ਊਧਮ ਸਿੰਘ ਦਾ ਨਾਂ ਹਿੰਦੋਸਤਾਨ ਦੇ ਉਚਤਮ ਕੌਮੀ ਸ਼ਹੀਦਾਂ ਵਿਚ ਸ਼ੁਮਾਰ ਹੁੰਦਾ ਹੈ। ਨਿਮੋਸ਼ੀ ਵਾਲੀ ਗੱਲ ਹੈ ਕਿ ਸ਼ਹੀਦ ਦੇ ਪਿਛੋਕੜ ਬਾਰੇ ਕੋਈ ਸਿੱਕੇਬੰਦ ਜਾਣਕਾਰੀ ਨਹੀਂ ਮਿਲਦੀ। ਵੱਖ ਵੱਖ ਭਾਈਚਾਰਿਆਂ ਦੇ ਲੋਕ ਆਪਣੇ ਭਾਈਚਾਰੇ ਦਾ ਨਾਂ ਚਮਕਾਉਣ ਲਈ ਹੀ, ਊਧਮ ਸਿੰਘ ਨੂੰ ਆਪਣੇ ਆਪਣੇ ਭਾਈਚਾਰੇ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ ਹਨ, ਜਦੋਂ ਕਿ ਸ਼ਹੀਦ ਊਧਮ ਸਿੰਘ ਨੇ ਤਾਂ ਆਪਣਾ ਨਾਂ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ। ਉਸਨੇ ਇਹੀ ਨਾਂ 'ਕਤਲ ਕੇਸ' ਸਮੇਂ ਕਚਿਹਰੀ ਵਿਚ ਦੱਸਿਆ ਸੀ।
ਸ਼ਹੀਦ ਊਧਮ ਸਿੰਘ ਬਾਰੇ ਕਈ ਦੰਦ ਕਥਾਵਾਂ ਵਲੈਤ ਦੇ ਵੱਖ ਵੱਖ ਸ਼ਹਿਰਾਂ ਵਿਚ ਵੀ ਪ੍ਰਚਲਤ ਹਨ। ਇਹਦੀ ਢਾਣੀ ਦੇ ਤਕਰੀਬਨ ਸਾਰੇ ਸਾਥੀ-ਬੇਲੀ ਵੀ ਚਲ ਵਸੇ ਹਨ। ਇੱਕਾ ਦੁੱਕਾ ਲਿਖਤਾਂ ਵੀ ਮਿਲਦੀਆਂ ਹਨ। ਪਰ ਇਹ ਵੀ ਪੂਰੀ ਸੂਰੀ ਵਾਕਫੀਅਤ ਪ੍ਰਦਾਨ ਨਹੀਂ ਕਰਦੀਆਂ ਸਗੋਂ ਕੁਝ ਝਲਕਾਰੇ ਹੀ ਪੇਸ਼ ਹੁੰਦੇ ਹਨ।
ਹਿੰਦੋਸਤਾਨੀ ਮਜ਼ਦੂਰ ਸਭਾ ਦੇ ਪੁਰਾਣੇ ਸੰਗੀ-ਸਾਥੀ ਦੱਸਦੇ ਹਨ ਕਿ ਊਧਮ ਸਿੰਘ ਨੇ ਆਪ ਭਾਂਵੇ ਮਜ਼ਦੂਰ ਸਭਾ ਦੀ ਮੁਢਲੀ ਕਾਰਗੁਜ਼ਾਰੀ ਵਿਚ ਸਿੱਧੇ ਤੌਰ ਤੇ ਹਿੱਸਾ ਤਾਂ ਨਹੀਂ ਸੀ ਲਿਆ, ਪਰ ਇਸ ਦਾ ਮੁੱਢ ਉਸੇ ਦੀ ਜੁਗਤ ਅਤੇ ਹੱਲਾਸ਼ੇਰੀ ਨਾਲ ਹੀ 1938 ਵਿਚ ਬੱਝਾ ਸੀ। ਇਓਂ ਉਹ ਹਿੰਦੋਸਤਾਨੀ ਮਜ਼ਦੂਰਾਂ ਦੀ ਇੰਗਲੈਂਡ ਵਿਚ ਪਹਿਲੀ ਜਥੇਬੰਦੀ ਦਾ ਵੀ ਪਿਤਾਮਾ ਸੀ।
ਪਿੱਛੇ ਜਿਹੇ ਹੀ ਬਰਿਟਿਸ਼ ਸਰਕਾਰ ਨੇ ਊਧਮ ਸਿੰਘ ਬਾਰੇ ਕੁਝ ਦਸਤਾਵੇਜ਼ ਰਲੀਜ਼ ਕੀਤੇ ਹਨ।ਇਹ ਉਸਦੀ ਜ਼ਿੰਦਗ਼ੀ ਦੇ ਆਖਰੀ ਦਿਨਾਂ ਬਾਰੇ ਕੁਝ ਚਾਨਣਾ ਪਾਂਉਦੇ ਹਨ । ਇਹ ਦਸਤਾਵੇਜ਼ ਇੰਡੀਅਨ ਵਰਕਰਜ਼ ਅਸੋਸੀਏਸ਼ਨ (ਗਰੇਟ ਬ੍ਰਿਟੇਨ) ਦੇ ਹੈੱਡ ਆਫਿਸ ਵਿਚ ਪਏ ਹਨ। ਬਿਨਾਂ ਸ਼ੱਕ ਇਹ ਦਸਤਾਵੇਜ਼ ਸਰਕਾਰੀ ਹਨ ਤੇ ਇਹਨਾਂ ਬਾਰੇ ਸਾਡੀ ਸ਼ੰਕਾ ਬਣੀ ਰਹਿ ਸਕਦੀ ਹੈ ਤਾਂ ਵੀ ਇਨ੍ਹਾਂ ਤੇ ਉੱਕਾ ਹੀ ਲੀਕ ਫੇਰ ਦੇਣੀ ਵੀ ਠੀਕ ਨਹੀਂ ਹੈ।
ਇਹਨਾਂ ਵਿਚ ਦੁਹਰਾਅ ਵੀ ਕਾਫੀ ਹੈ ਇਸੇ ਕਰਕੇ ਕੁਝ ਚੋਣਵੇਂ ਦਸਤਾਵੇਜ਼ ਹੀ ਪੇਸ਼ ਕੀਤੇ ਹਨ; ਇਹਨਾਂ ਦਸਤਾਵੇਜ਼ ਰਾਹੀਂ ਊਧਮ ਸਿੰਘ ਬਾਰੇ ਸਾਡੀਆਂ ਕੁਝ ਮਨੋਕਲਪਿਤ ਧਾਰਨਾਵਾਂ ਬਾਰੇ ਵੀ ਨਿਬੇੜਾ ਹੋ ਜਾਂਦਾ ਹੈ।
ਇਹ ਦਸਤਾਵੇਜ਼ ਊਧਮ ਸਿੰਘ ਦੀ ਦਲੇਰੀ ਅਤੇ ਲੋਕਾਂ ਨਾਲ ਪ੍ਰਤੀਬੱਧਤਾ ਦੀ ਤਸਵੀਰ ਤਾਂ ਪੇਸ਼ ਕਰਦੇ ਹਨ, ਪਰ ਜੀਵਨ ਦੇ ਹੋਰ ਪੱਖਾਂ ਤੇ ਬਹੁਤੀ ਰੌਸ਼ਨੀ ਪਾਉਣ ਦੇ ਸਮਰੱਥ ਨਹੀਂ ਹਨ। ਸ਼ਹੀਦ ਦੀ ਸਮੁੱਚੀ ਜ਼ਿੰਦਗੀ ਨੂੰ ਜਾਨਣ ਬੁੱਝਣ ਲਈ ਤਾਂ ਵਡੇਰੇ ਖੋਜ-ਕਾਰਜ ਦੀ ਲੋੜ ਹੈ। ਤਾਂ ਵੀ ਭਾਰਤ ਦੀ ਆਜ਼ਾਦੀ ਅਤੇ ਲੋਕਾਂ ਲਈ ਮਰ ਮਿਟਣ ਵਾਲੇ ਸਾਡੇ ਨਾਇਕ ਬਾਰੇ ਹੋਰ ਜਾਨਣ ਜਾਂ ਸਮਝਣ ਲਈ ਇਹ ਕਿਤਾਬਚਾ ਕੁਝ ਹੱਦ ਤੱਕ ਸਹਾਈ ਹੋ ਸਕਣ ਦੀ ਸਮਰੱਥਾ ਰੱਖੇਗਾ।
ਪੁਲਸ ਵੱਲੋਂ ਲਏ ਬਿਆਨ
ਬਿਆਨ ਮੁਹੰਮਦ ਸਿੰਘ ਆਜ਼ਾਦ, ਉਮਰ 38 ਸਾਲ ਵਾਸੀ 8 ਮੋਰਨਿੰਟਨ ਟੈਰਿਸ, ਰੀਜੈਂਟ ਪਾਰਕ, ਕਿੱਤਾ ਇੰਜੀਨੀਅਰ।
ਮੈਨੂੰ ਡਿਵੀਜ਼ਨਲ ਡਿਟੈਕਟਿਵ ਇੰਨਸਪੈੱਕਟਰ ਸਵੇਨ ਨੇ ਸੁਪਰਡੈਂਟ ਸੈਂਡਜ਼ ਦੀ ਹਾਜ਼ਰੀ 'ਚ ਚੇਤਾਵਨੀ ਦਿੱਤੀ ਕਿ ਹੇਠ ਲਿਖੇ ਬਿਆਨ ਮੂਜ਼ਬ ਹੀ ਮੈਨੂੰ ਚਾਰਜ਼ ਕੀਤਾ ਜਾਵੇਗਾ। ਮੈਨੂੰ ਪਤਾ ਹੈ ਕਿ ਮੈਂ ਜੋ ਕੁਝ ਵੀ ਕਹਾਂਗਾ ਉਹ ਅਦਾਲਤ ਵਿਚ ਸਬੂਤ ਵਜੋਂ ਵਰਤਿਆ ਜਾ ਸਕੇਗਾ।
ਸਹੀ
ਮ. ਸ. ਆਜ਼ਾਦ
ਕੱਲ੍ਹ ਸਾਢੇ ਗਿਆਰਾਂ ਤੋਂ ਬਾਰਾਂ ਵਜੇ ਦੇ ਵਿਚਕਾਰ ਮੈਂ ਸਰ ਹਸਨ ਸੁਹਰਾਵਰਦੀ ਨੂੰ ਮਿਲਣ ਇੰਡੀਆ ਆਫਿਸ ਗਿਆ ਸੀ। ਗੇਟ ਤੇ ਖੜ੍ਹੇ ਸੰਤਰੀ ਨੇ ਦੱਸਿਆ ਕਿ ਉਹ ਤਾਂ ਕਿਧਰੇ ਬਾਹਰ ਗਿਆ ਹੋਇਆ ਹੈ ਪਰ ਜੇ ਚਾਹਾਂ ਤਾਂ ਮੈਂ ਉਹਦੀ ਇੰਤਜ਼ਾਰ ਕਰ ਸਕਦਾ ਹਾਂ। ਮੈਂ ਵੇਟਿੰਗ ਰੂਮ ਦੇ ਅੰਦਰ ਚਲਾ ਗਿਆ। ਓਥੇ ਪਹਿਲਾਂ ਹੀ ਤਿੰਨ ਚਾਰ ਜਣੇ ਹੋਰ ਬੈਠੇ ਸਨ; ਮੈਂ ਬਾਹਰ ਆ ਗਿਆ। ਜਦੋਂ ਮੈਂ ਬਾਹਰ ਆ ਰਿਹਾ ਸੀ ਤਾਂ ਮੇਰੀ ਨਜ਼ਰ ਇੱਕ ਨੋਟਿਸ ਤੇ ਪੈ ਗਈ; ਇਹ ਕੈਕਸਟਨ ਹਾਲ ਵਿਚ ਹੋਣ ਵਾਲੀ ਮੀਟਿੰਗ ਬਾਰੇ ਸੀ।
ਸੰਤਰੀ ਨੇ ਦੱਸਿਆ ਕਿ ਮੈਂ ਪੌਣੇ ਚਾਰ ਵਜੇ ਹੀ ਸਰ ਹਸਨ ਨੂੰ ਮਿਲ ਸਕਦਾ ਸਾਂ। ਮੈਂ ਓਥੋਂ ਵਾਪਸ ਆ ਗਿਆ ਤੇ ਮੁੜ ਕੇ ਨਹੀਂ ਗਿਆ। ਮੈਂ ਉਹਨੂੰ ਆਪਣੇ ਪਾਸਪੋਰਟ ਤੇ ਮੋਹਰ ਲਵਾਉਣ 'ਚ ਮਦਦ ਕਰਨ ਲਈ ਕਹਿਣਾ ਸੀ।
ਦੂਜੇ ਦਿਨ ਸਵੇਰੇ ਮੈਂ ਸਰ ਹਸਨ ਸੁਹਰਾਵਰਦੀ ਕੋਲ਼ ਜਾਣ ਲਈ ਤਿਆਰ ਹੋ ਗਿਆ ਪਰ ਫੇਰ ਮੈਂ ਇਰਾਦਾ ਬਦਲ ਲਿਆ। ਮੈਨੂੰ ਪਤਾ ਸੀ ਕਿ ਉਹਨੇ ਮੇਰੀ ਮਦਦ ਨਹੀਂ ਕਰਨੀ। ਜਦੋਂ ਮੈਂ ਘਰੋਂ ਤੁਰਿਆ ਤਾਂ ਮੇਰਾ ਇਰਾਦਾ ਲੈੱਸਟਰ ਸਕੁਏਰ 'ਚ ਪਾਲ ਰੋਬਸਿਨ ਦੀ ਫਿਲਮ ਦੇਖਣ ਦਾ ਸੀ। ਮੈਂ ਓਥੇ ਗਿਆ ਤਾਂ ਸਿਨਮਾ ਅਜੇ ਬੰਦ ਹੀ ਸੀ, ਅਤੇ ਮੈਂ ਵਾਪਸ ਆ ਗਿਆ।
ਫਿਰ ਮੈਂ ਸੋਚਿਆ ਕਿ ਆਪਣਾ ਰੋਸ ਜ਼ਾਹਿਰ ਕਰਨ ਲਈ ਮੈਨੂੰ ਕੈਕਸਟਨ ਹਾਲ ਵਾਲੀ ਮੀਟਿੰਗ ਤੇ ਹੀ ਚਲੇ ਜਾਣਾ ਚਾਹੀਦਾ ਹੈ। ਮੈਂ ਆਪਣਾ ਪਿਸਤੌਲ ਵੀ ਨਾਲ ਲੈ ਲਿਆ। ਮੀਟਿੰਗ ਵਿਚ ਮੈਂ ਖੜਾ ਹੀ ਰਿਹਾ ਸੀ। ਪਿਸਤੌਲ ਮੈਂ ਕਿਸੇ ਨੂੰ ਮਾਰਨ ਲਈ ਨਹੀਂ ਸੀ ਲੈ ਕੇ ਗਿਆ, ਸਿਰਫ ਆਪਣੇ ਰੋਸ ਦਾ ਇਜ਼ਹਾਰ ਕਰਨ ਲਈ ਹੀ ਸੀ।
ਜਦੋਂ ਮੀਟਿੰਗ ਖਤਮ ਹੋਈ ਤਾਂ ਮੈਂ ਆਪਣਾ ਪਿਸਤੌਲ ਜੇਬ ਚੋਂ ਕੱਢਿਆ ਤੇ ਗੋਲ਼ੀ ਚਲਾ ਦਿੱਤੀ - ਜਿਵੇਂ ਕੰਧ ਤੇ ਚਲਾਈਦੀ ਹੈ। ਮੈਂ ਆਪਣਾ ਰੋਸ ਪਰਗਟ ਕਰਨ ਲਈ ਹੀ ਗੋਲ਼ੀ ਚਲਾਈ ਸੀ। ਬਰਤਾਨਵੀ ਸਾਮਰਾਜ ਦੀ ਛਤਰ ਛਾਇਆ ਹੇਠਾਂ ਮੈਂ ਹਿੰਦੋਸਤਾਨ ਵਿਚ ਲੋਕਾਂ ਨੂੰ ਭੁੱਖ ਨਾਲ ਮਰਦੇ ਦੇਖਿਆ ਹੈ। ਮੈਂ ਪਿਸਤੌਲ਼ ਤਿੰਨ ਚਾਰ ਵਾਰ ਚਲਾਇਆ ਤੇ ਇਹਦਾ ਮੈਨੂੰ ਕੋਈ ਦੁੱਖ ਵੀ ਨਹੀਂ ਹੈ। ਮੈਨੂੰ ਕਿਸੇ ਵੀ ਸਜ਼ਾ ਦੀ ਕੋਈ ਪ੍ਰਵਾਹ ਨਹੀਂ ਹੈ - ਦਸ ਸਾਲ, ਵੀਹ ਜਾਂ ਪੰਜਾਹ ਸਾਲ ਤੇ ਭਾਂਵੇ ਫਾਂਸੀ ਵੀ ਹੋ ਜਾਵੇ। ਮੈਂ ਤਾਂ ਆਪਣਾ ਫਰਜ਼ ਪੂਰਾ ਕੀਤਾ ਹੈ। ਪਰ ਮੇਰਾ ਮਕਸਦ ਕਿਸੇ ਦੀ ਜਾਨ ਨਹੀਂ ਲੈਣਾ ਸੀ, ਮੇਰਾ ਮਤਲਬ ਤਾਂ ਆਪਣਾ ਰੋਸ ਜ਼ਾਹਿਰ ਕਰਨਾ ਹੀ ਸੀ।
ਮੈਂ ਇਹ ਬਿਆਨ ਪੜ੍ਹ ਲਿਆ ਹੈ ਅਤੇ ਇਹ ਬਿਲਕੁਲ ਠੀਕ ਹੈ।
ਸਹੀ
ਮੁਹੰਮਦ ਸਿੰਘ ਆਜ਼ਾਦ
ਮਿਸਟਰ ਸੈਂਡਜ਼
ਸੁਪਰਡੈਂਟ ਪੁਲੀਸ
ਮਿਹਰਬਾਨੀ ਕਰਕੇ ਮੇਰੀਆਂ ਸਿਗਰਿਟਾਂ, ਜੋ ਮੇਰੇ ਕੋਲ ਸਨ, ਇੱਕ ਪੂਰੀ ਬਾਹਾਂ ਵਾਲ਼ੀ ਕਮੀਜ਼, ਇੱਕ ਜੋੜਾ, ਪੈਂਟ ਤੇ ਪੱਗ ਮੈਨੂੰ ਪਹੁੰਚਦੀਆਂ ਕਰ ਦੇਣੀਆ। ਮੇਰੀ ਕਮੀਜ਼ ਬਹੁਤ ਗੰਦੀ ਹੋ ਗਈ ਹੈ ਅਤੇ ਮੈਂ ਇਹਨੂੰ ਬਦਲਣਾ ਚਾਹੰਦਾ ਹਾਂ। ਪੁਲਸ ਨਾਲ ਆਉਣ ਜਾਣ ਕਰਕੇ ਮੇਰੀ ਜੁੱਤੀ ਦੀਆਂ ਅੱਡੀਆਂ ਬਿਲਕੁਲ ਹੀ ਘਸ ਗਈਆਂ ਹਨ। ਮੈਂ ਹਿੰਦੋਸਤਾਨੀ ਹਾਂ ਅਤੇ ਟੋਪੀ ਮੈਨੂੰ ਬਿਲਕੁਲ ਨਹੀਂ ਜਚਦੀ। ਮੈਂ ਸੂਟ ਡਰਾਈ ਕਲੀਨਰ ਨੂੰ ਦਿੱਤਾ ਹੋਇਆ ਹੈ - ਲੈੱਸਟਰ ਸਕੁਏਰ ਡਾਕਖਾਨੇ ਵਾਲ਼ਿਆ ਦੇ। ਮੇਰੇ ਕਮਰੇ ਵਿਚ ਵੀ ਕੁਝ ਚੀਜਾਂ ਪਈਆਂ ਹਨ।
ਇੱਕ ਗੱਲ ਮੈਂ ਹੋਰ ਦੱਸਣੀ ਹੈ ਕਿ ਮੇਰਾ ਨਾਂ ਬਦਲਣ ਦੀ ਕੋਸਿਸ਼ ਬਿਲਕੁਲ ਨਾ ਕਰਿਓ। ਮੈਨੂੰ ਕੋਈ ਪ੍ਰਵਾਹ ਨਹੀਂ ਕਿ ਕੌਣ ਕੀ ਕਹਿੰਦਾ ਹੈ ਪਰ ਮੇਰਾ ਨਾਂ ਮੁਹੰਮਦ ਸਿੰਘ ਆਜ਼ਾਦ ਹੀ ਹੈ। ਮੈਂ ਆਪਣਾ ਨਾਂ ਬਰਕਰਾਰ ਰੱਖਣਾ ਚਾਹੁੰਦਾ ਹਾਂ। ਤੁਹਾਡੇ ਜਿਹੜੇ ਬੰਦੇ ਮੈਨੂੰ ਮਿਲਣ ਆਏ ਸਨ, ਮੈਂ ਉਨ੍ਹਾਂ ਨੂੰ ਵੀ ਕਿਹਾ ਸੀ ਕਿ ਮੇਰੀਆਂ ਚੀਜਾਂ ਮਿਹਰਬਾਨੀ ਕਰਕੇ ਭੇਜ ਦਿਉ, ਮੈਨੂੰ ਇੱਥੇ ਲੋੜ ਹੈ।
ਅਲਵਿਦਾ ਬਾਕੀ ਫਿਰ ਮਿਲਕੇ।
ਹੋਰ ਜੋ ਮਰਜ਼ੀ ਕਰੀਂ ਪਰ ਮੇਰਾ ਨਾਂ ਬਿਲਕੁਲ ਨਹੀਂ ਬਦਲਣਾ। ਜੇ ਚੀਜ਼ਾਂ ਭਿਜਵਾ ਦੇਵੇਂ ਤਾਂ ਮਿਹਰਬਾਨੀ ਹੋਵੇਗੀ।
ਤੇਰਾ ਸਿੰਘੀ (1)
ਸਹੀ/- ਮੁਹੰਮਦ ਸਿੰਘ ਆਜ਼ਾਦ
16.4.40
ਸਾਰਾ ਜਹਾਨ ਮੈਨੂੰ ਮੁਹੰਮਦ ਸਿੰਘ ਕਰਕੇ ਹੀ ਜਾਣਦਾ ਹੈ।
ਮ. ਸ. ਅ.
