• Home
  • Search
    • Magazine
    • Places
    • Business Directory
    • Events
Free Listing
Sign in or Register
Free Listing

ਸਰੀਰਕ ਸਜ਼ਾ, ਸਮਾਜ ਅਤੇ ਅਧਿਆਪਕ – I

ਡਾ ਕੁਲਦੀਪ ਸਿੰਘ ਦੀਪ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Social Issues
  • Report an issue
  • prev
  • next
Article

(ਭਾਗ ਪਹਿਲਾ)

ਪਿਛਲੇ ਦਿਨਾਂ ਵਿਚ ਇਕ ਅਧਿਆਪਕ/ਪ੍ਰਿੰਸੀਪਲ ਵੱਲੋਂ ਇਕ ਵਿਦਿਆਰਥਣ ਦੀ ਸਭ ਦੇ ਸਾਹਮਣੇ ਕੀਤੀ ਗਈ ਕੁੱਟ ਦਾ ਮਸਲਾ ਸਭ ਤੋਂ ਹੌਟ ਨਿਊਜ਼ ਰਹੀ ਹੈ। ਮੇਰੀ ਇਸ ਗੱਲ ਵਿਚ ਕੋਈ ਰੁਚੀ ਨਹੀਂ ਕਿ ਉਹ ਲੇਡੀ ਕੌਣ ਸੀ ਤੇ ਉਹ ਕੁੜੀ ਕੌਣ ਸੀ। ਮੇਰੇ ਲਈ ਇਹ ਇਕ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਨਵੇਂ ਸਿਰੇ ਤੋਂ ਸਮਝਣ ਦਾ ਮਸਲਾ ਹੈ। ਕਿਉਂਕਿ ਇਹ ਕੋਈ ਇਕ ਘਟਨਾ ਨਹੀਂ ਹੈ, ਅਕਸਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਬਹੁਤ ਸਾਰੀਆਂ ਜਮਾਤਾਂ ਦੇ ਕਮਰੇ ਜਾਂ ਸਕੂਲ ਕੰਪਲੈਕਸ ਤਕ ਸੀਮਤ ਰਹਿ ਜਾਂਦੀਆਂ ਹਨ ਤੇ ਕੁਝ ਕੁ ‘ਭਰੋਸੇਯੋਗ ਸੂਤਰਾਂ’ ਜਾਂ ਮੀਡੀਆ ਰਾਹੀਂ ਬਾਹਰ ਆ ਜਾਂਦੀਆਂ ਹਨ। ਸਿੱਧਾ ਤੇ ਸਪਸ਼ਟ ਸੁਆਲ ਹੈ ਕਿ

  1. ਕੀ ਇੰਜ ਸਭ ਦੇ ਸਾਹਮਣੇ ਅਧਿਆਪਕ ਨੂੰ ਇੰਜ ਵਿਦਿਆਰਥੀ ਨੂੰ ਕੁੱਟਣਾ ਚਾਹੀਦਾ ਹੈ ਜਾਂ ਨਹੀਂ?
  2. ਇਹ ਸਜ਼ਾ ਦਾ ਕਿਹੜਾ ਰੂਪ ਹੈ?
  3. ਕੀ ਕਿਸੇ ਮਸਲੇ ਨੂੰ ਹੱਲ ਕਰਨ ਦਾ ਇਹੋ ਹੱਲ ਹੁੰਦਾ ਹੈ?

ਜੇ ਅਸੀਂ ਇਸ ਮਸਲੇ ਦੇ ਵਡੇਰੇ ਸੰਦਰਭਾਂ ਨੂੰ ਦੇਖੀਏ ਤਾਂ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਸਕੂਲ, ਕਾਲਜ, ਵਿਦਿਅਕ ਅਦਾਰੇ ਜਾਂ ਹੋਰ ਸਮਾਜਿਕ ਅਦਾਰੇ ਸਮਾਜ ਦਾ ਹੀ ਝਲਕਾਰਾ ਹੁੰਦੇ ਹਨ। ਸਮਾਜ ਦੀ ਮਾਨਸਿਕਤਾ ਹੀ ਇਨ੍ਹਾਂ ਸਾਰੇ ਅਦਾਰਿਆਂ ਵਿਚ ਕੰਮ ਕਰਦੇ ਲੋਕਾਂ ਵਿਚ ਝਲਕਦੀ ਹੈ। ਹਰ ਸਮਾਜ ਦਾ ਇਕ ਸਭਿਆਚਾਰਕ ਅਵਚੇਤਨ ਹੁੰਦਾ ਹੈ, ਜਿਸ ਵਿਚੋਂ ਜੋ ਕੁਝ ਨਿਕਲਦਾ ਹੈ, ਉਹ ਕਿਸੇ ਇਕ ਬੰਦੇ ਦਾ ਨਿੱਜੀ ਘੱਟ ਹੁੰਦਾ ਹੈ, ਉਸ ਸਮਾਜ ਵਿਚ ਪੈਦਾ ਹੋਈ ਸਦੀਆਂ ਦੀ ਮਾਨਸਿਕਤਾ ਦਾ ਝਲਕਾਰਾ ਵੱਧ ਹੁੰਦਾ ਹੈ। ਸਾਡੇ ਸਭਿਆਚਾਰ ਵਿਚ ਕੁਝ ਧਾਰਨਾਵਾਂ ਹਨ :
ਬੰਦਾ ਬਣਾਉਣਾ
ਸਿੱਧਾ ਕਰਨਾ
ਸਬਕ ਸਿਖਾਉਣਾ

ਸਦੀਆਂ ਤੋਂ ਜਰਵਾਣਿਆਂ ਦੇ ਨਿਜ਼ਾਮ ਵਿਚ ਵਿਚਰਦਿਆਂ ਅਸੀਂ ਫ਼ੌਜ, ਪੁਲਿਸ ਜਾਂ ਉਨ੍ਹਾਂ ਦੇ ਗੁੰਡਾ ਤੰਤਰ ਵੱਲੋਂ ਬੰਦਿਆਂ ਨੂੰ ਬੰਦਾ ਬਣਾਉਣ ਦਾ, ਸਿੱਧਾ ਕਰਨ ਦਾ, ਜਾਂ ਸਬਕ ਸਿਖਾਉਣ ਦਾ ਇੱਕੋ ਹੀ ਮੰਤਰ ਦੇਖਿਆ ਹੈ, ਹੰਢਾਇਆ ਹੈ ਜਾਂ ਲਾਗੂ ਕੀਤਾ ਹੈ। ਉਹ ਹੈ : ਬੇਦਰਦੀ ਨਾਲ ਦਿੱਤੀ ਸਰੀਰਕ ਸਜ਼ਾ। ਮੁਢਲੇ ਦੌਰ ਵਿਚ ਮਾਲਕ ਆਪਣੇ ਦਾਸਾਂ ਨੂੰ ਇੰਜ ਹੀ ਸਿੱਧੇ ਕਰਦੇ ਸੀ, ਫਿਰ ਜਗੀਰਦਾਰ ਆਪਣੇ ਮੁਜ਼ਾਰਿਆਂ ਨੂੰ ਇੰਜ ਹੀ ਬੰਦੇ ਬਣਾਉਂਦੇ ਸਨ ਅਤੇ ਹੁਕਮਰਾਨ ਘਟੀਆ ਤੋਂ ਘਟੀਆਂ ਤੇ ਜ਼ਲਾਲਤ ਭਰੀ ਸਜ਼ਾ ਦੇ ਕੇ ਆਪਣੀ ਈਨ ਮਨਾਉਂਦੇ ਸਨ। ਦੁਨੀਆ ਭਰ ਦਾ ਜੰਗਾਂ ਦਾ ਇਤਿਹਾਸ, ਦੰਗੇ-ਫ਼ਸਾਦਾਂ ਤੇ ਹੱਲਿਆਂ ਦਾ ਇਤਿਹਾਸ, ਹੁਕਮਰਾਨਾਂ ਵੱਲੋਂ ਪਰਜਾ ਦੁਆਰਾ ਹੁਕਮ ਅਦੂਲੀਆਂ ਕਰਨ ਤੇ ਜੇਲ੍ਹਾਂ ਵਿਚ ਦਿੱਤੇ ਤਸੀਹਿਆਂ ਦਾ ਇਤਿਹਾਸ, ਜੇਲ੍ਹਾਂ ਤੋਂ ਬਾਹਰ ਜਨਤਕ ਇਕੱਠਾਂ ਵਿਚ ਸ਼ਰੇਆਮ ਕਤਲ ਕਰਨ, ਜ਼ਮੀਨ ਵਿਚ ਗੱਡ ਦੇਣ, ਚਰਖੜੀਆਂ ਤੇ ਚਾੜ੍ਹਨ, ਪੋਟਾ ਪੋਟਾ ਕੱਟ ਦੇਣ ਦਾ ਇਤਿਹਾਸ ਇਸੇ ਤੱਥ ਦੀ ਗਵਾਹੀ ਭਰਦਾ ਹੈ। ਯਾਦ ਕਰੋ ਜਦ ਜਨਰਲ ਡਾਇਰ ਦੇ ਹੁਕਮਾਂ 'ਤੇ ਅੰਮ੍ਰਿਤਸਰ ਦੀ ਕੂਚਿਆਂ ਵਾਲੀ ਗਲੀ ਵਿਚ ਰਹਿਣ ਵਾਲੇ ਲੋਕਾਂ ਨੂੰ ਕੂਹਣੀਆਂ ਪਰਨੇ ਰੁੜ੍ਹਦਿਆਂ ਤੇ ਢਿੱਡ ਘਸਰਾ ਕੇ ਤੁਰਦਿਆਂ ਆਪਣੇ ਘਰਾਂ ਤੱਕ ਜਾਣਾ ਪਿਆ ਸੀ। ਸੰਤਾਲੀ ਵਿਚ ਵਾਪਰੇ ਰੌਲ਼ਿਆਂ ਤੇ ਉਸ ਤੋਂ ਬਾਅਦ ਕਦੇ ਅੱਤਵਾਦੀਆਂ ਦੇ ਨਾਂ 'ਤੇ ਕਦੇ ਨਕਸਲੀਆਂ ਦੇ ਨਾਂ 'ਤੇ ਕਿਤੇ ਹੁਣ ਵੀ ਯੂ.ਪੀ. ਬਿਹਾਰ ਵਿਚ ਪੁਲਿਸ ਰਾਹੀਂ ਹੋ ਰਹੇ ਇਨਕਾਉਂਟਰਾਂ ਦੇ ਨਾਂ 'ਤੇ ਸਜ਼ਾ ਦਾ ਕਿਹੜਾ ਮਨੋਵਿਗਿਆਨਕ ਤਰੀਕਾ ਸਿਖਾਇਆ ਜਾਂਦਾ ਹੈ? ਫਿਰ ਅਧਿਆਪਕ ਦੇ ਅਵਚੇਤਨ ਵਿਚ ਇਹ ਸਾਰਾ ਕੁਝ ਕਿੱਦਾਂ ਨਹੀਂ ਆਏਗਾ? ਸਾਡੇ ਮਾਪੇ ਵੀ ਸਕੂਲ ਵਿਚ ਜਾ ਕੇ ਨਿਆਣੇ ਦਾ ਕੰਨ ਮਾਸਟਰ ਨੂੰ ਫੜਾ ਕੇ ਇਹੋ ਕਹਿ ਕੇ ਆਉਂਦੇ ਸਨ :

