• Home
  • Explore
  • Magazine
    • Events
    • Business Directory
    • Places
Free Listing
Sign in or Register
Free Listing

ਨਵੀਂ ਸਵੇਰ

ਅੰਮ੍ਰਿਤ ਕੌਰ

  • Comment
  • Save
  • Share
  • Details
  • Comments & Reviews 0
  • prev
  • next
  • Fiction
  • Story
  • Report an issue
  • prev
  • next
Article

‘ਓਏ ਕੌਣ ਐ ਬਈ...?’’ ਬਲਵੰਤ ਸਿੰਘ ਨੂੰ ਲੱਗਿਆ ਜਿਵੇਂ ਕੋਈ ਉਨ੍ਹਾਂ ਦੇ ਬੂਹੇ ਅੱਗੇ ਆ ਕੇ ਰੁਕਿਆ ਹੋਵੇ।

‘‘ਅਸੀਂ ਆਂ ਚਾਚਾ ਜੱਗੇ ਹੁਰੀਂ ਤੇਰੇ ਕੋਲ ਕੰਮ ਆਏ ਆਂ।’’ ਬਾਹਰੋਂ ਆਵਾਜ਼ ਆਈ। ਬਲਵੰਤ ਸਿੰਘ ਨੇ ਬਾਹਰਲਾ ਬਲਬ ਜਗਾ ਦਿੱਤਾ।

‘‘ਐਨੀ ਰਾਤ ਨੂੰ ਕੀ ਕੰਮ ਪੈ ਗਿਆ ਭਾਈ?’’ ਉਸ ਨੇ ਬੂਹਾ ਖੋਲ੍ਹਦਿਆਂ ਪੁੱਛਿਆ।

ਬਲਵੰਤ ਸਿੰਘ ਨੇ ਜੱਗੇ ਦੇ ਨਾਲ ਖੜ੍ਹੇ ਮੁੰਡੇ ਵੱਲ ਗਹੁ ਨਾਲ਼ ਤੱਕਿਆ।

‘‘ਇਹ ਮੇਰੀ ਭੂਆ ਦਾ ਮੁੰਡਾ ਵਿਕਰਮ, ਕਹਿੰਦਾ ਸੀ ਮੈਂ ਵੀ ਦੇਖਣੈ, ਨਾਨਕੇ ਪਿੰਡ ਵੋਟਾਂ ਕਿਵੇਂ ਪੈਂਦੀਆਂ ਨੇ।’’ ਜੱਗੇ ਨੇ ਮੁਸਕਰਾਉੰਦਿਆਂ ਕਿਹਾ। ਐਨੇ ਨੂੰ ਅੱਧਖੜ ਉਮਰ ਦਾ ਬੰਦਾ ਹਰਦੇਵ ਸਿੰਘ ਵੀ ਉਨ੍ਹਾਂ ਨਾਲ ਆ ਰਲਿਆ।

ਬਲਵੰਤ ਸਿੰਘ ਨੇ ਬੜੇ ਅਦਬ ਨਾਲ ਉਨ੍ਹਾਂ ਨੂੰ ਅੰਦਰ ਬੁਲਾਇਆ। ਉਹ ਬਹੁਤ ਕਾਹਲੀ ਵਿੱਚ ਸਨ। ਬਿਨਾਂ ਕੁਝ ਕਹੇ ਹੀ ਉਨ੍ਹਾਂ ਨੇ ਦੋ ਬੋਤਲਾਂ ਮੇਜ਼ ’ਤੇ ਰੱਖ ਦਿੱਤੀਆਂ, ਇੱਕ ਸ਼ਰਾਬ ਦੀ ਤੇ ਦੂਜੀ ਕੋਕਾ ਕੋਲਾ।

‘‘ਕੱਲ੍ਹ ਨੂੰ ਖਿਆਲ ਰੱਖਣਾ ਬਲਵੰਤ ਸਿਆਂ ਵੋਟ ਲਾਲ ਸਿੰਘ ਨੂੰ ਪਾਉਣੀ ਐ ਆਪਾਂ। ਕਿਸੇ ਹੋਰ ਚੀਜ਼ ਦੀ ਲੋੜ ਐ ਤਾਂ ਦੱਸ ਦੇਈਂ।’’ ਹਰਦੇਵ ਸਿੰਘ ਨੇ ਕਿਹਾ।

ਬਲਵੰਤ ਸਿੰਘ ਦੇ ਕੰਨਾਂ ਵਿੱਚ ਦੀ ਸੇਕ ਨਿਕਲਣ ਲੱਗਾ। ਲਾਲ ਸਿੰਘ ਹਮੇਸ਼ਾਂ ਪੁੱਠੇ ਸਿੱਧੇ ਤੌਰ ਤਰੀਕੇ ਵਰਤਦਾ ਸੀ। ਪਹਿਲਾਂ ਪੰਚ ਬਣਦਾ ਰਿਹਾ, ਪਿਛਲੀ ਵਾਰ ਸਰਪੰਚ ਬਣਿਆ। ਹੁਣ ਫਿਰ ਸਰਪੰਚੀ ਦਾ ਉਮੀਦਵਾਰ ਸੀ। ਉਸ ਦੀ ਸਰਪੰਚੀ ਦੌਰਾਨ ਪਿੰਡ ਵਿੱਚ ਨਸ਼ਿਆਂ ਦੀ ਆਮਦ ਵਧ ਗਈ। ਲੋਕ ਕਹਿੰਦੇ ਸਨ ਕਿ ਵੱਡੇ ਲੀਡਰਾਂ ਨਾਲ ਗੰਢ-ਤੁੱਪ ਕਾਰਨ ਨਸ਼ੇ ਚੱਲਦੇ ਸਨ।

‘‘ਚੱਕੋ ਬੋਤਲਾਂ... ਮੈਂ ਕਿਹਾ ਬੋਤਲਾਂ ਚੱਕੋ।’’ ਉਸ ਨੇ ਗੁੱਸੇ ਵਿੱਚ ਆ ਕੇ ਕਿਹਾ।

ਬਲਵੰਤ ਸਿੰਘ ਨੇ ਆਪਣੇ ਗਾਤਰੇ ਪਾਈ ਕ੍ਰਿਪਾਨ ਅੱਗੇ ਕਰਦਿਆਂ ਕਿਹਾ, ‘‘ਓਏ... ਥੋਨੂੰ ਆਹ ਨੀ ਦਿਸੀ?’’

‘‘ਚੱਲ ਛੱਡ ਚਾਚਾ। ... ਕਿਸੇ ਰਿਸ਼ਤੇਦਾਰ ਦੇ ਕੰਮ ਆ ਜਾਂਦੀ।’’ ਜੱਗੇ ਨੇ ਦੱਬਵੀਂ ਆਵਾਜ਼ ਵਿੱਚ ਕਿਹਾ। ਗੱਲ ਵਧਣ ਦੇ ਡਰੋਂ ਉਨ੍ਹਾਂ ਨੇ ਸ਼ਰਾਬ ਦੀ ਬੋਤਲ ਚੁੱਕ ਲਈ, ਦੂਜੀ ਬੋਤਲ ਬਲਵੰਤ ਸਿੰਘ ਨੇ ਚੁੱਕ ਕੇ ਫੜਾ ਦਿੱਤੀ। ਬਿਨਾਂ ਕੁਝ ਬੋਲਿਆਂ ਉਸ ਨੇ ਹੱਥ ਜੋੜ ਕੇ ਜਾਣ ਦਾ ਇਸ਼ਾਰਾ ਕਰ ਦਿੱਤਾ।