ਮੁਹੰਮਦ ਸਿੰਘ ਆਜ਼ਾਦ
ਦੋਸ਼ੀ ਕੋਲੋਂ ਮਿਲੀਆਂ ਵਸਤਾਂ ਦੀ ਸੂਚੀ:
2/6 ਚਾਂਦੀ
31/2 ਤਾਂਬਾ
1 ਫਰੈਂਕ (ਫਰਾਂਸ ਪੈਸੇ)
2 30 ਰੂਸੀ ਰੂਬਲ
1 ਸਮਿੱਥ ਵੈਸਟਨ 6 ਬੋਰ ਦਾ ਪਿਸਤੌਲ ਨੰਬਰ 16586, ਦੋ ਖਾਲੀ ਕਾਰਤੂਸ
1 ਲਕੜ ਦਾ ਬਕਸਾ .44 ਅਸਲੇ ਦੇ 25 ਰੌਂਦ
1 1940 ਸੰਨ ਦੀ ਡਾਇਰੀ
1 ਚਿੱਟੀ ਚੈਨ ਘੜੀ
1 ਸਿਗਰਿਟਾਂ ਦਾ ਬਕਸਾ ਸਣੇ 6 ਸਿਗਰਿਟਾਂ ਦੇ
2 ਨਿਰੋਧ
1 ਪੇਚਕਸ
1 ਦਸਤਕਾਰੀ ਚਾਕੂ
1 ਫੋਟੋ ਫਰੇਮ
2 ਬਟੂਏ
1 ਬੌਕਸ ਦੀ ਚਾਬੀ
1 ਕਾਰ ਦੀ ਚਾਬੀ
2 ਰੰਗਦਾਰ ਰੁਮਾਲ
2 ਅਖ਼ਬਾਰਾਂ ਦੀਆਂ ਕਾਤਰਾਂ
1 ਨੈਸ਼ਨਲ ਰਜਿਸਟ੍ਰੇਸ਼ਨ ਕਾਰਡ ਨੰ. 20ਅਖ/305/7 ਮੁਹੰਮਦ ਸਿੰਘ ਆਜ਼ਾਦ
3 ਫੋਟੋਗਰਾਫ
1 ਜੋੜਾ ਜੁਰਾਬਾਂ ਦਾ
2 ਜੋੜੇ ਤਸਮੇਂ
ਕੁਝ ਲਿਖਤਾਂ
ਮੁਹੰਮਦ ਸਿੰਘ ਆਜ਼ਾਦ, ਉਮਰ 37 ਸਾਲ, ਕਿੱਤਾ ਇੰਜਨਅਰ, ਵਾਸੀ 8 ਮੌਰਨਿੰਗਟਨ ਟੈਰਸ, ਰੀਜੈਂਟਸ ਪਾਰਕ, ਨੂੰ ਵੀਰਵਾਰ 21 ਮਾਰਚ 1940, 10.30 ਵਜੇ ਤੱਕ ਹੇਠ ਲਿਖੇ ਇਲਜ਼ਾਮ ਤਹਿਤ ਬੋਅ ਸਟਰੀਟ ਪੁਲਸ ਸਟੇਸ਼ਨ 'ਚ ਹਿਰਾਸਤ ਵਿਚ ਰੱਖਿਆ ਹੈ:
ਇਹਨੇ 13 ਮਾਰਚ 1940 ਨੂੰ ਮੁਜ਼ਰਿਮਾਨਾ ਢੰਗ ਨਾਲ ਸਰ ਮਾਈਕਲ ਓ'ਡਵਾਇਰ ਦਾ ਕੈਕਸਟਨ ਹਾਲ, ਲੰਡਨ ਵਿਖੇ ਕਤਲ ਕੀਤਾ ਸੀ। ਇਹ ਤਾਂ ਪਤਾ ਹੀ ਹੈ ਕਿ ਮੁਜ਼ਲਮ ਨੇ ਆਪਣਾ ਨਾਂ ਮੁਹੰਮਦ ਸਿੰਘ ਆਜ਼ਾਦ ਦੱਸਿਆ ਹੈ ਜੋ ਕਿ ਮੁਹੰਮਦਨ ਤੇ ਹਿੰਦੂ ਵਿਸਵਾਸ਼ਾ ਦਾ ਮੇਲ਼ ਹੈ।
ਮੈਂ 15 ਮਾਰਚ 1940 ਨੂੰ ਬਰਿਕਸਨ ਜੇਲ ਵਿਚ ਮੁਲਾਕਾਤ ਕਰਕੇ ਇਹਦੇ ਅਸਲੀ ਨਾਂ ਬਾਰੇ ਪੜਤਾਲ ਕੀਤੀ। ਮਖ਼ਸੂਸ ਤੌਰ ਤੇ ਇਹਨੇ ਦੱਸਿਆ ਕਿ ਇਹਦੇ ਬਾਪ ਦਾ ਨਾਂ ਟਹਿਲ ਸਿੰਘ ਅਜ਼ਾਦ ਸੀ ਅਤੇ ਉਹ ਉਦੋਂ ਹੀ ਪੂਰਾ ਹੋ ਗਿਆ ਸੀ ਜਦੋਂ ਦੋਸ਼ੀ ਅਜੇ ਤਿੰਨ ਸਾਲ ਦਾ ਸੀ। ਸੱਤ ਸਾਲ ਦੀ ਉਮਰ ਤੋਂ ਹੀ ਇਹਨੇ ਆਪਣਾ ਨਾਂ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ ਸੀ। ਜਦੋਂ ਮੈਂ ਇਹਨੂੰ ਦੱਸਿਆ ਕਿ ਇਹਦਾ ਨਾਂ ਤਾਂ ਊਧਮ ਸਿੰਘ ਹੈ, ਅਤੇ ਲੱਗਦਾ ਹੈ ਕਿ ਚਾਰਜਸ਼ੀਟ ਤੇ ਬਦਲ ਦਿੱਤਾ ਜਾਵੇਗਾ ਤਾਂ ਇਹਨੇ ਮੋੜਕੇ ਕਿਹਾ "ਤੂੰ ਜੋ ਮਰਜੀ ਕਹਿ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਮੇਰਾ ਨਾਂ ਮੁਹੰਮਦ ਸਿੰਘ ਆਜ਼ਾਦ ਹੀ ਹੈ।
ਰਿਕਾਰਡ ਤੋਂ ਪਤਾ ਚਲਦਾ ਹੈ ਕਿ ਦੋਸ਼ੀ ਨੂੰ 20 ਮਾਰਚ 1933 ਨੂੰ ਲਾਹੌਰ ਤੋਂ ਊਧਮ ਸਿੰਘ ਦੇ ਨਾਂ ਤੇ ਪਾਸਪੋਰਟ ਨੰਬਰ 52753 ਜਾਰੀ ਕੀਤਾ ਗਿਆ ਸੀ; ਦੋਸ਼ੀ ਨੇ 1934, 1936, 1937 ਤੇ 1938 ਨੂੰ ਊਧਮ ਸਿੰਘ ਦੇ ਨਾਂ ਹੇਠ ਹੀ ਪਾਸਪੋਰਟ ਤੇ ਇਨਡੋਰਸਮੈਂਟ ਲਵਾਉਣ ਲਈ ਕਈ ਅਰਜ਼ੀਆਂ ਵੀ ਦਿੱਤੀਆਂ ਸਨ। ਲੰਡਨ ਵਿਚ ਵੀ ਲੋਕ ਇਸ ਨੂੰ ਊਧਮ ਸਿੰਘ ਕਰਕੇ ਹੀ ਜਾਣਦੇ ਹਨ, ਏਸ ਹਿਸਾਬ ਨਾਲ ਦਰੁੱਸਤ ਲੱਗਦਾ ਹੈ ਕਿ ਇਸ ਦਾ ਸਹੀ ਨਾਂ ਇਹ ਹੀ ਹੈ।
ਹਿਰਾਸਤ 'ਚ ਲੈਣ ਲਈ ਤੱਥ ਤੇ ਚਾਰਜ ਇਸ ਤਰਾਂ ਹਨ:
ਬੁੱਧਵਾਰ, 13 ਮਾਰਚ 1940 ਨੂੰ ਸ਼ਾਮ ਦੇ ਤਿੰਨ ਵਜੇ ਈਸਟ ਇੰਡੀਆ ਐਸੋਸੀਏਸ਼ਨ ਅਤੇ ਰੋਇਲ ਸੈਂਟਰਲ ਏਸ਼ੀਅਨ ਸੋਸਾਇਟੀ ਨੇ ਰਲ਼ ਕੇ ਕੈਕਸਟਨ ਹਾਲ ਵਿਚ ਇੱਕ ਮੀਟਿੰਗ ਰੱਖੀ ਹੋਈ ਸੀ। ਅਫ਼ਗਾਨਿਸਤਾਨ ਦੀ ਸਥਿਤੀ ਤੇ ਲੈਕਚਰ ਵੀ ਹੋਣਾ ਸੀ।
ਬ੍ਰਿਗੇਡੀਅਰ ਜਨਰਲ ਸਰ ਪਰਸੀ ਸਾਈਕਸ ਨੇ "ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ" ਤੇ ਲੈਕਚਰ ਕੀਤਾ। ਮੀਟਿੰਗ ਦੀ ਪ੍ਰਧਾਨਗੀ ਲਾਰਡ ਜੈੱਟਲੈਂਡ ਨੇ ਕੀਤੀ ਅਤੇ ਹੋਰ ਬੁਲਾਰਿਆਂ ਵਿਚ ਲਾਰਡ ਲੈਮਿੰਗਟਨ, ਸਰ ਲੂਈ ਡੇਨ ਅਤੇ ਸਰ ਮਾਈਕਲ ਓ'ਡਵਾਇਰ (ਸਵਰਗੀ) ਸਨ। ਇਹ ਮੀਟਿੰਗ ਤਿੰਨ ਵਜੇ ਸ਼ੁਰੂ ਹੋਈ ਤੇ ਸਾਢੇ ਚਾਰ ਵਜੇ ਦੇ ਏੜ ਗੇੜ 'ਚ ਖਤਮ ਹੋਈ ਸੀ। ਇਸ ਮੀਟਿੰਗ 'ਚ ਟਿਕਟ ਲੈ ਕੇ ਹੀ ਦਾਖ਼ਲ ਹੋਇਆ ਜਾ ਸਕਦਾ ਸੀ। ਘੱਟੋ ਘੱਟ 150 ਲੋਕ ਹਾਜ਼ਰ ਸਨ ਅਤੇ ਬੈਠਣ ਲਈ ਸਿਰਫ 130 ਸੀਟਾਂ ਹੀ ਸਨ। ਵਾਧੂ ਆਏ ਲੋਕ ਸੀਟਾਂ ਦੇ ਦੋਹੀਂ ਪਾਸੀ ਖੜ੍ਹੇ ਸਨ। ਦੋਸ਼ੀ ਸੱਜੇ ਪਾਸੇ ਵਾਲ਼ੀ ਪਹਿਲੀ ਕਤਾਰ ਦੇ ਬਿਲਕੁਲ ਨੇੜੇ ਖੜਿਆਂ 'ਚੋਂ ਸੀ।
ਜਦੋਂ ਮੀਟਿੰਗ ਖ਼ਤਮ ਹੋ ਗਈ ਅਤੇ ਲੋਕ ਘਰਾਂ ਨੂੰ ਜਾਣ ਲਈ ਤਿਆਰ ਹੋਣ ਲੱਗੇ ਤਾਂ ਦੋਸ਼ੀ ਨੇ ਬੁਲਾਰਿਆਂ ਤੇ ਗੋਲੀਆਂ ਚਲਾ ਦਿੱਤੀਆਂ। ਨਤੀਜੇ ਵਜੋਂ ਸਰ ਮਾਈਕਲ ਓ'ਡਵਾਇਰ (2) ਜਖ਼ਮੀ ਹੋ ਗਿਆ; ਉਸਦੇ ਜਖ਼ਮ ਬੜੇ ਹੀ ਘਾਤਕ ਸਿੱਧ ਹੋਏ। ਲਾਰਡ ਲੈਮਿੰਗਟਨ ਦੇ ਸੱਜੇ ਹੱਥ ਤੇ ਜਖ਼ਮ ਆਏ, ਲਾਰਡ ਜੈੱਟਲੈਂਡ ਦੇ ਸਰੀਰ ਦੇ ਖੱਬੇ ਪਾਸੇ ਜਖ਼ਮ ਆਏ ਅਤੇ ਸਰ ਲੂਈ ਡੇਨ ਦੀ ਸੱਜੀ ਬਾਂਹ ਤੇ। ਮਗਰਲੇ ਤਿੰਨਾਂ ਨੂੰ ਮਮੂਲੀ ਜਖ਼ਮ ਆਏ ਪਰ ਸਰ ਲੂਈ ਦੀ ਉਮਰ 80 ਸਾਲਾਂ ਤੋਂ ਉਪਰ ਹੈ ਇਸ ਕਰਕੇ ਉਹਨੂੰ ਹਸਪਤਾਲ ਵਿਚ ਹੀ ਰੱਖਿਆ ਗਿਆ ਹੈ, ਅਤੇ ਉਸਦੇ ਹੱਥ ਤੇ ਛੋਟਾ ਜਿਹਾ ਅਪਰੇਸ਼ਨ ਕੀਤਾ ਜਾਏਗਾ।
ਇਹ ਵਾਕਿਆ ਬਹੁਤ ਜਣਿਆਂ ਨੇ ਦੇਖਿਆ ਸੀ, ਪਰ ਉਹਨਾਂ ਚੋਂ ਕੁਝ ਦੇ ਹੀ ਬਿਆਨ ਲਏ ਜਾਣਗੇ।
ਗੋਲ਼ੀਆਂ ਚੱਲਣ ਤੋਂ ਤੁਰੰਤ ਬਾਅਦ ਕਾਫੀ ਹਫੜਾ-ਦਫੜੀ ਪੈ ਗਈ ਸੀ, ਅਤੇ ਦੋਸ਼ੀ ਬਾਹਰ ਨਿਕਲ ਜਾਣ ਦੀ ਕੋਸਿਸ਼ ਵਿਚ ਸੀ। ਪਰ ਸ੍ਰੀ ਮਤੀ ਬਰਥਾ ਹੈਰਿੰਗ ਨੇ ਇਹਨੂੰ ਰੋਕ ਲਿਆ ਸੀ; ਉਦੋਂ ਤੀਕ ਵਿੰਡਮ ਹੈਰੀ ਰਿਚੈੱਸ ਨੇ ਆਜ਼ਾਦ ਨੂੰ ਮੋਢਿਆਂ ਤੋ ਫੜ ਲਿਆ ਸੀ। ਊਧਮ ਸਿੰਘ ਡਿੱਗ ਪਿਆ ਸੀ ਅਤੇ ਪਿਸਤੌਲ ਵੀ ਉਹਦੇ ਹੱਥੋਂ ਡਿੱਗ ਪਿਆ ਸੀ। ਹੈਰੀ ਰਿਚੈੱਸ ਨੇ ਪਿਸਤੌਲ ਪਰ੍ਹੇ ਨੂੰ ਖਿਸਕਾ ਦਿੱਤਾ। ਇਹ ਪਿਸਤੌਲ ਮੇਜਰ ਰੈੱਜਨਾਲਡ ਐਲਫਰਿਡ ਸਲੀਅ ਨੇ ਚੁੱਕ ਲਿਆ ਸੀ, ਤੇ ਬਾਅਦ ਵਿਚ ਪੁਲਸ ਦੇ ਸਾਰਜੈਂਟ-51ਏ (3)- ਮਕਵਿਲੀਅਮ ਦੇ ਹਵਾਲੇ ਕਰ ਦਿੱਤਾ। ਮੈਟਰੋਪੋਲੀਟਨ ਸਪੈਸ਼ਲ ਕੰਸਟੈਬਲਰੀ ਦਾ ਇੰਸਪੈਕਟਰ, ਰੌਬਰਟ ਵਿਲੀਅਮ ਸਟੀਵਨ (ਬਰਿਸਟਰ) ਗੋਲੀ ਚਲਣ ਵੇਲੇ ਇਸੇ ਇਮਾਰਤ ਵਿਚ ਸੀ, ਕਿਉਂਕਿ ਸਪੈਸ਼ਲ ਕੰਸਟੈਬਲਰੀ ਦਾ ਦਫਤਰ ਵੀ ਏਸੇ ਇਮਾਰਤ ਵਿਚ ਹੈ। ਇਹਨੇ ਛੇ ਗੋਲੀਆਂ ਚਲਦੀਆਂ ਸੁਣੀਆਂ ਤੇ ਕਾਹਲ਼ੀ ਨਾਲ ਟੂਡਰ ਰੂਮ ਵਲ ਗਿਆ। ਇਹਨੇ ਦੋਸ਼ੀ ਨੂੰ ਪੁਲਸ ਸਾਰਜੈਂਟ ਮਕਵਿਲੀਅਮ ਦੇ ਆਉਣ ਤਾਂਈ ਹਿਰਾਸਤ 'ਚ ਰੱਖਿਆ ਸੀ। ਕੰਧ ਲਾਗਿਓਂ ਹੀ ਇੰਸਪੈਕਟਰ ਸਟੀਵਨ ਨੂੰ ਖਾਲੀ ਕਾਰਤੂਸਾਂ ਦੀ ਡੱਬੀ ਤੇ ਦੋ ਗੋਲ਼ੀਆਂ ਮਿਲੀਆਂ ਸਨ - ਇੱਕ ਕੰਧ ਲਾਗਿਂਓ, ਤੇ ਦੂਜੀ ਜਿੱਥੇ ਸਰ ਮਾਈਕਲ ਓ'ਡਵਾਇਰ ਦਾ ਮ੍ਰਿਤਕ ਸਰੀਰ ਪਿਆ ਸੀ। ਇੱਕ ਗੋਲ਼ੀ ਇਹਨੂੰ ਕਰਨਲ ਕਾਰਲ ਹੈਨਰੀ ਰੈਨਹੋਲਡ ਨੇ ਵੀ ਫੜਾਈ; ਇਹਦੇ ਦੱਸਣ ਮੂਜ਼ਬ ਇਹ ਗੋਲ਼ੀ ਸਰ ਮਾਈਕਲ ਦੀ ਕਮੀਜ਼ ਚੋਂ ਲੱਭੀ ਸੀ- ਜਿੱਥੇ ਕੁ ਉਹਨੂੰ ਜ਼ਖ਼ਮ ਆਇਆ ਸੀ। ਕਰਨਲ ਦਾ ਕਹਿਣਾ ਹੈ ਕਿ ਸਰ ਮਾਈਕਲ ਅਖੀਰਲ਼ੇ ਦਮਾਂ ਤੇ ਸੀ ਅਤੇ ਇਹ ਉਹਦੇ ਲਈ ਬਹੁਤ ਕੁਝ ਨਹੀਂ ਸੀ ਕਰ ਸਕਿਆ।