ਮਾਸਟਰ ਜੀ ਜੇ ‘ਤਿਰੜ-ਫਿਰੜ’ ਕੀਤੀ ਤਾਂ ਬੰਦਾ ਬਣਾ ਦਿਓ..ਗਿੱਟੇ ਛਾਂਗ ਦਿਓ…ਤੁਹਾਨੂੰ ਉਲਾਂਭਾ ਨਹੀਂ ਆਏਗਾ।

ਤੇ ਅਧਿਆਪਕ ਮਾਪਿਆਂ ਵੱਲੋਂ ਦਿੱਤੀ ਇਸ ‘ਵੀਟੋ ਪਾਵਰ’ ਨਾਲ ਗੱਦ ਗੱਦ ਹੋ ਜਾਂਦਾ ਸੀ ਤੇ ਉਸ ਨੂੰ ਗਿੱਟੇ ਛਾਂਗਣ ਦਾ ਲਾਇਸੰਸ ਮਿਲ ਜਾਂਦਾ ਸੀ। 

ਬਹੁਤ ਅਧਿਆਪਕ ਤੇ ਬਹੁਤ ਵਿਦਿਆਰਥੀ ਅੱਜ ਵੀ ਹੁੱਬ ਹੁੱਬ ਕੇ ਦੱਸਦੇ ਨੇ ਕਿ ਦੇਖੋ ਜੀ ਜੇਕਰ ਸਾਡੇ ‘ਪਈਆਂ ਸੀ’ ਤਾਂ ਅੱਜ ਦੇਖ ਲਉ ‘ਕੁਝ ਬਣੇ ਬੈਠੇ’ ਹਾਂ। ਇਹ ਸਾਰੇ ‘ਕੁਝ ਬਣੇ ਬੈਠੇ ਹੋਏ’ ਆਪਸ ਵਿਚ ਇਕ ਦੂਜੇ ਨਾਲ ਇਹ ਗੱਲਾਂ ਕਰਦੇ ਹਨ ਤੇ ਇਕ ਦੂਜੇ ਦੀ ਪਿੱਠ ਥਾਪੜਦੇ ਹਨ, ਪਰ ਇਸ ਜ਼ਾਲਮਾਨਾ ਕੁੱਟ ਦੇ ਉਨ੍ਹਾਂ ਲੱਖਾਂ ‘ਸ਼ਹੀਦਾਂ’ ਨੂੰ ਕੋਈ ਯਾਦ ਨਹੀਂ ਕਰਦਾ, ਜਿਹੜੇ ਇਸ ਕੁੱਟ ਕਾਰਨ ਸਕੂਲ ਹੀ ਛੱਡ ਗਏ। ਜੇ ‘ਕੁਝ’ ਬਣਨ ਵਾਲਿਆਂ ਦੀ ਗਿਣਤੀ ਬਹੁਤ ਹੈ ਤਾਂ ਜ਼ਿੰਦਗੀ ਦੀ ਰੇਸ ਵਿਚੋਂ ਬਾਹਰ ਨਿਕਲਣ ਵਾਲਿਆਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਹੈ। ਜੇ ਪਹਿਲੀ ਜਮਾਤ ਵਿਚ 100 ਬੱਚੇ ਦਾਖਲ ਹੁੰਦੇ ਹਨ ਤਾਂ ਦਸਵੀਂ ਬਾਰ੍ਹਵੀਂ ਤੱਕ 10 ਤੋਂ 20 ਕੁ ਰਹਿ ਜਾਂਦੇ ਸਨ। ਬਾਕੀ 80 ਸਿੱਖਿਆ ਦੇ ਰੂਪ ਵਿਚ ਜ਼ਿੰਦਗੀ ਤੋਂ ਬੇਦਾਵਾ ਲਿਖ ਕੇ ਮੁੜੇ ‘ਸ਼ਹੀਦਾਂ’ ਨੂੰ ਕੋਈ ‘ਸ਼ਰਧਾਂਜਲੀ ਨਹੀਂ ਦਿੰਦਾ। ਭਾਵੇਂ ਇਸ ਦੇ ਪਿੱਛੇ ਕੁੱਟ ਤੋਂ ਬਿਨਾਂ ਕੋਈ ਹੋਰ ਕਾਰਨ ਵੀ ਹੁੰਦੇ ਹਨ।

