ਸ੍ਰੀ ਅਨੰਦਪੁਰ ਸਾਹਿਬ ਸਿੱਖ ਧਰਮ ਦੇ ਪੰਜ ਤਖ਼ਤਾਂ ’ਚੋਂ ਇਕ ਹੈ। 19 ਜੂਨ 1965 ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚੱਕ ਨਾਨਕੀ ਨਾਂ ਦਾ ਪਿੰਡ ਵਸਾਇਆ ਸੀ। ਉਹ ਪਿੰਡ ਕੇਸਗੜ੍ਹ ਸਾਹਿਬ ਦੇ ਹੇਠਲੇ ਚੌਕ ਤੋਂ ਚਰਨ ਗੰਗਾ ਅਤੇ ਅਗੰਮਗੜ੍ਹ ਦੇ ਵਿਚਕਾਰਲਾ ਇਲਾਕਾ ਸੀ। ਅੱਜ ਦਾ ਅਨੰਦਪੁਰ ਸਾਹਿਬ ਉਸ ਚੱਕ ਨਾਨਕੀ ਅਤੇ ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਵਿਚ ਵਸਿਆ ਹੋਇਆ ਹੈ। ਗੁਰੂ ਜੀ ਨੇ ਚੱਕ ਨਾਨਕੀ ਇਸ ਲਈ ਚੁਣਿਆ ਕਿਉਂਕਿ ਇਹ ਸੁਰੱਖਿਆ ਪੱਖੋਂ ਠੀਕ ਸੀ ਤੇ ਇੱਥੋਂ ਦਾ ਵਾਤਾਵਰਨ ਵੀ ਸ਼ਾਂਤੀ ਭਰਪੂਰ ਸੀ। ਇਸ ਦੇ ਆਲੇ-ਦੁਆਲੇ ਜੰਗਲ, ਦੋ ਪਾਸੇ ਚਰਨ ਗੰਗਾ ਅਤੇ ਇਕ ਪਾਸੇ ਦਰਿਆ ਸਤਲੁਜ ਹੋਣ ਕਰਕੇ ਬਹੁਤ ਹੀ ਸ਼ਾਂਤਮਈ ਤੇ ਪੁਰਅਮਨ ਇਲਾਕਾ ਸੀ। ਇੱਥੇ ਧਾਰਮਿਕ ਅਤੇ ਰੂਹਾਨੀ ਮਾਹੌਲ ਭੰਗ ਨਹੀਂ ਸੀ ਹੋ ਸਕਦਾ। ਅੱਜ ਵੀ ਇੱਥੇ ਆ ਕੇ ਮਨ ਨੂੰ ਸ਼ਾਂਤੀ ਅਤੇ ਅਨੰਦ ਮਿਲਦਾ ਹੈ। ਸ਼ਾਇਦ ਇਸੇ ਕਰਕੇ ਇਸ ਦਾ ਨਾਂ ਅਨੰਦਪੁਰ ਸਾਹਿਬ ਪੈ ਗਿਆ। ਜਿੱਥੋਂ ਤਕ ਸਾਂਝੀਵਾਲਤਾ ਦੀ ਗੱਲ ਹੈ ਤਾਂ ਇੱਥੇ ਹੀ ਪੰਡਿਤ ਕਿ੍ਰਪਾ ਰਾਮ ਦੀ ਅਗਵਾਈ ਵਿਚ ਕਸ਼ਮੀਰੀ ਪੰਡਤ ਗੁਰੂ ਜੀ ਕੋਲ ਫਰਿਆਦ ਕਰਨ ਆਏ ਤਾਂ ਬਾਲ ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਨੂੰ ਹਿੰਦੂ ਧਰਮ ਦੀ ਰਾਖੀ ਲਈ ਕੁਰਬਾਨੀ ਦੇਣ ਲਈ ਪ੍ਰੇਰਿਆ। ਇਹ ਸਾਂਝੀਵਾਲਤਾ ਦੀ ਇਕ ਨਾ ਭੁੱਲਣਯੋਗ ਮਿਸਾਲ ਹੈ। ਇੱਥੋਂ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਾਜਨਾ ਕੀਤੀ। ਇਕ ਡਰੂ ਕੌਮ ਵਿਚ ਅੰਮਿ੍ਰਤ ਦੀ ਦਾਤ ਨਾਲ ਅਜਿਹੀ ਸ਼ਕਤੀ ਭਰੀ ਕਿ ਚਿੜੀਆਂ ਤੋਂ ਬਾਜ ਤੁੜਾ ਦਿੱਤੇ। ਸ੍ਰੀ ਅਨੰਦਪੁਰ ਸਾਹਿਬ ਸ਼ਾਂਤੀ, ਸਾਂਝੀਵਾਲਤਾ ਅਤੇ ਸ਼ਕਤੀ ਦਾ ਕੇਂਦਰ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਗੁਰੂਆਂ ਨੇ ਨਵੇਂ-ਨਵੇਂ ਨਗਰ ਵਸਾਏ। ਮੌਜੂਦਾ ਸ੍ਰੀ ਅਨੰਦਪੁਰ ਸਾਹਿਬ ਦਾ ਮੁੱਢ ਨੌਵੇਂ ਗੁਰੂ ਜੀ ਨੇ ਬੰਨਿਆ। ਉਦੋਂ ਚੱਕ ਨਾਨਕੀ ਤੇ ਸ੍ਰੀ ਨੈਣਾ ਦੇਵੀ ਵਿਚਕਾਰ ਜੰਗਲ ਹੁੰਦਾ ਸੀ, ਜਿੱਥੇ ਜੰਗਲੀ ਜਾਨਵਰ ਵੀ ਰਹਿੰਦੇ ਸਨ। ਪਿਛਲੇ ਲਗਭਗ 350 ਸਾਲਾਂ ਵਿਚ ਅਨੰਦਪੁਰ ਸਾਹਿਬ ਦੇ ਇਲਾਕੇ ਵਿਚ ਬਹੁਤ ਤਬਦੀਲੀਆਂ ਆਈਆਂ। ਸਤਲੁਜ ਦਰਿਆ ਜੋ ਸ੍ਰੀ ਕੇਸਗੜ੍ਹ ਸਾਹਿਬ ਦੀ ਪਹਾੜੀ ਨਾਲ ਵਗਦਾ ਸੀ, 5 ਕਿਲੋਮੀਟਰ ਦੂੁਰ ਚਲਾ ਗਿਆ। ਅਨੰਦਗੜ੍ਹ ਕਿਲ੍ਹੇ ਦੇ ਨਾਲ ਵਗਦਾ ਨਾਲਾ ਹੁਣ ਲੋਪ ਹੋ ਗਿਆ ਹੈ। ਚਰਨ ਗੰਗਾ ’ਤੇ ਪੁਲ ਬਣ ਗਿਆ। ਕੇਸਗੜ੍ਹ ਦੇ ਨਾਲ ਤੰਬੂ ਵਾਲੀ ਕੱਚੀ ਪਹਾੜੀ ਖੁਰ ਚੁੱਕੀ ਹੈ। ਕੇਸਗੜ੍ਹ ਤੇ ਅਨੰਦਗੜ੍ਹ ਵਿਚ ਪਹਾੜੀ ਕੱਟ ਕੇ ਸੜਕਾਂ ਬਣਾ ਦਿੱਤੀਆਂ ਹਨ। ਸ਼ਹਿਰ ਬਹੁਤ ਫੈਲ ਚੁੱਕਾ ਹੈ ਪਰ ਗੁਰੂ ਸਾਹਿਬ ਨਾਲ ਸਬੰਧਿਤ ਗੁਰਦੁਆਰੇ ਸਹੀ ਜਗ੍ਹਾ ’ਤੇ ਹਨ। ਹੁਣ ਸ੍ਰੀ ਅਨੰਦਪੁਰ ਸਾਹਿਬ ਇਕ ਤਹਿਸੀਲ ਬਣ ਚੁੱਕਾ ਹੈ। ਨਵੀਆਂ ਬਣੀਆਂ ਇਮਾਰਤਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ 350 ਸਾਲ ਪੁਰਾਣੀ ਦਿੱਖ ਲੋਪ ਕਰ ਦਿੱਤੀ ਹੈ। ਇਸ ਵਕਤ ਸ੍ਰੀ ਅਨੰਦਪੁਰ ਸਾਹਿਬ ਦੁਨੀਆ ਭਰ ਦੇ ਨਕਸ਼ੇ ’ਤੇ ਹੈ। ਇਹ ਚੰਡੀਗੜ੍ਹ ਤੋਂ 97 ਕਿਲੋਮੀਟਰ, ਰੋਪੜ ਤੋਂ 45 ਕਿਲੋਮੀਟਰ , ਕੀਰਤਪੁਰ ਸਾਹਿਬ ਤੋਂ 9 ਕਿਲੋਮੀਟਰ ਤੇ ਨੰਗਲ ਤੋਂ 22 ਕਿਲੋਮੀਟਰ ਹੈ। ਸ੍ਰੀ ਅਨੰਦਪੁਰ ਸਾਹਿਬ ਦਿੱਲੀ ਤੋਂ ਰੇਲਵੇ ਲਾਈਨ ਨਾਲ ਜੁੜਿਆ ਹੈ। ਰੇਲ ਗੱਡੀ ਦਿੱਲੀ, ਅੰਬਾਲਾ, ਸਰਹਿੰਦ, ਰੋਪੜ, ਕੀਰਤਪੁਰ ਸਾਹਿਬ ਤੋਂ ਹੁੰਦੀ ਹੋਈ ਨੰਗਲ ਤੋਂ ਉੂਨੇ ਤਕ ਜਾਂਦੀ ਹੈ। ਚੰਡੀਗੜ੍ਹ ਤੋਂ ਵਾਇਆ ਰੋਪੜ ਚਾਰ ਲੇਨ ਪੱਕੀ ਸੜਕ ਹੈ। ਸ੍ਰੀ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਪਵਿੱਤਰ ਚਰਨ ਕਮਲਾਂ ਅਤੇ ਸ਼ਹੀਦਾਂ ਦੇ ਖ਼ੂਨ ਨਾਲ ਪਵਿੱਤਰ ਹੋਈ ਥਾਂ ਹੈ। ਇਹ ਪੂਜਣਯੋਗ ਸਥਾਨ ਹੈ। ਇੱਥੇ ਗੁਰੂ ਸਾਹਿਬ ਦੀ ਯਾਦ ’ਚ ਬਹੁਤ ਸਾਰੇ ਗੁਰਦੁਆਰੇ ਹਨ।
ਗੁਰਦੁਆਰਾ ਅਕਾਲ ਬੁੰਗਾ
9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕਰਨ ਮਗਰੋਂ ਇਸੇ ਸਥਾਨ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਣਾ ਮੰਨਣ, ਤਕੜੇ ਹੋਣ ਅਤੇ ਧਰਮ ਦੀ ਰੱਖਿਆ ਅਤੇ ਜਬਰ-ਜ਼ੁਲਮ ਖ਼ਿਲਾਫ਼ ਜੰਗ ਵਾਸਤੇ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਸੀ।
ਗੁਰਦੁਆਰਾ ਗੁਰੂ ਕੇ ਮਹਿਲ
ਇੱਥੋਂ ਦੀ ਸਭ ਤੋਂ ਪਹਿਲੀ ਇਮਾਰਤ ਗੁਰੂ ਕੇ ਮਹਿਲ ਹੈ। ਇਹ ਉਹ ਸਥਾਨ ਹੈ, ਜਿੱਥੇ ਗੁਰੂ ਜੀ ਨੇ ਰਹਿਣ ਵਾਸਤੇ ਮਕਾਨ ਬਣਾਇਆ ਸੀ। ਗੁਰਦੁਆਰਾ ਭੋਰਾ ਸਾਹਿਬ, ਮੰਜੀ ਸਾਹਿਬ ਅਤੇ ਦਮਦਮਾ ਸਾਹਿਬ ਇਸੇ ਇਮਾਰਤ ਦਾ ਹਿੱਸਾ ਹਨ। ਗੁਰਦੁਆਰਾ ਭੋਰਾ ਸਾਹਿਬ ਵਿਖੇ ਗੁਰੂ ਜੀ ਬੰਦਗੀ ਕਰਦੇ ਸਨ ਅਤੇ ਮੰਜੀ ਸਾਹਿਬ ਵਿਖੇ ਦੀਵਾਨ ਸਜਾਇਆ ਕਰਦੇ ਸਨ। ਦਮਦਮਾ ਸਾਹਿਬ ਵਿਖੇ ਗੁਰੂ ਜੀ ਸੰਗਤਾਂ ਦੇ ਨੁਮਾਇੰਦਿਆਂ ਨੂੰ ਦਰਸ਼ਨ ਦਿੰਦੇ ਸਨ। ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਦਿੱਤੀ ਗਈ ਸੀ। ਇੱਥੇ ਹੀ ਮਾਰਚ 1698 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਸਜ਼ਾ ਦਿੱਤੀ ਸੀ।
ਗੁਰਦੁਆਰਾ ਮੰਜੀ ਸਾਹਿਬ (ਦੁਮਾਲਗੜ੍ਹ ਸਾਹਿਬ)
ਇਹ ਗੁਰਦੁਆਰਾ ਕੇਸਗੜ੍ਹ ਸਾਹਿਬ ਦੇ ਸਾਹਮਣੇ ਉੱਤਰ ਵੱਲ ਹੈ। ਇਸ ਜਗ੍ਹਾ ਗੁਰੂ ਜੀ ਸਾਹਿਬਜ਼ਾਦਿਆਂ ਨੂੰ ਖੇਡਾਂ ਖਿਡਾਉਂਦੇ ਅਤੇ ਤਲਵਾਰਬਾਜ਼ੀ ਸਿਖਾਉਂਦੇ ਸਨ।
ਗੁਰਦੁਆਰਾ ਮਾਤਾ ਜੀਤ ਕੌਰ
ਦਸਵੇਂ ਗੁਰੂ ਜੀ ਦੇ ਮਹਿਲ ਮਾਤਾ ਜੀਤ ਕੌਰ ਜੀ 5 ਦਸੰਬਰ 1700 ਦੇ ਦਿਨ ਪਰਮਾਤਮਾ ਨੂੰ ਪਿਆਰੇ ਹੋ ਗਏ। ਉਨ੍ਹਾਂ ਦਾ ਸੰਸਕਾਰ ਚਰਨ ਗੰਗਾ ਦੇ ਦੂਜੇ ਪਾਸੇ ਪਿੰਡ ਅਗੰਮਪੁਰ ਦੇ ਬਾਹਰ ਕੀਤਾ ਗਿਆ। ਜਿਸ ਜਗ੍ਹਾ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਮਾਤਾ ਜੀਤ ਕੌਰ ਜੀ ਸੁਸ਼ੋਭਿਤ ਹੈ।
ਗੁਰਦੁਆਰਾ ਸ੍ਰੀ ਤਿ੍ਰਵੈਣੀ ਸਾਹਿਬ
ਇੱਥੇ ਗੁਰੂ ਜੀ ਨੇ ਤਿੰਨ ਵਾਰ ਬਰਛਾ ਮਾਰ ਕੇ ਧਰਤੀ ਵਿਚ ਪਾਣੀ ਦੀਆਂ ਤਿੰਨ ਧਾਰਾਂ ਵਗਾਈਆਂ ਸਨ। ਉਹ ਪਾਣੀ ਇਕ ਸਰੋਵਰ ਵਿਚ ਪੈਂਦਾ ਹੈ। ਇੱਥੇ ਇਕ ਖ਼ੂਬਸੂਰਤ ਗੁਰਦੁਆਰਾ ਬਣਿਆ ਹੈ।
ਗੁਰਦੁਆਰਾ ਪੌੜ ਸਾਹਿਬ
ਕਹਿੰਦੇ ਹਨ ਕਿ ਇੱਥੇ ਗੁਰੂ ਜੀ ਦੇ ਘੋੜੇ ਦਾ ਪੌੜ ਵੱਜਣ ਕਾਰਨ ਪਾਣੀ ਦਾ ਚਸ਼ਮਾ ਫੁੱਟਿਆ ਸੀ। ਇਸ ਚਸ਼ਮੇ ਦਾ ਪਾਣੀ ਖਾਰਾ ਹੈ।
ਗੁਰਦੁਆਰਾ ਸਿਹਰਾ ਸਾਹਿਬ
ਇਹ ਜਗ੍ਹਾ ‘ਗੁਰੂ ਕਾ ਲਾਹੌਰ’ ਤੋਂ ਪਹਿਲਾਂ ਪਿੰਡ ਬਸੀ ਵਿਚ ਹੈ। ਕਹਿੰਦੇ ਹਨ ਕਿ ਜਦੋਂ ਗੁਰੂ ਜੀ ਵਿਆਹੁਣ ਗਏ ਤਾਂ ਉਨ੍ਹਾਂ ਨੂੰ ਇੱਥੇ ਸਿਹਰਾ ਬੰਨ੍ਹਿਆ ਸੀ।
ਗੁਰਦੁਆਰਾ ਅਨੰਦ ਕਾਰਜ ਸਾਹਿਬ
ਇੱਥੇ ਗੁਰੂ ਜੀ ਦੀ ਸ਼ਾਦੀ ਮਾਤਾ ਜੀਤ ਕੌਰ ਨਾਲ ਹੋਈ ਸੀ। ਇੱਥੇ ਵੀ ਗੁਰਦੁਆਰਾ ਬਣਿਆ ਹੋਇਆ ਹੈ।
ਅਨੰਦਪੁਰ ਸਾਹਿਬ ਦੇ ਕਿਲੇ੍ਹ
ਕੇਸਗੜ੍ਹ ਸਾਹਿਬ
ਇਹ ਅਨੰਦਪੁਰ ਸਾਹਿਬ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ। ਇੱਥੇ ਖਾਲਸਾ ਪ੍ਰਗਟ ਕਰਨ ਵਾਲੀ ਥਾਂ ਹੈ। ਕੇਸਗੜ੍ਹ ਸਾਹਿਬ ਇੱਕ ਉੱਚੀ ਪਹਾੜੀ ’ਤੇ ਬਣਿਆ ਹੋਇਆ ਹੈ। ਇੱਥੇ 30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਦੀਵਾਨ ਸਜਾਇਆ ਗਿਆ। 19ਵੀਂ ਸਦੀ ਦੇ ਆਖ਼ਰੀ ਦਹਾਕੇ ਦੇ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਮੁਤਾਬਿਕ ਇਹ ਤਾਰੀਕ 29 ਮਾਰਚ 1699 ਪਹਿਲੀ ਵਿਸਾਖ ਸੰਮਤ 1756 ਬਿਕ੍ਰਮੀ ਸੀ ਪਰ ਉਨ੍ਹਾਂ ਦੀ ਲਿਖਤ ਤੋਂ ਇਲਾਵਾ ਹੋਰ ਕਿਸੇ ਗੁਰਮੁਖੀ ਲਿਖਤ ਵਿਚ ਇਹ ਮਿਤੀ ਨਹੀਂ ਹੈ। ਕਈ ਇਤਿਹਾਸਕਾਰਾਂ ਮੁਤਾਬਕ ਉਸੇ ਸਾਲ ਵਿਸਾਖੀ 30 ਮਾਰਚ 1699 ਦੀ ਸੀ। ਬਾਅਦ ਵਿਚ ਅੰਗਰੇਜ਼ਾਂ ਨੇ ਜਾਰਜੀਅਨ ਕੈਲੰਡਰ ਵਿਚ 14 ਦਿਨ ਦਾ ਵਾਧਾ ਕਰ ਦਿੱਤਾ। ਗੁਰੂ ਜੀ ਦੇ ਸਮਕਾਲੀ ਲੇਖਕ ਕਵੀ ਸੈਨਾਪਤਿ ਅਨੁਸਾਰ ਇੱਥੇ ਸਤਲੁਜ ਦੇ ਕੰਢੇ ਪਹਾੜੀ ’ਤੇ ਬਹੁਤ ਭਾਰੀ ਇਕੱਠ ਹੋਇਆ। ਇੱਥੇ ਹੀ ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮਿ੍ਰਤ ਛਕਾਇਆ ਤੇ ਫੇਰ ਆਪ ਉਨ੍ਹਾਂ ਤੋਂ ਛਕਿਆ। ਹੁਣ ਇੱਥੇ ਸ਼ਾਨਦਾਰ ਵਿਸ਼ਾਲ ਗੁਰਦੁਆਰਾ ਕੇਸਗੜ੍ਹ ਹੈ ਜੋ ਸਿੱਖ ਧਰਮ ਦਾ ਇਕ ਤਖ਼ਤ ਹੈ। ਇੱਥੇ ਹੀ ਗੁਰਦੁਆਰਾ ਸਾਹਿਬ ਵਿਖੇ ਗੁਰੂ ਜੀ ਦੇ ਸ਼ਸਤਰ ਪਏ ਹਨ।
ਕਿਲ੍ਹਾ ਲੋਹ ਗੜ੍ਹ
ਇਹ ਕਿਲ੍ਹਾ ਚਰਨ ਗੰਗਾ ਦੇ ਕੰਢੇ ’ਤੇ ਸਥਿਤ ਹੈ। ਇਹ ਕਿਲ੍ਹਾ ਅਨੰਦਗੜ੍ਹ ਤੋਂ ਬਾਅਦ ਦੂਜੇ ਨੰਬਰ ਦਾ ਸਭ ਤੋਂ ਮਜ਼ਬੂਤ ਕਿਲ੍ਹਾ ਸੀ। ਇੱਥੇ ਗੁਰੂ ਜੀ ਨੇ ਹਥਿਆਰ ਬਣਾਉਣ ਦਾ ਕਾਰਖ਼ਾਨਾ ਲਾਇਆ ਸੀ। ਪਹਿਲੀ ਸਤੰਬਰ 1700 ਨੂੰ ਇਸੇ ਕਿਲ੍ਹੇ ਦਾ ਗੇਟ ਤੋੜਨ ਲਈ ਸ਼ਰਾਬੀ ਹਾਥੀ ਭੇਜਿਆ, ਜਿਸ ਨੂੰ ਭਾਈ ਬਚਿੱਤਰ ਸਿੰਘ ਨੇ ਨਾਗਣੀ (ਬਰਛਾ) ਮਾਰ ਕੇ ਮੋੜਿਆ ਸੀ। ਇੱਥੇ ਹੀ ਭਾਈ ਉਦੈ ਸਿੰਘ ਨੇ ਰਾਜਾ ਕੇਸਰੀ ਚੰਦ ਦਾ ਸਿਰ ਵੱਢਿਆ ਸੀ। ਇਸ ਕਿਲ੍ਹੇ ’ਤੇ ਦੁਸ਼ਮਣ ਹਮਲਾ ਕਰਨ ਤੋਂ ਝਿਜਕਦੇ ਸਨ ਕਿਉਂਕਿ ਇਸ ਦਾ ਬਹੁਤ ਮਜ਼ਬੂਤ ਗੇਟ ਤੋੜਨਾ ਬਹੁਤ ਔਖਾ ਸੀ। ਸੰਨ 1705 ਵਿਚ ਪਹਾੜੀ ਫ਼ੌਜਾਂ ਨੇ ਇਸ ਨੂੰ ਢਾਹ ਦਿੱਤਾ। ਹੁਣ ਵਾਲੀ ਇਮਾਰਤ 1985 ਵਿਚ ਦੁਬਾਰਾ ਬਣੀ ਹੈ।
ਕਿਲ੍ਹਾ ਹੋਲਗੜ੍ਹ ਤੇ ਅਗੰਮਗੜ੍ਹ ਸਾਹਿਬ
ਕਿਲ੍ਹਾ ਹੋਲਗੜ੍ਹ ਗੁਰਦੁਆਰਾ ਪਿੰਡ ਅਗੰਮਗੜ੍ਹ ਦੀ ਹੱਦ ਵਿਚ ਬਣਿਆ ਹੈ। ਇਹ ਅਨੰਦਪੁਰ ਸਾਹਿਬ ਤੋਂ 1 ਕਿਲੋਮੀਟਰ ਦੂਰ ਹੈ। ਕਹਿੰਦੇ ਹਨ ਕਿ ਜਿਸ ਜਗ੍ਹਾ ਗੁਰਦੁਆਰਾ ਹੋਲਗੜ੍ਹ ਹੈ, ਉੱਥੇ ਕਿਲ੍ਹਾ ਅਗੰਮਗੜ੍ਹ ਹੁੰਦਾ ਸੀ ਅਤੇ ਹੋਲਗੜ੍ਹ ਚਰਨਗੰਗਾ ਦੇ ਇਸ ਪਾਸੇ ਹੁੰਦਾ ਸੀ। ਕਿਲ੍ਹਾ ਹੋਲਗੜ੍ਹ ਦਾ ਨਾਂ ਹੋਲੇ ਮੁਹੱਲੇ ਨਾਲ ਵੀ ਜੁੜਿਆ ਹੈ। ਗੁਰੂ ਜੀ ਨੇ ਜਦੋਂ ਹੋਲਾ ਮਹੱਲਾ ਸ਼ੁਰੂ ਕੀਤਾ ਤਾਂ ਇੱਥੇ ਹੋਲੇ ਦਾ ਜਲੂਸ ਪੁੱਜਣ ’ਤੇ ਘੋੜ ਸਵਾਰੀ, ਨੇਜ਼ਾਬਾਜ਼ੀ, ਤਲਵਾਰਬਾਜ਼ੀ, ਗੱਤਕਾ ਅਤੇ ਕੁਸ਼ਤੀਆਂ ਹੁੰਦੀਆਂ ਸਨ।
ਕਿਲ੍ਹਾ ਫਤਿਹਗੜ੍ਹ ਸਾਹਿਬ
ਗੁਰੂ ਜੀ ਨੇ ਅਨੰਦਪੁਰ ਸਾਹਿਬ ਦੀ ਰਾਖੀ ਲਈ ਇਕ ਹੋਰ ਕਿਲ੍ਹਾ ਚੱਕ ਨਾਨਕੀ ਦੇ ਨਾਲ ਸਹੋਦਾ ਪਿੰਡ ਵਿਚ ਬਣਵਾਇਆ ਸੀ। ਜਦ ਕਿਲ੍ਹਾ ਬਣ ਰਿਹਾ ਸੀ ਤਾਂ ਸਾਹਿਬਜ਼ਾਦਾ ਫ਼ਤਹਿ ਸਿੰਘ ਦਾ ਜਨਮ ਹੋਇਆ। ਇਸ ਕਾਰਨ ਇਸ ਦਾ ਨਾਂ ਫਤਿਹਗੜ੍ਹ ਰੱਖਿਆ ਸੀ।
ਕਿਲ੍ਹਾ ਤਾਰਾ ਗੜ੍ਹ ਸਾਹਿਬ
ਇਹ ਅਨੰਦਪੁਰ ਸਾਹਿਬ ਤੋਂ ਪੰਜ ਕਿਲੋਮੀਟਰ ਦੂਰ ਤਾਰਾਪੁਰ ਪਿੰਡ ਕੋਲ ਹੈ। ਇਸ ਦਾ ਮਕਸਦ ਬਿਲਾਸਪੁਰ ਵਾਲੇ ਪਾਸਿਓਂ ਹੋਏ ਹਮਲਿਆਂ ਨੂੰ ਰੋਕਣਾ ਸੀ। ਇੱਥੋਂ ਕੰਧਾਂ ’ਤੇ ਚੜ੍ਹ ਕੇ ਕੋਟ ਕਹਿਲੂਰ ਤੇ ਨਿਗ੍ਹਾ ਰੱਖੀ ਜਾ ਸਕਦੀ ਸੀ। 1985 ਤਕ ਇੱਥੇ ਕੋਈ ਗੁਰਦੁਆਰਾ ਨਹੀਂ ਸੀ, ਸਿਰਫ਼ ਇਕ ਬਾਉਲੀ ਸੀ। ਹੁਣ ਕਾਰ ਸੇਵਾ ਵਾਲਿਆਂ ਨੇ ਇੱਥੇ ਸ਼ਾਨਦਾਰ ਗੁਰਦੁਆਰਾ ਉਸਾਰ ਦਿੱਤਾ ਹੈ। ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਇੱਥੇ ਗੁਰੂ ਸਾਹਿਬਾਨ ਪ੍ਰਤੀ ਸਤਿਕਾਰ ਤੇ ਸਨਮਾਨ ਪ੍ਰਗਟ ਕਰਨ ਲਈ ਆਉਂਦੇ ਹਨ। ਹਰ ਸਾਲ ਵਿਸਾਖੀ ਅਤੇ ਹੋਲੇ ਮੁਹੱਲੇ ਨੂੰ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਦੇਸ਼- ਵਿਦੇਸ਼ ’ਚੋਂ ਇੱਥੇ ਦਰਸ਼ਨ ਕਰਨ ਆਉਂਦੇ ਹਨ ਤੇ ਸਿਰ ਝੁਕਾ ਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ।
