ਕਸ਼ਮੀਰ ਦੇ ਇਤਿਹਾਸ ਵਿਚ ਹੱਬਾ ਖਾਤੂਨ ਅਤੇ ਮਹਾਰਾਣੀ ਦਿੱਦਾਂ, ਦੋ ਸਭ ਤੋਂ ਚਰਚਿਤ ਅਤੇ ਪ੍ਰਸਿੱਧ ਔਰਤਾਂ ਹੋਈਆਂ ਹਨ। ਹੱਬਾ ਖਾਤੂਨ, ਜਿਸ ਨੂੰ ਕਿ ਕਸ਼ਮੀਰ ਦੀ ਕੋਇਲ ਵੀ ਕਿਹਾ ਜਾਂਦਾ ਹੈ, ਇਕ ਸੂਫ਼ੀ ਸੰਤ, ਕਵਿੱਤਰੀ, ਗਾਇਕ ਅਤੇ ਲੇਖਕ ਸੀ। ਹੱਬਾ ਖਾਤੂਨ ਦਾ ਜਨਮ ਸੰਨ 1554 ਈਸਵੀ ਵਿਚ ਪੰਪੋਰ ਜਿਲ੍ਹੇ ਦੇ ਚਾਂਦਪੁਰ ਪਿੰਡ ਵਿਚ ਪਿਤਾ ਆਬਦੀ ਰਾਠੜ ਅਤੇ ਮਾਤਾ ਜਾਨਮ ਦੇ ਘਰ ਇਕ ਗ਼ਰੀਬ ਪਰਿਵਾਰ ਵਿਚ ਹੋਇਆ ਸੀ ਤੇ ਉਸ ਦਾ ਬਚਪਨ ਦਾ ਨਾਂ ਜ਼ੁਨ (ਕਸ਼ਮੀਰੀ ਵਿਚ ਅਰਥ ਚੰਦ) ਸੀ। ਬਚਪਨ ਤੋਂ ਹੀ ਤੀਖਣ ਬੁੱਧੀ ਵਾਲੀ ਹੱਬਾ ਖਾਤੂਨ ਨੇ ਪਿੰਡ ਦੇ ਮੌਲਵੀ ਤੋਂ ਗੁਜ਼ਾਰੇ ਜੋਗਾ ਪੜ੍ਹਨਾ ਲਿਖਣਾ ਸਿਖ ਲਿਆ ਸੀ। ਉਸ ਦੇ ਗਲੇ ਵਿਚ ਬਹੁਤ ਰਸ ਸੀ ਤੇ ਜਲਦੀ ਹੀ ਉਹ ਲੋਕ ਗਾਇਕਾ ਵਜੋਂ ਪ੍ਰਸਿੱਧ ਹੋ ਗਈ। ਉਸ ਨੂੰ ਖ਼ਾਸ ਤੌਰ ’ਤੇ ਦੂਰ ਦੂਰ ਤੋਂ ਵਿਆਹ ਸ਼ਾਦੀਆਂ ਤੇ ਹੋਰ ਸਮਾਗਮਾਂ ਵਿਚ ਗਾਉਣ ਲਈ ਬੁਲਾਇਆ ਜਾਣ ਲੱਗਾ। 16 ਸਾਲ ਦੀ ਉਮਰ ਵਿਚ ਅਚਾਨਕ ਉਸ ਦੀ ਕਿਸਮਤ ਨੇ ਪਲਟਾ ਖਾਧਾ। ਉਹ ਜੰਗਲ ਵਿਚ ਬਾਲਣ ਇਕੱਠਾ ਕਰਨ ਲਈ ਗਈ ਹੋਈ ਸੀ ਜਿੱਥੇ ਕਸ਼ਮੀਰ ਦਾ ਸੁਲਤਾਨ ਯੂਸਫ ਸ਼ਾਹ ਚੱਕ ਸ਼ਿਕਾਰ ਖੇਡ ਰਿਹਾ ਸੀ। ਹੱਬਾ ਖਾਤੂਨ ਇਕ ਚਿਨਾਰ ਦੇ ਦਰੱਖ਼ਤ ਹੇਠ ਬੈਠੀ ਮਿੱਠੀ ਆਵਾਜ਼ ਵਿਚ ਬਿ੍ਰਹਾ ਦਾ ਗੀਤ ਗਾ ਰਹੀ ਸੀ ਜਿਸ ਨੂੰ ਸੁਣ ਕੇ ਯੂਸਫ ਸ਼ਾਹ ਧੁਰ ਅੰਦਰ ਤਕ ਸਰਸ਼ਾਰ ਹੋ ਗਿਆ।
ਜਦੋਂ ਉਸ ਨੇ ਹੱਬਾ ਖਾਤੂਨ ਨੂੰ ਵੇਖਿਆ ਤਾਂ ਉਸ ਦੀ ਖ਼ੂਬਸੂਰਤੀ ਦਾ ਦੀਵਾਨਾ ਹੋ ਗਿਆ। ਪਹਿਲੀ ਨਜ਼ਰੇ ਹੀ ਦੋਵਾਂ ਵਿਚ ਪਿਆਰ ਹੋ ਗਿਆ ਤੇ 1570 ਈਸਵੀ ਵਿਚ ਹੱਬਾ ਖਾਤੂਨ ਯੂਸਫ ਸ਼ਾਹ ਦੀ ਬੇਗਮ ਬਣ ਕੇ ਸ੍ਰੀਨਗਰ ਦੇ ਸ਼ਾਹੀ ਮਹਿਲਾਂ ਵਿਚ ਪਹੁੰਚ ਗਈ। ਉੱਥੇ ਉਸ ਦਾ ਨਵਾਂ ਨਾਮ ਹੱਬਾ ਖਾਤੂਨ ਰੱਖਿਆ ਗਿਆ। ਹੱਬਾ ਖਾਤੂਨ ਅਤੇ ਯੂਸਫ ਸ਼ਾਹ ਬਹੁਤ ਖ਼ੁਸ਼ ਸਨ ਪਰ ਜਲਦੀ ਹੀ ਉਨ੍ਹਾਂ ਦੀਆਂ ਖ਼ੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ। 1579 ਈਸਵੀ ਵਿਚ ਮੁਗ਼ਲ ਸ਼ਹਿਨਸ਼ਾਹ ਅਕਬਰ ਨੇ ਕਸ਼ਮੀਰ ’ਤੇ ਹਮਲਾ ਕਰ ਦਿੱਤਾ ਤੇ ਯੂਸਫ ਸ਼ਾਹ ਨੂੰ ਕੈਦ ਕਰ ਕੇ ਚੁਨਾਰ ਦੇ ਕਿਲੇ ਵਿਚ (ਬਿਹਾਰ) ਭੇਜ ਦਿੱਤਾ ਜਿੱਥੇ ਕੁਝ ਸਾਲਾਂ ਬਾਅਦ ਉਸ ਦੀ ਮੌਤ ਹੋ ਗਈ। ਯੂਸਫ ਸ਼ਾਹ ਦੇ ਵੈਰਾਗ ਵਿਚ ਹੱਬਾ ਖਾਤੂਨ ਨੇ ਸੰਨਿਆਸ ਧਾਰਨ ਕਰ ਲਿਆ ਤੇ ਬਾਕੀ ਦੀ ਜ਼ਿੰਦਗੀ ਕਸ਼ਮੀਰ ਘਾਟੀ ਵਿਚ ਘੁੰਮਦੇ ਹੋਏ ਆਪਣੀਆਂ ਨਜ਼ਮਾਂ ਗਾਉਂਦਿਆਂ ਹੋਇਆਂ ਬਿਤਾਈ। ਇਸ਼ਕ, ਵਿਛੋੜੇ, ਬਿ੍ਰਹੋਂ ਅਤੇ ਭਗਤੀ ਰਸ ਨਾਲ ਭਰਪੂਰ ਉਸ ਦੀਆਂ ਰਚਨਾਵਾਂ ਐਨੀਆਂ ਪ੍ਰਸਿੱਧ ਹੋਈਆਂ ਕਿ ਉਸ ਨੂੰ ਸੁਣਨ ਲਈ ਹਜ਼ਾਰਾਂ ਲੋਕ ਇਕੱਠੇ ਹੋ ਜਾਂਦੇ ਸਨ। ਅੱਜ ਤਕ ਕਿਸੇ ਵੀ ਜ਼ਿੰਦਾ ਜਾਂ ਮਰਹੂਮ ਕਸ਼ਮੀਰੀ ਸਾਹਿਤਕਾਰ ਨੂੰ ਹੱਬਾ ਖਾਤੂਨ ਵਰਗਾ ਮੁਕਾਮ ਹਾਸਲ ਨਹੀਂ ਹੋ ਸਕਿਆ। ਉਸ ਦੀਆਂ ਸੈਂਕੜੇ ਕਵਿਤਾਵਾਂ ਲੋਕਾਂ ਨੂੰ ਜ਼ੁਬਾਨੀ ਯਾਦ ਹਨ ਤੇ ਲੋਕ ਗੀਤਾਂ ਦਾ ਸਥਾਨ ਹਾਸਲ ਕਰ ਚੁੱਕੀਆਂ ਹਨ।
ਹੱਬਾ ਖਾਤੂਨ ਨੂੰ ਕਸ਼ਮੀਰ ਦੀ ਕੋਇਲ ਅਤੇ ਸਭ ਤੋਂ ਮਹਾਨ ਕਵਿੱਤਰੀ ਦਾ ਖਿਤਾਬ ਹਾਸਲ ਹੈ। 22 ਅਗਸਤ 1609 ਈਸਵੀ ਨੂੰ 55 ਸਾਲ ਦੀ ਉਮਰ ਵਿਚ ਹੱਬਾ ਖਾਤੂਨ ਦਾ ਸਵਰਗਵਾਸ ਹੋ ਗਿਆ। ਉਸ ਦਾ ਮਕਬਰਾ ਜੰਮੂ-ਸ੍ਰੀਨਗਰ ਮੁੱਖ ਸੜਕ ’ਤੇ ਅਤਵਾਜ਼ਨ ਨਾਮਕ ਕਸਬੇ ਵਿਚ ਹੈ। ਹਰ ਰੋਜ਼ ਹਜ਼ਾਰਾਂ ਲੋਕ ਇਸ ਮਕਬਰੇ ਦੀ ਯਾਤਰਾ ਕਰਨ ਲਈ ਆਉਂਦੇ ਹਨ।
ਜ਼ਾਲਮ ਮਹਿਲਾ ਸ਼ਾਸਕ
ਦੂਸਰੀ ਪ੍ਰਸਿੱਧ ਕਸ਼ਮੀਰੀ ਔਰਤ ਮਹਾਰਾਣੀ ਦਿੱਦਾਂ ਸੀ ਜਿਸ ਦੀ ਜੀਵਨ ਕਹਾਣੀ ਹਰੇਕ ਪੱਖ ਤੋਂ ਹੱਬਾ ਖਾਤੂਨ ਤੋਂ ਬਿਲਕੁਲ ਉਲਟ ਕਿਸਮ ਦੀ ਹੈ। ਉਸ ਵਿਚ ਰਾਜਨੀਤਕ ਤਾਕਤ ਪ੍ਰਾਪਤ ਕਰਨ ਦੀ ਭੁੱਖ ਐਨੀ ਪ੍ਰਬਲ ਸੀ ਕਿ ਉਸ ਨੇ ਆਪਣੇ ਪਤੀ ਅਤੇ ਪੁੱਤ ਪੋਤਰਿਆਂ ਦਾ ਖ਼ੂਨ ਵਹਾਉਣ ਤੋਂ ਵੀ ਗੁਰੇਜ਼ ਨਾ ਕੀਤਾ। ਦਿੱਦਾਂ ਦੇ ਜੀਵਨ ਅਤੇ ਰਾਜਨੀਤਕ ਉਤਰਾਅ ਚੜ੍ਹਾਅ ਬਾਰੇ ਕਸ਼ਮੀਰ ਦੇ ਮਹਾਨ ਕਵੀ ਅਤੇ ਇਤਿਹਾਸਕਾਰ ਕਲਹਨ ਦੀ ਕਸ਼ਮੀਰੀ ਇਤਿਹਾਸ ਬਾਰੇ ਲਿਖੀ ਜਗਤ ਪ੍ਰਸਿੱਧ ਪੁਸਤਕ ਰਾਜਤਰੰਗਨੀ ਵਿੱਚੋਂ ਭਰਪੂਰ ਵੇਰਵਾ ਪ੍ਰਾਪਤ ਹੁੰਦਾ ਹੈ। ਦਿੱਦਾਂ ਦਾ ਜਨਮ 924 ਈਸਵੀ ਵਿਚ ਲੋਹਾਰ ਵੰਸ਼ ਦੇ ਰਾਜੇ ਸਿੰਘਰਾਜ ਲੋਹਾਰ ਦੇ ਘਰ ਹੋਇਆ ਸੀ। ਲੋਹਾਰ ਰਾਜ ਦਾ ਇਲਾਕਾ ਪੀਰ ਪੰਜਾਲ ਪਹਾੜਾਂ ਵਿਚ ਪੰਜਾਬ ਅਤੇ ਕਸ਼ਮੀਰ ਵਪਾਰ ਮਾਰਗ ’ਤੇ ਪੈਂਦਾ ਹੋਣ ਕਾਰਨ ਬਹੁਤ ਖ਼ੁਸ਼ਹਾਲ ਸੀ। 26 ਸਾਲ ਦੀ ਉਮਰ ’ਚ ਉਸ ਦੀ ਸ਼ਾਦੀ ਕਸ਼ਮੀਰ ਦੇ ਰਾਜੇ ਸੇਮਗੁਪਤ ਉਤਪਲ ਨਾਲ ਹੋਈ ਜਿਸ ਦੇ ਫਲਸਰੂਪ ਉਤਪਲ ਵੰਸ਼ ਹਮੇਸ਼ਾ-ਹਮੇਸ਼ਾ ਲਈ ਕਸ਼ਮੀਰ ਦੇ ਇਤਿਹਾਸ ਵਿੱਚੋਂ ਖ਼ਤਮ ਹੋ ਗਿਆ। 958 ਈਸਵੀ ਵਿਚ ਸੇਮਗੁਪਤ ਦੀ ਇਕ ਰਹੱਸਮਈ ਬਿਮਾਰੀ ਨਾਲ ਮੌਤ ਹੋ ਗਈ। ਰਾਜਤਰੰਗਣੀ ਦੇ ਮੁਤਾਬਕ ਉਸ ਨੂੰ ਦਿੱਦਾਂ ਨੇ ਜ਼ਹਿਰ ਦੇ ਕੇ ਮਾਰਿਆ ਸੀ। ਸੇਮਗੁਪਤ ਦੀ ਮੌਤ ਤੋਂ ਬਾਅਦ ਉਸ ਦੇ ਦਿੱਦਾਂ ਤੋਂ ਉਤਪੰਨ 6 ਸਾਲ ਦੇ ਬੇਟੇ ਅਭਿਮੰਨਿਊ ਦਾ ਰਾਜਤਿਲਕ ਕੀਤਾ ਗਿਆ। ਅਭਿਮੰਨਿਊ ਦੇ ਨਾਬਾਲਿਗ ਹੋਣ ਕਾਰਨ ਦਿੱਦਾਂ ਉਸ ਦੀ ਸਰਪ੍ਰਸਤ ਬਣ ਕੇ ਰਾਜ ਪਾਟ ਦੀ ਮਾਲਕ ਬਣ ਬੈਠੀ।
ਅਭਿਮੰਨਿਊਂ ਨੂੰ ਬੱਚਾ ਸਮਝ ਕੇ ਅਨੇਕਾਂ ਸਾਮੰਤਾਂ ਅਤੇ ਜਾਗੀਰਦਾਰਾਂ ਨੇ ਬਗ਼ਾਵਤ ਕਰ ਦਿੱਤੀ ਪਰ ਦਿੱਦਾਂ ਨੇ ਸਖ਼ਤੀ ਨਾਲ ਸਾਰੀਆਂ ਬਗ਼ਾਵਤਾਂ ਨੂੰ ਕੁਚਲ ਦਿੱਤਾ। ਉਸ ਨੇ ਬਾਗੀਆਂ ’ਤੇ ਬੇਇੰਤਹਾ ਜ਼ੁਲਮ ਕੀਤੇ ਤੇ ਗਿ੍ਰਫ਼ਤਾਰ ਕੀਤੇ ਗਏ ਬਾਗੀਆਂ ਨੂੰ ਪਰਿਵਾਰਾਂ ਸਮੇਤ ਸ਼ਰੇਆਮ ਅੱਗ ਵਿਚ ਸਾੜ ਕੇ ਮਾਰ ਦਿੱਤਾ ਗਿਆ। ਉਸ ਦੇ ਜ਼ੁਲਮਾਂ ਤੋਂ ਭੈਅਭੀਤ ਹੋਏ ਜਾਗੀਰਦਾਰਾਂ ਨੇ ਮੁੜ ਕੇ ਕਦੇ ਵੀ ਦਿੱਦਾਂ ਦੇ ਜੀਵਨ ਕਾਲ ਵਿਚ ਦੁਬਾਰਾ ਸਿਰ ਚੁੱਕਣ ਦੀ ਹਿੰਮਤ ਨਾ ਕੀਤੀ। ਜਦੋਂ ਅਭਿਮੰਨਿਊਂ ਬਾਲਗ ਹੋ ਗਿਆ ਤਾਂ ਉਸ ਨੇ ਰਾਜ ਵਾਪਸ ਲੈਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਪਰ ਦਿੱਦਾਂ ਨੇ ਉਸ ਦੀ ਇਕ ਨਾ ਚੱਲਣ ਦਿੱਤੀ। ਜਦੋਂ ਅਭਿਮੰਨਿਊਂ ਨੇ ਦਿੱਦਾਂ ਨੂੰ ਰਸਤੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ 972 ਈਸਵੀ ਵਿਚ ਉਸ ਦਾ ਕਤਲ ਕਰ ਦਿੱਤਾ ਗਿਆ। ਅਭਿਮੰਨਿਊਂ ਤੋਂ ਬਾਅਦ ਉਸ ਦਾ ਨਾਬਾਲਿਗ ਬੇਟਾ ਨੰਦੀਗੁਪਤ ਗੱਦੀ ’ਤੇ ਬੈਠਾ ਪਰ ਕੁਝ ਹੀ ਮਹੀਨਿਆਂ ਬਾਅਦ ਦਿੱਦਾਂ ਨੇ ਉਸ ਦਾ ਤੇ ਬਾਅਦ ਵਿਚ ਉਸ ਦੇ ਛੋਟੇ ਭਰਾ ਤਿ੍ਰਭੁਵਨਗੁਪਤ ਦਾ ਵੀ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦਿੱਦਾਂ ਦਾ ਸਭ ਤੋਂ ਛੋਟਾ ਪੋਤਰਾ ਭੀਮਗੁਪਤ ਗੱਦੀ ’ਤੇ ਬੈਠ ਗਿਆ।
