ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ
ਕਿਹਾ ਜਾਂਦਾ ਹੈ ਕਿ 23 ਮਾਰਚ 1931 ਨੂੰ, ਜਿਸ ਦਿਨ ਭਗਤ ਸਿੰਘ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫਾਂਸੀ ਦਿੱਤੀ ਜਾਣੀ ਸੀ, ਭਗਤ ਸਿੰਘ ਨੇ ਆਪਣੇ ਵਕੀਲ ਤੋਂ ਲੈਨਿਨ ਬਾਰੇ ਕਿਤਾਬ ਲਿਆ ਕੇ ਦੇਣ ਦੀ ਮੰਗ ਕੀਤੀ ਸੀ। ਸਾਨੂੰ ਇਹ ਨਹੀਂ ਪਤਾ ਕਿ ਅਸਲ ਵਿੱਚ ਵਕੀਲ ਭਗਤ ਸਿੰਘ ਲਈ ਇਹ ਕਿਤਾਬ ਲਿਆਇਆ ਜਾਂ ਨਹੀਂ ਜਾਂ ਭਗਤ ਸਿੰਘ ਨੂੰ ਉਸ ਦੇ ਸਖਤ ਜੇਲ੍ਹਰਾਂ ਨੇ ਕਿਤਾਬ ਪੜ੍ਹਨ ਦਾ ਸਮਾਂ ਦਿੱਤਾ ਜਾਂ ਨਹੀਂ। ਸ਼ਾਇਦ ਇਹ ਕਹਾਣੀ ਇਸ ਚੀਜ਼ ਨੂੰ ਜ਼ੋਰਦਾਰ ਯਾਦ ਕਰਾਉਣ ਵਾਲੀ ਇਕ ਮਿੱਥ ਹੋਵੇ ਕਿ ਵਿਚਾਰਾਂ ਅਤੇ ਕਿਤਾਬਾਂ ਦੀ ਦੁਨੀਆ ਨਾਲ ਭਗਤ ਸਿੰਘ ਦਾ ਕਿੰਨਾ ਜ਼ਿਆਦਾ ਪਿਆਰ ਸੀ। ਆਪਣੀ ਸ਼ਹਾਦਤ ਵਾਲੇ ਦਿਨ ਤੱਕ, 23 ਸਾਲਾਂ ਤੋਂ ਕੁੱਝ ਕੁ ਮਹੀਨੇ ਵੱਧ ਉਮਰ ਵਿੱਚ, ਭਗਤ ਸਿੰਘ ਨੇ ਉੱਨੀਆਂ ਕਿਤਾਬਾਂ ਪੜ੍ਹ ਲਈਆਂ ਸਨ, ਜਿੰਨੀਆਂ ਕਿਤਾਬਾਂ ਬਹੁਤੇ ਲੋਕ ਆਪਣੀ ਸਾਰੀ ਜ਼ਿੰਦਗੀ ਵਿੱਚ ਨਹੀਂ ਪੜ੍ਹਦੇ। ਉਸ ਵੱਲੋਂ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਵਿੱਚ ਸ਼ਾਮਲ ਸਨ: ਨਾਵਲ, ਸਿਆਸਤ, ਇਤਿਹਾਸ, ਨਿਆਂ ਸ਼ਾਸਤਰ ਅਤੇ ਜੀਵ ਵਿਗਿਆਨ ਨਾਲ ਸੰਬੰਧਤ ਕਿਤਾਬਾਂ, ਬਸਤੀਵਾਦੀਆਂ ਵੱਲੋਂ ਦੂਜੇ ਲੋਕਾਂ ਦੇ ਸਭਿਆਚਾਰਾਂ ਬਾਰੇ ਲਿਖੀਆਂ ਕਿਤਾਬਾਂ, ਕਵਿਤਾ ਦੀਆਂ ਕਿਤਾਬਾਂ, ਨਾਟਕ ਅਤੇ ਫਿਲਾਸਫੀ ਨਾਲ ਸੰਬੰਧਤ ਕਿਤਾਬਾਂ।
ਉਸ ਵੱਲੋਂ ਏਨਾ ਪੜ੍ਹਨ ਦੇ ਪਿੱਛੇ ਕੀ ਸੀ? ਭਗਤ ਸਿੰਘ ਨੂੰ ਇਹ ਜੰਨੂਨ ਕਿਉਂ ਸੀ ਕਿ ਉਸ ਲਈ ਸਭ ਤੋਂ ਵੱਡੀ ਗੱਲ ਆਪਣੇ ਆਪ ਨੂੰ ਇਕ ਲਾਇਬ੍ਰੇਰੀ ਨਾਲ ਘਿਰੇ ਰੱਖਣ ਦੀ ਲੋੜ ਸੀ? ਉਸ ਦੇ ਪੜ੍ਹਨ ਦਾ ਵਿਸ਼ਾਲ ਦਾਇਰਾ ਕਲਾਸਕੀ ਸਾਹਿਤ ਤੋਂ ਲੈ ਕੇ ਉੱਚੀ ਆਧੁਨਿਕਤਾ ਤੱਕ ਫੈਲਿਆ ਹੋਇਆ ਸੀ। ਉਦਾਹਰਨ ਲਈ ਕਵਿਤਾ ਦੇ ਖੇਤਰ ਵਿੱਚ ਉਸ ਨੇ 'ਮਿਰਜ਼ਾ ਗਾਲਿਬ' ਅਤੇ 'ਵਿਲੀਅਮ ਵਰਡਜ਼ਵਰਥ' ਨੂੰ ਪੜ੍ਹਿਆ ਸੀ। ਸਿਆਸੀ ਕਿਤਾਬਾਂ ਦੇ ਮਾਮਲੇ ਵਿੱਚ ਉਸ ਨੇ 'ਰੂਸੋ' ਅਤੇ 'ਮਾਰਕਸ' ਦੋਹਾਂ ਨੂੰ ਪੜ੍ਹਿਆ ਹੋਇਆ ਸੀ। ਨਾਵਲਾਂ ਦੇ ਸੰਬੰਧ ਵਿੱਚ ਉਸ ਦੇ ਸੁਆਦ ਦੇ ਘੇਰੇ ਵਿੱਚ 'ਫਿਉਦਰ ਦੋਸਤੋਵਸਕੀ', 'ਮੈਕਸਿਮ ਗੋਰਕੀ', 'ਚਾਰਲਜ਼ ਡਿਕਨਜ਼', 'ਜੈਕ ਲੰਡਨ' ਅਤੇ 'ਅਪਟਨ ਸਿਨਕਲੇਅਰ' ਸ਼ਾਮਲ ਸਨ। ਭਗਤ ਸਿੰਘ ਦੀਆਂ ਜੇਲ੍ਹ ਦੀਆਂ ਮਸ਼ਹੂਰ ਨੋਟਬੁੱਕਾਂ ਦੇ ਪਹਿਲੇ ਸਫੇ 'ਤੇ ਕਵਿਤਾ ਦੀਆਂ ਦੋ ਟੂਕਾਂ ਉੱਕਰੀਆਂ ਹੋਈਆਂ ਹਨ: ਇਕ 'ਸ਼ੈਕਸਪੀਅਰ' ਦੀ ਅਤੇ ਦੂਜੀ 'ਗਾਲਿਬ' ਦੀ। [1]
ਤੁਸੀਂ ਉਸ ਦੀਆਂ ਪੜ੍ਹਨ ਦੀਆਂ ਆਦਤਾਂ ਦਾ ਰਹੱਸ ਕਿਵੇਂ ਖੋਲ੍ਹੋਗੇ? ਸ਼ਾਇਦ ਉੱਪ-ਮਹਾਂਦੀਪ ਦੇ ਇਤਿਹਾਸ ਵਿੱਚ ਹੋਏ ਇਕ ਹੋਰ ਵੱਡੇ ਪਾਠਕ 'ਨਹਿਰੂ' ਨਾਲ ਤੁਲਨਾ ਕਰਕੇ ਸਾਨੂੰ ਇਸ ਬਾਰੇ ਕੁੱਝ ਜਾਣਕਾਰੀ ਮਿਲ ਸਕੇ। ਇਕ ਜਾਣਕਾਰੀ ਭਰਪੂਰ ਲੇਖ ਵਿੱਚ, ਮਰਹੂਮ 'ਮੁਸ਼ੀਰੁਲ ਹਸਨ' ਦਸਦੇ ਹਨ ਕਿ 21 ਮਈ 1922 ਅਤੇ 29 ਜਨਵਰੀ 1923 ਤੱਕ ਨਹਿਰੂ ਨੇ 55 ਕਿਤਾਬਾਂ ਪੜ੍ਹੀਆਂ। [2] ਇਹ ਹਫਤੇ ਦੀ ਇਕ ਕਿਤਾਬ ਪੜ੍ਹਨ ਦੇ ਬਰਾਬਰ ਹੈ। 'ਭਗਤ ਸਿੰਘ' ਵਾਂਗ ਹੀ ਅਸੀਂ 'ਨਹਿਰੂ' ਬਾਰੇ ਪੁੱਛ ਸਕਦੇ ਹਾਂ ਕਿ 'ਨਹਿਰੂ' ਨੂੰ ਕਿਤਾਬਾਂ ਪੜ੍ਹਨ ਲਈ ਕਿਹੜੀ ਚੀਜ਼ ਪ੍ਰੇਰਤ ਕਰ ਰਹੀ ਸੀ? 'ਨਹਿਰੂ' ਦੀਆਂ ਸਾਰੀਆਂ ਜਟਿਲਤਾਵਾਂ ਨੂੰ ਸਮਝਣਾ ਕਦੇ ਵੀ ਏਨਾ ਸੌਖਾ ਨਹੀਂ, ਪਰ ਜਦੋਂ ਉਸ ਦੇ ਪੜ੍ਹਨ ਬਾਰੇ ਗੱਲ ਕਰਨੀ ਹੋਵੇ ਤਾਂ ਇਹ ਗੱਲ ਸੌਖਿਆਂ ਹੀ ਕਹੀ ਜਾ ਸਕਦੀ ਹੈ ਕਿ ਬਹੁਤੀ ਵਾਰੀ ਉਹ ਇਹ ਜਾਣਨਾ ਚਾਹੁੰਦਾ ਸੀ ਕਿ ਦੇਸ਼ ਦੇ ਭਵਿੱਖ ਲਈ ਸੇਧ ਲੈਣ ਲਈ ਭਾਰਤ ਦੇ ਭੂਤਕਾਲ ਤੋਂ ਕਿਹੜੀਆਂ ਸਚਾਈਆਂ ਬਾਰੇ ਜਾਣਿਆ ਜਾ ਸਕਦਾ ਸੀ। ਸਭਿਅਤਾ ਦੇ ਭੂਤਕਾਲ ਨਾਲ ਸੰਬੰਧਤ ਉਸ ਦੇ ਪੱਕੇ ਸਰੋਕਾਰ ਬਾਰੇ ਸਾਨੂੰ ਉਸ ਦੀਆਂ ਲਿਖਤਾਂ ਅਤੇ ਭਾਸ਼ਣਾਂ ਦੇ ਕਈ ਪੈਰ੍ਹਿਆਂ ਤੋਂ ਸਪਸ਼ਟ ਗਿਆਨ ਹੁੰਦਾ ਹੈ।
ਇਸ ਸੋਚਣੀ ਦੇ ਸੰਸ਼ਲੇਸ਼ਣਾਤਮਿਕ ਢੰਗ ਦੀ ਉਘੜਵੀਂ ਉਦਾਹਰਨ ਹੇਠ ਲਿਖੇ ਪੈਰ੍ਹੇ ਤੋਂ ਮਿਲ ਸਕਦੀ ਹੈ:
"ਮੇਰੀ ਵਿਰਾਸਤ ਕੀ ਹੈ? ਮੈਂ ਕਿਸ ਚੀਜ਼ ਦਾ ਵਾਰਿਸ ਹਾਂ? ਉਸ ਸਭ ਕੁਝ ਦਾ ਜਿਸ ਨੂੰ ਮਨੁੱਖਤਾ ਨੇ ਦਹਿ-ਹਜ਼ਾਰ ਸਾਲਾਂ ਦੌਰਾਨ ਪ੍ਰਾਪਤ ਕੀਤਾ ਹੈ, ਉਸ ਸਭ ਕੁਝ ਦਾ ਜਿਸ ਨੂੰ ਇਸ ਨੇ ਸੋਚਿਆ ਅਤੇ ਮਹਿਸੂਸ ਕੀਤਾ ਹੈ ਅਤੇ ਉਹਨਾਂ ਸਾਰੇ ਦੁੱਖਾਂ ਅਤੇ ਖੁਸ਼ੀਆਂ, ਇਸ ਦੇ ਜਿੱਤਾਂ ਦੇ ਲਲਕਾਰਿਆਂ ਅਤੇ ਹਾਰਾਂ ਦੀਆਂ ਸਖਤ ਪੀੜਾਂ ਦਾ, ਮਨੁੱਖ ਦੀ ਉਸ ਅਸਚਰਜ ਮੁਹਿੰਮ ਦਾ ਜੋ ਬਹੁਤ ਸਮਾਂ ਪਹਿਲਾਂ ਸ਼ੁਰੂ ਹੋਈ ਅਤੇ ਹੁਣ ਵੀ ਜਾਰੀ ਹੈ ਅਤੇ ਸਾਨੂੰ ਸੈਨਤਾਂ ਮਾਰਦੀ ਹੈ। ਇਸ ਸਭ ਕੁਝ ਦਾ ਅਤੇ ਇਸ ਤੋਂ ਵੀ ਵੱਧ ਦਾ, ਜੋ ਸਾਰੇ ਮਨੁੱਖਾਂ ਦਾ ਸਾਂਝਾ ਹੈ। ਪਰ ਸਾਡੇ ਭਾਰਤ ਵਾਸੀਆਂ ਦੀ ਇਕ ਖਾਸ ਵਿਰਾਸਤ ਹੈ, ਕੋਈ ਨਿਵੇਕਲੀ ਨਹੀਂ, ਕਿਉਂਕਿ ਕੋਈ ਵੀ ਨਿਵੇਕਲੀ ਨਹੀਂ ਹੁੰਦੀ ਅਤੇ ਸਾਰੀਆਂ ਮਨੁੱਖ ਦੀ ਨਸਲ ਨਾਲ ਸਾਂਝੀਆਂ ਹੁੰਦੀਆਂ ਹਨ, ਪਰ ਵਿਸ਼ੇਸ਼ ਤੌਰ 'ਤੇ ਸਾਡੇ ਤੇ ਲਾਗੂ ਹੁੰਦੀ ਹੈ, ਜਿਹੜੀ ਸਾਡੇ ਹੱਡ-ਮਾਸ ਅਤੇ ਖੂਨ ਵਿੱਚ ਰਚੀ ਹੁੰਦੀ ਹੈ, ਜੋ ਸਾਨੂੰ ਉਹ ਬਣਾਉਂਦੀ ਹੈ, ਜੋ ਅਸੀਂ ਹਾਂ ਅਤੇ ਜੋ ਅਸੀਂ ਹੋਣਾ ਹੈ। ਇਸ ਵਿਸ਼ੇਸ਼ ਵਿਰਾਸਤ ਅਤੇ ਉਸ ਦੇ ਵਰਤਮਾਨ ਉੱਪਰ ਪ੍ਰਭਾਵ ਬਾਰੇ ਸੋਚ ਲੰਮੇ ਸਮੇਂ ਤੋਂ ਮੇਰੇ ਖਿਆਲਾਂ ਵਿੱਚ ਰਹੀ ਹੈ ਅਤੇ ਇਹ ਉਹ ਚੀਜ਼ ਹੈ ਜਿਸ ਬਾਰੇ ਮੈਂ ਲਿਖਣਾ ਚਾਹੁੰਦਾ ਹਾਂ… ਮੈਂ ਇਸ ਨਾਲ ਇਨਸਾਫ ਨਹੀਂ ਕਰ ਸਕਦਾ, ਪਰ ਅਜਿਹਾ ਕਰਕੇ ਮੈਂ ਆਪਣੀ ਬੁੱਧੀ ਨੂੰ ਸਪਸ਼ਟ ਕਰਕੇ ਅਤੇ ਉਸ ਨੂੰ ਸੋਚ ਅਤੇ ਅਮਲ ਦੇ ਅਗਲੇ ਪੜਾਅ ਲਈ ਤਿਆਰ ਕਰਕੇ ਆਪਣੇ ਆਪ ਨਾਲ ਇਨਸਾਫ ਕਰਨ ਦੇ ਯੋਗ ਹੋ ਸਕਦਾ ਹਾਂ।" [3]
ਨਹਿਰੂ ਨੇ ਇਹ ਸ਼ਬਦ 1944 ਵਿੱਚ ਲਿਖੇ ਜਦੋਂ ਉਹ 'ਅਹਿਮਦ ਨਗਰ' ਦੇ ਕਿਲੇ ਵਿੱਚ ਕੈਦ ਸੀ। ਕੋਸ਼ਿਸ਼ ਕਰਨ, ਸ਼ਰ੍ਹੇਆਮ ਅੰਤਰਰਾਸ਼ਟਰੀਵਾਦੀ ਹੁੰਦਿਆਂ ਅਤੇ ਦੁਨੀਆ ਦੇ ਇਤਿਹਾਸ ਵਿੱਚ ਦਿਲਚਸਪੀ ਰੱਖਣ ਦੇ ਬਾਵਜੂਦ 'ਨਹਿਰੂ' ਕਦੇ ਵੀ ਆਪਣੇ ਆਪ ਨੂੰ ਭਾਰਤ ਦੇ ਇਤਿਹਾਸ ਤੋਂ ਮੁਕਤ ਨਹੀਂ ਕਰ ਸਕਿਆ, ਭਾਵੇਂ ਕਿ ਉਸ ਨੂੰ ਇਸ ਦੇ ਕਈ ਹਿੱਸੇ ਤੰਗ ਕਰਦੇ ਸਨ। ਪਰ ਆਪਣੇ ਸਵੈ-ਵਿਸ਼ਵਾਸ ਅਤੇ ਬੇਮੁਹਾਰੇ ਆਸ਼ਾਵਦ ਕਾਰਨ ਉਹ ਹਮੇਸ਼ਾਂ ਇਸ ਗੱਲ 'ਤੇ ਯਕੀਨ ਕਰਦਾ ਰਿਹਾ ਸੀ ਕਿ ਭੂਤਕਾਲ ਵਿੱਚ ਜੋ ਕੁੱਝ ਵੀ ਕਰੂਪ ਹੈ, ਉਸ ਨੂੰ ਲੋਕਾਂ ਦੀ ਭਲਾਈ ਲਈ ਹਮੇਸ਼ਾਂ ਸਾਫ ਕੀਤਾ ਜਾ ਸਕਦਾ ਹੈ ਅਤੇ ਵਰਤੋਂ-ਯੋਗ ਬਣਾਇਆ ਜਾ ਸਕਦਾ ਹੈ।
