ਪਿਆਰੇ ਬੱਚਿਓ! ਅਜੋਕਾ ਯੁੱਗ ਵਿਗਿਆਨ ਤੇ ਤਕਨੀਕ ਦਾ ਯੁੱਗ ਹੈ। ਇਸ ਲਈ ਅਜੋਕੇ ਸਮੇਂ ਵਿਗਿਆਨਕ ਸਿਧਾਂਤਾਂ ਤੇ ਤਕਨੀਕਾਂ ਬਾਰੇ ਮੁੱਢਲੀ ਜਾਣਕਾਰੀ ਹੋਣੀ ਜ਼ਰੂਰੀ ਹੈ। ਜੇ ਸਾਡੇ ਕੋਲ ਵਿਗਿਆਨਕ ਜਾਣਕਾਰੀ ਹੋਵੇਗੀ ਤਾਂ ਹੀ ਅਸੀਂ ਵਿਗਿਆਨਕ ਸੋਚ ਤੇ ਦਿ੍ਰਸ਼ਟੀਕੋਣ ਦੇ ਧਾਰਨੀ ਬਣਾਂਗੇ। ਸਾਨੂੰ ਮਾਣ ਹੈ ਕਿ ਪੰਜਾਬ ’ਚ ਜਲੰਧਰ ਤੋਂ ਕਪੂਰਥਲਾ ਰੋਡ ’ਤੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤੇ ਨਿਵੇਕਲਾ ਅਦਾਰਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਸਥਿਤ ਹੈ। ਅਜੋਕੇ ਯੁੱਗ ’ਚ ਇਹ ਅਦਾਰਾ ਵਿਗਿਆਨ, ਸਿੱਖਿਆ, ਕਲਾ, ਤਕਨੀਕ, ਸੱਭਿਆਚਾਰ ਅਤੇ ਮਨੋਰੰਜਨ ਦਾ ਅਦਭੁੱਤ ਕੇਂਦਰ ਹੈ।
ਵਿਗਿਆਨਕ ਵਿਸ਼ਿਆਂ ਨਾਲ ਸਬੰਧਤ ਗੈਲਰੀਆਂ
ਸਾਇੰਸ ਸਿਟੀ ਅੰਦਰ ਵੱਖ-ਵੱਖ ਵਿਗਿਆਨਕ ਵਿਸ਼ਿਆਂ ਤੇ ਨਿਯਮਾਂ ਨਾਲ ਸਬੰਧਤ ਗੈਲਰੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਗੈਲਰੀਆਂ ’ਚ ਸਬੰਧਤ ਵਿਸ਼ਿਆਂ ਨਾਲ ਵਰਕਿੰਗ, ਵਿਹਾਰਕ ਤੇ ਸਟਿੱਲ ਮਾਡਲ ਤੇ ਉਪਕਰਨ ਅਤੇ ਪੇਂਟਿੰਗਾਂ ਦੇਖਣਯੋਗ ਹਨ। ਰੰਗਦਾਰ ਚਾਰਟਾਂ ਰਾਹੀਂ ਬਹੁਤ ਹੀ ਸੌਖੇ ਤੇ ਦਿਲਚਸਪ ਢੰਗ ਨਾਲ ਜਾਣਕਾਰੀ ਦਿੱਤੀ ਹੋਈ ਹੈ। ਸਪੇਸ ਥੀਏਟਰ ’ਚ ਆਮ ਸਿਨੇਮਾ ਨਾਲੋਂ 10 ਗੁਣਾ ਵੱਡੀ ਸਕਰੀਨ ਉੱਪਰ ਬ੍ਰਹਿਮੰਡ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਨੂੰ ਦੇਖਣ ’ਤੇ ਬ੍ਰਹਿਮੰਡ ਦਾ ਸਮੁੱਚਾ ਨਜ਼ਾਰਾ ਸਾਹਮਣੇ ਆ ਜਾਂਦਾ ਹੈ। ਫਲਾਈਟ ਸਿਮੁਲੇਟਰ ’ਚ ਅਦਭੁੱਤ ਸੈਰ ਕਰਨ ਦਾ ਆਨੰਦ ਲਿਆ ਜਾ ਸਕਦਾ ਹੈ। ਅਰਥਕੁਏਕ ਸਿਮੁਲੇਟਰ ’ਚ ਵੱਖ-ਵੱਖ ਰਿਐਕਟਰ ਪੈਮਾਨੇ ਦੇ ਭੂਚਾਲੀ ਝਟਕਿਆਂ ਦਾ ਅਹਿਸਾਸ ਹੁੰਦਾ ਹੈ। ਲੇਜ਼ਰ ਸ਼ੋਅ ਰਾਹੀਂ ਦਿਮਾਗ਼ ਨੂੰ ਚਕਰਾ ਦੇਣ ਵਾਲਾ ਨਜ਼ਾਰਾ ਪੇਸ਼ ਕੀਤਾ ਜਾਂਦਾ ਹੈ। ਥ੍ਰੀ-ਡੀ ਸ਼ੋਅ ਰਾਹੀਂ ਅਨੋਖੀ ਦੁਨੀਆ ਦਾ ਅਹਿਸਾਸ ਹੁੰਦਾ ਹੈ। ‘ਵੋਰਟੈਕਸ’ ਭੁਲੇਖਾ ਪਾਉਣ ਵਾਲੀ ਇਕ ਸੁਰੰਗ ਹੈ। ਇਸ ਅੰਦਰ ਜਾ ਕੇ ਵੱਖ-ਵੱਖ ਭੁਲੇਖਾ ਪਾਉਣ ਵਾਲੀਆਂ ਘਟਨਾਵਾਂ ਮਹਿਸੂਸ ਹੁੰਦੀਆਂ ਹਨ।
ਖੇਡਾਂ ਦੀ ਵਿਗਿਆਨ ਗੈਲਰੀ
ਖੇਡਾਂ ਦੀ ਵਿਗਿਆਨ ਗੈਲਰੀ ’ਚ ਵੱਖ-ਵੱਖ ਖੇਡਾਂ ਖ਼ਾਸ ਕਰਕੇ ਕਿ੍ਰਕਟ, ਹਾਕੀ, ਫੁੱਟਬਾਲ ਵਿਚ ਵਰਤੀ ਜਾਂਦੀ ਵਿਗਿਆਨਕ ਤਕਨੀਕ ਨੂੰ ਬਾਖ਼ੂਬੀ ਦਰਸਾਇਆ ਗਿਆ ਹੈ। ਇਸ ਗੈਲਰੀ ਨੂੰ ਦੇਖ ਕੇ ਵਿਦਿਆਰਥੀ ਵਰਗ ਨੂੰ ਖੇਡ ਤਕਨੀਕ ਬਾਰੇ ਕਾਫ਼ੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸਾਈਬਰ ਸਪੇਸ ਗੈਲਰੀ ’ਚ ਕੰਪਿਊਟਰ, ਇੰਟਰਨੈੱਟ, ਈਮੇਲ, ਫੈਕਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਮਨੋਰੰਜਨ ਸਾਇੰਸ ਗੈਲਰੀ ’ਚ ਖੇਡ-ਖੇਡ ਰਾਹੀਂ ਵਿਗਿਆਨਕ ਤਕਨੀਕ ਤੇ ਸਿਧਾਂਤਾਂ ਨੂੰ ਵਿਹਾਰਕ ਰੂਪ ’ਚ ਕਰ ਕੇ ਆਨੰਦ ਮਾਣਿਆ ਜਾਂਦਾ ਹੈ। ਇਹ ਵਿਦਿਆਰਥੀ ਵਰਗ ਲਈ ਖਿੱਚ ਦਾ ਕੇਂਦਰ ਹੈ। ਸਿਹਤ ਗੈਲਰੀ ’ਚ ਵਰਕਿੰਗ ਮਾਡਲਾਂ ਰਾਹੀਂ ਮਨੁੱਖ ਦੇ ਸਰੀਰ ਦੀ ਬਾਹਰੀ ਤੇ ਅੰਦਰੂਨੀ ਬਣਤਰ ਤੇ ਕਾਰਜਵਿਧੀ ਨੂੰ ਦਰਸਾਇਆ ਗਿਆ ਹੈ। ਵਿਦਿਆਰਥੀ ਆਪਣੇ ਹੱਥਾਂ ਰਾਹੀਂ ਮਾਡਲਾਂ ਨੂੰ ਚਲਾ ਕੇ ਦਿਲ, ਫੇਫੜੇ, ਗੁਰਦੇ, ਅੱਖਾਂ, ਕੰਨਾਂ ਆਦਿ ਬਾਰੇ ਮੌਕੇ ’ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਖਿੱਚ ਦਾ ਕੇਂਦਰ ਹੈ ਡਾਇਨਾਸੋਰ ਪਾਰਕ
‘ਬਾਇਓ ਤਕਨਾਲੋਜੀ’ ਗੈਲਰੀ ਵਿਚ ਮਨੁੱਖੀ ਜੀਵਨ ’ਚ ਬਾਇਓ ਤਕਨਾਲੋਜੀ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਐੱਚਆਈਵੀ ਏਡਜ਼ ਗੈਲਰੀ ਵਿਚ ਏਡਜ਼ ਦੇ ਇਤਿਹਾਸ, ਲੱਛਣ, ਸਰੀਰ ’ਤੇ ਬੁਰੇ ਪ੍ਰਭਾਵ, ਕਾਰਨਾਂ ਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ ਹੈ। ਰੱਖਿਆ ਗੈਲਰੀ ’ਚ ਸਾਡੇ ਦੇਸ਼ ਵੱਲੋਂ ਵਰਤੇ ਜਾਂਦੇ ਟੈਂਕ, ਤੋਪਾਂ, ਹਵਾਈ ਜਹਾਜ਼ ਆਦਿ ਨੂੰ ਨੇੜਿਓਂ ਦੇਖਿਆ ਜਾ ਸਕਦਾ ਹੈ। ਡਾਇਨਾਸੋਰ ਪਾਰਕ ਸਾਰਿਆਂ ਲਈ ਖਿੱਚ ਦਾ ਕੇਂਦਰ ਹੈ। ਡਾਇਨਾਸੋਰਾਂ ਦੀ ਕਿਸੇ ਸਮੇਂ ਇਸ ਧਰਤੀ ’ਤੇ ਸਰਦਾਰੀ ਰਹੀ ਹੈ ਕਿਉਂਕਿ ਇਹ ਵੱਡ-ਆਕਾਰੀ ਜੀਵ ਵੱਡੀ ਗਿਣਤੀ ’ਚ ਭੌਤਿਕ ਹਾਲਾਤ ਦੇ ਬਦਲਾਓ ਕਾਰਨ ਲੋਪ ਹੋ ਗਏ ਹਨ। ਇੱਥੇ ਇਨ੍ਹਾਂ ਦੇ 25 ਕਰੋੜ ਸਾਲਾਂ ਦੇ ਪਿਛੋਕੜ ਬਾਰੇ ਜਾਣਕਾਰੀ ਮਿਲਦੀ ਹੈ।
ਵਿਦਿਆਰਥੀਆਂ ਨਾਲ ਹੋਵੇ ਸਾਇੰਸ ਅਧਿਆਪਕ
