ਟੁੱਟਣ ਤੋਂ ਬਾਅਦ ਕੋਈ ਵੀ ਤਾਰਾ ਅੰਬਰ ’ਤੇ ਚਾਨਣ ਦੀ ਲਕੀਰ ਬਣਾਉਂਦਾ ਹੋਇਆ ਪਲਾਂ-ਛਿਣਾਂ ਵਿਚ ਹੀ ਲੋਪ ਹੋ ਜਾਂਦਾ ਹੈ ਜਦਕਿ ਭਾਰਤ ਦੇ ਹੁਣ ਤਕ ਦੇ ਸਭ ਤੋਂ ਮਹਾਨ ਐਥਲੀਟ ਮਿਲਖਾ ਸਿੰਘ ਵਰਗੇ ਪੰਜ ਤੱਤਾਂ ਵਿਚ ਵਿਲੀਨ ਹੋਣ ਤੋਂ ਬਾਅਦ ਵੀ ਧਰੂ ਤਾਰੇ ਵਾਂਗ ਅਸਮਾਨ ’ਤੇ ਚਮਕਦੇ ਰਹਿੰਦੇ ਹਨ। ਉਹ ਵਿਰਲੇ ਇਨਸਾਨਾਂ ’ਚੋਂ ਹਨ ਜੋ ਜਿਊਂਦਿਆਂ ਹੀ ਕਥਾ-ਕਹਾਣੀਆਂ, ਬਾਤਾਂ-ਬਤੋਲੀਆਂ ਅਤੇ ਅਖਾਣਾਂ-ਮੁਹਾਵਰਿਆਂ ਵਿਚ ਸਮਾਏ ਹੋਏ ਸਨ। ਕੋਈ ਤੇਜ਼ ਦੌੜਦਾ ਹੋਇਆ ਹਵਾ ਨਾਲ ਗੱਲਾਂ ਕਰਦਾ ਤਾਂ ਲੋਕ ਤਨਜ਼ ਕੱਸਦੇ, ਅਖੇ ਤੂੰ ਕਿਹੜਾ ਮਿਲਖਾ ਸਿੰਘ ਬਣ ਜਾਣਾਂ! ਮਿਲਖਾ ਸਿੰਘ ਮੁਲਕ ਦੀ ਅਮੁੱਲੀ ਮਿਲਖ ਸੀ। ਖੇਡਾਂ ਪ੍ਰਤੀ ਜਨੂੰਨ ਕਾਰਨ ਦੁਨੀਆ ਦੇ ਕਈ ਦੇਸ਼ਾਂ ਵਿਚ ਉਨ੍ਹਾਂ ਨੇ ਤਿਰੰਗਾ ਲਹਿਰਾਇਆ ਸੀ। ਉਨ੍ਹਾਂ ਦੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਣ ਤੋਂ ਬਾਅਦ ਹਰ ਅੱਖ ਨਮ ਹੈ।
ਹਰ ਕੋਈ ਉਨ੍ਹਾਂ ਨੂੰ ਆਪੋ-ਆਪਣੇ ਤਰੀਕੇ ਨਾਲ ਯਾਦ ਕਰ ਰਿਹਾ ਹੈ। ਵਰੁਣ ਟੰਡਨ ਵਰਗੇ ਆਰਟਿਸਟ ਨੇ ਖੰਭ ’ਤੇ ਮਿਲਖਾ ਸਿੰਘ ਦੀ ਤਸਵੀਰ ਬਣਾ ਕੇ ‘ਉੱਡਣੇ ਸਿੱਖ’ ਨੂੰ ਸ਼ਰਧਾਂਜਲੀ ਦਿੱਤੀ ਹੈ। ‘ਉੱਡਣੇ ਸਿੱਖ’ ਨੇ 80 ਕੌਮਾਂਤਰੀ ਦੌੜਾਂ ਵਿਚ ਭਾਗ ਲਿਆ ਜਿਨ੍ਹਾਂ ’ਚੋਂ ਉਸ ਨੇ 77 ਜਿੱਤ ਕੇ ਵੱਡਾ ਕੀਰਤੀਮਾਨ ਸਥਾਪਤ ਕੀਤਾ ਸੀ। ਮਿਲਖਾ ਸਿੰਘ ਦੇ ਜਿਊਂਦੇ-ਜੀਅ ਉਸ ਦੇ ਆਦਮ-ਕੱਦ ਬੁੱਤ ਲੱਗਣੇ ਤੇ ‘ਭਾਗ ਮਿਲਖਾ ਭਾਗ’ ਵਰਗੀ ਬਾਇਓਪਿਕ ਬਣਨੀ ਆਪਣੇ-ਆਪ ਵਿਚ ਵੱਡੀ ਮਿਸਾਲ ਹੈ। ਬਿਖਮ ਤੇ ਬਿਖੜੇ ਰਾਹਾਂ ’ਤੇ ਸਿਰੜ ਨਾਲ ਚੱਲਣ ਵਾਲਾ ਮਿਲਖਾ ਸਿੰਘ ਸਾਰੀ ਉਮਰ ਸੰਘਰਸ਼ ਕਰਦਾ ਰਿਹਾ।
ਉਸ ਦਾ ਮੁਕਾਬਲਾ ਖ਼ੁਦ ਨਾਲ ਹੀ ਹੁੰਦਾ ਸੀ। ਸੰਨ 1960 ਦੀ ਰੋਮ ਓਲੰਪਿਕਸ ਵਿਚ ਉਸ ਨੇ ਦੌੜ ਦੇ ਆਖ਼ਰੀ ਪਲਾਂ ’ਚ ਪਿੱਛੇ ਪਰਤ ਕੇ ਵੇਖਣ ਦੀ ਵੱਡੀ ਗ਼ਲਤੀ ਕੀਤੀ ਸੀ ਜਿਸ ਕਾਰਨ ਉਹ ਚੌਥੇ ਨੰਬਰ ’ਤੇ ਆਇਆ। ਅੱਖ ਦੇ ਫੋਰ ਨਾਲ ਉਹ ਮੈਡਲ ਤੋਂ ਖੁੰਝ ਗਿਆ ਜਿਸ ਦਾ ਮਿਲਖਾ ਸਿੰਘ ਨੂੰ ਸਾਰੀ ਉਮਰ ਮਲਾਲ ਰਿਹਾ। ਇਹ ਸਬਕ ਉਹ ਹਰ ਕਿਸੇ ਨੂੰ ਦਿੰਦਾ ਕਿ ਜ਼ਿੰਦਗੀ ਵਿਚ ਕਦੇ ਭੌਂ ਕੇ ਪਿੱਛੇ ਨਾ ਵੇਖੋ। ਜ਼ਿੰਦਗੀ ਵਿਚ ਛਿਣ-ਪਲ ਦੀ ਵੀ ਬਹੁਤ ਮਹੱਤਤਾ ਹੁੰਦੀ ਏ। ਚਾਰ ਕੁ ਸਕਿੰਟਾਂ ਦਾ ਫ਼ਰਕ ਨਾ ਪੈਂਦਾ ਤਾਂ ਰੋਮ ਓਲੰਪਿਕਸ ਵਿਚ ਭਾਰਤ ਨੇ ਇਤਿਹਾਸ ਰਚ ਦੇਣਾ ਸੀ। ਉਸ ਨੇ ਭਾਵੇਂ ਸੋਨ ਮੈਡਲਾਂ ਨਾਲ ਦੇਸ਼ ਦੀ ਝੋਲੀ ਭਰ ਦਿੱਤੀ ਪਰ ਰੋਮ ਵਿਚ ‘ਪਿੱਛੇ ਤੱਕਣ’ ਦੇ ਪਛਤਾਵੇ ਨੇ ਉਸ ਦਾ ਕਦੇ ਪਿੱਛਾ ਨਾ ਛੱਡਿਆ।
ਇਸ ਦੇ ਬਾਵਜੂਦ ਮਿਲਖਾ ਸਿੰਘ ਨੇ ਹੌਸਲਾ ਨਾ ਛੱਡਿਆ ਤੇ ਓਕਾਬ ਵਾਂਗ ਅੰਬਰ ’ਤੇ ਆਲ੍ਹਣਾ ਪਾਉਣ ਲਈ ਉਹ ਹਮੇਸ਼ਾ ਤਤਪਰ ਰਹਿੰਦਾ। ‘ਏਸ਼ੀਆ ਦਾ ਤੁਫ਼ਾਨ’ ਅਖਵਾਉਣ ਵਾਲੇ ਅਬਦੁਲ ਖ਼ਾਲਿਕ ਨੂੰ ਲਾਹੌਰ ਦੇ ਸਟੇਡੀਅਮ ਵਿਚ ਵੱਡੇ ਫ਼ਰਕ ਨਾਲ ਜਦੋਂ ਉਸ ਨੇ ਪਛਾੜਿਆ ਤਾਂ ਪਾਕਿਸਤਾਨ ਦੇ ਤਤਕਾਲੀ ਸਦਰ ਜਨਰਲ ਅਯੂਬ ਖ਼ਾਨ ਨੇ ਮਿਲਖਾ ਸਿੰਘ ਦੇ ਸੋਹਲੇ ਗਾਉਂਦਿਆਂ ਕਿਹਾ ਸੀ, ‘‘ਮਿਲਖਾ ਸਿੰਘ ਤੁਸੀਂ ਦੌੜੇ ਨਹੀਂ ਬਲਕਿ ਉੱਡੇ ਹੋ, ਇਸ ਲਈ ਪਾਕਿਸਤਾਨ ਤੁਹਾਨੂੰ ਉੱਡਣੇ ਸਿੱਖ ਦਾ ਖ਼ਿਤਾਬ ਦੇ ਕੇ ਮਾਣ ਮਹਿਸੂਸ ਕਰਦਾ ਹੈ।’’ ਦੇਸ਼ ਦੀ ਵੰਡ ਵੇਲੇ ਮਿਲਖਾ ਤੇ ਉਸ ਦੀ ਭੈਣ ਤੋਂ ਇਲਾਵਾ ਸਾਰਾ ਪਰਿਵਾਰ ਨਸਲੀ ਦੰਗਿਆਂ ਦੀ ਭੇਟ ਚੜ੍ਹ ਗਿਆ ਸੀ।
ਕਤਲ ਹੋਣ ਤੋਂ ਪਹਿਲਾਂ ਉਸ ਦੇ ਪਿਤਾ ਨੇ ਨੰਨ੍ਹੇ ਬਾਲਕ ਨੂੰ ਜ਼ੋਰ ਦੀ ਆਵਾਜ਼ ਦਿੰਦਿਆਂ ਕਿਹਾ ਸੀ ਕਿ ‘ਮਿਲਖੇ ਭੱਜ ਜਾ…ਪਿੱਛੇ ਪਰਤ ਕੇ ਨਾ ਦੇਖੀਂ।’ ਦਰਿੰਦਿਆਂ ਤੋਂ ਆਪਣੀ ਜਾਨ ਬਚਾ ਕੇ ਭੱਜਣ ਵਾਲਾ ਮਿਲਖਾ ਦਿੱਲੀ ਦੇ ਸ਼ਰਨਾਰਥੀ ਕੈਂਪ ਵਿਚ ਆਪਣੀ ਭੈਣ ਨਾਲ ਰਿਹਾ ਸੀ। ਤੰਗੀਆਂ-ਤੁਰਸ਼ੀਆਂ ਝੇਲਦਿਆਂ ਉਹ ਫ਼ੌਜ ਵਿਚ ਭਰਤੀ ਹੋਇਆ ਤਾਂ ਏਧਰ-ਓਧਰ ਦੌੜਨ-ਭੱਜਣ ਵਾਲੇ ਨੂੰ ਸਹੀ ਦਿਸ਼ਾ ਵਿਚ ਦੌੜਨ ਲਈ ਵੱਡਾ ਮੰਚ ਮਿਲ ਗਿਆ। ਅਬਦੁਲ ਖ਼ਾਲਿਕ ਨੂੰ ਉਸੇ ਦੀ ਸਰਜ਼ਮੀਨ ’ਤੇ ਧੂੜ ਚਟਾਉਣ ਤੋਂ ਬਾਅਦ ‘ਏਸ਼ੀਆ ਦਾ ਤੁਫ਼ਾਨ’ ਠੱਲ੍ਹ ਗਿਆ ਸੀ ਤੇ ਉਸ ਨੇ ਉੱਡਣੇ ਸਿੱਖ ਨਾਲ ਫਿਰ ਕਦੇ ਕੋਈ ਦੌੜ ਲਗਾਉਣ ਦਾ ਹੌਸਲਾ ਨਾ ਕੀਤਾ। ਮਿਲਖਾ ਸਿੰਘ ਨਵੀਂ ਪੀੜ੍ਹੀ ਨੂੰ ਅਕਸਰ ਕਿਹਾ ਕਰਦੇ ਸਨ ਕਿ ਹਮੇਸ਼ਾ ਦੌੜਦੇ ਰਹੋ ਕਿਉਂਕਿ ਇਸ ਨਾਲ ਖ਼ੂਨ ਤੱਤਾ ਰਹਿੰਦਾ ਹੈ।