ਜਾਗੀਰਦਾਰੀ ਯੁੱਗ ਬਦਲ ਗਿਆ, ਜੀਵਨ ਜਾਚ ਬਦਲ ਗਈ, ਮੁਜਰਮਾਂ ਨੂੰ ਸਜ਼ਾ ਦੇਣ ਦਾ ਮਕਸਦ ਬਦਲ ਗਿਆ, ਜੇਲ੍ਹਾਂ ਸਥਾਪਤ ਕਰਨ ਦਾ ਮਨੋਵਿਗਿਆਨ ਬਦਲ ਗਿਆ, ਅਪਰਾਧੀ ਤੋਂ ਅਪਰਾਧ ਉਗਲਾਉਣ ਲਈ ਨਾਰਕੋ ਟੈਸਟ ਵਰਗੇ ਕਿੰਨੇ ਹੀ ਹੋਰ ਮਨੋਵਿਗਿਆਨਕ ਤਰੀਕੇ ਆ ਗਏ, ਪਰ ਸਾਡਾ ‘ਕੁੱਤਾ’ ਅਜੇ ਉੱਥੇ ਹੀ ਫਸਿਆ ਹੋਇਆ ਹੈ। ਸਾਡਾ ਸਜ਼ਾ ਦੇਣ ਦਾ ਉਦੇਸ਼ ਕੀ ਹੋਣਾ ਚਾਹੀਦਾ ਹੈ :

·    ਦਹਿਸ਼ਤ ਪੈਦਾ ਕਰਕੇ ਬੱਚੇ ਨੂੰ ਭਜਾ ਦੇਣਾ? ਬੱਸ ਫਿਰ ਚੋਰ ਲੱਗੇ ਨਾ ਕੁੱਤਾ ਭੌਂਕੇ। ਭਾਵ ਜਦ ਬੱਚਾ ਸਕੂਲ ਵਿਚ ਰਿਹਾ ਹੀ ਨਾ ਫੇਰ ਨਾ ਹਾਜ਼ਰ ਹੋਣ ਦੀ ਟੈਂਸਨ ਨਾ ਰਿਜ਼ਲਟ ਦੀ।
·    ਆਪਣੀ ਈਗੋ ਨੂੰ ਸੰਤੁਸ਼ਟ ਕਰਨਾ ਤੇ ਬੱਚੇ ਨੂੰ ਕੁੱਟ ਕੇ ਆਪਣੇ ਅੰਦਰ ਹੀਰੋਸ਼ਿਪ ਪੈਦਾ ਕਰਨਾ ਅਤੇ ਇਹ ਕਹਿਣਾ ਕਿ ‘ਦੇਖਿਆ ਕਰ ਦਿੱਤਾ ਨਾ ਸਿੱਧਾ ਤੱਕਲ਼ੇ ਵਾਂਗੂ’?
·    ਅਧਿਆਪਕ ਨੇ ਆਪਣੇ ਵਿਅਕਤੀਤਵ ਦਾ ਭੈਅ ਪੈਦਾ ਕਰਕੇ ਬੱਚਿਆਂ ਨੂੰ ਚੁੱਪ ਕਰਾਉਣ ਤੇ ਅਨੁਸ਼ਾਸਨ ਪੈਦਾ ਕਰਨ ਦਾ ਭਰਮ ਸਿਰਜਣਾ?
·    ਜਾਂ ਫਿਰ ਸੱਚਮੁੱਚ ਉਸ ਦੇ ਕਿਰਦਾਰ ਵਿਚ ਸੁਧਾਰ ਕਰਨਾ?
ਜੇ ਉਦੇਸ਼ ਸੁਧਾਰ ਕਰਨਾ ਹੀ ਹੈ ਤਾਂ ਵੀ ਦੋ ਦਿਸ਼ਾਵਾਂ ਹਨ :
·    ਦਹਿਸ਼ਤ ਪਾ ਕੇ ਸੁਧਾਰ ਕਰਨਾ
·    ਪ੍ਰੇਰਿਤ ਕਰਕੇ ਸੁਧਾਰ ਕਰਨਾ

ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁਝ ਅਧਿਆਪਕ ਪਹਿਲਾਂ ਵੀ ਪ੍ਰੇਰ ਕੇ ਵਿਹਾਰ ਵਿਚ ਤਬਦੀਲੀ ਲਿਆਉਣ ਵਾਲੇ ਹੁੰਦੇ ਸਨ। ਅੱਜ ਦੇ ਦੌਰ ਵਿਚ ਇਨ੍ਹਾਂ ‘ਕੁਝ’ ਦੀ ਗਿਣਤੀ ਕਾਫ਼ੀ ਵਧੀ ਹੈ, ਪਰ ਅੱਜ ਵੀ ‘ਜੂਤ ਫੇਰ ਕੇ’ ਤੇ ‘ਗੁਤਨੀਆਂ ਪੁੱਟ ਕੇ’ ਬੰਦਾ ਬਣਾਉਣ ਵਾਲੇ ਲੋਕਾਂ ਦੀ ਗਿਣਤੀ ਖ਼ਤਮ ਨਹੀਂ ਹੋਈ।

ਇਸ ਦਾ ਇਕ ਹੋਰ ਕਾਰਨ ਵੀ ਹੈ। ਇਸ ਨੂੰ ਮਨੋਵਿਗਿਆਨ ਦੀ ਭਾਸ਼ਾ ਵਿਚ ‘ਦੁਸ਼ਟਤਾ ਦਾ ਗੇੜ’ (vicious circle) ਕਿਹਾ ਜਾਂਦਾ ਹੈ। ਇਹ ਕੀ ਹੈ? ਆਓ ਇਕ ਉਦਾਹਰਣ ਰਾਹੀਂ ਸਮਝਦੇ ਹਾਂ। ਮੰਤਰੀ ਤੋਂ ਝਾੜਾਂ ਪੈਣ ਤੋਂ ਬਾਅਦ ਅੱਕੇ ਹੋਏ ਐਸ.ਐਸ.ਪੀ. ਨੇ ਥਾਣੇਦਾਰ ਦੀ ‘ਲਾਹ-ਪਾਹ’ ਕਰ ਦਿੱਤੀ। ਉਸ ਨੂੰ ਉਹ ਕਰਾਰੀਆਂ-ਕਰਾਰੀਆਂ ਸੁਣਾਈਆਂ ਕਿ ਥਾਣੇਦਾਰ ਨੂੰ ਧਰਤੀ ਵਿਹਲ ਨਾ ਦੇਵੇ। ਥਾਣੇਦਾਰ ਨੇ ਅੱਗਿਓਂ ਸਿਪਾਹੀਆਂ ਦੀ ‘ਰੇਲ’ ਬਣਾ ਦਿੱਤੀ ਤੇ ਹੁਣੇ ਕਾਰਵਾਈ ਕਰਨ ਲਈ ਕਿਹਾ। ਸਿਪਾਹੀਆਂ ਨੇ ਨਾਕਾ ਲਾ ਦਿੱਤਾ ਤੇ ਇਕ ਮੋਟਰਸਾਈਕਲ 'ਤੇ ਆ ਰਹੇ ਤਿੰਨ ਜਣਿਆਂ ਨੂੰ ਰੋਕਿਆ ਤੇ ਡਰਾਈਵਰ ਨੂੰ ‘ਗਿੱਲੀਆਂ-ਗਿੱਲੀਆਂ ਗਾਲ੍ਹਾਂ’ਕੱਢੀਆਂ ਤੇ ਦੋ ਕੁ ਚੁਪੇੜਾਂ ਬੋਨਸ ‘ਚ ਧਰ ਦਿੱਤੀਆਂ। ਡਰਾਈਵ ਕਰ ਰਹੇ ਮੁੰਡੇ ਨੂੰ ਬਹੁਤ ਬੇਇੱਜ਼ਤੀ ਮਹਿਸੂਸ ਹੋਈ ਤੇ ਉਹਨੇ ਸਿਪਾਹੀ ਨੂੰ ਕਿਹਾ, “ਮੇਰੇ ਤਾਂ ਮਾਰ ਗਿਆ ਪਰ ਤੂੰ ਮੇਰੇ ਆਹ ਦੋਨਾਂ ਆੜੀਆਂ ਦੇ ਹੱਥ ਲਾ ਕੇ ਦਿਖਾ।” ਸਿਪਾਹੀਆਂ ਨੇ ਉਨ੍ਹਾਂ ਦੇ ਵੀ ਧਰ ਦਿੱਤੀਆਂ ਤੇ ਕਹਿੰਦੇ : ਆਹ ਚੱਕ…ਹੁਣ ਦੱਸ ਕੀ ਕਰੇਂਗਾ? ਕਹਿੰਦਾ : ਕਰਨਾ ਕੀ ਹੈ ਹੁਣ ਇਹ ਕਿਸੇ ਕੋਲ ਜਾ ਕੇ ਇਹ ਤਾਂ ਨਹੀਂ ਕਹਿਣਗੇ ਕਿ ਮੇਰੇ ‘ਕੱਲੇ ਦੇ ਪਈਆਂ ਸੀ। ਕੁੱਟ ਖਾ ਕੇ ਤਿੰਨੇ ਘਰ ਜਾਂਦੇ ਹਨ। ਘਰ ਜਾਂਦੇ ਹੀ ਬਹਾਨਾ ਜਿਹਾ ਬਣਾ ਕੇ ਪਤਨੀ ਦੇ ਹੱਡ ਸੇਕ ਦਿੰਦੇ ਹਨ ਤੇ ਪਤਨੀ ਨਿਆਣਿਆਂ ਦੀਆਂ ਗੱਲ੍ਹਾਂ ਸੁਜਾ ਦਿੰਦੀ ਹੈ ਤੇ ਤੇ ਵੱਡੇ ਨਿਆਣੇ ਨਿੱਕਿਆਂ ਤੇ ਖਰੀ ਕਰ ਲੈਂਦੇ ਹਨ ਤੇ ਨਿੱਕੇ ਰੋਂਦੇ ਹੋਏ ਧਰਤੀ 'ਤੇ ਲਿਟ ਕੇ ਸਬਰ ਦਾ ਘੁੱਟ ਭਰ ਲੈਂਦੇ ਹਨ। ਇਹ ਹੈ ‘ਦੁਸ਼ਟਤਾ ਦਾ ਗੇੜ’ ਜਿਸ ਦੇ ਤਹਿਤ ਇਕ ਅੱਕਿਆਂ ਹੋਇਆ ਬੰਦਾ ਆਪਣੀ ਖਿਝ ਆਪਣੇ ਜੂਨੀਅਰ 'ਤੇ ਕੱਢਦਾ ਹੈ। ਸਕੂਲਾਂ ਵਿਚ ਬਹੁਤ ਵਾਰੀ ਬੱਚੇ ਇਸ ਦੁਸ਼ਟਤਾ ਦੇ ਗੇੜ ਦਾ ਸ਼ਿਕਾਰ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਬੱਚਿਆਂ ਦੀ ‘ਥਪੜ-ਪਰੇੜ’ ਤੇ ਪੇਪਰਾਂ ਦੀ ਮਾਰਕਿੰਗ ਬਹੁਤ ਹੱਦ ਤੱਕ ਅਧਿਆਪਕਾਂ ਦੇ ਘਰ ਦੇ ਮੂਡ 'ਤੇ ਨਿਰਭਰ ਕਰਦੀ ਹੈ।