ਸਾਇੰਸ ਸਿਟੀ ’ਚ ਵਿਗਿਆਨ ਨਾਲ ਸਬੰਧਤ ਵੱਖ-ਵੱਖ ਦਿਨਾਂ ’ਤੇ ਵਿਦਿਆਰਥੀਆਂ ਦੇ ਭਾਸ਼ਣ, ਪੇਂਟਿੰਗ, ਮਾਡਲ ਮੇਕਿੰਗ ਅਤੇ ਪ੍ਰਾਜੈਕਟ ਬਣਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਜੇਤੂ ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਲਈ ਇਨਾਮ ਅਤੇ ਸਰਟੀਫਿਕੇਟ ਦਿੱਤੇ ਜਾਂਦੇ ਹਨ। ਸਾਇੰਸ ਸਿਟੀ ਦੀ ਸੈਰ ਕਰਨ ਸਮੇਂ ਇਹ ਜ਼ਰੂਰੀ ਹੈ ਕਿ 25 ਵਿਦਿਆਰਥੀਆਂ ਦੇ ਗਰੁੱਪ ਨਾਲ ਇਕ ਗਾਈਡ ਸਾਇੰਸ ਅਧਿਆਪਕ ਹੋਣਾ ਚਾਹੀਦਾ ਹੈ ਤਾਂ ਜੋ ਉਹ ਵਿਗਿਆਨਕ ਤਕਨੀਕਾਂ ਤੇ ਸਿਧਾਂਤਾਂ ਬਾਰੇ ਮੌਕੇ ’ਤੇ ਜਾਣਕਾਰੀ ਦੇ ਸਕੇ। ਪਿਆਰੇ ਬੱਚਿਓ, ਇਹ ਵੀ ਜ਼ਰੂਰੀ ਹੈ ਕਿ ਤੁਸੀਂ ਕਾਪੀ-ਪੈੱਨ ਨਾਲ ਲੈ ਕੇ ਜਾਓ ਤੇ ਸਾਰੀ ਜਾਣਕਾਰੀ ਕਾਪੀ ’ਤੇ ਨੋਟ ਕਰੋ। ਹਰ ਵਿਦਿਆਰਥੀ ਨੂੰ ਸਾਇੰਸ ਸਿਟੀ ਦੀ ਸੈਰ ਕਰਨੀ ਚਾਹੀਦੀ ਹੈ ਤਾਂ ਜੋ ਵਿਗਿਆਨ ਦੇ ਗੁੱਝੇ ਭੇਦਾਂ ਨੂੰ ਸਹਿਜੇ ਸਮਝਿਆ ਜਾ ਸਕੇ।
ਸਪੇਸ ਗੈਲਰੀ ਹੈ ਸਭ ਤੋਂ ਵੱਡੀ
ਸਪੇਸ ਗੈਲਰੀ ਸਾਰੀਆਂ ਗੈਲਰੀਆਂ ਨਾਲੋਂ ਵੱਡੀ ਹੈ ਕਿਉਂਕਿ ਇਸ ’ਚ ਯੰਤਰਾਂ ਅਤੇ ਵਰਕਿੰਗ ਤੇ ਸਟਿੱਲ ਮਾਡਲਾਂ ਰਾਹੀਂ ਬ੍ਰਹਿਮੰਡ ਦੇ ਭੇਦਾਂ, ਗ੍ਰਹਿਆਂ-ਉਪਗ੍ਰਹਿਆਂ, ਤਾਰਾ ਮੰਡਲ ਅਤੇ ਸੂਰਜੀ ਪਰਿਵਾਰ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇੱਥੋਂ ਵੱਖ-ਵੱਖ ਤਰ੍ਹਾਂ ਦੇ ਬਨਾਉਟੀ ਉਪਗ੍ਰਹਿ, ਰਾਸ਼ਟਰੀ ਪੁਲਾੜ ਸਟੇਸ਼ਨ, ਸੈਟੇਲਾਈਟ ਲਾਂਚ ਸਟੇਸ਼ਨ ਤੇ ਉਪਗ੍ਰਹਿ ਸੰਚਾਰ ਪ੍ਰਣਾਲੀ ਬਾਰੇ ਬਾਖ਼ੂਬੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਮਨੁੱਖ ਦੁਆਰਾ ਚੰਦ ’ਤੇ ਪਹੁੰਚ ਕੇ ਲਿਆਂਦੀ ਗਈ ਮਿੱਟੀ, ਕੰਕਰ, ਪੱਥਰ ਆਦਿ ਤੋਂ ਇਲਾਵਾ ਪੁਲਾੜ ਵਿਗਿਆਨੀਆਂ ਵੱਲੋਂ ਪਹਿਨੀ ਜਾਂਦੀ ਵਿਸ਼ੇਸ਼ ਪੁਸ਼ਾਕ ਵੀ ਇੱਥੇ ਦੇਖ ਸਕਦੇ ਹਾਂ। ‘ਡਿਜੀਟਲ ਪਲੈਨੇਟੋਰੀਅਮ’ ਰਾਹੀਂ ਇਕ ਤਰ੍ਹਾਂ ਬ੍ਰਹਿਮੰਡ ਦੀ ਸੈਰ ਕਰਵਾਈ ਜਾਂਦੀ ਹੈ।
ਵਿਗਿਆਨ ਤੇ ਤਕਨਾਲੋਜੀ ਦੀ ਵਿਰਾਸਤ ਗੈਲਰੀ
ਸਾਇੰਸ ਸਿਟੀ ’ਚ ਸ਼ਕਤੀਸ਼ਾਲੀ ਦੂਰਬੀਨਾਂ ਰਾਹੀਂ ਬ੍ਰਹਿਮੰਡੀ ਵਰਤਾਰਿਆਂ ਨੂੰ ਬਹੁਤ ਨੇੜੇ ਤੋਂ ਦੇਖਿਆ ਜਾ ਸਕਦਾ ਹੈ। ਜਦੋਂ ਕਦੇ ਕੁਦਰਤੀ ਬ੍ਰਹਿਮੰਡੀ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਮੌਕੇ ’ਤੇ ਦੇਖਣ ਦਾ ਸਾਇੰਸ ਸਿਟੀ ’ਚ ਪੂਰਨ ਪ੍ਰਬੰਧ ਹੈ। ਵਿਗਿਆਨ ਤੇ ਤਕਨਾਲੋਜੀ ਦੀ ਵਿਰਾਸਤ ਗੈਲਰੀ, ਜਲਵਾਯੂ ਬਦਲਾਅ ਸ਼ੋਅ ਅਤੇ ਪੈਨੋਰਮਾ ਲਾਈਫ ਥਰੂ ਦਾ ਏਜਿਜ਼ ਰਾਹੀਂ ਜੀਵਨ ਦੇ ਵਿਕਾਸ ਦੀ ਕਹਾਣੀ ਦਾ ਗਿਆਨ ਪ੍ਰਾਪਤ ਹੁੰਦਾ ਹੈ। ਨਵਿਆਉਣਯੋਗ ਊਰਜਾ ਸਰੋਤ ਗੈਲਰੀ ਵਿਚ ਹਵਾ, ਪਾਣੀ, ਸੂਰਜੀ ਊਰਜਾ ਦੀ ਵਰਤੋਂ ਬਾਰੇ ਪ੍ਰਾਜੈਕਟਾਂ ਰਾਹੀਂ ਜਾਣਕਾਰੀ ਮਿਲਦੀ ਹੈ। ਵਿਗਿਆਨਕ ਸੋਚਣੀ, ਵਿਗਿਆਨਕ ਕਰਨੀ ਸਾਇੰਸ ਸਿਟੀ ਦਾ ਮੁੱਖ ਉਦੇਸ਼ ਹੈ। ਸਾਇੰਸ ਸਿਟੀ ਅੰਦਰ ਸਵੀਮਿੰਗ ਪੂਲ ਬਣੇ ਹੋਏ ਹਨ, ਜਿਨ੍ਹਾਂ ਵਿਚ ਬੋਟਿੰਗ ਕਰ ਕੇ ਆਨੰਦ ਮਾਣਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੈਰ ਕਰਨ ਲਈ ਪਾਰਕ ਹੈ ਅਤੇ ਝੂਲੇ ਤੇ ਪੀਂਘਾਂ ਆਦਿ ਦਾ ਵੀ ਪ੍ਰਬੰਧ ਹੈ।
Add a review