ਦੁਨੀਆ ਵਿਚ ਸਭ ਤੋਂ ਮੁਨਾਫੇ ਵਾਲਾ ਕੰਮ ਹੈ ਭੀਖ ਮੰਗਣਾ….ਪੂਰੀ ਤਰ੍ਹਾਂ ਸਦਾਬਹਾਰ ਕੰਮ.. ਨਾ ਹਿੰਗ ਲੱਗੇ ਨਾ ਫਟਕੜੀ.. ਰੰਗ ਪੂਰਾ ਈ ਵਧੀਆ ਆਉਂਦਾ ਹੈ… ਭਾਰਤ ਵਿਚ ਤਾਂ ਲੀਡਰਾਂ ਤੋਂ ਲੈ ਕੇ ਭਗਵੇਂ ਕਪੜਿਆਂ ਵਿਚ ਫਿਰਦੀਆਂ ਮੰਗਤਿਆਂ ਦੀਆਂ ਧਾੜਾਂ ਤੱਕ ਕਰੋੜਾਂ-ਅਰਬਾਂ ਰੁਪਏ ਮੰਗਣ ਦਾ ਕਾਰੋਬਾਰ ਹੈ। ਧਰਮ ਦੇ ਨਾਂ 'ਤੇ ਮੰਗਣਾ, ਅੱਗਾ ਸੁਆਰਨ ਦੇ ਨਾਂ 'ਤੇ ਮੰਗਣਾ, ਪੇਟ ਦੇ ਨਾਂ 'ਤੇ ਮੰਗਣਾ, ਤਕਦੀਰਾਂ ਬਣਾਉਣ ਦੇ ਨਾਂ 'ਤੇ ਮੰਗਣਾ, ਕੁਦਰਤੀ ਵਰਤਾਰਿਆਂ ਦੀ ਗ਼ਲਤ ਵਿਆਖਿਆ ਕਰਕੇ ਡਰ ਪੈਦਾ ਕਰਕੇ ਮੰਗਣਾ, ਵਹਿਮਾਂ ਭਰਮਾਂ ਦੇ ਨਾਂ 'ਤੇ ਮੰਗਣਾ, ਕਿਸੇ ਨੂੰ ਬਰਬਾਦ ਕਰਨ ਦੇ ਨਾਂ 'ਤੇ ਮੰਗਣਾ ਜਾਂ ਕਿਸੇ ਨੂੰ ਆਬਾਦ ਕਰਨ ਦੇ ਨਾਂ 'ਤੇ ਮੰਗਣਾ, ਮੁਬਾਰਕ ਮੌਕਿਆਂ ਦੇ ਨਾਂ 'ਤੇ ਮੰਗਣਾ, ਦੇਸ਼-ਕੌਮ, ਰੰਗ-ਨਸਲ, ਭਾਸ਼ਾ-ਸਭਿਆਚਾਰ ਦੇ ਨਾਂ 'ਤੇ ਮੰਗਣਾ, ਅਦਾਕਾਰੀਆਂ ਕਰ ਕਰ ਮੰਗਣਾ, ਮੇਲੇ ਕਲੱਬਾਂ ਦੇ ਨਾਂ 'ਤੇ ਮੰਗਣਾ ਅਤੇ ਜੋਰ ਜ਼ਬਰਦਸਤੀ ਨਾਲ ਮੰਗਣਾ ਆਦਿ ਮੰਗਣ ਦੀਆਂ ਸੈਂਕੜੇ ਕਿਸਮਾਂ ਹਨ। ਗੁਰਬਾਣੀ ਵਿਚ 'ਮਲਾਰ ਕੀ ਵਾਰ' ਵਿਚ ਵੀ ਸਾਡੇ ਦੇਸ਼ ਦੇ ਇਸ ਭੀਖ ਦੇ ਵਰਤਾਰੇ ਦਾ ਜ਼ਿਕਰ ਆਉਂਦਾ ਹੈ ਕਿ :
ਦੁਨੀਆ ਕੇ ਦਰ ਕੇਤੜੇ, ਕੇਤੇ ਆਵਹਿ ਜਾਂਹਿ॥
ਕੇਤੇ ਮੰਗਹਿ ਮੰਗਤੇ, ਕੇਤੇ ਮੰਗਿ ਮੰਗਿ ਜਾਹਿ
ਲੋਕਧਾਰਾ ਵੀ ਤਾਂ ਇਹੀ ਕਹਿੰਦੀ ਹੈ :
ਕੀਹਦੇ ਕੀਹਦੇ ਪੈਰੀਂ ਹੱਥ ਲਾਵਾਂ, ਵੇ ਸੰਤਾਂ ਦੇ ਵੱਗ ਫਿਰਦੇ..