ਗੁਰਦੁਆਰਾ ਸ਼ਹੀਦੀ ਬਾਗ਼
ਕਿਲ੍ਹਾ ਅਨੰਦਗੜ੍ਹ ਦੇ ਐਨ ਸਾਹਮਣੇ ਪਿੰਡ ਲੋਦੀਪੁਰ ਦੀ ਹੱਦ ਵਿਚ ਕੇਸਗੜ੍ਹ ਤੇ ਅਨੰਦਗੜ੍ਹ ਦੀ ਹੇਠਲੀ ਪਹਾੜੀ ’ਤੇ ਸੜਕ ਕੰਢੇ ਗੁਰਦੁਆਰਾ ਸ਼ਹੀਦੀ ਬਾਗ਼ ਸਥਿਤ ਹੈ। ਇੱਥੇ ਗੁਰੂ ਸਾਹਿਬ ਦਾ ਬਾਗ਼ ਹੁੰਦਾ ਸੀ। ਅਨੰਦਪੁਰ ਸਾਹਿਬ ਦੇ ਘੇਰੇ ਸਮੇਂ ਇੱਥੇ ਕਈ ਸਿੰਘ ਸ਼ਹੀਦ ਹੋਏ, ਜਿਸ ਕਰਕੇ ਇਸ ਦਾ ਨਾਂ ਸ਼ਹੀਦੀ ਬਾਗ਼ ਮਸ਼ਹੂਰ ਹੋ ਗਿਆ।
ਗੁਰੂ ਕਾ ਲਾਹੌਰ
ਅਨੰਦਪੁਰ ਸਾਹਿਬ ਤੋਂ 11 ਕਿਲੋਮੀਟਰ ਅਤੇ ਗੰਗੂਵਾਲ ਤੋਂ 8 ਕਿਲੋਮੀਟਰ ਦੂਰ ‘ਗੁਰੂ ਕਾ ਲਾਹੌਰ’ ਵਸਿਆ ਹੈ। ਇਸ ਦੀ ਨੀਂਹ ਸੰਨ 1677 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੱਖੀ ਸੀ। ਗੁਰੂ ਜੀ ਦਾ ਵਿਆਹ ਇੱਥੇ 21 ਜੂਨ 1677 ਦੇ ਦਿਨ ਹੋਇਆ ਸੀ। ਇੱਥੇ ਚਾਰ ਗੁਰਦੁਆਰੇ ਹਨ।
ਕਿਲ੍ਹਾ ਅਨੰਦਗੜ੍ਹ ਸਾਹਿਬ
ਦਸਮ ਪਿਤਾ ਜੀ ਨੇ ਸਭ ਤੋਂ ਪਹਿਲਾਂ ਸੰਨ 1689 ਵਿੱਚ ਇਹ ਕਿਲ੍ਹਾ ਬਣਾਇਆ ਸੀ। ਇਹ ਰੋਪੜ ਵੱਲੋਂ ਆਉਂਦਿਆਂ ਕੇਸਗੜ੍ਹ ਸਾਹਿਬ ਤੋਂ ਪਹਿਲਾਂ ਸੱਜੇ ਹੱਥ ਹੈ। ਕਿਲ੍ਹਾ ਅਨੰਦਗੜ੍ਹ ਦੁਸ਼ਮਣ ਦੇ ਹਮਲੇ ਦੀ ਸੂਰਤ ਵਿਚ ਬਹੁਤ ਸੁਰੱਖਿਅਤ ਸੀ। ਇੱਥੇ ਹੀ ਗੁਰੂ ਜੀ ਦਾ ਗੋਲਾ ਬਾਰੂਦ ਦਾ ਸਟੋਰ ਸੀ। 1705-06 ’ਚ ਅਜਮੇਰ ਚੰਦ ਦੀਆਂ ਫ਼ੌਜਾਂ ਨੇ ਪੁਰਾਣੀ ਇਮਾਰਤ ਢਾਹ ਦਿੱਤੀ ਸੀ। ਬਾਅਦ ’ਚ ਸਿੱਖਾਂ ਨੇ ਇਹ ਗੁਰਦੁਆਰਾ ਸਾਹਿਬ ਬਣਾ ਲਿਆ। ਜੱਸਾ ਸਿੰਘ ਆਹਲੂਵਾਲੀਆ ਨੇ ਇੱਥੇ ਬਾਉਲੀ ਬਣਾਈ। ਹੁਣ ਵਾਲੀ ਇਮਾਰਤ 1985 ਵਿਚ ਬਣੀ ਹੈ।
Add a review