ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ… ਇਹ ਗੱਲ ਆਪ ਮੁਹਾਰੇ ਹੀ ਲੋਕਾਂ ਦੇ ਮੂੰਹ ਵਿਚੋਂ ਨਿਕਲ ਜਾਂਦੀ ਹੈ, ਉਹ ਕਹਿੰਦੇ ਹਨ ਕਿ ”ਪੁੱਤਰ ਪ੍ਰਮਾਤਮਾ ਦੁਆਰਾ ਬਖਸ਼ਿਸ਼ ਕੀਤੀ ਗਈ ਦਾਤ ਹੈ”। ਜੋ ਔਰਤ ਨੂੰ ‘ਕਿਸਮਤ ਵਾਲੀ’ ਹੋਣ ਦੀ ਕਤਾਰ ਵਿਚ ਲਿਆ ਖੜਾਂ ਕਰਦੀ ਹੈ। ਭਾਵੇਂ ਅੱਜ ਦੇ ਯੁੱਗ ਵਿਚ ਬੇਟਾ ਬੇਟੀ ਵਿਚ ਕੋਈ ਖ਼ਾਸ ਫ਼ਰਕ ਨਹੀਂ ਦੇ ‘ਨਾਹਰੇ’ ਸਟੇਜਾਂ ਉੱਪਰ ਮਾਰੇ ਜਾਂਦੇ ਹਨ, ਪਰ ਫਿਰ ਵੀ ਬਹੁਤ ਸਾਰੇ ਪਰਿਵਾਰਾਂ ਵਿਚ ਅੱਜ ਵੀ ਇਹ ਵਿਤਕਰੇ ਦੀ ਪ੍ਰੰਪਰਾ ਕਾਇਮ ਹੈ ਕਿ ਧੀਆਂ ਬੇਗਾਨਾ ਧਨ ਹੁੰਦੀਆਂ ਹਨ ਅਤੇ ਇਹ ਜਨਮ ਤੋਂ ਲੈ ਕੇ ਮੌਤ ਤੱਕ ਬੇਗਾਨੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਦਾ ਆਪਣਾ ਕੁੱਝ ਵੀ ਨਹੀਂ ਹੁੰਦਾ। ਅੰਤਿਮ ਸਮੇਂ ਦੇ ਲਿਬਾਸ ਲਈ ਵੀ ਇਨ੍ਹਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ ਕਿ ਕਿਧਰੋਂ ਆਵੇਗਾ, ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ?
ਧੀਆਂ ਨਾਲ ਪੁੱਤਰਾਂ ਨਾਲੋਂ ਫ਼ਰਕ ਕੀਤਾ ਜਾਂਦਾ ਹੈ, ਧੀਆਂ ਦੇ ਜਨਮ ਤੇ ਜੋ ਸਭ ਤੋਂ ਪਹਿਲਾਂ ਕੀਤਾ ਜਾਂਦਾ ਹੈ, ਉਹ ਹੈ ‘ਅੱਥਰੂਆਂ ਦਾ ਹੜ੍ਹ ਉਮੜ ਆਉਣਾ’, ਹਰ ਕੋਈ ਅੱਥਰੂ ਵਗਾਉਂਦਾ ਹੈ, ਭਾਵੇਂ ਕੋਈ ਆਪਣਾ ਹੋਵੇ ਜਾਂ ਬੇਗਾਨਾ, ਬੇਟੀ ਦੀ ਮਾਂ ਨੂੰ ਕੋਸਣਾ, ਬੇਟੀ ਨੂੰ ਪੱਥਰ ਦਾ ਦਰਜਾ ਦੇਣਾ ਕਿ ਇੱਕ ਪੱਥਰ ਆ ਡਿੱਗਿਆ। ਕਦਮ ਰੱਖਣ ਤੇ ਉਸ ਮਾਸੂਮ ਨੂੰ ਪਹਿਲੀ ਖ਼ੁਰਾਕ ਹੀ ਇਨ੍ਹਾਂ ਸਭ ਚੀਜ਼ਾਂ ਦੀ ਦਿੱਤੀ ਜਾਂਦੀ ਹੈ ਤੇ ਅਣਭੋਲ ਬੇਟੀ ਆਪਣੇ ਇਸ ਧਰਤੀ ਉੱਪਰ ਪਹਿਲੇ ਕਦਮ ਨੂੰ ਇਸ ਤਰਾਂ ਦੇ ਵਾਰਤਾਲਾਪ ਦੁਆਰਾ ਦਿੱਤਾ ਗਿਆ ਤੋਹਫ਼ਾ ਸਮਝਦੀ ਹੈ। ਪਤਾ ਨਹੀਂ ਇਹ ਧੀਆਂ ਕਿਸ ਮਿੱਟੀ ਦੀਆਂ ਬਣੀਆਂ ਹੁੰਦੀਆਂ ਹਨ। ਇਹ ਕੀ ਹਨ? ਕਿੰਨੇ ਦਰਦ, ਕਿੰਨੀਆਂ ਸੱਧਰਾਂ, ਕਿੰਨੀਆਂ ਖਵਾਇਸ਼ਾਂ ਆਪਣੇ ਅੰਦਰ, ਆਪਣੇ ਸੀਨੇ ਵਿਚ ਛੁਪਾ ਕੇ ਰੱਖਦੀਆਂ ਹਨ।
ਇਹ ਮਰਜਾਣੀਆਂ ਕਿਹਾ ਵੀ ਹੱਸਦੀਆਂ ਨੇ..
ਤੇ ਖ਼ਸਮਾਂ ਨੂੰ ਖਾਣੀਆਂ ਕਿਹਾ ਵੀ ਰੋਂਦੀਆਂ ਨੀ..