ਹੁਣ ਤਾਂ ਸਥਿਤੀ ਇਹ ਹੈ ਕਿ ਕਿਸੇ ਵੀ ਪਬਲਿਕ ਅਦਾਰੇ ਦੇ ਮੂਹਰੇ ਜਾਓ, ਕਿਸੇ ਵੀ ਧਾਰਮਿਕ, ਸਮਾਜਿਕ ਜਾਂ ਨਿਜੀ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਜਾਓ ਜਾਂ ਕਿਸੇ ਚੌਕ ਵਿਚ ਰੁਕੋ, ਹਰ ਥਾਂ ਮੰਗਤਿਆਂ ਦੀਆਂ ਹੇੜਾਂ ਤੁਹਾਡੇ ਜ਼ੇਬਾਂ 'ਚੋਂ ਪੈਸੇ ਕੱਢਣ ਤੱਕ ਜਾਂਦੀਆਂ ਹਨ। ਸ਼ਾਇਦ ਮੰਗਣ ਵਾਲਿਆਂ ਦੀ ਇਸੇ ਫਿਤਰਤ ਵਿਚੋਂ ਕਦੇ ਪੰਜਾਬੀਆਂ ਨੇ ਇਹ ਅਖਾਣ ਘੜਿਆ ਹੋਵੇਗਾ : ਪੰਜਾਬੀ ਦਾ…ਪਿੰਡ ਵੱਸਿਆ ਨਹੀਂ, ਮੰਗਤੇ ਪਹਿਲਾਂ ਹੀ ਆ ਗਏ…
ਸਾਡੇ ਦੇਸ਼ ਵਿਚ ਮੰਗਣ ਦੀਆਂ ਅਨੇਕ ਪਰੰਪਰਾਵਾਂ ਹਨ.. ਵੋਟਾਂ ਵੇਲੇ ਲੀਡਰ ਜਨਤਾ ਮੂਹਰੇ ਝੋਲੀ ਅੱਡੀ ਫਿਰਦੇ ਹਨ ਅਤੇ ਵੋਟਾਂ ਤੋਂ ਬਾਅਦ ਜਨਤਾ ਲੀਡਰਾਂ ਦੀਆਂ ਲੇਲ੍ਹੜੀਆਂ ਕਢਦੀ ਫਿਰਦੀ ਹੈ। ਸਾਨੂੰ ਦਾਤਾ ਬਣਨ ਦਾ ਦੰਭ ਪਾਲਣ ਦਾ ਵੀ ਬਹੁਤ ਸ਼ੌਕ ਹੈ। ਪਹਿਲਾਂ ਅਸੀਂ ਰੱਬ ਦੇ ਦਰ 'ਤੇ 10 ਰੁਪਏ ਮੱਥਾ ਟੇਕ ਕੇ ਖਜਾਨੇ ਭਰਪੂਰ ਹੋਣ ਦਾ ਵਰ ਮੰਗਦੇ ਹਾਂ ਤੇ ਫਿਰ ਆਪਣੇ ਤੋਂ ਛੋਟੇ ਮੰਗਤਿਆਂ ਲਈ ਦਾਤਾ ਹੋਣ ਦਾ ਭਰਮ ਪਾਲਦੇ ਹਾਂ। ਕੁੜੀਆਂ ਨੂੰ ਕੁੱਖਾਂ ਵਿਚ ਮਾਰਦੇ ਹਾਂ ਪਰ ਕੰਜਕਾਂ ਨੂੰ ਰੋਟੀ ਖੁਆ ਕੇ ਸਰਾਧ ਪਾਲਦੇ ਹਾਂ। ਕਦੇ ਗਾਂ ਨੂੰ ਪੇੜਾ ਪਾਉਂਦੇ ਹਾਂ, ਕਦੇ ਕੁੱਤੇ ਨੂੰ ਰੋਟੀਆਂ ਖਵਾਉਂਦੇ ਹਾਂ..