‘‘ਮੈਂ ਇਨ੍ਹਾਂ ਨੂੰ ਕਿਹਾ ਸੀ ਬਈ ਪੰਜੇ ਉਂਗਲਾਂ ਬਰਾਬਰ ਨਹੀਂ...।’’ ਹਰਦੇਵ ਸਿੰਘ ਬੂਹੇ ਦੇ ਬਾਹਰ ਹੁੰਦਿਆਂ ਬਲਵੰਤ ਸਿੰਘ ਦੇ ਮੋਢੇ ’ਤੇ ਹੱਥ ਰੱਖ ਕਹਿਣ ਲੱਗਾ ਹੀ ਸੀ ਕਿ ਉਸ ਨੇ ਬੜੇ ਅਦਬ ਨਾਲ ਉਸ ਦਾ ਹੱਥ ਪਰ੍ਹੇ ਕੀਤਾ, ਦੋਵੇਂ ਹੱਥ ਜੋੜੇ ਤੇ ਠਾਹ ਦੇਣੇ ਬੂਹਾ ਬੰਦ ਕਰ ਦਿੱਤਾ।

‘‘ਹੁਣ ਕੀਹਤੋਂ ਬੇਇੱਜ਼ਤੀ ਕਰਾਉਣੀ ਐ ਚਾਚਾ?’’ ਜੱਗੇ ਨੇ ਮੁਸਕੜੀਏਂ ਹੱਸਦਿਆਂ ਧੀਮੀ ਆਵਾਜ਼ ਵਿੱਚ ਪੁੱਛਿਆ।

‘‘ਵੋਟਾਂ ਲੈਣ ਵਾਸਤੇ ਸਾਰਾ ਕੁਸ਼ ਝੱਲਣਾ ਪੈਂਦੈ ਜੱਗਿਆ।’’ ਉਸ ਨੇ ਜੰਟੇ ਦੇ ਘਰ ਦਾ ਬੂਹਾ ਖੜਕਾਉਂਦਿਆਂ ਕਿਹਾ। ਸ਼ਾਇਦ ਅੰਦਰ ਕਿਸੇ ਨੂੰ ਸੁਣਿਆ ਨਹੀਂ ਸੀ। ਉਸ ਨੇ ਜੰਟੇ ਨੂੰ ਫੋਨ ਕੀਤਾ। ਥੋੜ੍ਹੀ ਦੇਰ ਬਾਅਦ ਬੂਹਾ ਖੁੱਲ੍ਹਿਆ। ਜੰਟੇ ਦੇ ਮੂੰਹ ਵਿੱਚੋਂ ਸ਼ਰਾਬ ਦੀ ਬੂ ਆ ਰਹੀ ਸੀ। ਸਾਰੇ ਜਣੇ ਅੰਦਰ ਲੰਘ ਗਏ। ਜੰਟਾ ਤੂੜੀ ਵਾਲੇ ਕੋਠੇ ਵੱਲ ਚਲਾ ਗਿਆ। ਉਸ ਦੀ ਬੇਬੇ ਨੇ ਸਭ ਨੂੰ ਬੈਠਣ ਲਈ ਕਿਹਾ।

‘‘ਨਾ ਜੀ ਬੈਠਣਾ ਨੀ ਅਸੀਂ, ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸਿਓ।’’ ਜੰਟੇ ਦੀ ਮਾਂ ਤਾਂ ਕੁਝ ਨਾ ਬੋਲੀ, ਪਰ ਉਸ ਦੇ ਘਰਵਾਲੀ ਬੋਲ ਪਈ, ‘‘ਐਤਕੀਂ ਸ਼ਰਾਬ ਦੀਆਂ ਬੋਤਲਾਂ ਨੀਂ ਲੈ ਕੇ ਆਏ ਚਾਚਾ ਜੀ? ਪਿਛਲੀ ਵਾਰ ਤਾਂ ਥੋਡੀ ਦਿੱਤੀ ਮੁਖਤ ਦੀ ਸ਼ਰਾਬ ਪੀ ਕੇ ਏਹਦੀ ਇੱਕ ਲੱਤ ਟੁੱਟੀ ਤੀ, ਹੁਣ ਦੂਜੀ ਵੀ ਤੁੜਾ ਲੈਂਦਾ, ਫੇਰ ਮੈਂ ਏਹਨੂੰ ਰੇੜ੍ਹੀ ’ਚ ਬਠਾ ਕੇ ਮੰਗਣ ਵਗਜਿਆ ਕਰੂੰ।’’ ‘‘ਹੈ ਕਮਲ਼ੀ ਮੰਗਣ ਕਿਉਂ ਵਗਜਿਆ ਕਰੇਂਗੀ ਤਾਂ ਹੀ ਤਾਂ ਕਹਿ ਰਹੇ ਆਂ ਭਾਈ ਕਿਸੇ ਚੀਜ ਦੀ ਲੋੜ ਹੋਵੇ ਦੱਸਿਓ।’’ ਹਰਦੇਵ ਸਿੰਘ ਹਿੰਮਤ ਜਿਹੀ ਇਕੱਠੀ ਕਰ ਕੇ ਬੋਲਿਆ।

‘‘ਢੇਰ ਰੁਪਈਆਂ ਦਾ ਏਹਦੀ ਲੱਤ ’ਤੇ ਲੱਗ ਗਿਆ, ਅਜੇ ਵੀ ਲੰਗੜਾ ਤੁਰਦੈ। ਪੰਜ ਸਾਲ ਹੋ ਗੇ ਰੋਜ ਪੀਂਦੈ ਦਾਰੂ। ਜਮੀਨ ਜਿਹੜੀ ਹੈਗੀ ਭੋਰਾ ਓਹਨੂੰ ਵਾਢਾ ਧਰ ਲਿਆ ਵੇਚਣ ਨੂੰ। ਕਰਜੇ ਨਾਲ ਵਾਲ਼ ਵਾਲ਼ ਵਿੰਨ੍ਹਿਆ ਪਿਐ ਸਾਡਾ। ਕੰਮ ਏਹਤੋਂ ਨੀਂ ਹੁੰਦਾ। ਏਹ ਨਿਆਮ ਮਿਲਿਐ ਮੁਖਤ ਦੀ ਪੀ ਕੇ। ਨਾਲ਼ੇ ਪਹਿਲਾਂ ਭੋਰਾ ਨੀਂ ਪੀਂਦਾ ਤੀ...। ਹੁਣ ਦੇਖ ਲੋ ਕੀ ਕਰ ਸਕਦੇ ਓਂ ਤੁਸੀਂ।’’ ਸ਼ਾਇਦ ਵਰ੍ਹਿਆਂ ਦੀ ਤਕਲੀਫ਼ ਉਸ ਦੇ ਅੰਦਰ ਭਰੀ ਹੋਈ ਸੀ।

‘‘ਇਹ ਤਾਂ ਕਿਸਮਤ ਦੀਆਂ ਖੇਡਾਂ ਨੇ, ਤੂੰ ਚੁੱਪ ਕਰ ਕੁੜੇ।’’ ਜੰਟੇ ਦੀ ਬੇਬੇ ਨੇ ਹਉਕਾ ਲੈਂਦਿਆਂ ਕਿਹਾ।

‘‘ਚੰਗਾ ਬੇਬੇ, ਇਨ੍ਹਾਂ ਨੂੰ ਕਹਿ ਦੇ ਨਸ਼ਿਆਂ ਦੀ ਥਾਂ ਏਹੋ ਜਾ ਜਹਿਰ ਵੰਡਿਆ ਕਰਨ ਜਿਹੜਾ ਇੱਕ ਵਾਰੀ ਖਾ ਕੇ ਖਤਮ ਹੋ ਜੇ ਬੰਦਾ...।’’ ਉਸ ਦਾ ਰੋਣ ਨਿਕਲ ਗਿਆ ਤੇ ਉਹ ਅੰਦਰ ਚਲੀ ਗਈ।

