ਅੱਜ ਦਿਨ ਥੋੜ੍ਹਾ ਲੇਟ ਚੜ੍ਹਿਆ ਸੀ। ਇੰਜ ਨਹੀਂ ਕਿ ਸੂਰਜ ਲੇਟ ਨਿਕਲਿਆ ਸੀ, ਅਸਲ ਵਿੱਚ ਮੈਂ ਹੀ ਲੇਟ ਉੱਠਿਆ ਸੀ। ਲੇਟ ਉੱਠਣਾ ਵੀ ਕਿਉਂ ਨਹੀਂ ਸੀ ਅੱਜ ਐਤਵਾਰ ਸੀ । ਸਵੇਰ ਦਾ ਨਾਸ਼ਤਾ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਦੁਪਹਿਰ ਨੂੰ ਹੋਵੇਗਾ। ਉੱਠ ਕੇ ਸੋਚਿਆ ਕਿ ਨਹਾ ਲਵਾਂ ਜਾਂ ਰੁਕ ਜਾਵਾਂ, ਫਿਰ ਸੋਚਿਆ ਚਾਹ ਪੀ ਲਵਾਂ ਫਿਰ ਨਹਾਵਾਂਗਾ, ਫਿਰ ਸੋਚਿਆ ਚਾਹ ਪੀਣ ਤੋਂ ਬਾਅਦ ਕਿਉਂ ਨਾ ਸਿਰ ਤੇ ਥੋੜ੍ਹਾ ਤੇਲ ਲਗਾ ਕੇ ਤੇ ਧੁੱਪੇ ਬੈਠ ਜਾਵਾਂ । ਇੰਨੇ ਨੂੰ ਧਿਆਨ ਆਇਆ ਕਿ ਕਿਉਂ ਨਾ ਕਾਰ ਵੀ ਧੋ ਲਈ ਜਾਵੇ , ਉਦੋਂ ਤਕ ਤੇਲ ਵੀ ਰਚ ਜਾਏਗਾ। ਇਹ ਸਭ ਸੋਚਾਂ ਸੋਚਦੇ- ਸੋਚਦੇ ਮੈਨੂੰ ਬਿਸਤਰੇ ਵਿੱਚ ਹੀ ਦਸ ਵੱਜ ਗਏ ਸਨ। ਉੱਠ ਕੇ ਆਪਣੀ ਪਤਨੀ ਦੇ ਹੱਥਾਂ ਦੀ ਚਾਹ ਪੀ ਕੇ ਅਤੇ ਸਿਰ ਨੂੰ ਤੇਲ ਲਗਾਉਣ ਤੋਂ ਬਾਅਦ ਮੈਂ ਆਪਣੀ ਕਾਰ ਗਲੀ ਵਿੱਚ ਕੱਢ ਕੇ ਉਸ ਨੂੰ ਧੋਣ ਲੱਗ ਪਿਆ ਸੀ । ਬੇਫ਼ਿਕਰੀ ਨਾਲ ਲੱਗੇ ਨੂੰ ਮੈਨੂੰ ਸਾਢੇ ਗਿਆਰਾਂ ਵੱਜ ਗਏ ਸਨ ਤਾਂ ਮੇਰੀ ਪਤਨੀ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਕਿ “ਨਾਸ਼ਤੇ ਦਾ ਸਮਾਂ ਦਾ ਚਲਾ ਗਿਆ ਲੱਗਦਾ ਦੁਪਹਿਰ ਦੀ ਰੋਟੀ ਵੀ ਨਾਲ ਹੀ ਖਾਊਂਗੇ”। ਮੈਂ ਭੱਜ ਕੇ ਨਜ਼ਦੀਕ ਵਾਲੀ ਦੁਕਾਨ ਤੋਂ ਬਰੈੱਡ ਦਾ ਪੈਕੇਟ ਅਤੇ ਮੱਖਣ ਦੀ ਟਿੱਕੀ ਲੈ ਆਇਆ ਅਤੇ ਆਪਣੀ ਪਤਨੀ ਨੂੰ ਕਿਹਾ ਕਿ ਤੁਸੀਂ ਜਲਦੀ ਨਾਸ਼ਤਾ ਤਿਆਰ ਕਰੋ ਅਤੇ ਮੈਂ ਨਹਾ ਕੇ ਨਿਕਲਦਾ ਹਾਂ । ਮੈਨੂੰ ਭੁੱਖ ਬੜੀ ਜ਼ੋਰ ਦੀ ਲੱਗੀ ਸੀ ਅਤੇ ਮੈਂ ਨਹਾ ਕੇ ਨਾਸ਼ਤਾ ਕਰਨ ਬੈਠ ਗਿਆ।
ਦੁਪਹਿਰ ਦਾ ਇੱਕ ਵੱਜਣ ਵਾਲਾ ਸੀ ਅਤੇ ਮੈਂ ਟੀ.ਵੀ. ਦੇ ਸਾਹਮਣੇ ਹੀ ਬੈਠਾ ਹੋਇਆ ਸੀ ਅਤੇ ਮੇਰੀ ਪਤਨੀ ਮੈਨੂੰ ਵਾਰ- ਵਾਰ ਕਹਿ ਰਹੀ ਸੀ ਕਿ ਉੱਠੋ ਅਤੇ ਕੋਈ ਕੰਮ ਕਰ ਲਵੋ। ਮੈਂ ਘੇਸਲ ਮਾਰਦਾ ਹੋਇਆ ਉਸ ਨੂੰ ਬੋਲਿਆ ਕਿ” ਅੱਜ ਐਤਵਾਰ ਹੈ ਅੱਜ ਮੈਨੂੰ ਕੋਈ ਕੰਮ ਨਹੀਂ ਕਹਿਣਾ ਅੱਜ ਮੈਂ ਸਿਰਫ ਆਰਾਮ ਕਰਨਾ ਹੈ”। ਕਰੀਬ ਦੋ ਵਜੇ ਮੈਂ ਟੀ ਵੀ ਦੇ ਅੱਗੋਂ ਉੱਠਿਆ ਅਤੇ ਆਪਣੀ ਪਤਨੀ ਦਾ ਲਾਂਭਾ ਲਾਉਣ ਲਈ ਛੱਤ ਤੇ ਪਏ ਗਮਲਿਆਂ ਨੂੰ ਪਾਣੀ ਦੇਣ ਲੱਗ ਪਿਆ ਅਤੇ ਜਿਨ੍ਹਾਂ ਪੌਦਿਆਂ ਨੂੰ ਲੋੜ ਸੀ ਉਨ੍ਹਾਂ ਨੂੰ ਗੋਡੀ ਵੀ ਕਰ ਦਿੱਤੀ । ਕਰੀਬ ਅੱਧਾ ਘੰਟਾ ਕੰਮ ਕਰਕੇ ਹੀ ਮੈਨੂੰ ਇੰਜ ਲੱਗ ਰਿਹਾ ਸੀ ਕਿ ਮੈਂ ਬਹੁਤ ਕੰਮ ਕਰ ਲਿਆ ਹੋਵੇ। ਮੈਂ ਹੁਣ ਸੌਣਾ ਚਾਹੁੰਦਾ ਸੀ । ਜਦ ਮੈਂ ਸੌਣ ਜਾ ਰਿਹਾ ਸੀ ਤਾਂ ਮੇਰੀ ਪਤਨੀ ਮੈਨੂੰ ਘੂਰ ਘੂਰ ਕੇ ਵੇਖ ਰਹੀ ਸੀ , ਉਸ ਨੂੰ ਪਤਾ ਸੀ ਕਿ ਚਾਰ ਵਜੇ ਮੇਰੇ ਖੇਡਣ ਜਾਣ ਦਾ ਸਮਾਂ ਹੋ ਜਾਣਾ ਹੈ, ਜਿਸ ਕਾਰਨ ਮੈਂ ਹੁਣ ਜਲਦੀ ਜਲਦੀ ਇੱਕ ਘੰਟਾ ਸੌਣਾ ਚਾਹੁੰਦਾ ਸੀ। ਚਾਰ ਵਜੇ ਤੋਂ ਪਹਿਲਾਂ ਹੀ ਮੈਨੂੰ ਮੇਰੇ ਦੋਸਤਾਂ ਤੇ ਫੋਨ ਆਉਣੇ ਸ਼ੁਰੂ ਹੋ ਗਏ ਸੀ। ਮੈਂ ਜਲਦੀ -ਜਲਦੀ ਬੂਟ ਪਾ ਕੇ ਅਤੇ ਲੋਹਰ ਟੀ- ਸ਼ਰਟ ਪਾ ਕੇ ਕ੍ਰਿਕਟ ਖੇਡਣ ਜਾਣ ਲਈ ਤਿਆਰ ਸੀ।
ਸ਼ਾਮ ਦੇ ਸਾਢੇ ਛੇ ਵੱਜ ਗਏ ਸਨ। ਅੱਜ ਬਹੁਤ ਵਧੀਆ ਗੇਮ ਲੱਗੀ ਸੀ। ਤਿੰਨ ਮੈਚਾਂ ਵਿੱਚੋਂ ਦੋ ਮੈਚ ਸਾਡੀ ਟੀਮ ਜਿੱਤੀ ਸੀ। ਜਿਸ ਵਿੱਚ ਮੇਰਾ ਵੀ ਕਾਫ਼ੀ ਯੋਗਦਾਨ ਸੀ । ਮੇਰੀ ਗੇਂਦਬਾਜ਼ੀ ਅੱਜ ਵਧੀਆ ਹੋਈ ਸੀ। ਇਸ ਲਈ ਮੈਂ ਬੜਾ ਖੁਸ਼ ਸੀ। ਮੈਚ ਖ਼ਤਮ ਹੋਣ ਤੋਂ ਬਾਅਦ ਸਿੱਧਾ ਮੈਂ ਦਿੱਲੀ ਗੇਟ ਆਪਣੇ ਹੋਰ ਦੋਸਤਾਂ ਨੂੰ ਮਿਲਣ ਚਲਾ ਗਿਆ ਸੀ, ਜਿੱਥੇ ਉਹ ਮੇਰਾ ਇੰਤਜ਼ਾਰ ਕਰ ਰਹੇ ਸੀ। ਅਸੀਂ ਇਕੱਠਿਆਂ ਨੇ ਜੂਸ ਪੀਤਾ , ਬਾਜ਼ਾਰ ਵਿੱਚ ਕੁਝ ਭਲਵਾਨੀ ਗੇੜੀਆਂ ਮਾਰੀਆਂ ਅਤੇ ਇੱਕ ਦੂਜੇ ਨੂੰ ਹਾਸੇ ਠੱਠੇ ਕਰਦੇ ਹੋਏ ਆਪਣੇ – ਆਪਣੇ ਘਰ ਚਲੇ ਗਏ । ਘਰ ਆਉਂਦਾ ਮੈਂ ਬਾਜ਼ਾਰੋਂ ਕੁਝ ਸਾਮਾਨ ਜੋ ਮੇਰੀ ਪਤਨੀ ਨੇ ਮੈਨੂੰ ਲਿਆਉਣ ਲਈ ਕਿਹਾ ਸੀ ਲੈ ਆਇਆ ਸੀ। ਪਰ ਜਦ ਮੈਂ ਘਰ ਪਹੁੰਚਿਆ ਤਾਂ ਮੇਰਾ ਬੇਟਾ ਮੇਰੇ ਤੋਂ ਨਾਰਾਜ਼ ਸੀ, ਕਿਉਂਕਿ ਉਸ ਨੇ ਮੈਨੂੰ ਸ਼ਾਮ ਨੂੰ ਪਾਰਕ ਲੈ ਕੇ ਜਾਣ ਲਈ ਕਿਹਾ ਸੀ ਅਤੇ ਮੈਂ ਅੱਜ ਉਸ ਲਈ ਸ਼ਾਮ ਨੂੰ ਸਮਾਂ ਨਹੀਂ ਸੀ ਕੱਢ ਪਾਇਆ। ਉਸ ਦੀ ਖ਼ੁਸ਼ੀ ਲਈ ਮੈਂ ਉਸ ਨੂੰ ਕਿਹਾ ਕਿ ਚਲੋ ਤਿਆਰ ਹੋ ਜਾਓ ਅੱਜ ਅਸੀਂ ਰਾਤ ਦਾ ਖਾਣਾ ਬਾਹਰ ਖਾਵਾਂਗੇ। ਇਹ ਸੁਣ ਕੇ ਮੇਰਾ ਬੇਟਾ ਤਾਂ ਖ਼ੁਸ਼ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਖਾਣੇ ਤੋਂ ਬਾਅਦ ਉਸ ਨੂੰ ਉਸ ਦੀ ਪਸੰਦ ਦੀ ਆਈਸਕ੍ਰੀਮ ਵੀ ਮਿਲੇਗੀ ਅਤੇ ਮੇਰੀ ਪਤਨੀ ਇਸ ਲਈ ਖ਼ੁਸ਼ ਸੀ ਕਿਉਂਕਿ ਹੁਣ ਉਸ ਨੂੰ ” ਕੀ ਸਬਜ਼ੀ ਬਣਾਵਾਂ?” ਮੇਰੇ ਤੋਂ ਨਹੀਂ ਪੁੱਛਣਾ ਪਵੇਗਾ । ਰਾਤ ਦਾ ਖਾਣਾ ਖਾ ਕੇ ਅਤੇ ਉਸ ਤੋਂ ਬਾਅਦ ਮੇਰੇ ਬੇਟੇ ਦੇ ਪਸੰਦ ਦੀ ਆਈਸਕ੍ਰੀਮ ਖਾਣ ਤੋਂ ਬਾਅਦ ਅਸੀਂ ਕਰੀਬ ਦੱਸ ਵਜੇ ਘਰ ਵਾਪਸ ਆਏ। ਸੌਣ ਤੋਂ ਪਹਿਲਾਂ ਬੈੱਡ ਉੱਤੇ ਆਪਣੇ ਬੇਟੇ ਨਾਲ ਘੋੜ ਸਵਾਰੀ ਖੇਡਣ ਤੋਂ ਬਾਅਦ ਮੈਂ ਸੌਣ ਦੀ ਤਿਆਰੀ ਵਿਚ ਹੀ ਸੀ ਕਿ ਮੇਰੇ ਕੰਨਾਂ ਵਿਚ ਮੇਰੇ ਮੋਬਾਇਲ ਤੇ ਅਲਾਰਮ ਦੀ ਅਵਾਜ਼ ਵੱਜੀ ਅਤੇ ਮੇਰੀ ਨੀਂਦ ਇਕਦਮ ਖੁੱਲ੍ਹ ਗਈ।
ਮੈਨੂੰ ਇਕਦਮ ਅਹਿਸਾਸ ਹੋ ਗਿਆ ਕਿ ਮੈਂ ਇੱਕ ਸੁਪਨਾ ਵੇਖ ਰਿਹਾ ਸੀ। ਸੱਚ ਇਹ ਸੀ ਕਿ ਅੱਜ ਐਤਵਾਰ ਦੀ ਸਵੇਰ ਸੀ ਅਤੇ ਮੇਰਾ ਸਵੇਰ ਸਾਢੇ ਚਾਰ ਵਜੇ ਦਾ ਅਲਾਰਮ ਵੱਜਾ ਸੀ ਕਿਉਂਕਿ ਛੇ ਵਜੇ ਮੈਂ ਡਿਊਟੀ ਤੇ ਜਾਣਾ ਸੀ। ਮੈਂ ਜਲਦੀ- ਜਲਦੀ ਉੱਠ ਕੇ ਨਹਾ ਧੋ ਕੇ ਜਦ ਮੈਂ ਵਰਦੀ ਪਾ ਰਿਹਾ ਸੀ ਤਾਂ ਮੇਰਾ ਧਿਆਨ ਵਾਰ-ਵਾਰ ਆਪਣੇ ਸੁਪਨੇ ਵਿੱਚ ਜਾ ਰਿਹਾ ਸੀ। ਜਿਸ ਵਿੱਚ ਮੈਂ ਭੁੱਲ ਗਿਆ ਸੀ ਕਿ ਮੈਂ ਇੱਕ ਪੁਲੀਸ ਵਾਲਾ ਹਾਂ। ਮੇਰੀ ਜ਼ਿੰਦਗੀ ਵਿੱਚ ਹੋਰ ਭਾਵੇਂ ਸਬ ਕੁਝ ਹੋਵੇ ਪਰ ਐਤਵਾਰ ਨਹੀਂ ਹੈ। ਹਰ ਇਨਸਾਨ ਜਿਸ ਐਤਵਾਰ ਦੀ ਉਡੀਕ ਵਿੱਚ ਸਾਰਾ ਹਫ਼ਤਾ ਕੰਮ ਕਰਦਾ ਹੈ , ਮੇਰੇ ਹਿੱਸੇ ਦਾ ਉਹ ਐਤਵਾਰ ਕਦ ਆਉਂਦਾ ਸੀ ਤੇ ਕੱਦ ਚਲਾ ਵੀ ਜਾਂਦਾ ਸੀ ਮੈਨੂੰ ਪਤਾ ਹੀ ਨਹੀਂ ਲੱਗਦਾ ਸੀ। ਜਦ ਮੈਂ ਤਿਆਰ ਹੋ ਕੇ ਬਾਹਰ ਨਿਕਲਿਆ ਤਾਂ ਕਾਫ਼ੀ ਧੁੰਦ ਸੀ। ਸਾਰਾ ਦਿਨ ਡਿਊਟੀ ਕਰਕੇ ਜਦ ਮੈਂ ਰਾਤ ਕਰੀਬ ਦਸ ਵਜੇ ਡਿਊਟੀ ਤੋਂ ਘਰ ਵਾਪਸ ਆਇਆ ਤਾਂ ਮੇਰਾ ਬੇਟਾ ਇਸ ਇੰਤਜ਼ਾਰ ਵਿਚ ਹੀ ਸੋ ਚੁੱਕਾ ਸੀ ਕਿ ਅੱਜ ਮੇਰੇ ਪਾਪਾ ਮੇਰੇ ਨਾਲ ਪਤੰਗ ਉਡਾਉਣਗੇ। ਮੈਨੂੰ ਪੰਜਾਬ ਪੁਲੀਸ ਵਿੱਚ ਨੌਕਰੀ ਕਰਦੇ ਕਰੀਬ ਦੱਸ ਸਾਲ ਹੋ ਗਏ ਹਨ ਮੈਂ ਇਨ੍ਹਾਂ ਦਸ ਸਾਲਾਂ ਵਿੱਚ ਹੌਲੀ ਹੌਲੀ ਆਪਣਾ ਮਨ ਸਮਝਾ ਚੁੱਕਾ ਸੀ ਕਿ ਆਪਣੇ ਹਿੱਸੇ ਦਾ ਐਤਵਾਰ ਮੈਂ ਆਪਣੇ ਬਚਪਨ ਵਿੱਚ ਹੀ ਕਿਤੇ ਛੱਡ ਆਇਆ ਹਾਂ । ਪਰ ਜਦ ਕਦੀ ਮੇਰਾ ਬੇਟਾ ਮੈਨੂੰ ਪੁੱਛ ਲੈਂਦਾ ਹੈ ਕਿ “ਪਾਪਾ ਅੱਜ ਐਤਵਾਰ ਹੈ, ਕੀ ਤੁਸੀਂ ਅੱਜ ਮੇਰੇ ਨਾਲ ਖੇਡੋਗੇ ?” ਤਾਂ ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਖਿਆਲ ਜ਼ਰੂਰ ਆ ਜਾਂਦਾ ਹੈ ਕਿ ਮੇਰੇ ਹਿੱਸੇ ਦਾ ਐਤਵਾਰ ਤਾਂ ਗਵਾਚਿਆ ਹੀ ਸੀ ਸ਼ਾਇਦ ਉਹ ਐਤਵਾਰ ਵੀ ਗਵਾਚ ਗਿਆ ਹੈ ਜੋ ਮੇਰਾ ਬੇਟਾ ਮੇਰੇ ਨਾਲ ਬਿਤਾਉਣਾ ਚਾਹੁੰਦਾ ਹੈ।
Add a review