ਪੁਲਸ ਸਾਰਜੈਂਟ ਮਕਵਿਲੀਅਮ ਨੇ ਪਹੁੰਚਣ ਸਾਰ ਦੇਖਿਆ ਕਿ ਟੂਡਰ ਰੂਮ ਦੇ ਦਰਵਾਜੇ ਖੁਲ੍ਹੇ ਸਨ ਤੇ ਲੋਕ ਵੀ ਖੜੇ ਸਨ। ਅਸਲੇ ਦੀ ਬੋਅ ਆ ਰਹੀ ਸੀ ਅਤੇ ਧੂੰਏ ਦਾ ਨੀਲਾ ਗੁਬਾਰ ਵੀ ਸੀ। ਜਦੋਂ ਇਹਨੇ ਤਲਾਸ਼ੀ ਲਈ ਤਾਂ ਦੋਸ਼ੀ ਦੇ ਓਵਰਕੋਟ ਦੀ ਖੱਬੀ ਜੇਬ 'ਚੋਂ ਦਸਤਕਾਰੀ ਚਾਕੂ ਵੀ ਮਿਲਿਆ ਅਤੇ ਸੱਜੀ ਜੇਬ ਚੋਂ ਪਿਸਤੌਲ ਦੀਆਂ 17 ਗੋਲ਼ੀਆਂ ਦੀ ਡੱਬੀ ਮਿਲੀ। ਪੈਂਟ ਦੀ ਸੱਜੀ ਜੇਬ 'ਚ 8 ਗੋਲ਼ੀਆਂ ਸਨ ਅਤੇ ਗੋਲ਼ੀਆਂ ਦੀਆਂ ਦੋ ਖ਼ਾਲੀ ਡੱਬੀਆਂ ਸਾਰਜੈਂਟ ਮਕਵਿਲੀਅਮ ਨੂੰ ਡਿਸਟਰਕਿਟ ਸੁਪਰਡੈਂਟ ਗੌਡਫਰੀ ਡੈੱਨੀਅਲ ਵਨੈੱਲ ਨੇ ਵੀ ਦਿੱਤੀਆਂ; ਇਹਦਾ ਦਫ਼ਤਰ ਵੀ ਇਸੇ ਇਮਾਰਤ 'ਚ ਹੀ ਹੈ ਤੇ ਇਹ ਗੋਲ਼ੀਆਂ ਇਹਨੂੰ ਟੂਡਰ ਰੂਮ ਦੀ ਫਰਸ਼ ਤੋਂ ਮਿਲ਼ੀਆਂ ਸਨ। ਉਦੋਂ ਤੱਕ ਡਿਟੈੱਕਟਿਵ ਇੰਸਪੈਕਟਰ ਡੀਟਨ ਵੀ ਘਟਨਾ ਵਾਲੀ ਥਾਂ ਤੇ ਪਹੁੰਚਾ ਸੀ ਅਤੇ ਇਹ ਸਾਰੀਆਂ ਚੀਜਾਂ ਸਾਰਜੈਂਟ ਮੈਕਵਿਲੀਅਮ ਨੇ ਇਹਦੇ ਹਵਾਲੇ ਕਰ ਦਿੱਤੀਆਂ।
ਇੰਸਪੈਕਟਰ ਡੀਟਨ ਨੇ ਦੋਸ਼ੀ ਨੂੰ ਪੁਛਿਆ ਕਿ ਉਹ ਅੰਗਰੇਜ਼ੀ ਸਮਝਦਾ ਹੈ ਤਾਂ ਕੈਦੀ ਨੇ ਕਿਹਾ ਸੀ, ਹਾਂ ਉਹ ਸਮਝਦਾ ਹੈ। ਫਿਰ ਦੋਸ਼ੀ ਨੂੰ ਦੱਸਿਆ ਗਿਆ ਕਿ ਜਿੰਨਾਂ ਚਿਰ ਤਫਤੀਸ਼ ਚਲੇਗੀ ਉਹਨੂੰ ਹਿਰਾਸਤ ਵਿਚ ਹੀ ਰੱਖਿਆ ਜਾਵੇਗਾ। ਕੈਦੀ ਨੇ ਕਿਹਾ ਇਹ "ਹੁਣ ਕਿਸੇ ਕੰਮ ਨਹੀਂ, ਸੱਭ ਕੰਮ ਤਮਾਮ ਹੋ ਗਿਆ ਹੈ"। ਆਪਣੇ ਸਿਰ ਨਾਲ ਸਰ ਮਾਈਕਲ ਦੀ ਦੇਹ ਵਲ ਇਸ਼ਾਰਾ ਕਰਦਿਆਂ ਕਿਹਾ "ਔਹ ਦੇਖ"। ਆਜ਼ਾਦ ਨੂੰ ਫਿਰ ਹੋਰ ਕਮਰੇ ਵਿਚ ਸਾਰਜੈਂਟ ਸਿਡਨੀ ਜੋਨਜ਼ ਦੀ ਹਿਰਾਸਤ ਵਿਚ ਭੇਜ ਦਿੱਤਾ।
ਉਦੋਂ ਤੱਕ ਡਿਵੀਜ਼ਨਲ ਸਰਜਨ, ਡਾ. ਆਰਨਲ਼ਡ ਹਾਰਬਰ ਨੇ ਆ ਕੇ ਸਰ ਮਾਈਕਲ ਦੀ ਦੇਹ ਦਾ ਮੁਆਇਨਾ ਕਰ ਲਿਆ ਸੀ। ਡਾ. ਅਨੁਸਾਰ ਸਰ ਮਾਈਕਲ ਦਾ ਸਰੀਰ ਟੂਡਰ ਰੂਮ ਦੇ ਸੱਜੇ ਖੂੰਜੇ ਪਿੱਠ ਭਾਰ ਪਿਆ ਸੀ, ਪਰ ਸਿਰ ਦਰਵਾਜੇ ਵਾਲੇ ਪਾਸੇ ਨੂੰ ਸੀ। ਉਹਦਾ ਸਰੀਰ ਪੀਲਾ ਭੂਕ ਸੀ ਤੇ ਸਾਹ ਤਾਜ਼ੇ ਹੀ ਨਿਕਲੇ ਲੱਗਦੇ ਸਨ। ਜੈਕਟ ਦੇ ਪਿਛਲੇ ਪਾਸੇ ਸੱਜੇ ਹੱਥ ਦੋ ਖ਼ੂਨ ਨਾਲ ਲਿਬੜੇ ਛੇਕ ਸਨ ਜੋ ਗੋਲ਼ੀਆਂ ਦੇ ਹੀ ਹੋ ਸਕਦੇ ਸਨ। ਖ਼ੂਨ ਦੇ ਧੱਬਿਆਂ ਦਾ ਰੰਗ ਬਾਹਰੋਂ ਫਿੱਕਾ ਪੈ ਕੇ ਭੂਰਾ ਹੋ ਗਿਆ ਸੀ। ਇਹ ਅਸਲੇ ਦੇ ਧੂੰਏ ਨਾਲ ਹੋਇਆ ਲੱਗਦਾ ਸੀ। ਡਾ. ਹਾਰਬਰ ਨੇ ਵਾਸਕੋਟ, ਪੈਂਟ, ਕਮੀਜ਼ ਤੇ ਬੁਨੈਣ ਆਦਿ ਤੇ ਖ਼ੂਨ ਲੱਗਾ ਦੇਖਿਆ ਜੋ ਕਿ ਜੈਕਟ ਤੇ ਗਲ਼ੀਆਂ ਦੁਆਲੇ ਖੂਨ ਨਾਲ ਰਲ਼ਦਾ ਸੀ। ਡਾ. ਹਾਰਬਰ ਦਾ ਖਿਆਲ ਹੈ ਕਿ ਸਰ ਮਾਈਕਲ ਨੂੰ ਆਏ ਜ਼ਖ਼ਮਾਂ ਤੋਂ ਛੇਤੀ ਬਾਅਦ ਹੀ ਉਹਦੀ ਜਾਨ ਨਿਕਲ ਗਈ ਸੀ ਅਤੇ ਗੋਲ਼ੀ ਲੱਗਣ ਵੇਲੇ ਉਹ ਖੜਾ ਸੀ। ਗੋਲੀਆਂ ਦੇਖ ਕੇ ਡਾ. ਨੇ ਕਿਹਾ ਕਿ ਜ਼ਖ਼ਮ ਵੀ ਪਿਸਤੌਲ ਦੀਆਂ ਗੋਲ਼ੀਆਂ ਦੇ ਹੀ ਹਨ।
ਸ਼ਾਮ ਦੇ 5.30 ਵਜੇ ਮੈਂ ਕੈਕਸਟਨ ਹਾਲ ਸਰ ਮਾਈਕਲ ਦੀ ਦੇਹ ਦੇਖ ਕੇ ਪੁੱਛਗਿੱਛ ਕੀਤੀ। ਜਿੰਨੇ ਵੀ ਹਾਲ ਵਿਚ ਹਾਜ਼ਰ ਸਨ ਉਹਨਾਂ ਦੇ ਬਿਆਨ ਲੈ ਲਏ ਸਨ, ਉਹਨਾਂ 'ਚੋਂ ਇੱਕ ਰਿਟਾਇਰਡ ਬ੍ਰਿਗੇਡੀਅਰ ਜਨਰਲ ਸਰ ਪਰਸੀ ਸਾਈਕਸ ਹੈ। ਇਹਨੇ ਹੀ ਅਫ਼ਗਾਸਿਤਾਨ ਦੀ ਮੌਜੂਦਾ ਹਾਲਤ ਤੇ ਲੈਕਚਰ ਕੀਤਾ ਸੀ। ਇਸਦਾ ਬਿਆਨ ਹੈ ਕਿ ਇਹਦੇ ਲੈਕਚਰ ਤੋਂ ਬਾਅਦ ਲਾਰਡ ਜੈੱਟਲੈਂਡ ਨੇ ਦਸਾਂ ਮਿੰਟਾਂ ਦੀ ਸਮੇਟਵੀਂ ਤਕਰੀਰ ਕੀਤੀ ਸੀ। ਫਿਰ ਸਰ ਮਾਈਕਲ, ਮਿਸਿਜ਼ ਓਡਰੀ ਮਲਾਲ ਅਤੇ ਅਖੀਰ ਤੇ ਸਰ ਲੂਈ ਡੇਨ ਦਸ ਮਿੰਟਾਂ ਲਈ ਬੋਲਿਆ ਸੀ। ਲਾਰਡ ਜੈੱਟਲੈਂਡ ਦੀ ਸਿਫਾਰਸ਼ ਨਾਲ ਲਾਰਡ ਲੈਮਿੰਗਟਨ ਮੀਟਿੰਗ ਸਮੇਟਣ ਲਈ ਬੋਲਿਆ। ਉਦੋਂ ਤਕਰੀਬਨ 4.30 ਵਜੇ ਦਾ ਟਾਈਮ ਸੀ। ਸਰ ਪਰਸੀ ਦਾ ਕਹਿਣਾ ਹੈ ਕਿ ਜਦੋਂ ਲਾਰਡ ਜੈੱਟਲੈਂਡ ਉਹਨੂੰ ਅਲਵਿਦਾ ਕਹਿਣ ਲਈ ਉੱਠਿਆ ਤਾਂ ਉਦੋਂ ਉਸਨੇ ਪਿਸਤੌਲ ਦੀਆਂ ਗੋਲ਼ੀਆਂ ਚੋਂ ਲਿਸ਼ਕਾਰੇ ਨਿਕਲਦੇ ਦੇਖੇ। ਗੋਲ਼ੀਆਂ ਚਲਾਉਣ ਵਾਲਾ ਆਦਮੀ ਕੰਧ ਨਾਲ ਢਾਸਣਾ ਲਾ ਕੇ ਖੜਾ ਸੀ। ਇਹਨੇ ਸਰ ਮਾਈਕਲ ਨੂੰ ਡਿਗਦੇ ਵੀ ਦੇਖਿਆ ਅਤੇ ਮਿਸਟਰ ਰਿਚੱਸ ਨੂੰ ਦੋਸ਼ੀ ਨੂੰ ਕਾਬੂ ਕਰਦੇ ਨੂੰ ਵੀ। ਸਰ ਪਰਸੀ ਨੇ ਮਿਸਟਰ ਰਿਚੱਸ ਤੋਂ ਪਿਸਤੌਲ ਲੈ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਸੀ। ਲਾਰਡ ਜੈੱਟਲੈਂਡ ਮੀਟਿੰਗ ਦਾ ਪ੍ਰਧਾਨ ਸੀ ਅਤੇ ਉਹਦਾ ਬਿਆਨ ਵੀ ਮੀਟਿੰਗ ਦੇ ਉਦੇਸ਼, ਵਕਤ, ਸ਼ੁਰੂ ਤੇ ਖ਼ਤਮ ਹੋਣ ਦੇ ਸਮੇਂ ਅਤੇ ਬੁਲਾਰਿਆਂ ਬਾਰੇ ਸਰ ਪਰਸੀ ਦੇ ਬਿਆਨ ਦੀ ਤਾਈਦ ਹੀ ਕਰਦਾ ਹੈ।
ਮੀਟਿੰਗ ਦੇ ਅਖੀਰ 'ਚ ਲਾਰਡ ਜੈੱਟਲੈਂਡ ਸਰ ਫਰੈਂਕ ਬਰਾਊਨ (ਇਹ ਈਸਟ ਇੰਡੀਆ ਐਸੋਸੀਏਸ਼ਨ ਦਾ ਆਨਰੇਰੀ ਸਕੱਤਰ ਹੈ) ਨਾਲ ਸਟੇਜ ਦੇ ਦੂਸਰੇ ਪਾਸੇ ਜਾ ਰਿਹਾ ਸੀ। ਐਨ ਜਦੋਂ ਪਲੇਟਫਾਰਮ ਦੇ ਨੇੜੇ ਪਹੁੰਚ ਗਿਆ ਤਾਂ ਇਹਨੇ ਚਮਕਾਰੇ ਦੇਖੇ ਸੀ ਪਰ ਇਹਦੇ ਖੱਬੇ ਪਾਸੇ ਸੱਟ ਲੱਗ ਗਈ। ਇਹ ਪਲੇਟਫਾਰਮ ਤੇ ਪਈ ਕੁਰਸੀ ਤੇ ਡਿੱਗ ਗਿਆ ਤਾਂ ਇਹਨੇ ਹੋਰ ਗੋਲ਼ੀਆਂ ਚੱਲਣ ਦੀ ਆਵਾਜ ਵੀ ਸੁਣੀ ਸੀ। ਇਹਨੂੰ ਨਹੀਂ ਪਤਾ ਬਾਅਦ 'ਚ ਕੀ ਹੋਇਆ ਕਿਉਂਕਿ ਇਹਨੇ ਢਾਸਣਾ ਲਾ ਲਿਆ ਸੀ ਤੇ ਬਾਅਦ 'ਚ ਸੇਂਟ ਜਾਰਜਜ਼ ਹਸਪਤਾਲ ਲੈ ਜਾਇਆ ਗਿਆ ਸੀ। ਉੱਥੇ ਪਹੁੰਚ ਕੇ ਇਹਨੂੰ ਆਪਣੇ ਕਪੜਿਆਂ 'ਚੋਂ ਗੋਲ਼ੀ ਮਿਲੀ ਅਤੇ ਇਹ ਇਹਨੇ ਡਿਟੈਕਟਿਵ ਸਮਿੱਥ ਦੇ ਹਵਾਲੇ ਕਰ ਦਿੱਤੀ ਸੀ। ਇਹਨੇ ਪੁਲਸ ਅਫਸਰ ਨੂੰ ਜੈਕਟ, ਵਾਸਕਟ ਅਤੇ ਬੁਨੈਣ ਵੀ ਦੇ ਦਿੱਤੀ ਸੀ; ਇਹਨਾਂ ਸਾਰੀਆਂ 'ਚ ਹੀ ਗੋਲ਼ੀ ਨਾਲ ਮੋਰੀ ਹੋ ਗਈ ਸੀ। ਲਾਰਡ ਜੈੱਟਲੈਂਡ ਦੇ ਸਰੀਰ ਤੇ ਜ਼ਖਮ ਸਿਰਫ ਉਪਰਲੀ ਸਤਹ ਤੇ ਹੀ ਆਏ ਸਨ; ਕਿਤੇ ਵੀ ਛੇਕ ਨਹੀਂ ਸੀ ਹੋਇਆ। ਜਿਸ ਗੋਲ਼ੀ ਨਾਲ ਲਾਰਡ ਜੈੱਟਲੈਂਡ ਜ਼ਖਮੀ ਹੋਇਆ ਇਹਨੂੰ ਪਤਾ ਨਹੀਂ ਲੱਗਾ ਉਹ ਕਿਸਨੇ ਚਲਾਈ ਸੀ। ਇਸ ਕਰਕੇ ਇਹ ਇਸ ਮਾਮਲੇ 'ਚ ਹੋਰ ਮਦਦ ਨਹੀਂ ਕਰ ਸਕਦਾ।
ਸਰ ਫਰੈਂਕ ਬਰਾਊਨ, ਵਾਸੀ 9 ਵੈੱਟਬੋਰਨ ਡਰਾਈਵ, ਫੋਸਟਰ ਹਿੱਲ਼ ਈਸਟ ਇੰਡੀਆ ਐਸੋਸੀਏਸ਼ਨ ਦਾ ਆਨਰੇਰੀ ਸਕੱਤਰ ਹੈ, ਵੀ ਮੀਟਿੰਗ 'ਚ ਹਾਜ਼ਰ ਸੀ। ਇਹਦਾ ਬਿਆਨ ਹੈ ਕਿ ਇਹ ਲਾਰਡ ਜੈੱਟਲੈਂਡ ਨਾਲ ਗੱਲਾਂ ਕਰਦਾ ਸੀ ਜਦੋਂ ਗੋਲੀ ਚਲਣ ਦੀ ਆਵਾਜ ਸੁਣੀ।ਜਿਧਰੋਂ ਗੋਲ਼ੀਆਂ ਆਂਉਦੀਆਂ ਸਨ, ਜਦ ਇਹਨੇ ਉਧਰ ਦੇਖਿਆ ਤਾਂ ਦੋਸ਼ੀ ਸਟੇਜ ਦੇ ਖੱਬੇ ਪਾਸੇ ਹਾਲ 'ਚ ਖੜਾ ਸੀ। ਦੋਸ਼ੀ ਕੋਲ ਵੱਡਾ ਸਾਰਾ ਪਿਸਤੌਲ ਸੀ ਤੇ ਨਿਸ਼ਾਨਾ ਬੁਲਾਰਿਆਂ ਵੱਲ ਨੂੰ ਸੀ। ਬਾਅਦ ਵਿਚ ਤਿੰਨ ਗੋਲੀਆਂ ਹੋਰ ਚਲੀਆਂ। ਫਿਰ ਲਾਰਡ ਜੈੱਟਲੈਂਡ ਤੇ ਸਰ ਲੂਈ ਡੇਨ ਆਪਣੀਆਂ ਆਪਣੀਆਂ ਕੁਰਸੀਆਂ 'ਚ ਆ ਡਿੱਗੇ। ਮੈਂ ਲਾਰਡ ਲਮਿੰਗਟਨ ਦੇ ਗੁੱਟ ਨੇੜਿਓਂ ਖੂਨ ਨਿਕਲਦਾ ਦੇਖਿਆ। ਉਸ ਵੇਲੇ ਸਰ ਫਰੈਂਕ ਨੇ ਸਰ ਮਾਈਕਲ ਨੂੰ ਫਰਸ਼ ਤੇ ਪਏ ਨੂੰ ਦੇਖਿਆ; ਉਸ ਨੂੰ ਗਹਿਰੇ ਜਖ਼ਮ ਆਏ ਜਾਪਦੇ ਸਨ। ਇਹਦਾ ਕਹਿਣਾ ਹੈ ਕਿ ਗੋਲ਼ੀ ਚਲਣ ਤੋਂ ਪਹਿਲਾਂ ਕੁਝ ਵੀ ਅਣਚਾਹਿਆ ਨਹੀਂ ਸੀ ਵਾਪਰਿਆ। ਸਾਰੀ ਮੀਟਿੰਗ ਹੀ ਬੜੇ ਸਾਂਤ ਢੰਗ ਨਾਲ ਚੱਲੀ ਸੀ।
