ਪਹਿਲਗਾਮ ਸ੍ਰੀਨਗਰ ਤੋਂ ਲਗਭਗ 96 ਕਿਲੋਮੀਟਰ ਦੂਰ ਬਰਫ਼ ਨਾਲ ਢਕੀਆਂ ਉੱਚੀਆਂ ਪਹਾੜੀਆਂ ਵਿਚ ਇਕ ਰਮਣੀਕ ਯਾਤਰਾ ਸਥਾਨ ਹੈ। ਸਮੁੰਦਰ ਤਲ ਤੋਂ ਇਸ ਦੀ ਉਚਾਈ ਲਗਭਗ 2195 ਮੀਟਰ ਹੈ। ਅਮਰਨਾਥ ਦੀ ਸਾਲਾਨਾ ਯਾਤਰਾ ਇੱਥੋਂ ਹੀ ਸ਼ੁਰੂ ਹੁੰਦੀ ਹੈ। ਇਸ ਇਲਾਕੇ ਦੀਆਂ ਸੜਕਾਂ ਚੰਗੀ ਹਾਲਤ ਵਿਚ ਹਨ। ਸੜਕ ਦੇ ਇਕ ਪਾਸੇ ਆਸਮਾਨ ਛੂੰਹਦੇ ਉੱਚੇ ਉੱਚੇ ਹਰੇ ਭਰੇ ਪਹਾੜ ਅਤੇ ਦੂਜੇ ਪਾਸੇ ਡਰਾਉਣੀਆਂ ਡੂੰਘੀਆਂ ਗਹਿਰੀਆਂ ਖੱਡਾਂ ਹਨ।
ਪਹਿਲਗਾਮ ਲੀਦਰ ਨਦੀ ਕਿਨਾਰੇ ਵੱਸਿਆ ਹੈ। ਪਹਿਲਗਾਮ ਪਹੁੰਚਦੇ ਹੀ ਤੁਸੀਂ ਆਨੰਦ ਵਿਭੋਰ ਹੋ ਜਾਂਦੇ ਹੋ ਕਿਉਂਕਿ ਇਹ ਖ਼ੂਬਸੂਰਤ ਦ੍ਰਿਸ਼ਾਂ ਵਾਲਾ ਇਲਾਕਾ ਹੈ। ਨਦੀ ਦੇ ਨਾਲ ਹੀ ਬੱਸ ਅੱਡਾ ਹੈ। ਹੇਠਾਂ ਬੱਸ ਅੱਡਾ ਅਤੇ ਉੱਪਰ ਸੜਕ ਦੇ ਪਾਰ ਬਹੁਤ ਵੱਡਾ ਬਾਜ਼ਾਰ ਹੈ। ਇੱਥੇ ਸਸਤੇ ਅਤੇ ਮਹਿੰਗੇ ਹਰ ਤਰ੍ਹਾਂ ਦੇ ਹੋਟਲ ਮਿਲ ਜਾਂਦੇ ਹਨ। ਇੱਥੇ ਦੋ ਟੈਕਸੀ ਸਟੈਂਡ ਹਨ। ਆਧੁਨਿਕ ਹੋਟਲ ਅਤੇ ਹਰ ਕਿਸਮ ਦੀ ਚੀਜ਼ ਇੱਥੋਂ ਆਸਾਨੀ ਨਾਲ ਮਿਲ ਜਾਂਦੀ ਹੈ। ਬੱਸ ਸਟੈਂਡ ਤੋਂ ਹੀ ਉੱਚੇ ਬਰਫ਼ੀਲੇ ਪਹਾੜ ਆਪਣੇ ਵੱਲ ਖਿੱਚਦੇ ਹਨ। ਇੱਥੇ ਹੀ ਗਾਈਡ ਅਤੇ ਘੋੜਿਆਂ ਦੇ ਮਾਲਿਕ ਤੁਹਾਡੇ ਵੱਲ ਦੌੜੇ ਆਉਂਦੇ ਹਨ।
ਪਹਿਲਗਾਮ ਦਾ ਸ਼ੁੱਧ ਸਾਫ਼ ਵਾਤਾਵਰਣ ਅਤੇ ਲੀਦਰ ਨਦੀ ਦਾ ਕਲ ਕਲ ਵਹਿੰਦਾ ਪਾਣੀ ਕਿਸੇ ਝਾਂਜਰ ਦੀ ਛਣ ਛਣ ਦੀ ਤਰ੍ਹਾਂ ਸ਼ੋਰ ਮਚਾਉਂਦਾ ਜਾਪਦਾ ਹੈ। ਇੱਥੋਂ ਦਾ ਪਾਣੀ ਬਰਫ਼ ਨਾਲੋਂ ਵੀ ਠੰਢਾ ਹੁੰਦਾ ਹੈ। ਬੱਸ ਅੱਡੇ ਦੇ ਸਾਹਮਣੇ ਵਾਲੀ ਸੁੰਦਰ ਪਹਾੜੀ ਦੀ ਚੋਟੀ ਉਪਰ ਪ੍ਰਾਚੀਨ ਮਾਮਲੇਸ਼ਵਰ ਮੰਦਿਰ ਨਜ਼ਰ ਆਉਂਦਾ ਹੈ। ਇਹ ਲਗਭਗ ਦੋ ਕਿਲੋਮੀਟਰ ਦੂਰ ਉਚਾਈ ਉੱਪਰ ਸੁਭਾਇਮਾਨ ਹੈ। ਇਸ ਵਿਚ ਇਕ ਸੁੰਦਰ ਚਸ਼ਮਾ ਵੀ ਹੈ।ਇਹ ਸਥਾਨ ਵੀ ਵੇਖਣਯੋਗ ਹੈ।
ਪਹਿਲਗਾਮ ਦੇ ਆਸ ਪਾਸ ਵਾਲੀਆਂ ਪਹਾੜੀਆਂ ਉੱਪਰ ਵੀ ਚੰਗੇ ਹੋਟਲ ਹਨ। ਇੱਥੇ ਰਹਿਣ ਅਤੇ ਕੁਦਰਤੀ ਨਜ਼ਾਰੇ ਵੇਖਣ ਦਾ ਆਪਣਾ ਹੀ ਮਜ਼ਾ ਹੈ। ਹਰੇ ਭਰੇ ਘਾਹ ਵਾਲੀਆਂ ਪਹਾੜੀਆਂ, ਉੱਚੇ ਉੱਚੇ ਦਿਲਕਸ਼ ਰੁੱਖ ਜਿਸ ਤਰ੍ਹਾਂ ਆਸਮਾਨ ਨਾਲ ਸਰਗੋਸ਼ੀਆਂ ਕਰ ਰਹੇ ਹੋਣ। ਘੁੰਮ-ਘੁੰਮ ਕੇ ਬੱਦਲਾਂ ਦਾ ਆਉਣਾ, ਚੋਟੀਆਂ ਅਤੇ ਰੁੱਖਾਂ ਨਾਲ ਗੁਫ਼ਤਗੂ ਕਰਨਾ, ਬੂੰਦਾ-ਬਾਂਦੀ ਅਤੇ ਕਿਤੇ-ਕਿਤੇ ਮੋਹਲੇਧਾਰ ਬਾਰਿਸ਼ ਵਿਚ ਇਕ ਰੁਮਾਂਟਿਕਤਾ ਦਾ ਸੰਮੋਹਨ ਭਰਿਆ ਹੁੰਦਾ ਹੈ। ਪਹਿਲਗਾਮ ਦੇ ਨਜ਼ਦੀਕ ਬਹੁਤ ਹੀ ਸਥਾਨ ਵੇਖਣਯੋਗ ਹਨ ਜਿਸ ਤਰ੍ਹਾਂ ਥਾਈਸਰਨ, ਸ੍ਰੀ ਅਮਰਨਾਥ, ਗਲੇਸ਼ੀਅਰ, ਕੋਹਲਈ, ਸ਼ਿਕਾਰਘਾਟ, ਚੰਦਨਵਾੜੀ, ਬੋਬੀ ਵਾਦੀ, ਮਮਲੇਸ਼ਵਾੜਾ, ਫਿਰੀਲਾਸਨ ਆਦਿ। ਸੈਲਾਨੀ ਲੀਦਰ ਨਦੀ ਦੇ ਕਿਨਾਰੇ-ਕਿਨਾਰੇ ਸੈਰ ਕਰਨ ਦਾ ਲੁਤਫ਼ ਵੀ ਲੈਂਦੇ ਹਨ। ਇਸ ਦੇ ਕਿਨਾਰੇ-ਕਿਨਾਰੇ ਘੋੜਸਵਾਰੀ ਕਰਨ ਦਾ ਮਜ਼ਾ ਵੀ ਲਿਆ ਜਾ ਸਕਦਾ ਹੈ। ਪੱਥਰਾਂ ਨਾਲ ਟਕਰਾਉਂਦਾ ਪਾਣੀ ਛੋਟੇ-ਛੋਟੇ ਰੁਕਟ ਬਣਾਉਂਦਾ ਹੋਇਆ, ਜਦੋਂ ਪੁਲ ਦੇ ਹੇਠਾਂ ਪਾਰ ਜਾਂਦਾ ਹੈ ਤਾਂ ਪੁਲ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਂਦੇ ਹਨ।
