰਝੂ ਮੇਰੇ ਤੋਂ ਸਹਿਣ ਨਹੀਂ ਹੁੰਦੇ।”
ਉਹ ਕਿਸੇ ਹਉਮੈ ਜਾਂ ਹਿੰਡ ਦੇ ਆਸਰੇ ਅਜਿਹੀ ਸ਼ਹੀਦੀ ਦੇ ਮੁਕਾਮ ਦਾ ਭਾਗੀ ਨਹੀਂ ਬਣਿਆਂ ਸਗੋਂ ਗਹਿਰੀ ਵੇਦਨਾ ਅਤੇ ਕਾਵਿਕ ਊਰਜਾ ਉਸਦੇ ਅੰਸ ਸੰਗ ਸੀ।ਜਦ ਜੇਲ ਵਿਚ ਪੁਰਾਣੇ ਗਦਰੀਆਂ ਦੇ ਸਾਥੀ ਭਾਈ ਰਣਧੀਰ ਸਿੰਘ ਨੇ ਇਹ ਕਹਿ ਕੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਭਗਤ ਸਿੰਘ ਦੇ ਕੇਸ ਕੱਟੇ ਹੋਏ ਹਨ ਤਾਂ ਭਗਤ ਸਿੰਘ ਦਾ ਜਵਾਬ ਤਰਕਸ਼ੀਲਤਾ ਨਾਲੋਂ ਵਧੇਰੇ ਲਰਜਦੀ ਕਾਵਿਕਤਾ ਨਾਲ ਲਬਰੇਜ਼ ਸੀ-
“ਮੈਂ ਸਿੱਖੀ ਦੀ ਬੰਦ ਬੰਦ ਕਟਵਾਉਣ ਦੀ ਰਵਾਇਤ ਦਾ ਕਾਇਲ ਹਾਂ, ਅਜੇ ਤਾਂ ਮੈਂ ਇਕ ਬੰਦ ਕਟਵਾਇਆ ਹੈ, ਉਹ ਵੀ ਪੇਟ ਲਈ ਨਹੀਂ ਦੇਸ਼ ਲਈ, ਜਲਦੀ ਹੀ ਗਰਦਣ ਵੀ ਕਟਵਾਵਾਂਗਾ।”
ਜਿਥੇ ਉਸ ਨੂੰ ਇਸ ਗੱਲ ਦਾ ਅਥਾਹ ਹੌਸਲਾ ਸੀ ਕਿ ਉਹ ਹੱਸਦਿਆਂ ਹੱਸਦਿਆਂ ਫਾਂਸੀ ਚੜ੍ਹ ਕੇ ਵਲੱਖਣ ਢੰਗ ਨਾਲ ਕਰੋੜਾਂ ਭਾਰਤੀ ਨੌਜਵਾਨਾਂ ਤੱਕ ਇਨਕਲਾਬ ਦੇ ਮਹੱਤਵ ਅਤੇ ਉਦੇਸ਼ ਦਾ ਸੁਨੇਹਾ ਪਹੁੰਚਾ ਕੇ ਉਹਨਾਂ ਦਾ ਰਾਹ ਰੁਸ਼ਨਾ ਸਕੇਗਾ ਉਥੇ ਉਸ ਨੂੰ ਇਸ ਗੱਲ ਦਾ ਉਦਰੇਵਾਂ ਸੀ-
“ਦੇਸ਼ ਅਤੇ ਇਨਸਾਨੀਅਤ ਲਈ ਜੋ ਕੁਝ ਕਰਨ ਦੀਆਂ ਹਸਰਤਾਂ ਮੇਰੇ ਦਿਲ ਵਿਚ ਸਨ, ਉਹਨਾਂ ਦਾ ਹਜ਼ਾਰਵਾਂ ਹਿੱਸਾ ਵੀ ਪੂਰਾ ਨਹੀਂ ਕਰ ਸਕਿਆ। ਜੇ ਜਿਉਂਦਾ ਰਹਿ ਸਕਦਾ ਤਾਂ ਸਾਇਦ ਇਹਨਾਂ ਨੂੰ ਪੂਰਾ ਕਰਨ ਦਾ ਮੌਕਾ ਮਿਲਦਾ ਅਤੇ ਮੈਂ ਆਪਣੀਆਂ ਹਸਰਤਾਂ ਪੂਰੀਆਂ ਕਰ ਸਕਦਾ।”
ਭਗਤ ਸਿੰਘ ਦੇ ਇਸ ਉਦਰੇਵੇਂ ਦਾ ਵੀ ਉਸਦੀ ਬਹਾਦਰੀ ਜਿੰਨਾ ਹੀ ਮਹੱਤਵ ਹੈ। ਸ਼ਾਇਦ ਉਸ ਤੋਂ ਵੀ ਵੱਧ।ਜਿਥੇ ਉਸ ਦੀ ਸ਼ਹੀਦੀ ਇਕ ਰੋਸ਼ਨੀ ਹੈ ਉਥੇ ਉਸਦਾ ਉਦਰੇਵਾਂ ਇਸ ਰੌਸ਼ਨੀ ਆਸਰੇ ਅੱਗੇ ਤੁਰਨ ਦਾ ਰਸਤਾ ਹੈ। ਉਸ ਦੀਆਂ ਹਸਰਤਾਂ ਨੂੰ ਅਪਣਾਏ ਬਗੈਰ ਅਸੀਂ ਭਗਤ ਸਿੰਘ ਦੇ ਵਾਰਿਸ ਹੋਣ ਦਾ ਹੋਰ ਕਿੰਨਾ ਚਿਰ ਪਾਖੰਡ ਕਰਦੇ ਰਹਾਂਗੇ? ਅਸੈਬਲੀ ਬੰਬ ਕਾਂਡ ਦੇ ਸਾਥੀ ਬੀ| ਕੇ| ਦੱਤ ਨੂੰ ਭਗਤ ਸਿੰਘ ਨੇ ਲਾਹੌਰ ਜੇਲ ‘ਚੋਂ ਖਤ ਲਿਖਿਆ ਸੀ-
“ਮੈਨੂੰ ਫਾਂਸੀ ਦੀ ਅਤੇ ਤੈਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੈ।ਤੂੰ ਜਿਉਂਦਾ ਰਹੇਂਗਾ ਅਤੇ ਜਿਉਂਦਾ ਰਹਿ ਕੇ ਦੁਨੀਆਂ ਨੂੰ ਇਹ ਦਿਖਾਉਣਾ ਹੈ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਸਿਰਫ ਮਰ ਹੀ ਨਹੀਂ ਸਕਦੇ ਸਗੋਂ ਜਿਉਂਦੇ ਰਹਿ ਕੇ ਹਰ ਮੁਸੀਬਤ ਦਾ ਮੁਕਾਬਲਾ ਵੀ ਕਰ ਸਕਦੇ ਹਨ।ਮੌਤ ਦੁਨਿਆਵੀ ਔਖਿਆਈਆਂ ਤੋਂ ਛੁਟਕਾਰਾ ਪਾਉਣ ਦਾ ਸਾਧਨ ਨਹੀਂ ਹੋਣੀ ਚਾਹੀਦੀ।”
ਅਸੀਂ ਭਗਤ ਸਿੰਘ ਦੇ ਵਿਸ਼ਲੇਸ਼ਣੀ ਅਧਿਅਨ, ਸਿਧਾਂਤਕ ਸਮਝ, ਸੰਵੇਦਨਸ਼ੀਲ ਮਨ, ਸਮਾਜਕ ਕਾਰਜਸ਼ੀਲਤਾ, ਇਖਲਾਕੀ ਉੱਚਤਾ ਆਦਿ ਸਭ ਕਾਸੇ ਨੂੰ ਪਾਸੇ ਰੱਖ ਕੇ ਸਿਰਫ ਦੋ ਖੜ੍ਹੀਆਂ ਮੁੱਛਾਂ ਨੂੰ ਹੀ ਭਗਤ ਸਿੰਘ ਜਾਣ ਲਿਆ ਹੈ। ਸਾਂਡਰਸ ਦੇ ਕਤਲ ਤੋਂ ਬਾਅਦ ਲਾਹੌਰ ਤੋਂ ਨਿਕਲ ਕੇ ਕਲਕੱਤੇ ਜਾਣ ਲਈ ਅੰਗਰੇਜ਼ਾਂ ਵਰਗੇ ਬਣਾਏ ਨਕਲੀ ਸਾਹਬੀ ਭੇਸ ਨੂੰ ਹੀ ਅਸੀਂ ਉਸ ਦਾ ਸਥਾਈ ਬਿੰਬ ਬਣਾ ਲਿਆ ਹੈ।