ਸੇਵਾ ਮੁਕਤ ਮੇਜਰ ਰੈੱਜਨਲਡ ਐਲਫਰੈੱਡ ਸਲੀਅ, ਵਾਸੀ 2 ਸੇਂਟ ਮੌਰਿਸ ਗਰੋਵ, ਬਾਰਨਜ਼, ਸਾਊਥ ਲੰਡਨ ਨੇ ਦੱਸਿਆ ਕਿ ਉਹ ਵੀ ਇਸ ਮੀਟਿੰਗ ਵਿਚ ਹਾਜ਼ਰ ਸੀ, ਅਤੇ ਅੱਠਵੀਂ ਜਾਂ ਨੌਵੀਂ ਕਤਾਰ 'ਚ ਬੈਠਾ ਸੀ। ਇਹਨੇ ਇੱਕ ਆਦਮੀ ਨੂੰ ਰਾਹ 'ਚ ਖੜੇ ਲੋਕਾਂ ਨੂੰ ਪਰ੍ਹੇ ਧੱਕ ਕੇ, ਅੰਦਰ ਆਂਉਦੇ ਦੇਖਿਆ ਸੀ। ਉਹ ਕੰਧ ਨਾਲ ਢੋਅ ਲਾ ਕੇ ਸਟੇਜ ਤੋਂ ਪੰਜਵੀਂ ਛੇਵੀਂ ਕਤਾਰ 'ਚ ਖੜੋ ਗਿਆ ਸੀ; ਮੁਹਾਂਦਰੇ ਤੋਂ ਇਹ ਹਿੰਦੋਸਤਾਨੀ ਲੱਗਦਾ ਸੀ, ਰੰਗ ਦਾ ਕਾਲ਼ਾ ਅਤੇ ਜਵਾਨੀ ਟੱਪਣ ਵਾਲਾ ਸੀ। ਮੇਜਰ ਸਲੀਅ ਨੇ ਦੱਸਿਆ ਕਿ ਬੁਲਾਰੇ ਕੌਣ ਕੋਣ ਸਨ ਅਤੇ ਮਕਤੂਲ ਬਾਰੇ ਵੀ ਜ਼ਿਕਰ ਕੀਤਾ ਸੀ, ਜਿਹਨੇ ਅਫ਼ਗਾਨੀ ਉਭਾਰ ਅਤੇ ਪੰਜਾਬ ਵਿਚ ਹੋਏ ਦੰਗਿਆਂ ਬਾਰੇ ਤਕਰੀਰ ਕੀਤੀ ਸੀ। ਬੁਲਾਰਿਆਂ ਦਾ ਧੰਨਵਾਦ ਕਰਨ ਤੋਂ ਬਾਅਦ ਮੀਟਿੰਗ ਖ਼ਤਮ ਹੋ ਗਈ ਸੀ ਅਤੇ ਸਰੋਤੇ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ। ਇਹ ਅਜੇ ਖੜੇ ਹੀ ਸਨ ਕਿ ਹਿੰਦੋਸਤਾਨੀ ਸਟੇਜ ਵੱਲ ਨੂੰ ਪਹਿਲੀ ਕਤਾਰ ਕੋਲ ਗਿਆ ਤਾਂ ਮੇਜਰ ਸਲੀਅ ਨੇ ਚਾਰ ਗੋਲ਼ੀਆਂ ਚਲਣ ਦੀ ਆਵਾਜ ਸੁਣੀ। ਜਦੋਂ ਗੋਲ਼ੀ ਚੱਲੀ ਤਾਂ ਗੋਲ਼ੀ ਦਾ ਲਿਸ਼ਕਾਰਾ ਦੋਸ਼ੀ ਕੋਲ਼ ਹੀ ਪਿਆ ਸੀ। ਦੋਸ਼ੀ ਦੀ ਇਸ ਵੱਲ ਪਿਛਾੜੀ ਸੀ। ਫਿਰ ਇਹਨੇ ਦੋਸ਼ੀ ਨੂੰ ਬਾਹਰ ਵੱਲ ਨਿਕਲਦੇ ਨੂੰ ਦੇਖਿਆ ਸੀ, ਜਿਸਨੂੰ ਮਿਸਿਜ਼ ਰਿਚੱਜ਼ ਨੇ ਫੜ ਲਿਆ ਸੀ। ਮੇਜਰ ਸਲੀਅ ਨੇ ਮੁਜ਼ਰਮ ਦੇ ਹੱਥ 'ਚੋਂ ਪਿਤੌਲ ਡਿਗਦਾ ਵੀ ਦੇਖਿਆ ਸੀ ਜਿਹੜਾ ਕਿ ਇਹਨੇ ਚੁੱਕ ਕੇ ਸਰ ਪਰਸੀ ਸਾਈਕਸ ਦੇ ਹਵਾਲੇ ਕਰ ਦਿੱਤਾ ਸੀ।
ਰਿਟਾਇਰਡ ਨੈਸ਼ਨਲ ਪ੍ਰੋਵੀਜ਼ਨਲ ਬੈਂਕ ਦੇ ਸਹਾਇਕ ਮੈਨੇਜਰ, ਮਿਸਟਰ ਕਲੋਡ ਵਿੰਡੈਮ੍ਹ ਹੈਰੀ ਰਿਚੱਜ਼, ਵਾਸੀ 4 ਮਾਰਲਬਰੋ ਗੇਟ ਹਾਊਸ, ਬੇਅਜ਼ਵਾਟਰ ਦਾ ਕਹਿਣਾ ਹੈ ਕਿ ਉਹ ਵੀ ਮੀਟਿੰਗ 'ਚ ਹਾਜ਼ਰ ਸੀ। ਉਹ ਵੀ ਬੁਲਾਰਿਆਂ ਦਾ ਵੇਰਵਾ ਦਿੰਦਿਆਂ ਦਸਦਾ ਹੈ ਕਿ ਜਦੋਂ ਮੀਟਿੰਗ ਮੁੱਕੀ ਤਾਂ ਸਿਰਫ ਲਾਰਡ ਜੈੱਟਲੈਂਡ ਤੇ ਪਰਸੀ ਸਾਈਕਸ ਹੀ ਪਲੇਟਫਾਰਮ ਤੇ ਸਨ। ਮੀਟਿੰਗ ਦੌਰਾਨ ਇਹਨੇ ਆਪਣੇ ਤੋਂ ਮੂਹਰਲੀ ਕਤਾਰ ਕੋਲ ਕੰਧ ਨਾਲ ਢੋਅ ਲਾ ਕੇ ਖੜੇ ਦੋਸ਼ੀ ਨੂੰ ਦੇਖਿਆ ਸੀ। ਉਹ ਬੜੀ ਦਿਲਚਸਪੀ ਨਾਲ ਸੁਣ ਰਿਹਾ ਸੀ। ਜਦੋਂ ਮੀਟਿੰਗ ਮੁਕ ਗਈ ਤਾਂ ਇਹ ਰਤਾ ਕੁ ਅੱਗੇ ਵਧਿਆ । ਐਨ ਉਦੋਂ ਹੀ ਗੋਲ਼ੀ ਚਲਣ ਦੀ ਆਵਾਜ਼ ਆਈ ਸੀ। ਫਿਰ ਸ਼ਾਇਦ ਚਾਰ ਹੋਰ ਗੋਲ਼ੀਆਂ ਚੱਲੀਆਂ ਸਨ। ਜਦੋਂ ਉਹ ਤੇਜੀ ਨਾਲ ਬਾਹਰ ਨਿਕਲਣ ਨੂੰ ਇਹਦੇ ਕੋਲ਼ ਦੀ ਲੰਘਿਆ ਤਾਂ ਇਹਨੇ ਮੁਜ਼ਰਿਮ ਦੇ ਸੱਜੇ ਹੱਥ 'ਚ ਪਿਸਤੌਲ਼ ਦੇਖਿਆ ਸੀ। ਪਰ ਮਿਸਜ਼ ਬਰਥਾ ਹੈਰਿੰਗ ਅਤੇ ਮਿਸਟਰ ਰਿਚੱਜ਼ ਨੇ ਉਹਨੂੰ ਫੜ ਲਿਆ ਸੀ। ਦੋਸ਼ੀ ਦਾ ਸੱਜਾ ਹੱਥ ਕਾਸੇ 'ਚ ਵੱਜਾ ਤਾਂ ਪਿਸਤੌਲ ਡਿੱਗ ਪਿਆ ਸੀ। ਪੁਲਸ ਦੇ ਆਉਣ ਤੱਕ ਹੋਰ ਬੰਦਿਆਂ ਦੀ ਮਦਦ ਨਾਲ ਦੋਸ਼ੀ ਨੂੰ ਕਾਬੂ ਚ' ਰੱਖਿਆ; ਇਹਨੇ ਭੱਜਣ ਦੀ ਕੋਸਿਸ਼ ਵੀ ਨਹੀਂ ਸੀ ਕੀਤੀ।
ਗੋਲ਼ੀ ਚਲਣ ਸਮੇਂ ਮਿਸਟਰ ਰਿੱਚਸ ਨੂੰ ਜਖ਼ਮੀਆਂ ਬਾਰੇ ਕੋਈ ਪਤਾ ਨਹੀਂ ਸੀ, ਪਰ ਜਦੋਂ ਹਾਲ ਖਾਲੀ ਹੌਣ ਲੱਗਾ ਤਾਂ ਉਹਨੇ ਸਰ ਮਾਈਕਲ ਓ'ਡਵਾਇਰ ਨੂੰ ਫਰਸ਼ ਤੇ ਪਏ ਨੂੰ ਦੇਖਿਆ ਸੀ।ਬਰਥਾ ਹੈਰਿੰਗ, ਵਾਸੀ ਰੇਅਜ਼ਬਰੀ ਹਾਊਸ, ਰੇਅਜ਼ਬਰੀ ਬਕਿੰਗਮ ਵੀ, ਇਸ ਮੀਟਿੰਗ 'ਚ ਹਾਜ਼ਰ ਸੀ। ਇਹਨੇ ਬੜੇ ਹੌਂਸਲੇ ਨਾਲ, ਦੋਸ਼ੀ ਦਾ ਰਾਹ ਡੱਕ ਲਿਆ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਆਜ਼ਾਦ ਤੇ ਮਿਸਟਰ ਰਿੱਚਸ ਦੋਵੇ ਹੀ ਜ਼ਮੀਨ ਤੇ ਡਿੱਗ ਪਏ ਸਨ। ਇਹਨੇ ਦੋਸ਼ੀ ਦੇ ਹੱਥ ਵਿਚ ਪਸਤੌਲ ਤੇ ਤੂਸ ਚੋਂ ਨਿਕਲਦੇ ਚਮਕਾਰੇ ਦੇਖੇ ਸਨ ਅਤੇ ਆਜ਼ਾਦ ਨੂੰ ਬਚ ਨਿਕਲਣ ਲਈ ਦਰਵਾਜੇ ਵੱਲ ਨੂੰ ਜਾਂਦੇ ਦੇਖਿਆ ਸੀ।
ਬੇਵਾ ਡੌਰਥੀ ਹੀਥ, ਮੈਂਬਰ ਸ਼ਾਹੀ ਕੇਂਦਰੀ ਏਸ਼ੀਆਈ ਸਭਾ, ਵਾਸੀ 30 ਸਲੋਨ ਕੋਰਟ ਸਾਊਥ ਲੰਡਨ, ਦਾ ਬਿਆਨ ਹੈ ਕਿ ਮੁਜ਼ਰਿਮ ਹਾਲ ਦੇ ਸੱਜੇ ਹੱਥ, ਦੂਜੀ ਕਤਾਰ ਦੇ ਬਰਾਬਰ ਕਰਕੇ ਖੜਾ ਸੀ, ਅਤੇ ਪਿਸਤੌਲ ਨਾਲ ਲੈਕਚਰ ਕਰਨ ਵਾਲਿਆਂ ਤੇ ਬੜੀ ਨੇੜਿਓਂ ਗੋਲੀਆਂ ਚਲਾੳਣੀਆਂ ਸ਼ੁਰੂ ਕਰ ਦਿੱਤੀਆਂ ਸਨ; ਇਹਨੇ ਸਰ ਮਾਈਕਲ ਓ'ਡਵਾਇਰ ਨੂੰ ਫਰਸ਼ ਤੇ ਪਏ ਨੂੰ ਦੇਖਿਆ ਤੇ ਮੁਜ਼ਰਿਮ ਓਦੋਂ ਵੀ ਉਹਦੇ ਵੱਲ ਪਿਸਤੌਲ ਤਾਣੀ ਖੜਾ ਸੀ। ਇੱਕੇ ਸਾਹੇ ਚਾਰ ਗੋਲੀਆਂ ਚਲੀਆਂ ਸਨ ਅਤੇ ਲੋਰਡ ਜੈੱਟਲੈਂਡ ਆਪਣੀ ਕੁਰਸੀ ਤੇ ਡਿੱਗ ਪਿਆ ਸੀ ਜਿਵੇਂ ਗੋਲ਼ੀ ਇਹਦੇ ਹੀ ਲੱਗੀ ਹੋਵੇ। ਮੁਜ਼ਰਿਮ ਨੇ ਬਾਹਰਲੇ ਦਰਵਾਜ਼ੇ ਵੱਲ ਨੂੰ ਬਚ ਕੇ ਨਿਕਲਣ ਦੀ ਕੋਸਿਸ਼ ਕੀਤੀ ਸੀ ਪਰ ਇਹਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਸੀ।
ਸਰ ਲੂਈ ਡੇਨ, ਵਾਸੀ 24 ਔਨਸਲੋਅ ਗਾਰਡਨਜ਼, ਕੈਨਜ਼ਿੰਗਟਨ, ਲੰਡਨ ਦਾ ਬਿਆਨ ਹੈ ਕਿ ਇਹ ਸਰ ਮਾਈਕਲ ਓ'ਡਵਾਇਰ ਤੇ ਲਾਰਡ ਲੈਮਿੰਗਟਨ ਦੇ ਵਿਚਾਲੇ ਬੈਠਾ ਸੀ। ਜਦੋਂ ਮੀਟਿੰਗ ਖਤਮ ਹੋਈ ਤਾਂ ਲਾਰਡ ਜੈੱਟਲੈਂਡ ਉਨਾਂ ਵਲ ਨੂੰ ਆਏ ਤਾਂ ਸਾਰੇ ੳਸਦੇ ਸੁਆਗਤ ਲਈ ਤਿਆਰ ਹੋ ਗਏ; ਐਨ ਉਸ ਵੇਲੇ ਮਾਈਕਲ ਓ'ਡਵਾਇਰ ਤੇ ਗੋਲੀਆਂ ਚਲੀਆਂ ਸਨ। ਇਹਨੇ ਕਿਸੇ ਆਦਮੀ ਨੂੰ ਮਾਈਕਲ ਓ'ਡਵਾਇਰ ਦੇ ਪਿੱਛੇ ਕੋਡਾ ਹੋਇਆ ਦੇਖਿਆ ਸੀ, ਉਦੋਂ ਮਾਈਕਲ ਓ'ਡਵਾਇਰ ਅਜੇ ਡਿੱਗਾ ਨਹੀਂ ਸੀ। ਇਹਨੇ ਪਿਸਤੌਲ ਵਾਲੇ ਆਦਮੀ ਦਾ ਚਿਹਰਾ ਨਹੀਂ ਸੀ ਦੇਖਿਆ ਪਰ ਜਦ ਇਹ ਉਹਦੇ ਵੱਲ ਵਧਿਆ ਤਾਂ ਇਕ ਗੋਲ਼ੀ ਹੋਰ ਚੱਲੀ ਅਤੇ ਇਹ ਸਰ ਲੂਈ ਦੀ ਸੱਜੀ ਬਾਂਹ ਤੇ ਲੱਗੀ ਸੀ। ਫਿਰ ਦੋ ਤਿੰਨ ਗੋਲੀਆਂ ਹੋਰ ਚਲੀਆਂ ਸਨ, ਪਰ ਸਰ ਲੂਈ ਨੂੰ ਕੋਈ ਪਤਾ ਨਾ ਲੱਗਾ ਕਿ ਕੀ ਹੋਇਆ ਸੀ ਨਾ ਹੀ ਇਹਨੇ ਗੋਲੀ ਚਲਾਉਣ ਵਾਲੇ ਨੂੰ ਦੇਖਿਆ ਸੀ। ਪਰ ਜੋ ਕੁਝ ਇਹਨੇ ਦੇਖਿਆ ਉਹਦੇ ਹਿਸਾਬ ਨਾਲ, ਪਹਿਲੀ ਗੋਲੀ ਚਲਣ ਵੇਲੇ ਦੋਸ਼ੀ ਮਾਈਕਲ ਓ'ਡਵਾਇਰ ਤੋਂ ਫੁੱਟ ਕੁ ਦੀ ਵਿਥ ਤੇ ਹੀ ਸੀ ਅਤੇ ਸਾਰੀਆਂ ਗੋਲੀਆਂ 20 ਕੁ ਸਕਿੰਟਾਂ ਦੇ ਸਮੇਂ ਵਿਚ ਹੀ ਚੱਲੀਆਂ ਸਨ।
ਲੋਰਡ ਲੈਮਿੰਗਟਨ, ਵਾਸੀ 3 ਵਿਲੋ ਪਲੇਸ ਦੱਖਣ-ਪੱਛਮੀ ਲੰਡਨ ਨੇ ਬਿਆਨ ਤਾਂ ਦਿੱਤਾ ਹੈ ਪਰ ਇਹ ਕੋਈ ਲਾਹੇਵੰਦ ਨਹੀਂ ਹੈ ਸਿਵਾਏ ਇਸਦੇ ਕਿ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਇਹ ਮਾਈਕਲ ਓ'ਡਵਾਇਰ ਦੇ ਕੋਲ ਖੜਾ ਸੀ। ਜਦੋਂ ਇਹ ਗੋਲੀਆਂ ਚਲਣ ਵਾਲੇ ਪਾਸੇ ਨੂੰ ਹੋਇਆਂ ਤਾਂ ਇਹਦੀ ਸੱਜੀ ਬਾਂਹ ਤੇ ਗੋਲੀ ਲੱਗ ਗਈ ਸੀ। ਇਹ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਗੋਲੀ ਕਿਸ ਨੇ ਚਲਾਈ ਸੀ। ਇਹਨੂੰ ਕੰਨਾਂ ਤੋਂ ਬਹੁਤ ਘੱਟ ਸੁਣਦਾ ਹੈ ਅਤੇ ਇਹ ਬਹੁਤਾ ਵਧੀਆ ਗਵਾਹ ਸਾਬਤ ਨਹੀਂ ਹੋਏਗਾ।
ਮਾਰਜ਼ਰੀ ਅਸ਼ਰ, ਵਾਸੀ 49 ਯੋਰਕ ਟੈਰਿਸ, ਰੀਜੈਂਟ ਪਾਰਕ ਲੰਡਨ ਨੇ ਵੀ ਮੁਜ਼ਰਿਮ ਨੂੰ ਪਹਿਲਾਂ ਟੂਡਰ ਰੂਮ ਦੇ ਗਲਿਆਰੇ 'ਚ ਖੜਾ ਦੇਖਿਆ ਸੀ ਤੇ ਫਿਰ ਥੋੜਾ ਖੱਬੇ ਪਾਸੇ ਵੱਲ। ਇਹਨੇ ਵੀ ਗੋਲੀਆਂ ਚਲਣ ਦੀ ਆਵਾਜ਼ ਸੁਣੀ ਸੀ। ਜਦ ਇਹ ਪਲੇਟਫਾਰਮ ਵੱਲ ਗਈ ਤਾਂ ਇਹਨੂੰ, ਜਿੱਥੇ ਲਾਰਡ ਜੈੱਟਲੈਂਡ ਬੈਠੇ ਸਨ, ਰੁਮਾਲ ਤੇ ਚੱਲੀ ਹੋਈ ਗੋਲੀ ਵੀ ਮਿਲੀ। ਇਹ ਦੋਵੇਂ ਚੀਜਾਂ ਇਹਨੇ ਡਿਟੈਕਟਿਵ ਇਨਸਪੈਕਟਰ ਡੀਟਨ ਦੇ ਹਵਾਲੇ ਕਰ ਦਿੱਤੀਆਂ ਸਨ। ਰੁਮਾਲ ਤੇ ਜ਼ੈੱਡ (5) ਉਣਿਆਂ ਹੋਇਆ ਸੀ ਤੇ ਇਹਦੇ ਵਿਚ ਗਲ਼ੀ ਹੋ ਗਈ ਸੀ; ਅੰਦਾਜ਼ਾ ਹੈ ਕਿ ਇਹ ਗੋਲ਼ੀ ਲੱਗਣ ਨਾਲ ਹੀ ਹੋਈ ਸੀ।
ਜ਼ਿਲਾ ਸਾਰਜੈਂਟ ਗੋਡਫਰੀ ਡੈਨੀਅਲ ਵੈਨਿੱਲ ਵਾਸੀ 335, ਸਾਊਥ ਲੇਨ ਮੋਲਡਿਨ, ਇਸ ਗੱਲ ਦਾ ਹਵਾਲਾ ਦੇ ਸਕਦਾ ਹੈ ਕਿ ਇਹਨੂੰ ਹਾਲ ਦੇ ਸੱਜੇ ਪਾਸਿਓਂ ਦੋ ਚਲੀਆਂ ਹੋਈਆਂ ਗੋਲ਼ੀਆਂ ਮਿਲੀਆਂ ਸਨ। ਇਹ ਦੋਵੇਂ ਗੋਲੀਆਂ ਇਹਨੇ ਪੁਲਸ ਸਾਰਜੈਂਟ ਮੈਕਵਿਲੀਅਮ ਨੂੰ ਦੇ ਦਿੱਤੀਆਂ ਸਨ ਤੇ ਉਹਨੇ ਅੱਗੋਂ ਡਿਟੈਕਟਿਵ ਸਾਰਜੈਂਟ ਡੀਟਨ ਦੇ ਸਪੁਰਦ ਕਰ ਦਿੱਤੀਆਂ ਸਨ।
ਵੈਸਟਮਨਿਸਟਰ ਹਸਪਤਾਲ ਦੇ ਡਾਕਟਰ ਐਂਥਨੀ ਲਾਰੈਂਸ ਰੇਨਾਰਡ ਦਾ ਤਸਦੀਕੀ ਬਿਆਨ, ਸਰ ਲੂਈ ਦਾ ਮੁਆਇਨਾ ਕਰਨ ਤੇ ਬਾਂਹ ਤੇ ਗੋਲੀ ਦੇ ਜ਼ਖਮਾਂ ਬਾਰੇ ਹੈ। ਜ਼ਖ਼ਮ ਗੋਲੀ ਆਰ ਪਾਰ ਨਿਕਲ ਜਾਣ ਦੇ ਸਨ। ਐਕਸਰੇ ਰਿਪੋਰਟ ਅਨੁਸਾਰ ਬਾਂਹ ਦੀ ਹੱਡੀ ਟੁੱਟ ਗਈ ਹੈ। ਜਦੋਂ ਡਾ. ਮੁਆਇਨਾ ਕਰ ਰਿਹਾ ਸੀ ਤਾਂ ਸਰ ਲੂਈ ਡੇਨ ਦੇ ਕਪੜਿਆਂ ਚੋਂ ਵੀ ਇੱਕ ਗੋਲੀ ਮਿਲੀ ਸੀ, ਇਹ ਵੀ ਪਹਿਲਾਂ ਡਿਟੈਕਟਿਵ ਇਨਸਪੈਕਟਰ ਫਿਸ਼ ਤੇ ਉਹਨੇ ਅੱਗੋਂ ਡਿਟੈਕਟਿਵ ਸਾਰਜੈਂਟ ਡੀਟਨ ਦੇ ਸਪੁਰਦ ਕਰ ਦਿੱਤੀ ਸੀ। ਮ੍ਰਿਤਕ ਦੀ ਦੇਹ ਵੈਸਟਮਨਿਸਟਰ ਮੁਰਦਾ ਘਰ ਹੋਰਸ ਫੈਰੀ ਭੇਜ ਦਿੱਤੀ ਗਈ ਸੀ।
ਸ਼ਾਮੀ ਹੀ ਅੱਠ ਵੱਜ ਕੇ ਪੰਜਾਹ ਮਿੰਟ ਤੇ ਮੈਂ ਦੋਸ਼ੀ ਨੂੰ ਮਿਲਿਆ ਤੇ ਆਪਣੇ ਬਾਰੇ ਜਾਣਕਾਰੀ ਦਿੱਤੀ। ਮੈਂ ਇਹਨੂੰ ਦੱਸਿਆਂ ਕਿ ਮੈਂ ਇਹਨੂੰ ਕੈਨਨ ਰੋਅ ਪੁਲਸ ਸਟੇਸ਼ਨ ਲੈ ਜਾਣਾ ਹੈ ਤੇ ਸਰ ਮਾਈਕਲ ਦੇ ਕਤਲ ਦੇ ਦੋਸ਼ 'ਚ ਚਾਰਜ ਕਰ ਲਿਆ ਜਾਵੇਗਾ। ਇਸਨੇ ਕਿਹਾ ਮੈਂ ਇਹ ਕਰਕੇ ਆਪਣਾ ਰੋਸ ਹੀ ਪਰਗਟ ਕੀਤਾ ਸੀ। ਫਿਰ ਇਹਨੂੰ ਕੈਨਨ ਰੋਅ ਪੁਲਸ ਸਟੇਸ਼ਨ ਲੈ ਜਾਇਆ ਗਿਆ, ਉਥੇ ਇਸਨੇ ਹਲਫ ਹੇਠ ਬਿਆਨ ਦਿੱਤਾ ਜੋ ਕਿ ਇਹਦੀ ਇੱਛਾ ਅਨੁਸਾਰ ਲਿਖ ਲਿਆ ਤੇ ਇਹਨੇ ਖੁਦ ਪੜ੍ਹਕੇ ਤਸਦੀਕ ਕਰ ਦਿੱਤੀ:
13 ਮਾਰਚ 1940 ਨੂੰ ਸ਼ਾਮ ਦੇ 10 ਵਜੇ ਦੋਸ਼ੀ ਨੂੰ ਸਰ ਮਾਈਕਲ ਫਰਾਂਸਿਸ ਓ'ਡਵਾਇਰ ਦੇ ਕਤਲ ਦੇ ਦੋਸ਼ ਵਿਚ ਚਾਰਜ ਕਰ ਲਿਆ ਤੇ ਜੁਰਮ ਪੜ੍ਹਕੇ ਸੁਣਾਇਆ। ਮੁਜ਼ਰਿਮ ਨੇ ਕਿਹਾ ਕਿ ਇਹਦਾ ਇਰਾਦਾ ਕਿਸੇ ਨੂੰ ਮਾਰਨ ਦਾ ਨਹੀਂ ਸੀ ਇਹ ਤਾਂ ਸਿਰਫ ਪਰੋਟੈਸਟ ਕਰਨ ਲਈ ਹੀ ਕੀਤਾ ਸੀ।
14 ਮਾਰਚ 1940 ਨੂੰ ਅਜ਼ਾਦ ਬੋਅ ਸਟਰੀਟ ਪੁਲਸ ਕੋਰਟ ਵਿਖੇ ਮੁੱਖ ਜੱਜ ਸਰ ਰੌਬਰਟ ਡੱਮਟ ਦੇ ਸਾਹਮਣੇ ਪੇਸ਼ ਹੋਇਆ। ਮੇਰੇ ਗਵਾਹੀ ਦੇਣ ਤੋਂ ਬਾਅਦ ਇਹਨੂੰ ਵੀਰਵਾਰ 21 ਮਾਰਚ 1940 ਤੱਕ ਤਫਤੀਸ਼ ਲਈ ਹਿਰਾਸਤ ਵਿਚ ਲੈ ਲਿਆ ਗਿਆ।
ਡਿਟੈਕਟਿਵ ਸਾਰਜੈਂਟ ਰਿਚਰਡ ਡੀਟਨ ਦੱਸਦਾ ਹੈ ਕਿ ਇਹ 13 ਮਾਰਚ 1940 ਨੂੰ ਕੈਕਸਟਨ ਹਾਲ ਦੇ ਟੂਡਰ ਰੂਮ ਵਿਚ 4 ਵਜ ਕੇ 50 ਮਿੰਟ ਤੇ ਪੁੱਜਾ ਸੀ; ਉਦੋਂ ਕਮਰੇ ਵਿਚ ਵਾਹਵਾ ਲੋਅ ਸੀ। ਦੋਸ਼ੀ ਪੁਲਸ ਸਾਰਜੈਂਟ ਮਕਵਿਲੀਅਮ ਦੀ ਹਿਰਾਸਤ ਵਿਚ ਸੀ ਅਤੇ ਕਿਸੇ ਤਸੱਲੀ ਨਾਲ ਮੁਸਕਰਾ ਰਿਹਾ ਸੀ।
ਪੁਲਸ ਇਨਸਪੈਕਟਰ ਨੇ ਓ'ਡਵਾਇਰ ਦੀ ਦੇਹ ਫਰਸ਼ ਤੇ ਪਈ ਦੇਖੀ ਸੀ ਤੇ ਇਸ ਦਾ ਜ਼ਿਕਰ ਡਿਵੀਜ਼ਨਲ ਸਰਜਨ ਹਾਰਬਰ ਕੋਲ ਕੀਤਾ ਸੀ। ਉਹ ਮ੍ਰਿਤਕ ਦੇ ਕਪੜਿਆਂ ਤੇ ਖੂਨ ਦੇ ਦਾਗ਼ ਅਤੇ ਗੋਲੀਆਂ ਨਾਲ ਹੋਈਆਂ ਮੋਰੀਆਂ ਬਾਰੇ ਵੀ ਦੱਸਦਾ ਸੀ। ਉਸ ਸਮੇਂ ਮੁਜ਼ਰਿਮ ਸ਼ਾਤ ਚਿੱਤ ਮੁਸਕਰਾ ਰਿਹਾ ਸੀ। ਉਹਨੇ ਦੋਸ਼ੀ ਨੂੰ ਪੁਛਿਆ ਕਿ ਕੀ ਉਹ ਅੰਗਰੇਜ਼ੀ ਸਮਝਦਾ ਹੈ ਤਾਂ ਇਸਨੇ ਕਿਹਾ ਸੀ ਹਾਂ, ਸਮਝਦਾ ਹੈ। ਪੁਲਸ ਇਨਸਪੈਕਟਰ ਨੇ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਤਫਤੀਸ਼ ਕਰ ਲੈਣ ਤੱਕ ਉਹਨੂੰ ਹਿਰਾਸਤ ਵਿਚ ਹੀ ਰੱਖਿਆ ਜਾਵੇਗਾ। ਆਜ਼ਾਦ ਨੇ ਮੋੜ ਕੇ ਕਿਹਾ ਸੀ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਫਿਰ ਆਪਣੇ ਸਿਰ ਨਾਲ ਓ'ਡਵਾਇਰ ਦੀ ਲਾਸ਼ ਵੱਲ ਇਸ਼ਾਰਾ ਕਰਕੇ ਕਿਹਾ "ਔਹ ਦੇਖ ਪਿਆ।"
ਫਿਰ ਆਜ਼ਾਦ ਨੂੰ ਹੋਰ ਕਮਰੇ ਵਿਚ ਲਿਜਾਇਆ ਗਿਆ ਸੀ। ਡਿਟੈਕਟਿਵ ਸਾਰਜੈਂਟ ਜੋਨਜ਼ ਨੇ ਇਹਦੀ ਤਲਾਸ਼ੀ ਲੈ ਕੇ 1940 ਦੀ ਡਾਇਰੀ ਡਿਟੈਕਟਿਵ ਸਾਰਜੈਂਟ ਡੀਟਨ ਦੇ ਹਵਾਲੇ ਕਰ ਦਿੱਤੀ ਸੀ, ਜਿਸ ਵਿਚ ਬਹੁਤ ਜਰੂਰੀ ਗੱਲਾਂ ਦਰਜ ਸਨ। 13 ਮਾਰਚ (ਕਤਲ ਦਾ ਦਿਨ) ਨੂੰ ਇਸ ਤਰ੍ਹਾਂ ਲਿਖਿਆ ਹੈ: ਤਿੰਨ ਵਜੇ ਸ਼ਾਮ ਕੈਕਸਟਨ ਹਾਲ ਦੱਖਣੀ ਲੰਡਨ - ਮੀਟਿੰਗ। ਹੋਰ ਇੰਦਰਾਜ਼ ਇਸ ਤਰਾਂ ਹਨ: ਕਾਰਵਾਈ - ਰਾਹ ਖੋਹਲਣ ਦਾ ਇੱਕੋ ਇਕ ਤਰੀਕਾ; ਇੱਥੇ ਮਹੀਨਾ ਤੇ ਸ਼ਬਦ ਪੈਨਸਿਲ ਨਾਲ ਮਿਟਾਏ ਹੋਏ ਹਨ। ਇਸ ਵਿਚ ਹਿੰਦੋਸਤਾਨ ਦੇ ਸਾਬਕਾ ਵਾਇਸਰਾਏ ਲਾਰਡ ਵਲਿੰਗਟਿਨ ਦਾ ਪਤਾ ਵੀ ਦਰਜ਼ ਹੈ - 5 ਲਾਈਗੋਨ ਪਲੇਸ ਦੱਖਣ-ਪੱਛਮੀ ਲੰਡਨ। ਲਾਰਡ ਜੈੱਟਲੈਂਡ ਦਾ ਪਤਾ - 23 ਡਾਊਨ ਸਟਰੀਟ ਪੱਛਮੀ ਲੰਡਨ। ਨਾਲ ਹੀ ਦਸੰਬਰ ਵਾਲਾ ਸਫੇ ਤੇ ਇਸ ਤਰਾਂ ਲਿਖਿਆ ਹੈ:
ਸਰ ਮ. ਓ'ਡਵਾਇਰ
ਸਨੀ ਬੈਂਕ
ਥਰਲਸਟੋਨ
ਦੱਖਣ ਡ 4……
ਡਿਟੈਕਟਿਵ ਇਨਸਪੈਕਟਰ ਰਿਚਰਡ ਡੀਟਨ ਨੇ ਸੱਭ ਪਾਸਿਆਂ ਤੋਂ ਮਿਲੀਆਂ ਵਸਤਾਂ ਕਬਜੇ ਵਿਚ ਲੈ ਲਈਆਂ ਸਨ। ਜਦ ਉਹਨੇ ਚਲੀਆਂ ਹੋਈਆਂ ਗੋਲ਼ੀਆਂ ਦੇ ਚਾਰ ਕਾਰਤੂਸ ਮੇਜ਼ ਤੇ ਰੱਖੇ ਸਨ ਤਾਂ ਆਜ਼ਾਦ ਆਪਣੇ ਹੱਥਾਂ ਦੀਆਂ ਛੇ ਉਂਗਲਾਂ ਦਿਖਾਂਉਦਾ ਭੜਕ ਪਿਆ ਸੀ; "ਨਹੀਂ, ਨਹੀਂ, ਸਾਰੀਆਂ, ਛੇ ਦੀਆਂ ਛੇ ਹੀ"।
13 ਮਾਰਚ 1940 ਨੂੰ ਸ਼ਾਮ ਦੇ 7 ਵਜ ਕੇ 20 ਮਿੰਟ ਤੇ ਮੁਜ਼ਰਿਮ ਦੇ ਘਰੋਂ 8 ਮੌਰਿੰਗਟਨ ਟੈਰਿਸ ਰੀਜੈਂਟ ਪਾਰਕ- ਡਿਟੈਕਟਿਵ ਸਾਰਜੈਂਟ ਡੀਟਨ ਤੇ ਸਪੈਸ਼ਲ ਬਰਾਂਚ ਦੇ ਡਿਟੈਕਟਿਵ ਇੰਸਪੈਕਟਰ ਵਾਈਟਹੈੱਡ ਨੇ ਤਲਾਸ਼ੀ ਲਈ ਸੀ।
ਉੱਥੋਂ ਇੱਕ ਡਾਇਰੀ ਮਿਲੀ ਸੀ। ਇਸ ਡਾਇਰੀ 'ਚ ਵੀ 5 ਲ਼ਾਈਗੋਨ ਪਲੇਸ ਸਾਊਥ ਵੈਸਟ 1 , ਸਲੋਨ 1851, ਅਤੇ 23 ਡਾਊਨ ਸਟਰੀਟ ਪੱਛਮੀ ਲੰਡਨ ਦਰਜ਼ ਸੀ। ਸਰ ਮਾਈਕਲ ਓ'ਡਵਾੲਰਿ ਦੇ ਦੋਵੇਂ ਹੀ ਪਤੇ ਦਰਜ਼ ਸਨ।ਡਿਟੈਕਟਿਵ ਸਾਰਜੈਂਟ ਰਿਚਰਡ ਡੀਟਨ ਮ੍ਰਿਤਕ ਤੇ ਜ਼ਖ਼ਮੀਆਂ ਦੁਆਰਾ ਪਹਿਨੇ ਕਪੜਿਆਂ ਬਾਰੇ ਵੀ ਬਿਆਨ ਦੇਵੇਗਾ।
ਡਿਟੈਕਟਿਵ ਸਾਰਜੈਂਟ ਸਿਡਨੀ ਜੋਨਜ਼, ਜਿਹਦੀ ਹਿਰਾਸਤ ਵਿਚ ਅਜ਼ਾਦ ਕੈਕਸਟਨ ਹਾਲ ਵਿਚ ਸੀ, ਦਾ ਬਿਆਨ ਹੈ ਉਹਨੇ ਡਟੈਕਟਿਵ ਸਾਰਜੈਂਟ ਰਿਚਰਡ ਡੀਟਨ ਨੂੰ ਕਹਿੰਦੇ ਸੁਣਿਆ ਸੀ, ਕਿ ਤਫਤੀਸ਼ ਹੋਣ ਤੱਕ ਅਜ਼ਾਦ ਨੂੰ ਹਿਰਾਸਤ ਵਿਚ ਹੀ ਰੱਖਿਆ ਜਾਵੇਗਾ ਅਤੇ ਕੀ ਉਹ ਅੰਗਰੇਜ਼ੀ ਸਮਝਦਾ ਸੀ ਕਿ ਨਹੀਂ। ਅਜ਼ਾਦ ਨੇ ਜੁਆਬ ਵਿਚ ਕਿਹਾ ਸੀ ਕਿ ਹੁਣ ਇਸਦਾ ਕੋਈ ਫਾਇਦਾ ਨਹੀਂ, ਕੰਮ ਨਿਬੜ ਗਿਆ ਹੈ, ਨਾਲ ਹੀ ਲਾਸ਼ ਵੱਲ ਸਿਰ ਘੁੰਮਾ ਕੇ ਕਿਹਾ ਸੀ ਕਿ "ਔਹ ਦੇਖ ਪਿਆ"।
ਜਦੋਂ ਮੁਜ਼ਰਿਮ ਨੂੰ ਦੂਸਰੇ ਕਮਰੇ ਵਿਚ ਲਿਜਾਇਆ ਗਿਆ ਸੀ, ਤਾਂ ਸਾਰਜੈਂਟ ਜੋਨਜ਼ ਨੇ ਤਲਾਸ਼ੀ ਲਈ ਸੀ। ਆਜ਼ਾਦ ਕੋਲੋਂ ਦੂਜੀਆਂ ਚੀਜਾਂ ਸਮੇਤ ਸੰਨ 1940 ਦੀ ਲਾਲ ਜਿਲਦ ਵਾਲੀ ਡਾਇਰੀ ਵੀ ਮਿਲੀ ਸੀ, ਅਤੇ ਸਿੰਘ ਆਜ਼ਾਦ ਤੇ ਨਾਂ ਦਾ ਨੈਸ਼ਨਲ ਰਜਿਸਟਰਡ ਕਾਰਡ ਵੀ ਸੀ।ਇਹ ਸਭ ਡਿਟੈਕਟਿਵ ਸਾਰਜੈਂਟ ਰਿਚਰਡ ਡੀਟਨ ਦੇ ਹਵਾਲੇ ਕਰ ਦਿੱਤੀਆਂ ਸਨ।