ਪਰ ਬੰਦੇ ਦਾ ਕਤਲ ਕਰਨ ਲੱਗਿਆ ਮਿੰਟ ਲਾਉਂਦੇ ਹਾਂ। ਵੱਡੇ ਵੱਡੇ ਬਲੈਕੀਏ, ਸਮਗਲਰ, ਦੋ ਨੰਬਰ ਦੀ ਕਮਾਈ ਨਾਲ ਪਾਟਣ 'ਤੇ ਆਏ ਲੋਕ ਆਪਣੀ ਹਰਾਮ ਦੀ ਕਮਾਈ ਵਿਚ ਇਕ ਦੋ ਪ੍ਰਤੀਸ਼ਤ ਦਾਨ ਕਰਕੇ ਸਮਾਜ ਤੋਂ ਧਰਮਾਤਮਾ ਹੋਣ ਦਾ ਸਰਟੀਫਿਕੇਟ ਲੈ ਲੈਂਦੇ ਹਨ। ਕੁਝ ਮੰਗਤੇ ਤਾਂ ਉਹ ਮੰਗਤੇ ਹਨ ਜੋ ਸ਼ਰੇਆਮ ਅਤੇ ਐਲਾਨੀਆ ਮੰਗਤੇ ਹਨ, ਜਿਨ੍ਹਾਂ ਬਾਰੇ ਕੋਈ ਕਵੀ ਕਹਿੰਦਾ ਹੈ :
ਗਲੀ-ਗਲੀ ਵਿਚ ਮੰਗਤੇ ਮੰਗਦੇ,
ਮੰਗਣ ਲੱਗੇ ਜਮ੍ਹਾ ਨ੍ਹੀਂ ਸੰਗਦੇ |
ਸਰੀਰਕ ਪੱਖੋਂ ਹੱਟੇ-ਕੱਟੇ,
ਕੁੰਡੀਆਂ ਮੁੱਛਾਂ, ਤਿੱਖੇ ਭਰਵੱਟੇ |
ਸਾਧਾਂ ਵਾਲੇ ਬਸਤਰ ਪਾਉਂਦੇ,
ਸ਼ਾਮ ਢਲੀ ਫਿਰ ਪੈੱਗ ਵੀ ਲਾਉਂਦੇ |
ਚਿਲਮ-ਭੰਗ ਦੇ ਸੂਟੇ ਲਾਉਂਦੇ,
ਕੰਮਕਾਰ ਤੋਂ ਕੰਨੀ ਕਤਰਾਉਂਦੇ।
ਇਹ ਤਾਂ ਚਲੋ ਜ਼ਾਹਰਾ ਮੰਗਤੇ ਹਨ, ਪਰ ਇਨ੍ਹਾਂ ਤੋਂ ਬਿਨਾਂ ਵੀ ਮੰਗਤਿਆਂ ਦੀ ਕਿੰਨੀਆਂ ਹੀ ਕਿਸਮਾਂ ਹਨ। ਇਨ੍ਹਾਂ ਵਿਚ ਸਭ ਤੋਂ ਮਹੱਤਵਪੂਰਨ ਕਿਸਮ ਸਿਆਸੀ ਮੰਗਤਿਆਂ ਦੀ ਹੈ। ਇਹ ਮੰਗਤੇ ਆਪਣੇ ਆਕਾਵਾਂ ਤੋਂ ਪਹਿਲਾਂ ਸੀਟਾਂ ਮੰਗਦੇ ਹਨ, ਫਿਰ ਲੋਕਾਂ ਤੋਂ ਵੋਟਾਂ ਮੰਗਦੇ ਹਨ। ਫਿਰ ਇਹ ਆਪਣੇ ਅੱਗੇ ਮੰਗਤਿਆਂ ਦੀ ਇਕ ਫੌਜ ਤਿਆਰ ਕਰ ਲੈਂਦੇ ਹਨ। ਕੋਈ ਇਨ੍ਹਾਂ ਤੋਂ ਵੋਟਾਂ ਪਾਉਣ ਬਦਲੇ ਸ਼ਰਾਬ ਮੰਗਦਾ ਹੈ, ਕੋਈ ਨਕਦ ਨਰਾਇਣ ਅਤੇ ਕਈ ਪੈਪਸੀਆਂ ਅਤੇ ਸੋਡਿਆਂ ਆਦਿ 'ਤੇ ਹੀ ਵਿਕ ਜਾਂਦੇ ਹਨ। ਦਾਤੇ ਅਤੇ ਦਾਨੀਆਂ ਦੀ ਇਸ ਸਿਆਸੀ ਬਿਸਾਤ ਬਾਰੇ ਗਾਇਕ ਰਾਜ ਬਰਾੜ ਦਾ ਇਹ ਗੀਤ ਤਿੱਖਾ ਵਿੰਅਗ ਕਰਦਾ ਹੈ :
ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ,
ਹੁਣ ਕੀੜੀਆਂ ਦੇ ਘਰਾਂ 'ਚ ਨਰਾਇਣ ਆਉਣਗੇ….
