ਜਦੋਂ ਮੈਂ ਆਪਣੇ ਤਰਕਸ਼ੀਲ ਬਣਨ ਦੇ ਕਾਰਨਾਂ ਦੀ ਤੰਦ ਫੜਨ ਦੀ ਕੋਸ਼ਿਸ ਕਰਦਾ ਹਾਂ ਤਾਂ ਇਹ ਮੈਨੂੰ ਬਚਪਨ ਵਿੱਚ ਮਿਲੇ ਖਾਸ ਤਰਾਂ ਦੇ ਮਾਹੌਲ ਨਾਲ਼ ਜੁੜੀ ਨਜਰ ਆਉਂਦੀ ਹੈ। ਗੱਲ ਕੁਝ ਇਸ ਤਰਾਂ ਹੈ ਕਿ ਮੇਰਾ ਜਨਮ ਤਾਂ ਇਸਲਾਮਿਕ ਪਰਿਵਾਰ ਵਿੱਚ ਹੋਇਆ ਸੀ। ਪਰ ਸਾਡੀ ਕਾਸਟ ਦਾ ਪਿੰਡ ਵਿੱਚ ਇੱਕੋ-ਇੱਕ ਘਰ ਹੋਣ ਕਰਕੇ ਮੈਨੂੰ ਬਚਪਨ ਵਿੱਚ ਜਿਹਨਾਂ ਹਮਉਮਰ ਸਾਥੀਆਂ ਨਾਲ਼ ਖੇਡਣ ਦਾ ਮੌਕਾ ਮਿਲਿਆ ਉਹ ਜਿਆਦਾਤਰ ਸਿੱਖ ਧਰਮ ਨਾਲ਼ ਸਬੰਧਤ ਸਨ। ਖੇਡਾਂ ਖੇਡਣ ਦਾ ਇਹ ਅਮਲ ਦੋਸਤੀਆਂ ਵਿੱਚ ਵਟ ਗਿਆ। ਜਦੋਂ ਸ਼ਾਮ ਨੂੰ ਖੇਡਦੇ ਸਮੇਂ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਹੋਣੀ ਸੁਰੂ ਹੁੰਦੀ ਤਾਂ ਉਹ ਸਾਰੇ ਦੋਸਤ ਖੇਡ ਵਿਚਾਲ਼ੇ ਛੱਡ ਕੇ ਉੱਥੇ ਚਲੇ ਜਾਂਦੇ। ਪਿੱਛੇ ਇਕੱਲਾ ਰਹਿ ਜਾਣ ਕਰਕੇ ਮੈਂ ਵੀ ਉਹਨਾਂ ਨਾਲ਼ ਹੀ ਚਲਿਆ ਜਾਇਆ ਕਰਦਾ ਸੀ। ਪਹਿਲਾਂ-ਪਹਿਲ ਤਾਂ ਮੇਰਾ ਜਾਣਾ ਸ਼ਾਇਦ ਉੱਥੇ ਵੰਡੇ ਜਾਂਦੇ ਪ੍ਰਸ਼ਾਦ ਕਰਕੇ ਹੋਵੇ। ਪਰ ਜਿਵੇਂ ਸਿਗਮੰਡ ਫਰਾਇਡ ਗਰੁੱੱਪ-ਸਾਇਕੋਲੌਜੀ ਬਾਰੇ ਦੱਸਦਾ ਹੈ ਕਿ “ਕੋਈ ਵਿਅਕਤੀ ਕਿਸੇ ਗਰੁੱਪ ਦਾ ਹਿੱਸਾ ਬਣਨ ਤੋਂ ਬਾਅਦ ਆਪਣੀ ਨਿੱਜੀ ਮਾਨਸਿਕਤਾ ਨੂੰ ਤਿਆਗ ਕੇ ਗਰੁੱਪ ਦੇ ਵਿਚਾਰਾਂ ਨੂੰ ਗ੍ਰਹਿਣ ਕਰਨ ਲਗਦਾ ਹੈ..” ਬਾਅਦ ਵਿੱਚ ਇਸ ਮਨੋ-ਵਿਗਿਆਨਿਕ ਸੱਚਾਈ ਨੇ ਮੇਰੇ ਉੱਤੇ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕੀਤਾ।
ਮੈਨੂੰ ਗੁਰਦੁਆਰਾ ਸਾਹਿਬ ਜਾਣਾ ਚੰਗਾ ਲੱਗਣ ਲੱਗ ਪਿਆ। ਸਮੇਂ ਦੇ ਬੀਤਣ ਨਾਲ ਮੇਰੇ ਮਨ ਉੱਤੇ ਦਿਨੋਂ-ਦਿਨ ਸਿੱਖ ਵਿਚਾਰਧਾਰਾ ਦਾ ਰੰਗ ਚੜ੍ਹਨਾ ਸੁਰੂ ਹੋ ਗਿਆ। ਸਾਡੇ ਆਲ਼ੇ-ਦੁਆਲ਼ੇ ਦੇ ਪਿੰਡਾਂ ਵਿੱਚ ਅਕਸਰ ਸੰਤਾਂ ਦੇ ਦੀਵਾਨ ਲਗਦੇ ਰਹਿੰਦੇ ਸਨ। ਅਸੀਂ ਦੋਸਤਾਂ ਨੇ ਇਕੱਠੇ ਹੋਕੇ ਸਤਿਸੰਗ ਸੁਣਨ ਜਾਣਾ, ਜਿਨਾਂ ਵਿੱਚ ਸੁਣੀਆਂ ਗੱਲਾਂ ਨੇ ਸੰਮੋਹਨ ਦਾ ਕੰਮ ਕੀਤਾ। ਮੇਰਾ ਸਿੱਖ ਧਰਮ ਵੱਲ ਝੁਕਾਅ ਵਧਦਾ ਗਿਆ। ਮਨ ਵਿੱਚ ਹਮੇਸ਼ਾ ਚਲਦੀ ਲੰਬੀ ਜੱਦੋਜਹਿਦ ਤੋਂ ਬਾਅਦ ਆਖਰ ਮੈਂ ਅੰਮ੍ਰਿਤ ਛਕਣ ਦਾ ਮਨ ਬਣਾ ਲਿਆ। ਜਦੋਂ ਅੰਮ੍ਰਿਤ ਛਕਣ ਵਾਲ਼ੀ ਗੱਲ ਮੇਰੇ ਘਰਦਿਆਂ ਅਤੇ ਰਿਸਤੇਦਾਰਾਂ ਨੂੰ ਪਤਾ ਲੱਗੀ ਘਰ ਵਿੱਚ ਤਾਂ ਜਿਵੇਂ ਹੜਕੰਪ ਮਚ ਗਿਆ। ਰਿਸਤੇਦਾਰਾਂ ਨੇ ਖਾਸਕਰ ਮੇਰੇ ਨਾਨਕਿਆਂ ਨੇ ਤਾਂ ਜਿਵੇਂ ਫੈਸਲਾ ਹੀ ਸੁਣਾ ਦਿੱਤਾ ਕਿ ਜੇਕਰ ਮੁੰਡੇ ਨੇ ਅਮ੍ਰਿਤ ਛਕ ਲਿਆ ਤਾਂ ਅਸੀਂ ਤੁਹਾਡੇ ਘਰ ਨਹੀਂ ਵੜਨਾ। ਮੈਂ ਪੁੱਛਿਆ ਕਿ ਇਸ ਵਿੱਚ ਬੁਰਾਈ ਕੀ ਹੈ? ਉਹਨਾਂ ਦੱਸਿਆ ਕਿ ਇਹ ਸਾਡੇ ਧਰਮ ਦੇ ਖਿਲਾਫ ਹੈ। ਮੈਂ ਕਿਹਾ ਮੈਂ ਵੀ ਤਾਂ ਧਰਮ ਦੇ ਹੀ ਲੜ ਲੱਗਣ ਜਾ ਰਿਹਾ ਹਾਂ, ਸਾਰੇ ਧਰਮਾਂ ਵਿੱਚ ਬੰਦਗੀ ਤਾਂ ਰੱਬ ਦੀ ਸਿਖਾਈ ਜਾਂਦੀ ਹੈ, ਬਸ ਬੰਦਗੀ ਦੇ ਤਰੀਕੇ ਵਿੱਚ ਹੀ ਫਰਕ ਹੈ..! ਮੈਂ ਉਨ੍ਹਾਂ ਨੂੰ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ। ਪਰ ਉਹ ਕੋਈ ਦਲੀਲ ਮੰਨਣ ਵਾਸਤੇ ਤਿਆਰ ਨਹੀਂ ਸਨ। ਉਹ ਕਹਿਣ ਲੱਗੇ ਕਿ ਸਾਡੇ ਵਾਸਤੇ ਤਾਂ ਉਹੀ ਧਰਮ ਅਤੇ ਤਰੀਕਾ ਜਾਇਜ਼ ਹੈ ਜੋ ਅੱਲਾ-ਤਾਅਲਾ ਨੇ ਕੁਰਾਨ ਪਾਕ ਵਿੱਚ ਸਾਡੇ ਵਾਸਤੇ ਸਹੀ ਫਰਮਾਇਆ ਹੈ। ਮੈਂ ਬੜਾ ਹੈਰਾਨ ਹੋਇਆ ਕਿ ਸਾਰੇ ਧਰਮ ਤਾਂ ਕਹਿੰਦੇ ਹਨ ਕਿ ਰੱਬ ਇੱਕ ਹੈ, ਫਿਰ ਇੱਕ ਰੱਬ ਵੱਲੋਂ ਲੋਕਾਂ ਨੂੰ ਧਰਮਾਂ ਦੇ ਨਾਂ ਉੱਤੇ ਅਲੱਗ-ਅਲੱਗ ਫੁਰਮਾਨ ਕਿਉਂ ਜਾਰੀ ਕੀਤੇ ਗਏ…?
