• Home
  • Search
    • Magazine
    • Places
    • Business Directory
    • Events
Free Listing
Sign in or Register
Free Listing

ਪੰਜਾਬੀ ਸੂਬਾ ਅਤੇ ਪੰਜਾਬੀ ਭਾਸ਼ਾ ਤੋਂ ਇਲਾਵਾ ਆਦਰਸ਼

ਪਰਮਜੀਤ ਢੀਂਗਰਾ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Linguistics
  • Report an issue
  • prev
  • next
Article

ਮੱਧਕਾਲ ਵਿਚ ਪੰਜਾਬੀ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੀ ਸਰਬ ਸਾਂਝੀ ਜ਼ਬਾਨ ਸੀ। ਇਸਦਾ ਜਨਮ ਮੁੱਢਲੇ ਰੂਪ ਵਿਚ ਨਾਥਾਂ, ਜੋਗੀਆਂ ਦੇ ਧੂਣੇ ਵਿੱਚੋਂ ਹੋਇਆ। ਪੰਜਾਬ ਦੇ ਸ਼ਾਸਕਾਂ ਨੇ ਭਾਵੇਂ ਉਹ ਮੁਗ਼ਲ ਹੋਣ, ਭਾਵੇਂ ਮਹਾਰਾਜਾ ਰਣਜੀਤ ਸਿੰਘ ਹੋਵੇ ਤੇ ਭਾਵੇਂ ਅੰਗਰੇਜ਼ ਹੋਣ, ਕਿਸੇ ਨੇ ਵੀ ਇਹਨੂੰ ਰਾਜ ਭਾਗ ਦਾ ਰੁਤਬਾ ਨਹੀਂ ਦਿੱਤਾ। ਇਸਦੇ ਬਾਵਜੂਦ ਪੰਜਾਬੀ ਵਧਦੀ ਫੁਲਦੀ ਤੇ ਮੰਜ਼ਿਲਾਂ ਸਰ ਕਰਦੀ ਗਈ। ਇਹਦਾ ਵੱਡਾ ਕਾਰਨ ਸੀ ਕਿ ਇਹਦੇ ਪਿੱਛੇ ਤਿੰਨ ਵੱਡੀਆਂ ਲੋਕ ਲਹਿਰਾਂ ਦੀ ਤਾਕਤ ਸੀ ਜੋ ਇਸ ਦੀ ਤਲਵਾਰ ਤੇ ਢਾਲ਼ ਦੋਵੇਂ ਸਨ। ਪਹਿਲੀ ਸੀ ਗੁਰੂ ਸਾਹਿਬਾਨ ਦਾ ਇਸ ਨੂੰ ਦਿੱਤਾ ਥਾਪੜਾ। ਗੁਰੂ ਨਾਨਕ ਸਾਹਿਬ ਨੇ ਮਾਂ ਬੋਲੀ ਦੀ ਮਹੱਤਾ ਨੂੰ ਪਛਾਣਦਿਆਂ ਸੁਚੇਤ ਕੀਤਾ ਸੀ-

ਘਰਿ ਘਰਿ ਮੀਆ ਸਭਨਾਂ ਜੀਆਂ

ਬੋਲੀ ਅਵਰ ਤੁਮਾਰੀ।।

ਗੁਰੂ ਨਾਨਕ ਸਾਹਿਬ ਨੇ ਪੰਜਾਬੀ ਬੋਲੀ ਦੀ ਤਾਕਤ ਪਛਾਣਦਿਆਂ ਇਸ ਰਾਹੀਂ ਪਹਿਲੀ ਵਾਰ ਦੱਬਿਆਂ, ਕੁਚਲਿਆਂ ਲਈ ਬਰਾਬਰੀ ਦੇ ਹੱਕ ਵਿਚ ਆਵਾਜ਼ ਉਠਾਈ। ਇਹ ਉਹ ਲੋਕ ਸਨ ਜਿਨ੍ਹਾਂ ਨੂੰ ਵਰਣ ਵਿਵਸਥਾ ਨੇ ਦੁਰਕਾਰਿਆ ਹੋਇਆ ਸੀ

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ

ਨਾਨਕੁ ਤਿਨ ਕੈ ਸੰਗਿ ਸਾਥਿ ਵੱਡਿਆ ਸਿਉ ਕਿਆ ਰੀਸ।।

ਦੂਸਰਾ ਉਨ੍ਹਾਂ ਨੇ ਇਸ ਜ਼ਬਾਨ ਰਾਹੀਂ ਉਸ ਵੇਲੇ ਦੇ ਧਾੜਵੀ, ਜਰਵਾਣੇ ਬਾਬਰ ਨੂੰ ਵੰਗਾਰ ਕੇ ਇਸ ਨੂੰ ਪ੍ਰਤਿਰੋਧੀ ਸੁਰ ਦਿੱਤੀ

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।।

ਤੀਸਰਾ ਉਸ ਵੇਲੇ ਦੇ ਜ਼ਾਲਮ ਰਾਜਿਆਂ ਨੂੰ ਵੰਗਾਰਿਆ ਤੇ ਉਨ੍ਹਾਂ ਨੂੰ ਸ਼ੀਹਾਂ ਨਾਲ ਤੇ ਉਨ੍ਹਾਂ ਦੇ ਤੰਤਰ ਨੂੰ ਕੁੱਤਿਆਂ ਨਾਲ ਤੁਲਨਾਇਆ

ਰਾਜੇ ਸੀਹ ਮੁਕੱਦਮ ਕੁਤੇ,

ਜਾਇ ਜਗਾਇਨਿ ਬੈਠੇ ਸੁਤੇ।।

ਬਹੁ-ਭਾਸ਼ਾਈ ਸੰਵਾਦ ਪ੍ਰੰਪਰਾ ਦੀ ਨੀਂਹ

ਗੁਰੂ ਪ੍ਰੰਪਰਾ ਨੇ ਇਸ ਬੋਲੀ ਨੂੰ ਰਾਜਸੀ ਤਾਕਤ ਨਾਲੋਂ ਵੀ ਵੱਧ ਲੋਕ ਤਾਕਤ ਬਖ਼ਸ਼ੀ ਤੇ ਇਹ ਪੜਾਅ ਦਰ ਪੜਾਅ ਅੱਗੇ ਵਧਦੀ ਗਈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਪੰਜਾਬ ਤੇ ਪੰਜਾਬੀ ਲਈ ਬਹੁ-ਭਾਸ਼ਾਈ ਸੰਵਾਦ ਪ੍ਰੰਪਰਾ ਦੀ ਨੀਂਹ ਰੱਖੀ। ਭਾਰਤੀ ਇਤਿਹਾਸ ਵਿਚ ਇਹ ਲਾਸਾਨੀ ਗ੍ਰੰਥ ਹੈ ਜਿਸ ਨੇ ਪਹਿਲੀ ਵਾਰ ਭਾਰਤੀ ਭਾਸ਼ਾਵਾਂ ਨੂੰ ਇਕ ਸੂਤਰ ਵਿਚ ਪਰੋ ਕੇ ਕੌਮੀ ਏਕਤਾ ਤੇ ਅਖੰਡਤਾ ਦੀ ਨੀਂਹ ਭਾਸ਼ਾਈ ਚੇਤਨਾ ਉੱਪਰ ਰੱਖੀ। ਅੱਜ ਜਦੋਂ ਇਕ ਦੇਸ਼ ਇਕ ਭਾਸ਼ਾ ਦਾ ਨਾਅਰਾ ਸੱਤਾਧਾਰੀ ਧਿਰ ਵਲੋਂ ਲਾਇਆ ਜਾ ਰਿਹਾ ਹੈ ਤੇ ਇਸ ਮੱਧਕਾਲੀ ਬਹੁ-ਬਿਧ, ਭਾਸ਼ਾਈ ਪ੍ਰੰਪਰਾ ਨੂੰ ਖ਼ਤਮ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ ਤਾਂ ਪੰਜਾਬੀ ਵਿਚਲੀ ਇਹ ਸੰਵਾਦੀ ਪ੍ਰੰਪਰਾ ਇਸ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬੀ ਦੀ ਪ੍ਰਤਿਰੋਧੀ ਸੁਰ ਤੇ ਟੈਂ ਨਾ ਮੰਨਣ ਵਾਲੀ ਮੜਕ ਕਰਕੇ ਹੀ ਸ਼ਾਸਕ ਇਹਦੀ ਲੋਕ ਤਾਕਤ ਤੋਂ ਡਰਦੇ ਤੇ ਤ੍ਰਹਿੰਦੇ ਰਹੇ ਹਨ।

