ਇਤਿਹਾਸਕ ਸਰੋਤ ਬਿਆਨ ਕਰਦੇ ਹਨ ਕਿ ਨਵਾਬ ਮਾਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ ਦਾ ਇੱਕ ਭਰਾ ਖ਼ਿਜਰ ਖ਼ਾਨ ਰੋਪੜ ਵਿੱਚ ਸਿੰਘਾਂ ਨਾਲ਼ ਇੱਕ ਝੜਪ ਵਿੱਚ ਅਤੇ ਦੂਜਾ ਨਿਹਾਰ ਖ਼ਾਨ ਚਮਕੌਰ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਦਾ ਸ਼ਿਕਾਰ ਹੋ ਕੇ ਮਾਰਿਆ ਗਿਆ। ਇਸੇ ਦੌਰਾਨ ਗੁਰੂ ਘਰ ਦੇ ਰਸੋਈਏ ਗੰਗੂ ਨੇ ਆਪਣੇ ਘਰ ਠਹਿਰਾਏ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਗ਼੍ਰਿਫਤਾਰ ਕਰਵਾ ਦਿੱਤਾ। ਗੁਰੂ ਜੀ ਨੂੰ ਜਿਉਂਦਿਆਂ ਮਾਰ ਦੇਣ ਦੇ ਮਨਸੂਬੇ ਤਹਿਤ ਇਨ੍ਹਾਂ ਸੱਤ ਅਤੇ ਨੌਂ ਸਾਲ ਦੇ ਮਾਸੂਮ ਬੱਚਿਆਂ ਨੂੰ ਆਸਾਨ ਸਾਧਨ ਸਮਝਦਿਆਂ ਵਜ਼ੀਰ ਖ਼ਾਨ ਨੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਵਾਉਣ ਬਾਰੇ ਸੋਚਿਆ।
ਸੁੱਚਾ ਨੰਦ ਦੀ ਸਲਾਹ ਅਨੁਸਾਰ ਪਹਿਲਾਂ ਬੱਚਿਆਂ ਨੂੰ ਇਸ ਖਾਤਰ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਗਏ। ਇਸ ਨਾਲ਼ ਜਦੋਂ ਗੱਲ ਨਾ ਬਣੀ ਤਾਂ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਡਰਾਇਆ ਗਿਆ। ਜਦੋਂ ਡਰਾਵੇ ਵੀ ਬੱਚਿਆਂ ਦੇ ਸਿਦਕ ਨੂੰ ਨਾ ਡੁਲਾ ਸਕੇ ਤਾਂ ਗੁਨਾਹ ਦੀ ਬੰਦੂਕ ਨਵਾਬ ਮਾਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ ਦੇ ਮੋਢਿਆਂ ’ਤੇ ਧਰ ਕੇ ਚਲਾਉਣ ਦੀ ਯੋਜਨਾ ਬਣਾਈ ਗਈ। ਨਵਾਬ ਮਾਲੇਰਕੋਟਲਾ ਦੇ ਕਾਜ਼ੀ ਦੁਆਰਾ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਦੀਵਾਰਾਂ ਵਿੱਚ ਚਿਣ ਦਿੱਤੇ ਜਾਣ ਬਾਰੇ ਫ਼ਤਵਾ ਦਿੱਤੇ ਜਾਣ ਸਮੇਂ ਸਰਹਿੰਦ ਦਰਬਾਰ ਵਿੱਚ ਮੌਜੂਦਗੀ ਸਬੰਧੀ ਅਲੱਗ-ਅਲੱਗ ਤੱਥ ਸਾਹਮਣੇ ਆਉਂਦੇ ਹਨ।