ਡਿਟੈਕਟਿਵ ਸਾਰਜੈਂਟ ਬਰੇਅ ਜੋ ਕਿ ਗੁਆਹਾਂ ਕੋਲੋਂ ਬਿਆਨ ਲੈ ਰਿਹਾ ਸੀ, ਨੂੰ ਵੀ ਇਕ ਗੋਲ਼ੀ ਤੇ ਰੁਮਾਲ ਮਿਲਿਆ ਸੀ; ਰੁਮਾਲ ਤੇ ਜੈੱਡ ਉਣਿਆ ਹੋਇਆ ਸੀ। ਇਹ ਚੀਜਾਂ ਇਹਨੇ ਡਿਟੈਕਟਿਵ ਸਾਰਜੈਂਟ ਰਿਚਰਡ ਡੀਟਨ ਦੇ ਹਵਾਲੇ ਕਰ ਦਿੱਤੀਆਂ ਸਨ।
ਆਜ਼ਾਦ ਕੋਲੋਂ ਨਿਕਲੀਆਂ ਚੀਜਾਂ ਦੀ ਸਾਰਜੈਂਟ ਜੋਨਜ਼ ਲਿਸਟ ਤਿਆਰ ਕਰ ਰਿਹਾ ਸੀ, ਤਾਂ ਦਸਤਕਾਰੀ ਚਾਕੂ ਵਲ ਇਸ਼ਾਰਾ ਕਰਦਿਆ ਕਿਹਾ ਸੀ ਕਿ ਇਹ ਚਾਕੂ ਮੇਰੇ ਕੋਲ ਤਾਂ ਸੀ ਕਿੳਂਕਿ ਮੈਂ ਕੈਮਡਨ ਰਾਤਾਂ ਨੂੰ ਆਉਣਾ ਜਾਣਾ ਸ਼ੁਰੂ ਕੀਤਾ ਸੀ। ਸਾਰਜੈਂਟ ਜੋਨਜ਼ ਨੇ ਆਜ਼ਾਦ ਨੂੰ ਕਿਹਾ ਕਿ ਉਸਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਜਾ ਚੁੱਕੀ ਹੈ, ਇਸ ਲਈ ਉਹ ਹੁਣ ਨਾ ਬੋਲੇ। ਆਜ਼ਾਦ ਨੇ ਫਿਰ ਕਿਹਾ ਕਿ ਮੈਂ ਇਹਦਾ ਕੰਮ ਤਾਂ ਕੀਤਾ ਹੈ ਕਿਉਂਕਿ ਮੇਰਾ ਇਹਦੇ ਨਾਲ ਪੁਰਾਣਾ ਗੋੜ ਸੀ; ਇਹ ਏਸੇ ਦੇ ਕਾਬਿਲ ਹੀ ਸੀ।ਆਜ਼ਾਦ ਫਿਰ ਕਹਿਣ ਲੱਗਾ ਕਿ ਮੈਂ ਕਿਸੇ ਜਥੇਬੰਦੀ ਦਾ ਮੈਂਬਰ ਨਹੀਂ ਹਾਂ। ਐਨ ਉਦੋਂ ਡਿਟੈਕਟਿਵ ਸਾਰਜੈਂਟ ਰਿਚਰਡ ਡੀਟਨ ਨੇ ਚਾਰ ਚੱਲੀਆਂ ਹੋਈਆਂ ਗੋਲੀਆਂ ਦੇ ਕਾਰਤੂਸ ਮੇਜ਼ ਤੇ ਰੱਖੇ ਤਾਂ ਆਜ਼ਾਦ ਆਪਣੇ ਹੱਥਾਂ ਦੀਆਂ ਛੇ ਉਂਗਲਾਂ ਦਿਖਾ ਕੇ ਭੜਕ ਪਿਆ ਸੀ; "ਨਹੀਂ, ਨਹੀਂ, ਸਾਰੀਆਂ ਹੀ, ਛੇ ਦੀਆਂ ਛੇ।" ਬਾਅਦ 'ਚ ਆਜ਼ਾਦ ਨੇ ਕਿਹਾ " ਮੈਨੂੰ ਕੋਈ ਪ੍ਰਵਾਹ ਨਹੀਂ, ਮੈਨੂੰ ਮਰਨ ਦਾ ਕੋਈ ਗਿਲਾ ਨਹੀਂ ਹੈ"। ਬੁਢਾਪੇ ਨੂੰ ਉਡੀਕਣ ਦਾ ਕੋਈ ਲਾਭ ਨਹੀਂ ਹੁੰਦਾ, ਮਰਨਾ ਜੁਆਨ ਉਮਰੇ ਹੀ ਚਾਹੀਦਾ ਹੈ, ਇਹੀ ਵਧੀਆ ਹੈ।
ਏਸੇ ਲਈ ਤਾਂ ਮੈਂ ਕਰ ਰਿਹਾਂ ਹਾਂ। ਇਹ ਸ਼ਬਦ ਆਜ਼ਾਦ ਦੇ ਮਨ ਦੀ ਭੜਾਸ ਸਨ।ਸਾਰਜੈਂਟ ਜੋਨਜ਼ ਨੇ ਕਿਹਾ ਉਹ ਜੋ ਕੁਝ ਵੀ ਕਹਿ ਰਿਹਾ ਸੀ, ਅਦਾਲਤ 'ਚ ਸਬੂਤ ਵਜੋਂ ਪੇਸ਼ ਕੀਤਾ ਜਾਏਗਾ। ਆਜ਼ਾਦ ਫਿਰ ਕਹਿਣ ਲੱਗਾ ਕਿ ਮੈਂ ਆਪਣੀ ਮਾਤਭੂਮੀ ਲਈ ਜਾਨ ਦੇ ਰਿਹਾਂ ਹਾਂ। ਫਿਰ ਉਹਨੇ ਪੁਛਿਆ ਕਿ ਉਸਨੂੰ ਅਖ਼ਬਾਰ ਵੀ ਮਿਲ ਸਕਦੀ ਹੈ?
ਫਿਰ ਆਜ਼ਾਦ ਨੇ ਆਖਿਆ ਕਿ ਕੀ ਜੈੱਟਲੈਂਡ ਵੀ ਪੂਰਾ ਹੋ ਗਿਆ ਹੈ? ਉਹਨੇ ਕਿਹਾ ਕਿ ਉਹਨੂੰ ਵੀ ਮਰਨਾ ਚਾਹੀਦਾ ਸੀ ਅਤੇ ਆਪਣੀ ਖੱਬੀ ਵੱਖੀ ਵੱਲ ਇਸ਼ਾਰਾ ਕਰਕੇ ਕਿ ਕਿਹਾ ਕਿ ਮੈਂ ਉਹਦੇ ਵੀ ਦੋ ਏਥੇ ਮਾਰੀਆਂ ਸਨ।
ਥੋੜ੍ਹੀ ਦੇਰ ਬਾਅਦ ਉਸ ਨੇ ਦੱਸਿਆ ਕਿ ਪਿਸਤੌਲ ਉਸਨੇ ਬੋਰਨਮੱਥ ਦੇ ਇਕ ਪੱਬ ਚੋਂ ਕਿਸੇ ਫੌਜੀ ਤੋਂ ਖਰੀਦਿਆ ਸੀ; ਇਹਨੇ ਫੌਜੀ ਨੂੰ ਸ਼ਰਾਬ ਵੀ ਪਿਲਾਈ ਸੀ। ਕੁਝ ਚਿਰ ਬਾਅਦ ਫਿਰ ਦੱਸਣ ਲੱਗਾ ਕਿ ਮੈਂ ਸਿਰਫ ਪੰਜ ਸਾਲ ਦਾ ਸੀ ਜਦੋਂ ਮੇਰੇ ਮਾਂ ਬਾਪ ਗੁਜ਼ਰ ਗਏ ਸਨ। ਆਪਣੀ ਜਾਇਦਾਦ ਮੈਂ ਵੇਚ ਲਈ ਸੀ। ਵਲੈਤ ਆਉਣ ਵੇਲੇ ਮੇਰੇ ਕੋਲ 200 ਤੋਂ ਵੱਧ ਪੌਂਡ ਸਨ।
ਆਜ਼ਾਦ ਕੁਝ ਮਿੰਟ ਚੁਪ ਰਹਿ ਕੇ ਫਿਰ ਕਹਿਣ ਲੱਗਾ ਕਿ ਮੈਥੋਂ ਸਿਰਫ ਇੱਕ ਹੀ ਮਰਿਆ? ਮੈਂ ਸੋਚਦਾ ਸੀ ਕਿ ਮੈਂ ਜ਼ਿਆਦਾ ਜਣੇ ਮਾਰ ਲਊਂਗਾ; ਮੈਂ ਬੜਾ ਢਿੱਲਾ ਨਿਕਲਿਆ; ਅਤੇ ਦੂਜੇ ਔਰਤਾਂ ਵੀ ਬਹੁਤ ਸਨ ਓਥੇ। ਫਿਰ ਸਾਰਜੈਂਟ ਜੋਨਜ਼ ਮੇਰੇ ਦੋਸ਼ੀ ਦੇ ਨਾਲ ਕੈਨਨ ਰੋਅ ਪੁਲਸ ਸਟੇਸ਼ਨ ਆਇਆ ਸੀ।
15 ਮਾਰਚ 1940 ਨੂੰ ਅਦਾਲਤੀ ਜਾਂਚ ਵੈਸਟਮਨਿਸਟਰ ਕੌਰਨਟ ਕੋਰਟ ਹੋਰਸ ਫੇਰੀ ਰੋਡ ਦੱਖਣੀ ਲੰਡਨ ਵਿਖੇ ਸ਼ੁਰੂ ਹੋਇਆ ਪਰ ਓ'ਡਵਾਇਰ ਦੀ ਮੌਤ ਦਾ ਜ਼ਿਕਰ ਛੇੜਕੇ ਹੀ ਇਸ ਨੂੰ 8 ਮਈ 1940 ਤੱਕ ਮੁਲਤਵੀ ਕਰ ਦਿੱਤਾ ਸੀ ਜਦ ਕਿ ਅੰਦਾਜ਼ਾ ਸੀ ਕਿ ਮੁਕੱਦਮਾ ਉਸ ਦਿਨ ਹੀ ਨਿਬੇੜ ਦਿੱਤਾ ਜਾਏਗਾ।
ਸਰ ਬਰਨਰਡ ਸਪਿਲਜ਼ਬਰੀ, ਜਿਸਨੇ ਲਾਸ਼ ਦਾ ਮੁਆਇਨਾ ਕੀਤਾ ਸੀ, ਗਵਾਹੀ ਦਿੱਤੀ ਕਿ ਉਹਨੂੰ ਮ੍ਰਿਤਕ ਦੀ ਪਿੱਠ ਚੋਂ ਦੋ ਗੋਲੀਆਂ ਮਿਲੀਆਂ ਸਨ ਜੋ ਕਿ ਸਮਾਨਅੰਤਰ ਹੀ ਲੰਘੀਆਂ ਹੋਈਆਂ ਸਨ; ਉਪਰਲੀ ਗੋਲ਼ੀ ਦਸਵੀਂ ਪਸਲੀ ਚੂਰਾ ਕਰ ਕੇ ਫੇਫੜੇ ਦੇ ਹੇਠਲੇ ਹਿੱਸੇ, ਦਿਲ ਦੇ ਸੱਜੇ ਚੋਂ ਨਿਕਲ ਕੇ ਦੂਜੇ ਪਾਰ ਜਾ ਨਿਕਲੀ ਸੀ ਤੇ ਦੂਜੀ ਗੋਲੀ 12ਵੀਂ ਪਸਲੀ ਨੂੰ ਭੰਨ ਕੇ ਸੱਜੇ ਗੁਰਦੇ ਨੂੰ ਚੀਰਿਆ ਸੀ, ਪਰ ਪਾਰ ਨਹੀਂ ਸੀ ਹੋਈ (ਇਹ ਗੋਲੀ ਪੇਸ਼ ਕੀਤੀ ਗਈ ਸੀ ਤੇ ਫਿਰ ਇਨਸਪੈਕਟਰ ਨੂੰ ਦੂਜੀਆਂ ਚੀਜਾਂ ਨਾਲ ਹੀ ਸੰਭਾਲਣ ਲਈ ਦੇ ਦਿੱਤੀ ਗਈ ਸੀ) ਸਰ ਬਰਨਾਰਡ ਨੇ ਦੱਸਿਆ ਕਿ ਗੋਲ਼ੀਆਂ ਦੇ ਦੋਹਾਂ ਜ਼ਖਮਾਂ ਚੋਂ ਖੂਨ ਵਹਿਣ ਨਾਲ ਹੀ ਮੌਤ ਹੋਈ ਸੀ।
15 ਮਾਰਚ ਨੂੰ ਪੁਲਸ ਕੰਸਟੇਬਲ, 606 ਏ ਜੇਮਜ਼ ਬਰਾਊਨ, ਨੇ ਟੂਡਰ ਰੂਮ ਦਾ ਨਕਸ਼ਾ ਤਿਆਰ ਕੀਤਾ ਸੀ ਅਤੇ ਨਕਸ਼ੇ ਵਿਚ ਸੀਟਾਂ ਨੂੰ ਓਦਾਂ ਹੀ ਦਿਖਾਇਆ ਗਿਆ ਸੀ ਜਿਸ ਤਰ੍ਹਾਂ ਅਫਗਾਨਿਸਤਾਨ ਬਾਰੇ ਮੀਟਿੰਗ ਵਾਲੇ ਦਿਨ ਸਨ।
ਭਾਂਵੇ ਦੋਸ਼ੀ ਅੰਗਰੇਜ਼ੀ ਬੋਲ ਤੇ ਸਮਝ ਲੈਂਦਾ ਹੈ, ਪਰ ਪੁਲਸ, ਕੋਰਟ ਨੂੰ ਕਿਸੇ ਤਰਜ਼ਮਾ ਕਰਨ ਵਾਲੇ ਦੀ ਮੌਜ਼ੂਦਗੀ ਦੀ ਸਲਾਹ ਦਿੰਦੀ ਹੈ। ਇਹ ਦੀ ਮਨਜ਼ੂਰੀ ਦੀ ਆਸ ਨਾਲ ਇਸ ਦਾ ਬੰਦੋਬਸਤ ਕਰ ਵੀ ਲਿਆ ਹੈ। ਪਿਛਲੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਦੋਸ਼ੀ ਦਾ ਜਨਮ 23 ਅਗਸਤ 1901 ਨੂੰ ਪਟਿਆਲਾ ਰਿਆਸਤ ਦੇ ਸੁਨਾਮ ਪਿੰਡ ਦਾ ਹੈ। ਇਹਨੂੰ ਹੇਠਲੇ ਨਾਵਾਂ ਨਾਲ ਵੀ ਜਾਣਿਆਂ ਜਾਂਦਾ ਹੈ:
ਸ਼ੇਰ ਸਿੰਘ
ਊਧਮ ਸਿੰਘ
ਊਧਨ ਸਿੰਘ
ਊਧੇ ਸਿੰਘ
ਫਰੈਂਕ ਬਰਾਜ਼ਿਲ
ਇਹਦੇ ਪਾਸਪੋਰਟ ਦਾ ਨੰਬਰ 52753 ਹੈ ਜੋ ਕਿ 20 ਮਾਰਚ 1933 ਨੂੰ ਲਹੌਰ ਤੋਂ ਊਧਮ ਸਿੰਘ ਦੇ ਨਾਂ ਤੇ ਜਾਰੀ ਕੀਤਾ ਗਿਆ ਸੀ। ਇਹ ਤਿੰਨ ਸਾਲ ਦੀ ਉਮਰ 'ਚ ਹੀ ਅਨਾਥ ਹੋ ਗਿਆ ਸੀ। ਇਹਦਾ ਪਾਲਣ ਪੋਸਣ ਖਾਲਸਾ ਕਾਲਜ ਨਾਲ ਸਬੰਧਿਤ ਸਿੱਖ ਅਨਾਥ ਘਰ ਵਿਚ ਹੋਇਆ ਸੀ। ਬਾਅਦ ਵਿਚ ਇਹ ਵਾਹਵਾ ਘੁੰਮਿਆ ਫਿਰਿਆ ਵੀ ਸੀ। ਸਪੈਸ਼ਲ ਬਰਾਂਚ ਦੇ ਇਨਸਪੈਕਟਰ ਵਾਈਟਹੈੱਡ ਦੀ ਵੱਖ ਵੱਖ ਵਸੀਲਿਆਂ ਤੋਂ ਇਕੱਠੀ ਕੀਤੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:
ਊਧਮ ਸਿੰਘ ਨੇ ਬਸਰੇ 'ਚ ਡੇੜ ਸਾਲ ਫੌਜ ਦੀ ਨੌਕਰੀ ਕੀਤੀ ਸੀ ਤੇ ਪੂਰਬੀ ਅਫਰੀਕਾ 'ਚ ਦੋ ਸਾਲ। ਫਿਰ ਇਹ ਕੁਝ ਮਹੀਨਿਆਂ ਲਈ ਹਿੰਦੋਸਤਾਨ ਨੂੰ ਮੁੜ ਗਿਆ ਸੀ। ਓਥੋਂ ਇਹ ਕਿਸੇ ਪ੍ਰੀਤਮ ਸਿੰਘ ਨਾਲ ਲੰਡਨ ਨੂੰ ਆ ਗਿਆ ਸੀ; ਫਿਰ ਇਹ ਦੋਵੇਂ ਹੀ ਮੈਕਸੀਕੋ ਥਾਂਣੀ ਹੁੰਦੇ ਹੋਏ ਅਮਰੀਕਾ ਨੂੰ ਚਲੇ ਗਏ ਸਨ। ਇਹਨੇ ਦੋ ਸਾਲ ਕੈਲੈਫੋਰਨੀਆਂ ਤੇ ਕੁਝ ਮਹੀਨੇ ਡੈਟਰਾਇਟ ਤੇ ਸ਼ਿਕਾਗੋ 'ਚ ਕੰਮ ਕੀਤਾ ਸੀ। ਉਥੋਂ ਇਹ ਪੂਰਬੀ ਨਿਊਯਾਰਕ ਚਲਾ ਗਿਆ ਜਿੱਥੇ ਇਹ ਪੰਜ ਸਾਲ ਰਿਹਾ ਸੀ। ਇਹਦੇ ਆਪਣੇ ਦੱਸਣ ਮੂਜ਼ਬ ਹੀ ਇਹਨੇ ਕਈ ਅਮਰੀਕੀ ਸਮੁੰਦਰੀ ਜਹਾਜਾਂ ਦੇ ਸਫਰ ਲਏ ਸਨ। ਇਹ ਸਫਰ ਇਹਨੇ ਪੋਰਤੋਰੀਕਨ ਵਜੋਂ ਲਾਏ ਸਨ, ਕਿਂਉਕਿ ਹਿੰਦੀਆਂ ਨੂੰ ਅਮਰੀਕੀ ਜਹਾਜਾਂ ਵਿਚ ਨੌਕਰੀ ਨਹੀਂ ਸੀ ਦਿੱਤੀ ਜਾਂਦੀ (ਇਹਦੇ ਕੋਲ ਪੋਰਟੋਰੀਕੋ ਦੇ ਫਰੈਂਕ ਬਰਾਜਿਲ ਦੇ ਨਾਂ ਹੇਠ ਜਹਾਜ਼ਰਾਨੀ ਦਾ ਸਰਟੀਫਿਟੇਕ ਵੀ ਸੀ)। ਨਿਊਯਾਰਕ ਤੋਂ ਇਹ ਫਰਾਂਸ ਆਇਆ ਸੀ ਤੇ ਫੇਰ ਬੈਲਜ਼ੀਅਮ, ਜਰਮਨੀ ਹੁੰਦਾ ਹੋਇਆ ਲਿਥੋਏਨੀਆਂ ਦੇ ਸ਼ਹਿਰ ਵਿਲਨਾ ਪਹੁੰਚ ਗਿਆ ਸੀ। ਫੇਰ ਇਹ ਹੰਗਰੀ ਪੌਲੈਂਡ, ਸਵਿਟਜ਼ਰਲੈਂਡ ਇਟਲੀ ਫਰਾਂਸ ਆਦਿ ਰਾਹੀਂ ਵਾਪਿਸ ਚਲੇ ਗਿਆ ਸੀ। ਕੁਝ ਮਹੀਨੇ ਓਥੇ ਕੰਮ ਕਰਕੇ ਇਹਨੇ ਫਿਰ ਜਹਾਜ਼ ਦੀ ਨੌਕਰੀ ਕਰ ਲਈ ਸੀ ਅਤੇ ਭੂ-ਮੱਧ ਸਾਗਰ ਦੀਆਂ ਕਈ ਬੰਦਰਗਾਹਾਂ ਤੇ ਗਿਆ। ਫਿਰ ਊਧਮ ਸਿੰਘ ਨੇ ਸ. ਸ. ਜਾਲਪਾ ਦੇ ਨਾਂ ਹੇਠ ਤਰਖਾਣ ਵਜੋਂ ਹੀ ਨੌਕਰੀ ਕਰ ਲਈ ਸੀ। ਇਸੇ ਜਹਾਜ ਰਾਂਹੀ ਇਹ 1927 ਨੂੰ ਕਰਾਚੀ ਪੁੱਜਾ ਸੀ ਤੇ ਜਹਾਜ਼ ਛੱਡ ਕੇ ਕਲਕੱਤੇ ਵਲ ਚਲਾ ਗਿਆ ਸੀ।