‘‘ਹੁਣ ਤਾਂ ਅਹੇ ਜੇ ਨਸ਼ੇ ਵੀ ਚੱਲ ਰਹੇ ਨੇ, ਰੋਜ ਮਰਦੇ ਨੇ ਮਾਵਾਂ ਦੇ ਪੁੱਤ, ਜਿਹੜੇ ਸਿਹਰੇ ਸਿਰਾਂ ’ਤੇ ਸਜਣੇ ਹੁੰਦੇ ਨੇ, ਉਹ ਅਰਥੀਆਂ ਨਾਲ ਬੰਨ੍ਹੇ ਜਾਂਦੇ ਨੇ... ਬਹਿ ਜੇ ਬੇੜਾ ਨਸ਼ੇ ਵੇਚਣ ਆਲਿਆਂ ਦਾ...।’’ ਜੰਟੇ ਦੀ ਮਾਂ ਦੇ ਅੰਦਰੋਂ ਬਦਦੁਆ ਨਿਕਲੀ।

‘‘ਜੱਗੇ ਬਾਈ, ਮੈਂ ਬਾਹਰ ਜਾ ਕੇ ਖੜ੍ਹਦਾਂ...।’’ ਵਿੱਕੀ ਨੇ ਜੱਗੇ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ। ਸ਼ਾਇਦ ਉਸ ਕੋਲੋਂ ਇਹ ਸਾਰਾ ਕੁਝ ਦੇਖਿਆ ਨਹੀਂ ਸੀ ਜਾ ਰਿਹਾ। ਸਾਰੇ ਪਾਸੇ ਸੰਨਾਟਾ ਛਾ ਗਿਆ। ਕਿਸੇ ਵਿੱਚ ਵੀ ਬੋਲਣ ਦੀ ਹਿੰਮਤ ਨਹੀਂ ਸੀ।

‘‘ਕੋਈ ਨਾ ਚਾਚਾ, ਪਾ ਦਿਆਂਗੇ ਵੋਟ, ਸਾਡਾ ਕਿਹੜਾ ਜੋਰ ਲੱਗਣੈ।’’ ਜੰਟਾ ਪਰਨੇ ਨਾਲ ਕੱਪੜਿਆਂ ’ਤੇ ਲੱਗੀ ਤੂੜੀ ਝਾੜਦਿਆਂ ਬੋਲਿਆ।

‘‘ਚੰਗਾ ਹੁਣ ਦਾਰੂ ਪੀਣੀ ਛੱਡ ਦੇ ਸਿਆਣਾ ਬਣ।’’ ਉਸ ਦੇ ਮੋਢੇ ’ਤੇ ਹੱਥ ਧਰਦਿਆਂ ਹਰਦੇਵ ਸਿੰਘ ਬੋਲਿਆ। ‘‘ਜੇ ਏਹਨੇ ਦਾਰੂ ਪੀਣੀ ਛੱਡ ਤੀ, ਫੇਰ ਉਹਨੂੰ ਕੌਣ ਪੀਊ, ਜਿਹੜੀ ਤੂੜੀ ’ਚ ਲੁਕੋ ਕੇ ਆਇਐ।’’ ਜੰਟੇ ਦੀ ਘਰਵਾਲੀ ਫਿਰ ਬਾਹਰ ਆ ਗਈ।

ਉਹ ਕਾਹਲੇ ਕਦਮੀਂ ਤੂੜੀ ਵਾਲੇ ਕੋਠੇ ਵੱਲ ਗਈ। ਤੰਗਲ਼ੀ ਚੁੱਕੀ ਤੇ ਤੂੜੀ ਫਰੋਲਣ ਲੱਗੀ। ਛੇਤੀ ਹੀ ਸ਼ਰਾਬ ਦੀਆਂ ਦੋ ਬੋਤਲਾਂ ਉਸ ਦੇ ਹੱਥ ਲੱਗ ਗਈਆਂ।

‘‘ਰੁਕ ਜੋ ਚਾਚਾ ਜੀ, ਆਹ ਲੈ ਜੋ ਆਪਣੀਆਂ...।’’ ਉਸ ਨੇ ਦੋਵੇਂ ਬੋਤਲਾਂ ਹਰਦੇਵ ਸਿੰਘ ਦੇ ਹੱਥਾਂ ਵਿੱਚ ਫੜਾ ਦਿੱਤੀਆਂ। ਉਨ੍ਹਾਂ ਦੇ ਬਾਹਰ ਹੁੰਦਿਆਂ ਹੀ ਉਸ ਨੇ ਦਰਵਾਜ਼ਾ ਬੰਦ ਕਰ ਦਿੱਤਾ।

‘‘ਚਾਚਾ ਆਪਾਂ ਦਿੱਤੀ ਤਾਂ ਇੱਕ ਬੋਤਲ ਸੀ।’’ ਜੱਗੇ ਨੇ ਕਿਹਾ। ‘‘ਚੁੱਪ ਕਰ ਓਏ ਉਹਨੇ ਤਾਂ ਸਹੁਰੀ ਨੇ ਊਈਂ ਬਲੱਡ ਵਧਾ ਲਿਆ।’’

‘‘ਬੇਬੇ, ਉਹਨੇ ਤਾਂ ਮੇਰੀ ਬੋਤਲ ਵੀ ਚੱਕ ਕੇ ਫੜਾ ’ਤੀ ਮੈਨੂੰ ਲੱਗਦੈ।’’ ਜੰਟੇ ਨੇ ਆਪਣੀ ਮਾਂ ਨੂੰ ਕਿਹਾ।

‘‘ਹੁਣ ਨਾ ਕਹੀਂ ਉਹਨੂੰ ਕੁਸ਼। ਕੀ ਕਰੇ ਵਚਾਰੀ ਉਹ ਵੀ ਤਪੀ ਪਈ ਐ। ਜਦੋਂ ਆਈ ਸੀ ਐਸ ਘਰ ਵਿੱਚ ਕਦੇ ਉੱਚੀ ’ਵਾਜ ’ਚ ਗੱਲ ਨੀਂ ਸੀ ਕਰਦੀ... ਤੇ ਹੁਣ...।’’

ਬੋਤਲਾਂ ਵੰਡਣ ਵਾਲਿਆਂ ਨੇ ਅਗਲੇ ਘਰ ਦਾ ਦਰਵਾਜ਼ਾ ਜਾ ਖੜਕਾਇਆ, ਪਰ ਪਤਾ ਨਹੀਂ ਕਿਉਂ ਉਨ੍ਹੀਂ ਪੈਰੀਂ ਵਾਪਸ ਮੁੜ ਪਏ। ਕੁਝ ਘਰ ਛੱਡ ਦਿੱਤੇ।

‘‘ਇਹ ਘਰ ਕਿਉਂ ਛੱਡ ਦਿੱਤੇ ਬਾਈ?’’ ਵਿਕਰਮ ਨੇ ਜੱਗੇ ਨੂੰ ਪੁੱਛਿਆ।

‘‘ਏਹਨਾਂ ਦਾ ਮੁੰਡਾ ਵੀ ਖੜ੍ਹੈ ਸਰਪੰਚੀ ਵਿੱਚ ਹਰਜੀਤ। ਮੁੰਡਾ ਤਾਂ ਬਹੁਤ ਸਿਆਣੈ, ਪਰ ਪਤਾ ਨਹੀਂ ਕਿਉਂ ਤੁਰ ਪਿਆ ਪੁੱਠੇ ਪਾਸੇ।’’ ਜੱਗੇ ਨੇ ਕਿਹਾ।