ਕੁਝ ਬੰਦੇ ਹੋਣਗੇ ਜੀ ਨਾਰ੍ਹਿਆਂ ਵਾਸਤੇ
ਕੁਝ ਬੰਦੇ ਹੋਣੇ ਝੂਠੇ ਲਾਰਿਆਂ ਵਾਸਤੇ
ਬਾਕੀ ਐਵੇਂ ਕੰਧਾਂ ਨਾਲ ਖਹਿਣ ਆਉਣਗੇ…
ਹੁਣ ਕੀੜੀਆਂ ਦੇ ਘਰਾਂ 'ਚ ਨਰਾਇਣ ਆਉਣਗੇ….
ਇਨ੍ਹਾਂ ਮੰਗਤਿਆਂ ਦੀਆਂ ਸਾਡੇ ਭਾਰਤ ਮਹਾਨ ਵਿਚ ਅਨੇਕ ਨਸਲਾਂ ਹਨ। ਕਈ ਟੱਲੀਆਂ ਖੜਕਾ ਕੇ ਮੰਗੀ ਜਾਂਦੇ ਹਨ, ਕੋਈ 'ਤੀਜੇ ਜੈਂਡਰ' ਵਾਲੇ ਤਾੜੀਆਂ ਮਾਰ ਕੇ ਮੰਗੀ ਜਾਂਦੇ ਹਨ..ਕੋਈ ਰਸੀਦ ਬੁੱਕਾਂ ਕਟਾ ਕੇ ਮੰਗੀ ਜਾਂਦੇ ਹਨ, ਕੋਈ ਬੋਰੀਆਂ ਚੁੱਕ ਕੇ ਕੈਂਟਰਾਂ ਦੇ ਕੈਂਟਰ ਭਰਾ ਕੇ ਮੰਗੀ ਜਾਂਦੇ ਹਨ। ਸਭ ਤੋਂ ਮਾੜੀ ਗੱਲ ਉਹ ਹੁੰਦੀ ਹੈ ਜਦ ਮੰਗਣ ਵੇਲੇ ਬੰਦੇ ਨੂੰ ਸ਼ਰਮ ਆਉਣੀ ਹਟ ਜਾਏ.. ਸਾਡੇ ਹਾਲਤ ਲਗਭਗ ਇਹੋ ਜਿਹੀ ਹੀ ਹੈ। ਇਕ ਚੁਟਕਲਾ ਹੈ ਜੋ ਇਸ ਸੱਚ ਦੇ ਬਹੁਤ ਨੇੜੇ ਹੈ..ਇਕ ਵਾਰ ਕਿਸੇ ਹੱਟੇ ਕੱਟੇ ਭਿਖਾਰੀ ਨੂੰ ਦੇਖ ਕੇ ਦਾਤਾ ਜੀ ਕਹਿਣ ਲੱਗੇ : ਤੁਸੀਂ ਹੱਟੇ ਕੱਟੇ ਹੋ ਕੇ ਦਸ-ਦਸ ਰੁਪਏ ਭੀਖ ਮੰਗ ਰਹੇ ਓ..ਸ਼ਰਮ ਕਰੋ..ਕਿਤੇ ਕੰਮ ਧੰਦਾ ਕਰ ਲਉ.. ਮੰਗਤਾ ਜੀ ਕਹਿੰਦੇ : ਭਾਈ ਅਸੀਂ ਤੇਰੇ ਤੋਂ ਸਲਾਹ ਨਹੀਂ ਮੰਗੀ, 10 ਰੁਪਏ ਮੰਗੇ ਨੇ…ਦਸ ਰੁੱਪਏ ਜੇ ਦੇਣੇ ਐ ਤਾਂ ਠੀਕ ਹੈ.. ਨਹੀਂ ਮੁਫ਼ਤ ਦੀ ਸਲਾਹ ਆਪਣੇ ਕੋਲ ਰੱਖੋ। ਤੁਸੀਂ ਕਿੰਨੇ ਵੀ ਖੁਸ਼ ਮੂਡ ਵਿਚ ਜਾ ਰਹੇ ਹੋ.. ਆਪਣੇ ਸੁਪਨਿਆਂ ਦੀ ਲੜੀ ਵਿਚ ਗੁੰਮ ਹੋ.. ਕਾਰ ਦੀ ਤਾਕੀ ਖੁੱਲ੍ਹਣ ਤੋਂ ਪਹਿਲਾਂ ਜਾਂ ਬਾਈਕ ਤੋਂ ਉਤਰਨ ਤੋਂ ਪਹਿਲਾਂ ਤੁਹਾਨੂੰ ਘੇਰਾ ਪੈ ਚੁੱਕਿਆ ਹੋਵੇਗਾ ਅਤੇ ਪਬਲਿਕ ਸਥਾਨਾਂ ਅਤੇ ਧਾਰਮਿਕ ਸਥਾਨਾਂ 'ਤੇ ਮੰਗਤੇ ਤੁਹਾਡਾ ਝੁੱਗਾ ਪਾੜ੍ਹਨ ਤੱਕ ਜਾਂਦੇ ਹਨ। ਇੱਥੋਂ ਤੱਕ ਕਿ ਜਦ ਤੁਸੀਂ ਬਹੁਤ ਉਦਾਸ ਮੂਡ ਵਿਚ ਹੁਣੇ ਹੁਣੇ ਵਿਛੜੇ ਕਿਸੇ ਆਪਣੇ ਦੇ ਫੁੱਲ ਪਾਉਣ ਜਾਂਦੇ ਹੋ ਤਾਂ ਵੀ ਚਾਹੇ ਉਹ ਕੀਰਤਪੁਰ ਸਾਹਿਬ ਹੋਵੇ ਜਾਂ ਹਰਦੁਆਰ, ਮੰਗਤੇ ਤੁਹਾਡੀ ਉਦਾਸੀ ਭਿੱਜੀ ਸ਼ਰਾਫਤ ਦਾ ਪੂਰਾ ਪੂਰਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਹਰਦੁਆਰ ਤਾਂ ਖੈਰ ਪੁਰੋਹਿਤਾਂ ਦੇ ਨਾਂ 'ਤੇ ਪੰਡਤਾਂ ਦੀ ਇਕ ਪੂਰੀ ਫੌਜ ਤੁਹਾਡੀ ਛਿੱਲ ਲਾਹੁਣ ਲਈ ਤਿਆਰ ਹੁੰਦੀ ਹੈ। ਕਈ ਧਾਰਮਿਕ ਅਦਾਰਿਆਂ ਵਿਚ ਤਾਂ 'ਵੀ ਆਈ ਪੀ' ਅਤੇ 'ਸ਼ਾਰਟ-ਕੱਟ' ਮੱਥਾ ਟਿਕਾਉਣ ਵਾਲੇ ਧਾਰਮਿਕ ਭੇਸ ਵਾਲੇ 'ਏਜੰਟ' ਵੀ ਵਾਧੂ ਪੈਦਾ ਹੋ ਗਏ ਹਨ।
ਭਾਵੇਂ ਸਾਡੀ ਲੋਕਧਾਰਾ ਇਹ ਵੀ ਕਹਿੰਦੀ ਹੈ ਕਿ ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾਹ..ਅਤੇ ਇਸੇ ਤਰ੍ਹਾਂ ਬਾਬਾ ਫਰੀਦ ਜੀ ਵੀ ਇਹੋ ਕਹਿੰਦੇ ਹਨ :
ਫਰੀਦਾ ਬਾਰਿ ਪਰਾਇਆ ਬੈਸਣਾ ਸਾਈ ਮੁਝਹਿ ਨ ਦੇਹਿ।
ਜੇ ਤੂ ਏਵੇਂ ਰਖਸੀ ਤਾਂ ਜੀਓ ਸਰੀਰਹੁ ਲੇਹੁ।
ਭਗਤ ਰਹੀਮ ਦਾ ਸਲੋਕ ਵੀ ਇਸੇ ਬੇਗ਼ੈਰਤ ਕੰਮ ਦੀ ਨਿਖੇਧੀ ਕਰਦਾ ਹੈ:
ਰਹਿਮਨ ਵੇ ਨਰ ਮਰ ਗਏ, ਜੋ ਕਛੁ ਮਾਂਗਣ ਜਾਹਿ।