ਅਮਰੀਕਾ 'ਚ ਰਹਿੰਦਿਆ ਇਹ ਗਦਰ ਪਾਰਟੀ ਦੇ ਅਸਰ ਹੇਠ ਆ ਗਿਆ ਸੀ; ਗਦਰ ਪਾਰਟੀ ਦਾ ਬਾਗ਼ੀਆਨਾ ਸਾਹਿਤ ਪੜ੍ਹਦਾ ਰਿਹਾ ਸੀ। 27 ਜੁਲਾਈ 1927 ਨੂੰ ਇਹਦੇ ਕੋਲੋਂ ਇਤਰਾਜ਼ਯੋਗ ਕਾਰਡ ਫੜੇ ਗਏ ਸਨ ਤੇ ਇਹਨੂੰ ਜ਼ੁਰਮਾਨਾ ਹੋ ਗਿਆ ਸੀ।
30 ਜੁਲਾਈ 1927 ਨੂੰ ਅੰਬਰਸਰ 'ਚ ਇਹ ਫੇਰ ਬਿਨਾਂ ਇਜਾਜ਼ਤ ਦੇ ਹਥਿਆਰ (ਦੋ ਰਿਵਾਲਵਰ, ਇਕ ਪਿਸਤੌਲ ਤੇ ਗਦਰ ਦੀ ਗੂੰਜ ਨਾਮੀ ਪਰਚਾ) ਰੱਖਣ ਕਰਕੇ ਗ੍ਰਿਫਤਾਰ ਕਰ ਲਿਆ ਸੀ। ਅਸਲਾ ਐਕਟ ਦੀ ਧਾਰਾ 20 ਤਹਿਤ ਇਹਦੇ ਤੇ ਮੁਕੱਦਮਾ ਚਲਾਇਆ ਸੀ ਤੇ ਪੰਜ ਸਾਲ ਬਾਮੁਸ਼ੱਕਤ ਕੈਦ ਦੀ ਸਜਾ ਹੋਈ ਸੀ। ਇਹਨੇ ਬਿਆਨ ਦਿੱਤਾ ਸੀ ਕਿ ਇਹ ਗੋਰਿਆਂ ਨੂੰ ਮਾਰਨਾ ਚਾਹੁੰਦਾ ਸੀ ਤੇ ਬਾਲਸ਼ਵਿਕਾਂ ਦਾ ਹਮਾਇਤੀ ਸੀ- ਇਹਨਾਂ ਦਾ ਮੰਤਵ ਹਿੰਦ ਨੂੰ ਵਿਦੇਸ਼ੀ ਰਾਜ ਤੋਂ ਮੁਕਤੀ ਦਿਵਾਉਣਾ ਸੀ। ਇਹ 23.10.1931 ਨੂੰ ਜੇਲ ਚੋਂ ਰਿਹਾ ਹੋਇਆ ਸੀ।
1933 ਨੰ ਇਹ ਆਪਣੇ ਪਿੰਡ ਸੁਨਾਮ (6) ਗੇੜਾ ਮਾਰਕੇ ਵਲੈਤ ਵੱਲ ਚਲ ਪਿਆ ਸੀ। 1934 'ਚ ਇਹ 9 ਆਲਡਰ ਸਟਰੀਟ, ਕਮੱਰਸ਼ੀਅਲ ਰੋਡ ਪੂਰਬੀ ਲੰਡਨ ਵਿਖੇ ਰਹਿੰਦਾ ਹੁੰਦਾ ਸੀ।
ਊਧਮ ਸਿੰਘ ਨੇ 5 ਜੁਲਾਈ 1934 ਨੂੰ ਲੰਡਨ 'ਚ ਹੀ ਆਪਣੇ ਲਹੌਰ ਤੋ ਜਾਰੀ ਹੋਏ ਪਾਸਪੋਰਟ ਨੰਬਰ 52753 ਤੇ ਮੋਹਰ ਲੁਆਉਣ ਲਈ ਅਰਜ਼ੀ ਦਿੱਤੀ ਸੀ। ਇਹਨੇ ਆਪਣਾ ਪਤਾ 4 ਬੈਸਟਲੇਨ ਕੈਂਟਰਬਰੀ ਕੈਂਟ ਦਿੱਤਾ ਸੀ ਤੇ ਕਿਹਾ ਸੀ ਕਿ ਇਹ ਖੇਡਾਂ ਦੇ ਸਮਾਨ ਦਾ ਕਾਰੋਬਾਰ ਕਰਦਾ ਸੀ ਅਤੇ ਵਲੈਤ ਪਹੁੰਚ ਕੇ 9 ਮਹੀਨੇ ਤੋਂ ਕੋਈ ਕੰਮ ਨਹੀਂ ਸੀ ਕੀਤਾ। ਪਰ ਇਸ ਗੱਲ ਦਾ ਸਬੂਤ ਹੈ ਕਿ ਇਹ ਡਿੱਗੀ ਲਾਉਂਦਾ ਰਿਹਾ ਸੀ। ਇਹਨੇ ਦੱਸਿਆ ਸੀ ਕਿ ਇਹ ਮੋਟਰ ਸਾਈਕਲ ਲੈ ਕੇ ਜਰਮਨੀ, ਬੈਲਜ਼ੀਅਮ, ਪੋਲੈਂਡ, ਰੂਸ ਹੁੰਦਾ ਹੋਇਆ ਓਡੇਸਾ ਤੋਂ ਹਿੰਦੋਸਤਾਨ ਲਈ ਜਹਾਜ਼ ਫੜੇਗਾ।ਇਹ ਭਾਂਵੇ ਅਜੀਬ ਲੱਗੇ ਪਰ ਥੋੜਾ ਚਿਰ ਪਹਿਲਾਂ ਹੀ ਇਹਦੀ ਬਾਂਹ ਟੁੱਟੀ ਗਈ ਸੀ ਤੇ ਓਸ ਵੇਲੇ ਇਹ ਬਾਗੀ ਸੁਰ ਦਾ ਹਿੰਦੋਸਤਾਨੀ ਨਹੀਂ ਸੀ ਲੱਗਿਆ ਇਸ ਕਰਕੇ ਕੋਈ ਇਤਰਾਜ਼ ਨਹੀ ਸੀ ਕੀਤਾ।
ਆਜ਼ਾਦ ਨੇ 12.5.1936 ਨੂੰ 4 ਡਿਊਕ ਸਟਰੀਟ ਸਪਿਟਲਫਲਿਡ ਪੂਰਬੀ ਲੰਡਨ ਵਾਲੇ ਪਤੇ ਤੋਂ, ਹਾਲੈਂਡ, ਜਰਮਨੀ, ਪੌਲੈਂਡ, ਅਸਟਰੀਆ, ਹੰਗਰੀ ਤੇ ਇਟਲੀ ਦੇਸ਼ਾਂ ਨੂੰ ਜਾਣ ਦੀ ਇਜਾਜ਼ਤ ਮੰਗੀ ਸੀ, ਜੋ ਕਿ ਮਨਜ਼ੂਰ ਕਰ ਲਈ ਸੀ।
ਇਹ 25 ਜੂਨ 1936 ਨੂੰ ਲੈਨਿਨਗਰਾਦ ਤੋਂ ਪਰਤਿਆ ਸੀ, ਤੇ ਕਿਸੇ ਗੋਰੀ ਨਾਲ ਲੰਡਨ ਦੇ ਵੈਸਟ ਐਂਡ ਇਲਾਕੇ ਵਿਚ ਰਹਿੰਦਾ ਰਿਹਾ ਸੀ ਅਤੇ ਕਦੇ ਕਦੇ ਫਿਲਮ ਸਟੂਡੀਓ 'ਚ ਐਕਸਟਰਾ ਵਜੋਂ ਕੰਮ ਵੀ ਕਰਦਾ ਸੀ। ਕਈ ਵਾਰ ਰਿਪੋਰਟ ਮਿਲੀ ਸੀ ਕਿ ਇਹ ਗਰਮ ਖਿਆਲਾਂ ਦਾ ਸੀ। ਇਹਨੇ ਹਿੰਦੋਸਤਾਨ ਨੂੰ ਹਥਿਆਰ ਭੇਜਣ ਦੀ ਸੇਖ਼ੀ ਵੀ ਮਾਰੀ ਸੀ।
ਅਗਸਤ 1936 ਵਿਚ, ਊਧਮ ਸਿੰਘ ਲੰਡਨ ਵਿਚ ਹੀ ਧੱਕੇ ਨਾਲ ਪੈਸੇ ਮੰਗਣ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਜਿਊਰੀ ਪਹਿਲੇ ਮੁਕੱਦਮੇ 'ਚ ਇਹਦੇ ਨਾਲ ਸਹਿਮਤ ਨਹੀਂ ਸੀ ਹੋਈ ਪਰ ਇਹ ਦੂਜੀ ਵਾਰ ਬਰੀ ਹੋ ਗਿਆ ਸੀ। ਇਹਨੂੰ ਲੰਡਨ 'ਚ ਗਰਮ ਖਿਆਲੀਆਂ ਦੀਆਂ ਮੀਟਿੰਗਾਂ 'ਚ ਵੀ ਆਂਉਦੇ ਜਾਂਦੇ ਨੂੰ ਵੀ ਕਦੇ ਨਹੀਂ ਸੀ ਦੇਖਿਆ।
ਨੈਸ਼ਨਲ ਰਜਿਸਟਰੇਸ਼ਨ ਵਾਲੇ ਦਿਨ ਇਹ ਮੁਹੰਮਦ ਸਿੰਘ ਆਜਾਦ ਦੇ ਨਾਂ ਹੇਠਾਂ ਦਰਜ ਹੋਇਆ ਸੀ।ਇਹਨੇ ਆਪਣਾ ਕਿੱਤਾ ਤਰਖਾਣਾ ਤੇ ਜਨਮ ਤਰੀਕ 23 ਅਕਤੂਬਰ 1905 ਤੇ ਪਤਾ 581 ਵਿਮਬੋਰਨ ਰੋਡ ਬੋਰਨਮਥ ਲਿਖਵਾਇਆ ਸੀ।
ਦੋਸ਼ੀ ਨੇ ਕੁਝ ਜਾਣਕਾਰੀ ਡਿਟੈਕਟਿਵ ਸਾਰਜੈਂਟ ਲਿਸਨੈ ਨੂੰ ਵੀ ਦਿੱਤੀ ਸੀ ਇਹ ਵੀ ਨਾਲ ਹੀ ਨੱਥੀ ਕਰ ਦਿੱਤੀ ਗਈ ਹੈ।
ਲਗਦਾ ਏਦਾਂ ਹੈ ਕਿ ਇਹਦੀ ਆਖਰੀ ਨੌਕਰੀ 7 ਨਵੰਬਰ 1940 ਨੂੰ ਖ਼ਤਮ ਹੋ ਗਈ ਸੀ ਤੇ ਇਹ ਸਿੰਘ ਆਜ਼ਾਦ ਦੇ ਨਾਂ ਹੇਠ ਬੇਰੁਜ਼ਗਾਰੀ ਭੱਤਾ ਲੈਂਦਾ ਰਿਹਾ ਸੀ।
ਡਿਟੈਕਟਿਵ ਇਨਸਪੈਕਟਰ ਡੀਟਨ, 18 ਮਾਰਚ 1940 ਨੂੰ ਪਿਸਤੌਲ, ਗੋਲ਼ੀਆਂ, ਖ਼ਾਲੀ ਗੋਲ਼ੀਆਂ ਵਾਲੀ ਡੱਬੀ, ਤੇ ਹੋਰ ਕਪੜੇ ਵਗੈਰਾ (ਜੋ ਕਿ ਗੋਲੀ ਚਲਣ ਕਰਕੇ ਖ਼ਰਾਬ ਵੀ ਹੋ ਗਏ ਹੋਣਗੇ) ਈ.ਜੇ. ਚਰਚਿਲ ਲਿਮਿਟਿਡ 32,ਗਰੇਂਜ ਸਟਰੀਟ ਲੰਡਨ ਦੇ ਪੱਛਮੀ ਇਲਾਕੇ ਦੇ ਗੰਨਮੇਕਰ ਕੋਲ ਜਾਂਚ ਕਰਾਉਣ ਲਈ ਲੈ ਕੇ ਗਿਆ ਸੀ। ਉਸ ਦਾ ਅੰਦਾਜ਼ਾ ਸੀ ਕਿ ਉਹ 19 ਮਾਰਚ ਤੱਕ ਆਪਣੀ ਰਿਪੋਰਟ ਦੇ ਦੇਵੇਗਾ। ਉਸ ਨੂੰ ਦੱਸਿਆ ਗਿਆ ਹੈ ਕਿ ਪਬਲਿਕ ਪ੍ਰੋਸੀਕਿਊਸਨ ਦਾ ਡਾਇਰੈਕਟਰ ਖਾਸ ਕਰਕੇ ਇਹ ਜਾਨਣਾ ਚਾਹੁੰਦਾ ਹੈ ਕਿ ਗੋਲੀਆਂ ਕਿੰਨੀ ਕੁ ਦੂਰੀ ਤੋਂ ਚਲਾਈਆਂ ਗਈਆਂ ਸਨ।
ਜੇ ਸਵੇਨ
ਡੀ ਡੀ ਇਨਸਪੈਕਟਰ ਏ 1
ਸੁਪਰਡੈਂਟ ਏ
ਕੈਨਨ ਰੋਅ ਸਟੇਸ਼ਨ
ਏ ਡਿਵੀਜ਼ਨ
ਵਲ
ਏ ਸੀ ਸੀ
ਪੇਸ਼ ਕੀਤਾ
13.3.1940
ਜੱਜ ਨਾਲ ਬਹਿਸ
ਜੱਜ ਨੇ ਊਧਮ ਸਿੰਘ ਨੂੰ ਕਿਹਾ ਕਿ ਉਹ ਦੱਸੇ ਕਿ ਉਹਨੂੰ ਸਜ਼ਾ ਕਿਂਉ ਨਾ ਦਿੱਤੀ ਜਾਵੇ। ਇਹ ਜੱਜ ਤੇ ਊਧਮ ਸਿੰਘ ਵਿਚਕਾਰ ਹੋਈ ਗਲਬਾਤ ਦਾ ਸ਼ਾਰਟਹੈਂਡ ਵਿਚ ਲਿਖਿਆ ਸਾਰ ਹੈ:
ਜੱਜ ਵਲ ਨੂੰ ਮੂੰਹ ਕਰਕੇ ਉਹ ਲਲਕਾਰਿਆ, ਮੈਂ ਕਹਿੰਦਾ ਹਾਂ ਬਰਿਟਿਸ਼ ਸਾਮਰਾਜਵਾਦ ਮੁਰਦਾਬਾਦ। ਤੁਸੀਂ ਕਹਿੰਦੇ ਹੋ ਕਿ ਹਿੰਦੋਸਤਾਨ ਵਿਚ ਸ਼ਾਤੀ ਨਹੀਂ ਹੈ। ਤੁਸੀਂ ਤਾਂ ਸਾਡੇ ਪੱਲੇ ਸਿਰਫ ਗ਼ੁਲਾਮੀ ਹੀ ਪਾਈ ਹੈ। ਤੁਹਾਡੀ ਪੁਸ਼ਤਾਂ ਦੀ ਸਭਿਅਤਾ ਨੇ ਸਾਨੂੰ ਤਾਂ ਭ੍ਰਿਸ਼ਟਾਚਾਰ ਤੇ ਗ਼ੁਰਬਤ ਹੀ ਦਿੱਤੀ ਹੈ ਜੋ ਕਿ ਇਨਸਾਨੀਅਤ 'ਚ ਹੋਰ ਕਿਧਰੇ ਨਹੀਂ ਆਈ। ਤੁਸੀਂ ਸਿਰਫ ਆਪਣਾ ਇਤਿਹਾਸ ਹੀ ਪੜ੍ਹਦੇ ਹੋ। ਜੇ ਤੁਹਾਡੇ 'ਚ ਰਤਾ ਭਰ ਵੀ ਇਨਸਾਨੀਅਤ ਦੀ ਕਣੀ ਬਚੀ ਹੈ ਤਾਂ ਤੁਹਾਨੂੰ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਹੈ।ਤੁਹਾਡੇ ਅਖੌਤੀ ਪੰਡਤ ਵੀ ਬੇਰਹਿਮ ਤੇ ਲਹੂਪੀਣੇ ਹਨ ਜਿਹੜੇ ਅਪਣੇ ਆਪ ਨੂੰ ਦੁਨੀਆਂ ਦੇ ਸਾਸ਼ਕ ਦੱਸਦੇ ਹਨ ਅਸਲ ਵਿਚ ਜ਼ਰੂਰ ਕਿਸੇ ਹਰਾਮ ਦਾ ਤੁਖਮ ਹਨ………………।
ਜਸਟਿਸ ਐਟਕਿਨਸਨ: ਮੈਂ ਤੇਰੀ ਸਿਆਸੀ ਤਕਰੀਰ ਨਹੀਂ ਸੁਣਾਂਗਾ, ਜੇ ਕੋਈ ਕੇਸ ਨਾਲ ਸਬੰਧਤ ਗੱਲ ਹੈ, ਤਾਂ ਕਹਿ ਲੈ।
ਊਧਮ ਸਿੰਘ: ਜਿਹੜੇ ਕਾਗ਼ਜ਼ਾਂ ਤੋਂ ਉਹ ਪੜਦਾ ਸੀ, ਉਹਨੇ ਹਵਾ 'ਚ ਲਹਿਰਾਂਉਦਿਆਂ ਕਿਹਾ "ਮੈਂ ਤਾਂ ਇਹ ਕਹਿ ਕੇ ਹੀ ਹਟਾਂਗਾ ਮੈਂ ਆਪਣਾ ਰੋਸ ਪਰਗਟ ਕਰਨਾ ਹੈ"
ਜਸਟਿਸ ਐਟਕਿਨਸਨ: ਆਹ ਅੰਗਰੇਜ਼ੀ ਵਿਚ ਹੀ ਹੈ, ਜੱਜ ਨੇ (ਕਾਗ਼ਜ਼ਾਂ ਵੱਲ ਇਸ਼ਾਰਾ ਕਰਕੇ) ਪੁਛਿਆ?