ਰਗਾਂ ਵਿਚ ਖ਼ੂਨ ਤਾਂ ਹੀ ਦੌੜੇਗਾ ਜੇ ਤੁਸੀਂ ਦੌੜੋਗੇ। ਰੁਕ ਗਏ ਤਾਂ ਖ਼ੂਨ ਰਗਾਂ ਵਿਚ ਜੰਮ ਜਾਵੇਗਾ। ਪਾਣੀ ਵੀ ਜੇ ਖਲੋ ਜਾਵੇ ਤਾਂ ਤਰਕ ਜਾਂਦਾ ਹੈ। ਚੱਲਣਾ ਹੀ ਜੀਵਨ ਹੈ। ਜਨੂੰਨ ਉਸ ਦੇ ਸੁਪਨਿਆਂ ਨੂੰ ਖੰਭ ਲਾਉਂਦਾ ਸੀ। ਉਹ ਸੱਚਮੁੱਚ ‘ਮੇਰਾ ਦਾਗਿਸਤਾਨ’ ਦੇ ਉਕਾਬ ਵਰਗਾ ਸੀ ਜੋ ਉੱਚੇ ਗਗਨੀਂ ਉੱਡਦਿਆਂ ਆਪਣੇ ਖੰਭਾਂ ਨਾਲ ਧੁੰਦ ਨੂੰ ਚੀਰਦਾ ਹੋਇਆ ਅੱਗੇ ਵੱਧਦਾ ਸੀ। ਰਸੂਲ ਹਮਜ਼ਾਤੋਵ ਕਹਿੰਦਾ ਹੈ ਕਿ ਪਹਾੜੀ ਓਕਾਬ ਹੀ ਅਜਿਹਾ ਪੰਛੀ ਹੈ ਜੋ ਚੱਟਾਨ ਤੋਂ ਸਿੱਧਾ ਅੰਬਰ ਵੱਲ ਉੱਡਦਾ ਹੈ। ਉਹ ਕਹਿੰਦਾ, ‘ਕਾਂ ਨੀਵੀਆਂ ਥਾਵਾਂ ਉੱਤੇ ਆਲ੍ਹਣੇ ਪਾਉਂਦੇ ਹਨ ਜਦਕਿ ਓਕਾਬ ਸਭ ਤੋਂ ਉੱਚੇ ਪਹਾੜਾਂ ਦੇ ਉੱਪਰ ਉਡਾਰੀਆਂ ਭਰਦੇ ਨੇ।’ ਮਿਲਖਾ ਸਿੰਘ ਸਾਰੀ ਉਮਰ ‘ਉੱਡਦਾ’ ਹੋਇਆ ਟਰੈਕ ’ਤੇ ਅਮਿੱਟ ਪੈੜਾਂ ਛੱਡਦਾ ਰਿਹਾ। ਜ਼ਮੀਨ ਨਾਲ ਜੁੜਿਆ ਹੋਇਆ ਹੋਣ ਕਾਰਨ ਉਹ ਜ਼ਮੀਨੀ ਹਕੀਕਤਾਂ ਤੋਂ ਅਨਜਾਣ ਨਹੀਂ ਸੀ।
ਭਾਰਤ ਵਿਚ ਖਿਡਾਰੀਆਂ, ਖ਼ਾਸ ਤੌਰ ’ਤੇ ਐਥਲੀਟਾਂ ਨੂੰ ਬਣਦਾ ਮਾਣ-ਸਨਮਾਨ ਨਾ ਮਿਲਣ ਕਰਕੇ ਉਹ ਆਪਣੇ ਭਾਸ਼ਣਾਂ ਵਿਚ ਸੱਤਾਧਾਰੀਆਂ ਨਾਲ ਗਿਲਾ-ਸ਼ਿਕਵਾ ਕਰਦੇ ਰਹਿੰਦੇ। ਉਹ ਕਿਹਾ ਕਰਦੇ ਸਨ ਕਿ ਜੇ ਪੀ. ਟੀ. ਊਸ਼ਾ ਵਰਗੀਆਂ ਦਾ ਸਾਥ ਉਸ ਦੇ ਕੋਚ ਨੇ ਦਿੱਤਾ ਹੁੰਦਾ ਤਾਂ ਉਹ ਅਵੱਸ਼ ਓਲੰਪਿਕਸ ’ਚੋਂ ਸੋਨ-ਤਗਮਾ ਜਿੱਤ ਸਕਦੀ ਸੀ। ਕ੍ਰਿਕਟ ਦੀ ਬਜਾਏ ਦੂਜੀਆਂ ਖੇਡਾਂ ਨੂੰ ਵਧੇਰੇ ਤਵੱਜੋ ਦਿੱਤੀ ਜਾਂਦੀ ਤਾਂ ਜਮਾਇਕਾ ਵਾਂਗ ਭਾਰਤ ਵਿਚ ਵੀ ਘਰ-ਘਰ ਐਥਲੀਟ ਪੈਦਾ ਹੋਣੇ ਸਨ। ਉਨ੍ਹਾਂ ਦੀ ਹਸਰਤ ਸੀ ਕਿ ਉਨ੍ਹਾਂ ਦੇ ਜਿਊਂਦੇ-ਜੀਅ ਭਾਰਤ ਦਾ ਕੋਈ ਐਥਲੀਟ ਓਲੰਪਿਕਸ ’ਚੋਂ ਗੋਲਡ ਮੈਡਲ ਜਿੱਤ ਕੇ ਲਿਆਵੇ। ਅੱਜ ਕੇਂਦਰ ਦੇ ਖੇਡ ਮੰਤਰੀ ਦੇਸ਼ ਵਾਸੀਆਂ ਨਾਲ ਵਾਅਦਾ ਕਰ ਰਹੇ ਹਨ ਕਿ ਮਿਲਖਾ ਸਿੰਘ ਦੀ ਅੰਤਿਮ ਇੱਛਾ ਅਵੱਸ਼ ਪੂਰੀ ਕੀਤੀ ਜਾਵੇਗੀ।
ਉਨ੍ਹਾਂ ਨੇ ਮਿਲਖਾ ਸਿੰਘ ਦੇ ਸਸਕਾਰ ਵੇਲੇ ਐਲਾਨ ਕੀਤਾ ਕਿ ਟੋਕੀਓ ਵਿਚ ਹੋ ਰਹੀਆਂ ਓਲੰਪਿਕ ਖੇਡਾਂ ’ਚ ਜਿੰਨੇ ਵੀ ਮੈਡਲ ਜਿੱਤੇ ਜਾਣਗੇ ਉਹ ਸਾਰੇ ਮਿਲਖਾ ਸਿੰਘ ਦੇ ਨਾਂ ਕੀਤੇ ਜਾਣਗੇ। ਟੋਕੀਓ ਓਲੰਪਿਕਸ ਦਾ ਜ਼ਿਕਰ ਕਰਦਿਆਂ ਰਸੂਲ ਹਮਜ਼ਾਤੋਵ ਵੱਲੋਂ ਦਿੱਤਾ ਹਵਾਲਾ ਯਾਦ ਆਉਂਦਾ ਹੈ। ਉਹ ਲਿਖਦਾ ਹੈ ਕਿ ਜਾਪਾਨੀ ਲੋਕ ਸਾਰਸ ਨੂੰ ਸਭ ਤੋਂ ਵੱਧ ਅਹਿਮ ਪੰਛੀ ਮੰਨਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜੇ ਕੋਈ ਬਿਮਾਰ ਵਿਅਕਤੀ ਕਾਗਜ਼ ’ਤੇ ਸਾਰਸ ਦੇ ਹਜ਼ਾਰ ਚਿੱਤਰ ਬਣਾ ਲਵੇ ਤਾਂ ਉਹ ਨੌਂ-ਬਰ-ਨੌਂ ਹੋ ਜਾਂਦਾ ਹੈ। ਸਾਰਸ, ਓਕਾਬ ਨਾਲੋਂ ਵੱਧ ਜੋਸ਼ੀਲਾ ਤੇ ਲੜਾਕਾ ਪੰਛੀ ਮੰਨਿਆ ਜਾਂਦਾ ਹੈ। ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਹੋਣ ਵਾਲੀ ਓਲੰਪਿਕਸ ਤੋਂ ਪਹਿਲਾਂ ਜੇ ‘ਬਿਮਾਰ ਦੇਸ਼’ ਦੇ ਖਿਡਾਰੀ ਉੱਡਣੇ ਸਿੱਖ ਨੂੰ ਸਾਰਸ ਮੰਨ ਕੇ ਉਸ ਦੇ ਹਜ਼ਾਰ ਚਿੱਤਰ ਬਣਾ ਲੈਣ ਤਾਂ ਸ਼ਾਇਦ ਇਸ ‘ਟੂਣੇ’ ਨਾਲ ਮਿਲਖਾ ਸਿੰਘ ਦੀ ਅੰਤਿਮ ਇੱਛਾ ਪੂਰੀ ਹੋ ਜਾਵੇ!
Add a review