ਸੂਫ਼ੀ ਵੀ ਗੁਰੂ ਪ੍ਰੰਪਰਾ ਦਾ ਅਨੁਸਰਨ ਕਰਦੇ ਹਨ। ਬਾਬਾ ਫ਼ਰੀਦ ਤੋਂ ਚੱਲਦੀ ਸੂਫ਼ੀ ਧਾਰਾ, ਸ਼ਾਹ ਹੁਸੈਨ ਦੀ ਸਾਂਝੀ ਸੱਭਿਆਚਾਰਕ ਚੇਤਨਾ ਤੋਂ ਬੁੱਲ੍ਹੇ ਸ਼ਾਹ ਤਕ ਆਉਂਦੀ ਉਨ੍ਹਾਂ ਤਾਕਤਾਂ ਨੂੰ ਵੰਗਾਰਨ ਦੇ ਸਮਰੱਥ ਹੋ ਗਈ ਜੋ ਸਮਾਜ, ਧਰਮ ਤੇ ਰਾਜ ਵਿਚਲੀਆਂ ਬੁਰਾਈਆਂ ਨੂੰ ਜਨਮ ਦੇਂਦੀਆਂ ਹਨ। ਏਸੇ ਕਰਕੇ ਬੁੱਲ੍ਹੇ ਸ਼ਾਹ ਨੇ ਉੱਚੀ ਆਵਾਜ਼ ਵਿਚ ਬੋਲੇ ਕੰਨਾਂ ਨੂੰ ਆਪਣੀ ਆਵਾਜ਼ ਸੁਣਾਈ। ਇਸ ਸੂਫੀ ਧਾਰਾ ਨੇ ਪੰਜਾਬੀ ਏਕਤਾ ਤੇ ਭਾਈਚਾਰਕ ਸਾਂਝ ਨੂੰ ਦਿ੍ਰੜ ਕਰਦਿਆਂ ਪੰਜਾਬੀ ਭਾਸ਼ਾ ਨੂੰ ਇਕ ਮਜ਼ਬੂਤ ਹਥਿਆਰ ਬਣਾ ਦਿੱਤਾ। ਤੀਜੀ ਲੋਕ ਲਹਿਰ ਕਿੱਸਾ ਕਾਵਿ ਦੀ ਆਬਸ਼ਾਰ ਵਿੱਚੋਂ ਜਨਮਦੀ ਹੈ। ਦਮੋਦਰ, ਵਾਰਸ ਸ਼ਾਹ, ਮੁਕਬਲ, ਹਾਸ਼ਮ, ਕਾਦਰਯਾਰ, ਪੀਲੂ ਦੇ ਜਤਨਾਂ ਨਾਲ ਇਹ ਪ੍ਰੰਪਰਾ ਇਸ਼ਕ, ਪਿਆਰ, ਮੁਹੱਬਤ ਨਾਲ ਲਬਰੇਜ਼ ਇਕ ਅਜਿਹੇ ਸੁਨੇਹੇ ਦਾ ਸੰਚਾਰ ਕਰ ਰਹੀ ਹੈ ਜੋ ਪੰਜਾਬੀ ਭਾਸ਼ਾ ਦੀ ਲੌਕਿਕ ਤਾਕਤ ਬਿਨਾਂ ਸੰਭਵ ਨਹੀਂ ਸੀ। ਕਿੱਸਾ ਕਾਵਿ ਦੀ ਮਕਬੂਲੀਅਤ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਪਿਆਰ ਤੇ ਇਸ਼ਕ ਦੇ ਵਲਵਲੇ ਜ਼ਾਹਰ ਕਰਨ ਲਈ ਇਹ ਭਾਸ਼ਾ ਕਿੰਨੀ ਸਮਰੱਥ ਹੈ। ਇਸ਼ਕ ਦੇ ਰੰਗੇ ਕਿੱਸਾਕਾਰਾਂ ਨੇ ਪੰਜਾਬ ਦੇ ਪਾਣੀਆਂ ਵਿਚ ਇਸ਼ਕ ਮਜਾਜ਼ੀ ਘੋਲ ਕੇ ਇਸ ਧਰਤੀ ਨੂੰ ਹੀਰਾਂ, ਰਾਂਝਿਆਂ, ਸੱਸੀ ਪੁੰਨੂੰ ਤੇ ਮਿਰਜ਼ਾ ਸਾਹਿਬਾਂ ਦੀ ਧਰਤ ਬਣਾ ਦਿੱਤਾ। ਇਨ੍ਹਾਂ ਲੋਕ ਲਹਿਰਾਂ ਦੀ ਬਦੌਲਤ ਅੱਜ ਡੇਢ ਸੌ ਤੋਂ ਵਧੇਰੇ ਮੁਲਕਾਂ ਵਿਚ ਵਸਦੇ ਪੰਜਾਬੀ ਇਸਦੀ ਤਰੱਕੀ ਲਈ ਜਤਨਸ਼ੀਲ ਹਨ। ਇਸਨੂੰ ਬੋਲਣ ਵਾਲਿਆਂ ਦੀ ਗਿਣਤੀ 14 ਕਰੋੜ ਤੋਂ ਉਪਰ ਹੈ, ਕੌਮਾਂਤਰੀ ਜ਼ਬਾਨਾਂ ਵਿਚ ਇਹਦਾ ਦਸਵਾਂ ਸਥਾਨ ਹੈ। ਪਰ ਇਸਦੇ ਬਾਵਜੂਦ ਇਹਦਾ ਰੁਤਬਾ ਖੁਰ ਰਿਹਾ ਹੈ। ਇਹਦਾ ਵੱਡਾ ਕਾਰਨ ਪੰਜਾਬੀਆਂ ਦੀ ਸੋਚ ਤੇ ਭਾਸ਼ਾ ਪ੍ਰਤੀ ਨਜ਼ਰੀਆ ਹੈ।

ਪੰਜਾਬੀ ਭਾਸ਼ਾ ਦੇ ਹੋਏ ਦੋ ਟੋਟੇ

ਮਾਤ ਭੂਮੀ ਦਾ ਵੰਡਿਆ ਜਾਣਾ ਬੜਾ ਦੁਖਦਾਈ ਹੁੰਦਾ ਹੈ। ਇਸ ਨਾਲ ਧਰਤੀਆਂ ’ਤੇ ਜਦੋਂ ਅਣਚਾਹੀਆਂ ਲਕੀਰਾਂ ਵਾਹ ਦਿੱਤੀਆਂ ਜਾਂਦੀਆਂ ਹਨ ਤਾਂ ਇਹ ਸਰਹੱਦਾਂ, ਹੱਦਾਂ ਬਣ ਕੇ ਮਨਾਂ ਵਿਚ ਕੁੜੱਤਣ ਪੈਦਾ ਕਰ ਦਿੰਦੀਆਂ ਹਨ। ਇਸ ਕੁੜੱਤਣ ਵਿਚ ਸਭ ਤੋਂ ਵਧੇਰੇ ਨੁਕਸਾਨ ਭਾਸ਼ਾ ਦਾ ਹੁੰਦਾ ਹੈ। ਭਾਰਤ-ਪਾਕਿ ਵੰਡ ਨਾਲ ਜਿੱਥੇ ਮਾਤ ਭੂਮੀ ਵੰਡੀ ਗਈ ਓਥੇ ਪੰਜਾਬੀ ਭਾਸ਼ਾ ਦੇ ਵੀ ਦੋ ਟੋਟੇ ਹੋ ਗਏ। ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀ ਮਾਤ ਭੂਮੀ ਦੀਆਂ ਹੱਦਾਂ ਦਾ ਵੱਡਾ ਵਿਸਥਾਰ ਕੀਤਾ ਸੀ ਤੇ ਉਹਦਾ ਰਾਜ ਸਦੀਆਂ ਦੀ ਜੁੱਗਗਰਦੀ ਤੋਂ ਬਾਅਦ ਸ਼ਾਂਤੀ ਦਾ ਰਾਜ ਸੀ। ਉਹਨੇ ਪਹਿਲੀ ਵਾਰ ਪੰਜਾਬੀਆਂ ਦੀ ਸਾਂਝੀ ਤਾਕਤ ਨਾਲ ਉਨ੍ਹਾਂ ਜਰਵਾਣਿਆਂ ਦਾ ਰਾਹ ਰੋਕ ਦਿੱਤਾ ਜਿਹੜੇ ਸਦੀਆਂ ਤੋਂ ਭਾਰਤ ਵਿਚ ਆ ਕੇ ਲੁੱਟ ਮਚਾਂਦੇ ਤੇ ਇਥੋਂ ਦੀ ਧਨ ਦੌਲਤ ਲੁੱਟ ਕੇ ਲਿਜਾਂਦੇ ਰਹੇ ਸਨ। ਪੰਜਾਬ ਦੀਆਂ ਸਰਹੱਦਾਂ ਵਧਣ ਨਾਲ ਪੰਜਾਬੀ ਦੀ ਲੋਕ ਲਹਿਰ ਹੋਰ ਮਜ਼ਬੂਤ ਹੋਈ ਤੇ ਆਪਣੀ ਤੋਰ ਤੁਰਦੀ ਗਈ।