ਕਸ਼ਮੀਰ ਵਿਚ ਹਾਲਾਤ ਇਹ ਹੋ ਗਏ ਸਨ ਕਿ ਜਿਹੜਾ ਵੀ ਰਾਜਾ ਗੱਦੀ ’ਤੇ ਬੈਠਦਾ, ਜਨਤਾ ਸਮਝ ਜਾਂਦੀ ਕਿ ਹੁਣ ਇਹ ਕੁਝ ਹੀ ਦਿਨਾਂ ਦਾ ਪ੍ਰਾਹੁਣਾ ਹੈ। ਦਿੱਦਾਂ ਵੀ ਹੁਣ ਸਰਪ੍ਰਸਤ ਬਣ ਕੇ ਅੱਕ ਗਈ ਸੀ, ਇਸ ਲਈ ਉਸ ਨੇ ਕਸ਼ਮੀਰ ਦੀ ਪਹਿਲੀ ਮਹਿਲਾ ਮਹਾਰਾਣੀ ਬਣਨ ਦਾ ਨਿਰਣਾ ਕਰ ਲਿਆ। 980 ਈਸਵੀ ਵਿਚ ਉਸ ਨੇ ਤਸੀਹੇ ਦੇ ਕੇ ਭੀਮਗੁਪਤ ਦਾ ਕਤਲ ਕਰ ਦਿੱਤਾ ਤੇ ਖ਼ੁਦ ਗੱਦੀ ’ਤੇ ਬੈਠ ਗਈ। ਦਿੱਦਾਂ ਨੇ ਆਪਣਾ ਸਾਰਾ ਖ਼ਾਨਦਾਨ ਖ਼ਤਮ ਕਰ ਦਿੱਤਾ ਸੀ, ਇਸ ਲਈ ਉਸ ਨੇ ਆਪਣੇ ਭਰਾ ਉਦੇਰਾਜ ਦਾ ਬੇਟਾ ਸਮਰਰਾਜ ਗੋਦ ਲੈ ਲਿਆ। ਦਿੱਦਾਂ ਨੇ 958 ਈਸਵੀ ਤੋਂ ਲੈ ਕੇ 980 ਤਕ ਕਰੀਬ 22 ਸਾਲ ਸਰਪ੍ਰਸਤ ਅਤੇ 980 ਤੋਂ ਆਪਣੀ ਮੌਤ, 1003 ਈਸਵੀ ਤਕ ਕਰੀਬ 23 ਸਾਲ ਮਹਾਰਾਣੀ ਦੇ ਤੌਰ ’ਤੇ (ਕੁਲ 55 ਸਾਲ) ਕਸ਼ਮੀਰ ’ਤੇ ਰਾਜ ਕੀਤਾ। ਉਸ ਦੀ ਮੌਤ ਤੋਂ ਬਾਅਦ ਉਸ ਦਾ ਭਤੀਜਾ ਸਮਰਰਾਜ ਗੱਦੀ ’ਤੇ ਬੈਠ ਗਿਆ ਤੇ ਇਸ ਦੇ ਨਾਲ ਹੀ ਕਸ਼ਮੀਰ ਵਿਚ ਉਤਪਲ ਵੰਸ਼ ਦਾ ਖ਼ਾਤਮਾ ਹੋ ਗਿਆ ਅਤੇ ਲੌਹਾਰ ਵੰਸ਼ ਦੇ ਰਾਜ ਦੀ ਸ਼ੁਰਆਤੂ ਹੋ ਗਈ। ਦਿੱਦਾਂ ਨੇ ਤਾਕਤ ਦੀ ਹਵਸ ਵਿਚ ਅੰਨ੍ਹੀ ਹੋ ਕੇ ਆਪਣੇ ਪਤੀ, ਇਕ ਪੁੱਤਰ ਅਤੇ ਤਿੰਨ ਪੋਤਰਿਆਂ ਸਮੇਤ ਸੈਂਕੜੇ ਲੋਕਾਂ ਦੇ ਕਤਲ ਕੀਤੇ ਤੇ ਉਤਪਲ ਵੰਸ਼ ਦੇ ਖ਼ਾਤਮੇ ਦਾ ਕਾਰਨ ਬਣੀ। ਭਾਰਤ ਦੇ ਇਤਿਹਾਸ ਵਿਚ ਉਸ ਵਰਗੀ ਜ਼ਾਲਮ ਮਹਿਲਾ ਸ਼ਾਸਕ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ।
Add a review