ਡਾ. ਗੁਰਭਜਨ ਗਿੱਲ ਹੋਰਾਂ ਨੇ ਜਦ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਾਣ ਲਈ ਮੇਰੀ ਰਜ਼ਾਮੰਦੀ ਮੰਗੀ ਤਾਂ ਮੈਂ ਸਿਆਸੀ ਤੇ ਸਰਹੱਦੀ ਤਲਖ਼ੀਆਂ ਦੇ ਬਾਵਜੂਦ ਬਿਨਾਂ ਇਕ ਪਲ ਸੋਚਿਆਂ ਹਾਮੀ ਭਰ ਦਿੱਤੀ। ਕਰਤਾਰਪੁਰ ਕੋਰੀਡੋਰ ’ਤੇ ਗਿੱਲ ਸਾਹਿਬ, ੳਨ੍ਹਾਂ ਦੇ ਸ਼ਰੀਕ-ਏ-ਹਯਾਤ ਸਰਦਾਰਨੀ ਜਸਵਿੰਦਰ ਕੌਰ, ਪੰਜਾਬੀ ਦੀ ਮਾਣਮੱਤੀ ਸ਼ਾਇਰਾ ਤੇ ਲੋਕ ਨਾਇਕ ਜਿਓੂਣੇ ਮੌੜ ਦੀ ਦੋਹਤੀ ਦੀ ਧੀ ਸੁਲਤਾਨਾ ਬੇਗਮ, ਮਨਜਿੰਦਰ ਧਨੋਆ ਤੇ ਮੈਂ, ਅਸੀਂ ਜਦੋਂ ਦੋਨਾਂ ਦੇਸ਼ਾਂ ਦੀ ਪਾਰਦਰਸ਼ੀ ਪਰ ਸਤਿਕਾਰਤ ਨਜ਼ਰ ’ਚੋਂ ਲੰਘ ਕੇ ਦੋ-ਤਿੰਨ ਕਿਲੋਮੀਟਰ ਦਾ ਪੈਂਡਾ ਮੁਕਾ ਕੇ ਪਾਕਿਸਤਾਨ ਦੀ ਸਰਹੱਦ ’ਤੇ ਹਾਲੇ ਪੈਰ ਹੀ ਧਰਿਆ ਸੀ ਕਿ ਸਾਨੂੰ ਆਪਣੇ ਵਿਸ਼ੇਸ਼ ਹੋਣ ਦਾ ਅਹਿਸਾਸ ਕਰਵਾ ਦਿੱਤਾ ਗਿਆ।
ਪਾਕਿਸਤਾਨ ਦੇ ਸਾਡੇ ਲੇਖਕ ਮਿੱਤਰਾਂ ਵੱਲੋਂ ਵਾਰ-ਵਾਰ ਆਪਣੇ ਸੁਰੱਖਿਆ ਅਮਲੇ ਨੂੰ ਫੋਨ ’ਤੇ ਹਦਾਇਤ ਦਿੱਤੀ ਜਾ ਰਹੀ ਸੀ ਕਿ ਸਾਡੇ ਵਿਸ਼ੇਸ਼ ਪ੍ਰਾਹੁਣਿਆਂ ਦੀ ਬਿਨਾਂ ਕਿਸੇ ਤਕਲੀਫ਼ ਦੇ ਪਹੁੰਚ ਯਕੀਨੀ ਬਣਾਈ ਜਾਵੇ। ਸ਼ਾਂਤ ਚਿੱਤ ਚੌਗਿਰਦਾ, ਪੰਛੀਆਂ ਦੀ ਚਹਿਚਹਾਹਟ ਤੇ ਫੁੱਲਾਂ ਲੱਦੀ ਧਰਤੀ ਤੋਂ ਲੰਘਦਿਆਂ ਜਿਵੇਂ ਹੀ ਅਸੀਂ ਗੁਰਦੁਆਰਾ ਸਾਹਿਬ ਦੀ ਹਦੂਦ ’ਚ ਪੈਰ ਧਰਿਆ ਤਾਂ ਸਾਹਵੇਂ ਲਹਿੰਦੇ ਪੰਜਾਬ ਦੇ ਨਾਮਵਰ ਲੇਖਕਾਂ ਦਾ ਇਕੱਠ ਨਜ਼ਰੀਂ ਪਿਆ। ਹੱਥਾਂ ਵਿਚ ਸੂਹੇ ਸੁੱਚੇ ਗੁਲਾਬ ਦੇ ਫੁੱਲ, ਗੁਲਦਸਤੇ ਤੇ ਜ਼ੁਬਾਨ ਤੇ ਮੁਹਬੱਤ ਦੇ ਤਰਾਨੇ ਲਈ ਜੋ ਬੜੀ ਸ਼ਿੱਦਤ ਨਾਲ ਸਾਡੀ ਉਡੀਕ ਕਰ ਰਹੇ ਸਨ। ਇੱਕੋ ਰੰਗ ਦਾ ਖ਼ੂਨ, ਇੱਕੋ ਜਿਹੇ ਨੈਣ-ਨਕਸ਼ ਤੇ ਇੱਕੋ ਜਿਹਾ ਮੜੰਗਾ ਤੇ ਸਭ ਤੋਂ ਵੱਡੀ ਸਾਂਝ ਮਾਖਿਓਂ ਮਿੱਠੀ ਮਾਂ-ਬੋਲੀ ਦੀ। ਸਰਮਦ ਦੇ ਵਾਰਸ, ਮਨਸੂਰ ਦੇ ਵਾਰਸ, ਨਾਨਕ ਦੇ ਵਾਰਸ, ਮੁਹੱਬਤੀ ਇਨਸਾਨ ਘੁੱਟ-ਘੁੱਟ ਇੰਜ ਗਲਵੱਕੜੀਆਂ ਪਾ ਰਹੇ ਸਨ ਜਿਵੇਂ ਚਿਰੋਕਣਾਂ ਵਿਛੜਿਆ ਕੋਈ ਆਪਣਾ ਮੁੱਦਤ ਬਾਅਦ ਮਿਲਿਆ ਹੋਵੇ। ਜਿਵੇਂ ਅਮਨ, ਸ਼ਾਂਤੀ, ਫਿਰਕੂ ਸਦਭਾਵਨਾ ਤੇ ਏਕਤਾ ਦੀਆਂ ਤੰਦਾਂ ਨੂੰ ਹੋਰ ਪੀਡੀਆਂ ਗੰਢਾਂ ਦੇ ਰਿਹਾ ਹੋਵੇ। ਮੈਂ ਆਪਣੇ ਕਾਲਜ ਦੀ ਕੰਧ ’ਤੇ ਜਿਸ ਮਾਂ-ਬੋਲੀ ਦੇ ਲਾਡਲੇ ਸ਼ਾਇਰ ਬਾਬਾ ਗੁਲਾਮ ਹੁਸੈਨ ਨਦੀਮ ਦੀ ਸ਼ਾਇਰੀ ਅੰਕਿਤ ਕੀਤੀ ਹੋਵੇ ਜਿਨ੍ਹਾਂ ਦੀਆਂ ਰਚਨਾਵਾਂ ਸਾਲਾਂ ਤੋਂ ਮੇਰੇ ਦਿਲੋ-ਦਿਮਾਗ ਦੇ ਕਰੀਬ ਹੋਣ, ਉਨ੍ਹਾਂ ਨੂੰ ਜ਼ਾਹਰਾ ਤੌਰ ’ਤੇ ਮਿਲਣ ਵੇਲੇ ਮੇਰੇ ਵਰਗੇ ਭਾਵੁਕ ਬੰਦੇ ਦੀ ਕੀ ਮਨੋਦਸ਼ਾ ਹੋਵੇਗੀ, ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ।
