ਇਹ ਗੱਲ ਸ਼ਾਇਦ ਦਸੰਬਰ 2010 ਦੀ ਹੈ। ਓਹਨੀਂ ਦਿਨੀ ਮੈਂ ਮਾਲਵਾ ਗ੍ਰਾਮੀਣ ਬੈਂਕ ਦੀ ਅਨਦਾਨਾ ਬ੍ਰਾਂਚ ਵਿਖੇ ਤਾਇਨਾਤ ਸਾਂ। ਬਾਂਗਰ ਇਲਾਕੇ ਵਿੱਚ ਪੈਂਦਾ ਸੰਗਰੂਰ ਜਿਲੇ ਦਾ ਇਹ ਪਿੰਡ ਖਨੌਰੀ ਤੋਂ ਕੋਈ ਸੱਤ ਕੁ ਕਿਲੋਮੀਟਰ ਦੀ ਵਿੱਥ ਤੇ ਹੈ। ਪੰਜਾਬ ਹਰਿਆਣਾ ਬਾਰਡਰ ਦੇ ਨੇੜੇ ਹੋਣ ਕਾਰਨ ਇਨ੍ਹਾ ਸਾਰੇ ਪਿੰਡਾ ਦਾ ਰਹਿਣ ਸਹਿਣ ਹਰਿਆਣੇ ਵਰਗਾ ਹੀ ਹੈ। 2008 ਵਿੱਚ ਭਾਰਤ ਸਰਕਾਰ ਦੀ ਖੇਤੀਬਾੜੀ ਕਰਜਾ ਮੁਆਫੀ ਯੋਜਨਾ ਲਾਗੂ ਹੋਣ ਕਰਕੇ ਬੈਂਕਾਂ ਦੀ ਵਸੂਲੀ ਦਾ ਹਾਲ ਬਹੁਤ ਹੀ ਮਾੜਾ ਸੀ। ਬੈਂਕ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੋਈ ਕਲਰਕ/ਕੈਸ਼ੀਅਰ ਨਾ ਦਿੱਤਾ ਹੋਣ ਕਰਕੇ ਸਾਡੀ ਸ਼ਾਖਾ ਦਾ ਤਾਂ ਏਦੂੰ ਵੀ ਮਾੜਾ ਹਾਲ ਸੀ।
ਸਾਰੇ ਕੰਮ ਇਕ ਬੰਦੇ ਦੇ ਜਿੰਮੇ ਹੋਣ ਕਰਕੇ ਰਿਕਵਰੀ ‘ਤੇ ਜਾਣ ਦਾ ਪ੍ਰੋਗਰਾਮ ਕਦੇ ਕਦਾਂਈ ਹੀ ਬਣਦਾ ਸੀ। ਹੈਡ ਆਫਿਸ ਸੰਗਰੂਰ ਵੱਲੋਂ ਰਿਕਵਰੀ ਨੂੰ ਪ੍ਰਭਾਵਿਤ ਕਰਨ ਲਈ ਸੀਨੀਅਰ ਅਫਸਰਾਂ ਦੀ ਵਿਸ਼ੇਸ਼ ਤੌਰ ਤੇ ਡਿਊਟੀ ਲਗਾਈ ਜਾਂਦੀ ਸੀ ਜਿਹੜੇ 2 ਚਾਰ ਦਿਨਾ ਬਾਅਦ ਮਾੜੀਆਂ ਬਰਾਂਚਾਂ ਵਿੱਚ ਜਾਕੇ ਮੈਨੇਜਰਾਂ ਨਾਲ ਰਲ ਕੇ ਰਿਕਵਰੀ ਕਰਵਾਉਂਦੇ ਸਨ। ਸਾਡੇ ਕੋਲ ਹੈਡ ਆਫਿਸ ਤੋਂ ਸ਼੍ਰੀ ਪਾਲੀ ਰਾਮ ਬਾਂਸਲ ਅਤੇ ਅਵਤਾਰ ਸਿੰਘ ਪਾਲ (ਮਰਹੂਮ) ਰਿਕਵਰੀ ਕਰਵਾਉਣ ਲਈ ਆਇਆ ਕਰਦੇ ਸਨ। ਐਵੇਂ ਹੀ ਪਹਿਲਾਂ ਤੋਂ ਬਣੇ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਅਸੀਂ (ਮੈਂ ‘ਤੇ ਪਾਲ ਸਾਹਿਬ) ਇਕ ਦਿਨ ਵਸੂਲੀ ਕਰਨ ਲਈ ਪਿੰਡਾਂ ਵਿੱਚ ਨਿਕਲੇ। ਉਸ ਦਿਨ ਧੁੰਦ ਵੀ ਸਾਰਾ ਦਿਨ ਪੈਂਦੀ ਰਹੀ ਸੀ।
ਮੈਂ ਉਹਨਾ ਦਿਨਾ ਵਿੱਚ ਥੋੜ੍ਹਾ ਢਿੱਲਾ ਮੱਠਾ ਰਹਿੰਦਾ ਸਾਂ ਅਤੇ ਸਰਦਾਰ ਅਵਤਾਰ ਸਿੰਘ ਵੀ ਬਲੱਡ ਪ੍ਰੈਸ਼ਰ ਦੇ ਮਰੀਜ ਸਨ। ਘੁੰਮਦੇ ਘੁਮਾਉਂਦੇ ਅਸੀਂ ਦੁਪਹਿਰ ਦੇ 2 ਕੁ ਵਜੇ ਸਰਵਿਸ ਏਰੀਏ ਦੇ ਛੋਟੇ ਜਿਹੇ ਪਿੰਡ ਬਾਹਮਣੀਵਾਲਾ ਵਿੱਚ ਜਾ ਵੜੇ। ਪੰਜ ਸੱਤ ਘਰਾਂ ਵਿੱਚ ਜਾਣ ਤੋਂ ਬਾਅਦ ਜਦੋਂ ਅਸੀਂ ਇਕ ਡਿਫਾਲਟਰ ਕਰਮਵੀਰ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋ ਤਕਰੀਬਨ ਬਾਰਾਂ ਕੁ ਸਾਲਾਂ ਦਾ ਜੁਆਕ ਬਾਹਰ ਆਇਆ। ਜਦੋਂ ਉਹਨੂੰ ਪੁੱਛਿਆ ਕਿ ਕਰਮਵੀਰ ਕਿਥੇ ਹੈ ਤਾਂ ਉਹ ਇਸ਼ਾਰਾ ਜਿਹਾ ਕਰਕੇ ਕਹਿੰਦਾ “ਓਹ ਦੇਖੋ ਜੀ ਬਾਪੂ ਤਾਸ਼ ਖੇਡਣ ਲੱਗਿਆ”। ਅਸੀਂ ਉਸਨੂੰ ਵਡਿਆਕੇ ਭੇਜਿਆ ਕਿ ਜਾਹ ਉਹ ਨੂੰ ਬੁਲਾਕੇ ਲੈਕੇ ਆ। ਚਲੋ ਜੀ ਉਹ ਮੁੰਡਾ ਉਹਨੂੰ ਬੁਲਾ ਲਿਆਇਆ।