ਅੱਜ ਕੱਲ੍ਹ ਸਾਰੇ ਵਿਭਾਗਾਂ ਵਿਚ ਇਹ ਦੁਸ਼ਟਤਾ ਦਾ ਚੱਕਰ ਚੱਲ ਰਿਹਾ ਹੈ। ਸੰਵਾਦ ਤੇ ਸੁਝਾਅ ਕਿਤੇ ਨਹੀਂ ਹਨ, ਜੇ ਹੈ ਤਾਂ ਸਿਰਫ਼ ਕਮਾਂਡ ਤੇ ਬੱਸ ਕਮਾਂਡ। ਸਭ ਤੋਂ ਵੱਡੇ ਅਧਿਕਾਰੀ ਆਪਣੇ ਖ਼ੁਸ਼ਾਮਦਾਂ ਦੇ ਵਿਚਕਾਰ ਏਨੇ ਕੁ ਘਿਰੇ ਹੁੰਦੇ ਹਨ ਕਿ ਉਹ ਖ਼ੁਸ਼ਾਮਦੀ ਟੋਲਾ ਕੋਈ ਫੀਡ ਬੈਕ ਉਸ ਕੋਲ ਜਾਣ ਹੀ ਨਹੀਂ ਦਿੰਦਾ ਅਤੇ ਨਾ ਹੀ ਬਹੁਤੇ ਅਫ਼ਸਰ ਆਪਣੇ ਮਾਤਹਿਤਾਂ ਤੋਂ ਕੋਈ ਸਲਾਹ ਲੈਣੀ ਹੀ ਚਾਹੁੰਦੇ ਹਨ। ਜਦ ਕਿਸੇ ਬੰਦੇ ਨੂੰ ‘ਸਰਬ ਗਿਆਤਾ’ ਹੋਣ ਦਾ ਅਤੇ ਆਪਣੀ ਆਲੋਚਨਾ ਨਾ ਸੁਣਨ ਦਾ ਝੱਲ ਵੱਜ ਜਾਂਦਾ ਹੈ ਤਾਂ ਇਹ ਉਸ ਲਈ ਵੀ ਤੇ ਸਮਾਜ ਲਈ ਵੀ ਸਭ ਤੋਂ ਵੱਧ ਘਾਤਕ ਹੁੰਦਾ ਹੈ। ਅਜਿਹੇ ਲੋਕ ਕਈ ਵਾਰ ਏਨੇ ਵੱਡੇ ਨੁਕਸਾਨ ਕਰ ਜਾਂਦੇ ਹਨ ਕਿ ਕਈ ਪੀੜ੍ਹੀਆਂ ਉਸ ਦਾ ਘਾਟਾ ਭੁਗਤਦੀਆਂ ਰਹਿੰਦੀਆਂ ਹਨ। ਜਦ ਮਾਹੌਲ ਸਿਰਫ਼ ਕਮਾਂਡ ਜਾਂ ਉਪਦੇਸ਼ ਜਾਂ ਹੁਕਮ ਦਾ ਹੋਵੇ ਤਾਂ ਫਿਰ ਉੱਪਰ ਤੋਂ ਥੱਲੇ ਤੱਕ ਕਮਾਂਡ ਦੇ ਰੂਪ ਵਿਚ ਦੁਸ਼ਟਤਾ ਦਾ ਵੱਖਰੀ ਕਿਸਮ ਦਾ ਗੇੜ ਚੱਲ ਪੈਂਦਾ ਹੈ। ਕੋਈ ਵੀ ਵਿਚਕਾਰਲੀ ਕੜੀ ਉੱਪਰਲੇ ਨੂੰ ਸਵਾਲ ਕਰਨ ਦੀ ਬਜਾਏ ਹੇਠਲੇ 'ਤੇ ਦਬਾਅ ਬਣਾਉਂਦੀ ਹੈ ਕਿ ਉਹ ਬਿਨਾਂ ਕਿਸੇ ਹੀਲ-ਹੁੱਜਤ ਦੇ ਕਮਾਂਡ ਸਵੀਕਾਰ ਕਰੇ ਤੇ ਰੋਬੋਟ ਬਣ ਜਾਵੇ। ਕਿਉਂਕਿ ਕੋਈ ਵੀ ਕਮਾਂਡ ਬਿਲਕੁਲ ਹੇਠਲੇ ਪੱਧਰ 'ਤੇ ਜਾ ਕੇ ਲਾਗੂ ਹੋਣੀ ਹੁੰਦੀ ਹੈ ਤੇ ਉਸ ਦਾ ਖ਼ਮਿਆਜ਼ਾ ਵੀ ਹੇਠਲੇ ਪੱਧਰ 'ਤੇ ਵਿਚਰਨ ਵਾਲੇ ਲੋਕਾਂ ਨੂੰ ਹੀ ਝੱਲਣਾ ਪੈਂਦਾ ਹੈ, ਇਸ ਲਈ ਉੱਪਰਲੇ ਗ਼ਲਤ ਕਮਾਂਡ ਦੇ ਕੇ ਵੀ ਹਰ ਵਾਰ ਬਰੀ ਹੋ ਜਾਂਦੇ ਹਨ ਤੇ ਗਾਜ਼ ਹੇਠਲਿਆਂ 'ਤੇ ਡਿਗ ਪੈਂਦੀ ਹੈ।
ਸਿੱਖਿਆ ਦੇ ਗਲਿਆਰਿਆਂ ਵਿਚ ਸਮੁੱਚੇ ਭਾਰਤ ਵਿਚ ਇੰਜ ਹੀ ਵਾਪਰ ਰਿਹਾ ਹੈ। ਸੱਤਾ ਗ਼ਲਤ ਸਿੱਖਿਆ ਨੀਤੀ ਬਣਾਉਂਦੀ ਹੈ, ਅਫ਼ਸਰ ਤੇ ਨੇਤਾ ਉਸ ਨੂੰ ਲਾਗੂ ਕਰਦੇ ਹਨ ਤੇ ਖ਼ਮਿਆਜ਼ਾ ਹੇਠਲੇ ਪੱਧਰ 'ਤੇ ਕੰਮ ਕਰਨ ਵਾਲੇ ਅਧਿਆਪਕ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਭੁਗਤਦੇ ਹਨ। ਅਧਿਆਪਕ ਦਾ ਖਿਝ, ਗ਼ੁੱਸਾ, ਚਿੜਚਿੜਾਪਣ, ਕਮਾਂਡ, ਹੁਕਮ ਦੇਣ ਦੀ ਮਾਨਸਿਕਤਾ ਤੇ ਸਿੱਧੇ ਕਰਨ ਵਾਲੀ ਸਜ਼ਾ ਦੇਣ ਦਾ ਵਰਤਾਰਾ ਇਸ ਸਮਾਜਿਕ ਵਾਤਾਵਰਨ ਦੀ ਹੀ ਦੇਣ ਹੁੰਦਾ ਹੈ।

