ਢੇਊ ਸਮੁੱਚੇ ਉਪ ਮਹਾਂਦੀਪ ਅਤੇ ਦੱਖਣੀ-ਪੂਰਬੀ ਏਸ਼ੀਆ ਵਿੱਚ ਪਾਇਆ ਜਾਂਦਾ ਹੈ। ਇਹ ਭਾਰਤ ਦੇ ਦੱਖਣੀ ਸੂਬਿਆਂ ਤੋਂ ਲੈ ਕੇ ਹਿਮਾਲਿਆ ਦੇ ਕੁਝ ਖੇਤਰਾਂ ਤੱਕ ਵੇਖਣ ਨੂੰ ਮਿਲਦਾ ਹੈ। ਪੰਜਾਬ ਵਿੱਚ ਇਹ ਜ਼ਿਆਦਾਤਰ ਕੰਢੀ ਖੇਤਰ ਖਾਸ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੇਖਣ ਨੂੰ ਮਿਲਦਾ ਹੈ। ਪੰਜਾਬੀ ਲੋਕ ਢੇਊ ਦਾ ਮੁੱਖ ਰੂਪ ਵਿੱਚ ਉਪਯੋਗ ਆਚਾਰ ਵਜੋਂ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ। ਹਾਲਾਂਕਿ ਕੁਝ ਲੋਕ ਸਬਜ਼ੀ ਤੇ ਚਟਣੀ ਬਣਾ ਕੇ ਖਾਣੀ ਵੀ ਪਸੰਦ ਕਰਦੇ ਹਨ।
ਢੇਊ ਜ਼ਿਆਦਾਤਰ ਸਿੱਧੇ ਤਣੇ ਵਾਲਾ ਦਰਮਿਆਨੇ ਕੱਦ ਦਾ ਫੈਲਵੇਂ ਛਤਰ ਵਾਲਾ ਰੁੱਖ ਹੈ। ਇਸ ਦਾ ਵਿਗਿਆਨਕ ਨਾਂ ‘Artocarpus Lacucha’ ਹੈ। ਇਸ ਦੀ ਛਿੱਲ ਘਸਮੈਲੀ ਕਾਲੀ ਭਾਹ ਮਾਰਦੀ ਕਟਾਵਾਂ ਵਾਲੀ ਹੁੰਦੀ ਹੈ। ਇਸ ਦੇ ਪੱਤੇ ਵੱਡ ਆਕਾਰੀ ਹੁੰਦੇ ਹਨ। ਇਸ ਦੇ ਫੁੱਲ ਪੀਲੇ-ਸੰਤਰੀ ਰੰਗ ਵਿੱਚ ਆਕਾਰ ਵਿੱਚ ਛੋਟੇ ਹੁੰਦੇ ਹਨ ਜੋ ਲੱਗਣ ਉਪਰੰਤ ਜਲਦੀ ਝੜ ਜਾਂਦੇ ਹਨ।
ਫ਼ਲ ਮੁੱਖ ਰੂਪ ਵਿੱਚ ਗੋਲ ਜਿਹੇ, ਪਰ ਅਨਿਯਮਤ ਹੁੰਦੇ ਹਨ ਜੋ ਸ਼ੁਰੂਆਤੀ ਸਮੇਂ ਹਰੇ ਅਤੇ ਪੱਕ ਕੇ ਪੀਲੇ ਰੰਗ ਦੇ ਹੁੰਦੇ ਹਨ। ਫ਼ਲ ਦਾ ਸੁਆਦ ਥੋੜ੍ਹਾ ਤੇਜ਼ਾਬੀ ਹੁੰਦਾ ਹੈ। ਢੇਊ ਨੂੰ ਮੁੱਖ ਰੂਪ ਵਿੱਚ ਫ਼ਲਾਂ ਅਤੇ ਲੱਕੜ ਕਰਕੇ ਜਾਣਿਆ ਜਾਂਦਾ ਹੈ। ਇਸ ਦੀ ਲੱਕੜ ਅਤੇ ਜੜ੍ਹਾਂ ਤੋਂ ਪੀਲਾ ਰੰਗ ਪ੍ਰਾਪਤ ਕੀਤਾ ਜਾਂਦਾ ਹੈ ਜੋ ਰੰਗਾਈ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ।
ਇਸ ਦੀ ਪੀਲੀ ਲੱਕੜ ਟਿਕਾਊ, ਸਖ਼ਤ ਅਤੇ ਪਾਲਿਸ਼ ਕਰਨ ਲਈ ਉਪਯੋਗੀ ਮੰਨੀ ਜਾਂਦੀ ਹੈ ਜੋ ਕਿਸ਼ਤੀਆਂ, ਫਰਨੀਚਰ ਆਦਿ ਬਣਾਉਣ ਲਈ ਵਰਤੀ ਜਾਂਦੀ ਹੈ। ਲੱਕੜ ਨੂੰ ਸਿਉਂਕ ਪ੍ਰਤੀਰੋਧਕ ਵੀ ਮੰਨਿਆ ਜਾਂਦਾ ਹੈ। ਢੇਊ ਦੇ ਸੱਕ ਵਿੱਚ ਟੈਨਿਕ ਮੌਜੂਦ ਹੁੰਦਾ ਹੈ ਅਤੇ ਉਸ ਨੂੰ ਸੁਪਾਰੀ ਦੇ ਬਦਲ ਵਜੋਂ ਚਬਾਇਆ ਜਾਂਦਾ ਹੈ।
ਰੁੱਖ ਦੇ ਸੱਕ ਦੇ ਹੇਠਲੇ ਪਾਸਿਓਂ ਪ੍ਰਾਪਤ ਫਾਈਬਰ ਜਾਂ ਲੈਟੇਕਸ (ਚਿਪਚਿਪਾ ਪਦਾਰਥ) ਅਨੇਕ ਤਰ੍ਹਾਂ ਵਰਤੋਂ ਵਿੱਚ ਆਉਂਦਾ ਹੈ। ਇਸ ਦੇ ਸੱਕ ਵਿੱਚੋਂ ਨਿਕਲਿਆ ਰਸ ਫੋੜੇ, ਮੁਹਾਂਸੇ, ਜ਼ਖਮਾਂ ਆਦਿ ’ਤੇ ਲਾਇਆ ਜਾਂਦਾ ਹੈ।
ਇਸ ਦੀ ਜੜ੍ਹ ਸਰੀਰ ਦੇ ਸ਼ੁੱਧੀਕਰਨ ਦੇ ਤੌਰ ’ਤੇ ਵਰਤੀ ਜਾਂਦੀ ਹੈ। ਰੁੱਖ ਤੋਂ ਪ੍ਰਾਪਤ ਸੱਕ ਅਤੇ ਪਾਊਡਰ ਤੋਂ ਚਮੜੀ, ਸਿਰ ਦਰਦ ਅਤੇ ਅੰਤੜੀਆਂ ਦੀਆਂ ਬਿਮਾਰੀਆਂ ਲਈ ਨੁਸਖੇ ਤਿਆਰ ਕੀਤੇ ਜਾਂਦੇ ਹਨ। ਪੰਜਾਬ ਵਿੱਚ ਇਹ ਰੁੱਖ ਅੱਜਕੱਲ੍ਹ ਬਹੁਤ ਘੱਟ ਦਿਖਾਈ ਦਿੰਦਾ ਹੈ।
Add a review