ਬੋਰੀ ਆਲੇ ਝੋਲੇ 'ਚ ਪਿੱਤਲ ਦੀ ਪਤੀਲੀ ਤੇ ਬਾਟੀਆਂ ਨਾਲ ਗੁੜ ਚਾਹ ਲੈ ਕੇ ਹਰ ਰੋਜ਼ ਖੇਤ ਨੂੰ ਜਾਈਦਾ ਹੈ। ਪਾਟੇ ਝੱਗੇ, ਸੁੱਜੇ ਪੈਰ, ਘਸੇ ਕਾਲਰ, ਜੰਮੀ ਮੈਲ, ਹੱਥ 'ਤੇ ਚੁੱਭੀਆਂ ਸਿਲਤਾਂ, ਮੁੜ੍ਹਕੇ ਨਾਲ ਭਿੱਜੇ ਪਿੰਡੇ ਅਸੀਂ ਰੋਜ਼ ਵੇਖਦੇ ਹਾਂ। ਕਿਸਾਨ ਦਾ ਪੁੱਤਰ ਹੋਣ ਕਰਕੇ ਇਹ ਸਭ ਨੇੜੇ ਤੋਂ ਜਾਣਦਾ ਹਾਂ। ਪੋਹ ਦੇ ਮਹੀਨੇ ਕਦੇ ਰਾਤ ਨੂੰ ਖੇਤ 'ਚ ਪਾਣੀ ਲਾ ਕੇ ਵੇਖਣਾ ! ਸਾਡੇ ਲਈ ਖੇਤੀ ਧੰਦਾ ਨਹੀਂ ਸਗੋਂ ਇੱਕ ਪਰੰਪਰਾ ਹੈ, ਜੀਵਨ ਗੁਜ਼ਾਰਨ ਦਾ ਰਾਹ। ਨਾਂ ਤਾਂ ਅਸੀਂ ਕਦੇ ਨਵੇਂ ਕੱਪੜੇ ਪਾ ਕੇ ਵੇਖੇ ਨੇ, ਨਾ ਸਾਡੀਆਂ ਸੱਧਰਾਂ, ਚਾਵਾਂ, ਉਮੰਗਾਂ ਨੂੰ ਬੂਰ ਪਿਆ।
ਹਰ ਰੋਜ਼ ਲਿੱਬੜੇ-ਤਿੱਬੜੇ ਘਰੋਂ ਨਿਕਲ ਜਾਈਦਾ ਹੈ ਤੇ ਸ਼ਾਮ ਢਲੀ ਤੋਂ ਬਾਅਦ ਕਿਤੇ ਮੰਜੇ ਦਾ ਸਹਾਰਾ ਮਿਲਦਾ ਹੈ। ਪੰਜ ਦਰਿਆਵਾਂ ਦੀ ਧਰਤੀ ਤੇ ਵੀ ਸਾਡੇ ਖੇਤਾਂ ਨੂੰ ਚੁਲੀ ਚੁਲੀ ਪਾਣੀ ਆਉਂਦਾ ਹੈ। ਉਹ ਪਾਣੀ ਵੀ ਕੱਚੇ ਖਾਲ ਨਿਗਲ ਜਾਂਦੇ ਨੇ। ਬੋਰ ਚਲਾਉਂਦੇ ਹਾਂ ਤਾਂ ਵਾਹਣ ਚਿੱਟਾ ਹੋ ਜਾਂਦਾ। ਲੀਡਰਾਂ ਦੇ ਪੈਰਾਂ ਵਿੱਚ ਬਥੇਰਾ ਮੁੱਕੇ ਸੁੱਟ ਕੇ ਵੇਖ ਲਏ ਕਿਸੇ ਨੇ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ। ਮਾਈਕ ਚੁੱਕੀ ਫਿਰਦੇ ਚੈਨਲਾਂ ਵਾਲਿਆਂ ਨੇ ਵੀ ਕਦੇ ਸਾਰ ਨਾ ਲਈ ਸਾਡੀ। ਸਭ ਚਾਰ ਕੁ ਦਿਨ ਹੌਸਲਾ ਜਾਂ ਦੇ ਜਾਂਦੇ ਨੇ। ਨਾ ਤਾਂ ਅਸੀਂ ਮਰ ਸਕਦੇ ਹਾਂ ਨਾ ਪੂਰੀ ਤਰ੍ਹਾਂ ਜੀ ਸਕਦੇ ਹਾਂ। ਜਿਹੜੇ ਹੱਥਾਂ ਵਿੱਚ ਦਾਤੀ ਹੁੰਦੀ ਸੀ ਉਨ੍ਹਾਂ ਹੱਥਾਂ ਵਿੱਚ ਝੰਡੇ ਚੁੱਕੀ ਫਿਰਦੇ ਹਾਂ। ਕਦੇ ਰੇਲਾਂ ਰੋਕਦੇ ਹਾਂ ਕਦੇ ਕੋਠੀਆਂ ਘੇਰਦੇ ਹਾਂ। ਸਾਨੂੰ ਡਾਂਗਾਂ ਖਾਣੀਆਂ ਪੈਂਦੀਆਂ ਨੇ ਉਹ ਸਾਡੀ ਫ਼ਸਲ ਖਾਂਦੇ ਨੇ। ਸਾਡੇ ਖੇਤ ਸੁੰਗੜ ਗਏ ਨੇ। ਨਾ ਸਾਨੂੰ ਅਸਲੀ ਬੀਜ ਮਿਲਦਾ ਹੈ ਨਾ ਸਾਨੂੰ ਖਾਦ ਮਿਲਦੀ ਹੈ। ਸਭ ਕੁ੍ਝ ਬਲੈਕ ਤੇ ਮਹਿੰਗੇ ਭਾਅ ਮਿਲਦਾ ਹੈ।