'ਭਗਤ ਸਿੰਘ' ਭੂਤਕਾਲ ਬਾਰੇ ਇਸ ਤਰ੍ਹਾਂ ਦੇ ਵਿਚਾਰ ਬਿਲਕੁਲ ਨਹੀਂ ਰੱਖਦਾ। ਉਹ ਭਾਰਤ ਦੀ ਸਭਿਅਤਾ ਦੇ ਨਿਵੇਕਲੇਪਣ ਨੂੰ ਇਕ ਹਕੀਕਤ ਦੇ ਤੌਰ 'ਤੇ ਲੈਂਦਾ ਹੈ। ਭੂਤਕਾਲ ਦੇ ਭਾਰ ਦੀ ਖੁਦਾਈ ਦੀ ਕੋਈ ਲੋੜ ਨਹੀਂ। ਪਿਛਲੇ 5,000 ਸਾਲਾਂ ਦੇ ਦੁੱਖ ਅਤੇ ਗੌਰਵ ਕਿਸੇ ਮਿੱਥ ਘੜਨ ਦੇ ਅਭਿਆਸ ਦੀ ਮੰਗ ਨਹੀਂ ਕਰਦੇ। ਭੂਤਕਾਲ ਦੀ ਚਿੰਨਾਤਮਕ ਜਾਂ ਅਲੰਕਾਰੀ ਰੂਪ ਵਿੱਚ ਵਰਤੋਂ ਕਰਨ ਤੋਂ ਇਨਕਾਰ ਕਰਨ ਦੀ ਇਹ ਸਿਧਾਂਤਕ ਦ੍ਰਿੜਤਾ ਇਸ ਕਰਕੇ ਨਹੀਂ ਹੈ ਕਿ 'ਭਗਤ ਸਿੰਘ' ਸਿਰਫ ਅਮਲ (ਐਕਸ਼ਨ) 'ਤੇ ਵਿਸ਼ਵਾਸ ਕਰਨ ਵਾਲਾ ਵਿਅਕਤੀ ਸੀ। ਸਾਰੇ ਮਿਲਦੇ ਪ੍ਰਮਾਣਾਂ ਅਨੁਸਾਰ, ਉਹ ਇਕ ਚਿੰਤਨ ਕਰਨ ਵਾਲਾ ਅਤੇ ਘੰਟਿਆਂ-ਬੱਧੀ ਕਿਤਾਬਾਂ ਪੜ੍ਹਨ ਵਾਲਾ ਵਿਅਕਤੀ ਸੀ, ਅਤੇ ਬਹੁਤੀ ਵਾਰ ਉਹ ਜੋ ਕੁੱਝ ਸਿੱਖਦਾ ਸੀ ਉਸ ਨੂੰ ਆਪਣੀ ਸ਼ਾਨਦਾਰ ਯਾਦਦਾਸ਼ਤ ਜਾਂ ਵੱਡੇ ਪੱਧਰ 'ਤੇ ਨੋਟ ਲੈ ਕੇ ਯਾਦ ਰੱਖਦਾ ਸੀ।
ਸਾਰੇ ਨਵੇਂ ਵਿਚਾਰਾਂ ਵਾਲੇ ਕਲਾਕਾਰਾਂ ਵਾਂਗ, 'ਭਗਤ ਸਿੰਘ' ਇਕ ਬੁੱਤਸ਼ਿਕਨ ਸੀ ਜੋ ਪੁਰਾਣੇ ਸੱਚਿਆਂ ਨੂੰ ਤੋੜਨਾ ਚਾਹੁੰਦਾ ਸੀ, ਬਦਬੂਦਾਰ ਕੈਨਵਸਾਂ ਨੂੰ ਸਾੜਨਾ ਚਾਹੁੰਦਾ ਸੀ ਅਤੇ ਬਹੁਤ ਜਲਦੀ ਨਵਾਂ ਸੰਸਾਰ ਸਿਰਜਣਾ ਚਾਹੁੰਦਾ ਸੀ। ਇਸ ਕਰਕੇ ਉਸ ਦੀ ਸੋਚ 'ਤੇ ਛਾਇਆ ਰਹਿਣ ਵਾਲਾ ਕੇਂਦਰੀ ਸਵਾਲ ਸੀ, ਨਵੇਂ ਸੰਸਾਰ ਦਾ ਅਕਸ ਕਿਸ ਤਰ੍ਹਾਂ ਦਾ ਹੋਵੇ? ਇਸ ਸਵਾਲ ਦਾ ਜੁਆਬ ਲੱਭਣ ਲਈ, 'ਵਾਲਟਰ ਬੈਂਜਾਮਿਨ' ਦੇ ਕਹਿਣ ਵਾਂਗ, 'ਭਗਤ ਸਿੰਘ' ਆਪਣੀ ਲਾਇਬ੍ਰੇਰੀ ਨੂੰ ਖੋਲ੍ਹਦਾ ਸੀ। 'ਭਗਤ ਸਿੰਘ' ਦੀ ਜੀਵਨੀ ਲਿਖਣ ਵਾਲੇ 'ਐੱਮ ਐੱਮ ਜੁਨੇਜਾ' ਅਨੁਸਾਰ, "ਆਪਣੇ ਸਕੂਲ ਦੇ ਵਰ੍ਹਿਆਂ (1913-21) ਦੌਰਾਨ ਉਸ ਨੇ 50 ਕਿਤਾਬਾਂ ਪੜ੍ਹੀਆਂ, ਆਪਣੇ ਕਾਲਜ ਦੇ ਦਿਨਾਂ ਤੋਂ ਲੈ ਕੇ 1929 ਵਿੱਚ ਆਪਣੀ ਗ੍ਰਿਫਤਾਰੀ ਤੱਕ 200 ਦੇ ਕਰੀਬ ਕਿਤਾਬਾਂ, ਅਤੇ 8 ਅਪ੍ਰੈਲ 1929 ਤੋਂ 23 ਮਾਰਚ 1931 ਤੱਕ ਦੇ ਆਪਣੀ ਕੈਦ ਦੇ 716 ਦਿਨਾਂ ਵਿੱਚ 300 ਦੇ ਕਰੀਬ ਕਿਤਾਬਾਂ ਪੜ੍ਹੀਆਂ।" [4]
ਪਰ ਇਹ ਸੂਚੀ ਸਾਨੂੰ ਇਹ ਨਹੀਂ ਦਸਦੀ ਕਿ ਇਨ੍ਹਾਂ ਕਿਤਾਬਾਂ ਨੂੰ ਪ੍ਰਾਪਤ ਕਰਨ ਲਈ 'ਭਗਤ ਸਿੰਘ' ਨੂੰ ਜਥੇਬੰਦਕ ਅਤੇ ਬੌਧਿਕ ਪੱਧਰ 'ਤੇ ਕਿਸ ਤਰ੍ਹਾਂ ਦੀਆਂ ਚਿਰਕਾਲੀ ਅਤੇ ਸਖਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਮੈਂ ਇੱਥੇ ਤਿੰਨ ਚੁਣੌਤੀਆਂ ਦਾ ਜ਼ਿਕਰ ਕਰਾਂਗਾ ਜਿਨ੍ਹਾਂ ਦਾ ਸਾਹਮਣਾ 'ਭਗਤ ਸਿੰਘ' ਨੇ ਆਪਣੇ ਅਣਜਾਣੇ ਭਵਿੱਖ ਦੀ ਪੈਰਵੀ ਦੌਰਾਨ ਕੀਤਾ। ਨੰਬਰ ਇਕ, ਜਿਸ ਤਰ੍ਹਾਂ ਦੀਆਂ ਕਿਤਾਬਾਂ 'ਭਗਤ ਸਿੰਘ' ਪੜ੍ਹਨੀਆਂ ਚਾਹੁੰਦਾ ਸੀ, ਉਹ ਬਹੁਤੇ ਕੇਸਾਂ ਵਿੱਚ ਬਸਤੀਵਾਦੀ ਸੈਂਸਰ ਵੱਲੋਂ ਵਿਵਰਜਤ ਕਰਾਰ ਦਿੱਤੀਆਂ ਗਈਆਂ ਸਨ। ਫਿਰ ਵੀ ਖੁਸ਼ਕਿਸਮਤੀ ਨਾਲ ਉਸ ਨੂੰ 'ਲਾਹੌਰ' ਸ਼ਹਿਰ ਵਿੱਚ ਅਜਿਹੇ ਪੁਸਤਕ ਵਿਕ੍ਰਤਾ ਮਿਲ ਗਏ ਜੋ ਅਜਿਹੀਆਂ ਕਿਤਾਬਾਂ ਸਮਗਲ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਸਨ, ਜਿਹੜੀਆਂ ਕਿਤਾਬਾਂ ਨੂੰ ਪਿਤਰੀ ਅਤੇ ਅਸੁਰੱਖਿਅਤ ਬਸਤੀਵਾਦੀ ਪ੍ਰਸ਼ਾਸਨ ਸਥਾਨਕ ਪੱਧਰ 'ਤੇ ਵਿਦਰੋਹੀ ਸਮਝਦਾ ਸੀ। ਨੰਬਰ ਦੋ, ਅੰਗਰੇਜ਼ੀ ਉਸ ਦੀ ਪਹਿਲੀ ਭਾਸ਼ਾ ਨਹੀਂ ਸੀ। 'ਨਹਿਰੂ' ਦੇ ਉਲਟ, ਜਿਸ ਨੂੰ ਘਰ ਵਿੱਚ ਕਈ ਯੂਰਪੀ ਅਧਿਆਪਕਾਂ ਨੇ ਪੜ੍ਹਾਇਆ ਸੀ ਅਤੇ ਜੋ ਬਾਅਦ ਵਿੱਚ ਪੜ੍ਹਨ ਲਈ 'ਹੈਰੋ' ਗਿਆ ਸੀ ਅਤੇ ਜਿਸ ਨੇ 'ਕੈਂਬਰਿਜ' ਤੋਂ ਟ੍ਰੀਪੋਜ਼ ਅਤੇ 'ਲੰਡਨ' ਤੋਂ ਵਕਾਲਤ ਦੀ ਡਿਗਰੀ ਕੀਤੀ ਸੀ, 'ਭਗਤ ਸਿੰਘ' ਨੂੰ ਥੁੜਾਂ ਭਰਪੂਰ ਦਿਹਾਤੀ ਪੜ੍ਹਾਈ ਨਾਲ ਹੀ ਬੁੱਤਾ ਸਾਰਨਾ ਪਿਆ। ਪਰ 'ਭਗਤ ਸਿੰਘ' ਦਰਪੇਸ਼ ਮੁਸ਼ਕਿਲਾਂ ਦੇ ਸਾਹਮਣੇ ਹਾਰ ਮੰਨਣ ਵਾਲਾ ਵਿਅਕਤੀ ਨਹੀਂ ਸੀ। ਉਸ ਵਿੱਚ ਰਸਮੀ ਵਿਦਿਆ ਦੀ ਜੋ ਘਾਟ ਸੀ, ਉਸ ਨੂੰ ਉਹ ਪ੍ਰਵੀਣਤਾ ਅਤੇ ਅਣਥੱਕ ਮਿਹਨਤ ਨਾਲ ਪੂਰਾ ਕਰਦਾ ਸੀ। ਕਿਤਾਬਾਂ ਵਿੱਚ ਨਾ ਸਮਝ ਆਉਣ ਵਾਲੇ ਅੰਗਰੇਜ਼ੀ ਦੇ ਸ਼ਬਦਾਂ ਦੇ ਅਰਥ ਸਮਝਣ ਲਈ ਉਹ ਹਮੇਸ਼ਾਂ ਆਪਣੇ ਕੋਲ ਇਕ ਜੇਬੀ ਡਿਕਸ਼ਨਰੀ ਰੱਖਦਾ ਸੀ। ਨੰਬਰ ਤਿੰਨ, ਕਿਸੇ ਵੀ ਜਨਤਕ ਬੁੱਧੀਜੀਵੀ ਲਈ ਦੁਨੀਆ ਬਾਰੇ ਨਜ਼ਰੀਆ ਪੇਸ਼ ਕਰਨਾ ਕਾਫੀ ਸੁਖਾਲਾ ਹੁੰਦਾ ਹੈ, ਜੇ ਉਹ ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਦੇ ਕਿਸੇ ਸਥਾਪਤ ਮਾਨਦੰਡ ਦਾ ਆਸਰਾ ਲੈ ਸਕੇ।
ਸ਼ਾਇਦ ਇਹ ਮੁੱਖ ਕਾਰਨ ਹੈ ਜਿਸ ਕਰਕੇ 'ਨਹਿਰੂ' ਲਗਾਤਾਰ ਭੂਤਕਾਲ 'ਤੇ ਦਸਤਕ ਦਿੰਦਾ ਹੈ। ਅਤੇ ਇਹ ਇਕੱਲਾ 'ਨਹਿਰੂ' ਹੀ ਨਹੀਂ ਜਿਸ ਨੂੰ ਪੁਰਾਤਨ ਰਵਾਇਤੀ ਸ਼ਬਦਾਵਲੀ ਦਿਲਾਸਾ ਦਿੰਦੀ ਹੈ ਅਤੇ ਆਪਣੇ ਵੱਲ ਖਿੱਚਦੀ ਹੈ। ਦੱਖਣੀ ਏਸ਼ੀਆ ਅਤੇ ਵਿਸ਼ਵ ਪੱਧਰ 'ਤੇ ਬਹੁਤ ਸਾਰੇ ਜਨਤਕ ਬੁੱਧੀਜੀਵੀ ਅਤੇ ਸਿਆਸੀ ਕਾਰਕੁੰਨ ਇਸ ਤਰ੍ਹਾਂ ਦੇ ਰਸਤੇ 'ਤੇ ਤੁਰਦੇ ਨਜ਼ਰ ਆਉਂਦੇ ਹਨ। ਉਹ ਖਾਸ ਸਥਾਪਤ ਗਰੰਥਾਂ ਅਤੇ ਵਿਕਾਸ ਕ੍ਰਮਾਂ ਦੀ ਪਾਲਣਾ ਕਰਦੇ ਹਨ। ਜਿਵੇਂ ਕਿ 'ਐਡਵਰਡ ਸੈਦ' ਨੇ ਬਹੁਤ ਵਾਰੀ ਕਿਹਾ ਹੈ ਕਿ ਆਲੋਚਨਾਤਮਕ ਵਿਚਾਰਾਂ ਦੀ ਸ਼ਤਰੰਜੀ ਵਿਸਾਤ 'ਤੇ ਪੂਰੀ ਤਰਾਂ ਆਜ਼ਾਦ ਕਦਮ ਚੁੱਕਣਾ ਜੇ ਅਸੰਭਵ ਨਹੀਂ ਤਾਂ ਬਹੁਤ ਮੁਸ਼ਕਿਲ ਹੈ।
ਉਦਾਹਰਨ ਲਈ 'ਮਾਰਕਸ' ਨੂੰ ਆਪਣੇ ਤੋਂ ਪੂਰਵਗਾਮੀ ਬੁੱਧੀਜੀਵੀ 'ਹੇਗਲ' ਤੋਂ ਆਜ਼ਾਦ ਕਰਕੇ ਦੇਖਣਾ ਮੁਸ਼ਕਿਲ ਹੈ। ਇਤਿਹਾਸ ਦੇ ਕਾਨੂੰਨ ਹੋਣ ਬਾਰੇ 'ਮਾਰਕਸ' ਦਾ ਵਿਚਾਰ 'ਹੇਗਲ' ਦੀ ਸਿੱਖਿਆ ਅਤੇ ਇਤਿਹਾਸਕਤਾ 'ਤੇ ਆਧਾਰਤਿ ਹੈ। ਇਸ ਹੀ ਤਰ੍ਹਾਂ 'ਇਮਾਨੁਅਲ ਕਾਂਤ' ਦੀ ਇਨਲਾਈਟਨਮੈਂਟ ਦੇ ਮੁੱਖ ਚਿੰਤਕ ਹੋਣ ਦੀ ਹੱਕੀ ਸ਼ਲਾਘਾ, ਵੱਡੀ ਪੱਧਰ 'ਤੇ 'ਡੇਵਿਡ ਹਿਊਮ' ਦੇ ਅਨੁਭਵਵਾਦ ਅਤੇ ਭਾਵਨਾਵਾਂ ਦੀ ਭੂਮਿਕਾ ਨਾਲ ਸੰਬੰਧਤ ਦਾਰਸ਼ਨਿਕ ਸੂਤਰੀਕਰਨ ਦੀ ਦੇਣਦਾਰ ਹੈ। 'ਸਿੰਗਮੰਡ ਫਰਾਇਡ' ਦੀ ਵੀ ਇਹ ਹੀ ਸਚਾਈ ਹੈ। 'ਨੀਤਸ਼ੇ' ਦੇ ਦਾਰਸ਼ਨਿਕ ਹਥੌੜੇ ਤੋਂ ਬਿਨਾਂ ਵਿਆਨਾ ਦਾ ਡਾਕਟਰ (ਥੈਰੇਪਿਸਟ) ਸਭਿਅਤਾ ਅਤੇ ਇਸ ਦੇ ਅਸੰਤੁਸ਼ਟਤਾ ਦੇ ਕੜਾਹੇ ਬਾਰੇ ਸੁਫਨਾ ਵੀ ਨਹੀਂ ਲੈ ਸਕਦਾ ਸੀ। 'ਐਨਟੋਨੀਓ ਗ੍ਰਾਮਸ਼ੀ', ਜਿਸ ਨਾਲ ਬਹੁਤੀ ਵਾਰ 'ਭਗਤ ਸਿੰਘ' ਦੀ ਤੁਲਨਾ ਕੀਤੀ ਜਾਂਦੀ ਹੈ, ਨੇ ਆਪਣੀਆਂ ਜੇਲ੍ਹ ਡਾਇਰੀਆਂ ਵਿੱਚ ਆਧੁਨਿਕ ਰਾਜ ਦੇ ਸੁਭਾਅ, ਸਭਿਆਚਾਰਕ ਸਰਦਾਰੀ ਅਤੇ ਹੌਲੀ ਹੌਲੀ ਢਾਹ ਲਾਉਣ ਦੀ ਜੰਗ (ਵਾਰ ਆਫ ਐਟਰੀਸ਼ਨ) ਬਾਰੇ ਬਹੁਤ ਸਾਰਾ ਲਿਖਿਆ ਹੈ, ਪਰ ਉਹ ਬਹੁਤੀ ਵਾਰ ਅਤੇ ਬਿਨਾਂ ਕਿਸੇ ਫਿਕਰ ਦੇ ਪ੍ਰੇਰਨਾ ਅਤੇ ਸਮਰਥਨ ਲੈਣ ਲਈ 16ਵੀਂ ਸਦੀ ਦੇ 'ਫਲੋਰੈਂਸ' ਦੇ ਪੁਨਰ ਜਾਗ੍ਰਿਤੀ (ਰੈਨੇਸਾਂਸ) ਦੇ ਚਿੰਤਕ 'ਮੈਕਾਵੈਲੀ' ਵੱਲ ਦੇਖ ਸਕਦਾ ਸੀ। [5]
'ਭਗਤ ਸਿੰਘ' ਦੇ ਸਮੇਂ ਦੇ ਨੇੜੇ, 'ਲੈਨਿਨ' ਨੇ ਸੰਨ 1917 ਵਿੱਚ 'ਰੂਸ' ਵਾਪਸ ਜਾਣ ਤੋਂ ਪਹਿਲੇ ਸਾਲਾਂ ਵਿੱਚੋਂ ਕਾਫੀ ਸਮਾਂ 'ਸਵਿਟਜ਼ਰਲੈਂਡ' ਵਿੱਚ 'ਹੇਗਲ' ਦੀ ਸਾਇੰਸ ਆਫ ਲੌਜਿਕ ਅਤੇ ਫਿਲਾਸਫੀ ਆਫ ਹਿਸਟਰੀ ਨੂੰ ਧਿਆਨ ਨਾਲ ਪੜ੍ਹਦਿਆਂ ਤਰਕ-ਸ਼ਾਸਤਰ ਅਤੇ ਇਤਿਹਾਸ ਦੀ ਹੋਣੀ ਬਾਰੇ ਆਪਣੀ ਸਮਝ ਨੂੰ ਨਿਖਾਰਦਿਆਂ ਗੁਜ਼ਾਰਿਆ। [6] 'ਲੈਨਿਨ' ਦੀਆਂ ਆਮ ਜਾਣੀਆਂ ਜਾਂਦੀਆਂ ਲਿਖਤਾਂ ਵਿੱਚੋਂ ਦੋ ਲਿਖਤਾਂ: ਇੰਪੀਰੀਅਲਿਜ਼ਮ ਅਤੇ ਉਸ ਤੋਂ ਬਾਅਦ ਵਾਲੀ ਸਟੇਟ ਐਂਡ ਰੈਵੂਲੂਸ਼ਨ ਕਾਫੀ ਜ਼ਿਆਦਾ 'ਹੇਗਲ' ਦੇ ਤਰਕਸ਼ਾਸਤਰ 'ਤੇ ਨਿਰਭਰ ਕਰਦੀਆਂ ਹਨ।