ਇਹ ਆਮ ਤੌਰ ਤੇ ਦੇਖਣ ਵਿਚ ਆਉਂਦਾ ਹੈ ਕਿ ਧੀਆਂ ਦਾ ਦਰਜਾ ਪੁੱਤਰਾਂ ਨਾਲੋਂ ਹਮੇਸ਼ਾ ਹੀ ਨੀਵਾਂ ਹੁੰਦਾ ਹੈ। ਧੀ ਨੂੰ ਬੇਗਾਨੀ ਤੇ ਪੁੱਤਰ ਨੂੰ ਆਪਣਾ ਮਾਨ-ਸਨਮਾਨ ਤੇ ਜ਼ਿੰਦਗੀ ਸਮਝਿਆ ਜਾਂਦਾ ਹੈ। ਮਾਪਿਆਂ ਵੱਲੋਂ ਬਹੁਤ ਵਾਰ ਧੀਆਂ ਦੇ ਕੈਰੀਅਰ ਤੱਕ ਨੂੰ ਵੀ ਦਾਅ ‘ਤੇ ਲਾ ਦਿੱਤਾ ਜਾਂਦਾ ਹੈ। ਧੀਆਂ ਜੋ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਉਹ ਨਹੀਂ ਕਰਨ ਦਿੱਤਾ ਜਾਂਦਾ। ਉਨ੍ਹਾਂ ਨੂੰ ਹਮੇਸ਼ਾ ਬੇਗਾਨਾ ਧਨ ਹੀ ਸਮਝਿਆ ਜਾਂਦਾ ਹੈ। ਕੀ ਧੀਆਂ ਦਾ ਆਪਣਾ ਕੁੱਝ ਵੀ ਨਹੀਂ? ਮਾਪਿਆਂ ਦੇ ਘਰ ਵੀ ਧੀਆਂ ਨੂੰ ਬੇਗਾਨਾ ਧਨ ਸਮਝਿਆ ਜਾਂਦਾ ਹੈ। ਮਾਪਿਆਂ ਵੱਲੋਂ ਗੱਲ ਗੱਲ ਉੱਪਰ ਇਹ ਕਿਹਾ ਜਾਂਦਾ ਹੈ, ਧੀ ਨੂੰ ਠੀਕ ਕਰਕੇ ਰੱਖੋਂ, ਇਸ ਨੇ ਬੇਗਾਨੇ ਘਰ ਜਾਣਾ ਹੈ। ਫਿਰ ਐਵੇਂ ਉਲਾਂਭੇ ਦਵਾਏਗੀ। ਜਦੋਂ ਸਹੁਰੇ ਘਰ ਜਾਂਦੀ ਹੈ ਤਾਂ ਉਹ ਵੀ ਉਸ ਤੋਂ ਹਰ ਗੱਲ ਲੁਕਾ ਛੁਪਾ ਕੇ ਕਰਦੇ ਹਨ ਕਿ ਕੀ ਪਤਾ ਬੇਗਾਨੀ ਧੀ ਹੈ, ਕੀ ਸੋਚੂ ਸਾਡੇ ਲਈ, ਐਵੇਂ ਗੱਲਾਂ ਕਰੇਗੀ, ਬਾਹਰ ਜਾ ਕੇ…
ਬਹੁਤ ਦੁੱਖ ਹੁੰਦਾ ਹੈ, ਜੋ ਇਸਤਰੀ ਸਾਰੀ ਉਮਰ ਘਰ ਬਣਾਉਣ ਦੇ ਸੁਪਨੇ ਸਜਾਉਂਦੀ ਹੈ, ਉਹ ਦਿਨ ਰਾਤ ਸਖ਼ਤ ਮਿਹਨਤ ਕਰਦੀ ਹੈ, ਉਸ ਦਾ ਆਪਣਾ ਕੁੱਝ ਵੀ ਨਹੀਂ ਹੁੰਦਾ, ਘਰ ਵਿਚ.. ਮੌਤ ਤੋਂ ਬਾਅਦ ਵੀ ਆਖ਼ਰੀ ਲਿਬਾਸ ਦੀ ਉਡੀਕ ਕਰਨੀ ਪੈਂਦੀ ਹੈ ਕਿ ਕੌਣ ਲਿਆਵੇਗਾ? ਇਹ ਆਖ਼ਰੀ ਕੱਪੜਾ। ਉਸ ਲਈ ਮੰਨਿਆ ਇਸ ਜਹਾਨ ਤੋਂ ਕੋਈ ਇਨਸਾਨ ਬਿਨਾਂ ਕਫ਼ਨ ਨਹੀਂ ਜਾਂਦਾ, ਪਰ ਔਰਤ ਦੀ ਤਰਾਸਦੀ ਹੋਰ ਹੁੰਦੀ ਹੈ, ਉਸ ਨੂੰ ਇੰਤਜ਼ਾਰ ਕਰਨਾ ਪੈਦਾ ਕਿ ਪਿਤਾ ਘਰ ਤੋਂ ਉਸ ਲਈ ਕੱਪੜਾ ਆਵੇ ਤੇ ਫਿਰ ਉਸ ਦੀ ਆਖ਼ਰੀ ਵਿਦਾਈ ਹੋਵੇ… ਕੀ ਉਹ ਇਨਸਾਨ… ਜਿਸ ਦੇ ਘਰ ਉਹ ਆਪਣਾ ਸਾਰਾ ਕੁੱਝ ਛੱਡ ਛਡਾ ਕੇ ਅੱਖਾਂ ਮੀਟ ਕੇ ਉਸ ਦੇ ਮਗਰ ਆ ਗਈ, ਉਹ 2 ਗਜ਼ ਕੱਪੜੇ ਦਾ ਤਰਸੇਵਾਂ ਔਰਤ ਨੂੰ ਕਿਸੇ ਦੀ ਨਹੀਂ ਬਣਨ ਦਿੰਦਾ। ਬਹੁਤ ਵਾਰ ਪਿਤਾ ਮਜਬੂਰ ਹੋ ਜਾਂਦਾ ਹੈ ਜਾਂ ਕਰ ਦਿੱਤਾ ਜਾਂਦਾ ਹੈ ਜਾਂ ਸਮਾਜ ਦੇ ਡਰੋਂ ਆਪਣੀਆਂ ਇੱਛਾਵਾਂ ਦਬਾ ਦਿੰਦਾ ਹੈ । ਧੀਆਂ ਨੂੰ ਬੇਗਾਨਾ ਸਮਝ ਕੇ ਪੁੱਤਰਾਂ ਦੀ ਝੋਲੀ ਪੈ ਜਾਂਦਾ ਹੈ।