‘‘ਜੇ ਸਿਆਣੇ ਸਮਝਦਾਰ ਲੋਕ ਐਸ ਪਾਸੇ ਆਉਣਗੇ ਤਾਂ ਹੀ ਸੁਧਾਰ ਹੋ ਸਕਦੈ।’’ ਵਿੱਕੀ ਨੇ ਕਿਹਾ।

ਹੋਰ ਅੱਗੇ ਗਏ ਤਾਂ ਦਰਵਾਜ਼ਾ ਖੁੱਲ੍ਹਾ ਸੀ। ਪੈਰਾਂ ਦਾ ਖੜਕਾ ਕਰ ਕੇ ਅਤੇ ਖੰਘੂਰੇ ਮਾਰ ਕੇ ਆਪਣੇ ਆਉਣ ਦੀ ਸੂਚਨਾ ਘਰ ਵਾਲਿਆਂ ਨੂੰ ਦਿੱਤੀ। ਇੱਕ ਬਜ਼ੁਰਗ ਸਾਹਮਣੇ ਬੈਠਾ ਸੀ। ਸਾਰਿਆਂ ਨੇ ਉਸ ਨੂੰ ਹੱਥ ਜੋੜ ਕੇ ਫ਼ਤਹਿ ਬੁਲਾਈ ਤੇ ਗੋਡਿਆਂ ਨੂੰ ਹੱਥ ਲਾਏ। ਬਜ਼ੁਰਗ ਨੇ ਅਸੀਸਾਂ ਦਿੱਤੀਆਂ, ‘‘ਜਿਉਂਦੇ ਵਸਦੇ ਰਹੋ, ਜਵਾਨੀਆਂ ਮਾਣੋ...।’’ ‘‘ਹੋਰ ਤਾਇਆ ਸਰੀਰ ਨੂੰ ਕੈਮ ਰੱਖਣ ਲਈ ਦੇਵਾਂ ਭੋਰਾ?’’ ਜੱਗੇ ਨੇ ਖੀਸੇ ਵਿੱਚ ਹੱਥ ਪਾਉਂਦਿਆਂ ਕਿਹਾ। ‘‘ਨਾ ਨਾ... ਇਹਦੀ ਲੋੜ ਨੀਂ ਆਪਾਂ ਨੂੰ, ਹੁਣ ਜੀਹਦੇ ਕੋਲ ਜਾਣੈ, ਉਹਦੇ ਨਾਮ ਦਾ ਨਸ਼ਾ ਚਾਹੀਦੈ ਬੱਸ।’’ ਉਸ ਨੇ ਕੰਬਦੇ ਹੱਥ ਜੋੜਦਿਆਂ ਆਖਿਆ।

‘‘ਕੱਲ੍ਹ ਨੂੰ ਮੈਂ ਪੁਆ ਲਿਆਊਂ ਵੋਟ ਥੋਡੀ।’’ ਜੱਗੇ ਨੇ ਥੋੜ੍ਹਾ ਕੋਲ ਹੁੰਦਿਆਂ ਕਿਹਾ। ‘‘ਅੱਛਾ ! ... ਤੇਰੀ ਤਾਈ ਨੂੰ ਮੁੱਕਿਆਂ ਕਈ ਸਾਲ ਹੋਗੇ, ਕਹਿੰਦੇ ਨੇ ਵੋਟ ਉਹ ਵੀ ਪਾ ਜਾਂਦੀ ਐ।’’ ਬਜ਼ੁਰਗ ਨੇ ਵਿਅੰਗਮਈ ਹਾਸਾ ਹੱਸਦਿਆਂ ਕਿਹਾ।

ਸੱਚੀਂ ਵੋਟਾਂ ਵਾਲੀ ਸੂਚੀ ਵਿੱਚ ਕਈ ਜਿਉਂਦਿਆਂ ਦੇ ਨਾਮ ਕੱਟੇ ਹੋਏ ਸਨ ਤੇ ਮੁਰਦਿਆਂ ਦੇ ਚੱਲ ਰਹੇ ਸਨ ਤੇ ‘ਮੁਰਦੇ’ ਵੋਟ ਵੀ ਪਾ ਜਾਂਦੇ ਸਨ। ਉਨ੍ਹਾਂ ਨੇ ਬਜ਼ੁਰਗ ਨਾਲ ਗੱਲ ਕਰਨੀ ਚਾਹੀ, ਪਰ ਬਜ਼ੁਰਗ ਨੇ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਹੁੰਗਾਰਾ ਨਾ ਭਰਿਆ।

‘‘ਚੰਗਾ ਤਾਇਆ ਫੇਰ ਚਲਦੇ ਆਂ।’’ ਸਭ ਨੇ ਹੱਥ ਜੋੜੇ।

‘‘ਚਾਚਾ ਹੁਣ ਚੱਲੀਏ ਘਰਾਂ ਨੂੰ?’’ ਜੱਗੇ ਨੇ ਹਰਦੇਵ ਸਿੰਘ ਨੂੰ ਪੁੱਛਿਆ।

‘‘ਆਹ ਬੋਤਲਾਂ ਤਾਂ ਅਜੇ ਸਾਰੀਆਂ ਪਈਆਂ ਨੇ। ਹੋਰ ਦੇਖ ਲੋ ਜੀਹਨੂੰ ਦੇਣੀ ਐ, ਫਿਰ ਅਗਲਿਆਂ ਆਖਣਾ ਵੋਟਾਂ ਪੱਕੀਆਂ ਨੀਂ ਹੋਈਆਂ।’’ ਹਰਦੇਵ ਸਿੰਘ ਨੇ ਕਿਹਾ।

‘‘ਬੋਤਲ ਇੱਕ ਵਧਗੀ ਚਾਚਾ, ਐਤਕੀਂ ਨੀ ਸ਼ਰਾਬ ਨਾਲ ਵੋਟਾਂ ਪੈਣੀਆਂ, ਰੱਬ ਆਸਰੇ ਛੱਡ ਦਿਓ ਹੁਣ ਤਾਂ...’’ ਜੱਗੇ ਨੇ ਬੋਤਲਾਂ ਵਾਲਾ ਝੋਲਾ ਸੰਭਾਲਦਿਆਂ ਕਿਹਾ।

ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਵਿੱਕੀ ਨੂੰ ਇਹ ਸਾਰਾ ਕੁਝ ਦੇਖ ਕੇ ਹੈਰਾਨੀ ਤੇ ਤਕਲੀਫ਼ ਹੋ ਰਹੀ ਸੀ।

‘‘ਯਾਰ ਵੀਰੇ, ਤੁਸੀਂ ਇਹ ਸਾਰਾ ਕੁਸ਼ ਕਿਵੇਂ ਕਰ ਲੈਂਦੇ ਓ? ਲੋਕ ਸ਼ਰਾਬ ਦੀਆਂ ਬੋਤਲਾਂ ਲੈਣੀਆਂ ਨੀਂ ਚਾਹੁੰਦੇ, ਤੁਸੀਂ ਧੱਕੇ ਨਾਲ ਈ...! ਆਪਣੀ ਬੇਇੱਜ਼ਤੀ ਕਰਵਾਈ ਜਾਨੇ ਓ।’’ ਵਿੱਕੀ ਨੇ ਜੱਗੇ ਨੂੰ ਪੁੱਛਿਆ। ‘‘ਐਤਕੀਂ ਪਤਾ ਨਹੀਂ ਕੀ ਹੋ ਗਿਆ, ਪਹਿਲਾਂ ਤਾਂ ਮੰਗ ਮੰਗ ਕੇ ਲੈਂਦੇ ਸੀ। ਹੁਣ ਜਨਾਨੀਆਂ ਮੂਹਰੇ ਹੋ ਹੋ ਜਵਾਬ ਦਿੰਦੀਆਂ ਨੇ। ਆਹ, ਠੰਢੇ ਦੀਆਂ ਬੋਤਲਾਂ ਜਨਾਨੀਆਂ ਨੂੰ ਖ਼ੁਸ਼ ਕਰਨ ਲਈ ਮੰਗਵਾਈਆਂ ਨੇ ਸਾਰੀਆਂ।’’ ਜੱਗੇ ਨੇ ਕਿਹਾ।

