ਹਿੰਦੋਸਤਾਨ ਦੀ ਆਜ਼ਾਦੀ ਦੇ ਇਤਿਹਾਸ ਨੂੰ ਪੜ੍ਹਦਿਆਂ ਜਦੋਂ ਸ਼ਹੀਦਾਂ ਦੇ ਜੀਵਨ ਨੂੰ ਦੇਖਦੇ ਹਾਂ ਤਾਂ ਮੰਨ 'ਚ ਸਵਾਲੀਆ ਵਿਚਾਰ ਆਉਂਦੇ ਹਨ । ਕੀ ਇਹ ਸੱਚ ਹੋਵੇਗਾ ਕਿ ਉੁਨ੍ਹਾਂ ਨੇ ਦੇਸ਼ ਲਈ ਹੱਸ ਹੱਸ ਫ਼ਾਂਸੀਆਂ ਦੇ ਰੱਸੇ ਚੁੰਮੇ ਹੋਣਗੇ, ਦਹਾਕਿਆਂ ਭਰ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਰਹੇ ਹੋਣਗੇ, ਜਲਾਵਤਨੀਆਂ ਹੋਈਆਂ ਹੋਣਗੀਆਂ ਅਤੇ ਜ਼ਮੀਨਾਂ ਜਾਂ ਜਾਇਦਾਦਾਂ ਦੀਆਂ ਕੁਰਕੀਆਂ ਹੋਈਆਂ ਹੋਣਗੀਆਂ। ਇਸ ਸੱਚ ਬਾਰੇ ਸੋਚਦੇ ਵਿਚਾਰਦੇ ਹੋਏ ਕਿ ਉਹ ਕਿਹੋ ਜਿਹੇ ਇਨਸਾਨ ਹੋਣਗੇ ਜਿਨ੍ਹਾਂ ਨੇ ਦੇਸ਼ ਦੇ ਚੰਗੇ ਭਵਿੱਖ ਲਈ ਆਪਣੀਆਂ ਜਾਨਾਂ ਤੱਕ ਦੀ ਪਰਵਾਹ ਨਹੀਂ ਕੀਤੀ।
16 ਅਪ੍ਰੈਲ 1961 ਨੂੰ ਗ਼ਦਰ ਲਹਿਰ ਦੇ ਆਗੂ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਦੀਵੀ ਵਿਛੋੜਾ ਦੇ ਕੇ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਦੀ ਕਤਾਰ 'ਚ ਜੁੜ ਗਏ। ਉੁਨ੍ਹਾਂ ਦਾ ਜਨਮ 7 ਜੁਲਾਈ 1878 ਨੂੰ ਪਿਤਾ ਸ. ਨੱਥਾ ਸਿੰਘ ਤੇ ਮਾਤਾ ਸਰਦਾਰਨੀ ਪੰਜਾਬ ਕੌਰ ਦੇ ਘਰ ਪਿੰਡ ਨਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ । ਭਾਈ ਸਾਹਿਬ ਦਾ ਪਹਿਲਾ ਨਾਂ ਬਸੰਤ ਸਿੰਘ ਸੀ ਪਰ ਅੰਮ੍ਰਿਤ ਛਕਣ ਮਗਰੋਂ ਰਣਧੀਰ ਸਿੰਘ ਰੱਖਿਆ ਗਿਆ।