ਆਮ ਤੌਰ ਤੇ ਜੋ ਗੱਲ ਦੇਖਣ ਵਿਚ ਆਉਂਦੀ ਹੈ ਕਿ ਪਿਤਾ ਸਾਰੀ ਉਮਰ ਕਾਲੇ ਬਲਦ ਦੀ ਤਰਾਂ ਦਿਨ ਰਾਤ ਅਣਥੱਕ ਮਿਹਨਤ ਕਰਦਾ ਹੈ। ਪੈਸੇ ਕਮਾਉਂਦਾ ਹੈ, ਪੈਸੇ ਜਮਾਂ ਕਰਦਾ ਹੈ। ਦਫ਼ਤਰਾਂ ਵਿਚ ਦਿਨ ਰਾਤ ਇੱਕ ਕਰਦਾ ਹੈ, ਸਖ਼ਤ ਮਿਹਨਤ ਕਰਦਾ ਹੈ ਤੇ ਧੀਆਂ ਦਾ ਵਿਆਹ ਕਰਦਾ ਹੈ। ਹੁਣ ਇੱਥੇ ਜੋ ਸਭ ਤੋਂ ਜ਼ਿਆਦਾ ਦਰਦਨਾਕ ਗੱਲ ਹੈ, ਉਹ ਇਹ ਹੈ ਕਿ ਪਿਤਾ ਬੇਟੀ ਨੂੰ ਸਹੁਰੇ ਘਰ ਤੋਰ ਕੇ ਉਸ ਨੂੰ ਉਨ੍ਹਾਂ ਦੀ ਹੀ ਸਮਝਣ ਲੱਗ ਜਾਂਦਾ ਹੈ। ਬਾਕੀ ਪਰਿਵਾਰ ਦੀ ਸੋਚ ਵੀ ਇਹੀ ਬਣ ਜਾਂਦੀ ਹੈ। ਬੇਟੀ ਜੋ ਸਾਰਾ ਘਰ ਆਪਣੀ ਰੌਣਕ ਨਾਲ ਭਰੀ ਰੱਖਦੀ ਸੀ, ਜਿਸ ਦੇ ਹੱਸਣ ਨਾਲ ਘਰ ਵਿਚ ਬਹਾਰ ਆ ਜਾਂਦੀ ਸੀ, ਜਿਸ ਦੀ ਚਹਿਕ ਨਾਲ ਸਾਰਾ ਘਰ ਖਿੜ ਜਾਂਦਾ ਸੀ, ਵਿਆਹ ਤੋਂ ਬਾਅਦ ਅਜਿਹਾ ਕੀ ਹੋ ਜਾਂਦਾ ਹੈ ਕਿ ਬੇਟੀ ਨੂੰ ਹਰ ਟਾਈਮ, ਹਰ ਗੱਲ ਬੜੀ ਸੋਚ ਵਿਚਾਰ ਤੋਂ ਬਾਅਦ ਹੀ ਕਰਨੀ ਪੈਂਦੀ ਹੈ, ਹਰ ਗੱਲ ਉੱਪਰ ਵਿਰੋਧ ਦੇ ਅਸਾਰ ਬਣ ਜਾਂਦੇ ਹਨ।
ਮੇਰੀ ਇੱਕ ਬੜੀ ਪਿਆਰੀ ਸਹੇਲੀ ਦੇ ਪਿਤਾ ਜੀ ਦੀ ਮੌਤ ਹੋ ਗਈ, ਉਹ ਬਹੁਤ ਰੋਈ ਕੁਰਲਾਈ ਕਾਫ਼ੀ ਦਿਨ ਬਹੁਤ ਉਦਾਸ ਤੇ ਪ੍ਰੇਸ਼ਾਨ ਵੀ ਬਹੁਤ ਜ਼ਿਆਦਾ ਸੀ। ਉਸ ਨੇ ਕਿਹਾ ਕਿ… ਕੀ ਪਿਤਾ ਦੇ ਘਰ ਬੇਟੀ ਦੇ ਵਿਆਹ ਤੋਂ ਬਾਅਦ ਕੋਈ ਹੱਕ ਨਹੀਂ ਹੁੰਦਾ? ਮੈਂ ਪੁੱਛਿਆ ਕੀ ਗੱਲ? ਉਸ ਨੇ ਦੱਸਿਆ ਕਿ ਪਾਪਾ ਨੇ ਰਿਟਾਇਰਮੈਂਟ ਹੁੰਦੇ ਸਾਰ ਹੀ ਸਾਰੇ ਪੈਸੇ ਤੇ ਪਲਾਟ ਵਗ਼ੈਰਾ ਭਰਾ, ਭਾਬੀਆਂ ਦੇ ਨਾਂਅ ਤੇ ਕਰ ਦਿੱਤੇ, ਆਪਣੇ ਕੋਲ ਕੁੱਝ ਨਹੀਂ ਰੱਖਿਆ ਤੇ ਜਦੋਂ ਮੇਰੀ ਸਹੇਲੀ ਨੇ ਆਪਣੇ ਡੈਡੀ ਨੂੰ ਪੁੱਛਿਆ ਇਹ ਕਿਉਂ ਕੀਤਾ ਤੁਸੀਂ? ਆਪਣੇ ਲਈ ਕੁੱਝ ਵੀ ਨਹੀਂ ਬਚਾ ਕੇ ਰੱਖਿਆ ਤਾਂ ਮੇਰੀ ਸਹੇਲੀ ਦੇ ਪਿਤਾ ਨੇ ਕਿਹਾ ਕਿ ਪੁੱਤਰ ਹੁਣ ਵੀ ਸਭ ਇਨ੍ਹਾਂ ਦਾ ਹੀ ਹੈ ਤੇ ਮੇਰੇ ਤੋਂ ਬਾਅਦ ਵੀ ਸਾਰਾ ਕੁੱਝ ਇਨ੍ਹਾਂ ਦਾ ਹੀ ਰਹੇਗਾ। ਕੀ ਫ਼ਰਕ ਪੈਂਦਾ? ਕੀ ਪਹਿਲੋਂ ਤੇ ਕੀ ਪਿੱਛੋਂ? ਉਸ ਨੇ ਦੱਸਿਆ ਕਿ ਭਾਵੇਂ ਅਸੀਂ ਆਪਣੇ ਪੈਰਾਂ ਸਿਰ ਹਾਂ, ਸਭ ਕੁੱਝ ਹੈ ਸਾਡੇ ਕੋਲ… ਪਰ ਡੈਡੀ ਦਾ ਇਹ ਕਹਿਣਾ ਮੈਨੂੰ ਚੰਗਾ ਨਹੀਂ ਲੱਗਾ।
ਹੁਣ ਰੋਣਾ ਤਾਂ ਬਹੁਤ ਆ ਰਿਹਾ, ਪਰ ਜਦੋਂ ਅਸੀਂ ਪਾਪਾ ਕੋਲ ਵਿਆਹ ਤੋਂ ਬਾਅਦ ਜਾਂਦੇ ਸੀ ਤਾਂ ਪਾਪਾ ਨੇ ਕਦੀ ਵੀ ਖ਼ੁਸ਼ ਹੋ ਕੇ ਨਹੀਂ ਕਿਹਾ ਸੀ ਕਿ ਤੁਸੀਂ ਚਾਰ ਦਿਨ ਰਹਿ ਕੇ ਜਾਓ, ਉਹ ਤਾਂ ਕਹਿੰਦੇ ਸੀ… ਮਿਲ ਲਿਆ ਬਸ ਬਹੁਤ ਹੈ.. ਕੀ ਥੋੜ੍ਹਾ ਤੇ ਕੀ ਜ਼ਿਆਦਾ… ਆਪਣੇ ਆਪਣੇ ਕੰਮ ਕਰੋ ਮੇਰਾ ਤਾਂ ਬੜਾ ਮਨ ਉਦਾਸ ਹੁੰਦਾ ਸੀ, ਮੇਰੇ ਮਨ ਦੇ ਵਿਚ ਹਮੇਸ਼ਾ ਇੱਕ ਗੱਲ ਹੁੰਦੀ ਸੀ ਕਿ ਕਾਸ਼ ਕਿ ਪਾਪਾ ਇਹ ਕਹਿ ਦੇਣ ਕਿ ਪੁੱਤਰ ਕੁੱਝ ਦਿਨ ਸਾਡੇ ਨਾਲ ਬਤੀਤ ਕਰ, ਅਸੀਂ ਤੇਰੇ ਤੋਂ ਬਿਨਾਂ ਅਧੂਰੇ ਹੋਏ ਪਏ ਹਾਂ, ਮੇਰਾ ਦਿਲ ਪਾਪਾ ਦੇ ਚੰਦ ਬੋਲ ਸੁਣਨ ਲਈ ਤਰਸ ਗਿਆ ਸੀ, ਅੱਜ ਪਾਪਾ ਦੇ ਆਖ਼ਰੀ ਸਫ਼ਰ ਵੇਲੇ ਵੀ ਮੇਰੇ ਦਿਲ ਵਿਚ ਰੀਝ ਸੀ ਕਿ ਸ਼ਾਇਦ ਪਾਪਾ ਜਾਂਦੀ ਵਾਰ ਉੱਠ ਕੇ ਕਹਿ ਦੇਣ, ਬੇਟਾ ਤੇਰੇ ਤੋਂ ਬਿਨਾਂ ਮੇਰਾ ਦਿਲ ਨਹੀਂ ਲੱਗਦਾ… ਤੂੰ ਮੇਰੇ ਕੋਲ ਕੁੱਝ ਦਿਨ ਗੁਜ਼ਾਰ ਕੇ ਜਾਵੀਂ, ਪਰ ਹੁਣ ਤਾਂ ਸਭ ਕੁੱਝ ਖ਼ਾਮੋਸ਼ ਹੋ ਚੁੱਕਾ ਸੀ, ਅਸੀਂ ਸਭ ਕੁੱਝ ਆਪਣੇ ਹੱਥੀਂ ਕਰਕੇ ਆਏ ਹਾਂ ਤੇ ਉਹ ਫੁੱਟ ਫੁੱਟ ਕੇ ਮੇਰੇ ਨਾਲ ਗਲ ਨਾਲ ਲੱਗ ਕੇ ਰੋਣ ਲੱਗ ਪਈ, ਪਰ ਕੀਤਾ ਕੀ ਜਾਵੇ?
ਬਹੁਤ ਸੁੰਦਰ ਸੂਝਵਾਨ ਤੇ ਆਪਣੇ ਪੈਰਾਂ ਉੱਪਰ ਖੜੀਆਂ ਧੀਆਂ ਨੂੰ ਵੀ ਇਹ ਸਭ ਕੁੱਝ ਬਰਦਾਸ਼ਤ ਕਰਨਾ ਪੈਂਦਾ ਹੈ। ਅਗਰ ਥੋੜ੍ਹਾ ਬਹੁਤ ਨੁਕਸ ਲੜਕੀ ਵਿਚ ਹੋਵੇ ਤਾਂ ਮਾਂ ਬਾਪ ਸੋਚਦੇ ਹਨ ਕਿ ਪਤਾ ਨਹੀਂ ਉਹ ਕਿਸ ਅਪਰਾਧੀ ਨਾਲ ਜ਼ਿੰਦਗੀ ਜਿਉਂ ਰਹੇ ਹਨ। ਉਹ ਗੱਲ ਗੱਲ ਤੇ ਜ਼ਲੀਲ ਹੋਣ ਤੋਂ ਬਚਣਾ ਚਾਹੁੰਦੇ ਹਨ, ਜਦੋਂਕਿ ਕਿਸੀ ਤਰਾਂ ਦਾ ਸਰੀਰਕ ਬਣਤਰ ਵਿਚ ਨੁਕਸ ਕਿਸੇ ਦੁਆਰਾ ਆਪ ਨਹੀਂ ਪਾਇਆ ਜਾਂਦਾ, ਪਰ ਇਸ ਨੁਕਸ ਦਾ ਸੰਤਾਪ ਉਸ ਲੜਕੀ ਨੂੰ ਹੰਢਾਉਣਾ ਹੀ ਪੈਂਦਾ ਹੈ ਤੇ ਇਹ ਨਾਸੂਰ ਬਣ ਕੇ ਉਸ ਦੇ ਸੀਨੇ ਵਿਚ ਚੁੱਭਦਾ ਹੀ ਰਹਿੰਦਾ ਹੈ।
ਮੇਰੀ ਇੱਕ ਬੜੀ ਹੀ ਪਿਆਰੀ ਦੋਸਤ ਕੰਪਿਊਟਰ ਫਕੈਲਟੀ ਵਿਚ ਸੀ, ਬਹੁਤ ਹੀ ਸੁੰਦਰ ਤੇ ਹੁਸ਼ਿਆਰ ਤੇ ਸਰਵ-ਗੁਣ ਸੰਪੰਨ ਸੀ, ਪਰ ਨੁਕਸ ਥੋੜ੍ਹਾ ਲੱਤ ਵਿਚ ਸੀ, ਜੋ ਕਿ ਜਨਮ ਤੋਂ ਨਾ ਹੋ ਕੇ ਡਾਕਟਰਾਂ ਦੀ ਅਣਗਹਿਲੀ ਦਾ ਸਿੱਟਾ ਸੀ, ਹਰ ਲੜਕੀ ਦੀ ਤਰਾਂ ਉਸ ਨੂੰ ਵੀ ਬਹੁਤ ਮਾਣ ਸੀ ਆਪਣੀ ਲਿਆਕਤ ਉੱਪਰ, ਆਪਣੇ ਸੁਹੱਪਣ ਉੱਪਰ, ਆਪਣੇ ਰੁਜ਼ਗਾਰ ਉੱਪਰ, ਆਪਣੀ ਸਮਝ ਉੱਪਰ, ਉਸ ਦੀ ਸ਼ਾਦੀ ਦਾ ਪ੍ਰੋਗਰਾਮ ਬਣਾ ਲਿਆ। ਲੜਕਾ ਉਸ ਦੇ ਮੁਕਾਬਲੇ ਬਹੁਤ ਘੱਟ ਪੜਿਆ ਲਿਖਿਆ, ਘੱਟ ਖ਼ੂਬਸੂਰਤ, ਘੱਟ ਸਲੀਕੇ ਵਾਲਾ, ਨਾ ਬੋਲਣ ਦੀ ਅਕਲ ਤੇ ਨਾਲ ਖਾਣ ਦੀ, ਨਾ ਪਹਿਨਣ ਦੀ, ਲੜਕੀ ਨੇ ਕਿਹਾ ਕਿ ਪਾਪਾ ਮੈਂ ਇਸ ਨਾਲ ਸ਼ਾਦੀ ਨਹੀਂ ਕਰਨੀ। ਇਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ।