ਆਉਣ ਸਾਰ ਕਰਮਵੀਰ ਨੇ ਸਾਡੀ ਵਧੀਆ ਆਓ-ਭਗਤ ਕੀਤੀ। ਧੱਕੇ ਨਾਲ ਈ ਸਾਨੂੰ ਅੰਦਰ ਲੈ ਗਿਆ ਤੇ ਬੈਠਕ ਵਿੱਚ ਡਹੇ ਵੱਡੇ ਵੱਡੇ ਮੰਜਿਆਂ ‘ਤੇ ਅਸੀਂ ਜਾ ਬੈਠੇ। ਮਿੰਟਾ ਸਕਿੰਟਾਂ ਵਿੱਚ ਹੀ ਉਹ ਸਾਡੇ ਲਈ ਤੌੜੀ ਦਾ ਰੜਿਆ ਹੋਇਆ ਗਰਮ ਗਰਮ ਦੁੱਧ ਲੈ ਆਇਆ, ਨਾਲ ਨੂੰ ਘਰ ਦਾ ਕੱਢਿਆ ਹੋਇਆ ਖੋਆ ਬਰਫੀ। ਜਿਆਦਾ ਤੁਰਨ ਫਿਰਨ ਕਰਕੇ ਉਸ ਸਮੇਂ ਤੱਕ ਸਾਨੂੰ ਭੁੱਖ ਵੀ ਵਧੀਆ ਲੱਗ ਚੁੱਕੀ ਸੀ। ਅਸੀਂ ਦੋਨਾ ਨੇ ਖੁਸ਼ੀ ਖੁਸ਼ੀ ਚੰਗਾ ਸਮਾਨ ਛਕਿਆ ‘ਤੇ ਦੋ ਦੋ ਗਲਾਸ ਰੜੇ ਹੋਏ ਲਾਲ ਦੁੱਧ ਦੇ ਪੀਕੇ ਢਿੱਡਾਂ ‘ਤੇ ਹੱਥ ਫੇਰਨ ਲੱਗੇ। ਏਨੇ ਨੂੰ ਕਰਮਵੀਰ ਭਾਂਡੇ ਟੀਂਡੇ ਸਾਂਭਕੇ ਸਾਡੇ ਕੋਲ ਆ ਬੈਠਾ। ਰਸਮੀ ਗੱਲਾਂਬਾਤਾਂ ਹੋਈਆਂ। ਫਸਲਵਾੜੀ ਅਤੇ ਹੋਰ ਘਰ ਪਰਿਵਾਰ ਦੀ ਸੁੱਖ- ਸਾਂਦ ਦੀਆਂ ਗੱਲਾਂ ਤੋਂ ਬਾਅਦ ਅਸੀਂ ਕਰਮਵੀਰ ਨਾਲ ਅਸਲੀ ਮੁੱਦੇ ਤੇ ਗੱਲਬਾਤ ਕਰਨ ਲਈ ਮੁੱਛਾਂ ਨੂੰ ਤਾਅ ਦਿੰਦੇ ਹੋਏ ਅਪਣੀ ਫਾਈਲ ਫਰੋਲਣ ਲੱਗੇ।
ਏਨੇ ਨੂੰ ਉਹ ਵੀ ਉਠ ਖੜ੍ਹਾ ਹੋਇਆ ‘ਤੇ ਘਰ ਦੇ ਅੰਦਰ ਵੱਲ ਨਿਕਲਦੇ ਗੇਟ ਮੂਹਰੇ ਖੜ੍ਹ ਕੇ ਸਵਾਤ ਅੰਦਰ ਪਈ ਆਪਣੀ ਮਾਂ ਨੂੰ ਉਚੀ ਉਚੀ ਅਵਾਜਾਂ ਮਾਰਨ ਲਗਿਆ। “ਬੇਬੇ... ਬੇਬੇ... ਗੰਡਾਸਾ ਕਿੱਥੇ ਆ ?”। ਪਹਿਲਾਂ ਪਹਿਲਾਂ ਤਾਂ ਸਾਨੂੰ ਓਹਦੀ ਕੋਈ ਸਮਝ ਜਿਹੀ ਨਾ ਲੱਗੀ ਪਰ ਜਦੋਂ ਹਾਕ ਸੁਨਣ ਤੋ ਬਾਅਦ ਉਹਦੀ ਮਾਂ ਉਠਕੇ ਸਾਡੇ ਕੋਲ ਆਉਣ ਲੱਗੀ ਤਾਂ ਉਹ ਫੇਰ ਪਹਿਲਾਂ ਵਾਂਗੂੰ ਰੌਲਾ ਪਾਉਣ ਲਗਿਆ। “ਬੇਬੇ... ਗੰਡਾਸਾ ਕਿੱਥੇ ਆ?”