‘‘ਔਰਤਾਂ ਹੀ ਸਭ ਤੋਂ ਵੱਧ ਦੁੱਖ ਭੋਗਦੀਆਂ ਨੇ, ਜੇ ਪਰਿਵਾਰ ਦਾ ਕੋਈ ਜੀਅ ਨਸ਼ੇੜੀ ਹੋ ਜੇ। ਇਸ ਲਈ ਅੱਜ ਤੁਹਾਡੇ ਸਾਹਮਣੇ ਡਟ ਕੇ ਖੜ੍ਹ ਗਈਆਂ... ਮੈਂ ਤਾਂ ਇੱਕ ਗੱਲ ਕਹਿਨਾਂ, ਪਿੰਡ ਵਾਸੀਆਂ ਦੀ ਹਰ ਸਮੱਸਿਆ ਦਾ ਹੱਲ ਹੁੰਦਾ ਰਹੇ; ਕਰਜ਼ਾਈ ਕਿਸਾਨਾਂ ਤੇ ਮਜ਼ਦੂਰਾਂ ਦਾ ਇੰਨਾ ਕੁ ਖਿਆਲ ਰੱਖਿਆ ਜਾਵੇ ਕਿ ਕੋਈ ਉਨ੍ਹਾਂ ਨੂੰ ਐਨਾ ਜ਼ਲੀਲ ਨਾ ਕਰੇ ਬਈ ਉਹ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਜਾਣ; ਪਿੰਡ ਵਾਸੀਆਂ ਨੂੰ ਦਿਖਾਵੇ ਦੀ ਦੁਨੀਆਂ ਵਿੱਚੋਂ ਬਾਹਰ ਕੱਢਿਆ ਜਾਵੇ; ਖੇਤੀ ਤੋਂ ਇਲਾਵਾ ਲਾਹੇਵੰਦ ਕਿੱਤੇ ਅਪਨਾਉਣ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇ; ਸਰਕਾਰੀ ਯੋਜਨਾਵਾਂ ਦਾ ਪੂਰਾ ਫਾਇਦਾ ਲਿਆ ਜਾਵੇ ਤਾਂ ਜੋ ਕਿਸਾਨ ਤੇ ਮਜ਼ਦੂਰ ਇੱਜ਼ਤ ਦੀ ਜ਼ਿੰਦਗੀ ਜਿਉਂ ਸਕਣ...। ਜੇ ਇਹ ਸਾਰੇ ਕੰਮ ਹੁੰਦੇ ਰਹਿਣ ਤਾਂ ਲੋਕ ਸਰਬਸੰਮਤੀ ਨਾਲ ਹੀ ਚੁਣ ਲੈਂਦੇ ਐ।’’

‘‘ਤੇਰੀਆਂ ਗੱਲਾਂ ਤਾਂ ਭਾਈ ਬਹੁਤ ਚੰਗੀਆਂ ਲੱਗਦੀਆਂ ਨੇ, ਪਰ ...ਹੈ ਬਹੁਤ ਔਖਾ ਕੰਮ।’’ ਹਰਦੇਵ ਸਿੰਘ ਨੇ ਕਿਹਾ।

‘‘ਕੋਈ ਔਖਾ ਕੰਮ ਨਹੀਂ ਜੀ, ਬੁਰੇ ਕੰਮ ਕਰਨੇ ਔਖੇ ਨੇ, ਜਿਵੇਂ ਹੁਣ ਰਾਤ ਦੇ ਹਨੇਰੇ ਵਿੱਚ ਆਪਾਂ ਫਿਰਦੇ ਆਂ ਚੋਰਾਂ ਵਾਂਗ। ... ਜੇ ਪਿੰਡ ਦੀ ਪੰਚਾਇਤ ਚਾਹੇ ਤਾਂ ਪਿੰਡ ਨੂੰ ਸ਼ਾਨਦਾਰ ਬਣਾਇਆ ਜਾ ਸਕਦੈ, ਲੋੜ ਹੈ ਪਾਰਟੀਬਾਜ਼ੀ ਤੇ ਸੁਆਰਥ ਨੂੰ ਛੱਡ ਕੇ ਕੰਮ ਕਰਨ ਦੀ, ਸਾਰੇ ਪਿੰਡ ਵਾਸੀਆਂ ਨੂੰ ਆਪਣੇ ਪਰਿਵਾਰ ਦੇ ਜੀਅ ਸਮਝਣ ਦੀ। ਕਈ ਪਿੰਡ ਨਮੂਨੇ ਦੇ ਪਿੰਡ ਬਣ ਚੁੱਕੇ ਹਨ। ਸਰਬਸੰਮਤੀ ਨਾਲ ਸਰਪੰਚ ਬਣਾ ਕੇ ਸਰਕਾਰ ਵੱਲੋਂ ਮਿਲੀ ਗਰਾਂਟ ਨਾਲ ਪਿੰਡ ਦਾ ਕੁਝ ਸੰਵਾਰ ਲੈਂਦੇ ਨੇ। ਹੁਣ ਲੋਕ ਬਹੁਤ ਸਿਆਣੇ ਹੋਗੇ।’’

‘‘ਹੁਣ ਤਾਂ ਮੈਂ ਵੀ ਸੋਚਦਾਂ ਬਈ ਆਹ ਫੋਕੀ ਫੂੰ ਫਾਂ ਛੱਡ ਕੇ ਕੋਈ ਚੱਜ ਦਾ ਕੰਮ ਕਰਦੇ। ਜਿਹੜੇ ਆਹ ਪਿੰਡ ਦੇ ਮੁੰਡੇ ਨਸ਼ੇ ਕਰਨ ਲੱਗੇ ਨੇ, ਬਹੁਤੇ ਤਾਂ ਛੋਟੀਆਂ ਵੱਡੀਆਂ ਵੋਟਾਂ ਵਿੱਚ ਵੰਡੇ ਨਸ਼ਿਆਂ ਕਰਕੇ ਲੱਗੇ ਨੇ। ਹੁਣ ਉੱਤੋਂ ਦੀ ਪੈ ਗਈ ਨਸ਼ਿਆਂ ਦੀ ਬਿਮਾਰੀ, ਸੰਭਾਲਿਆਂ ਨੀ ਸੰਭਲਦੀ। ਪਹਿਲਾਂ ਲੋਕਾਂ ਦੇ ਲਾਏ ਨਸ਼ਿਆਂ ’ਤੇ, ਹੁਣ ਡਰ ਲੱਗਦੈ ਕਿਤੇ ਆਪਣੇ ਵੀ...।’’ ਹਰਦੇਵ ਸਿੰਘ ਗੱਲ ਪੂਰੀ ਕੀਤੇ ਬਿਨਾਂ ਹੀ ਚੁੱਪ ਹੋ ਗਿਆ ਜਾਂ ਫਿਰ ਇਸ ਕਰਕੇ ਚੁੱਪ ਹੋ ਗਿਆ ਕਿ ਆਪਣਿਆਂ ਦੇ ਨਸ਼ੇੜੀ ਹੋਣ ਬਾਰੇ ਸੋਚਣਾ ਵੀ ਕੰਬਾ ਕੇ ਰੱਖ ਦਿੰਦਾ ਹੈ, ਕਹਿਣਾ ਤਾਂ ਦੂਰ ਦੀ ਗੱਲ ਹੈ।

‘‘ਕਿੰਨਾ ਚਿਰ ਬਚਾ ਸਕੋਗੇ ਆਪਣਿਆਂ ਨੂੰ? ਹਾਂ, ਇੱਕ ਉਮੀਦ ਹੈ ਕਿ ਪੰਚ ਸਰਪੰਚ ਇਹੋ ਜਿਹੇ ਬਣਾਓ ਜਿਹੜੇ ਨਸ਼ਾ ਮੁਕਤ ਪਿੰਡ ਬਣਾ ਸਕਣ। ਤੁਸੀਂ ਆਪ ਹੀ ਨਸ਼ੇ ਵੰਡਦੇ ਓ ਤੇ ਉਮੀਦ ਕਰਦੇ ਓ ਬਈ ਤੁਹਾਡੇ ਆਪਣੇ ਘਰ ਬਚੇ ਰਹਿਣ...। ਜੋ ਬੀਜੋਗੇ ਉਹੀ ਤਾਂ ਵੱਢੋਗੇ ਨਾ।’’ ਵਿਕਰਮ ਦੀਆਂ ਗੱਲਾਂ ਨੇ ਹਰਦੇਵ ਸਿੰਘ ਤੇ ਜੱਗੇ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ।