ਪਹਿਲਾ, ਕਿਉਂਕਿ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ ਦੇ ਦੋਵੇਂ ਭਰਾ ਸਿੱਖਾਂ ਨਾਲ਼ ਲੜਦਿਆਂ ਮਾਰੇ ਗਏ ਸਨ। ਇਸ ਲਈ ਇਸ ਦਾ ਬਦਲਾ ਲੈਣ ਦੀ ਕੁਦਰਤੀ ਇੱਛਾ ਉਸ ਦੇ ਮਨ ਵਿੱਚ ਸੀ, ਉਸ ਨੂੰ ਉੱਥੇ ਬੁਲਾਇਆ ਗਿਆ। ਦੂਜਾ ਤੱਥ, ਇਸ ਅਨੁਸਾਰ ਨਵਾਬ ਮਾਲੇਰਕੋਟਲਾ ਉਸ ਦਿਨ ਸੰਯੋਗਵਸ ਹੀ ਸਰਹਿੰਦ ਦਰਬਾਰ ਵਿੱਚ ਮੌਜੂਦ ਸੀ। ਇਸ ਦਾ ਇਸ਼ਾਰਾ ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼’ ਤੋਂ ਮਿਲਦਾ ਹੈ। ਜਦੋਂ ਕਾਜ਼ੀ ਨੇ ਫ਼ਤਵਾ ਦਿੱਤਾ ਤਾਂ ਨਵਾਬ ਮਾਲੇਰਕੋਟਲਾ ਨੇ ਬੱਚਿਆਂ ਅਤੇ ਬਜ਼ੁਰਗਾਂ ਉੱਤੇ ਜ਼ੁਲਮ ਨੂੰ ਇਸਲਾਮ ਅਤੇ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਦੇ ਖ਼ਿਲਾਫ਼ ਕਰਾਰ ਦਿੰਦਿਆਂ ਸਾਹਿਬਜ਼ਾਦਿਆਂ ਦੇ ਹੱਕ ਵਿੱਚ ‘ਹਾਅ-ਦਾ-ਨਾਅਰਾ’ ਮਾਰਦਿਆਂ ਉਨ੍ਹਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ। ਪਰ ਸਰਹਿੰਦ ਦਾ ਸੂਬੇਦਾਰ ਆਪਣੀ ਜ਼ਿੱਦ ’ਤੇ ਅੜਿਆ ਰਿਹਾ। ਨਵਾਬ ਮਾਲੇਰਕੋਟਲਾ ਨੇ ਇਸ ਸਬੰਧੀ ਔਰੰਗਜ਼ੇਬ ਨੂੰ ਚਿੱਠੀ ਲਿਖ ਕੇ ਇਸ ਜ਼ੁਲਮ ਨੂੰ ਰੋਕਣ ਤੇ ਗੁਰੂ ਜੀ ਬੱਚਿਆਂ ਨੂੰ ਦਿੱਲੀ ਵਿੱਚ ਆਪਣੀ ਹਿਰਾਸਤ ਵਿੱਚ ਰੱਖਣ ਜਾਂ ਫਿਰ ਉਸ (ਨਵਾਬ ਮਾਲੇਰਕੋਟਲਾ) ਦੀ ਹਿਰਾਸਤ ਵਿੱਚ ਭੇਜਣ ਦੀ ਸਲਾਹ ਵੀ ਦਿੱਤੀ।