। “ਵੇ ਭਾਈ ਮੈਨੂੰ ਕੀ ਪਤਾ... ਪਹਿਲਾਂ ਤਾਂ ਇੱਥੇ ਹੀ ਪਿਆ ਤੀ” ਬੁੜ੍ਹੀ ਬੋਲੀ। ਇਸ ਸਮੇਂ ਦੌਰਾਨ ਸਾਡੇ ਚਿਹਰੇ ਮੁਰਝਾ ਚੁੱਕੇ ਸਨ, ਖਾਧਾ ਪੀਤਾ ਬਾਹਰ ਨੂੰ ਆ ਰਿਹਾ ਸੀ ਅਤੇ ਖੜ੍ਹੀਆ ਮੁੱਛਾਂ ਥੱਲੇ ਗਿਰਨ ਤੋਂ ਬਾਅਦ ਮੂੰਹ ‘ਚ ਪੈਣ ਲਗੀਆਂ ਸਨ, ਸਾਡੇ ਮੂੰਹਾ ਤੇ ਮੱਖੀਆਂ ਭਿਣਕਣ ਲੱਗੀਆਂ, ਸਾਨੂੰ ਆਪਣੀ ਮੌਤ ਨੇੜੇ ਹੀ ਦਸਤਕ ਦਿੰਦੀ ਹੋਈ ਪ੍ਰਤੀਤ ਹੋਣ ਲੱਗੀ। ਅਸੀਂ ਉਸ ਨੂੰ ਬਿਨਾ ਬੁਲਾਏ ਹੀ ਬਾਹਰ ਵੱਲ ਨੂੰ ਖਿਸਕਣ ਲੱਗੇ।
ਜਦੋੰ ਉਹਨੇ ਦੇਖਿਆ ਕਿ ਇਹ ਤਾਂ ਉਠ ਕੇ ਜਾਣ ਲੱਗੇ ਹਨ ਤਾਂ ਉਹ ਝੱਟ ਮੈਨੂੰ ਸੰਬੋਧਿਤ ਹੁੰਦਿਆ ਬੋਲਿਆ “ਕੀ ਗੱਲ ਮੈਨੇਜਰ ਸਾਹਿਬ, ਨਰਾਜ ਹੋਗੇ ਤੁਸੀਂ?”। “ਨਹੀਂ ਨਹੀਂ,,, ਬਸ ਅਸੀਂ ਹੁਣ ਚਲਦੇ ਹਾਂ” ਮੈਂ ਕਿਹਾ। “ਨਹੀਂ ਸਰ ਬੈਠੋ ਮੈਂ ਹੁਣੇ ਭਰਾ ਨੂੰ ਬੁਲਾ ਰਿਹਾ ਹਾਂ” ਉਹ ਬੋਲਿਆ। ਗੱਲ ਮੁਕਾਓ ਉਹ ਸਾਨੂੰ ਫੜ ਫੜ ਮੰਜਿਆਂ ਤੇ ਬਿਠਾਵੇ ,, ਅਸੀ ਦੋਵੇਂ ਬਾਹਰ ਵੱਲ ਨੂੰ ਭੱਜੀਏ। ਇੰਨੇ ਨੂੰ ਸਾਡਾ ਰੌਲਾ ਸੁਣ ਕੇ ਉਹੀ ਮੁੰਡਾ ਵਾਹੋ ਦਾਹੀ ਭੱਜਿਆ ਅੰਦਰ ਵੱਲ ਨੂੰ ਆਇਆ। “ਤੇਰਾ ਤਾਇਆ ਕਿੱਥੇ ਆ ਓਏ? ਜਾਹ ਉਹਨੂੰ ਬੁਲਾਕੇ ਲੈਕੇ ਆ”। ਉੱਚੀ ਅਵਾਜ ਵਿੱਚ ਕਰਮਵੀਰ ਚੀਕਿਆ। “ਬਾਪੂ ਉਹ ਤਾਂ ਨਿਓਲੇ ਕੇ ਘਰੇ ਬੈਠਾ ਹੁੱਕਾ ਪੀਂਦਾ... ਬੁਲਾ ਕੇ ਲਿਆਵਾਂ ਓਹਨੂੰ?”।