ਇਸ ਤਰ੍ਹਾਂ ਅਸੀਂ ਆਪਣੀ ਫੁਕਰਾ ਪੰਥੀ ਨੂੰ ਭਗਤ ਸਿੰਘ ਦੀ ਮਹਾਨਤਾ ਨਾਲ ਜੋੜਨ ਦਾ ਅਚੇਤ ਸੁਚੇਤ ਆਹਰ ਕਰਦੇ ਹਾਂ।ਕਾਲਜ ਦੇ ਦਿਨਾਂ ਵਿਚ ਤਾਂ ਉਹ ਬਹੁਤ ਸੰਗਾਊ ਕਿਮਮ ਦਾ ਅਤੇ ਆਪਣੇ ਵਿਚਾਰਾਂ ਵਿਚ ਗੁੰਮ ਰਹਿਣ ਵਾਲਾ ਮੁੰਡਾ ਸੀ ਹੀ। ਮਗਰੋਂ ਵੀ ਮੁੱਛਾਂ ਖੜੀਆਂ ਕਰਨਾ ਉਸ ਸਮੇਤ ਇਨਕਲਾਬੀਆਂ ਦਾ ਸ਼ੌਕ ਨਹੀਂ ਸੀ। ਮੁਗਲ ਸ਼ੈਲੀ ਵਿਚ ਬਣੇ ਗੁਰੁ ਗੋਬਿੰਦ ਸਿੰਘ ਦੇ ਪੁਰਾਣੇ ਚਿਤਰਾਂ ਵਿਚ ਉਹਨਾਂ ਦੀਆਂ ਮੁੱਛਾਂ ਖੜ੍ਹੀਆਂ ਨਹੀਂ ਦਿਖਾਈਆਂ ਗਈਆਂ। ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੂਆ ਹੋਰਾਂ ਦੀ ਕੈਮਰੇ ਦੀ ਇਕੋ ਇਕ ਤਸਵੀਰ ਕੁਝ ਵਰ੍ਹੇ ਪਹਿਲਾਂ ਨਸ਼ਰ ਹੋਈ ਸੀ। ਉਸ ਵਿਚ ਵੀ ਦੋਹਾਂ ਯੋਧਿਆਂ ਨੇ ਆਪਣੀਆ ਮੁੱਛਾਂ ਨੂੰ ਕੋਈ ਖੇਚਲ ਨਹੀਂ ਸੀ ਦਿੱਤੀ ਹੋਈ।ਬਾਬਾ ਸੋਹਣ ਸਿੰਘ ਭਕਨਾ, ਸ| ਅਜੀਤ ਸਿੰਘ, ਬਾਬਾ ਗੁਰਦਿੱਤ ਸਿੰਘ, ਭਾਈ ਰਣਧੀਰ ਸਿੰਘ ਆਦਿ ਸਮੇਤ ਸਾਰੇ ਪੁਰਾਣੇ ਦੇਸ਼ ਭਗਤਾਂ ਦੀਆਂ ਤਸਵੀਰਾਂ ਦੇਖੀਏ ਤਾਂ ਸਿਰਫ ਉਹਨਾਂ ਦੀਆਂ ਮੁੱਛਾਂ ਖੜੀਆਂ ਮਿਲਣਗੀਆਂ ਜੋ ਕਦੇ ਅੰਗਰੇਜ਼ੀ ਫੌਜ ਵਿੱਚ ਰਹੇ ਸਨ।ਅੰਗਰੇਜ਼ੀ ਫੌਜ ਵਿੱਚ ਸਿੱਖਾਂ ਲਈ ਜਾਲੀ ਪਾ ਕੇ ਦਾਹੜੀ ਬੰਂਨ੍ਹਣਾ ਅਤੇ ਮੁੱਛਾਂ ਖੜੀਆਂ ਰੱਖਣਾ ਫੌਜੀ ਕੰਡਕਟ ਦਾ ਹਿੱਸਾ ਸੀ।ਚਿੱਤਰਕਾਰ ਸੋਭਾ ਸਿੰਘ ਵੀ ਫੌਜ ਵਿੱਚ ਰਹੇ ਸਨ।ਉਨ੍ਹਾਂ ਆਪਣੇ ਅਫਸਰਾਂ ਦੇ ਰੋਹਬ ਨੂੰ ਖੜ੍ਹੀਆਂ ਮੁੱਛਾਂ ਦੇ ਰੂਪ ਵਿੱਚ ਹੀ ਤੱਕਿਆ ਸੀ।ਨਤੀਜੇ ਵਜੋਂ ਉਹਨਾਂ ਨੇ ਆਪਣੇ ਚਿੱਤਰਾਂ ਵਿਚ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਆਦਿ ਦੀ ਬੀਰਤਾ ਨੂੰ ਖੜ੍ਹੀਆਂ ਮੁੱਛਾਂ ਦੇ ਰੂਪ ਵਿਚ ਚਿਤਰਨਾ ਸ਼ੁਰੂ ਕੀਤਾ। ਇਹਨਾਂ ਚਿੱਤਰਾਂ ਨੂੰ ਸਾਡੀ ਬੁੱਤ ਪੂਜਕ ਪ੍ਰਵਿਰਤੀ ਨੇ ਬੜਾ ਸਵੀਕਾਰਿਆ।ਜਦ ਕਿ ਕਿਸੇ ਪੱਖੋਂ ਸ਼ਕਤੀਸ਼ਾਲੀ ਆਦਮੀ ਨੂੰ ਮੁੱਛਾਂ ਖੜੀਆਂ ਕਰਕੇ ਸ਼ਕਤੀ ਪ੍ਰਦਰਸ਼ਨ ਦੀ ਲੋੜ ਨਹੀਂ ਹੁੰਦੀ। ਰਾਜਨੀਤਕਾਂ ਵਿਚ ਮਾਸਟਰ ਤਾਰਾ ਸਿੰਘ, ਸ| ਪ੍ਰਤਾਪ ਸਿੰਘ ਕੈਰੋਂ, ਸ| ਹੁਕਮ ਸਿੰਘ, ਸ| ਸਵਰਨ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਗਿਆਨੀ ਜ਼ੈਲ ਸਿੰਘ, ਕਾ| ਹਰਕਿਸ਼ਨ ਸਿੰਘ ਸੁਰਜੀਤ, ਸ| ਬੇਅੰਤ ਸਿੰਘ, ਸ| ਪ੍ਰਕਾਸ਼ ਸਿੰਘ ਬਾਦਲ, ਡਾ| ਮਨਮੋਹਨ ਸਿੰਘ ਅਦਿ ਨੇ ਕਦੇ ਮੁੱਛਾਂ ਤੇ ਜ਼ੋਰ ਨਹੀਂ ਲਾਇਆ।ਭਾਈ ਵੀਰ ਸਿੰਘ, ਪ੍ਰੋ| ਪੂਰਨ ਸਿੰਘ ਅਤੇ ਸ| ਨਾਨਕ ਸਿੰਘ ਤੋਂ ਲੈ ਕੇ ਸੁਰਜੀਤ ਪਾਤਰ ਤੱਕ ਚੋਟੀ ਦੇ ਲਿਖਾਰੀਆਂ ਨੂੰ ਆਪਣੀਆਂ ਮੁੱਛਾਂ ਨਾਲ ਅਜਿਹੀ ਬੇਲੋੜੀ ਜ਼ਿਆਦਤੀ ਨਹੀਂ ਕਰਨੀ ਪਈ।