ਇਸ ਦੀ ਕੋਈ ਵੀ ਹਰਕਤ ਚੰਗੀ ਨਹੀਂ, ਨਾ ਬੋਲਣ ਦਾ ਸਲੀਕਾ, ਨਾ ਪਹਿਨਣ ਦਾ ਤਰੀਕਾ, ਨਾ ਸਮਾਜ ਦੀ ਸ਼ਰਮ ਇਸ ਲਈ… ਨਹੀਂ ਕਰਨੀ ਮੈਂ ਇਸ ਨਾਲ ਸ਼ਾਦੀ। ਮੈਨੂੰ ਇਸ ਜਾਹਿਲ ਅਨਪੜ੍ਹ ਤੇ ਬਦਤਮੀਜ਼ ਇਨਸਾਨ ਨਾਲ… ਇਨ੍ਹਾਂ ਸੁਣ ਕੇ ਉਸ ਦਾ ਪਿਤਾ ਗ਼ੁੱਸੇ ਨਾਲ ਕੰਬ ਉੱਠਿਆ ਤੇ ਉਸ ਨੇ ਕਿਹਾ ਕਿ ਤੇਰੀ ਅਜਿਹੀ ਹਾਲਤ ਉੱਪਰ ਹੋਰ ਕੀ ਤੈਨੂੰ ਰਾਜ ਕੁਮਾਰ ਮਿਲੇਗਾ, ਜਿਹੋ ਜਿਹੀ ਤੂੰ ਹੈ ਉਸ ਹਿਸਾਬ ਨਾਲ ਹੀ ਲੜਕਾ ਮਿਲਣਾ.. ਤੂੰ ਸਮਝਦੀ ਕੀ ਹੈ ਆਪਣੇ ਆਪ ਨੂੰ? ਚੁੱਪ ਚਾਪ ਇਸ ਨਾ ਸ਼ਾਦੀ ਕਰ, ਨਹੀਂ ਆਪੇ ਲੱਭ ਲੈ ਜੋ ਤੇਰੇ ਕਾਬਿਲ ਹੋਵੇ.. ਘਰੋਂ ਨਿਕਲ ਜਾ ਹੁਣੇ, ਕਿਸ ਤਰਾਂ ਮਨ ਆਈਆਂ ਕਰਦੀ ਹੈ।
ਇਸ ਹੀ ਤਰਾਂ ਇੱਕ ਪਿਤਾ ਜੋ ਕਿ ਖ਼ੁਦ ਅਧਿਆਪਕ ਜਿਹੜੇ ਉੱਚੇ ਅਤੇ ਸੁੱਚੇ ਪੇਸ਼ੇ ਨਾਲ ਸਬੰਧਿਤ ਸੀ, ਜਿਸ ਨੇ ਜਗਦੀ ਹੋਈ ਮੋਮਬੱਤੀ ਦੀ ਤਰਾਂ ਸਮਾਜ ਨੂੰ ਰੋਸ਼ਨ ਕਰਨ ਦੀ ਕਸਮ ਖਾਂਦੀ ਸੀ, ਉਸ ਦੇ ਘਰ ਦੋ ਬੱਚੇ ਬੇਟਾ ਅਤੇ ਬੇਟੀ ਸਨ। ਬੇਟੀ ਪੜ੍ਹਨ ਵਿਚ ਬਹੁਤ ਹੁਸ਼ਿਆਰ ਤੇ ਹਰ ਸਮੱਸਿਆ ਦਾ ਹੱਲ ਜਲਦੀ ਕੱਢ ਲੈਣ ਵਾਲੀ ਸੀ। ਹਰ ਕੰਮ ਵਿਚ ਨਿਪੁੰਨ ਸੀ, ਬੇਟੇ ਨਾਲੋਂ ਵੱਧ ਹੁਸ਼ਿਆਰ ਹੋਣ ਕਰਕੇ ਪਿਤਾ ਦੇ ਮਨ ਵਿਚ ਇਹ ਗੱਲ ਕਿਤੇ ਨਾ ਕਿਤੇ ਰੜਕਦੀ ਰਹਿੰਦੀ ਸੀ ਕਿ ਮੇਰਾ ਪੁੱਤਰ ਇਸ ਤੋਂ ਜ਼ਿਆਦਾ ਸੂਝਵਾਨ ਯੋਗ ਤੇ ਨਿਪੁੰਨ ਹੋਣਾ ਚਾਹੀਦਾ ਹੈ। ਇਸ ਲਈ ਉਹ ਆਪਣੀ ਬੇਟੀ ਨਾਲੋਂ ਬੇਟੇ ਉੱਪਰ ਜ਼ਿਆਦਾ ਰਹਿਮੋ ਕਰਮ ਰੱਖਦਾ ਸੀ।
ਖ਼ਿਆਲ ਭਾਵੇਂ ਉਹ ਬੇਟੀ ਦਾ ਵੀ ਰੱਖਦਾ ਸੀ, ਪਰ ਪੁੱਤਰ ਦਾ ਖ਼ਿਆਲ ਬੇਟੀ ਤੋਂ ਫਿਰ ਵੀ ਜ਼ਿਆਦਾ ਰੱਖਦਾ ਸੀ। ਦੋਨੋਂ ਭੈਣ ਭਰਾ ਵੱਡੇ ਹੋਏ, ਬੇਟੀ ਨੇ ਆਪਣੇ ਸਕੂਲ/ਕਾਲਜ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਪਰ ਬੇਟਾ ਉਨ੍ਹਾਂ ਨਾ ਕਰ ਪਾਇਆ, ਹੁਣ ਗੱਲ ਕੈਰੀਅਰ ਦੀ ਚੋਣ ਦੀ ਆ ਗਈ। ਬੇਟੀ ਨੇ ਬੀ.ਐੱਡ ਟੈਸਟ ਪਾਸ ਕੀਤਾ, ਪਰ ਪਿਤਾ ਨੇ ਉਸ ਨੂੰ ਇਹ ਕਹਿ ਕੇ ਬੀ.ਐੱਡ ਨਹੀਂ ਕਰਵਾਈ ਕਿ ਬੀ.ਐੱਡ ਉੱਪਰ ਹੋਣ ਵਾਲਾ ਖਰਚਾ ਫ਼ਾਲਤੂ ਹੈ, ਇਸ ਵਿਚ ਕੁੱਝ ਪੈਸਾ ਹੋਰ ਪਾ ਕੇ ਇਸ ਦਾ ਵਿਆਹ ਕਰ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਅਗਰ ਇਸ ਨੂੰ ਬੀ.ਐਡ ਤੋਂ ਬਾਅਦ ਸਰਕਾਰੀ ਨੌਕਰੀ ਵੀ ਮਿਲਦੀ ਹੈ ਤਾਂ ਕਮਾਈ ਕਿਹੜਾ ਸਾਡੇ ਘਰ ਆਉਣੀ ਹੈ।
ਪੁੱਤਰ ਉੱਪਰ ਪੈਸੇ ਲਗਾਵਾਂਗੇ ਤਾਂ ਪੈਸੇ ਕਿਤੇ ਨੀ ਜਾਂਦਾ। ਇਸੇ ਗੱਲ ਦਾ ਸੰਤਾਪ ਉਸ ਲੜਕੀ ਨੇ ਸਾਰੀ ਉਮਰ ਹੰਢਾਇਆ। ਉਸ ਨੇ ਸਖ਼ਤ ਮਿਹਨਤ ਨਾਲ ਭਾਵੇਂ ਹਰ ਮੰਜ਼ਿਲ ਨੂੰ ‘ਸਰ’ ਕਰ ਲਿਆ ਸੀ (ਜਿੱਤ ਲਿਆ ਸੀ), ਪਰ ਪਿਤਾ ਦੀ ਕਚਹਿਰੀ ਵਿਚ ਉਹ ਆਪਣਾ ਕੇਸ ਹਾਰ ਗਈ ਸੀ ਤੇ ਸਾਰੀ ਉਮਰ ਪ੍ਰਾਈਵੇਟ ਸਕੂਲਾਂ ਦੇ ਧੱਕੇ ਖਾਂਦੀ ਰਹੀ, ਪਰ ਕੀਤਾ ਵੀ ਕੀ ਜਾਵੇ? ਅਜਿਹੇ ਪਿਤਾ ਤੋਂ ਆਸ ਵੀ ਕੀ ਰੱਖੀ ਜਾ ਸਕਦੀ ਹੈ।
ਇਸੇ ਤਰਾਂ ਹੀ ਘਟਨਾ ਦੇ ਚਲਦੇ ਇੱਕ ਘਟਨਾ ਐਸੀ ਵਾਪਰੀ, ਇੱਕ ਪਰਿਵਾਰ ਵਿਚ ਪੜੇ ਲਿਖੇ ਮਾਪਿਆਂ ਦੇ ਦੋ ਬੱਚੇ ਸਨ। ਬੇਟੇ ਦੇ ਭਵਿੱਖ ਦੀ ਚਿੰਤਾ ਕਰਦਿਆਂ ਉਸ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ, ਪਰ ਫਿਰ ਵੀ ਉਸ ਨੇ ਆਪਣੇ ਕੈਰੀਅਰ ਵਿਚ ਕੁੱਝ ਚਮਕ ਨਾ ਦਿਖਾਈ, ਵਾਰ ਵਾਰ ਪ੍ਰੀਖਿਆ ਦੇ ਕੇ ਆਪਣੇ ਗ੍ਰੇਡ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ, ਮਾਂ ਬਾਪ ਨੇ ਬੇਟੇ ਨੂੰ ਬਾਹਰ ਕੈਨੇਡਾ ਭੇਜ ਦਿੱਤਾ ਆਪਣੀ ਕਿਸਮਤ ਅਜ਼ਮਾਉਣ ਲਈ, ਬਹੁਤ ਸਾਰਾ ਪੈਸੇ ਖ਼ਰਚ ਕਰਕੇ ਲੜਕੇ ਨੇ ਕੈਰੀਅਰ ਬਾਰੇ ਸੋਚ ਸੋਚ ਕੇ ਹੀ ਪਿਤਾ ਦਾ ਮਨ ‘ਨੀਵਾਂ’ ਹੋਇਆ ਰਹਿੰਦਾ ਸੀ, ਹੁਣ ਭਰਾ ਦੇ ਵਿਦੇਸ਼ ਜਾਣ ਤੋਂ ਬਾਅਦ ਭੈਣ ਦੇ ਮਨ ਵਿਚ ਵੀ ਆਇਆ ਕਿ ਸਖ਼ਤ ਮਿਹਨਤ ਕੀਤੀ ਜਾਵੇ।
ਲੜਕੀ ਨੇ ਦਿਨ ਰਾਤ ਇੱਕ ਕਰਕੇ ‘ਐਮ ਡੀ’ ਦਾ ਟੈੱਸਟ ਦੀ ਤਿਆਰੀ ਕੀਤੀ। ਰੈਂਕ ਵੀ ਆ ਗਿਆ, ਪਰ ਪਿਤਾ ਨੇ ਕਿਹਾ ਕਿ ਨਹੀਂ, ਇਸ ਦਾ ਇੰਨੇ ਪੈਸੇ ਤਾਂ ਵਿਆਹ ਕਰ ਦੇਣਾ ਚਾਹੀਦਾ ਹੈ, ਜਿੰਨੇ ਪੈਸੇ ਐਮ ਡੀ ਤੇ ਖ਼ਰਚ ਕਰਨੇ ਹਨ। ਬੇਗਾਨਾ ਧਨ ਹੈ, ਫ਼ਾਇਦਾ ਵੀ ਕੀ ਹੈ? ਐਨੇ ਪੈਸੇ ਖ਼ਰਚ ਕਰਕੇ ਐਮ ਡੀ ਕਰਵਾਉਣ ਦਾ, ਕਿਉਂਕਿ ਜਦੋਂ ਨੂੰ ਇਸ ਦੀ ਕਮਾਈ ਆਉਣ ਲੱਗਣੀ ਹੈ, ਇਸ ਨੇ ਸਹੁਰੇ ਘਰ ਚਲੀ ਜਾਣਾ, ਆਪਾ ਕਿਹੜਾ ਇਸ ਦੀ ਕਮਾਈ ਖਾਣੀ ਹੈ, ਬੱਸ ਐਸੇ ਕੋਝੇ ਵਿਚਾਰ ਨੇ ਲੜਕੀ ਦੀ ਜ਼ਿੰਦਗੀ ਖ਼ਰਾਬ ਕਰ ਦਿੱਤੀ। ਐਮ.ਡੀ. ਕਰਨ ਤੋਂ ਵਾਂਝੀ ਰਹਿ ਗਈ ਤੇ ਦਿਨ ਰਾਤ ਚਿੰਤਾ ਵਿਚ ਲਿਪਟੀ ਰਹਿਣ ਲੱਗ ਪਈ।