ਪੰਜਾਬੀ ਭਾਸ਼ਾ ਲਈ ਵੱਡੀ ਆਫਤ ਓਦੋਂ ਆਈ ਜਦੋਂ ਪੰਜਾਬ ਦੀ ਆਜ਼ਾਦੀ ਖ਼ੁਸ ਗਈ ਤੇ ਇਹ ਬਸਤੀਵਾਦੀ ਤਾਕਤਾਂ ਦਾ ਗੁਲਾਮ ਬਣ ਗਿਆ। ਬਸਤੀਵਾਦੀ ਹਾਕਮ ਪੰਜਾਬੀ ਦੀ ਲੋਕ ਤਾਕਤ ਬਾਰੇ ਸੁਚੇਤ ਸਨ। ਏਥੋਂ ਦੇ ਲੋਕਾਂ ਦਾ ਏਕਾ ਉਨ੍ਹਾਂ ਦੇ ਰਾਹ ਵਿਚ ਵੱਡੀ ਰੁਕਾਵਟ ਸੀ। ਉਨ੍ਹਾਂ ਨੂੰ ਪਤਾ ਸੀ ਕਿ ਰਣਜੀਤ ਸਿੰਘ ਦੇ ਰਾਜ ਨੂੰ ਲੋਕ ਏਨੀ ਛੇਤੀ ਭੁੱਲਣ ਵਾਲੇ ਨਹੀਂ। ਇਸ ਲਈ ਉਨ੍ਹਾਂ ਨੇ ਦੋ ਵੱਡੇ ਕੰਮ ਕੀਤੇ। ਪਹਿਲਾ ਰਾਜ ਦਰਬਾਰ ਦੇ ਵਾਰਸਾਂ ਨੂੰ ਜਲਾਵਤਨ ਕਰਕੇ ਮਹਾਰਾਜੇ ਦੇ 50 ਵਰ੍ਹਿਆਂ ਦੇ ਰਾਜ ਨੂੰ ਖੇਰੂੰ ਖੇਰੂੰ ਕਰ ਦਿੱਤਾ। ਦੂਜਾ ਲੋਕ ਏਕਤਾ ਨੂੰ ਤ੍ਰੇੜਨ ਲਈ ਧਾਰਮਿਕ ਵੰਡ ਪ੍ਰਣਾਲੀ ਦਾ ਆਰੰਭ ਕਰ ਦਿੱਤਾ। ਇਸ ਨਾਲ ਜਿੱਥੇ ਲੋਕ ਪਹਿਲਾਂ ਆਪਸੀ ਸਹਿਹੋਂਦ ਨਾਲ ਘੁੱਗ ਵਸਦੇ ਸਨ ਹੁਣ ਉਨ੍ਹਾਂ ਨੇ ਆਪਣੇ ਧਰਮ ਤੇ ਫਿਰਕੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਇਸੇ ਫਿਰਕੂ ਸਾਂਝ ਦੀ ਮਜ਼ਬੂਤੀ ਤੇ ਅੰਗਰੇਜ਼ਾਂ ਨੂੰ ਤੀਸਰੀ ਜਾਤ ਵਜੋਂ ਪਰਿਭਾਸ਼ਤ ਕਰਦਾ ਸ਼ਾਹ ਮੁਹੰਮਦ ਲਿਖਦਾ ਹੈ-

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,

ਸਿਰ ਦੋਹਾਂ ਦੇ ਉਤੇ ਆਫਾਤ ਆਈ।

ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,

ਕਦੇ ਨਹੀਂ ਸੀ ਤੀਸਰੀ ਜਾਤ ਆਈ।

ਇਸ ਤੀਸਰੀ ਜਾਤ ਨੇ ਤੀਸਰਾ ਵੱਡਾ ਕੰਮ ਇਹ ਕੀਤਾ ਕਿ ਪੰਜਾਬ ਵਿਚ ਸ਼ਾਸਨ ਤੇ ਸਿੱਖਿਆ ਵਿਚ ਅੰਗਰੇਜ਼ੀ ਨੂੰ ਰਾਜ ਭਾਸ਼ਾ ਦਾ ਦਰਜਾ ਦੇ ਕੇ ਪੰਜਾਬੀ ਨੂੰ ਹਾਸ਼ੀਏ ਵੱਲ ਧੱਕਦਿਆਂ ਸਰਕਾਰੀ ਕੰਮਾਂ ਲਈ ਲਿੰਗੂਆਂ ਫਰੈਂਕਾ ਦੇ ਰੂਪ ਵਿਚ ਉਰਦੂ ਨੂੰ ਥੋਪ ਦਿੱਤਾ। ਹਾਲਾਂਕਿ ਉਰਦੂ ਇਥੋਂ ਦੀ ਜ਼ਬਾਨ ਨਹੀਂ ਸੀ ਤੇ ਨਾ ਹੀ ਉਹਦਾ ਇਥੋਂ ਦੇ ਲੋਕਾਂ ਨਾਲ ਕੋਈ ਵਾਹ ਵਾਸਤਾ ਸੀ। ਇਹਦਾ ਤਰਕ ਇਹ ਦਿੱਤਾ ਗਿਆ ਕਿ ਉਨ੍ਹਾਂ ਕੋਲ ਰਾਜ ਦੀ ਵਿਵਸਥਾ ਚਲਾਉਣ ਲਈ ਯੂਪੀ ਦੇ ਉਰਦੂ ਪੜ੍ਹੇ ਬਾਬੂਆਂ ਦੀ ਫ਼ੌਜ ਤਿਆਰ ਸੀ ਜਦ ਕਿ ਪੰਜਾਬ ਵਿਚ ਓਦੋਂ ਅੰਗਰੇਜ਼ੀ ਤੇ ਉਰਦੂ ਜਾਣਨ ਵਾਲੇ ਅਲਪ ਮਾਤਰ ਸਨ। ਇਹਦੇ ਪਿੱਛੇ ਇਕ ਲੁਕਵੀਂ ਮਾਨਸਿਕਤਾ ਵੀ ਸੀ ਕਿ ਮੁਸਲਮਾਨ ਪੰਜਾਬੀ ਲਿਖਣ ਲਈ ਰਸਮੁਲਖਤ ਦਾ ਇਸਤੇਮਾਲ ਕਰਦੇ ਸਨ ਤੇ ਉਹ ਜਲਦੀ ਉਰਦੂ ਦੇ ਨੇੜੇ ਹੋ ਜਾਣਗੇ। ਸਿੱਖ ਪਹਿਲਾਂ ਤੋਂ ਹੀ ਗੁਰਮੁਖੀ ਤੇ ਪੰਜਾਬੀ ਨਾਲ ਜੁੜੇ ਹੋਏ ਸਨ ਤੇ ਹਿੰਦੂਆਂ ਵਿਚ ਆ ਰਹੀ ਜਾਗਰਤੀ ਉਨ੍ਹਾਂ ਨੂੰ ਹਿੰਦੀ ਦੇ ਨੇੜੇ ਲਿਜਾ ਰਹੀ ਸੀ। ਬਸਤੀਵਾਦੀ ਸੋਚ ਸੀ ਇਸ ਨਾਲ ਉਨ੍ਹਾਂ ਲਈ ਪੰਜਾਬ ਵਿਚ ਰਾਜ ਜਮਾਉਣਾ ਸੌਖਾ ਹੋ ਜਾਏਗਾ ਤੇ ਲੋਕ ਸਾਂਝੇ ਪੰਜਾਬ ਦੀਆਂ ਬਰਕਤਾਂ ਭੁੱਲ ਕੇ ਅੰਗਰੇਜ਼ੀ ਰਾਜ ਦੇ ਜਿੱਥੇ ਗੁਣ ਗਾਉਣਗੇ ਓਥੇ ਆਪਸ ਵਿਚ ਭਿੜਦੇ ਰਹਿਣਗੇ।

ਭਾਸ਼ਾ ਦੇ ਆਧਾਰ ’ਤੇ ਸੂਬਿਆਂ ਦੀ ਵੰਡ

ਆਜ਼ਾਦੀ ਪ੍ਰਾਪਤੀ ਤੋਂ ਬਾਅਦ ਭਾਰਤ ਵਿਚ ਭਾਸ਼ਾਵਾਂ ਦੇ ਆਧਾਰ ’ਤੇ ਸੂਬੇ ਬਣਾ ਦਿੱਤੇ ਗਏ। ਇਸ ਪਿੱਛੇ ਸੰਵਿਧਾਨ ਦੀ ਉਹ ਭਾਵਨਾ ਕੰਮ ਕਰਦੀ ਸੀ ਕਿ ਦੇਸ਼ ਦੇ ਹਰ ਨਾਗਰਿਕ ਨੂੰ ਆਪਣੀ ਭਾਸ਼ਾ, ਧਰਮ, ਸੱਭਿਆਚਾਰ ਨੂੰ ਕਾਇਮ ਰੱਖਣ, ਸੰਭਾਲਣ ਤੇ ਉਹਦੀ ਤਰੱਕੀ ਕਰਨ ਦਾ ਅਧਿਕਾਰ ਹੈ। ਪਰ ਜਦੋਂ ਪੰਜਾਬੀ ਦੀ ਵਾਰੀ ਆਈ ਤਾਂ ਇਸ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਪੰਜਾਬ ਦੀ ਭਾਸ਼ਾ ਇਕੱਲੀ ਪੰਜਾਬੀ ਨਹੀਂ। ਪੰਜਾਬ ਵਿਚ ਅੰਗਰੇਜ਼ ਹਾਕਮਾਂ ਦੇ ਬੀਜੇ ਬੀਜ ਇਸ ਵੇਲੇ ਸੰਘਣੇ ਰੁੱਖ ਬਣ ਚੁੱਕੇ ਸਨ ਤੇ ਭਾਸ਼ਾ ਦੇ ਸੁਆਲ ’ਤੇ ਪੰਜਾਬ ਨੂੰ ਬਹੁਭਾਸ਼ੀ ਰਾਜ ਕਰਾਰ ਦੇ ਦਿੱਤਾ ਗਿਆ। ਇਹ ਪੰਜਾਬ ਤੇ ਪੰਜਾਬੀ ਲਈ ਵੱਡੀ ਬੇ-ਇੱਜ਼ਤੀ ਸੀ ਕਿ ਜਿਸ ਭਾਸ਼ਾ ਨੂੰ ਸੰਵਿਧਾਨ ਦੀ ਅੱਠਵੀਂ ਸੂਚੀ ਵਿਚ ਕੌਮੀ ਭਾਸ਼ਾ ਦਾ ਰੁੱਤਬਾ ਦਿੱਤਾ ਗਿਆ ਹੈ ਉਸ ਨਾਲ ਅਜਿਹਾ ਵਿਹਾਰ ਕਿਓਂ? ਇਸ ਵਿਚ ਸਥਿਤੀ ਬੜੀ ਪੇਚਦਾਰ ਸੀ। 1947 ਵਿਚ ਮੁਸਲਮਾਨਾਂ ਨੇ ਪਾਕਿਸਤਾਨ ਵੱਖਰਾ ਦੇਸ਼ ਬਣਾ ਲਿਆ। ਸਾਰਿਆਂ ਨੇ ਦੋ ਕੌਮਾਂ ਦੇ ਸਿਧਾਂਤ ਨੂੰ ਪ੍ਰਵਾਨਗੀ ਦੇ ਦਿਤੀ। ਕੌਮ ਦੇ ਨਾਲ ਜੁੜੀ ਭਾਸ਼ਾ ਅਜਿਹੇ ਵੇਲੇ ਵੱਡੀ ਅਹਿਮੀਅਤ ਰੱਖਦੀ ਹੈ। ਪਾਕਿਸਤਾਨ ਵਿਚ ਉਰਦੂ ਨੂੰ ਕੌਮੀ ਭਾਸ਼ਾ ਬਣਾ ਦਿੱਤਾ ਗਿਆ ਹਾਲਾਂਕਿ ਵੱਡੀ ਗਿਣਤੀ ਵਿਚ ਪੰਜਾਬੀ ਮੁਸਲਮਾਨ ਉਰਦੂ ਨਹੀਂ ਪੰਜਾਬੀ ਬੋਲਦੇ ਹਨ ਤੇ ਉਨ੍ਹਾਂ ਦੀ ਭਾਸ਼ਾ ਨੂੰ ਓਥੇ ਅਜੇ ਤਕ ਰਾਜਸੀ ਰੁਤਬਾ ਹਾਸਲ ਨਹੀਂ ਹੋ ਸਕਿਆ ਜਿਸ ਲਈ ਉਹ ਲਗਾਤਾਰ ਲੜ ਰਹੇ ਹਨ। ਉਨ੍ਹਾਂ ਨਾਲੋਂ ਬੰਗਾਲੀ ਵਧੇਰੇ ਜਾਗਰਤ ਹੋ ਕੇ ਬੰਗਾਲੀ ਭਾਸ਼ਾ ਦੇ ਨਾਂ ’ਤੇ ਬੰਗਲਾ ਦੇਸ਼ ਲੈ ਗਏ। ਉਰਦੂ ਪ੍ਰਤੀ ਉਨ੍ਹਾਂ ਦੀ ਨਾਬਰੀ ਸੁਰ ਨੇ ਉਨ੍ਹਾਂ ਦੀ ਭਾਸ਼ਾ ਬੰਗਾਲੀ ਨੂੰ ਰਾਜਸੀ ਦਰਜਾ ਦਿਵਾ ਦਿੱਤਾ।

ਪੰਜਾਬੀ ਸੂਬੇ ਦਾ ਮੋਰਚਾ

ਦੇਸ਼ ਵੰਡ ਤੋਂ ਬਾਅਦ ਪੰਜਾਬੀ ਤੇ ਹਿੰਦੀ ਵਿਚਲਾ ਵਿਰੋਧ ਤਾਕਤਵਰ ਹੋ ਗਿਆ। ਸਰਕਾਰੀ ਧਿਰਾਂ ਦੀ ਕਾਣੀ ਸੋਚ ਨੇ ਇਸ ਤਾਣੀ ਨੂੰ ਹੋਰ ਉਲਝਾ ਦਿੱਤਾ। ਪੰਜਾਬ ਵਿਚਲੀਆਂ ਪੰਜਾਬੀ ਵਿਰੋਧੀ ਤਾਕਤਾਂ ਇਹ ਨਹੀਂ ਸਨ ਚਾਹੁੰਦੀਆਂ ਕਿ ਪੰਜਾਬੀ ਰਾਜ ਭਾਸ਼ਾ ਬਣੇ। ਪਰ ਸਿੱਖਾਂ ਤੇ ਬਹੁਤ ਸਾਰੇ ਪੰਜਾਬੀ ਪੱਖੀ ਪੰਜਾਬੀਆਂ ਨੂੰ ਲੱਗਦਾ ਸੀ ਕਿ ਜੇ ਪੰਜਾਬੀ ਨੂੰ ਰਾਜਸੀ ਦਰਜਾ ਨਾ ਮਿਲਿਆ ਤਾਂ ਪੰਜਾਬ ਤੇ ਪੰਜਾਬੀ ਦੀ ਹੋਂਦ ਖ਼ਤਮ ਹੋ ਜਾਏਗੀ। ਇਹ ਇਕ ਨਵੀਂ ਤਰ੍ਹਾਂ ਦੀ ਭਾਸ਼ਾਈ ਗੁਲਾਮੀ ਹੋਵੇਗੀ ਜਿਸ ਨਾਲ ਸਾਰਾ ਵਿਰਸਾ ਧੁੰਦਲਾ ਹੋ ਜਾਏਗਾ। ਇਸ ਦੀ ਪ੍ਰਾਪਤੀ ਲਈ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ। ਇਸ ਮੋਰਚੇ ਦੇ ਕੇਂਦਰ ਵਿਚ ਪੰਜਾਬੀ ਭਾਸ਼ਾ ਪਈ ਸੀ। 1952 ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਬਿਲਕੁਲ ਸਪਸ਼ਟ ਅਤੇ ਨਿਸ਼ਚਿਤ ਰੂਪ ਵਿਚ ਅਕਾਲੀ ਦਲ ਦਾ ਸਟੈਂਡ ਦੁਹਰਾਇਆ। ਉਨ੍ਹਾਂ ਨੇ ਮੁੱਖ ਤੌਰ ’ਤੇ ਸਿੱਖਾਂ ਦੀਆਂ ਤਿੰਨ ਮੰਗਾਂ ਪੇਸ਼ ਕੀਤੀਆਂ

ਸ਼ੱੁਧ ਤੌਰ ’ਤੇ ਭਾਸ਼ਾਈ ਅਤੇ ਸੱਭਿਆਚਾਰਕ ਆਧਾਰ ’ਤੇ ਇਕ ਪੰਜਾਬੀ ਬੋਲਦੇ ਇਲਾਕੇ ਦੀ ਨਿਸ਼ਾਨਦੇਹੀ ਕੀਤੀ ਜਾਵੇ ਤਾਂ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਕਾਇਮ ਰਖਿਆ ਜਾ ਸਕੇ।

ਅਨੁਸੂਚਿਤ ਜਾਤੀਆਂ ਨਾਲ ਨਿਆਂ ਅਤੇ ਸਮਾਨਤਾ ਵਾਲਾ ਸਲੂਕ ਕੀਤਾ ਜਾਵੇ ਅਤੇ ਧਰਮ ਦੇ ਪੱਖੋਂ ਕੋਈ ਵਿਤਕਰਾ ਨਾ ਕੀਤਾ ਜਾਏ।

ਸਰਕਾਰੀ ਨੌਕਰੀਆਂ ਵਿਚ ਸਭ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕੀਤਾ ਜਾਣ।

ਇਨ੍ਹਾਂ ਮੰਗਾਂ ਬਾਰੇ ਹੀ 30 ਦਸੰਬਰ 1952 ਨੂੰ ਸਿੱਖਾਂ ਦੇ ਪ੍ਰਵਾਨਤ ਲੀਡਰ ਮਾਸਟਰ ਤਾਰਾ ਸਿੰਘ ਨੇ ਪਟਨੇ ਵਿਚ ਇਕ ਬਿਆਨ ਜਾਰੀ ਕਰ ਕੇ ਇਹਦੀ ਪ੍ਰੋੜਤਾ ਕੀਤੀ ਸੀ ‘ਪਿਛਲੇ ਸਾਲਾਂ ਵਿਚ ਮੈਂ ਜਿਸ ਚੀਜ਼ ਦੀ ਮੰਗ ਕੀਤੀ, ਉਹ ਸਭ ਇਹੀ ਹੈ ਕਿ ਮੌਜੂਦਾ ਪੰਜਾਬ ਅਤੇ ਪੈਪਸੂ ਦੇ ਕੁਝ ਨਿਸ਼ਚਤ ਭਾਗਾਂ ਨੂੰ ਇਕੱਠਿਆਂ ਕਰ ਕੇ ਅਤੇ ਪ੍ਰਸ਼ਾਸਨਿਕ ਯੂਨਿਟ ਵਿਚ ਮਿਲਾ ਕੇ ਪੰਜਾਬੀ ਬੋਲਦੇ ਰਾਜ ਦੀ ਕਾਇਮੀ ਕੀਤੀ ਜਾਵੇ। ਪਰ ਸਿਤਮਜ਼ਰੀਫੀ ਇਹ ਸੀ ਕਿ ਪੰਜਾਬੀ ਰਾਜ ਬਣਨ ਨਾਲ ਦੇਸ਼ ਦੀ ਫਿਰਕੂ ਏਕਤਾ ਤੇ ਅਖੰਡਤਾ ਨੂੰ ਖ਼ਤਰੇ ਵਿਚ ਦੱਸ ਕੇ ਇਸ ਤੋਂ ਇਨਕਾਰ ਕਰ ਦਿੱਤਾ ਗਿਆ। ਏਥੋਂ ਤਕ ਕਿ ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਨਾਅਰੇ ’ਤੇ ਪਾਬੰਦੀ ਲਾ ਦਿੱਤੀ ਗਈ।

ਸੱਚਰ ਫਾਰਮੂਲਾ ਤਿਆਰ

ਪੰਜਾਬ ਦਾ ਭਾਸ਼ਾਈ ਮਸਲਾ ਹਲ ਕਰਨ ਲਈ ਸੱਚਰ ਫਾਰਮੂਲਾ ਤਿਆਰ ਕੀਤਾ ਗਿਆ ਤੇ ਸਪਸ਼ਟ ਤੌਰ ’ਤੇ ਪੰਜਾਬ ਨੂੰ ਦੋ ਭਾਸ਼ੀ ਰਾਜ ਕਰਾਰ ਦੇ ਦਿੱਤਾ ਗਿਆ। ਇਸ ਸਬੰਧੀ ਸੱਚਰ ਫਾਰਮੂਲੇ ਨੂੰ ਦੇਖਿਆ ਜਾ ਸਕਦਾ ਹੈ :

