ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਮਾਤਾ ਧੰਨ ਕੌਰ ਦੀ ਕੁੱਖੋਂ ਪਿਤਾ ਮੇਹਰ ਸਿੰਘ ਦੇ ਘਰ ਬਰਨਾਲੇ ਲਾਗੇ ਪਿੰਡ ਰਾਏਸਰ ਦੀ ਧਰਤੀ ’ਤੇ ਹੋਇਆ ਸੀ। ਇਨ੍ਹਾਂ ਦਾ ਪਿਛੋਕੜ ਭਾਈਕੇ ਦਿਆਲਪੁਰੇ ਦਾ ਸੀ। ਆਪ ਤਿੰਨ ਭੈਣਾਂ ਤੇ ਪੰਜ ਭਾਈ ਸਨ। ਉਦਾਸੀ ਨੇ ਮੁੱਢਲੀ ਵਿੱਦਿਆ ਮੂੰਮਾਂ ਦੇ ਉਦਾਸੀ ਸਾਧੂਆਂ ਦੇ ਡੇਰੇ ਤੋਂ ਹਾਸਲ ਕੀਤੀ ਸੀ। ਮੈਟਿ੍ਰਕ ਨਾਮਧਾਰੀ ਵਿਦਿਆਲੇ ਜੀਵਨ ਨਗਰ ਤੋਂ ਕੀਤੀ ਅਤੇ ਜੇਬੀਟੀ ਖਾਲਸਾ ਹਾਈ ਸਕੂਲ ਬਖਤਗੜ੍ਹ ਤੋਂ ਕੀਤੀ। ਕੁਝ ਸਮਾਂ ਨੌਕਰੀ ਥੱਲੇ ਭੈਣੀ ਸਾਹਿਬ ਸੇਵਾ ਕੀਤੀ। ਫਿਰ ਕੁਝ ਸਮਾਂ ਪੌਂਗ ਡੈਮ ’ਤੇ ਮੁਨਸ਼ੀ ਰਿਹਾ ਪਰ ਠੇਕੇਦਾਰ ਵੱਲੋਂ ਮਜ਼ਦੂਰਾਂ ’ਤੇ ਹੁੰਦਾ ਜ਼ੁਲਮ ਨਾ ਸਹਾਰਦਾ ਹੋਇਆ ਉੱਥੋਂ ਨੌਕਰੀ ਛੱਡ ਗਿਆ। ਫਿਰ ਉਦਾਸੀ ਕਾਂਝਲੇ ਡੇਲੀਵੇਜ ’ਤੇ ਨੌਕਰੀ ’ਤੇ ਲੱਗ ਗਿਆ। ਅਖ਼ੀਰ 1961 ਨੂੰ ਬੀਹਲਾ ਪਿੰਡ ਵਿਚ ਪੱਕੀ ਨੌਕਰੀ ਮਿਲ ਗਈ। ਬੀਹਲੇ ਹੀ ਉਨ੍ਹਾਂ ਦਾ ਵਿਆਹ ਹੋਇਆ। ਸੰਤ ਰਾਮ ਉਦਾਸੀ ਦੀ ਜੀਵਨ ਸਾਥਣ ਨਸੀਬ ਕੌਰ ਬਣੀ। ਉਨ੍ਹਾਂ ਦੇ ਘਰ ਤਿੰਨ ਧੀਆਂ ਤੇ ਦੋ ਪੁੱਤਰਾਂ ਨੇ ਜਨਮ ਲਿਆ।
ਉਦਾਸੀ ਨੇ ਨਾਮਧਾਰੀ ਲਹਿਰ ਨਾਲ ਜੁੜ ਕੇ ਲਿਖਣਾ ਸ਼ੁਰੂ ਕੀਤਾ। ਉਹ ਨਕਸਲਬਾੜੀ ਲਹਿਰ ਨਾਲ ਜੁੜਿਆ ਜਿੱਥੇ ਉਸ ’ਤੇ ਬਹੁਤ ਤਸ਼ੱਦਦ ਵੀ ਹੋਇਆ। ਨਕਸਲਬਾੜੀ ਲਹਿਰ ਸਮੇਂ ਹੀ ਉਸ ਦੀ ਕਵਿਤਾ ਤੇ ਗਾਇਕੀ ਸਿਖਰ ’ਤੇ ਸੀ। ਸੰਤ ਰਾਮ ਉਦਾਸੀ ਵਿਦਰੋਹੀ ਅਤੇ ਕ੍ਰਾਂਤੀਕਾਰੀ ਕਾਵਿ ਸਿਰਜਣਾ ਦਾ ਸਫ਼ਰ ਤੈਅ ਕਰਦਾ ਹੋਇਆ ਇਨਕਲਾਬੀ ਕਵੀ ਵਜੋਂ ਸਥਾਪਿਤ ਹੋਇਆ। ਉਸ ਨੇ ਗੁਰਬਤ ਭਰੇ ਜੀਵਨ ਵਿਚ ਵੀ ਕਲਮ ਨੂੰ ਠੰਢੀ ਨਹੀਂ ਪੈਣ ਦਿੱਤਾ। ਜਦ ਪਤਾ ਲੱਗਦਾ ਸੀ ਕਿ ਉਦਾਸੀ ਫਲਾਣੀ ਜਗ੍ਹਾ ’ਤੇ ਆਉਣਾ ਹੈ ਤਾਂ ਉਸ ਦੇ ਪ੍ਰਸ਼ੰਸਕ ਦੂਰੋਂ-ਨੇੜਿਓਂ ਢਾਣੀਆਂ ਬੰਨ੍ਹ ਕੇ ਉਸ ਨੂੰ ਸੁਣਨ ਤੇ ਵੇਖਣ ਆਉਂਦੇ ਸਨ। ਉਦਾਸੀ ਦੀ ਆਵਾਜ਼ ਬਹੁਤ ਖੂਬਸੂਰਤ ਸੀ ਅਤੇ ਉਹ ਆਮ ਲੋਕਾਂ ਨੂੰ ਆਪਣੀ ਆਵਾਜ਼ ਜ਼ਰੀਏ ਕੀਲ ਕੇ ਬਿਠਾ ਦਿੰਦਾ ਸੀ। ਕੋਈ ਵੀ ਉਸ ਨੂੰ ਬੇਗਾਨਾ ਨਹੀਂ ਸਮਝਦਾ ਸੀ।
ਇਸ ਕਾਰਨ ਹੀ ਉਦਾਸੀ ਲੋਕਾਂ ਦੇ ਘਰਾਂ ’ਚੋਂ ਕੁੱਜਿਆਂ ’ਚੋਂ ਮੱਖਣੀ ਚੁੱਕ ਕੇ ਖਾ ਜਾਂਦਾ ਸੀ। ਉਦਾਸੀ ਦੇ ਲਿਖੇ ਗੀਤ ਅੱਜ ਵੀ ਇਨਕਲਾਬੀ ਸਟੇਜਾਂ ’ਤੇ ਗੂੰਜਦੇ ਹਨ। ਅੱਜ ਵੀ ਉਦਾਸੀ ਵੱਲੋਂ ਦੱਸੇ ਰਾਹਾਂ ’ਤੇ ਬਹੁਤ ਸਾਰੀਆਂ ਸ਼ਖ਼ਸੀਅਤਾਂ ਤੁਰੀਆਂ ਹਨ। ਸੰਤ ਰਾਮ ਉਦਾਸੀ ਲੋਕ ਘੋਲਾਂ ਦਾ ਸੂਰਮਾ, ਪੰਜਾਬੀਅਤ ਦਾ ਮਾਣ, ਪੰਜਾਬੀ ਮਾਂ-ਬੋਲੀ ਦਾ ਹੀਰਾ, ਲੋਕਾਂ ਦਾ ਹਮਦਰਦ ਪ੍ਰਸਿੱਧ ਲੋਕ ਕਵੀ, ਲੋਕ ਗਾਇਕ ਸਮੇਂ ਨੇ ਸਾਥੋਂ 6 ਨਵੰਬਰ 1986 ਨੂੰ ਖੋਹ ਲਿਆ ਸੀ। ਉਦਾਸੀ ਨੇ ’ਕੱਲੇ ਰਾਏਸਰ ਪਿੰਡ ਦਾ ਹੀ ਨਹੀਂ ਸਗੋਂ ਸਾਰੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿਚ ਉੱਚਾ ਕੀਤਾ। ਹੁਣ ਸੰਤ ਰਾਮ ਉਦਾਸੀ ਦੇ ਨਾਂ ’ਤੇ ਪਿੰਡ ਰਾਏਸਰ ਦੇ ਸਕੂਲ ਦਾ ਨਾਂ ਵੀ ਧਰਿਆ ਗਿਆ ਹੈ। ਮੇਰੀ ਉਦਾਸੀ ਦੇ ਗੀਤਾਂ ਨਾਲ ਨੇੜਤਾ ਹੈ। ਉਹ ਮੇਰਾ ਮਨਪਸੰਦ ਕਵੀ ਹੈ। ਹੁਣ ਉਦਾਸੀ ਦੇ ਬੱਚਿਆਂ ਨਾਲ ਵੀ ਮੇਰੀ ਬਹੁਤ ਨੇੜਤਾ ਹੈ। ਉਸ ਦੇ ਬੱਚੇ ਵੀ ਮੇਰਾ ਬਹੁਤ ਸਤਿਕਾਰ ਕਰਦੇ ਹਨ।
Add a review