ਬਦਕਿਸਮਤੀ ਨਾਲ ਨੌਜਵਾਨ 'ਭਗਤ ਸਿੰਘ' ਆਪਣੇ 'ਹਾਈਪਰ-ਮਾਡਰਨਿਸਟ' ਸਿਆਸੀ ਪ੍ਰੋਜੈਕਟ ਲਈ ਕਿਸੇ ਸਭਿਆਚਾਰਕ ਵਿਰਾਸਤ ਜਾਂ ਬੌਧਿਕ ਸੰਬੰਧਾਂ 'ਤੇ ਨਿਰਭਰ ਨਹੀਂ ਕਰ ਸਕਦਾ ਸੀ। 'ਗੋਖਲੇ', 'ਗਾਂਧੀ', ਅਤੇ 'ਨਹਿਰੂ' ਵਰਗੇ ਭਾਰਤੀ ਉਦਾਰਵਾਦੀਆਂ (ਲਿਬਰਲਜ਼) ਦੇ ਉਲਟ ਉਸ ਕੋਲ ਟੇਕ ਲੈਣ ਲਈ ਕੋਈ ਦਾਰਸ਼ਨਿਕ ਪੂਰਵਜ ਨਹੀਂ ਸਨ।[7] ਇਸ ਹੀ ਕਾਰਨ 'ਭਗਤ ਸਿੰਘ' ਨੇ ਆਪਣੇ ਆਪ ਨੂੰ 'ਰੂਸੋ', 'ਮਾਰਕਸ', 'ਏਂਗਲਜ਼', 'ਦੋਸਤੋਵਸਕੀ', 'ਲੈਨਿਨ' ਅਤੇ 'ਤਰਾਤਸਕੀ' ਦੀਆਂ ਲਿਖਤਾਂ ਪੜ੍ਹਨ ਵਿੱਚ ਲੀਨ ਕਰ ਲਿਆ। [8] ਇਨ੍ਹਾਂ ਕੱਦਵਾਰ ਬੁੱਧੀਜੀਵੀਆਂ ਦੇ ਗਿਆਨ ਸੰਸਾਰ ਦਾ ਚਿੰਤਨ ਕਰਨ ਸਮੇਂ ਨਵੇਂ ਵਿਚਾਰਾਂ, ਆਧੁਨਿਕ ਸਿਆਸੀ ਸ਼ਬਦਾਵਲੀ ਅਤੇ ਅਜ਼ਾਦੀ ਤੋਂ ਬਾਅਦ ਦੇ ਭਾਰਤ ਲਈ ਵੱਖਰੀ ਸੋਚ ਦੇ ਸੰਭਾਵੀਂ ਢਾਂਚਿਆਂ ਨੂੰ ਲੱਭਣ ਦਾ ਚਾਅ ਅਸੀਂ 'ਭਗਤ ਸਿੰਘ' ਦੀਆਂ ਲਿਖਤਾਂ ਵਿੱਚੋਂ ਸਿੱਧਾ ਮਹਿਸੂਸ ਕਰ ਸਕਦੇ ਹਾਂ। ਜੇ ਅਸੀਂ ਉਸ ਦੀਆਂ ਵਿਸਤ੍ਰਿਤ ਲਿਖਤਾਂ ਨੂੰ ਧਿਆਨ ਨਾਲ ਪੜ੍ਹੀਏ ਤਾਂ ਸਾਨੂੰ ਉਸ ਆਨੰਦ ਦਾ ਪਤਾ ਲੱਗਦਾ ਹੈ ਜਿਸ ਦਾ ਆਨੰਦ ਉਹ ਇਹ ਲਿਖਤਾਂ ਪੜ੍ਹ ਕੇ ਲੈ ਰਿਹਾ ਸੀ। ਇਕ ਉਦਾਹਰਨ ਪੇਸ਼ ਹੈ:
"ਵਰਤਮਾਨ ਹਾਲਾਤ ਬਾਰੇ ਵਿਚਾਰ ਕਰਨ ਤੋਂ ਬਾਅਦ, ਆਉ ਆਪਾਂ ਆਪਣਾਏ ਜਾਣ ਵਾਲੇ ਭਵਿੱਖ ਦੇ ਪ੍ਰੋਗਰਾਮ ਅਤੇ ਅਮਲ ਕਰਨ ਦੀ ਲਾਈਨ ਬਾਰੇ ਵਿਚਾਰ ਕਰੀਏ। ਜਿਵੇਂ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ, ਕਿਸੇ ਵੀ ਇਨਕਲਾਬੀ ਪਾਰਟੀ ਲਈ ਇਕ ਠੋਸ ਪ੍ਰੋਗਰਾਮ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਨਕਲਾਬ ਦਾ ਮਤਲਬ ਹੈ ਐਕਸ਼ਨ। ਇਸ ਦਾ ਮਤਲਬ ਅਚਾਨਕ ਅਤੇ ਗੈਰ-ਜਥੇਬੰਦਕ ਢੰਗ ਨਾਲ ਜਾਂ ਆਪਮੁਹਾਰੀ ਆਈ ਕਿਸੇ ਤਬਦੀਲੀ ਜਾਂ ਪਤਨ ਦੇ ਉਲਟ, ਜਥੇਬੰਦਕ ਅਤੇ ਵਿਧੀਪੂਰਵਕ ਕੰਮ ਰਾਹੀਂ ਮਿੱਥ ਕੇ ਲਿਆਂਦੀ ਤਬਦੀਲੀ ਹੈ। ਇਕ ਪ੍ਰੋਗਰਾਮ ਤਿਆਰ ਕਰਨ ਲਈ ਅੱਗੇ ਦਿੱਤੀਆਂ ਚੀਜ਼ਾਂ ਦਾ ਅਧਿਅਨ ਕਰਨਾ ਜ਼ਰੂਰੀ ਹੈ: 1. ਉਦੇਸ਼; 2. ਸ਼ੁਰੂ ਕਰਨ ਦੀ ਥਾਂ, ਯਾਨੀ ਕਿ ਮੌਜੂਦਾ ਹਾਲਤਾਂ; 3. ਐਕਸ਼ਨ ਦੀ ਦਿਸ਼ਾ, ਸਾਧਨ ਅਤੇ ਢੰਗ।"[9]