ਇਨ੍ਹਾਂ ਭਾਵੁਕ ਪਲਾਂ ਨੂੰ ਤੁਹਾਡੇ ਸਨਮੁੱਖ ਕਰਨ ਦੀ ਮੇਰੀ ਔਕਾਤ ਨਹੀਂ। ਮੇਰੇ ਮੂੰਹ ਆਏ ਜਜ਼ਬਾਤ ਨੂੰ ਸ਼ਬਦ ਨਹੀਂ ਅਹੁੜ ਰਹੇ ਕਿਉਂਕਿ ਭਾਸ਼ਾ ਦੇ ਸ਼ਬਦ ਗਿਣਤੀ ਦੇ ਹਨ ਜੋ ਮੇਰੇ ਮਨੋਭਾਵਾਂ ਨੂੰ ਆਪਣੇ ’ਚ ਨਹੀਂ ਸਮੋ ਸਕਦੇ। ਜਿਸ ਕਵੀ ਦੀ ਕਲਮ ਤੋਂ ਹਕੂਮਤਾਂ ਤ੍ਰਹਿੰਦੀਆਂ ਹੋਣ, ਸੱਚ ਦੇ ਪਹਿਰੇਦਾਰ, ਸਮਾਜਿਕ ਸਰੋਕਾਰਾਂ ਪ੍ਰਤੀ ਸੁਚੇਤ ਹੋਏ ਤੇ ਅਣਹੋਏ ਲੋਕਾਂ ਵਿਚਲੇ ਪਾੜੇ ਤੇ ਸਰਕਾਰਾਂ ਦੀ ਬੇਰੁਖੀ ਖ਼ਿਲਾਫ਼ ਬੇਬਾਕ ਹੋ ਕੇ ਲਿਖਣ ਵਾਲੇ, ਮਾਂ-ਬੋਲੀ ਪ੍ਰਤੀ ਚਿੰਤਤ ਇਨਕਲਾਬੀ ਕਵੀ ਬਾਬਾ ਨਜਮੀ ਨੂੰ ਦੇਖ ਕੇ ਤਾਂ ਮੈਨੂੰ ਚਾਅ ਹੀ ਚੜ੍ਹ ਗਿਆ।
ਮੈਂ ਉਨ੍ਹਾਂ ਦੀ ਸਮਾਜਿਕ ਪ੍ਰਤਿਬੱਧਤਾ ਦੀ ਮੁੱਢ ਤੋਂ ਹੀ ਕਾਇਲ ਰਹੀ ਹਾਂ। ਸਾਨੀਆ ਸ਼ੇਖ, ਮਨੀਰ ਹੁਸ਼ਿਆਰਪੁਰੀ ਤੇ ਹੋਰ ਨਾਮਵਰ ਹਸਤੀਆਂ ਨੂੰ ਮਿਲ ਕੇ ਸੱਚੀਂ ਰੂਹ ਨਸ਼ਿਆ ਗਈ। ਸਮੁੱਚੀ ਲੋਕਾਈ ਦੇ ਰਹਿਬਰ, ਦਿਲੀ ਮੁਹੱਬਤਾਂ ਲਈ ਪੁਲ ਬਣੇ ਇਨਕਲਾਬੀ ਸ਼ਾਇਰ ਜਗਤ ਗੁਰੁੂ ਸੱਚੇ ਪਾਤਸ਼ਾਹ ਬਾਬੇ ਨਾਨਕ ਦੀ ਕਰਮ ਭੂਮੀ ਦੀ ਜ਼ਿਆਰਤ ਕਰਨ ਵਾਘਿਓਂ ਪਾਰ ਦੇ ਮਿੱਤਰ ਜਦੋਂ ਸਾਨੂੰ ਲੈ ਤੁਰੇ ਤਾਂ ਸਭ ਤੋਂ ਪਹਿਲਾਂ ਅਸੀਂ ਉਸ ਮੁਕੱਦਸ ਸਥਾਨ ’ਤੇ ਨਤਮਸਤਕ ਹੋਏ ਜਿੱਥੇ ਬਾਬਾ ਜੀ ਦੀ ਚਾਦਰ ਨੂੰ ਸਪੁਰਦ-ਏ-ਖਾਕ ਕੀਤਾ ਗਿਆ ਸੀ। ਉੱਥੇ ਖੜੋਤਿਆਂ ਮੈਂ ਬਾਬੇ ਨਾਨਕ ਦੇ ਰੂਹਾਨੀਅਤ ਦੇ ਅਮਲੀ ਫਲਸਫੇ : ‘‘ਬਾਬਾ ਆਖੇ ਹਾਜੀਆ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ।’’ ਨੂੰ ਜੀਵੰਤ ਹੁੰਦੇ ਦੇਖਿਆ। ਉੱਥੇ ਬੁਸ਼ਰਾ ਨਾਜ਼ ਨੇ ਆਪਾਂ ਨੂੰ ਘੁੱਟ ਕੇ ਮਿਲਦਿਆਂ ਇਕ ਘੜੀ ਵੀ ਓਪਰੇਪਣ ਦਾ ਅਹਿਸਾਸ ਨਾ ਕਰਵਾਇਆ। ਅਸੀਂ ਗੁਰਦੁਆਰਾ ਸਾਹਿਬ ਦੀ ਹੱਦ ’ਚ ਹੱਥ ’ਚ ਹੱਥ ਪਾ ਕੇ ਸਕੀਆਂ ਭੈਣਾਂ ਵਾਂਗ ਵਿਚਰ ਰਹੀਆਂ ਸਾਂ ਜਿਵੇਂ ਜਲੰਧਰੋਂ ਇਕੱਠੀਆਂ ਹੀ ਆਈਆਂ ਹੋਈਏ। ਗੋਲ ਆਕਾਰ, ਭੀੜੀਆਂ ਪੌੜੀਆਂ ਤੋਂ ਉੱਪਰ ਚੜ੍ਹ ਕੇ ਜਦੋਂ ਸਾਡਾ ਜਥਾ ਦਰਬਾਰ ਹਾਲ ਵਿਚ ਪਹੁੰਚਿਆ ਤਾਂ ਗੁਰੂੁ ਜੀ ਦੀ ਇਲਾਹੀ ਬਾਣੀ ਤੇ ਰਸਭਿੰਨਾ ਕੀਰਤਨ ਮੰਤਰ-ਮੁਗਧ ਕਰ ਰਿਹਾ ਸੀ। ਸਾਡੇ ਜਥੇ ਦੇ ਮੁਖੀ ਗੁਰਭਜਨ ਗਿੱਲ ਹੋਰਾਂ ਜਦੋਂ ਆਪਣੀ ਚਿਰਕੋਣੀ ਇੱਛਾ ਪੂਰਤੀ ਹਿੱਤ ਪਾਵਨ ਸਥਾਨ ’ਤੇ ਬੈਠ ਕੇ ਜਪੁਜੀ ਸਾਹਿਬ ਦਾ ਪਾਠ ਆਰੰਭਿਆ ਤਾਂ ਅਲੌਕਿਕ ਨਜ਼ਾਰਾ ਨਜ਼ਰੀਂ ਪਿਆ। ਹਰ ਪਾਸੇ ਕਾਦਰ ਦੀ ਕੁਦਰਤ ਆਪਣੇ ਜਲਵੇ ਬਿਖੇਰ ਰਹੀ ਸੀ।
ਪੋਹ ਮਹੀਨੇ ਦੀਆਂ ਸੀਤ ਹਵਾਵਾਂ ਤੇ ਠੰਢੇ ਯਖ਼ ਫਰਸ਼ ’ਤੇ ਨੰਗੇ ਪੈਰੀਂ ਘੰਟਿਆਂਬੱਧੀ ਤੁਰਦਿਆਂ ਵੀ ਮਾਨਵੀ ਰਿਸ਼ਤਿਆਂ ਦੀ ਗਰਮਾਇਸ਼ ਨੇ ਠੰਢ ਦਾ ਅਹਿਸਾਸ ਤਕ ਨਾ ਹੋਣ ਦਿੱਤਾ। ਲੰਗਰ ਹਾਲ ਦਾ ਨਜ਼ਾਰਾ ਵੀ ਅਦਭੁੱਤ ਸੀ। ਬਹੁਤ ਹੀ ਤੇਹ ਤੇ ਗਰਮਜੋਸ਼ੀ ਨਾਲ ਅਸੀਂ ਸਭ ਨੇ ਇਕੱਠਿਆਂ ਬੈਠ ਕੇ ਅਟੁੱਟ ਲੰਗਰ ਦਾ ਆਨੰਦ ਮਾਣਿਆ। ਉਸ ਤੋਂ ਬਾਅਦ ਸ਼ੁਰੂ ਹੋਇਆ ਕਵੀ ਦਰਬਾਰ ਦਾ ਦੌਰ ਜਿਸ ਵਿਚ ਲਹਿੰਦੇ ਤੇ ਚੜ੍ਹਦੇ, ਦੋਨੋਂ ਪਾਸਿਆਂ ਦੇ ਕਵੀਆਂ ਨੇ ਆਪੋ-ਆਪਣੇ ਦਿਲੀ ਜਜ਼ਬਾਤ ਸਾਂਝੇ ਕੀਤੇ। ਕਵੀ ਦਰਬਾਰ ਵਿਚ ਬੈਠੀ ਦੀ ਮੇਰੀ ਸੁਰਤੀ ਚੁਹੱਤਰ ਸਾਲ ਪਿੱਛੇ ਭੌਂ ਗਈ। ਹੱਲਿਆਂ ਵੇਲੇ ਆਪਣਾ ਸਭ ਕੁਝ ਲੁਟਾ ਕੇ ਬੇ-ਵਤਨੇ ਹੋਣ ਦੇ ਅਹਿਸਾਸ ਨਾਲ ਗੜੁੱਚ ਦੋਨੋਂ ਤਰਫ਼ ਦੇ ਰਫਿਊਜੀ ਬਣੇ ਨਿਮਾਣੇ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗੇ। ਉਹ ਪਨਾਹਗੀਰ ਜਿਨ੍ਹਾਂ ਨੂੰ ਇਲਮ ਵੀ ਨਹੀਂ ਸੀ ਕਿ ਇਕ ਪਲ ਵਿਚ ਘਰੋਂ ਬੇਘਰ ਹੋ ਜਾਣਾ ਹੈ ਅਤੇ ਫਿਰ ਉਸ ਜੰਮਣ ਭੌਂ ਨੂੰ ਦੇਖਣ ਲਈ ਸਹਿਕਦਿਆਂ ਹੀ ਦੁਨੀਆਂ ਤੋਂ ਚਲੇ ਜਾਣਾ ਹੈ। ਮਾਂ-ਭੂਮੀ ਦੇ ਜਬਰੀ ਖੁੱਸ ਜਾਣ ਦੀ ਪੀੜ ਅਕਹਿ ਤੇ ਅਸਹਿ ਸੀ। ਉੱਜੜ ਕੇ ਇੱਧਰੋਂ ਗਏ ਜਾਂ ਉੱਧਰੋਂ ਆਏ ਦਰਦਮੰਦਾਂ ਦੇ ਦਰਦ ਦੀ ਕਸਕ ਦਾ ਹੇਰਵਾ ਇੱਕੋ ਜਿਹਾ ਹੀ ਸੀ।
ਬੁਸ਼ਰਾ ਨਾਜ਼ ਨੇ ਜੜ੍ਹਾਂ ਤੋਂ ਉੱਖੜੇ ਆਪਣਿਆਂ ਪੁਰਖਿਆਂ ਦੀ ਦਰਦ ਭਰੀ ਕਹਾਣੀ ਸੁਣਾਈ। ਆਪਣੀ ਨਾਨੀ ਦੇ ਜੰਮਣ ਭੌਂ ਨੂੰ ਤਰਸਦੇ ਦਰਦ ਵਿੰਨ੍ਹੇ ਅਹਿਸਾਸ ਸਾਂਝੇ ਕੀਤੇ ਤਾਂ ਅਸੀਂ ਦੋਵੇਂ ਭੈਣਾਂ ਹੁਬਕੀਂ ਰੋਈਆਂ। ਮੈਂ ਵੀ ਤਾਂ ਆਪਣੇ ਪੁਰਖਿਆਂ ਦੀ ਜੰਮਣ ਭੋਂ ਦੀ ਜ਼ਿਆਰਤ ਕਰਨ ਲਈ ਸਹਿਕਦੀ-ਸਹਿਕਦੀ ਆਪਣੇ ਮੁੱਢ ਦੀ ਤਲਾਸ਼ ’ਚ ਹੀ ਤਾਂ ਪਾਕਿਸਤਾਨ ਪਹੁੰਚੀ ਸੀ। ਅਫ਼ਜ਼ਲ ਸਾਹਿਰ ਹੋਰਾਂ ਜਦੋਂ ਡਿਜਕੋਟ ਦੇ ਵਸਨੀਕ ਹੋਣ ਦੀ ਗੱਲ ਤੋਰੀ ਤੇ ਉਸੇ ਮਦਰੱਸੇ ਦਾ ਜ਼ਿਕਰ ਕੀਤਾ ਜਿੱਥੇ ਮੇਰਾ ਸੋਹਣਾ ਬਾਬਲ ਪੜਿ੍ਹਆ ਸੀ ਤਾਂ ਸੱਚ ਜਾਣਿਓਂ ਏਦਾਂ ਲੱਗਾ ਜਿਵੇਂ ਮੈਨੂੰ ਭਰੇ ਮੇਲੇ ’ਚ ਗੁਆਚਿਆ ਆਪਣਾ ਵੀਰ ਹੀ ਲੱਭ ਗਿਆ ਹੋਵੇ। ਵਕਤ ਦੇ ਬੇਰਹਿਮ ਪਲ ਜੋ ਸਾਡੇ ਵਡੇਰਿਆਂ ਨੇ ਹੰਢਾਏ ਸਨ, ਸਾਡੀ ਪੀੜ੍ਹੀ ਤਕ ਹਾਵੀ ਹਨ। ਇਸ ਦਰਦ ਨੂੰ ਅਸੀਂ ਜਾਣਿਆ ਹੀ ਨਹੀਂ, ਹਰ ਸਾਹ ਨਾਲ ਜੀਵਿਆ ਵੀ ਹੈ। ਚੇਤਨਾ ਦੀ ਪੰਗਡੰਡੀ ’ਤੇ ਤੁਰਦਿਆਂ ਅਹਿਸਾਸ ਹੋਇਆ ਕਿ ਜਦ ਤਕ ਪੰਜਾਬ ਦੀ ਹੋਂਦ ਹੈ, ਉੱਨੀ ਸੌ ਸੰਤਾਲੀ ਦੇ ਜ਼ਖ਼ਮਾਂ ਤੋਂ ਅਸੀਂ ਮੁਕਤ ਹੋ ਹੀ ਨਹੀਂ ਸਕਦੇ। ਵੰਡ ਦੇ ਦੁਖਾਂਤ ਨੂੰ ਵਾਰ-ਵਾਰ ਦੁਹਰਾਉਣ ਦਾ ਮਕਸਦ ਬਹੁਤ ਅਰਥ ਭਰਪੂਰ ਹੈ ਦੋਸਤੋ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਮਨੋਵਿਗਿਆਨਕ ਸੱਚ ਦੇ ਰੂਬਰੂ ਕਰਵਾੳਂੁਦੇ ਰਹੀਏ ਕਿ ਨਫ਼ਰਤ ਆਪਣੇ-ਆਪ ਵਿਚ ਕਦੀ ਅਹਿਮਕ ਨਹੀਂ ਹੁੰਦੀ।
ਇਸ ਦੇ ਪਿਛੋਕੜ ’ਚ ਕੋਈ ਵਿਅਕਤੀਗਤ ਜਾਂ ਸਮੂਹਿਕ ਵਿਚਾਰਧਾਰਾ ਹੁੰਦੀ ਹੈ ਜਿਸ ਨੂੰ ਹਰ ਯੁੱਗ ’ਚ ਸਮਝਣ ਦੀ ਲੋੜ ਹੈ। ਨਵੀਆਂ ਨਸਲਾਂ ਨੂੰ ਇਹ ਸਮਝਾਉੇਣਾ ਜ਼ਰੂਰੀ ਹੈ ਕਿ ਇਸ ਧਰਤੀ ’ਤੇ ਸਾਰੇ ਹੀ ਇਨਸਾਨ ਦਿਆਲੂ ਜਾਂ ਕਿਰਪਾਲੂ ਨਹੀਂ ਹੁੰਦੇ। ਦੁਸ਼ਟ ਲੋਕ ਵੀ ਇਸੇ ਭੌਂ ’ਤੇ ਨੇ ਅਤੇ ਉਨ੍ਹਾਂ ਤੋਂ ਕਿਤੇ ਵੱਧ ਮੁਹੱਬਤੀ ਇਨਸਾਨ ਵੀ ਇਸੇ ਧਰਤੀ ’ਤੇ ਹਨ ਤੇ ਮੁਹੱਬਤੀ ਇਨਸਾਨਾਂ ਦੀ ਨਫ਼ਰੀ ਅਮੂਮਨ ਜ਼ਿਆਦਾ ਹੀ ਹੁੰਦੀ ਹੈ। ਮੁੱਕਦੀ ਗੱਲ ਇਹ ਕਿ ਦਹਿਸ਼ਤਗਰਦੀ ਨੂੰ ਕਿਸੇ ਦੇਸ਼, ਕੌਮ ਜਾਂ ਧਰਮ ਨਾਲ ਨੱਥੀ ਨਹੀਂ ਕਰਨਾ ਹੁੰਦਾ। ਲੋੜ ਹੈ ਆਪਣੇ ਸੋਚ ਦੇ ਕਿਸੇ ਹਿੱਸੇ ’ਚ ਉੱਗੇ ਜੰਗਲ ਨੂੰ ਮੁੱਢੋਂ ਸਾਫ਼ ਕਰਨ ਦੀ।
ਆਓ! ਹਿੰਦੂ, ਮੁਸਲਿਮ, ਸਿੱਖ, ਈਸਾਈ ਹੋਣ ਤੋਂ ਪਹਿਲਾਂ ਅਸੀਂ ਚੰਗੇ ਇਨਸਾਨ ਬਣੀਏ। ਬਾਬੇ ਨਾਨਕ ਦੇ ਸਿਧਾਂਤ ਅਨੁਸਾਰ ਇਨਸਾਨੀਅਤ ਸਾਡਾ ਧਰਮ ਹੋਵੇ, ਮਾਨਵਤਾ ਸਾਡਾ ਕਰਮ ਹੋਵੇ। ਸੱਚੇ ਪਾਤਸ਼ਾਹ ਨਾਨਕ ਸ਼ਾਹ ਫਕੀਰ ਦੇ ਦਰ ’ਤੇ ਅਸੀਂ ਸਭ ਅਰਦਾਸ ਕਰ ਕੇ, ਦੁਆ ਮੰਗ ਕੇ ਰੁਖ਼ਸਤ ਹੋਏ ਕਿ ਇਹੋ ਜਿਹੀ ਹੋਣੀ ਫਿਰ ਨਾ ਦਿਖਾਈਂ ਮੇਰੇ ਮਾਲਕਾ। ਜੋ ਦਰਦ ਸਾਡੇ ਪੁਰਖਿਆਂ ਨੇ ਹੰਢਾਏ, ਆਉਣ ਵਾਲੀਆਂ ਨਸਲਾਂ ਉਨ੍ਹਾਂ ਤੋਂ ਸਬਕ ਸਿੱਖਣ। ਇਤਿਹਾਸ ਕਦੇ ਫਿਰ ਨਾ ਦੁਹਰਾਇਆ ਜਾਵੇ। ਮੁਹੱਬਤੀ ਇਨਸਾਨਾਂ ਦੀ ਇਹ ਫਿਤਰਤ ਸਦੀਵੀ ਕਾਇਮ ਰਹੇ, ਸੋਚ ਦੇ ਚਿਰਾਗ ਸਦਾ ਜਗਮਗਾਉਂਦੇ ਰਹਿਣ। ਲਹਿੰਦੇ ਪੰਜਾਬ ਦੇ ਨਿਰਛਲ, ਨਿਰਵੈਰ ਦਿਲ ਵਾਲੇ ਮੁਹੱਬਤ ਨਾਲ ਖਲੂਸ ਦਿਲ ਇਨਸਾਨਾਂ ਵੱਲੋਂ ਦਿੱਤੇ ਸੁਗੰਧੀਆਂ ਭਰੇ ਫੁੱਲ ਤੇ ਮਿੱਠੜੀਆਂ ਯਾਦਾਂ ਰੂਹ ਨੂੰ ਸਦਾ ਮਹਿਕਾਉਂਦੀਆ ਰਹਿਣਗੀਆਂ।
Add a review