ਪੰਜਾਬ ਨੂੰ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਖੇਤਰਾਂ ਵਿਚ ਵੰਡ ਲਿਆ ਗਿਆ।

ਪੰਜਾਬੀ ਖੇਤਰ ਵਿਚ ਲੜਕਿਆਂ ਦੇ ਸਾਰੇ ਸਕੂਲਾਂ ਵਿਚ ਮੈਟਿ੍ਰਕ ਪੱਧਰ ਤਕ ਗੁਰਮੁਖੀ ਲਿਪੀ ਵਿਚ ਪੰਜਾਬੀ ਦੀ ਪੜ੍ਹਾਈ ਜ਼ਰੂਰੀ ਕਰਾਰ ਦਿੱਤੀ ਗਈ। ਲੜਕਿਆਂ ਦੇ ਸਕੂਲਾਂ ਵਿਚ ਪ੍ਰਾਇਮਰੀ ਭਾਗ ਦੀ ਆਖਰੀਲੀ ਜਮਾਤ ਤੋਂ ਮੈਟਿ੍ਰਕ ਪੱਧਰ ਤਕ ਅਤੇ ਲੜਕੀਆਂ ਦੇ ਸਕੂਲਾਂ ਵਿਚ ਕੇਵਲ ਮਿਡਲ ਜਮਾਤਾਂ ਵਿਚ ਦੇਵ ਨਾਗਰੀ ਲਿਪੀ ਵਿਚ ਹਿੰਦੀ ਭਾਸ਼ਾ ਦੀ ਪੜ੍ਹਾਈ ਲਾਜ਼ਮੀ ਕਰਾਰ ਦਿੱਤੀ ਗਈ। ਸਰਕਾਰੀ ਨਗਰ ਪਾਲਿਕਾ ਜਾਂ ਜ਼ਿਲ੍ਹਾ ਬੋਰਡਾਂ ਦੇ ਸਕੂਲਾਂ ਵਿਚ ਜੇ ਬੱਚੇ ਦੇ ਮਾਤਾ-ਪਿਤਾ ਇਲਾਕਾਈ ਮਾਤ-ਭਾਸ਼ਾ ਦੀ ਥਾਂ ਹਿੰਦੀ ਵਿਚ ਆਪਣੇ ਬੱਚੇ ਨੂੰ ਸਿੱਖਿਆ ਦੇਣੀ ਚਾਹੁਣ ਅਤੇ ਉੱਥੇ ਜੇ ਸਾਰੇ ਸਕੂਲਾਂ ਵਿਚ ਅਜਿਹੇ ਬੱਚਿਆਂ ਦੀ ਗਿਣਤੀ ਚਾਲੀ ਹੋਵੇ ਤਾਂ ਜਾਂ ਇਕ ਜਮਾਤ ਵਿਚ ਦਸ ਹੋਵੇ ਤਾਂ ਉਨ੍ਹਾਂ ਲਈ ਲੋੜੀਂਦਾ ਪ੍ਰਬੰਧ ਕਰਨਾ ਜ਼ਰੂਰੀ ਹੋਵੇਗਾ।

ਹਿੰਦੀ ਖੇਤਰ ਵਿਚ ਲੜਕਿਆਂ ਦੇ ਸਾਰੇ ਸਕੂਲਾਂ ਵਿਚ ਮੈਟਿ੍ਰਕ ਪੱਧਰ ਤਕ ਦੇਵ ਨਾਗਰੀ ਲਿਪੀ ਵਿਚ ਹਿੰਦੀ ਦੀ ਪੜ੍ਹਾਈ ਲਾਜ਼ਮੀ ਕਰਾਰ ਦਿੱਤੀ ਗਈ। ਲੜਕਿਆਂ ਦੇ ਸਕੂਲਾਂ ਵਿਚ ਪ੍ਰਾਇਮਰੀ ਭਾਗ ਦੀ ਆਖ਼ਰੀ ਜਮਾਤ ਤੋਂ ਮੈਟਿ੍ਰਕ ਪੱਧਰ ਤਕ ਅਤੇ ਲੜਕੀਆਂ ਦੇ ਸਕੂਲਾਂ ਵਿਚ ਕੇਵਲ ਮਿਡਲ ਜਮਾਤਾਂ ਵਿਚ ਪੰਜਾਬੀ ਪੜ੍ਹਾਈ ਜਾਣੀ ਲਾਜ਼ਮੀ ਕਰ ਦਿੱਤੀ ਗਈ ਪਰ ਸਰਕਾਰੀ ਨਗਰ ਪਾਲਿਕਾ ਜਾਂ ਜ਼ਿਲ੍ਹਾ ਬੋਰਡ ਦੇ ਸਕੂਲਾਂ ਵਿਚ ਜੇ ਬੱਚੇ ਦੇ ਮਾਤਾ-ਪਿਤਾ ਇਲਾਕਾਈ ਮਾਤ-ਭਾਸ਼ਾ ਦੀ ਥਾਂ ਪੰਜਾਬੀ ਵਿਚ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੁਣ ਅਤੇ ਜੇ ਉੱਥੇ ਸਾਰੇ ਸਕੂਲਾਂ ਵਿਚ ਅਜਿਹੇ ਬੱਚਿਆਂ ਦੀ ਗਿਣਤੀ ਚਾਲੀ ਹੋਵੇ ਜਾਂ ਇਕ ਜਮਾਤ ਵਿਚ ਦਸ ਹੋਵੇ ਤਾਂ ਉਨ੍ਹਾਂ ਲਈ ਲੋੜੀਂਦਾ ਪ੍ਰਬੰਧ ਕਰਨਾ ਜ਼ਰੂਰੀ ਹੋਵੇਗਾ। ਪ੍ਰੰਤੂ ਖੇਤਰੀ ਭਾਸ਼ਾ ਲੜਕਿਆਂ ਦੇ ਸਕੂਲ ਵਿਚ ਛੇਵੀਂ ਜਮਾਤ ਤੋਂ ਇਕ ਲਾਜ਼ਮੀ ਭਾਸ਼ਾ ਵਜੋਂ ਪੜ੍ਹਾਈ ਜਾਵੇਗੀ।

ਸੈਕੰਡਰੀ ਸਟੇਜ ਵਿਚ ਸਿੱਖਿਆਰਥੀ ਦੀ ਪੜ੍ਹਾਈ ਦਾ ਮਾਧਿਅਮ ਹਿੰਦੀ/ਪੰਜਾਬੀ ਹੋਵੇਗਾ। ਕੁਝ ਸਿੱਖਿਆਰਥੀਆਂ ਦਾ ਤੀਜਾ ਹਿੱਸਾ ਹਿੰਦੀ/ਪੰਜਾਬੀ ਵਿਚ ਪੜ੍ਹਾਈ ਲਈ ਬੇਨਤੀ ਕਰੇ ਤਾਂ ਸਰਕਾਰ ਪੜ੍ਹਾਈ ਦੀ ਮੰਗ ਦਾ ਪ੍ਰਬੰਧ ਕਰੇਗੀ। ਜੇਕਰ ਤੀਜਾ ਹਿੱਸਾ ਸਿੱਖਿਆਰਥੀ ਇਸ ਦੀ ਇੱਛਾ ਰੱਖਦੇ ਹੋਣ ਬਸ਼ਰਤੇ ਕਿ ਉਸ ਇਲਾਕੇ ਵਿਚ ਹਿੰਦੀ ਪੰਜਾਬੀ ਵਿਚ ਪੜ੍ਹਾਈ ਲਈ ਕੋਈ ਮੁਨਾਸਬ ਸਹੂਲਤਾਂ ਨਾ ਹੋਣ। ਜੇਕਰ ਤੀਜਾ ਹਿੱਸਾ ਸਿੱਖਿਆਰਥੀਆਂ ਦੀ ਇਹ ਸ਼ਰਤ ਪੂਰੀ ਨਹੀਂ ਹੁੰਦੀ ਤਾਂ ਫੇਰ ਸੈਕੰਡਰੀ ਸਟੇਜ ਵਿਚ ਪੜ੍ਹਾਈ ਦੇ ਮਾਧਿਅਮ ਵਜੋਂ ਖੇਤਰੀ ਭਾਸ਼ਾ ਵਿਚ ਵਿੱਦਿਆ ਦੇਣ ਦੀ ਸਹੂਲਤ ਦੇ ਪ੍ਰਬੰਧ ਲਈ ਹਿੰਦੀ ਬੋਲਣ ਅਤੇ ਪੰਜਾਬੀ ਬੋਲਦੇ ਵਿਦਿਆਰਥੀਆਂ ਨੂੰ ਸੈਕੰਡਰੀ ਸਟੇਜ ਦੇ ਪਹਿਲੇ ਦੋ ਸਾਲਾਂ ਲਈ ਹਿੰਦੀ ਪੰਜਾਬੀ ਵਿਚ ਸਵਾਲਾਂ ਦੇ ਜਵਾਬ ਦੇਣ ਦੀ ਖੁੱਲ੍ਹ ਦਿੱਤੀ ਜਾਵੇਗੀ, ਫਿਰ ਵੀ ਖੇਤਰੀ ਭਾਸ਼ਾ ਸੈਕੰਡਰੀ ਸਟੇਜ ਦੌਰਾਨ ਜਮਾਤਾਂ ਵਿਚ ਪੜ੍ਹਾਈ ਦਾ ਇਕ ਲਾਜ਼ਮੀ ਵਿਸ਼ਾ ਹੋਵੇਗੀ।