'ਭਗਤ ਸਿੰਘ' ਵੱਲੋਂ ਲੰਮੇ ਸਮੇਂ ਲਈ ਕੀਤੇ ਅਧਿਐਨ ਅਤੇ ਅਣਗਿਣਤ ਚੁਣੌਤੀਆਂ ਉੱਪਰ ਪਾਈ ਜਿੱਤ ਨੇ ਅਖੀਰ ਵਿੱਚ 'ਭਾਰਤ' ਲਈ ਇਕ ਨਵੇਂ ਬਿਰਤਾਂਤ ਨੂੰ ਜਨਮ ਦਿੱਤਾ। ਜਿਹੜਾ ਕਦੇ ਅਣਲਿਖਿਆ ਭਵਿੱਖ ਹੁੰਦਾ ਸੀ, ਉਹ ਇਕ ਸੰਭਵ ਸਿਆਸੀ ਅਤੇ ਨੈਤਿਕ ਪ੍ਰੋਜੈਕਟ ਵਿੱਚ ਤਬਦੀਲ ਹੋ ਗਿਆ। ਉਸ ਨੇ ਕਦੇ ਵੀ ਇਸ ਪ੍ਰੋਜੈਕਟ ਤੋਂ ਟਾਲਾ ਨਹੀਂ ਵੱਟਿਆ ਅਤੇ ਉਹ ਵਿਧੀਪੂਰਵਕ ਢੰਗ ਨਾਲ - ਅਣਖ, ਸੂਰਬੀਰਤਾ, ਪੀੜਾ, ਪਰਸਪਰ ਜ਼ਿੰਮੇਵਾਰੀ, ਮੌਰਲ ਲੱਕ (ਸਦਾਚਾਰੀ ਕਿਸਮਤ), ਨਿਆਂ, ਬਰਾਬਰੀ ਦੇ ਸਾਧਨਾਂ, ਸਾਡੇ ਸਮੂਹਿਕ ਵਿਸ਼ਵਾਸਾਂ ਦੇ ਸੁਭਾਅ ਅਤੇ ਭਰਮਾਂ - ਨੂੰ ਸੰਬੋਧਨ ਹੋਇਆ। ਇਹ ਹਕੀਕਤ ਕਿ ਆਪਣੀ 23 ਸਾਲਾਂ ਦੀ ਛੋਟੀ ਜਿਹੀ ਉਮਰ ਵਿੱਚ 'ਭਗਤ ਸਿੰਘ' ਵੱਖ ਵੱਖ ਤਰ੍ਹਾਂ ਦੇ ਇੰਨੇ ਸਵਾਲਾਂ ਵੱਲ ਧਿਆਨ ਦੇ ਸਕਿਆ ਇਕ ਬਹੁਤ ਹੀ ਅਸਧਾਰਨ ਹਕੀਕਤ ਹੈ। ਇਸ ਤੋਂ ਵੱਧ ਸ਼ਲਾਘਾ ਵਾਲੀ ਗੱਲ ਇਹ ਹੈ ਕਿ ਆਪਣੀਆਂ ਲਿਖਤਾਂ ਰਾਹੀਂ 'ਭਗਤ ਸਿੰਘ' 'ਮਾਰਕਸ', 'ਬਾਕੂਨਿਨ', 'ਲੈਨਿਨ', 'ਤਰਾਤਸਕੀ' ਵਰਗੇ ਕੱਦਵਾਰ ਬੁੱਧੀਜੀਵੀਆਂ ਦੇ ਵਾਰਤਾਲਾਪ ਵਿੱਚ ਬਰਾਬਰ ਦਾ ਭਾਈਵਾਲ ਬਣ ਗਿਆ।
ਹਿੰਦੁਸਤਾਨ ਦੇ ਭੂਤਕਾਲ ਦੀ ਡੂੰਘੀ ਸਮਝ ਅਤੇ 'ਗਾਂਧੀ' ਦਾ ਮਨ ਪੜ੍ਹਨ ਦੀ ਅਲੋਕਾਰੀ ਯੋਗਤਾ ਸਮੇਤ 'ਨਹਿਰੂ' ਦੀਆਂ ਸੰਸਥਾਤਮਿਕ ਅਤੇ ਸਾਹਿਤਕ ਤੌਰ 'ਤੇ ਅਣਗਿਣਤ ਪ੍ਰਾਪਤੀਆਂ ਹਨ, ਪਰ ਉਹ ਵਿਸ਼ਵ-ਵਿਆਪੀ ਆਧੁਨਿਕਤਾ ਦੇ ਸਿਧਾਂਤਕ ਬਾਨੀਆਂ ਨਾਲ ਬਰਾਬਰੀ ਦੇ ਪੱਧਰ 'ਤੇ ਦਸਤਪੰਜਾ ਲੈਂਦਾ ਨਜ਼ਰ ਨਹੀਂ ਆਉਂਦਾ।
ਆਪਣੀ ਬੌਧਿਕ ਮੌਲਿਕਤਾ, ਨੈਤਿਕ ਮੁਕਾਮ ਅਤੇ ਸਿਖਰ ਦੀ ਕੁਰਬਾਨੀ ਵਿੱਚ 'ਭਗਤ ਸਿੰਘ' ਦਾ ਕੋਈ ਸਾਨੀ ਨਹੀਂ। ਉਸ ਦੀਆਂ ਪੜ੍ਹਨ ਦੀਆਂ ਆਦਤਾਂ ਨੂੰ ਰਿਕਾਰਡ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਵਿਆਖਿਆਤਮਿਕ ਅਭਿਆਸ ਰਾਹੀਂ ਅਸੀਂ ਇਹ ਦੇਖਣਾ ਸ਼ੁਰੂ ਕਰ ਸਕਦੇ ਹਾਂ ਕਿ ਉਸ ਨੇ 'ਭਾਰਤ' ਦੇ ਆਦਰਸ਼ ਲਈ ਕਿਸ ਤਰ੍ਹਾਂ ਦਾ ਭਵਿੱਖਮਈ ਨਕਸ਼ਾ ਪੇਸ਼ ਕੀਤਾ ਸੀ।
ਹਵਾਲੇ:
Add a review