‘‘ਅਸੀਂ ਤਾਂ ਕਾਹਨੂੰ ਬੀਜਦੇ ਆਂ ਭਾਣਜਿਆ, ਸਾਡੀ ਤਾਂ ਡਿਊਟੀ ਲਾ ਦਿੰਦੇ ਨੇ।’’ ਹਰਦੇਵ ਸਿੰਘ ਨੂੰ ਵਿੱਕੀ ਦੀਆਂ ਗੱਲਾਂ ਸੁਣ ਕੇ ਸ਼ਰਮਿੰਦਗੀ ਮਹਿਸੂਸ ਹੋਈ।

ਉਹ ਤਿੰਨੇ ਪਿੰਡ ਦੀ ਸੱਥ ਵਿੱਚ ਪੁਰਾਣੇ ਢੱਠੇ ਖੂਹ ’ਤੇ ਬੈਠ ਗਏ। ਖੂਹ ਦੇ ਉੱਤੇ ਵੱਡੇ ਵੱਡੇ ਫੱਟੇ ਕਿੱਲ ਗੱਡ ਕੇ ਕਸੇ ਹੋਏ ਸਨ। ਪਿੰਡ ਦੇ ਲੋਕਾਂ ਨੇ ਸ਼ਾਇਦ ਕਿਸੇ ਵਹਿਮ ਕਰਕੇ ਖੂਹ ਮਿੱਟੀ ਨਾਲ ਨਹੀਂ ਸੀ ਪੂਰਿਆ। ਵਿਕਰਮ ਤੇ ਹਰਦੇਵ ਸਿੰਘ ਗੱਲਾਂ ਕਰ ਰਹੇ ਸਨ। ਜੱਗਾ ਕੁਝ ਨਹੀਂ ਸੀ ਬੋਲ ਰਿਹਾ। ਅੱਧੀ ਤੋਂ ਵੱਧ ਰਾਤ ਬੀਤ ਚੁੱਕੀ ਸੀ। ਖੂਹ ਵਿੱਚੋਂ ਥੋੜ੍ਹੀ ਦੇਰ ਬਾਅਦ ਕੋਈ ਆਵਾਜ਼ ਆਉਂਦੀ। ਇੱਕ ਵਾਰੀ ਤਾਂ ਹਰਦੇਵ ਸਿੰਘ ਡਰ ਕੇ ਖੜ੍ਹਾ ਹੋ ਗਿਆ।

‘‘ਬਹਿ ਜਾ ਚਾਚਾ ਦੋ ਮਿੰਟ ਚੱਲਦੇ ਆਂ।’’ ਜੱਗੇ ਨੇ ਕਿਹਾ।

ਵਿਕਰਮ ਬੈਠਾ ਰਿਹਾ, ਥੋੜ੍ਹੀ ਦੇਰ ਬਾਅਦ ਜੱਗਾ ਖੜ੍ਹਾ ਹੋ ਗਿਆ।

‘‘ਨਿੱਬੜਗੀਆਂ ਸਾਰੀਆਂ...?’’ ਵਿੱਕੀ ਨੇ ਪੁੱਛਿਆ।

‘‘ਤੈਨੂੰ ਕਿਵੇਂ ਪਤਾ ਲੱਗਿਆ...?’’ ਜੱਗੇ ਨੇ ਸਵਾਲ ਕੀਤਾ।

‘‘ਕੀ ਹੋ ਗਿਆ...?’’ ਹਰਦੇਵ ਸਿੰਘ ਨੇ ਵੀ ਸਵਾਲ ਕੀਤਾ। ‘‘ਚਾਚਾ ਬੋਤਲਾਂ ਖੂਹ ’ਚ ਸਿੱਟਤੀਆਂ। ਅਗਲਿਆਂ ਨੇ ਆਪਾਂ ਨੂੰ ਵੰਡਣ ਲਈ ਦਿੱਤੀਆਂ, ਚੰਗਾ ਹੋਇਆ ਕਿਸੇ ਨੇ ਨਹੀਂ ਲਈਆਂ। ਕਿਉਂਕਿ ਵਿੱਕੀ ਨੇ ਆਪਣਾ ਭਾਸ਼ਣ ਤਾਂ ਦੇਣਾ ਈ ਸੀ, ਮਾਸਟਰ ਜੁ ਹੋਇਆ ਭਾਵੇਂ ਪ੍ਰਾਈਵੇਟ ਈ ਐ। ਸਰਕਾਰੀਆਂ ਦੀ ਡਿਊਟੀ ਪਤਾ ਨਹੀਂ ਤਾਂ ਹੀ ਲਾ ਦਿੰਦੇ ਨੇ ਕਿ ਕੋਈ ਲੋਕਾਂ ਦੀਆਂ ਅੱਖਾਂ ਹੀ ਨਾ ਖੋਲ੍ਹ ਦੇਵੇ ਕਿਤੇ।’’ ਜੱਗੇ ਨੂੰ ਅੰਦਰੋਂ ਚੰਗਾ ਮਹਿਸੂਸ ਹੋ ਰਿਹਾ ਸੀ। ਤਿੰਨੇ ਜਣੇ ਹੱਸ ਪਏ।

‘‘ਚਲੋ ਕੱਲ੍ਹ ਨੂੰ ਦੇਖਦੇ ਆਂ ਕੀ ਬਣਦੈ।’’ ਹਰਦੇਵ ਸਿੰਘ ਨੇ ਕਿਹਾ।

ਘਰ ਆ ਕੇ ਹਰਦੇਵ ਸਿੰਘ ਵਿਕਰਮ ਬਾਰੇ ਸੋਚ ਰਿਹਾ ਸੀ: ‘ਕਿੰਨੀਆਂ ਸੱਚੀਆਂ ਗੱਲਾਂ ਕੀਤੀਆਂ ਉਸ ਨੇ। ਇਹੋ ਜਿਹੇ ਸਿਆਣੇ ਪੜ੍ਹੇ-ਲਿਖਿਆਂ ਅੱਗੇ ਬੁਰਾਈਆਂ ਕਿਵੇਂ ਟਿਕ ਸਕਦੀਆਂ ਨੇ ਜਿਹਨੇ ਮੇਰੇ ਵਰਗੇ ਨੂੰ ਹਿਲਾ ਕੇ ਰੱਖ ਦਿੱਤਾ।’ ਉਸ ਦਾ ਜੀਅ ਕੀਤਾ ਕਿ ਉਸ ਦਾ ਪੁੱਤਰ ਵੀ ਵੱਡਾ ਹੋ ਕੇ ਵਿਕਰਮ ਵਰਗਾ ਬਣੇ। ਇਹ ਰਾਤ ਤਾਂ ਉਹ ਵੋਟਾਂ ਦੇ ਭੁਗਤਾਨ ਬਾਰੇ ਸੋਚਦਾ ਹੁੰਦਾ ਸੀ, ਪਰ ਅੱਜ ਵਿਕਰਮ ਦੀਆਂ ਕੀਤੀਆਂ ਗੱਲਾਂ ਉਸ ਨੂੰ ਸਕੂਨ ਦੇ ਰਹੀਆਂ ਸਨ। ਨੀਂਦ ਤਾਂ ਉਸ ਦੀਆਂ ਅੱਖਾਂ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸੀ। ਉੱਧਰ ਜੱਗੇ ਦਾ ਵੀ ਇਹੀ ਹਾਲ ਸੀ। ਵਿਕਰਮ ਉਸ ਤੋਂ ਛੋਟਾ ਸੀ, ਪਰ ਅੰਤਾਂ ਦੀ ਸਿਆਣਪ ਸੀ ਉਸ ਵਿੱਚ। ਜੇ ਕਿਤੇ ਮੈਂ ਵੀ ਪੜ੍ਹਾਈ ਅੱਧ ਵਿਚਾਲੇ ਨਾ ਛੱਡੀ ਹੁੰਦੀ...। ਇਹ ਸੋਚਦਿਆਂ ਪਤਾ ਨਹੀਂ ਕਿਹੜੇ ਵੇਲੇ ਉਸ ਦੀ ਅੱਖ ਲੱਗ ਗਈ।