“ਹਾਂ ਹਾਂ ਭੱਜਿਆ ਜਾਹ, ਉਹਨੂੰ ਕਹਿ ਦੇਵੀਂ ਕਿ ਅਨਦਾਨੇ ਬੈਂਕ ਆਲੇ ਮੈਨੇਜਰ ਸਾਹਿਬ ਤੈਨੂੰ ਮਿਲਣ ਆਏ ਨੇ”। ਇੰਨੇ ਨੂੰ ਉਹ ਸਾਂਤ ਜਿਹਾ ਹੋਕੇ ਸਾਨੂੰ ਮੰਜੇ ਤੇ ਬੈਠਣ ਲਈ ਕਹਿਣ ਲੱਗਾ। ਮੈਂ ਉਹਦੇ ਲਵੇ ਜੇ ਹੋਕੇ ਹੌਲੀ ਕੁ ਦੇਣੇ ਪੁੱਛਿਆ... “ਨਾਂ ਕੀ ਐ ਭਰਾ ਦਾ?”। “ਉਂ ਨਾਂ ਤਾਂ ਜੀ ਇਹਦਾ ਰਾਮਵੀਰ ਆ, ਪਰ ਛੋਟੇ ਹੁੰਦੇ ਨੂੰ ਬੇਬੇ ਬਾਪੂ ਹੋਰੀਂ ਗੰਡਾਸਾ ਕਹਿਣ ਲੱਗ ਪਏ ਸਨ, ਹੌਲੀ ਹੌਲੀ ਆਹੀ ਨੌਂ ਪੱਕ ਗਿਆ, ਪਿੰਡ ਵਿੱਚ ਵੀ ਸਾਰੇ ਇਹਨੂੰ ਗੰਡਾਸਾ ਕਰਕੇ ਹੀ ਜਾਣਦੇ ਹਨ, ਪੱਕਾ ਨੌਂ ਤਾਂ ਜੀ ਇਹਦਾ ਮਸਾਂ ਦੋ ਚਾਰ ਬੰਦੇ ਹੀ ਜਾਣਦੇ ਹੋਣਗੇ”। ਮੈਂ ਕਿਹਾ, “ਯਾਰ ਸਾਡੇ ਤਾਂ ਦੌਰਾ ਪੈਣ ਆਲਾ ਹੋਗਿਆ, ਚੰਗਾ ਨਾ ਰੱਖਿਆ ਤੁਸੀਂ ਇਹਦਾ”। ਇਸ ਸਮੇਂ ਦੌਰਾਨ “ਗੰਡਾਸਾ” ਉਰਫ ਰਾਮਵੀਰ ਵੀ ਸਾਡੇ ਕੋਲ ਆ ਗਿਆ ਸੀ।
ਦੋਵੇਂ ਭਰਾਵਾਂ ਨੇ ਆਪਣੀ ਮਾਂ ਨਾਲ ਸਲਾਹ ਕਰਨ ਤੋਂ ਬਾਅਦ ਤਿੰਨ ਲੱਖ ਰੁਪਏ ਦਾ ਚੈੱਕ ਕੱਟ ਕੇ ਸਾਡੇ ਹੱਥ ਵਿਚ ਫੜਾ ਦਿੱਤਾ ਅਤੇ ਛੋਟੀ ਜੀ ਗਲਤੀ ਕਾਰਨ ਸਾਨੂੰ ਪਹੁੰਚੀ ਨਮੋਸ਼ੀ ਲਈ ਮੁਆਫੀ ਮੰਗੀ। ਅਸੀਂ ਖੁਸ਼ੀ ਖੁਸ਼ੀ ਵਾਪਸ ਬ੍ਰਾਂਚ ਵਿਚ ਪਹੁੰਚਣ ਲਈ ਚਾਲੇ ਪਾ ਦਿਤੇ। ਹੁਣ ਵੀ ਇਸ ਘਟਨਾ ਨੂੰ ਯਾਦ ਕਰਕੇ ਕਈ ਵਾਰ ਇਕੱਲੇ ਬੈਠੇ ਦਾ ਹੀ ਹਾਸਾ ਨਿਕਲ ਜਾਂਦਾ ਹੈ।
Add a review