ਧਰਮਾਂ ਦੇ ਵਿਚਾਰ ਟਕਰਾਂਵੇ ਕਿਉਂ ਹਨ..? ਜਦੋਂ ਸਾਰੇ ਹੀ ਧਰਮ ਰੱਬ ਨਾਲ ਮਿਲਾਪ ਦਾ ਮਾਰਗ ਦੱਸਦੇ ਹਨ ਤਾਂ ਲੋਕ ਇੱਕ ਦੂਜੇ ਦੇ ਧਰਮ ਨੂੰ ਅਪਨਾਉਣ ਦਾ ਵਿਰੋਧ ਕਿਉਂ ਕਰਦੇ ਹਨ…? ਇਹੋ ਜਿਹੇ ਬਹੁਤ ਸਾਰੇ ਸਵਾਲ ਮੇਰੇ ਮਨ ਵਿੱਚ ਉਠਣੇ ਸੁਰੂ ਹੋ ਗਏ। ਇਨਾਂ ਸਵਾਲਾਂ ਦੇ ਜਵਾਬ ਜਾਨਣ ਵਾਸਤੇ ਅਰੰਭ ਕੀਤੀ ਖੋਜ-ਪੜਤਾਲ਼ ਦੌਰਾਨ ਮੈਨੂੰ ਧਰਮ ਨਾਲ਼ ਸਬੰਧਤ ਜੋ ਵੀ ਕਿਤਾਬ ਮਿਲਦੀ ਮੈਂ ਉਸਨੂੰ ਜਰੂਰ ਪੜ੍ਹਦਾ। ਵੱਖ-ਵੱਖ ਧਰਮਾਂ ਨਾਲ ਸਬੰਧਿਤ ਪੁਸਤਕਾਂ ਦੇ ਅਧਿਐਨ ਦੌਰਾਨ ਮੈਨੂੰ ਬਹੁਤ ਹੀ ਹੈਰਾਨੀਜਨਕ ਤੱਥ ਮਿਲੇ। ਜਿਨਾਂ ਨੂੰ ਪੜ੍ਹਕੇ ਪਤਾ ਲੱਗਿਆ ਕਿ ਆਖਿਰ ਧਰਮਾਂ ਵਿੱਚ ਇੰਨਾਂ ਵਿਰੋਧ ਕਿਉਂ ਹੈ। ਜਦੋਂ ਵੀ ਮੈਂ ਕਿਸੇ ਸ਼ਹਿਰ ਜਾਂਦਾ ਤਾਂ ਕਿਸੇ ਬੁੱਕ-ਸਟਾਲ ਤੋਂ ਪੜ੍ਹਨ ਵਾਸਤੇ ਕੁਛ ਕਿਤਾਬਾਂ ਜਰੂਰ ਲੈਕੇ ਆਉਂਦਾ। ਇੱਕ ਦਿਨ ਮੈਨੂੰ ਇੱਕ ਬੁੱਕ ਸਟਾਲ ਤੋਂ ਤਰਕਸ਼ੀਲ ਸੁਸਾਇਟੀ ਦੀ ਇਕ ਪੁਸਤਕ “ਬਾਬਾ ਭਰਮ ਤੋੜ” ਮਿਲੀ। ਇਸ ਪੁਸਤਕ ਰਾਹੀਂ ਪਹਿਲੀ ਵਾਰ ਮੇਰਾ ਵਾਹ-ਵਾਸਤਾ ਤਰਕਸ਼ੀਲ ਸੁਸਾਇਟੀ ਦੇ ਸਾਹਿਤ ਨਾਲ ਪਿਆ। ਇਹ ਪੁਸਤਕ ਪੜ੍ਹਨ ਤੋਂ ਬਾਅਦ ਤਰਕਸ਼ੀਲ਼ ਸੁਸਾਇਟੀ ਦੀਆਂ ਹੋਰ ਪੁਸਤਕਾਂ ਪੜ੍ਹਨ ਦੀ ਤਮੰਨਾ ਜਾਗੀ। ਤਰਕਸ਼ੀਲ ਸਾਹਿਤ ਪੜ੍ਹ ਕੇ ਪਤਾ ਚੱਲਿਆ ਕਿ ਧਰਮ ਮਨੁੱਖੀ ਸੱਭਿਅਤਾ ਦੇ ਇਤਿਹਾਸ ਵਿੱਚ ਇੱਕ ਖਾਸ ਪੜਾਅ ਦੌਰਾਨ ਹੋਂਦ ਵਿੱਚ ਆਈਆਂ ਸਮਾਜਿਕ ਹਾਲਤਾਂ ਦੀ ਪੈਦਾਵਾਰ ਸੀ ਨਾ ਕਿ ਕਿਸੇ ਅਖੌਤੀ ਰੱਬ ਦੀ ਦੇਣ।
ਤਰਕਸ਼ੀਲ ਸਾਹਿਤ ਪੜ੍ਹਦਿਆਂ ਅਧਿਆਤਮਵਾਦੀ (ਵਿਚਾਰਵਾਦੀ) ਅਤੇ ਪਦਾਰਥਵਾਦੀ ਫਲਸਫੇ ਦੇ ਤੁਲਨਾਤਮਕ ਅਧਿਐਨ ਦੌਰਾਨ ਪਤਾ ਚੱਲਿਆ ਕਿ ਅਧਿਆਤਮਵਾਦ ਦੀ ਇਹ ਧਾਰਨਾ ਬਿਲਕੁਲ ਗਲਤ ਹੈ ਕਿ ਕਿਸੇ ਰੱਬੀ ਸੱਤਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ… ਬਲਕਿ ਸੱਚ ਇਹ ਹੈ ਕਿ ਅਖੌਤੀ ਰੱਬ ਨੂੰ ਮਨੁੱਖ ਨੇ ਆਪਣੀ ਸੁਵਿਧਾ ਅਨੁਸਾਰ ਘੜ੍ਹਿਆ ਅਤੇ ਅਤੇ ਪ੍ਰਚਾਰਿਆ ਹੈ। ਇਸ ਤਰ੍ਹਾਂ ਤਰਕਸ਼ੀਲ ਸਾਹਿਤ ਪੜਨ ਨਾਲ਼ ਮੇਰੇ ਮਨ ਵਿਚਲਾ ਧਰਮ ਅਤੇ ਰੱਬ ਵਾਲ਼ਾ ਮਾਮਲਾ ਵੀ ਸਾਫ ਹੋ ਗਿਆ। ਮੈਂ ਤਰਕਸ਼ੀਲ ਸਾਹਿਤ ਜਿਵੇਂ-ਜਿਵੇਂ ਪੜ੍ਹਦਾ ਗਿਆ ਮੇਰੀ ਸੋਚ ਦਿਨੋ ਦਿਨ ਹੋਰ ਨਿੱਖਰਦੀ ਚਲੀ ਗਈ। ਤਰਕਸ਼ੀਲ ਸੁਸਾਇਟੀ ਦੇ ਸਾਹਿਤ ਨੇ ਮੇਰੀ ਸੋਚ ਇੰਨੀ ਉੱਚੀ ਕਰ ਦਿੱਤੀ ਕਿ ਮੈਨੂੰ ਮੇਰੀ ਧਰਮ ਵਾਲ਼ੀ ਸਟੇਜ ਮੇਰਾ ਬਚਪਨਾ ਜਾਪਣ ਲੱਗ ਪਈ। ਹੁਣ ਮੈਨੂੰ ਧਰਮ ਦਾ ਅਸਲੀ ਚੇਹਰਾ ਸਾਫ ਨਜ਼ਰ ਆਣ ਲੱਗ ਪਿਆ ਸੀ। ਅਧਿਆਤਮਵਾਦੀ ਸਾਹਿਤ ਪੜ੍ਹ ਕੇ ਪਤਾ ਚੱਲਿਆ ਕਿ ਹਰੇਕ ਸਮਾਜ ਧਰਮਾਂ ਤੋਂ ਅੱਗੇ ਛੋਟੇ-ਛੋਟੇ ਫਿਰਕਿਆਂ ਅਤੇ ਅਨੇਕਾਂ ਧੜਿਆਂ ਜਾਂ ਸੰਪਰਦਾਵਾਂ ਵਿੱਚ ਵੰਡਿਆ ਹੋਇਆ ਹੈ। ਹਰੇਕ ਸੰਪਰਦਾ ਦੀਆਂ ਅਲੱਗ ਪੂਜਾ ਵਿਧੀਆਂ ਅਤੇ ਅਲੱਗ-ਅਲੱਗ ਪੂਜਾ ਅਸਥਾਨ ਹਨ। ਧਰਮ ਦੇ ਸੰਕਲਪ ਕਿਸੇ ਖਾਸ ਖਿੱਤੇ ਨਾਲ਼ ਸਬੰਧਤ ਹੋਣ ਕਰਕੇ ਖੇਤਰੀ ਹੁੰਦੇ ਹਨ। ਪਦਾਰਥਵਾਦੀ ਫਲਸਫੇ ਦੇ ਅਧਿਐਨ ਤੋਂ ਪਤਾ ਚੱਲਿਆ ਕਿ ਵਿਗਿਆਨ ਦੇ ਸਿਧਾਂਤ ਵਿਸ਼ਵ-ਵਿਆਪੀ ਹੋਣ ਕਰਕੇ ਸਮੇਂ ਅਤੇ ਸਥਾਨ ਦੇ ਨਾਲ ਬਦਲਦੇ ਨਹੀਂ, ਬਲਕਿ ਇਹ ਹਰੇਕ ਉੱਤੇ ਇੱਕਸਾਰ ਲਾਗੂ ਹੁੰਦੇ ਹਨ।
ਇਸ ਕਾਰਨ ਇਸ ਵਿੱਚ ਕੋਈ ‘ਖੇਤਰੀ-ਵਿਗਿਆਨ’ ਅਤੇ ‘ਰਾਸ਼ਟਰੀ-ਵਿਗਿਆਨ’ ਵਰਗੀ ਧੜੇਬੰਦੀ ਨਹੀਂ ਹੁੰਦੀ। ਭਵਿੱਖ ਵਿੱਚ ਵਿਗਿਆਨ ਦੇ ਅਦਾਨ ਪ੍ਰਦਾਨ ਕਾਰਨ ਰਾਸ਼ਟਰਵਾਦ, ਕੌਮੀ ਗੌਰਵ, ਦੇਸ ਭਗਤੀ ਵਰਗੀਆਂ ਸੌੜੀ ਸੋਚ ਦੀਆਂ ਕੰਧਾਂ ਨੇ ਅੰਤ ਨੂੰ ਢਹਿਣਾ ਹੀ ਹੈ। ਧਰਮ ਤਾਂ ‘ਸਰਬੱਤ ਦਾ ਭਲਾ’ ਦਾ ਸਿਰਫ਼ ਨਾਅਰਾ ਦੇਂਦੇ ਹਨ ਪਰ ਸਰਬੱਤ ਦੇ ਭਲੇ ਦਾ ਅਸਲ ਟੀਚਾ ਵਿਗਿਆਨਿਕ ਸੋਚ ਅਪਣਾ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਅੱਜ ਮੈਂ ਧਰਮ ਦੇ ਬਦਲੇ ਵਿਗਿਆਨਿਕ-ਸੋਚ ਨੂੰ ਅਪਣਾਅ ਕੇ ਬਹੁਤ ਖੁਸ਼ ਹਾਂ ਕਿਉਂਕੇ ਧਾਰਮਿਕ ਫਿਰਕਿਆਂ ਵਿੱਚ ਇੱਕ ਦੁਜੇ ਨੂੰ ਪਿਛਾੜਨ ਦੀ ਹੋੜ ਮਚੀ ਹੋਈ ਹੈ ਜਦਕਿ ਤਰਕਸ਼ੀਲਤਾ ਪਿੱਛੇ ਰਹਿ ਗਿਆਂ ਨੂੰ ਨਾਲ਼ ਰਲ਼ਾਉਣ ਦਾ ਅਮਲ ਹੈ। ਇਸ ਤਰਾਂ ਦੇ ਸੱਚੇ-ਸੁੱਚੇ ਲੋਕਹਿੱਤਾਂ ਨੂੰ ਪ੍ਰਣਾਏ ਅਦਾਰੇ ਤਰਕਸ਼ੀਲ ਸੁਸਾਇਟੀ ਪੰਜਾਬ ( ਰਜ਼ਿ ) ਦਾ ਮੈਂਬਰ ਬਣਨ ਉਤੇ ਮੈਂ ਮਾਣ ਮਹਿਸ਼ੂਸ ਕਰਦਾਂ ਹਾਂ।
Add a review