ਕੀ ਸਮੇਂ ਦੀਆਂ ਸਰਕਾਰਾਂ ਨੂੰ ਇਹ ਨਹੀਂ ਚਾਹੀਦਾ ਕਿ ਅਜਿਹੇ ਕਾਬਿਲ ਬੱਚਿਆਂ ਨੂੰ ਮਾਂ ਬਾਪ ਤੋਂ ਬਿਨਾਂ ਵੀ ਅਜਿਹੇ ਲੋਨ, ਸਿੱਖਿਆ ਪ੍ਰਾਪਤੀ ਲਈ, ਕੈਰੀਅਰ ਦੀ ਸ਼ੁਰੂਆਤ ਲਈ ਦੇਵੇ, ਜਿਸ ਵਿਚ ਮਾਂ ਬਾਪ ਦੀ ਸਹਿਮਤੀ ਦੀ ਲੋੜ ਹੀ ਨਾ ਹੋਵੇ, ਨੌਕਰੀ ਤੇ ਲੱਗਣ ਤੋਂ ਬਾਅਦ ਬੱਚੇ ਖ਼ੁਦ ਹੀ ਇਹ ਲੋਨ ਵਾਪਸ ਕਰ ਦੇਣ। ਇਹ ਲੋਨ ਉਨ੍ਹਾਂ ਨੂੰ ਉਨ੍ਹਾਂ ਦੀ ਪੜਾਈ ਤੇ ਮਿਲੇ, ਲੋਨ ਲਈ ਪ੍ਰਾਪਟੀ ਦੀ ਥਾਂ ਤੇ ਉਨ੍ਹਾਂ ਦੇ ਅਕਾਦਮਿਕ ਨੰਬਰਾਂ ਦੀ ਗਵਾਹੀ ਪਾਈ ਜਾਵੇ। ਵੱਧ ਹੁਸ਼ਿਆਰ ਤੇ ਚੰਗੇ ਗ੍ਰੇਡ ਵਿਚ ਪਾਸ ਹੋਣ ਵਾਲੇ ਬੱਚਿਆਂ ਨੂੰ ਵੱਧ ਲੋਨ ਦਿੱਤਾ ਜਾਵੇ, ਆਪਣੇ ਕੈਰੀਅਰ ਨੂੰ ਬਣਾਉਣ ਲਈ।
ਅਗਰ ਬੇਟੀਆਂ ਕੁੱਝ ਆਪਣੀ ਸੋਚ ਸਮਝ ਨਾਲ ਕਰਨਾ ਵੀ ਚਾਹੁੰਦੀਆਂ ਹਨ ਤਾਂ ਨਹੀਂ.. ਬਿਲਕੁਲ ਵੀ ਨਹੀਂ ਕਰਨ ਦਿੱਤਾ ਜਾਂਦਾ। ਮੇਰੀ ਇੱਕ ਜਾਣਕਾਰ ਦੋਸਤ ਔਰਤ ਦੀ ਬੇਟੀ ਨੇ ਵਿਦੇਸ਼ ਵਿਚ ਉੱਚ ਸਿੱਖਿਆ ਦੀ ਪ੍ਰਾਪਤੀ ਲਈ ਜਾਣਾ ਸੀ, ਉਸ ਦਾ ਬੇਟਾ ਪਹਿਲਾਂ ਵਿਦੇਸ਼ ਗਿਆ ਹੋਇਆ ਸੀ, ਉਸ ਦੇ ਪਤੀ ਨੇ ਇਹ ਕਹਿ ਕੇ ਪੈਸੇ ਲਗਾਉਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਦੀ ਕਮਾਈ ਕਿਹੜਾ ਅਸੀਂ ਖਾਣੀ ਹੈ, ਸਾਰੇ ਪੈਸੇ ਬੇਗਾਨੇ ਘਰ ਹੀ ਜਾਣੇ ਹਨ। ਆਪਾ ਨੂੰ ਕੀ ਮਿਲਣਾ? ਇਸ ਨੂੰ ਵਿਆਹ ਕੇ ਗਲੋਂ ਲਾਹ, ਆਪਾ ਨੂੰ ਕੀ ਮਿਲ ਜਾਊ? ਪਰ ਉਸ ਔਰਤ ਨੇ ਪਤੀ ਤੋਂ ਪੈਸਿਆਂ ਨੂੰ ਮਿਲੇ ਇਨਕਾਰ ਤੋਂ ਬਾਅਦ ਵੀ ਬੈਂਕਾਂ ਤੋਂ ਪੈਸੇ ਲੈ ਕੇ ਆਪਣੀ ਬੇਟੀ ਨੂੰ ਵਿਦੇਸ਼ ਭੇਜ ਹੀ ਦਿੱਤਾ, ਪਰ ਉਸ ਦਾ ਪਤੀ ਆਪਣੀ ਹੀ ਬੇਟੀ ਨੂੰ ਜਹਾਜ਼ ਚੜ੍ਹਾਉਣ ਵੀ ਨਹੀਂ ਗਿਆ, ਕਹਿੰਦਾ ਮੇਰੀ ਸਿਹਤ ਠੀਕ ਨਹੀਂ, ਤੁਸੀਂ ਮਾਵਾਂ ਧੀਆਂ ਹੀ ਚਲੀਆ ਜਾਊ। ਮੇਰੀ ਸਿਹਤ ਠੀਕ ਨਹੀਂ, ਤੂੰ ਮੇਰਾ ਪਿਆਰ ਅਤੇ ਅਸ਼ੀਰਵਾਦ ਇੱਥੋਂ ਹੀ ਲੈ ਜਾ…..
ਆਮ ਤੌਰ ਤੇ ਧੀਆਂ ਦੇ ਲਈ ਵੱਡੇ ਵੱਡੇ ਪ੍ਰੋਗਰਾਮ ਕਰਨ ਜਾਂ ਕਰਵਾਉਣ ਵਾਲੇ ਵੀ ਹਕੀਕਤ ਤੋਂ ਪਰੇ ਹੀ ਹੁੰਦੇ ਹਨ। ਉਹ ਕਹਿੰਦੇ ਕੁੱਝ ਤੇ ਕਮਾਉਂਦੇ ਕੁੱਝ ਹੁੰਦੇ ਹਨ। ਲੋਕਾਂ ਦੀਆਂ ਧੀਆਂ ਦਾ ਮਾਨ ਸਨਮਾਨ ਕਰਦੇ ਹਨ, ਉਨ੍ਹਾਂ ਦੇ ਗਲਾਂ ਵਿਚ ਮੈਡਲ ਪਾਉਂਦੇ ਹਨ, ਫੁੱਲਾਂ ਦੇ ਹਾਰ ਪਾਉਂਦੇ ਹਨ, ਉਨ੍ਹਾਂ ਕੁੜੀਆਂ ਦੀ ਜਿੱਤ ਲਈ ਉਨ੍ਹਾਂ ਦੇ ਮੋਢੇ ਥਪਥਪਾਉਂਦੇ ਹਨ। ਉਨ੍ਹਾਂ ਦੇ ਮਾਨ ਸਨਮਾਨ ਲਈ ਸਟੇਜਾਂ ਉੱਪਰੋਂ ਵੱਡੇ ਵੱਡੇ ਲੈਕਚਰ ਕਰਦੇ ਹਨ, ਜੇ ਪਿਤਾ ਦੇ ਰੂਪ ਵਿਚ ਉਸ ਇਨਸਾਨ ਨੂੰ ਵੇਖਿਆ ਜਾਵੇ ਤਾਂ ਕੀ ਉਸ ਪਿਤਾ ਨੂੰ ਇਹ ਪਤਾ ਹੁੰਦਾ ਹੈ ਕਿ ਉਸ ਦੀ ਆਪਣੀ ਬੱਚੀ ਕਿਹੜੀ ਕਲਾਸ ਵਿਚ ਪੜ੍ਹ ਰਹੀ ਹੈ?