ਸ਼ਾਹੂਕਾਰਾਂ ਦੀਆਂ ਵਹੀਆਂ ਦਾ ਪਤਾ ਨੀ ਕੀ ਵੈਰ ਏ। ਵਹੀਆਂ ਦੇ ਪੇਜ ਸਾਡੀ ਜ਼ਿੰਦਗੀ ਤੋਂ ਵੀ ਲੰਬੇ ਨੇ। ਸਾਨੂੰ ਕਰਜ਼ੇ ਦੀ ਗੁੜ੍ਹਤੀ ਦੇ ਦਿੱਤੀ ਜਾਂਦੀ ਹੈ । ਕਰਜ਼ੇ ਵਿੱਚ ਹੀ ਬਚਪਨ ਬੀਤਦਾ ਹੈ, ਕਰਜ਼ੇ ਵਿੱਚ ਹੀ ਘੋੜੀ ਚੜ੍ਹਦੇ ਹਾਂ ਤੇ ਕਰਜ਼ੇ ਵਿੱਚ ਹੀ ਸਿਵਿਆਂ 'ਚ ਜਲਦੇ ਹਾਂ। ਅਰਥੀ ਉੱਤੋਂ ਭਾਨ ਸੁੱਟ ਕੇ ਵੀ ਸਾਡੇ ਸਿਰੋਂ ਕਰਜ਼ਾ ਨੀ ਲਹਿੰਦਾ। ਸਾਨੂੰ ਤਾਂ ਕਫ਼ਨ ਲਈ ਲਏ ਪੈਸਿਆਂ ਦਾ ਵੀ ਵਿਆਜ ਦੇਣਾ ਪੈਂਦਾ। ਅੱਕ ਚੁੱਕੇ ਹਾਂ ਹੁਣ। ਸਾਡੇ ਤੇ ਸਿਆਸਤ ਕਰਨ ਵਾਲਿਆਂ ਨੇ ਭਾਵੇਂ ਵੱਡੇ ਵੱਡੇ ਅਹੁਦੇ ਪ੍ਰਾਪਤ ਕਰ ਲਏ ਪਰ ਅਸੀਂ ਓਥੇ ਦੇ ਓਥੇ ਹੀ ਰਹੇ। ਕਣਕਾਂ ਹੋਣ ਜਾਂ ਨਰਮੇ ਸਾਡੇ ਸੰਘ 'ਚ ਧੂੜ ਹਰ ਵਕਤ ਰਹਿੰਦੀ ਹੈ। ਨਾ ਕੋਈ ਜਵਾਕਾਂ ਦੇ ਚਾਅ ਪੂਰੇ ਹੁੰਦੇ ਨੇ। ਉਨ੍ਹਾਂ ਨੂੰ ਆਸ ਹੁੰਦੀ ਏ ਕਿ ਨਰਮਾ ਵੇਚ ਕੇ ਵਾਹਵਾ ਕੁਝ ਆ ਜਾਊ। ਪਰ ਉਦੋਂ ਨਿਰਾਸ਼ ਹੋ ਕੇ ਘਰ ਨੂੰ ਪਰਤ ਆਉਂਦੇ ਹਾਂ ਜਦੋਂ ਸੋਨੇ ਚਾਂਦੀ ਵਰਗੀ ਫ਼ਸਲ ਵਿਚੋਂ ਕੁਝ ਨੀ ਬਚਦਾ। ਜੇ ਸਰਕਾਰ ਕਰਜ਼ਾ ਵੀ ਦਿੰਦੀ ਹੈ ਤਾਂ ਮੋੜਿਆ ਨੀ ਜਾਂਦਾ।
ਸਾਡੇ ਖੇਤਾਂ 'ਚ ਹੁਣ ਫ਼ੈਕਟਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਪਹਿਲਾਂ ਜਿਹੜੀ ਖੇਤ ਨੂੰ ਭੱਤਾ ਲੈ ਕੇ ਜਾਂਦੀ ਸੀ ਹੁਣ ਟਿਫ਼ਨ 'ਚ ਮਜ਼ਦੂਰ ਦੀ ਰੋਟੀ ਲੈ ਕੇ ਜਾਂਦੀ ਹੈ। ਹੱਡ ਸਾਡੇ ਖਾਦਾਂ ਨੇ ਖਾ ਲਏ, ਸਾਡਾ ਖ਼ੂਨ ਤੇਲ ਪੀ ਗਿਆ। ਸਾਡੇ ਨਿਆਣਿਆਂ ਦੇ ਨੱਕ ਵਗਦੇ ਨੇ। ਸਾਡੇ ਝਾਟੇ ਕੰਘਿਆਂ ਨੂੰ ਤਰਸਦੇ ਨੇ। ਕਿੰਨੇ ਹੀ ਸਾਡੇ ਭਰਾਵਾਂ ਨੇ ਆਤਮ ਹੱਤਿਆਵਾਂ ਕਰ ਲਈਆਂ। ਅਖੀਰ ਦਿੱਲੀ ਦੀਆਂ ਦੇਹਲੀਆਂ 'ਤੇ ਬਹਿ ਗਏ ਹਾਂ, ਪਤਾ ਨਹੀਂ ਕਦੋਂ ਸੁਣਿਆ ਜਾਣਾ ਸਭ ਕੁਝ । ਕੀ ਕਰੀਏ ਦੂਜਿਆਂ ਦਾ ਪੇਟ ਭਰਦੇ ਹਾਂ ਪਰ ਆਪਦੇ ਢਿੱਡ ਵਿਲਕਦੇ ਨੇ।
Add a review