ਪੰਜਾਬੀ ਸਾਹਿਤ ਵਿਚ ਗੁਰਮੁਖ ਸਿੰਘ ਮੁਸਾਫ਼ਰ ਵਰਗੀ ਸ਼ਖ਼ਸੀਅਤ ਹੋਰ ਨਹੀ ਲੱਭਦੀ, ਜਿਨ੍ਹਾਂ ਨੇ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ, ਦੂਸਰੇ ਪਾਸੇ ਸਿੱਖਾਂ ਦੀ ਸਰਵੋਤਮ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੇਵਾ ਵੀ ਉਨ੍ਹਾਂ ਨੇ ਕੀਤੀ। ਇਸ ਦੇ ਨਾਲ ਹੀ ਇਕ ਪ੍ਰੌੜ ਕਵੀ ਦੇ ਤੌਰ ’ਤੇ ਮੰਚ ’ਤੇ ਆਪਣੀ ਜਜ਼ਬੇ ਭਰੀ ਕਵਿਤਾ ਨਾਲ ਲੋਕਾਂ ਦੀ ਪ੍ਰਸੰਸਾ ਵੀ ਉਨ੍ਹਾਂ ਨੇ ਖੱਟੀ। ਸਾਹਿਤ ਵਿਚ ਵੀ ਉਨ੍ਹਾਂ ਨੂੰ ਜਿੱਥੇ ਸਟੇਜ ਦਾ ਧਨੀ ਕਿਹਾ ਜਾਂਦਾ ਸੀ, ਉਥੇ ਪੁਸਤਕਾਂ ਰਾਹੀਂ ਮਿਆਰੀ ਰਚਨਾ ਆਮ ਪਾਠਕਾਂ ਦੀ ਲੋੜ ਨੂੰ ਪੂਰਾ ਕਰਦੀ ਸੀ, ਤੇ ਇਹ ਪੁਸਤਕਾਂ ਵਿਦਿਆਰਥੀਆਂ ਦੇ ਕੋਰਸ ਵਿਚ ਇਕ ਪਾਠ ਪੁਸਤਕ ਵਜੋਂ ਨਿਰਧਾਰਤ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸ ਤਰ੍ਹਾਂ ਉਹ ਬਹੁ ਭਾਂਤੀ ਸ਼ਖ਼ਸੀਅਤ ਸੀ ਜਿਸ ਵਿਚ ਇਕ ਕੁਸ਼ਲ ਕਵੀ, ਕਹਾਣੀਕਾਰ, ਰਾਜਨੀਤਕ ਤੌਰ ’ਤੇ ਚੇਤੰਨ ਵਿਅਕਤੀ ਸੀ। ਮੁਸਾਫ਼ਰ ਨੂੰ ਸਾਹਿਤ, ਰਾਜਨੀਤੀ, ਦੇਸ਼ ਭਗਤੀ ਦੀ ਇਕ ਤੈ੍ਰਮੂਰਤੀ ਕਿਹਾ ਜਾ ਸਕਦਾ।
ਗੁਰਮੁਖ ਸਿੰਘ ਮੁਸਾਫ਼ਰ ਜਦੋਂ 1966 ਨੂੰ ਨਵੰਬਰ ਵਿਚ ਪੰਜਾਬ ਨੂੰ ਹਰਿਆਣਾ ਹਿਮਾਚਲ ਵਿਚ ਵੰਡ ਦਿੱਤਾ ਗਿਆ ਤਾਂ ਇਹ ਸੂਬੇ ਹੋਂਦ ਵਿਚ ਆਏ ਤਾਂ ਮੁਸਾਫ਼ਰ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਜੋ ਉਹ 8 ਮਾਰਚ 1967 ਤਕ ਰਹੇ। ਨਾ ਕੇਵਲ ਮੁਸਾਫ਼ਰ ਰਾਜਨੀਤੀ ਵਿਚ ਇਕ ਹਰਮਨ ਪਿਆਰਾ ਵਿਅਕਤੀ ਸੀ ਬਲਕਿ ਅਕਾਲੀ ਤੇ ਪੰਥਕ ਮਸਲਿਆਂ ’ਤੇ ਵੀ ਸੁੂਝਵਾਨ ਦ੍ਰਿਸ਼ਟੀ ਰੱਖਦੇ ਸਨ। ਰਾਜਨੀਤੀ ਵਿਚ ਉਨ੍ਹਾਂ ਦੀ ਅਮਲੀ ਤੌਰ ’ਤੇ ਸਿਆਸਤ ਕਰਨ ਦੀ ਦਾਦ ਦੇਣੀ ਬਣਦੀ ਹੈ। ਇਸ ਤਰ੍ਹਾਂ ਜੇ ਉਹ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਬਣੇ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਬਣੇ। ਉਹ ਇਸ ਤਰ੍ਹਾਂ ਆਪਣੇ ਜੀਵਨ ਵਿਚ ਕਈ ਮਾਣਭਰੇ ਅਹੁਦੇ ਮਾਣ ਕੇ ਸਵੈ ਵਿਸ਼ਵਾਸ ਨਾਲ ਤਾਂ ਭਰਪੂਰ ਸਨ ਪਰ ਹੰਕਾਰ ਨਾਂ ਦੀ ਭਾਵਨਾ ਉਨ੍ਹਾਂ ਅੰਦਰ ਨਹੀ ਸੀ।
ਏਥੇ ਇਕ ਕਵਿਤਾ ਦਾ ਜ਼ਿਕਰ ਕਰਨਾ ਬਹੁਤ ਜ਼ਰੁਰੀ ਹੈੇ ਜੋ ਉਨ੍ਹਾਂ ਦੇ ਮੂੁੰਹ ਵਿੱਚੋਂ ਸੈਂਕੜੇ ਵਾਰ ਸੁਣੀ ਗਈ। ਦਿੱਲੀ ਵਿਚ ਕਾਂਗਰਸ ਵਰਕਿੰਗ ਕਮੇਟੀ ਦੀ ਇਕ ਅਹਿਮ ਮੀਟਿੰਗ ਚੱਲ ਰਹੀ ਸੀ ਜਿਸ ਵਿਚ ਪੰਡਿਤ ਨਹਿਰੂ, ਹਮਾਯੰੂ ਕਬੀਰ, ਰਜਿੰਦਰ ਪ੍ਰਸਾਦ, ਸਵਰਨ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਭਾਗ ਲੈ ਰਹੇ ਸਨ। ਜਦੋਂ ਬਰੇਕ ਸਮੇਂ ਚਾਹ ਦਾ ਸਮਾਂ ਆਇਆ ਤਾਂ ਪੰਡਿਤ ਨਹਿਰੂ ਨੇ ਮੁਸਾਫ਼ਰ ਜੀ ਨੂੰ ‘ਬਚਪਨ’ ਕਵਿਤਾ ਦਾ ਉਹ ਮਸ਼ਹੂਰ ਬੰਦ ਸੁਣਾਉਣ ਲਈ ਕਿਹਾ ਜਿਸ ਦੀ ਮਸ਼ਹੂਰੀ ਦੂਰ-ਦੂਰ ਤਕ ਪਹੁੰਚ ਚੁੱਕੀ ਸੀ। ਮੁਸਾਫ਼ਰ ਜੀ ਨੇ ‘ਬਚਪਨ’ ਨਾਂ ਦੀ ਉਸ ਕਵਿਤਾ ਦਾ ਆਖ਼ਰੀ ਬੰਦ ਇਹ ਸੁਣਾਇਆ,
‘ਮਾਸੀ ਨੇ ਕਹਿਣਾ ਮੁੱਖਿਆ,
ਚਰਦਾ ਹੀ ਰਹਿੰਦਾ ਭੁੱਖਿਆ,
ਮਾਂ ਕਹੇ ਆਮੋੜ ਏ,
ਕੇਡਾ ਇਹ ਰੰਡੀ ਛੋੜ ਏ,
ਗਾਹਲਾਂ ਪਿਆਰਾਂ ਵਾਲੀਆਂ
ਹੁਣ ਬਣ ਗਈਆਂ ਨੇ ਗਾਹਲੀਆਂ
ਹੁਣ ਓਏ ਜੇ ਕੋਈ ਮੈਨੂੰ ਕਹਿੰਦਾ ਨਹੀਂ
ਕਹੇ ਤਾਂ ਮੈਂ ਸਹਿੰਦਾ ਨਹੀ,
ਕਿਉਂਕਿ ਮੈੇ ਜੱਥੇਦਾਰ ਹਾਂ
ਕਈਆਂ ਦੀਆਂ ਅੱਖਾਂ ਦੀ ਖਾਰ ਹਾਂ’।
ਦੂਸਰੀ ਵਿਸ਼ੇਸ਼ ਗੱਲ ਜੋ ਮੁਸਾਫ਼ਰ ਲਈ ਇਕ ਖ਼ਾਸ ਹਰਮਨ ਪਿਆਰਾ ਬਣਨ ਦੀ ਮਿਸਾਲ ਬਣੀ। ਉਹ ਮੁਸਾਫ਼ਰ ਦੀ ਕਹਾਣੀ ‘ਬਾਗ਼ੀ ਦੀ ਧੀ’ ਹੈ। ਇਸ ਕਹਾਣੀ ਵਿਚ ਮੁਸਾਫ਼ਰ ਦੀ ਇਕ ਧੀ ਜੋ ਉਸਦੇ ਜੇਲ੍ਹ ਜਾਣ ਸਮੇਂ ਪੈਦਾ ਹੁੰਦੀ ਹੈ ਉਸ ਦੀ ਇਕ ਮਾਰਮਿਕ ਤਸਵੀਰ ਨੂੰ ਪੇਸ਼ ਕਰਦੀ ਹੈ।
ਇਸ ਕਹਾਣੀ ਨਾਲ ਜੋ ਦੇਸ਼ ਭਗਤੀ ਦਾ ਜਜ਼ਬਾ ਹੈ ਉਹ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸਾਨੂੰ ਭਾਵੁਕ ਕਰਦਾ ਹੈ। ਦੋਵੇਂ ਪਤੀ ਪਤਨੀ ਜੇਲ੍ਹ ਵਿਚ ਹਨ ਤੇ ਪਿੱਛੋਂ ਉਨ੍ਵਾਂ ਦੀ ਲੜਕੀ ‘ਬਾਗ਼ੀ ਦੀ ਧੀ’ ਅਖਵਾਣ ਦਾ ਸੰਤਾਪ ਭੁਗਤਦੀ ਹੈ। ਉਹ ਥਾਂ-ਥਾਂ ’ਤੇ ਭਟਕਦੀ ਹੈ ਤੇ ਨੇੜੇ ਦੇ ਰਿਸ਼ਤੇਦਾਰ ਵੀ ਉਸ ਨੂੰ ‘ਬਾਗ਼ੀ ਦੀ ਧੀ’ ਕਹਿ ਕੇ ਉਸ ਦੀ ਰਖਿਆ ਨਹੀਂ ਕਰਦੇ। ਇਹ ਜਜ਼ਬਾ ਕੇਵਲ ਇਸ ਕਹਾਣੀ ਨਾਲ ਜੁੜਕੇ ਹੀ ਸਮਝਿਆ ਜਾ ਸਕਦਾ ਹੈ। ਇਸ ਮਹਾਨ ਸ਼ਖ਼ਸੀਅਤ ਦਾ ਜਨਮ 15 ਜਨਵਰੀ 1899 ਵਿਚ ਕੈਂਬਲਪੁਰੇ ਦੇ ਇਕ ਪ੍ਰਸਿੱਧ ਪਿੰਡ ਅਧਵਾਲ ਵਿਚ ਹੋਇਆ। ਉਨ੍ਹਾਂ ਦੇ ਪਿਤਾ ਜੀ ਸੁਜਾਨ ਸਿੰਘ ਖੇਤੀ ਬਾੜੀ ਤੇ ਨਾਲ ਸ਼ਾਹੂਕਾਰਾ ਵੀ ਕਰਦੇ ਸਨ। ਮੱੁਢਲੀ ਵਿੱਦਿਆ ਪਿੰਡ ਦੇ ਸਕੂਲ ਵਿੱਚੋਂ ਲੈ ਕੇ ਬਾਕੀ ਵਿੱਦਿਆ ਰਾਵਲਪਿੰਡੀ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦੇ ਜੀਵਨ ਵਿਚ ਦੋ ਵਿਸ਼ੇਸ਼ ਘਟਨਾਵਾਂ ਨੇੇ ਬਹੁਤ ਪ੍ਰਭਾਵ ਪਾਇਆ। ਇਕ ਜਲ੍ਹਿਆਂਵਾਲਾ ਬਾਗ਼ ਦੀ ਘਟਨਾ ਜਿਸ ਵਿਚ ਜਨਰਲ ਡਾਇਰ ਨੇ ਜਾਰਵਾਣਾ ਹਮਲਾ ਨਿਰਦੋਸ਼ ਭਾਰਤੀਆਂ ’ਤੇ ਕੀਤਾ ਤਾਂ ਉਨ੍ਹਾਂ ਦੀ ਰੂਹ ਕੰਬ ਗਈ। ਦੂੁੁਸਰੀ ਘਟਨਾ ਨਨਕਾਣਾ ਸਾਹਿਬ ਦਾ ਸਾਕਾ ਨੇ ਉਨ੍ਹਾਂ ’ਤੇ ਗਹਿਰੀ ਛਾਪ ਛੱਡ ਗਿਆ ਤੇ ਉਨ੍ਹਾਂ ਨੇ ਇਹ ਸੋਚਿਆ ਕਿ ਬਾਕੀ ਦੀ ਉਮਰ ਦੇਸ਼ ਦੀ ਆਜ਼ਾਦੀ ਲਈ ਲਾਉਣੀ ਚਾਹੀਦੀ ਹੇੈ।
ਉਹ ਹਰ ਪ੍ਰਕਾਰ ਦੇ ਫਿਰਕੂ ਰੰਗ ਤੋਂ ਉਪਰ ਸਨ ਤੇ ਕੇਵਲ ਇਨਸਾਨੀਅਤ ਦੇ ਹੀ ਉਪਾਸ਼ਕ ਸਨ। ਜੇ ਉਹ ਇਕ ਅਨਿੱਨ ਸਿੱਖ ਦਾ ਆਦਰਸ਼ਕ ਰੂਪ ਸਨ ਤੇ ਨਾਲ ਕਾਂਗਰਸ ਦੇ ਪ੍ਰਧਾਨ ਵੀ ਬਣੇ ਇਸ ਤਰ੍ਹਾਂ ਉਹ ਸ਼੍ਰੋਮਣੀ ਕਮੇਟੀ ਦੇ ਸਕੱਤਰ ਤੇ ਅਕਾਲੀ ਪਾਰਟੀ ਦੇ ਜਨਰਲ ਸਕੱਤਰ ਵੀ ਬਣੇ। ਇਹ ਮਾਣ ਤਾਣ ਉਨ੍ਹਾਂ ਨੂੰ ਇਸ ਲਈ ਦਿੱਤਾ ਜਾਂਦਾ ਸੀ ਕਿਉਂਕਿ ਉਹ ਇਕ ਉਸਾਰੂ ਸੋਚ ਦੇ ਮਾਲਕ ਸਨ ਤੇ ਸਭ ਧਰਮਾਂ ਦਾ ਆਦਰ ਕਰਦੇ ਸਨ। ਫਿਰ ਉਹ ਭਾਰਤ ਦੇ ਨਿਰਮਾਣ ਦੇ ਕੰਮ ਵਿਚ ਜੁਟ ਗਏ। ਪੰਡਿਤ ਨਹਿਰੂ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ। 1966 ਵਿਚ ਜਦੋਂ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਣਾ ਸੀ ਤਾਂ ਕਾਂਗਰਸ ਦੀ ਪਹਿਲੀ ਪਸੰਦ ਗੁਰਮੁਖ ਸਿੰਘ ਮੁਸਾਫ਼ਰ ਸਨ। ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਆਪ ਇਕ ਭਾਰੀ ਇਕੱਠ ਵਿਚ ਸੁਣਾਈ ਕਿ ਇੰਦਰਾ ਗਾਂਧੀ ਵਾਰ-ਵਾਰ ੳੇੁਨ੍ਹਾਂ ਨੂੰ ਬੁਲਾ ਰਹੇ ਸਨ ਪਰ ਉਹ ਤਾਸ਼ ਦੀ ਇਕ ਬਾਜ਼ੀ ਲਾ ਰਹੇ ਸਨ ਤੇ ਇੰਦਰਾ ਗਾਂਧੀ ਦੇ ਮੁੱਖ ਮੰਤਰੀ ਬਣਨ ਦੇ ਪ੍ਰਸਤਾਵ ਨੂੰ ਠੁਕਰਾ ਰਹੇ ਸਨ। ਫਿਰ ਇੰਦਰ ਕੁਮਾਰ ਗੁਜਰਾਲ ਨੂੰ ਕਿਹਾ ਗਿਆ ਕਿ ਉਹ ਉਨ੍ਵਾਂ ਨੂੰ ਮਨਾਏ ਕਿ ਪੰਜਾਬ ਦੇ ਮੁੱਖ ਮੰਤਰੀ ਬਣ ਜਾਣ। ਫਿਰ ਚੋਣਾਂ ਸਮੇਂ ਸਟੇਸ਼ਨ ਵੀ ਚੋਣ ਲਈ ਅੰਮ੍ਰਿਤਸਰ ਦਿੱਤਾ ਗਿਆ ਜਿੱਥੇ ਉਹ ਸਦਾ ਸਰਗਰਮ ਰਹੇ ਸਨ। ਇਹ ਸਮਾਂ ਅਕਾਲੀ ਪਾਰਟੀ ਦੀ ਚੜ੍ਹਤ ਦਾ ਸੀ।
ਮਨੁੱਖੀ ਮਨ ਇਹ ਸੋਚਕੇ ਹੈਰਾਨ ਹੋ ਜਾਂਦਾ ਹੇੈ ਕਿ ਇੰਨੇ ਮਸ਼ਰੂਫ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਵਿਤਾ ਦੇ ਖੇਤਰ ਵਿਚ ਬਹੁਤ ਦੇਣ ਦਿੱਤੀ ਹੈ। ਕਾਵਿ ਪੁਸਤਕਾਂ ਵਿੱਚੋਂ ‘ਸਬਰ ਦੇ ਬਾਣ, ਪ੍ਰੇਮ ਬਾਣ, ਜੀਵਨ ਪੰਧ, ਮੁਸਾਫ਼ਰੀਆਂ, ਟੁੱਟੇ ਖੰਭ, ਕਾਵਿ ਸੁਨੇਹੇ ਆਦਿ ਵਿਸ਼ੇਸ਼ ਮੰਨੀਆਂ ਗਈਆਂ ਹਨ। ਕਹਾਣੀ ਵਿਚ ‘ਵੱਖਰੀ ਦੁਨੀਆ, ਆਲ੍ਹਣੇ ਦੇ ਬੋਟ, ਕੰਧਾਂ ਬੋਲ ਪਈਆਂ, ਸਤਾਈ ਜਨਵਰੀ, ਗੁਟਾਰ, ਸਭ ਹੱਛਾ ਤੇ ਸਾਹਿਤ ਅਕਾਦਮੀ ਇਨਾਮ ਜੇਤੂ ਪੁਸਤਕ ‘ਉਰਵਾਰ ਪਾਰ’ ਵੀ ਸ਼ਾਮਲ ਹਨ।
ਉਨ੍ਹਾਂ ਨੂੰ ਮਿਲੇ ਇਨਾਮਾਂ ਸਨਮਾਨਾਂ ਦੀ ਸੁੂਚੀ ਬਹੁਤ ਲੰਮੀ ਹੈ, ਪਰ ਅਸਲੀ ਇਨਾਮ ਤਾਂ ਉਨ੍ਹਾਂ ਦਾ ਪਾਠਕਾਂ ਦੀ ਪਸੰਦ ’ਤੇ ਪੂਰਾ ਉਤਰਨਾ ਸੀ। 18 ਜਨਵਰੀ 1976 ਵਿਚ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਪਦਮ ਵਿਭੂਸ਼ਨ ਦੀ ਉਪਾਧੀ ਉਨ੍ਹਾਂ ਨੂੰ ਮੌਤ ਤੋਂ ਬਾਅਦ ਦਿੱਤੀ ਗਈ।
Add a review