ਉਨ ਤੇ ਪਹਿਲੇ ਵੇ ਮੂਏ, ਜਿਨ ਮੁਖ ਨਿਕਸਤ ਨਾਹਿ।
ਪਰ ਕੀਤਾ ਕੀ ਜਾਵੇ? ਅਸਲ ਵਿਚ ਸਾਡੀ ਗ਼ੈਰਤ ਮਰ ਗਈ ਹੈ। ਤਾਂ ਹੀ ਮੰਗਣ ਦਾ ਕਿੱਤਾ ਥਾਂ-ਥਾਂ ਪੈਰ ਪਸਾਰ ਰਿਹਾ ਹੈ। ਸਰਕਾਰਾਂ ਨੇ ਆਮ ਆਦਮੀ ਨੂੰ ਸਤਿਕਾਰਤ ਕੰਮ ਦੇਣ ਦੀ ਬਜਾਇ ਮੰਗਤੇ ਬਣਾ ਦਿੱਤਾ ਹੈ.. ਕਿਤੇ ਪੀਲਾ ਕਾਰਡ, ਕਿਤੇ ਨੀਲਾ ਕਾਰਡ..ਕਿਤੇ ਦਾਲ..ਕਿਤੇ ਚੌਲ..ਕਿਤੇ ਆਟਾ ਕਿਤੇ ਖੰਡ ਤੇ ਕਿਤੇ ਲਾਈਟ ਅਤੇ ਕਿਤੇ ਬਲਵ…ਸਭ ਕੁਝ ਆਮ ਮਨੁੱਖ ਨੂੰ ਕੰਮ ਸਭਿਆਚਾਰ ਨਾਲੋਂ ਤੋੜ ਕੇ ਮੰਗਣ ਵਾਲੇ ਪਾਸੇ ਤੋਰਦਾ ਹੈ। ਕਿਸੇ ਨੂੰ ਮੱਛੀ ਦੇਣ ਦੀ ਬਜਾਇ, ਮੱਛੀ ਫੜਨ ਦੀ ਜਾਚ ਸਿਖਾਉਣੀ ਜ਼ਰੂਰੀ ਹੁੰਦੀ ਹੈ ਪਰ ਅਸੀਂ ਸੋਚੀ ਸਮਝੀ ਯੋਜਨਾ ਤਹਿਤ ਆਮ ਜਨਤਾ ਨੂੰ ਹੱਥਲ਼ ਬਣਾ ਰਹੇ ਹਾਂ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜੇ ਨਾ ਹੋ ਕੇ 'ਦਾਤਿਆਂ' ਦੇ ਹੱਥਾਂ ਵੱਲ ਝਾਕਦੇ ਰਹਿਣ ਅਤੇ 'ਦਾਤੇ' ਸੱਤਾ ਅਤੇ ਸ਼ਕਤੀ ਦਾ ਰਿਮੋਟ ਹੱਥਾਂ ਵਿਚ ਰੱਖ ਕੇ ਇਨ੍ਹਾਂ ਨੂੰ ਬਲੈਕਮੇਲ ਕਰਦੇ ਰਹਿਣ। ਇਹ ਵੀ ਅਸਿੱਧੇ ਰੂਪ ਵਿਚ ਗੁਲਾਮੀ ਦੀ ਹੀ ਇਕ ਕਿਸਮ ਹੈ ਜਿਸ ਵਿਚ ਇਕ ਧਿਰ ਕਮਜ਼ੋਰ ਜਾਂ ਨਿਤਾਣੀ ਜਾਂ ਸਾਧਨਵਹੀਨ ਹੋ ਜਾਂਦੀ ਹੈ ਅਤੇ ਦੂਜੀ ਧਿਰ ਸਰਬ ਸ਼ਕਤੀਮਾਨ, ਦਾਤੇ ਅਤੇ ਮਾਲਕ ਹੋ ਜਾਂਦੀ ਹੈ। ਜੇਕਰ ਕਿਸੇ ਲੋਕ ਸਮੂਹ ਦੀ ਗ਼ੈਰਤ ਮਰ ਜਾਂਦੀ ਹੈ ਤਾਂ ਉਥੇ ਗੁਲਾਮੀ ਸਥਾਈ ਤੌਰ 'ਤੇ ਘਰ ਕਰ ਜਾਂਦੀ ਹੈ। ਭੀਖ ਮੰਗਣਾ ਅਜਿਹੀ ਗੁਲਾਮੀ ਹੈ ਜਿਸ ਵਿਚ ਭੀਖ ਮੰਗਣ ਵਾਲੇ ਨੂੰ ਆਪਣੀ ਗੁਲਾਮੀ ਤੱਕ ਦਾ ਅਹਿਸਾਸ ਨਹੀਂ ਹੁੰਦਾ ਅਤੇ ਉਹ ਵੱਡੀਆਂ ਤਾਕਤਾਂ ਦੇ ਹੱਥਾਂ ਦਾ ਖਿਡੌਣਾ ਬਣ ਜਾਂਦਾ ਹੈ। ਸੋ ਮਨੁੱਖ ਹੋਣ ਦੀ ਗਰਿਮਾ ਬਹਾਲ ਕਰੀਏ ਅਤੇ ਆਪਣੀ ਗ਼ੈਰਤ ਨੂੰ ਮਰਨ ਨਾ ਦਈਏ…ਕੋਈ ਵੀ ਕੰਮ ਕਰਕੇ ਦਸਾਂ ਨਹੁੰਆਂ ਦੀ ਕਿਰਤ ਕਰਦੇ ਹੋਏ ਰੋਟੀ ਕਮਾ ਕੇ ਖਾਈਏ…ਗੁਰਦਾਸ ਮਾਨ ਕਹਿੰਦਾ ਹੈ :
ਮੰਗਤੇ ਨਾਲੋਂ ਮਿਹਨਤ ਚੰਗੀ , ਮਿਹਨਤ ਵਿਚ ਤੰਦਰੁਸਤੀ
ਮੰਗਣ ਨਾਲੋਂ ਮਰਿਆ ਚੰਗਾ , ਨਾ ਆਲਸ ਨਾ ਸੁਸਤੀ.
ਸੋ ਦੋਸਤੋ ਜੇਕਰ ਅਸੀਂ ਜ਼ਿੰਦਾ ਹਾਂ ਤਾਂ ਆਓ ਕੰਮ ਸਭਿਆਚਾਰ ਪੈਦਾ ਕਰੀਏ..ਬਾਬੇ ਨਾਨਕ ਦੇ ਰਾਹ 'ਤੇ ਚਲਦੇ ਹੋਏ ਕਿਰਤ ਦਾ ਸਤਿਕਾਰ ਵੀ ਕਰੀਏ ਤੇ ਖੁਦ ਵੀ ਕਿਰਤ ਦੇ ਰਾਹ ਤੁਰੀਏ…ਜੇ ਕੋਈ ਸਾਡੀ ਰੋਟੀ 'ਤੇ ਡਾਕਾ ਮਾਰਦਾ ਹੈ ਤਾਂ ਖੁਦਕੁਸ਼ੀਆਂ ਨਾ ਕਰੀਏ ਬਲਕਿ ਜੂਝ ਮਰੀਏ ਤੇ ਉਨ੍ਹਾਂ ਤਾਕਤਾਂ ਨੂੰ ਕਟਹਿਰੇ 'ਚ ਖੜਾ ਕਰੀਏ ਜੋ ਸਾਡੇ ਮੂੰਹਾਂ 'ਚੋਂ ਰੋਟੀ ਖੋਹੰਦੀਆਂ ਹਨ। ਜੇਕਰ ਮੰਗਣਾ ਹੀ ਹੈ ਤਾਂ ਆਪਣੇ ਹੱਕ ਮੰਗੀਏ, ਕਿਸੇ ਵੀ ਰੂਪ ਵਿਚ ਕਿਸੇ ਅੱਗੇ ਗਿੜ ਗਿੜਾ ਕੇ ਭੀਖ ਨਾ ਮੰਗੀਏ। ਹੱਕ ਮੰਗਣ ਵਾਲੇ ਲੋਕ ਇਨਕਲਾਬਾਂ ਦੇ ਜਨਕ ਬਣਦੇ ਹਨ ਅਤੇ ਭੀਖ ਮੰਗਣ ਵਾਲੇ ਲੋਕ ਬੇਗ਼ੈਰਤ ਅਤੇ ਗੁਲਾਮ ਬਣਦੇ ਹਨ, ਫੈਸਲਾ ਅਸਾਡੇ ਹੱਥ ਵਿਚ ਹੈ।
Add a review