ਸਰਕਾਰੀ ਇਮਦਾਦ ਤੋਂ ਬਿਨਾਂ ਚੱਲਣ ਵਾਲੇ ਸਕੂਲਾਂ ਵਿਚ ਪੜ੍ਹਾਈ ਦਾ ਮਾਧਿਅਮ ਉਸ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਨਿਰਧਾਰਿਤ ਕੀਤਾ ਜਾਏਗਾ। ਕਿਸੇ ਵੀ ਹੋਰ ਮਾਧਿਅਮ ਲਈ ਸਹੂਲਤਾਂ ਮੁਹੱਈਆ ਕਰਨਾ ਇਨ੍ਹਾਂ ਸਕੂਲਾਂ ਲਈ ਕੋਈ ਮਜਬੂਰੀ ਨਹੀਂ ਹੋਵੇਗੀ। ਪ੍ਰੰਤੂ ਇਕ ਜਾਂ ਦੂਜੀ ਭਾਸ਼ਾ ਵਜੋਂ ਵੱਖ-ਵੱਖ ਤਰ੍ਹਾਂ ਦੇ ਦੋਹਾਂ ਕੇਸਾਂ ਵਿਚ ਪੰਜਾਬੀ ਜਾਂ ਹਿੰਦੀ ਪੜ੍ਹਾਉਣ ਦੀ ਵਿਵਸਥਾ ਕਰਨੀ ਇਨ੍ਹਾਂ ਸਕੂਲਾਂ ਦੀ ਜ਼ਿੰਮੇਵਾਰੀ ਹੋਵੇਗੀ।

ਇਹ ਤਜਵੀਜ਼ਾਂ ਉਨ੍ਹਾਂ ਸਿੱਖਿਆਰਥੀਆਂ ਉੱਤੇ ਲਾਗੂ ਨਹੀਂ ਹੋਣਗੀਆਂ, ਜਿਨ੍ਹਾਂ ਦੀ ਮਾਤ-ਭਾਸ਼ਾ ਨਾ ਪੰਜਾਬੀ ਹੈ ਨਾ ਹਿੰਦੀ। ਜੇਕਰ ਇਕ ਜਗ੍ਹਾ ਅਜਿਹੇ ਸਿੱਖਿਆਰਥੀਆਂ ਦੀ ਇਕ ਮੁਨਾਸਿਬ ਗਿਣਤੀ ਹੈ ਤਾਂ ਉਨ੍ਹਾਂ ਦੀ ਮਾਤ-ਭਾਸ਼ਾ ਵਿਚ ਉਨ੍ਹਾਂ ਨੂੰ ਵਿੱਦਿਆ ਦੇਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ।

ਇਸ ਤਰ੍ਹਾਂ ਪੰਜਾਬ ਨੂੰ ਦੋ ਭਾਸ਼ੀ ਮੱਕੜਜਾਲ ਵਿਚ ਫਸਾ ਦਿੱਤਾ ਗਿਆ। ਮੂਲ ਮੁੱਦਾ ਪੰਜਾਬੀ ਦੀ ਆਜ਼ਾਦ ਹਸਤੀ ਦਾ ਸੀ ਤੇ ਇਸ ਰਾਹੀਂ ਪੰਜਾਬੀ ਤੇ ਪੰਜਾਬੀ ਸੂਬਾ ਦੋਹਾਂ ਨੂੰ ਮਸਲ ਦਿੱਤਾ ਗਿਆ।

ਅਜੋਕਾ ਬਹੁ-ਭਾਸ਼ੀ ਪੰਜਾਬ

ਅੱਜ ਵੀ ਪੰਜਾਬ ਦੀ ਸਥਿਤੀ ਬਹੁ-ਭਾਸ਼ੀ ਹੈ। ਪੰਜਾਬ ਦੇ ਸਰਕਾਰੀ ਕੰਮ ਪੰਜਾਬੀ ’ਚ ਘੱਟ ਹੁੰਦੇ ਹਨ ਜਦ ਕਿ ਬਾਕੀ ਸਾਰੇ ਕੰਮ ਅੰਗਰੇਜ਼ੀ ’ਚ ਹੁੰਦੇ ਹਨ। ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਬਣੀਆਂ ਸੰਸਥਾਵਾਂ, ਭਾਸ਼ਾ ਵਿਭਾਗ ਮਰਨ ਕਿਨਾਰੇ ਹੈ। ਪਾਠ ਪੁਸਤਕ ਬੋਰਡ ਦਾ ਭੋਗ ਪਾ ਦਿੱਤਾ ਗਿਆ ਹੈ। ਯੂਨੀਵਰਸਿਟੀਆਂ ਨੂੰ ਆਰਥਿਕ ਪੱਖੋਂ ਹੌਲਾ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਯੂਨੀਵਰਸਿਟੀਆਂ ਤੇ ਸਕੂਲਾਂ ਕਾਲਜਾਂ ਨੇ ਅੰਗਰੇਜ਼ੀ, ਹਿੰਦੀ ਨੂੰ ਅਪਨਾਇਆ ਤੇ ਪੰਜਾਬੀ ਨੂੰ ਬੂਹਿਓਂ ਬਾਹਰ ਕਰ ਦਿੱਤਾ। ਅੰਗਰੇਜ਼ੀ ਸਕੂਲਾਂ ਵਿਚ ਪੰਜਾਬੀ ਬੋਲਣ ਦੀ ਮਨਾਹੀ ਹੈ। ਭਾਸ਼ਾ ਐਕਟ ਰਾਹੀਂ ਉਸ ਸੰਸਥਾ ਵਿਰੁੱਧ ਕਾਰਵਾਈ ਕਰਨ ਲਈ ਕੋਈ ਮਦ ਨਹੀਂ ਰੱਖੀ ਗਈ।

ਕੇਂਦਰੀ ਬੋਰਡ ਨੇ ਪੰਜਾਬੀ ਨੂੰ ਮਾਈਨਰ ਭਾਸ਼ਾ ਦੇ ਖਾਨੇ ਵਿਚ ਰੱਖ ਕੇ ਦੁਤਕਾਰ ਦਿੱਤਾ ਹੈ। ਪਰ ਇਸ ਵਿਚ ਸਾਡਾ ਕਸੂਰ ਵਧੇਰੇ ਹੈ। ਕਿਸੇ ਵੀ ਕੇਂਦਰੀ ਬੋਰਡ ਨੂੰ ਇਹ ਹੱਕ ਕਿਸਨੇ ਦਿੱਤਾ ਕਿ ਉਹ ਸੰਵਿਧਾਨ ਵਿਚ ਕੌਮੀ ਭਾਸ਼ਾ ਵਜੋਂ ਦਰਜ ਕਿਸੇ ਭਾਸ਼ਾ ਨੂੰ ਮਾਈਨਰ ਕਹਿ ਕੇ ਨਕਾਰ ਦੇਵੇ।

ਖ਼ਤਮ ਹੋ ਰਹੀਆਂ ਭਾਸ਼ਾਵਾਂ ’ਚ ਨਾ ਹੋਵੇ ਸ਼ੁਮਾਰ ਪੰਜਾਬੀ

ਮਰ ਰਹੀਆਂ ਭਾਸ਼ਾਵਾਂ ਦੇ ਨੇੜੇ ਨੇੜੇ ਖਿਸਕਦੀ ਪੰਜਾਬੀ ਭਾਸ਼ਾ ਇਕ ਦਿਨ ਉਨ੍ਹਾਂ ਵਿਚ ਸ਼ੁਮਾਰ ਹੋ ਜਾਏਗੀ। ਭਾਸ਼ਾ ਦੀ ਮੌਤ ਦਾ ਇਹ ਅਰਥ ਨਹੀਂ ਕਿ ਉਹ ਮਰ ਮੁੱਕ ਜਾਏਗੀ ਬਲਕਿ ਉਹਦਾ ਘੇਰਾ ਸੁੰਗੜ ਕੇ ਹੌਲੀ- ਹੌਲੀ ਸਿਰਫ਼ ਅਲਪ ਮਾਤਰਾ ਵਾਲੀ ਬੋਲ ਚਾਲ ਦੀ ਭਾਸ਼ਾ ਤਕ ਸੀਮਤ ਹੋ ਜਾਵੇਗਾ। ਪੰਜਾਬੀ ਨੂੰ ਬਚਾਉਣ ਅਤੇ ਇਸਨੂੰ ਹੋਰ ਉਚਾਈਆਂ ’ਤੇ ਪਹੁੰਚਾਉਣ ਲਈ ਵੱਡੇ ਜਤਨਾਂ ਦੀ ਲੋੜ ਹੈ। ਇਹਦੀ ਦੁਰਦਸ਼ਾ ਬਿਆਨਦਿਆਂ ਪ੍ਰਸਿੱਧ ਕਵੀ ਦਾਨ ਸਿੰਘ ਕੋਮਲ ਨੇ ਠੀਕ ਕਿਹਾ ਹੈ-