ਉਹ ਗ਼ਦਰ ਲਹਿਰ ਦੇ ਸਰਗਰਮ ਗੁਰ ਸਿੱਖ ਗ਼ਦਰੀ ਸਨ। ਦਿੱਲੀ ਵਿਖੇ ਅੰਗਰੇਜ਼ ਸਰਕਾਰ ਨੇ ਵਾਇਸਰਾਏ ਦੀ ਕੋਠੀ ਨੂੰ ਜਾਣ ਵਾਲਾ ਰਸਤਾ ਛੋਟਾ ਅਤੇ ਸਿੱਧਾ ਕਰਨ ਲਈ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਦਿੱਤੀ ਸੀ। ਉਦੋਂ ਭਾਈ ਰਣਧੀਰ ਸਿੰਘ ਪਹਿਲੇ ਸਤਿਆਗ੍ਰਹੀ ਦੇ ਤੌਰ ’ਤੇ ਜਥਾ ਲੈ ਕੇ 3 ਮਈ, 1914 ਈ: ਵਿਚ ਲਾਹੌਰ ਪਹੁੰਚੇ। ਇੱਥੇ ਰੋਸ ਵਜੋਂ ਸਿੱਖਾਂ ਦਾ ਵੱਡਾ ਸਮਾਗਮ ਹੋ ਰਿਹਾ ਸੀ। 19 ਮਈ, 1914 ਨੂੰ ਖ਼ਾਲਸਾ ਸੰਗਤ ਨਾਰੰਗਵਾਲ ਨੇ ਵਾਇਸਰਾਏ ਚਾਰਲਸ-ਹਾਰਡਿੰਗ (1910-1916) ਨੂੰ ਰਕਾਬਗੰਜ ਦੇ ਗੁਰਦੁਆਰੇ ਦੀ ਕੰਧ ਢਾਹੇ ਜਾਣ ਦਾ ਰੋਸ ਪ੍ਰਗਟ ਕਰਨ ਲਈ ਤਾਰ ਭੇਜੀ। ਗ਼ਦਰ ਪਾਰਟੀ ਨੇ ਦੇਸ਼ ਦੀ ਆਜ਼ਾਦੀ ਅਤੇ ਸਭ ਧਰਮਾਂ ਦੇ ਇੱਕੋ ਜਿਹੇ ਮਾਣ-ਸਨਮਾਨ ਵਾਲੀ ਸੋਚ ਨੂੰ ਮੁੱਖ ਰੱਖਦੇ ਹੋਏ ਡੱਟ ਕੇ ਵਿਰੋਧ ਕੀਤਾ ਅਤੇ ਉਸੇ ਥਾਂ ਉੱਤੇ ਕੰਧ ਦੀ ਮੁੜ ਉਸਾਰੀ ਕੀਤੀ।
ਉੁਹ ਸ਼ਹੀਦ ਕਰਤਾਰ ਸਿੰਘ ਸਰਾਭੇ ਨਾਲ ਫਿਰੋਜ਼ਪੁਰ ਛਾਉਣੀ ਦੇ ਕਿਲ੍ਹੇ 'ਤੇ ਆਪਣਾ ਕਬਜ਼ੇ ਕਰਨ ਗਏ ਪਰ ਮੁਖ਼ਬਰੀ ਕਾਰਨ ਇਹ ਸੰਭਵ ਨਾ ਹੋ ਸਕਿਆ। 21 ਫਰਵਰੀ, 1915 ਨੂੰ ਗ਼ਦਰ ਦੀ ਤਾਰੀਖ਼ ਨਿਸ਼ਚਿਤ ਕੀਤੀ ਗਈ ਪਰ ਕਿਸੇ ਗੱਦਾਰ ਨੇ ਸਾਰਾ ਭੇਤ ਪਹਿਲਾਂ ਹੀ ਬ੍ਰਿਟਿਸ਼ ਸਰਕਾਰ ਕੋਲ ਪਹੁੰਚਾ ਦਿੱਤਾ। ਅੰਗਰੇਜ਼ੀ ਸਰਕਾਰ ਨੇ ਐਸਾ ਦਮਨ ਚੱਕਰ ਚਲਾਇਆ ਕਿ ਗ਼ਦਰ ਲਹਿਰ ਦੇ ਸਰਗਰਮ ਆਗੂਆਂ ਸਮੇਤ ਭਾਈ ਰਣਧੀਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉੁਨ੍ਹਾਂ ਨੂੰ ਉਮਰ ਕੈਦ ਹੋਈ। ਲਾਹੌਰ ਜੇਲ੍ਹ ਦਾ ਸਮਾਂ ਉੁਨ੍ਹਾਂ ਲਈ ਬੜੇ ਹੀ ਤਸੀਹੇ ਭਰਿਆ ਰਿਹਾ। ਕਕਾਰਾਂ ਦੀਆਂ ਬੇਅਦਬੀਆਂ ਵਰਗੀਆਂ ਅਸਹਿ ਸਜ਼ਾਵਾਂ ਸਹਿਣ ਕੀਤੀਆਂ। ਭੁੱਖ ਹੜਤਾਲਾਂ ਕਰਕੇ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਨਾਲ ਕੀਰਤਨ ਕਰਦਿਆਂ ਭਾਣੇ ਨੂੰ ਮੰਨਦੇ ਹੋਏ ਲੰਘਾਇਆ। ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਉਹ ਕਰਤਾਰ ਸਿੰਘ ਸਰਾਭਾ ਤੇ ਹੋਰ ਗ਼ਦਰੀ ਸਾਥੀਆਂ ਨਾਲ ਇੱਕਠੇ ਹੋ ਗਏ। ਲਾਹੌਰ ਜੇਲ੍ਹ ਵਿਚ ਕੁਝ ਦਿਨ ਰਹਿਣ ਪਿੱਛੋਂ ਭਾਈ ਸਾਹਿਬ ਨੂੰ 4 ਅਪ੍ਰੈਲ 1916 ਨੂੰ ਰਾਤ ਦੇ 9 ਵਜੇ ਮੁਲਤਾਨ ਜੇਲ੍ਹ ਭੇਜ ਦਿੱਤਾ ਗਿਆ। ਇਥੇ ਭਾਈ ਸਾਹਿਬ ਦੁਆਰਾ 13 ਮਈ ਤਕ ਕਰੀਬ 40 ਦਿਨ ਭੁੱਖ-ਹੜਤਾਲ ਕੀਤੀ ਗਈ। ਇੱਥੇ ਹੀ ਉੁਨ੍ਹਾਂ ਦੀ ਸ਼ਹੀਦ-ਏ-ਆਜ਼ਿਮ ਸ. ਭਗਤ ਸਿੰਘ ਨਾਲ ਵੀ ਮੁਲਾਕਾਤ ਹੋਈ ਸੀ ।
ਆਜ਼ਾਦੀ ਘੁਲਾਟੀਆਂ ਵਲੋਂ ਅੰਗਰੇਜ਼ ਰਾਜ ਦੇ ਖ਼ਾਤਮੇ ਤੋਂ ਬਾਅਦ ਵੀ ਬਰਾਬਤਾ ਅਤੇ ਲੁੱਟ-ਖਸੁੱਟ ਰਹਿਤ ਸਮਾਜ ਦੀ ਸਿਰਜਣਾ ਦਾ ਦ੍ਰਿਸ਼ਟੀਕੋਨ ਅਜੇ ਪੂਰਾ ਨਹੀਂ ਹੋਇਆ, ਜਿਸ ਨੂੰ ਮੰਜ਼ਿਲ ਤੱਕ ਲੈ ਕੇ ਜਾਣ ਲਈ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ ਤੇ ਮੁਲਾਜ਼ਮਾਂ ਨੂੰ 'ਇੱਕ' ਹੋ ਕੇ ਗ਼ਦਰ ਪਾਰਟੀ ਦੀ ਸੋਚ ਦੀ ਹਾਮੀ ਭਰਨ ਦੀ ਲੋੜ ਹੈ।
ਸ਼ਹੀਦ ਭਾਈ ਰਣਧੀਰ ਸਿੰਘ ਜਿਨ੍ਹਾਂ ਨੇ ਸਿੱਖ ਧਰਮ ਦੀਆਂ ਰਹਿਤਾਂ ਨੂੰ ਬਰਕਰਾਰ ਰੱਖਦੇ ਹੋਏ ਦੇਸ਼ ਦੀ ਆਜ਼ਾਦੀ 'ਚ ਹਿੱਸਾ ਹੀ ਨਹੀਂ ਪਾਇਆ ਸਗੋਂ ਬਤੌਰ ਆਗੂ ਰਹੇ। ਉੁਹ ਆਖ਼ਰੀ ਸਾਹ ਤੱਕ ਸਰਬੱਤ ਦੇ ਭਲੇ ਦੇ ਮੁਦੱਈ ਰਹੇ। ਲੁਟੇਰੇ ਸਮਾਜ ਦੇ ਵਿਰੋਧੀ ਰਹੇ ਭਾਈ ਸਾਹਿਬ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ।
Add a review