ਇਸ ਲਈ ਜਦ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਅਸੀਂ ਸਿਰਫ਼ ਉਸ ਘਟਨਾ ਦੇ ਪਾਤਰਾਂ ਨੂੰ ਨਿਸ਼ਾਨਾ ਬਣਾ ਕੇ ਮਸਲੇ ਦੀ ਸਮਾਜਿਕਤਾ ਨੂੰ ਛੱਡ ਦਿੰਦੇ ਹਾਂ। ਜਦ ਕਿਸੇ ਰੇਪਿਸਟ ਨੂੰ ਫਾਂਸੀ ਹੁੰਦੀ ਹੈ ਤਾਂ ਬਹੁਤ ਸਾਰੇ ਉਹ ਲੋਕ ਜੋ ਕਿਸੇ ਨਾ ਕਿਸੇ ਰੂਪ ਵਿਚ ਸਮਾਜ ਵਿਚ ਰੇਪ ਮਾਨਸਿਕਤਾ ਦਾ ਨਿਰਮਾਣ ਕਰਦੇ ਹਨ, ਉਹ ਸੁੱਖ ਦਾ ਸਾਹ ਲੈਂਦੇ ਹਨ ਕਿ ਚੱਲ ਸਾਡੇ ਵੱਲ ਉਂਗਲ ਨਹੀਂ ਉੱਠੀ। ਇਸੇ ਤਰ੍ਹਾਂ ਜਦ ਵਿਦਿਅਕ ਅਦਾਰਿਆਂ ਵਿਚ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਅਸੀਂ ਉਸ ਦੇ ਵੱਡੇ ਪਸਾਰਾਂ 'ਤੇ ਇਸ ਕਰਕੇ ਚਰਚਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਸ ਵਿਚ ਕਿਸੇ ਨਾ ਕਿਸੇ ਰੂਪ ਵਿਚ ਇਕ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਘੱਟ ਜਾਂ ਵੱਧ ਅਸੀਂ ਵੀ ਜ਼ਿੰਮੇਵਾਰ ਹੁੰਦੇ ਹਾਂ। ਇਸ ਲਈ ਅਸੀਂ ਅਜਿਹੇ ਮਾਮਲਿਆਂ ਨੂੰ ਦੱਬਣ ਦੇ ਜਾਂ ਇਕ ਲਾਂਭੇ ਕਰਨ ਦੇ ਬਹੁਤ ਸਾਰੇ ਤਰਕ ਲੱਭ ਲੈਂਦੇ ਹਾਂ। ਇਸ ਮਾਮਲੇ ਵਿਚ ਵੀ ਅਜਿਹੇ ਕਈ ਤਰਕ ਸਾਹਮਣੇ ਆਏ ਹਨ :