ਸਾਲ ਹੋਏ ਬਥੇਰੇ ਤੋਂ

ਬਣੀ ਇਹ ਰਾਜ ਭਾਸ਼ਾ,

ਐਪਰ ਇਹਦਿਆਂ ਹੱਥਾਂ

ਵਿਚ ਰਾਜ ਕੋਈ ਨਾ।

ਬੈਠੀ ਤਖ਼ਤ ’ਤੇ

ਸਿਰ ਤੇ ਤਾਜ ਵੀ ਏ,

ਚਲਦਾ ਹੁਕਮ ਕੋਈ ਨਾ

ਸੁਣਦਾ ’ਵਾਜ਼ ਕੋਈ ਨਾ।

ਕੁਝ ਕਪੁਤ ਕਹਿੰਦੇ

ਸਾਡੀ ਮਾਂ ਹੀ ਨਹੀਂ,

ਮੁਨਕਰ ਹੋਏ ਦਾ

ਹੁੰਦਾ ਇਲਾਜ ਕੋਈ ਨਾ।

ਲੋਕ ਲਹਿਰਾਂ ’ਚ ਪੰਜਾਬੀ ਭਾਸ਼ਾ ਦਾ ਯੋਗਦਾਨ

ਇਨ੍ਹਾਂ ਕਾਰਨਾਂ ਕਰਕੇ ਪੰਜਾਬੀ ਦਾ ਬਹੁਤ ਨੁਕਸਾਨ ਹੋਇਆ ਪਰ ਪੰਜਾਬੀ ਦੀ ਵਡਿਆਈ ਇਸ ਗੱਲ ਵਿਚ ਹੈ ਕਿ 1900 ਤੋਂ 1947 ਤਕ ਚੱਲੀਆਂ ਆਜ਼ਾਦੀ ਦੀਆਂ ਵੱਖ-ਵੱਖ ਲਹਿਰਾਂ ਵਿਚ ਲੋਕ ਕਵੀ ਪੰਜਾਬੀ ਅਵਾਮ ਨੂੰ ਏਸੇ ਭਾਸ਼ਾ ਰਾਹੀਂ ਸੰਬੋਧਤ ਹੁੰਦੇ ਹਨ। ਇਸ ਵਿਚ ਬਾਰ ਦਾ ਕਿਸਾਨੀ ਅੰਦੋਲਨ, ਗ਼ਦਰ ਪਾਰਟੀ ਲਹਿਰ, ਜਲ੍ਹਿਆਂ ਵਾਲੇ ਬਾਗ਼ ਦਾ ਕਾਂਡ, ਗੁਰਦਵਾਰਾ ਸੁਧਾਰ ਲਹਿਰ, ਹਿੰਦੋਸਤਾਨ ਸੋਸ਼ਲਿਸ਼ਟ ਰੀਪਬਲਿਕਨ ਐਸੋਸੀਏਸ਼ਨ, ਕਿਰਤੀ ਕਿਸਾਨ ਲਹਿਰ, ਕਾਂਗਰਸ ਦੀ ਕੌਮੀ ਲਹਿਰ ਸਾਰਿਆਂ ਵਿਚ ਪੰਜਾਬੀ ਭਾਸ਼ਾ ਆਪਣੇ ਪੂਰੇ ਜਾਹੋ ਜਲਾਲ ਤੇ ਇਤਿਹਾਸਕ ਫ਼ਰਜ਼ ਦੇ ਰੂਪ ਵਿਚ ਵਿਰੋਧ ਦੀ ਭਾਸ਼ਾ ਬਣਦੀ ਹੈ। ਇਸ ਭਾਸ਼ਾ ਰਾਹੀਂ ਹੀ ਲੋਕ ਲਹਿਰਾਂ ਨੇ ਬਸਤੀਵਾਦੀ ਹਾਕਮਾਂ ਨੂੰ ਗ਼ਲਤ ਫ਼ੈਸਲੇ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਬਾਂਕੇ ਦਿਆਲ ਦਾ ਪ੍ਰਸਿੱਧ ਗੀਤ ‘ਪਗੜੀ ਸੰਭਾਲ ਜੱਟਾ’ ਅੱਜ ਵੀ ਇਨਕਲਾਬੀ ਤਾਕਤ ਰੱਖਦਾ ਹੈ। ਪੰਜਾਬੀ ਅਵਾਮ ਅੰਗਰੇਜ਼ ਜ਼ਾਲਮਾਂ ਨੂੰ ਏਸੇ ਭਾਸ਼ਾ ਰਾਹੀਂ ਸੰਬੋਧਤ ਹੋ ਕੇ ਵੰਗਾਰਦੇ ਹਨ। ‘ਫਰੰਗੀ ਨੂੰ ਮਾਰੋ’ ਨਾਅਰਾ ਆਜ਼ਾਦੀ ਦੀ ਪੁਕਾਰ ਬਣ ਕੇ ਉਭਰਿਆ। ਇਸ ਸਾਰੇ ਇਤਿਹਾਸਕ ਵੇਰਵਿਆਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਵੇਂ ਪੰਜਾਬ ਦਾ ਅਵਾਮ ਇਕ ਜੁੱਟ ਰਿਹਾ ਪਰ ਹੌਲੀ-ਹੌਲੀ ਫੁੱਟ ਤੇ ਵੰਡ ਦੇ ਬੀਜ ਰੱੁਖ ਬਣਨ ਲੱਗੇ ਤੇ ਸਿੱਟੇ ਵਜੋਂ 1947 ਵਿਚ ਪੰਜਾਬ ਦੇ ਦੋ ਟੋਟੇ ਹੋ ਗਏ। ਇਸ ਵਿਚ ਭਾਸ਼ਾ ਦੇ ਨਾਂ ’ਤੇ ਵੱਡੇ ਪੁਆੜੇ ਪਾਏ ਗਏ। ਪੰਜਾਬ ਦੇ ਮੁਸਲਮਾਨਾਂ ’ਤੇ ਉਰਦੂ ਥੋਪ ਕੇ ਉਨ੍ਹਾਂ ਦੀ ਧਰਮ ਭਾਸ਼ਾ ਉਰਦੂ ਬਣਾ ਦਿੱਤੀ ਗਈ। ਹਾਲਾਂਕਿ ਭਾਸ਼ਾ ਦਾ ਕੋਈ ਧਰਮ ਨਹੀਂ ਹੁੰਦਾ। ਭਾਸ਼ਾ ਬੋਲਣ ਵਾਲਿਆਂ ਦੀ ਸਾਂਝੀ ਵਿਰਾਸਤ ਹੁੰਦੀ ਹੈ ਪਰ ਅੰਗਰੇਜ਼ਾਂ ਦੀਆਂ ਕੁਟਿਲ ਨੀਤੀਆਂ ਨੇ ਪੰਜਾਬੀ ਭਾਸ਼ਾ ਦਾ ਸਾਂਝਾ ਅਕਸ ਤੋੜ ਕੇ ਇਸ ਨੂੰ ਫਿਰਕੂ ਰੰਗਣ ਦੇ ਦਿੱਤੀ ਜਿਸ ਨੇ ਪੰਜਾਬੀ ਨੂੰ ਵੱਡਾ ਨੁਕਸਾਨ ਪਹੁੰਚਾਇਆ।

ਹੋਂਦ ’ਚ ਆਇਆ ਰਾਜ ਭਾਸ਼ਾ ਐਕਟ

ਲੰਮੇ ਸੰਘਰਸ਼ ਤੇ ਕੁਰਬਾਨੀਆਂ ਦੇਣ ਤੋਂ ਬਾਅਦ ਪਹਿਲੀ ਨਵੰਬਰ 1966 ਨੂੰ ਪੰਜਾਬੀ ਸੂਬਾ ਬਣਿਆ ਪਰ ਪੰਜਾਬੀ ਭਾਸ਼ਾ ਜੋ ਇਸ ਸੂਬੇ ਦਾ ਆਦਰਸ਼ ਸੀ, ਉਹਦੀਆਂ ਮੁਸ਼ਕਲਾਂ ਨਾ ਘਟੀਆਂ। ਭਾਵੇਂ ਲਛਮਣ ਸਿੰਘ ਗਿੱਲ ਨੇ ਰਾਤੋ ਰਾਤ ਪੰਜਾਬੀ ਲਾਗੂ ਕਰ ਕੇ ਇਸ ਨੂੰ ਕਾਨੂੰਨੀ ਦਰਜਾ ਦੇ ਦਿੱਤਾ ਪਰ ਬਾਅਦ ਵਿਚ ਬਣੀਆਂ ਸਰਕਾਰਾਂ ਤੇ ਪੰਜਾਬੀ ਨਾਲ ਜੁੜੀਆਂ ਸੰਸਥਾਵਾਂ ਇਸ ਪ੍ਰਤੀ ਉਦਾਸੀਨ ਹੋ ਗਈਆਂ। ਰਾਜ ਭਾਸ਼ਾ ਐਕਟ ਬਣਾ ਦਿੱਤਾ ਗਿਆ। ਉਸ ਵਿਚ ਸੋਧਾਂ ਵੀ ਕਰ ਦਿੱਤੀਆਂ ਗਈਆਂ ਪਰ ਇਸ ਨੂੰ ਲਾਗੂ ਕਰਨ ਵਿਚ ਕਿਸੇ ਸਰਕਾਰ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਕਾਗ਼ਜ਼ੀ ਕਾਰਵਾਈਆਂ ਤੇ ਅਖ਼ਬਾਰੀ ਬਿਆਨ ਜ਼ਰੂਰ ਜਾਰੀ ਕੀਤੇ ਗਏ। ਪੰਜਾਬ ਸਰਕਾਰ ਦੇ ਕਿਸੇ ਵੀ ਬਜਟ ਵਿਚ ਪੰਜਾਬੀ ਭਾਸ਼ਾ ਦੀ ਉਨਤੀ ਲਈ ਕਦੇ ਕੋਈ ਵਿਸ਼ੇਸ਼ ਬਜਟ ਨਹੀਂ ਰਖਿਆ ਗਿਆ। ਇਹਦਾ ਵੱਡਾ ਕਾਰਨ ਇਹ ਹੈ ਕਿ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਦੀ ਵਾਗ ਡੋਰ ਉਨ੍ਹਾਂ ਨੇਤਾਵਾਂ ਹੱਥ ਰਹੀ ਜੋ ਵਿਦੇਸ਼ਾਂ ਵਿਚ ਜਾਂ ਅੰਗਰੇਜ਼ੀ ਸਕੂਲਾਂ ਵਿਚ ਪੜ੍ਹੇ ਸਨ। ਪੰਜਾਬੀਆਂ ਕੋਲੋਂ ਵੋਟਾਂ ਮੰਗਣ ਵੇਲੇ ਉਹ ਠਿੱਬੀ ਪੱਗ ਬੰਨ੍ਹ ਲੈਂਦੇ ਤੇ ਪੰਜਾਬੀ ਪੁਸ਼ਾਕ ਵੀ ਪਾ ਲੈਂਦੇ ਸਨ, ਟੋਟਕੇ ਵੀ ਸੁਣਾ ਦੇਂਦੇ ਸਨ ਪਰ ਜਦੋਂ ਰਾਜ ਭਾਸ਼ਾ ਦੀ ਗੱਲ ਆਉਂਦੀ ਤਾਂ ਉਹ ਉਸ ਅਫਸਰਸ਼ਾਹੀ ਨੂੰ ਮਾਨਤਾ ਦੇਂਦੇ ਸਨ ਜੋ ਪੰਜਾਬ ਵਿਚ ਸਦਾ ਪੰਜਾਬੀ ਵਿਰੋਧੀ ਰਹੀ ਹੈ।