ਜਦੋਂਕਿ ਉਸ ਦੀ ਆਪਣੀ ਬੱਚੀ ਨੇ ਵੀ ਕੁੱਝ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਹਨ। ਉਸ ਦਾ ਨਾਮ ਵੀ ਰੋਸ਼ਨ ਹੋਇਆ ਹੈ, ਉਸ ਦੀ ਬੇਟੀ ਦਾ ਨਾਮ ਵੀ ਸਕੂਲ/ਕਾਲਜ ਯੂਨੀਵਰਸਿਟੀ ਦੇ ਮੈਰਿਟ ਬੋਰਡਾਂ ਉੱਪਰ ਲਿਖਿਆ ਗਿਆ ਹੈ, ਉਹ ਦੀ ਤਸਵੀਰ ਵੀ ਇਨ੍ਹਾਂ ਵੱਧ ਨੰਬਰ ਆਉਣ ਕਰਕੇ ਇਨ੍ਹਾਂ ਸੰਸਥਾਵਾਂ ਦੇ ਪੈਫਲਿੱਟਾਂ ਉੱਪਰ ਛਪੀ ਹੈ। ਕੀ ਅਜਿਹੇ ਪਿਤਾ ਆਪਣੀ ਬੇਟੀ ਨੂੰ ਵੀ ਉਹ ਮਾਨ ਸਨਮਾਨ ਦਿੰਦੇ ਹਨ, ਜੋ ਉਹ ਸਟੇਜਾਂ ਉੱਪਰੋਂ ਦੂਜੀਆਂ ਧੀਆਂ ਲਈ ਬਰਸਾਂ ਰਹੇ ਹੁੰਦੇ ਹਨ? ਉਨ੍ਹਾਂ ਦੀ ਤੁਲਨਾ ਰਾਣੀ ਲਕਸ਼ਮੀ ਬਾਈ, ਮਾਈ ਭਾਗੋ, ਕਲਪਨਾ ਚਾਵਲਾ, ਸਾਨੀਆ ਮਿਰਜ਼ਾ ਦੇ ਨਾਲ ਕਰ ਰਹੇ ਹੁੰਦੇ ਹਨ… ਕਦੇ ਵੀ ਨਹੀਂ, ਉਹ ਆਪਣੀਆਂ ਬੱਚੀਆਂ ਨੂੰ ਤਾਂ ਪੁੱਛਦੇ ਵੀ ਨਹੀਂ… ਕਿ ਉਨ੍ਹਾਂ ਦੀ ਲਾਡਲੀ ਕਿਹੜੀ ਕਲਾਸ ਵਿਚ ਪੜ੍ਹਦੀ ਹੈ?
ਉਨ੍ਹਾਂ ਦੀ ਲਾਡਲੀ ਨੇ ਕੀ ਕੀਤਾ ਹੈ? ਉਸ ਦੀਆਂ ਕੀ ਉਪਲੱਭਦੀਆਂ ਹਨ? ਕੁੱਝ ਵੀ ਨਹੀਂ ਪਤਾ ਹੁੰਦਾ ਉਸ ਨੂੰ…ਇੱਥੇ ਹਕੀਕਤ ਹੀ ਇਹੀ ਹੁੰਦੀ ਹੈ ਕਿ ਬਾਹਰ ਕੀਤੇ ਭਾਸ਼ਣ ਪ੍ਰੋਗਰਾਮ ਡਿਊਟੀਆਂ ਹੁੰਦੀਆਂ ਹਨ। ਉੱਥੇ ਉਸ ਪਿਤਾ ਨੂੰ ਜਨਤਾ ਵੱਲੋਂ (ਸਮਾਜ ਵੱਲੋਂ) ਸਮਾਜ ਸੇਵੀ ਸੰਸਥਾਵਾਂ ਵੱਲੋਂ ਸ਼ਾਬਾਸ਼ ਮਿਲਦੀ ਹੁੰਦੀ ਹੈ, ਘਰ ਕਿਹੜਾ ਉਸ ਨੂੰ ਕਿਸੇ ਨੇ ਸ਼ੀਲਡ ਦੇਣੀ ਹੁੰਦੀ ਹੈ। ਕੀ ਆਸ ਕੀਤੀ ਜਾ ਸਕਦੀ ਹੈ, ਐਸੇ ਪਿਤਾ ਤੋਂ, ਜਿਸ ਤੋਂ ਆਪਣੀ ਧੀ ਲਈ ਦੋ ਪਿਆਰ ਦੇ ਸ਼ਬਦ ਵੀ ਨਹੀਂ ਸਰਦੇ… ਹੋਰ ਕੌਣ ਹੋਵੇਗਾ? ਐਸੀਆਂ ਬੱਚੀਆਂ ਦਾ ਜੋ ਆਪਣਾ ਪਿਤਾ ਦੇ ਪਿਆਰ ਤੋਂ ਵੀ ਵਾਂਝੀਆਂ ਰਹਿੰਦੀਆਂ ਹਨ, ਵਿਦੇਸ਼ਾਂ ਵਿਚ ਰਹਿੰਦੀਆਂ, ਸਹੁਰੇ ਪਰਿਵਾਰ ਵਿਚ ਰਹਿੰਦੀਆਂ ਬੇਟੀਆਂ ਕੋਲ ਇੱਕ ਪਿਤਾ ਦੀ ਯਾਦ ਹੀ ਤਾਂ ਹੁੰਦੀ ਹੈ, ਜਿਸ ਦੇ ਲਈ ਉਹ ਰੋਂਦੀਆਂ ਹਨ ਕਿ ਮੈਂ ਜਲਦੀ ਜਲਦੀ ਆਪਣੇ ਪਿਤਾ ਨੂੰ ਮਿਲਣ ਜਾਣਾ, ਪਰ ਪਿਤਾ ਮੋਹ ਤੋਂ ਸੱਖਣੀਆਂ ਧੀਆਂ… ਕਿਸ ਦੀ ਆਸ ਤੱਕਣ?
Add a review