·    ਕਿਸੇ ਅਧਿਆਪਕ ਨੇ ਵਿਚੋਂ ਹੀ ਵੀਡੀਓ ਬਣਾ ਕੇ ਸਿੱਖਿਆ ਮਹਿਕਮੇ ਨੂੰ ਬਦਨਾਮ ਕੀਤਾ ਹੈ।
·    ਇਹੋ ਜਿਹੀ ਕੁੱਟ ਪਹਿਲਾਂ ਵੀਹ ਵਾਰ ਪੈਂਦੀ ਸੀ, ਐਵੇਂ ਲੋਕ ‘ਬਾਤ ਦਾ ਬਤੰਗੜ’ ਬਣਾ ਲੈਂਦੇ ਹਨ।
·    ਅਧਿਆਪਕ ਵਿਦਿਆਰਥੀ ਵਿਚ ਮਾਪੇ ਤੇ ਔਲਾਦ ਵਾਲਾ ਰਿਸ਼ਤਾ ਹੁੰਦਾ ਹੈ, ਉਹ ਕੁਝ ਵੀ ਕਰੇ, ਦੂਜਿਆਂ ਨੂੰ ਤਕਲੀਫ਼ ਕਿਉਂ?
·    ਏਨੀ ਕੁ ‘ਛਿਤਰੌਲ’ ਤੋਂ ਬਿਨਾਂ ਨਿਆਣੇ ਕਿੱਥੇ ਠੀਕ ਆਉਂਦੇ ਹਨ।
·    ਕੀ ਵੀਡੀਓ ਦਿਖਾ ਦਿਖਾ ਕੇ ਅਸੀਂ ਉਸ ਕੁੜੀ ਨੂੰ ਹੋਰ ਵੱਧ ਜ਼ਲੀਲ ਨਹੀਂ ਕਰ ਰਹੇ?                                                                 

ਚੱਲਦਾ….(ਅਗਲੇ ਹਫ਼ਤੇ)

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਦਿੱਲੀ ਦੀ ਹਿੱਕ ‘ਤੇ ਝਰੀਟਾਂ

    • ਗੁਰਪ੍ਰੀਤ ਸਿੰਘ
    Nonfiction
    • Social Issues

    ਨਕਲ ਨਹੀਂ ਹੋਣ ਦਿੰਦੀ ਸਫਲ

    • ਹਰਵਿੰਦਰ ਸਿੰਘ ਸੰਧੂ
    Nonfiction
    • Social Issues

    ਸਮਾਜ ਨੂੰ ਤੰਦਰੁਸਤ ਕਲਮਾਂ ਦੀ ਲੋੜ

    • ਸੁਖਮਿੰਦਰ ਸਿੰਘ ਸਹਿੰਸਰਾ
    Nonfiction
    • Social Issues

    ਸੁਪਨੇ, ਗੁਲਾਮੀ ਅਤੇ ਮੁਕਤੀ ਦੇ ਰਾਹ

    • ਡਾ ਕੁਲਦੀਪ ਸਿੰਘ ਦੀਪ
    Nonfiction
    • Social Issues

    ਗ਼ਰੀਬੀ ਖ਼ਤਮ ਹੋ ਰਹੀ ਹੈ ਜਾਂ ਫਿਰ ਗ਼ਰੀਬ?

    • ਕੁਲਦੀਪ ਚੰਦ
    Nonfiction
    • Social Issues

    ਹੋਲੀ ਖੇਡਿਓ, ਪਰ...

    • ਰਾਜਾ ਤਾਲੁਕਦਾਰ
    Nonfiction
    • Social Issues

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link