ਹੋਰ ਤਾਂ ਹੋਰ ਗਰਮ ਖਿਆਲੀਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵੀ ਅਜਿਹਾ ਕਦੇ ਨਹੀਂ ਕੀਤਾ। ਭਗਤ ਪੂਰਨ ਸਿੰਘ ਵਰਗੇ ਕਰਮਯੋਗੀ ਨੇ ਤਾਂ ਅਜਿਹਾ ਕਰਨਾ ਹੀ ਕੀ ਸੀ। ਕਹਿਣ ਤੋਂ ਭਾਵ ਸ਼ਹੀਦ ਭਗਤ ਸਿੰਘ ਨੂੰ ਖੜੀਆਂ ਮੁੱਛਾਂ ਵਾਲੇ ਨਕਲੀ ਬਿੰਬ ਤੋਂ ਮੁਕਤ ਕਰਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਨਕਲੀ ਬਿੰਬ ਭਗਤ ਸਿੰਘ ਦੇ ਅਸਲ ਨੂੰ ਜਾਨਣ ਅਤੇ ਸਮਝਣ ਵਿਚ ਵੱਡਾ ਅੜਿੱਕਾ ਪਾਉਂਦਾ ਹੈ।ਕਈ ਚਿੱਤਰਕਾਰਾਂ ਨੇ ਤਾਂ ਉਸ ਦੀਆ ਮੁੱਛਾਂ ਨੂੰ ਲੰਮੀਆਂ ਤੇ ਭਰਵੀਆਂ ਕਰਦਿਆਂ ਉਸ ਦੀ ਉਮਰ ਹੀ ਅਸਲ ਨਾਲੋਂ ਡੂਢੀ ਦੂਣੀ ਕਰ ਛੱਡੀ।ਅੱਜ ਕੱਲ੍ਹ ਭਗਤ ਸਿੰਘ ਦਾ ਜੋ ਪੋਸਟਰ ਬਹੁਤ ਪ੍ਰਚੱਲਤ ਹੈ ਉਸ ਵਿੱਚ ਉਸਨੂੰ ਅਸ਼ੋਕ ਚੱਕਰ ਵਾਲਾ ਵੱਡਾ ਸਾਰਾ ਤਿਰੰਗਾ ਝੰਡਾ ਚੁੱਕੀ ਦਰਸਾਇਆ ਹੋਇਆ ਹੈ ਜਦ ਕਿ ਸਾਡੇ ਵਰਤਮਾਨ ਰਾਸ਼ਟਰੀ ਝੰਡੇ ਦਾ ਇਹ ਸਰੂਪ ਭਗਤ ਸਿੰਘ ਦੀ ਸ਼ਹੀਦੀ ਤੋਂ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਮਗਰੋਂ ਹੋਂਦ ਵਿੱਚ ਆਇਆ ਸੀ।ਜਿੰਨੀ ਹੂੜ-ਮੱਤ ਅਤੇ ਗੈਰ-ਜ਼ਿੰਮੇਵਾਰੀ ਦਾ ਪ੍ਰਦਰਸ਼ਨ ਇਹਨਾਂ ਪੋਸਟਰੀ ਚਿੱਤਰ ਬਣਾੳੇੁਣ ਵਾਲੇ ਪੰਜਾਬੀ ਚਿਤਰਕਾਰਾਂ ਨੇ ਕੀਤਾ ਸ਼ਾਇਦ ਹੋਰ ਕਿਸੇ ਵਰਗ ਨੇ ਨਹੀਂ ਕੀਤਾ।ਸ਼ਹੀਦ ਭਗਤ ਸਿੰਘ ਦੇ ਅਕਸ ਨੂੰ ਵਿਗਾੜਨ ਦੀ ਰਹਿੰਦੀ ਕਸਰ ਲੱਤਾਂ ਚੌੜੀਆਂ ਕਰਕੇ ਖੜ੍ਹਨ ਅਤੇ ਉਸ ਗਾਉਣ ਵਾਲੇ ਪੰਜਾਬੀ ਦੇ ਫੁਕਰੇ ਗਾਇਕ ਪੂਰੀ ਕਰ ਰਹੇ ਹਨ।
Add a review