ਦੂਸਰੇ ਦਿਨ ਲੋਕ ਵੋਟਾਂ ਪਾ ਰਹੇ ਸਨ, ਪਰ ਕਿਧਰੇ ਕੋਈ ਬਹੁਤਾ ਰੌਲਾ ਨਹੀਂ ਸੀ। ਖੂਹ ਵਰਗੀ ਚੁੱਪ ਛਾਈ ਹੋਈ ਸੀ। ਹਰਦੇਵ ਸਿੰਘ ਨੇ ਜੱਗੇ ਕੋਲ ਆ ਕੇ ਕਿਹਾ, ‘‘ਐਤਕੀਂ ਜੋ ਹੋਣਾ ਤੀ ਹੋ ਗਿਆ ਅਗਲੀ ਵਾਰ ਬੰਦਾ ਦੇਖ ਕੇ ਨਾਲ ਖੜ੍ਹਿਆ ਕਰਾਂਗੇ।’’ ਜੱਗੇ ਨੇ ਵੀ ਹਾਮੀ ਭਰੀ। ‘‘ਐਤਕੀਂ ਵੋਟਾਂ ਦਾ ਕੁਸ਼ ਨੀ ਪਤਾ ਲੱਗਦਾ ਕਿੱਧਰ ਨੂੰ ਭੁਗਤ ਰਹੀਆਂ ਨੇ। ਚੁੱਪ-ਚੁੱਪੀਤੀ ਵੋਟ ਨੁਕਸਾਨ ਤਾਂ ਕਰ ਸਕਦੀ ਐ ਪਰ ਹਰਾ ਨਹੀਂ ਸਕਦੀ ਆਪਣੇ ਆਲ਼ਿਆਂ ਨੂੰ। ਸ਼ਾਮ ਨੂੰ ਜਲੂਸ ਕੱਢਣੈ ਜਿੱਤ ਕੇ... ਜੀਪ ਸ਼ਿੰਗਾਰ ਕੇ ਖੜ੍ਹਾ ਰੱਖੀ ਐ। ਦਾਰੂ ਤੋਂ ਬਿਨਾਂ ਹੋਰ ਨਸ਼ੇ ਪੱਤੇ ਦਾ ਵੀ ਇੰਤਜ਼ਾਮ ਕਰ ਰੱਖਿਆ, ਹੁਣ ਤਾਂ ਸਾਰਾ ਕੁਸ਼ ਗਲਤ ਜਿਹਾ ਲੱਗ ਰਿਹੈ ਮੈਨੂੰ ਤਾਂ...। ਵਿਕਰਮ ਕਿੱਥੇ ਐ?’’ ਹਰਦੇਵ ਸਿੰਘ ਨੇ ਪੁੱਛਿਆ। ‘‘ਉਹ ਗਿਆ ਤੜਕੇ, ਮੈਂ ਬਥੇਰਾ ਕਿਹਾ ਸੀ ਰਹਿਣ ਨੂੰ।’’ ਜੱਗਾ ਤੇ ਹਰਦੇਵ ਦੱਬਵੀਂ ਸੁਰ ਵਿੱਚ ਗੱਲਾਂ ਕਰ ਰਹੇ ਸਨ।

ਸ਼ਾਮ ਹੋ ਚੁੱਕੀ ਸੀ। ਲਾਲ ਸਿੰਘ ਦੇ ਘਰ ਦੀਆਂ ਔਰਤਾਂ ਨੂੰ ਧੁੜਕੂ ਲੱਗਿਆ ਪਿਆ ਸੀ ਕਿਉਂਕਿ ਜਿੱਤਣ ਤੋਂ ਬਾਅਦ ਮੀਟ ਸ਼ਰਾਬਾਂ ਪਤਾ ਨਹੀਂ ਹੋਰ ਕੀ ਕੁਝ ਖਾਧਾ ਪੀਤਾ ਜਾਵੇਗਾ। ਹੋ ਸਕਦੈ ਕਿਸੇ ਨਵੇਂ ਮੁੰਡੇ ਨੂੰ ਨਵੇਂ ਨਸ਼ੇ ਦਾ ਸੁਆਦ ਚਖਾਇਆ ਜਾਵੇ ਤੇ ਕਿਸੇ ਹੋਰ ਘਰ ਨੂੰ ਪੁੱਟਣ ਦੀ ਸ਼ੁਰੂਆਤ ਹੋਵੇ। ‘‘ਹੇ ਵਾਹਿਗੁਰੂ ਸੁੱਖ ਰੱਖੀਂ’’ ਸਾਰਾ ਦਿਨ ਇਸੇ ਤਰ੍ਹਾਂ ਹੱਥ ਜੋੜਦਿਆਂ ਲੰਘਿਆ ਉਨ੍ਹਾਂ ਦਾ। ਸਕੂਲ ਵਾਲ਼ੇ ਪਾਸਿਓਂ ਮੁੰਡੀਹਰ ਦੀਆਂ ਚੀਕਾਂ ਕਿਲਕਾਰੀਆਂ ਦੀ ਲਹਿਰ ਉੱਠੀ ਤੇ ਪਲਾਂ ਵਿੱਚ ਹੀ ਸ਼ਾਂਤ ਹੋ ਗਈ। ਸਾਰੇ ਲੋਕਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋਈ। ਕਹਿੰਦੇ ਨੇ ਨਵਾਂ ਮੁੰਡਾ ਹਰਜੀਤ ਫਸਵੀਂ ਟੱਕਰ ਦੇ ਗਿਆ ਲਾਲ ਸਿੰਘ ਨੂੰ, ਗਿਣਤੀ ਦੁਬਾਰਾ ਹੋਵੇਗੀ। ਹਰਜੀਤ ਦੀਆਂ ਇੱਕ ਜਾਂ ਦੋ ਵੋਟਾਂ ਵਧ ਗਈਆਂ। ਲਾਲ ਸਿੰਘ ਤਾਂ ਆਪਣੀ ਪੱਖ ਦੇ ਪੰਚ ਵੀ ਨਹੀਂ ਜਿਤਾ ਸਕਿਆ। ਗਿਣਤੀ ਦੋ ਵਾਰ ਹੋਈ। ਰੱਦ ਕੀਤੀਆਂ ਵੋਟਾਂ ਵਾਲੀਆਂ ਪਰਚੀਆਂ ਵੀ ਘੋਖ ਘੋਖ ਕੇ ਦੇਖੀਆਂ ਗਈਆਂ, ਪਰ ਨਤੀਜਾ ਉਹੀ। ਲਾਲ ਸਿੰਘ ਬੌਖਲਾ ਗਿਆ। ਤੀਜੀ ਵਾਰ ਗਿਣਤੀ ਲਈ ਕਹਿਣ ਲੱਗਾ। ਡਿਊਟੀ ਵਾਲੇ ਅਮਲੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ,ਪਰ ਉਹ ਜ਼ਿੱਦ ’ਤੇ ਅੜ ਗਿਆ।

‘‘ਆਹ ਲਓ ਜੀ ਏ.ਡੀ.ਸੀ. ਸਾਬ੍ਹ ਨਾਲ ਗੱਲ ਕਰੋ।’’ ਲਾਲ ਸਿੰਘ ਨੇ ਫੋਨ ਪ੍ਰੀਜ਼ਾਈਡਿੰਗ ਅਫ਼ਸਰ ਦੇ ਕੰਨ ਨਾਲ ਲਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਗੱਲ ਕਰਨ ਤੋਂ ਨਾਂਹ ਕਰ ਦਿੱਤੀ। ਕੁਝ ਪਲਾਂ ਬਾਅਦ ਹੀ ਪ੍ਰੀਜ਼ਾਈਡਿੰਗ ਅਫ਼ਸਰ ਨੂੰ ਫੋਨ ਆਇਆ।