ਜਦੋਂ ਗੁਰੂ ਸਾਹਿਬ ਨੂੰ ਨਵਾਬ ਮਾਲੇਰਕੋਟਲਾ ਦੇ ਇਨ੍ਹਾਂ ਯਤਨਾਂ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਰਿਆਸਤ ਮਾਲੇਰਕੋਟਲਾ ਨੂੰ ਸਦਾ ਆਬਾਦ ਰਹਿਣ ਦੀ ਅਸੀਸ ਦਿੱਤੀ। ਨਵਾਬ ਦੇ ਇਹ ਯਤਨ ਬੇਸ਼ੱਕ ਸਾਹਿਬਜ਼ਾਦਿਆਂ ਦੀ ਜਾਨ ਤਾਂ ਨਾ ਬਚਾ ਸਕੇ ਪਰ ਇਸ ਨੇ ਨਵਾਬ ਹੀ ਨਹੀਂ ਸਗੋਂ ਰਿਆਸਤ ਮਲੇਰਕੋਟਲਾ ਪ੍ਰਤੀ ਵੀ ਹਰ ਸਿੱਖ ਦੇ ਮਨ ਵਿੱਚ ਆਦਰ ਦਾ ਭਾਵ ਪੈਦਾ ਕਰ ਦਿੱਤਾ। ਇਸ ਮਹੱਤਵਪੂਰਨ ਘਟਨਾਕ੍ਰਮ ਨੇ ਤਤਕਲੀਨ ਹੀ ਨਹੀਂ ਸਗੋਂ ਉਸ ਤੋਂ ਬਾਅਦ ਦੇ ਇਤਿਹਾਸ ਦੀ ਰੂਪ-ਰੇਖਾ ਤੈਅ ਕਰਨ ਵਿੱਚ ਵੀ ਇੱਕ ਵੱਡਾ ਰੋਲ ਅਦਾ ਕੀਤਾ। ਇਸ ਨੂੰ ਇਸ ਆਦਰ ਅਤੇ ਸਨਮਾਨ ਦਾ ਹੀ ਸਿੱਟਾ ਕਿਹਾ ਜਾ ਸਕਦਾ ਹੈ ਕਿ ਸਾਹਿਬਜ਼ਾਦਿਆਂ ਦੀ ਜ਼ਾਲਮਾਨਾ ਢੰਗ ਦੀ ਇਸ ਸ਼ਹੀਦੀ ਦਾ ਬਦਲਾ ਲੈਣ ਵਾਲ਼ੇ ਬਾਬਾ ਬੰਦਾ ਸਿੰਘ ਬਹਾਦਰ ਨੇ ਬੇਸ਼ੱਕ ਸਰਹਿੰਦ ਸਣੇ ਅਨੇਕਾਂ ਸ਼ਹਿਰਾਂ ’ਤੇ ਹਮਲੇ ਕੀਤਾ ਪਰ ਮਾਲੇਰਕੋਟਲਾ ਨੂੰ ਆਬਾਦ ਅਤੇ ਸੁਰੱਖਿਅਤ ਰਹਿਣ ਦਿੱਤਾ। ਇਸ ਦਾ ਅਸਰ ਕਰੀਬ ਢਾਈ ਸਦੀਆਂ ਬਾਅਦ ਵੀ ਉਦੋਂ ਦੇਖਣ ਨੂੰ ਮਿਲਿਆ ਜਦੋਂ 1947 ਵਿੱਚ ਮੁਲਕ ਦੀ ਵੰਡ ਸਮੇਂ ਪੂਰੇ ਪੰਜਾਬ ਵਿੱਚ ਫ਼ਿਰਕੂ ਅੱਗ ਮੱਚੀ ਹੋਈ ਸੀ।
ਇਸ ਫ਼ਿਰਕੂ ਵਹਿਣ ’ਚ ਵਹਿ ਕੇ ਹਿੰਦੂ-ਸਿੱਖਾਂ ਦੁਆਰਾ ਮੁਸਲਮਾਨਾਂ ਅਤੇ ਮੁਸਲਮਾਨਾਂ ਦੁਆਰਾ ਹਿੰਦੂ-ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀ, ਘਰ ਫੂਕੇ ਜਾ ਰਹੇ ਸਨ ਤੇ ਔਰਤਾਂ ਦੀ ਪੱਤ ਲੁੱਟੀ ਜਾ ਰਹੀ ਸੀ। ਉਦੋਂ ਪੂਰੇ ਪੰਜਾਬ ਵਿੱਚ ਮਾਲੇਰਕੋਟਲਾ ਹੀ ਇੱਕੋ-ਇੱਕ ਅਜਿਹੀ ਰਿਆਸਤ ਸੀ ਜੋ ਇਸ ਮਜ਼ਹਬੀ ਅੱਗ ਦੇ ਸੇਕ ਤੋਂ ਮਹਿਫੂਜ਼ ਰਹੀ। ਇਸ ਵੱਡੇ ਮਜ਼ਹਬੀ ਉਥਲ-ਪੁਥਲ ਦੇ ਦੌਰ ਦੌਰਾਨ ਵੀ ਇੱਥੇ ਫ਼ਿਰਕੂ-ਭਾਈਚਾਰਾ ਬਣਿਆ ਰਿਹਾ।
Add a review