ਪਹਿਲਗਾਮ ਵਿਚ ਰਾਜ ਦੇ ਸੈਰ-ਸਪਾਟਾ ਵਿਭਾਗ ਦਾ ਦਫ਼ਤਰ ਵੀ ਹੈ। ਦਫ਼ਤਰ ਵਿਚ ਇਕ ਲਾਇਬ੍ਰੇਰੀ ਵੀ ਹੈ ਜਿਸ ਵਿਚ ਅਖ਼ਬਾਰ, ਰਸਾਲੇ ਅਤੇ ਪੁਸਤਕਾਂ ਪੜ੍ਹਣ ਲਈ ਮੌਜੂਦ ਹਨ। ਪਰਬਤਾਰੋਹਣ ਲਈ ਪਹਿਲਗਾਮ ਇਲਾਕਾ ਪ੍ਰਸਿੱਧ ਹੈ। ਕਈ ਪਹਾੜ ਹਨ ਜਿਨ੍ਹਾਂ ’ਤੇ ਚੜ੍ਹਨ ਲਈ ਚੰਗੇ ਪ੍ਰਬੰਧ ਹਨ। ਇੱਥੇ ਕਈ ਟ੍ਰੈਕਿੰਗ ਰੂਟਸ ਹਨ। ਪਹਾੜਾਂ ’ਤੇ ਚੜ੍ਹਣ ਲਈ ਸਾਮਾਨ ਪਹਿਲਗਾਮ ਤੋਂ ਮਿਲ ਜਾਂਦਾ ਹੈ। ਦੂਰ-ਦੂਰ ਜਾਣ ਲਈ ਵੀ ਮੌਸਮੀ ਜੁੱਤੇ ਅਤੇ ਟੈਂਟ ਆਦਿ ਕਿਰਾਏ ’ਤੇ ਮਿਲ ਜਾਂਦੇ ਹਨ।
ਪਹਿਲਗਾਮ ਦਾ ਇਲਾਕਾ ਵੇਖਣ ਲਈ ਘੱਟੋ-ਘੱਟ ਦਸ ਦਿਨ ਚਾਹੀਦੇ ਹਨ। ਲੀਦਰ ਨਦੀ ਵਿਚ ਮੱਛੀ ਫੜ੍ਹਨ ਲਈ ਮਹਿਕਮੇ ਤੋਂ ਪਰਮਿਟ ਲੈਣਾ ਪੈਂਦਾ ਹੈ। ਕੋਈ ਵੀ ਯਾਤਰੀ ਮੱਛੀ ਫੜ੍ਹਨ ਲਈ ਮਨਜ਼ੂਰੀ ਲੈ ਸਕਦਾ ਹੈ। ਮੱਛੀ ਫੜ੍ਹਨ ਦਾ ਆਧੁਨਿਕ ਸਾਮਾਨ ਮਿਲ ਜਾਣ ਉਪਰੰਤ ਤੁਸੀਂ ਖ਼ੂਬ ਆਨੰਦ ਉਠਾ ਸਕਦੇ ਹੋ।
ਇੱਥੇ ਸ਼ਿਵ ਮੰਦਿਰ, ਗੁਰਦੁਆਰਾ, ਮਸਜਿਦ ਅਤੇ ਚਰਚ ਵੀ ਹੈ। ਹਸਪਤਾਲ, ਡਾਕਘਰ, ਪੁਲੀਸ ਸਟੇਸ਼ਨ ਅਤੇ ਕਈ ਹੋਰ ਦਫ਼ਤਰ ਵੀ ਹਨ। ਪਹਿਲਗਾਮ ਕਲੱਬ ਇੱਥੋਂ ਦੀ ਮਸ਼ਹੂਰ ਜਗ੍ਹਾ ਹੈ। ਸਵੇਰੇ ਅਤੇ ਸ਼ਾਮ ਨੂੰ ਇੱਥੋਂ ਦਾ ਮੌਸਮ ਅਤੇ ਦ੍ਰਿਸ਼ ਏਨੇ ਮਨਮੋਹਣੇ ਹੁੰਦੇ ਹਨ ਕਿ ਇਨ੍ਹਾਂ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਪਹਿਲਗਾਮ ਦੀਆਂ ਸੁੰਦਰ ਚੋਟੀਆਂ, ਫ਼ਲ, ਫੁੱਲ, ਮੌਸਮ, ਨਦੀਆਂ, ਦਰਿਆ, ਹਰਿਆਵਲ ਆਦਿ ਸਭ ਮਿਲ ਕੇ ਜੰਨਤ ਵਰਗਾ ਅਹਿਸਾਸ ਪੈਦਾ ਕਰਦੇ ਹਨ।
Add a review