‘‘ਮੈਂ ਏ.ਡੀ.ਸੀ. ਬੋਲਦਾਂ, ਲਾਲ ਸਿੰਘ ਦੀ ਵੋਟ ਵਧਾ ਦਿਓ।’’ ਉਧਰੋਂ ਆਵਾਜ਼ ਆਈ। ਪ੍ਰੀਜ਼ਾਈਡਿੰਗ ਅਫ਼ਸਰ ਨੇ ਡਿਊਟੀ ਅਧਿਆਪਕਾਂ ਨੂੰ ਦੱਸਿਆ। ‘‘ਵੈਸੇ ਵੀ ਇਹ ਲੋਕ ਬੜੇ ਤਿਕੜਮਬਾਜ਼ ਹੁੰਦੇ ਨੇ, ਕਿਸੇ ਹੋਰ ਤੋਂ ਕਰਵਾ ’ਤਾ ਹੋਣਾ ਫੋਨ।’’ ਇੱਕ ਅਧਿਆਪਕ ਨੇ ਕਿਹਾ।

‘‘ਜੋ ਮਰਜ਼ੀ ਕਹੀ ਜਾਣ, ਨਤੀਜਾ ਉਹੀ ਰਹੇਗਾ ਜੋ ਹੈ।’’ ਸਾਰੀ ਟੀਮ ਦੀ ਸਹਿਮਤੀ ਸੀ ਇਸ ਗੱਲ ’ਤੇ।

ਤੀਜੀ ਵਾਰ ਗਿਣਤੀ ਹੋਣ ’ਤੇ ਵੀ ਨਤੀਜਾ ਉਹੀ ਰਿਹਾ। ਨਤੀਜਾ ਐਲਾਨਿਆ ਗਿਆ। ਲਾਲ ਸਿੰਘ ਕੇਸ ਕਰਨ ਦੀ ਧਮਕੀ ਦੇ ਕੇ ਬਾਹਰ ਆ ਗਿਆ। ਆਪਣੇ ਭਤੀਜੇ ਦੇ ਮੋਟਰਸਾਈਕਲ ’ਤੇ ਬੈਠ ਕੇ ਘਰ ਵੱਲ ਚਲਾ ਗਿਆ। ਹੌਲੀ-ਹੌਲੀ ਉਸ ਦੇ ਹਮਾਇਤੀ ਵੀ ਖਿਸਕਣੇ ਸ਼ੁਰੂ ਹੋ ਗਏ। ਕੁਝ ਤਮਾਸ਼ਬੀਨ ਖੜ੍ਹੇ ਰਹੇ। ਹਰਜੀਤ ਦੇ ਹਮਾਇਤੀਆਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ, ਪਰ ਹਰਜੀਤ ਨੇ ਹੱਥ ਜੋੜ ਕੇ ਚੁੱਪ ਕਰਾ ਦਿੱਤਾ ਤੇ ਸਾਰਿਆਂ ਦਾ ਧੰਨਵਾਦ ਕੀਤਾ। ਹਰਦੇਵ ਸਿੰਘ ਤੇ ਜੱਗਾ ਥੋੜ੍ਹੀ ਦੂਰੀ ’ਤੇ ਖੜ੍ਹੇ ਸਭ ਕੁਝ ਦੇਖ ਰਹੇ ਸਨ।

‘‘ਲੱਗਦੈ ਵਿੱਚੋਂ ਹੀ ਬੰਦੇ ਗੱਦਾਰੀ ਕਰਗੇ।’’ ਲਾਲ ਸਿੰਘ ਦੇ ਸਮਰਥਕਾਂ ਵਿੱਚੋਂ ਇੱਕ ਨੇ ਜੱਗੇ ਹੋਰਾਂ ਵੱਲ ਦੇਖ ਕੇ ਕਿਹਾ। ਜੱਗੇ ਹੋਰਾਂ ਨੂੰ ਰੌਲੇ ਵਿੱਚ ਕੁਝ ਸੁਣਾਈ ਨਾ ਦਿੱਤਾ।

ਹਰਜੀਤ ਨੇ ਸਾਰਿਆਂ ਨੂੰ ਆਪਣੇ ਆਪਣੇ ਘਰ ਜਾਣ ਲਈ ਕਿਹਾ ਕਿਉਂਕਿ ਰਾਤ ਅੱਧੀ ਤੋਂ ਵੱਧ ਲੰਘ ਚੁੱਕੀ ਸੀ। ਹਰਜੀਤ ਨੇ ਜੱਗੇ ਹੁਰਾਂ ਕੋਲ ਆ ਕੇ ਉਨ੍ਹਾਂ ਦਾ ਵੀ ਧੰਨਵਾਦ ਕੀਤਾ।

‘‘ਪਰ ਅਸੀਂ ਤਾਂ ਵਿਰੋਧੀ ਧਿਰ ਦੇ ਬੰਦੇ ਆਂ।’’ ਹਰਦੇਵ ਸਿੰਘ ਨੇ ਕਿਹਾ। ‘‘ਸ਼ਾਇਦ ਤੁਹਾਨੂੰ ਨਹੀਂ ਪਤਾ, ਵਿਕਰਮ ਤੇ ਮੈਂ ਇਕੱਠੇ ਪੜ੍ਹਦੇ ਸੀ ਕਾਲਜ ਵਿੱਚ।’’ ਹੁਣ ਜੱਗੇ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।

‘‘ਕੱਲ੍ਹ ਨੂੰ ਮਿਲਦੇ ਆਂ ਫਿਰ।’’ ਹਰਜੀਤ ਨੇ ਦੋਵਾਂ ਨਾਲ ਹੱਥ ਮਿਲਾ ਕੇ ਵਿਦਾ ਲਈ।

‘‘...ਤੇ ਆਖ਼ਰ ਨੂੰ ਨਸ਼ਾ ਹਾਰ ਈ ਗਿਆ ਚਾਚਾ।’’ ਜੱਗੇ ਦੇ ਮੂੰਹੋਂ ਆਪਮੁਹਾਰੇ ਨਿਕਲ ਗਿਆ।

‘‘ਹਾਂ ਜੇ ਲੋਕ ਆਪਣੀ ਮਰਜੀ ’ਤੇ ਆ ਜਾਣ ਕਹਿੰਦੇ ਕਹਾਉਂਦਿਆਂ ਦੀਆਂ ਗੋਡਣੀਆਂ ਲਵਾ ਦਿੰਦੇ ਨੇ। ... ਚੱਲ ਚੱਲੀਏ ਘਰ ਨੂੰ ਹੁਣ ਤਾਂ ਸਵੇਰ ਹੋਣ ਵਾਲੀ ਐ।’’

‘‘ਸਵੇਰ ਤਾਂ ਹੋ ਚੁੱਕੀ ਐ ਚਾਚਾ...।’’ ਉਸ ਨੇ ਹਰਜੀਤ ਵੱਲ ਦੇਖਦਿਆਂ ਕਿਹਾ।

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਝੋਲੇ ਵਾਲਾ ਰਾਜਾ

    • ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
    Fiction
    • Story

    ਕੁਦਰਤ ਦਾ ਚਿੱਤੇਰਾ

    • ਰਵੇਲ ਸਿੰਘ ਇਟਲੀ
    Fiction
    • Story

    ਬਰਫ਼ ਚੁੱਪ ਰਹੀ

    • ਮਿੰਨੀ ਗਰੇਵਾਲ, ਕੈਨੇਡਾ
    Fiction
    • Story

    ਟੋਭਾ ਟੇਕ ਸਿੰਘ

    • ਸਆਦਤ ਹਸਨ ਮੰਟੋ
    Fiction
    • Story

    ਕਹਾਣੀ: ਸਮਝੌਤਾ

    • ਗੁਰਜੀਤ ਕੌਰ ਮੋਗਾ
    Fiction
    • Story

    Capture

    • Suheera
    Fiction
    • Kids
    • +1

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link