ਊਧਮ ਸਿੰਘ: ਤੂੰ ਫਿਕਰ ਨਾ ਕਰ, ਜੋ ਕੁਝ ਮੈਂ ਕਹਿਣਾ ਹੈ ਉਹ ਤੂੰ ਸਮਝ ਹੀ ਲਏਂਗਾ।
ਜਸਟਿਸ ਐਟਕਿਨਸਨ: ਜੇ ਤੂੰ ਪੜ੍ਹਨ ਲਈ ਇਹ ਮੈਨੂੰ ਦੇ ਦਵੇਂ ਤਾਂ ਮੈਂ ਅੱਛੀ ਤਰ੍ਹਾਂ ਸਮਝ ਸਕਾਂਗਾ।
ਏਸੇ ਵੇਲੇ ਸਰਕਾਰੀ ਵਕੀਲ, ਜੀ. ਬੀ. ਮਕਲੈਅਰ ਨੇ ਜੱਜ ਨੂੰ ਯਾਦ ਕਰਾਇਆ ਕਿ ਉਹ ਐਮਰਜੰਸੀ ਪਾਵਰ ਐਕਟ ਦੀ ਧਾਰਾ 6 ਤਹਿਤ, ਦੋਸ਼ੀ ਨੂੰ ਇਹ ਪੜ੍ਹਨ ਤੋਂ ਰੋਕ ਸਕਦਾ ਹੈ।
ਜਸਟਿਸ ਐਟਕਿਨਸਨ: ਤੂੰ ਇਹ ਜਾਣ ਲੈ ਕਿ ਜੋ ਕੁਝ ਵੀ ਤੈਂ ਕਹਿਣਾ ਹੈ ਇਹ ਅਖ਼ਬਾਰਾਂ ਵਿਚ ਨਹੀਂ ਛਪ ਸਕਣਾ। ਏਸ ਕਰਕੇ ਸਿਰਫ ਕੰਮ ਦੀ ਗੱਲ ਹੀ ਕਰੀਂ। ਚੱਲ ਹੁਣ ਜੋ ਕਹਿਣਾ ਹੈ ਕਹਿ।
ਊਧਮ ਸਿੰਘ: ਮੈਂ ਤਾਂ ਰੋਸ ਪ੍ਰਗਟ ਕਰਨਾ ਸੀ, ਤੇ ਇਹੋ ਹੀ ਮੇਰਾ ਇਰਾਦਾ ਸੀ। ਓਸ ਪਤੇ (7) ਬਾਰੇ ਮੈਨੂੰ ਕੋਈ ਪਤਾ ਨਹੀਂ; ਮੈਂ ਬਿਲਕੁਲ ਅਣਭੋਲ ਹਾਂ; ਜਿਊਰੀ ਨੂੰ ਓਸ ਪਤੇ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੈ। ਮੈਨੂੰ ਓਸ ਪਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹੁਣ ਮੈਂ ਆਹ ਪੜ੍ਹਾਂਗਾ।
ਜਸਟਿਸ ਐਟਕਿਨਸਨ: ਚਲ ਫਿਰ ਪੜ੍ਹ।
ਜਦ ਊਧਮ ਸਿੰਘ ਕਾਗ਼ਜ ਦੇਖ ਰਿਹਾ ਸੀ ਤਾਂ ਜੱਜ ਨੇ ਯਾਦ ਕਰਾਇਆ ਕਿ ਉਹ ਸਿਰਫ ਇਸ ਬਾਰੇ ਹੀ ਬੋਲੇ ਕਿ ਕਨੂੰਨ ਦੇ ਹਿਸਾਬ ਨਾਲ ੳਹਨੂੰ ਸਜ਼ਾ ਕਿਉਂ ਨਾ ਹੋਵੇ।
ਊਧਮ ਸਿੰਘ: (ਜੋਰ ਨਾਲ) ਮੈਂ ਮੌਤ ਦੀ ਸਜ਼ਾ ਤੋਂ ਡਰਦਾ ਨਹੀਂ ਹਾਂ। ਰਤੀ ਭਰ ਵੀ ਨਹੀਂ ਡਰਦਾ। ਮੈਨੂੰ ਮਰ ਜਾਣ ਦੀ ਕੋਈ ਪ੍ਰਵਾਹ ਨਹੀਂ। ਮੈਨੂੰ ਭੋਰਾ ਵੀ ਫਿਕਰ ਨਹੀਂ ਹੈ। ਮੈਂ ਕਿਸੇ ਮਕਸਦ ਲਈ ਮਰ ਰਿਹਾਂ ਹਾਂ। ਕਟਿਹਰੇ ਤੇ ਹੱਥ ਮਾਰਦਿਆਂ ਉਹ ਚਹਿਕਿਆ, ਅਸੀਂ ਅੰਗ਼ਰੇਜ਼ਾਂ ਦੀ ਅਧੀਨਤਾ ਹੇਠ ਜੂਨ ਭੋਗ ਰਹੇ ਹਾਂ। ਫਿਰ ਜਰਾ ਕੁ ਠੰਡਾ ਹੋ ਕੇ ਕਹਿਣ ਲੱਗਾ।ਮੈਂ ਮਰਨ ਤੋਂ ਡਰਦਾ ਨਹੀਂ ਹਾਂ ਸਗੋਂ ਮੈਨੂੰ ਇਸ ਤਰ੍ਹਾਂ ਮਰਨ ਤੇ ਮਾਣ ਹੈ ਕਿ ਮੈਂ ਆਪਣੀ ਦੇਸ਼ ਭੂਮੀ ਨੂੰ ਆਜ਼ਾਦ ਕਰਾਉਣ ਲਈ ਮਰਾਂਗਾ। ਮੈਨੂੰ ਆਸ ਹੈ ਕਿ ਮੇਰੇ ਦੇਸ਼ ਵਾਸੀ ਮੇਰੇ ਵਾਲੇ ਰਾਹ ਤੇ ਚਲਕੇ ਤੁਹਾਨੂੰ ਕੁਤਿਆਂ ਉਥੋਂ ਭਜਾਉਣਗੇ, ਤੇ ਮੇਰਾ ਦੇਸ਼ ਆਜ਼ਾਦ ਹੋ ਜਾਏਗਾ।
ਮੈਂ ਅੰਗ਼ਰੇਜ਼ ਜਿਊਰੀ ਸਾਹਮਣੇ ਖੜਾ ਹਾਂ; ਇਹ ਅਦਾਲਤ ਵੀ ਅੰਗਰੇਜ਼ੀ ਸਾਮਰਾਜ ਦੀ ਹੈ; ਤੁਸੀਂ ਜਦੋਂ ਹਿੰਦੋਸਤਾਨ ਤੋਂ ਵਾਪਸ ਆਂਉਦੇ ਹੋ ਤਾਂ ਤੁਹਾਨੂੰ ਇਨਾਮ-ਸਨਮਾਨ ਮਿਲਦੇ ਹਨ, ਪਾਰਲੀਮੈਂਟ 'ਚ ਸੀਟ ਵੀ ਮਿਲ ਜਾਂਦੀ ਹੈ, ਜਦੋਂ ਅਸੀਂ ਇੱਥੇ ਆਂਉਦੇ ਹਾਂ ਤਾਂ ਮੌਤ ਦੀ ਸਜ਼ਾ ਮਿਲਦੀ ਹੈ।
ਮੇਰਾ ਹੋਰ ਕੋਈ ਇਰਾਦਾ ਨਹੀਂ ਸੀ, ਮੈਂ ਇਹ ਸਜ਼ਾ ਸਿਰ ਮੱਥੇ ਝੱਲਾਂਗਾ ਤੇ ਮੈਨੂੰ ਇਸ ਦੀ ਕੋਈ ਪ੍ਰਵਾਹ ਨਹੀਂ। ਸਮਾਂ ਆਉਣ ਹੀ ਵਾਲਾ ਹੈ ਜਦੋਂ ਤੁਹਾਡਾ ਕੁਤਿਆਂ ਦਾ ਉਥੋਂ ਸਫਾਇਆ ਕਰ ਦਿੱਤਾ ਜਾਣਾ ਹੈ। ਤੁਹਾਡਾ ਸਾਰਾ ਸਾਮਰਾਜ ਹੀ ਢਹਿ ਢੇਰੀ ਕਰ ਦਿੱਤਾ ਜਾਵੇਗਾ।
ਜਿੱਥੇ ਕਿਤੇ ਵੀ ਤੁਹਾਡੀ ਅਖ਼ੌਤੀ ਜਮਹੂਰੀਅਤ ਦਾ ਝੰਡਾ ਹੈ, ਉਥੇ ਤੁਹਾਡੀਆਂ ਮਸ਼ੀਨ ਗੰਨਾਂ ਹਜਾਰਾਂ ਨਿੱਹਥੇ ਔਰਤਾਂ ਤੇ ਬੱਚਿਆਂ ਦੇ ਸੱਥਰ ਵਿਛਾਂਉਦੀਆਂ ਹਨ। ਇਹ ਨੇ ਤਹਾਡੇ ਕੁਕਰਮ, ਹਾਂ ਹਾਂ, ਤੁਹਾਡੇ ਹੀ ਕੁਕਰਮ। ਮੈਂ ਅੰਗਰੇਜ਼ ਸਾਮਰਾਜ ਦੀ ਗੱਲ ਕਰ ਰਿਹਾਂ ਹਾਂ। ਮੇਰੀ ਅੰਗਰੇਜ਼ ਲੋਕਾਈ ਨਾਲ ਕੋਈ ਦੁਸ਼ਮਣੀ ਨਹੀਂ ਹੈ, ਸਗੋਂ ਹਿੰਦੀਆਂ ਨਾਲੋਂ ਮੇਰੇ ਗੋਰੇ ਵਧੇਰੇ ਦੋਸਤ ਹਨ ਅਤੇ ਮੇਰੀ ਗੋਰੇ ਮਜ਼ਦੂਰਾਂ ਨਾਲ ਪੂਰੀ ਹਮਦਰਦੀ ਹੈ। ਮੈਂ ਤਾਂ ਸਿਰਫ ਅੰਗਰੇਜ਼ੀ ਸਾਮਰਾਜਵਾਦ ਦੇ ਖਿਲਾਫ ਹਾਂ।
ਊਧਮ ਸਿੰਘ ਫਿਰ ਗੋਰੇ ਮਜ਼ਦੂਰਾਂ ਨੂੰ ਮੁਖਾਤਿਬ ਹੋ ਕੇ ਬੋਲਿਆ
'ਮਜ਼ਦੂਰੋ ਤੁਸੀਂ ਵੀ ਇਹਨਾਂ ਸਾਮਰਾਜੀ ਕੁਤਿਆ ਤੋਂ ਦੁੱਖ ਸਹਿੰਦੇ ਹੋ ਤੇ ਅਸੀਂ ਵੀ ਦੁਖੀ ਹਾਂ। ਇਹ ਸੱਭ ਪਾਗਲ ਹੈਵਾਨ ਹਨ'। ਹਿੰਦੋਸਤਾਨ 'ਚ ਗ਼ੁਲਾਮੀ ਹੈ, ਓਥੇ ਸਾਮਰਾਜ ਨੇ ਹੀ ਮੌਤ, ਕੱਟ-ਵੱਢ ਤੇ ਤਬਾਹੀ ਮਚਾਈ ਹੋਈ ਹੈ। ਵਲੈਤ ਵਿਚ ਇਸ ਬਾਰੇ ਕੋਈ ਪਤਾ ਨਹੀਂ ਲਗਦਾ, ਪਰ ਸਾਨੂੰ ਤਾਂ ਪਤਾ ਹੀ ਹੈ, ਕਿ ਹਿੰਦ ਵਿਚ ਕੀ ਹੁੰਦਾ ਹੈ।
ਜਸਟਿਸ ਐਟਕਿਨਸਨ: ਮੈਂ ਆਹ ਹੋਰ ਨਹੀਂ ਸੁਣਾਂਗਾ।
ਊਧਮ ਸਿੰਘ: ਤੂੰ ਇਹ ਏਸ ਕਰਕੇ ਨਹੀਂ ਸੁਣ ਸਕਦਾ ਕਿਉਂਕਿ ਤੂੰ ਇਸ ਤੋਂ ਅੱਕ ਗਿਆਂ ਏ; ਅਜੇ ਤਾਂ ਮੈਂ ਹੋਰ ਬੜਾ ਕੁਝ ਕਹਿਣਾ ਹੈ।
ਜਸਟਿਸ ਐਟਕਿਨਸਨ: ਮੈਂ ਤੇਰੀ ਤਕਰੀਰ ਨੂੰ ਹੋਰ ਨਹੀਂ ਸੁਣਾਂਗਾ।
ਊਧਮ ਸਿੰਘ: ਤੈਂ ਮੈਨੂੰ ਪੁਛਿਆ ਸੀ ਕਿ ਮੈਂ ਕੀ ਕੀ ਕਹਿਣਾ ਹੈ? ਹੁਣ ਮੈਂ ਓਹੀ ਕੁਝ ਹੀ ਕਹਿ ਰਿਹਾਂ ਹਾਂ। ਦਰਅਸਲ ਤੁਸੀਂ ਬੜੀ ਗੰਦੀ ਜ਼ਹਿਨੀਅਤ ਦੇ ਹੋ। ਤੁਸੀਂ ਹਿੰਦੋਸਤਾਨ 'ਚ ਕੀਤੇ ਕੁਕਰਮਾਂ ਬਾਰੇ ਮੈਂਥੋਂ ਸੁਣ ਹੀ ਨਹੀਂ ਸਕਦੇ।
ਊਧਮ ਸਿੰਘ ਨੇ ਆਪਣੀਆਂ ਐਨਕਾਂ ਜੇਬ 'ਚ ਪਾਂਉਦਿਆਂ ਹਿੰਦੀ 'ਚ ਤਿੰਨ ਨਾਹਰੇ ਮਾਰੇ ਤੇ ਫਿਰ ਲਲਕਾਰਿਆ, ਸਾਮਰਾਜਵਾਦ ਮੁਰਦਾਬਾਦ, ਅੰਗਰੇਜ਼ ਕੁੱਤੇ ਮੁਰਦਾਬਾਦ।
ਜਦੋਂ ਉਹ ਕਟਹਿਰੇ ਚੋਂ ਬਾਹਰ ਨਿਕਲਿਆ ਤਾਂ ਉਸਨੇ ਸਰਕਾਰੀ ਵਕੀਲਾਂ ਦੀ ਮੇਜ਼ ਤੇ ਥੁੱਕਿਆ। ਊਧਮ ਸਿੰਘ ਦੇ ਬਾਹਰ ਜਾਣ ਬਾਅਦ ਜੱਕ ਐਟਕਿਨਸਨ ਨੇ ਪਰੈੱਸ ਨੂੰ ਮੁਖਾਤਿਬ ਹੋ ਕੇ ਕਿਹਾ ਕਿ ਮੇਰਾ ਹੁਕਮ ਹੈ ਕਿ ਇਹ ਬਿਆਨ ਕਿਧਰੇ ਵੀ ਨਾ ਛਾਪਿਆ ਜਾਏ। ਤੇ ਫਿਰ ਪੱਕਾ ਕਰਨ ਲਈ ਪੁਛਿਆ ਕਿ ਕੀ ਇਹ ਗੱਲ ਸਮਝ ਲਈ ਹੈ?
1. ਊਧਮ ਸਿੰਘ ਦੀ ਅੱਲ। ਗੋਰੇ ਅਕਸਰ ਅੱਲ ਵਾਲਾ ਨਾਂ ਵੱਧ ਸੱਦਦੇ ਹਨ
2. ਜਲਿਆਂਵਾਲੇ ਬਾਗ ਵਿਚ ਨਿਹੱਥੇ ਲੋਕਾਂ ਤੇ ਗੋਲੀਆਂ ਵਰ੍ਹਾਉਣ ਵੇਲੇ ਪੰਜਾਬ ਦਾ ਗਵਰਨਰ
3. ਪੁਲਸ ਦਾ ਦਿੱਤਾ ਹੋਇਆ ਨੰਬਰ
4. ਇੰਗਲੈਂਡ ਦਾ ਧੁਰ ਦੱਖਣ-ਪੱਛਮੀ ਹਿੱਸਾ
5. ਅੰਗਰੇਜ਼ੀ ਵਰਨਮਾਲਾ ਦਾ ਆਖਰੀ ਅੱਖਰ
6. ਊਧਮ ਸਿੰਘ ਦਾ ਜੱਦੀ ਪਿੰਡ
7. ਇਸ ਪਤੇ ਬਾਰੇ ਜਾਣਕਾਰੀ ਨਹੀਂ ਮਿਲਦੀ
Add a review