ਸੱਤ ਨਦੀਆਂ ਦੇ ਪ੍ਰਚਲਿਤ ਨਾਂ

ਸਿੰਧ (ਸਿੰਧੂ)

ਜੇਹਲਮ (ਵਿਤਸਤਾ)

ਚਿਨਾਬ (ਅਸਿਕਨੀ)

ਰਾਵੀ (ਪੁਰੁਸ਼ਨੀ)

ਬਿਆਸ (ਵਿਪਾਸ਼ਾ)

ਸਤਲੁਜ (ਸੁਤੁਦਰੀ)

ਸਰਸਵਤੀ (ਸੁਰਸੁਤੀ)

1947 ਵਿਚ ਭਾਰਤ-ਪਾਕਿਸਤਾਨ ਦੀ ਵੰਡ ਹੋਣ ਕਾਰਨ ਪੰਜਾਬ ਵੀ ਦੋ ਭਾਗਾਂ ਵਿਚ ਵੰਡਿਆ ਗਿਆ। ਪਾਕਿਸਤਾਨ ਦੇ ਹਿੱਸੇ ਆਏ ਪੰਜਾਬ (ਜਿਸ ਵਿਚ ਜੇਹਲਮ, ਚਿਨਾਬ ਅਤੇ ਰਾਵੀ ਦਰਿਆ ਸ਼ਾਮਲ ਹਨ) ਨੂੰ ਪੱਛਮੀ ਪੰਜਾਬ ਅਤੇ ਭਾਰਤੀ ਪੰਜਾਬ ਜਿਸ ਵਿਚ ਬਿਆਸ ਅਤੇ ਸਤਲੁਜ ਨਦੀ ਦੇ ਇਲਾਕੇ ਸ਼ਾਮਲ ਹਨ ਨੂੰ ਪੂਰਬੀ ਪੰਜਾਬ ਕਿਹਾ ਜਾਂਦਾ ਹੈ। ਰਾਵੀ ਪੰਜਾਬ ’ਚ ਵੀ ਵਗਦਾ ਹੈ…

ਪੰਜਾਬ ਦੇ ਪੰਜ ਦੁਆਬੇ

ਅਣਵੰਡੇ ਪੰਜਾਬ ਦੀਆਂ ਭੂਗੋਲਿਕ ਹੱਦਾਂ ਦਰਿਆ ਸਿੰਧ (ਅਟਕ) ਤੋਂ ਲੈ ਕੇ ਜਮਨਾ ਨਦੀ ਤਕ ਫੈਲੀਆਂ ਹਨ। ਪੰਜਾਬ ਨੂੰ ਪੰਜ ਦੁਆਬਿਆਂ ਵਿਚ ਵੰਡਿਆ ਗਿਆ ਸੀ। ਇਨ੍ਹਾਂ ਦੁਆਬਿਆਂ ਦੇ ਨਾਂ ਉਨ੍ਹਾਂ ਦਰਿਆਵਾਂ ਦੇ ਨਾਂ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਬਣਾਏ ਗਏ, ਜਿਨ੍ਹਾਂ ਦਰਿਆਵਾਂ ਦੇ ਵਿਚਕਾਰ ਉਹ ਇਲਾਕਾ ਪੈਂਦਾ ਸੀ। ਦੁਆਬਿਆਂ ਦੀ ਇਹ ਵੰਡ ਬਾਦਸ਼ਾਹ ਅਕਬਰ ਦੇ ਸਮੇਂ ਕੀਤੀ ਗਈ ਜੋ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ।

– ਸਿੰਧ ਸਾਗਰ ਦੁਆਬ

ਇਸ ਦੁਆਬ ਦਾ ਖੇਤਰ ਸਿੰਧ ਅਤੇ ਜੇਹਲਮ ਦਰਿਆ ਦੇ ਵਿਚਕਾਰ ਫੈਲਿਆ ਹੋਇਆ ਹੈ।

– ਚੱਜ ਦੁਆਬ

ਚਿਨਾਬ ਅਤੇ ਜੇਹਲਮ ਨਦੀਆਂ ਦੇ ਵਿਚਕਾਰ ਦਾ ਇਲਾਕਾ ਚੱਜ ਦੁਆਬ ਵਜੋਂ ਜਾਣਿਆ ਜਾਂਦਾ ਹੈ। ਇਹ ਦੁਆਬ, ਸਿੰਧ ਸਾਗਰ ਦੁਆਬ ਨਾਲੋਂ ਵੱਧ ਉਪਜਾਊ ਹੈ।

– ਰਚਨਾ ਦੁਆਬ

ਇਹ ਦੁਆਬ ਦਰਿਆ ਰਾਵੀ ਅਤੇ ਚਿਨਾਬ ਦੇ ਵਿਚਕਾਰ ਹੈ।

– ਬਾਰੀ ਦੁਆਬ

ਦਰਿਆ ਬਿਆਸ ਅਤੇ ਰਾਵੀ ਵਿਚਕਾਰ ਫੈਲੇ ਇਲਾਕੇ ਨੂੰ ਬਾਰੀ ਦੁਆਬ ਕਿਹਾ ਜਾਂਦਾ ਹੈ। ਇਹ ਦੁਆਬ ਦੇ ਮੱਧ ਵਿਚ ਸਥਿਤ ਹੋਣ ਕਾਰਨ ਇਸਨੂੰ ਮਾਝਾ ਵੀ ਕਿਹਾ ਜਾਂਦਾ ਹੈ।

– ਬਿਸਤ ਦੁਆਬ

ਇਹ ਦੁਆਬ ਦਰਿਆ ਬਿਆਸ ਅਤੇ ਸਤਲੁਜ ਦੇ ਵਿਚਕਾਰ ਪੈਂਦਾ ਹੈ। ਇਸ ਇਲਾਕੇ ਦਾ ਪ੍ਰਚਲਿਤ ਨਾਂ ਦੁਆਬਾ ਹੈ। ਇਸੇ ਤਰ੍ਹਾਂ ਸਤਲੁਜ ਅਤੇ ਘੱਗਰ ਨਦੀ ਦੇ ਵਿਚਕਾਰ ਪੈਂਦੇ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ।

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਸਨਮਾਨ ਨਹੀਂ, ਇਮਤਿਹਾਨ

    • ਪਰਮਜੀਤ ਕੌਰ ਸਰਹਿੰਦ
    Nonfiction
    • Linguistics

    ਸਮਾਜਕ ਤੇ ਭੁਗੋਲਿਕ ਰਿਸ਼ਤਿਆਂ ਨਾਲ ਜੁੜਿਆ ਹੁੰਦੈ ਭਾਸ਼ਾਵਾਂ ਦਾ ਆਪਸੀ ਸਬੰਧ

    • ਸੁਸ਼ੀਲ ਦੋਸਾਂਝ
    Nonfiction
    • Linguistics

    ਲੋਕ-ਸਾਹਿਤ: ਘੋੜੀਆਂ

    • ਮਨਮੋਹਨ ਸਿੰਘ ਦਾਉ
    Nonfiction
    • Linguistics
    • +1

    ਪੰਜਾਬੀ ਵਿਆਕਰਣ ਦੇ ਬੁਨਿਆਦੀ ਨਿਯਮ

    • ਡਾਕਟਰ ਸੋਢੀ ਰਾਮ
    Nonfiction
    • Linguistics

    ਪੰਜਾਬੀ ਭਾਸ਼ਾ ਦਾ ਇਤਿਹਾਸ

    • ਬਲਜਿੰਦਰ ਭਨੋਹੜ
    Nonfiction
    • Linguistics

    ਪੰਜਾਬੀਓ! ਪੰਜਾਬੀ ਅਪਣਾਓ ਪੰਜਾਬ ਬਚਾਓ...

    • ਡਾ. ਰਣਜੀਤ ਸਿੰਘ
    Nonfiction
    • Linguistics

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link