ਆਮ ਲੋਕਾਈ ਉੱਪਰ ਸਥਾਪਤੀ ਦਾ ਦਮਨ ਚੱਕਰ ਹਰ ਦੌਰ ਵਿੱਚ ਚੱਲਦਾ ਆਇਆ ਹੈ ਅਤੇ ਹਰ ਦੌਰ ਵਿੱਚ ਹੀ ਜ਼ਾਲਮ ਸਰਕਾਰਾਂ ਦੇ ਕੋਝੇ ਕਾਰਨਾਮਿਆਂ ਨੂੰ ਆਪਣੀ ਕਲਮ ਦੀ ਤਾਕਤ ਨਾਲ ਉਜਾਗਰ ਕਰਨ ਵਾਲੇ ਲਿਖਾਰੀ ਪੈਦਾ ਹੁੰਦੇ ਆਏ ਹਨ। ਗੁਰਦਿਆਲ ਰੌਸ਼ਨ ਅਜਿਹੇ ਹੀ ਸ਼ਾਇਰ ਦਾ ਨਾਮ ਹੈ ਜੋ ਆਪਣੀਆਂ ਲੋਕ ਹਿੱਤੂ ਅਤੇ ਜ਼ੁਲਮ ਵਿਰੋਧੀ ਰਚਨਾਵਾਂ ਕਰਕੇ ਜਾਣਿਆ ਜਾਂਦਾ ਹੈ।
ਗੁਰਦਿਆਲ ਰੌਸ਼ਨ ਦਾ ਜਨਮ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਲੜੋਆ ਵਿਖੇ ਪਿਤਾ ਸਰਦਾਰ ਗੁਰਦੇਵ ਸਿੰਘ ਅਤੇ ਮਾਤਾ ਸ੍ਰੀਮਤੀ ਚੰਨਣ ਕੌਰ ਦੇ ਘਰ 1 ਸਤੰਬਰ 1955 ਨੂੰ ਹੋਇਆ। ਮਾਲੀ ਤੰਗੀ ਤੁਰਸ਼ੀ ਦੇ ਚੱਲਦਿਆਂ ਵੀ ਆਪਣੀ ਮਿਹਨਤ ਅਤੇ ਲਗਨ ਸਦਕਾ ਉੱਚ ਸਿੱਖਿਆ ਪ੍ਰਾਪਤ ਕਰ ਕੇ ਕਲਾ ਅਧਿਆਪਕ ਵਜੋਂ ਸਰਕਾਰੀ ਨੌਕਰੀ ਪ੍ਰਾਪਤ ਕੀਤੀ। ਆਪਣੇ ਅਧਿਆਪਨ ਦੇ ਕਿੱਤੇ ਤੋਂ ਸੇਵਾਮੁਕਤ ਹੋ ਕੇ ਅੱਜਕੱਲ੍ਹ ਲੁਧਿਆਣਾ ਦੇ ਅਸ਼ੋਕ ਨਗਰ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ।
ਰੌਸ਼ਨ ਨੂੰ ਸਾਹਿਤ ਪੜ੍ਹਨ ਅਤੇ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਸੀ। ਬਾਲ ਸਾਹਿਤ ਪੜ੍ਹਦਿਆਂ ਪੜ੍ਹਦਿਆਂ ਹੀ ਉਹ ਕੁਝ ਨਾ ਕੁਝ ਲਿਖਣ ਲੱਗ ਪਿਆ। ਅੱਠਵੀਂ ਕਲਾਸ ਤੱਕ ਪਹੁੰਚਦੇ ਪਹੁੰਚਦੇ ਉਸ ਦੀਆਂ ਰਚਨਾਵਾਂ ਅਖ਼ਬਾਰਾਂ ਰਸਾਲਿਆਂ ਵਿੱਚ ਛਪਣ ਲੱਗੀਆਂ। ਇੱਕ ਸਮਾਂ ਅਜਿਹਾ ਆਇਆ, ਜਦੋਂ ਉਸ ਨੂੰ ਗ਼ਜ਼ਲ ਵਿੱਚ ਜ਼ਿਆਦਾ ਦਿਲਚਸਪੀ ਪੈਦਾ ਹੋਣ ਲੱਗੀ। ਇਹੀ ਦਿਲਚਸਪੀ ਉਸ ਨੂੰ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ, ਉਸਤਾਦ ਜਨਾਬ ਦੀਪਕ ਜੈਤੋਈ ਦੇ ਦੁਆਰ ’ਤੇ ਲੈ ਗਈ।
ਗ਼ਜ਼ਲ ਦੀ ਵਿਧਾ ਅਤੇ ਅਰੂਜ਼ ਦੀਆਂ ਬਾਰੀਕੀਆਂ ਸਿੱਖਣ ਲਈ 1975-76 ਦੇ ਨੇੜ ਉਸ ਨੇ ਬਾਕਾਇਦਾ ਤੌਰ ’ਤੇ ਦੀਪਕ ਜੈਤੋਈ ਹੋਰਾਂ ਨੂੰ ਗੁਰੂ ਧਾਰਨ ਕਰ ਲਿਆ। ਰੌਸ਼ਨ ਦੱਸਦਾ ਹੈ ਕਿ ਉਦੋਂ ਉਹ ਗੁਰਦਿਆਲ ਰੌਸ਼ਨ ਨਹੀਂ ਸੀ। ਉਦੋਂ ਉਹ ਆਪਣੇ ਨਾਮ ਨਾਲ ਤਖੱਲਸ ਦੇ ਤੌਰ ’ਤੇ ਆਪਣੇ ਪਿੰਡ ਦਾ ਨਾਮ ‘ਲੜੋਆ’ ਲਗਾਉਂਦਾ ਸੀ। ਉਸਤਾਦ ਨੇ ਉਸ ਨੂੰ ਨਵਾਂ ਤਖੱਲਸ ‘ਰੌਸ਼ਨ’ ਦਿੱਤਾ। ਉਨ੍ਹਾਂ ਦਾ ਵਿਚਾਰ ਸੀ ਕਿ ‘‘ਮੈਂ ‘ਦੀਪਕ’ ਹਾਂ ਅਤੇ ‘ਰੌਸ਼ਨ’ ਕਰਕੇ ਇਹ ਦੀਪਕ ਰੌਸ਼ਨ ਰਹੇਗਾ।’’
ਇਸ ਤਰ੍ਹਾਂ ਦੀਪਕ ਜੈਤੋਈ ਨੇ ਆਪਣੀ ਪਾਰਖੂ ਅੱਖ ਨਾਲ ਗੁਰਦਿਆਲ ਰੌਸ਼ਨ ਦੀ ਪ੍ਰਤਿਭਾ ਨੂੰ ਪਛਾਣ ਕੇ ਆਪਣੇ ਜਾਂ-ਨਸ਼ੀਨ ਦੀ ਨਿਸ਼ਾਨਦੇਹੀ ਵੀ ਕਰ ਦਿੱਤੀ ਸੀ ਜੋ ਬਾਅਦ ਵਿੱਚ ਉਨ੍ਹਾਂ ਨੇ ਗੁਰਦਿਆਲ ਰੌਸ਼ਨ ਨੂੰ ਦੀਪਕ ਗ਼ਜ਼ਲ ਸਕੂਲ ਦੇ ਉੱਤਰਾਧਿਕਾਰੀ ਵਜੋਂ ਐਲਾਨ ਕੇ ਜੱਗ ਜ਼ਾਹਿਰ ਕੀਤੀ। ਇਹ ‘ਰੌਸ਼ਨ’ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਸੀ। ਇਹ ਵੀ ਜ਼ਿਕਰਯੋਗ ਗੱਲ ਹੈ ਕਿ ਉਸ ਵਕਤ ਪੰਜਾਬੀ ਵਿੱਚ ਗ਼ਜ਼ਲ ਲਿਖਣ ਵਾਲੇ ਗ਼ਜ਼ਲਗੋਆਂ ਦੀ ਗਿਣਤੀ ਉਂਗਲਾਂ ’ਤੇ ਗਿਣਨ ਜੋਗੀ ਹੀ ਸੀ।
ਰੌਸ਼ਨ ਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਸੂਹੇ ਬੁੱਲ੍ਹ ਜ਼ਰਦ ਮੁਸਕਾਨ’ 1984 ਵਿੱਚ ਆਇਆ। ਉਸ ਤੋਂ ਬਾਅਦ ਉਸ ਨੇ ਸਤਾਰਾਂ ਦੇ ਲਗਭਗ ਹੋਰ ਗ਼ਜ਼ਲ ਸੰਗ੍ਰਹਿ ਪੰਜਾਬੀ ਪਾਠਕਾਂ ਲਈ ਛਪਵਾਏ ਜਿਨ੍ਹਾਂ ਵਿਚ ਮਹਿਫ਼ਿਲ, ਘੁੰਗਰੂ, ਕਿਣਮਿਣ, ਸਫ਼ਰ ਜਾਰੀ ਹੈ ਆਦਿ ਪੁਸਤਕਾਂ ਸ਼ਾਮਿਲ ਹਨ। ਉਸ ਦੇ ਪ੍ਰਕਾਸ਼ਿਤ ਹੋਏ ਅੱਠ ਗੀਤ/ਕਾਵਿ ਸੰਗ੍ਰਹਿਆਂ ਵਿੱਚ ‘ਮਿੱਟੀ ਦੀ ਆਵਾਜ਼’, ‘ਧਰਤੀ ਦੀ ਫੁਲਕਾਰੀ’, ‘ਮੈਂ ਭਾਰਤ ਹਾਂ’ ਅਹਿਮ ਦਸਤਾਵੇਜ਼ ਹਨ।
ਬਾਲ ਸਾਹਿਤ ਵਿੱਚ ਵੀ ਉਸ ਦਾ ਕੰਮ ਬੇਮਿਸਾਲ ਹੈ। ‘ਸ਼ਹਿਰ ਤੇ ਜੰਗਲ’ ਸਮੇਤ ਉਸ ਦੇ ਪੰਜ ਬਾਲ ਸਾਹਿਤ ਸੰਗ੍ਰਹਿ ਹੁਣ ਤੱਕ ਪ੍ਰਕਾਸ਼ਿਤ ਹੋ ਚੁੱਕੇ ਹਨ। ‘ਸ਼ੀਸ਼ਾ ਬੋਲਦਾ ਹੈ’, ‘ਸੱਤ ਸਵਾਲ’, ‘ਗ਼ਜ਼ਲ ਮਹਿਫ਼ਲ’ ਅਤੇ ‘ਸ਼ੀਸ਼ਾ ਬੋਲ ਪਿਆ’ (ਛਪਾਈ ਅਧੀਨ) ਨਿਬੰਧ ਸੰਗ੍ਰਹਿ ਰਚਣ ਦੇ ਨਾਲ ਨਾਲ ਲਗਪਗ ਨੌਂ ਪੁਸਤਕਾਂ ਉਸ ਨੇ ਸੰਪਾਦਿਤ ਕੀਤੀਆਂ ਹਨ। ਇਸ ਤੋਂ ਬਿਨਾਂ ਅਨੇਕਾਂ ਉੱਚ ਕੋਟੀ ਦੇ ਕਾਵਿ ਸੰਗ੍ਰਹਿਆਂ ਵਿੱਚ ਉਸ ਦੀਆਂ ਰਚਨਾਵਾਂ ਦਰਜ ਹਨ। ‘ਗੁਰਦਿਆਲ ਰੌਸ਼ਨ ਦੀ ਕਾਵਿ ਰਚਨਾ’ ਸਤਿੰਦਰਜੀਤ ਰਾਏ ਦਾ ਉਸ ਦੀ ਕਾਵਿ ਰਚਨਾ ਉੱਪਰ ਖੋਜ ਕਾਰਜ ਹੈ।
ਉਸ ਵਕਤ ਜਦੋਂ ਰੇਡੀਓ ਨੂੰ ਬੜੇ ਚਾਅ ਨਾਲ ਸੁਣਿਆ ਜਾਂਦਾ ਸੀ, ਗੁਰਦਿਆਲ ਰੌਸ਼ਨ, ਆਲ ਇੰਡੀਆ ਰੇਡੀਓ ਤੋਂ ਅਪਰੂਵਡ ਸ਼ਾਇਰ ਸੀ ਜੋ ਆਪਣੇ ਆਪ ਵਿੱਚ ਇੱਕ ਵਡਮੁੱਲੀ ਪ੍ਰਾਪਤੀ ਸੀ। ਉਸ ਦੇ ਗੀਤ ਅਤੇ ਗ਼ਜ਼ਲਾਂ ਪ੍ਰਸਿੱਧ ਗਾਇਕਾਂ ਨੇ ਗਾਏ। ਪੰਜਾਬੀ ਦੇ ਚੋਟੀ ਦੇ ਅਖ਼ਬਾਰਾਂ ਵਿੱਚ ਉਸ ਦੇ ਲੜੀਵਾਰ ਕਾਲਮ ‘ਗ਼ਜ਼ਲ ਚਿਤਰ’, ‘ਗ਼ਜ਼ਲ ਮਹਿਫ਼ਲ’, ‘ਜੰਗਲ ਦੇ ਵਾਸੀ’, ‘ਸੱਤ ਸਵਾਲ’, ‘ਸ਼ੀਸ਼ਾ ਬੋਲਦਾ ਹੈ’, ‘ਲੂਣ ਮਿਰਚ’ ਛਪਦੇ ਰਹੇ ਹਨ। ਉਹ ਪੁਸਤਕਾਂ ਦਾ ਰੀਵਿਊਕਾਰ ਵੀ ਹੈ।
ਅੱਜ ਪੰਜਾਬੀ ਗ਼ਜ਼ਲ ਜਿਸ ਮੁਕਾਮ ਉੱਤੇ ਪਹੁੰਚੀ ਹੈ, ਉਸ ਵਿੱਚ ਗੁਰਦਿਆਲ ਰੌਸ਼ਨ ਦਾ ਵਿਸ਼ੇਸ਼ ਯੋਗਦਾਨ ਹੈ। ਇੰਨੇ ਲੰਮੇ ਸਮੇਂ ਤੋਂ ਅਤੇ ਇੰਨੇ ਜ਼ਿਆਦਾ ਸਾਹਿਤਕ ਕਾਰਜਾਂ ਪਿੱਛੇ ਉਸ ਦੀ ਮਿਹਨਤ ਅਤੇ ਪੰਜਾਬੀ ਬੋਲੀ ਪ੍ਰਤੀ ਸੁਹਿਰਦਤਾ ਕੰਮ ਕਰਦੀ ਹੈ। ਭਾਵੇਂ ਉਸ ਨੇ ਹੋਰ ਵਿਧਾਵਾਂ ਵਿੱਚ ਵੀ ਲਿਖਿਆ ਹੈ, ਪਰ ਉਸ ਦੀ ਲੇਖਣੀ ਦੀ ਮੁੱਖ ਵਿਧਾ ਗ਼ਜ਼ਲ ਹੀ ਹੈ।
ਆਪਣੇ ਸਾਹਿਤਕ ਸਫ਼ਰ ਦੌਰਾਨ ਉਸ ਨੇ ਮਹਿਬੂਬ ਦੀਆਂ ਅਦਾਵਾਂ ਤੋਂ ਲੈ ਕੇ ਲੋਕ ਮਸਲਿਆਂ, ਸਮਾਜ ਦੇ ਦੱਬੇ ਕੁਚਲੇ ਵਰਗਾਂ, ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ, ਸਮਾਜਿਕ ਬੁਰਾਈਆਂ ਬਾਰੇ ਨਿੱਠ ਕੇ ਲਿਖਿਆ। ਅੱਜਕੱਲ੍ਹ ਉਹ ਆਪਣੀਆਂ ਰਚਨਾਵਾਂ ਰਾਹੀਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਸਮੇਂ ਦੇ ਹਾਕਮਾਂ ਨਾਲ ਆਢਾ ਲਾਈ ਬੈਠਾ ਹੈ।
ਇਸ ਸਬੰਧੀ ਉਸ ਦੀਆਂ ਹਰ ਰੋਜ਼ ਸੋਸ਼ਲ ਮੀਡੀਆ ਉਪਰ ਇੱਕ ਜਾਂ ਇੱਕ ਤੋਂ ਵੱਧ ਰਚਨਾਵਾਂ ਪੋਸਟ ਹੋ ਰਹੀਆਂ ਹਨ ਜਿਨ੍ਹਾਂ ਦੀ ਭਾਸ਼ਾ ਕਿਸੇ ਨਿਧੜਕ ਜਰਨੈਲ ਦੇ ਲਲਕਾਰੇ ਵਰਗੀ ਹੁੰਦੀ ਹੈ। ਨਿਸ਼ਚੇ ਹੀ ਉਸ ਦੀਆਂ ਰਚਨਾਵਾਂ ਨੇ ਆਪਣੇ ਹੱਕ ਮੰਗਦੇ ਕਿਸਾਨਾਂ ਮਜ਼ਦੂਰਾਂ ਵਿੱਚ ਇੱਕ ਨਵੀਂ ਰੂਹ ਫੂਕੀ ਹੈ। ਉਸ ਨੂੰ ਆਪਣੇ ਕੁਝ ਸਮਕਾਲੀ ਸਾਹਿਤਕਾਰਾਂ ਨਾਲ ਇਸ ਗੱਲੋਂ ਰੋਸਾ ਵੀ ਹੈ ਕਿ ਉਹ ਕਿਸਾਨ ਸੰਘਰਸ਼ ਦੇ ਚਲਦਿਆਂ ਚੁੱਪ ਧਾਰੀ ਬੈਠੇ ਰਹੇ ਹਨ।
ਗੁਰਦਿਆਲ ਰੌਸ਼ਨ ਦੇ ਸ਼ਾਗਿਰਦ ਜਸਵੰਤ ਵਾਗਲਾ ਨੇ ਦੱਸਿਆ ਕਿ ਉਹ ਆਪਣੇ ਸ਼ਾਗਿਰਦਾਂ ਨੂੰ ਗ਼ਜ਼ਲ ਦੀਆਂ ਬਾਰੀਕੀਆਂ ਦਿਲੋਂ ਅਤੇ ਬੜੇ ਪਿਆਰ ਨਾਲ ਸਿਖਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਉਸ ਦੇ ਸ਼ਾਗਿਰਦ ਵੀ ਉਸ ਦਾ ਬੇਹੱਦ ਸਤਿਕਾਰ ਕਰਦੇ ਹਨ। ਇਸ ਦੀ ਜਿਉਂਦੀ ਜਾਗਦੀ ਮਿਸਾਲ ਇਹ ਹੈ ਕਿ ਉਸ ਦੇ ਇੱਕ ਸ਼ਾਗਿਰਦ ਕਮਲਜੀਤ ਕੰਵਰ ਨੇ ਉਸ ਦੇ ਨਾਮ ਉੱਪਰ ਗੱਜਰ (ਨਜ਼ਦੀਕ ਜੇਜੋਂ ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ‘ਰੌਸ਼ਨ ਕਲਾ ਕੇਂਦਰ’ ਬਣਾਇਆ ਹੈ। ਉਸ ਦੇ ਸਿਖਿਆਰਥੀਆਂ ਵਿੱਚੋ ਭੁਪਿੰਦਰ ਸੱਗੂ, ਹਰਜਿੰਦਰ ਕੰਗ ਵੀ ਸਾਹਿਤਕਾਰੀ ਵਿੱਚ ਆਪਣੀ ਖੁਸ਼ਬੂ ਬਿਖੇਰ ਰਹੇ ਹਨ। ਹੁਣ ਕੋਵਿਡ ਪਾਬੰਦੀਆਂ ਦੌਰਾਨ ਵੀ ਦੇਸ਼ ਵਿਦੇਸ਼ ਤੋਂ ਸੈਂਕੜੇ ਸਿਖਿਆਰਥੀ ਉਸ ਤੋਂ ਫੋਨ ਰਾਹੀਂ ਗ਼ਜ਼ਲ ਦੀ ਸਿੱਖਿਆ ਲੈ ਰਹੇ ਹਨ।
ਚਲੰਤ ਮਾਮਲਿਆਂ ਬਾਰੇ ਵਿਚਾਰ ਤੁਰੰਤ, ਉਹ ਵੀ ਕਵਿਤਾ ਰਾਹੀਂ ਪੇਸ਼ ਕਰਨਾ ਬਹੁਤ ਔਖਾ ਹੁੰਦਾ ਹੈ। ਆਪਣੀ ਸਿਰਜਣ ਪ੍ਰਕਿਰਿਆ ਬਾਰੇ ਉਹ ਦੱਸਦਾ ਹੈ ਕਿ ਸਾਰਾ ਦਿਨ ਹੀ ਉਸ ਦੇ ਦਿਮਾਗ਼ ਵਿੱਚ ਖਿਆਲ ਉਥਲ ਪੁਥਲ ਮਚਾਉਂਦੇ ਰਹਿੰਦੇ ਹਨ। ਆਖ਼ਰ ਸੌਣ ਤੋਂ ਪਹਿਲਾਂ ਉਹ ਇਨ੍ਹਾਂ ਖਿਆਲਾਂ ਨੂੰ ਤਰਤੀਬ ਦੇ ਕੇ ਕਾਗਜ਼ ’ਤੇ ਉਤਾਰ ਲੈਂਦਾ ਹੈ। ਇਨਾਮ ਸਨਮਾਨਾਂ ਬਾਰੇ ਉਹ ਦੱਸਦਾ ਹੈ ਕਿ ਸਮੇਂ ਸਮੇਂ ’ਤੇ ਅਨੇਕਾਂ ਸਾਹਿਤਕ ਸੰਸਥਾਵਾਂ ਵੱਲੋਂ ਉਸ ਦਾ ਮਾਣ ਸਨਮਾਨ ਕੀਤਾ ਜਾ ਚੁੱਕਾ ਹੈ ਜਿਸ ਵਿੱਚ ਸਾਹਿਤ ਟਰੱਸਟ ਢੁੱਡੀਕੇ ਵੱਲੋਂ ਤਿੰਨ ਵਾਰ ਸਨਮਾਨ ਅਤੇ ਐਵਾਰਡ ਮਿਲਣਾ ਵੀ ਸ਼ਾਮਿਲ ਹੈ। ਕੋਈ ਵੀ ਸਰਕਾਰੀ ਇਨਾਮ ਨਾ ਲੈਣ ਬਾਰੇ ਉਸ ਨੇ ਆਪੇ ਹੀ ਐਲਾਨ ਕੀਤਾ ਹੋਇਆ ਹੈ। ਉਹ ਕਹਿੰਦਾ ਹੈ ਕਿ ਉਸ ਲਈ ਅਸਲੀ ਸਨਮਾਨ ਪਾਠਕਾਂ ਵੱਲੋਂ ਮਿਲ ਰਿਹਾ ਭਰਪੂਰ ਪਿਆਰ ਹੈ। ਸ਼ਾਲਾ! ਉਸ ਦੀ ਕਲਮ ਹੋਰ ਬੁਲੰਦੀਆਂ ਛੂਹੇ।
Add a review