• Home
  • Search
    • Magazine
    • Places
    • Business Directory
    • Events
Free Listing
Sign in or Register
Free Listing

ਵੰਡ, ਉਜਾੜਾ 'ਤੇ ਸੱਭਿਆਚਾਰ ਦਾ ਪਤਨ - ਭਾਗ 4

ਲਖਵਿੰਦਰ ਜੌਹਲ ‘ਧੱਲੇਕੇ’

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • History
  • Report an issue
  • prev
  • next
Article

ਮੁੜ ਵਸੇਬੇ ਤੋਂ ਬਾਅਦ ਜਿਉਂਦਾ ਅਤੇ ਮਰ ਰਿਹਾ ਸੱਭਿਆਚਾਰ ਤੇ ਉਪ ਬੋਲੀਆਂ
ਪੱਛਮੀ ਪੰਜਾਬ ਦੇ ਪੇਂਡੂ ਇਲਾਕਿਆਂ ਤੋਂ ਆਈ ਵਸੋਂ ਨੂੰ ਜਿਆਦਾਤਰ ਪੇਂਡੂ ਖੇਤਰਾਂ ਵਿੱਚ ਹੀ ਵਸਾ ਦਿੱਤਾ ਗਿਆ। ਸਤੰਬਰ 1948 ਤੱਕ 2,72,675 ਹਿੰਦੂ ਸਿੱਖ ਪਰਿਵਾਰਾਂ ਨੂੰ 29,39,823 ਏਕੜ ਜ਼ਮੀਨ ਤੇ ਵਸਾ ਦਿੱਤਾ ਗਿਆ ਸੀ। ਸ਼ਹਿਰੀ ਆਬਾਦੀ ਨੂੰ ਸ਼ਹਿਰਾਂ ਵਿੱਚ ਹੀ ਵਸਾਉਣ ਲਈ ਪੂਰਬੀ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ਵਿੱਚ ਸ਼ਹਿਰੀ ਸਹੂਲਤਾਂ ਵਾਲੇ ਮਾਡਲ ਟਾਊਨ, ਨਵੇਂ ਮੁਹੱਲੇ ਤੇ ਕਾਲੋਨੀਆਂ ਬਣਾਈਆਂ ਗਈਆਂ। ਪੱਛਮੀ ਪੰਜਾਬ ਤੋਂ ਆਏ ਇਹਨਾਂ ਪੰਜਾਬੀਆਂ ਨੂੰ ਮੁੜ ਵਸਾਉਣ ਵਿੱਚ ਜਿਆਦਾ ਯੋਗਦਾਨ ਉਸ ਸਮੇਂ ਦੇ ਦੋ ਵੱਕਾਰੀ "ਆਈ.ਸੀ.ਐੱਸ" ਅਫਸਰਾਂ ਸਰਦਾਰ ਤਰਲੋਕ ਸਿੰਘ ਅਤੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਸੀ ਜੋ ਰਾਹਤ ਤੇ ਮੁੜ ਵਸੇਬਾ ਕਮਿਸ਼ਨਰ ਨਿਯੁਕਤ ਕੀਤੇ ਗਏ ਸਨ। ਮੁੜ ਵਸੇਬਾ ਮੰਤਰੀ ਬਣੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਵੀ ਉੱਜੜੇ ਕਿਸਾਨਾਂ ਨੂੰ ਦੁਬਾਰਾ ਵਸਾਉਣ ਵਿੱਚ ਬਹੁਤ ਵੱਡਾ ਯੋਗਦਾਨ ਸੀ। ਇਹਨਾਂ ਨੂੰ ਜਿੱਥੇ ਬੜੀ ਹੀ ਸਮਝਦਾਰੀ ਨਾਲ ਪੱਛਮੀ ਪੰਜਾਬੋਂ ਆਏ ਪੰਜਾਬੀਆਂ ਨੂੰ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਮੁੜ ਵਸਾਉਣ ਦੀ ਖ਼ੁਸ਼ੀ ਸੀ ਉੱਥੇ ਹੀ ਗ਼ੈਰ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਵਸਾਏ ਗਏ ਪੰਜਾਬੀਆਂ ਲਈ ਅਫ਼ਸੋਸ ਵੀ ਸੀ। ਜਿੱਥੇ ਬਾਅਦ ਵਿੱਚ ਹੌਲੀ ਹੌਲੀ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਆਪਣੀਆਂ ਮੂਲ ਉਪਬੋਲੀਆਂ ਅਤੇ ਸੱਭਿਆਚਾਰ ਤੋਂ ਦੂਰ ਹੁੰਦੀਆਂ ਗਈਆਂ।

ਮਾਰਚ 1947 ਦੇ ਸ਼ੁਰੂਆਤੀ ਫ਼ਸਾਦਾਂ ਦੌਰਾਨ ਹੀ ਪੋਠੋਹਾਰ ਤੋਂ ਹਿੰਦੂ ਸਿੱਖ ਅਬਾਦੀ ਦੀ ਪੂਰਬੀ ਪੰਜਾਬ ਵੱਲ ਹਿਜਰਤ ਸ਼ੁਰੂ ਹੋ ਗਈ ਸੀ। ਸਭ ਤੋਂ ਪਹਿਲਾਂ ਇਹਨਾਂ ਉੱਜੜੇ ਪੋਠੋਹਾਰੀਆਂ ਦਾ ਕਾਫ਼ਲਾ ਪਟਿਆਲਾ ਰਿਆਸਤ ਵਿੱਚ ਪਹੁੰਚਿਆ ਸੀ ਕਿਉਂਕਿ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੇ ਸਰਕਾਰੀ ਮਲਕੀਅਤ ਤੇ ਹੋਰ ਜਾਇਦਾਦਾਂ ਵਿੱਚ ਇਹਨਾਂ ਨੂੰ ਵਸਾਉਣ ਦੀ ਪਹਿਲ ਕੀਤੀ ਸੀ। ਪਰ ਪੋਠੋਹਾਰ ਦੇ ਅਮੀਰ ਹਿੰਦੂ ਤੇ ਸਿੱਖ ਗਿਣਤੀ ਵਿੱਚ ਜਿਆਦਾ ਸਨ ਤੇ ਪਟਿਆਲਾ ਐਨਾ ਵੱਡਾ ਨਹੀਂ ਕਿ ਉਹ ਇਹਨਾਂ ਸਾਰਿਆਂ ਨੂੰ ਇੱਥੇ ਵਸਾ ਸਕਦਾ। ਇਸ ਤਰ੍ਹਾਂ ਇਹਨਾਂ ਪੋਠੋਹਾਰੀਆਂ ਦੇ ਕੁਝ ਛੋਟੇ ਸਮੂਹਾਂ ਨੂੰ ਅੰਬਾਲਾ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਵਸਾਇਆ ਗਿਆ। ਜ਼ਿਲ੍ਹਾ ਰਾਵਲਪਿੰਡੀ ਦੇ ਕੁਝ ਕੁ ਸ਼ਰਨਾਰਥੀ ਕਰਨਾਲ ਜ਼ਿਲ੍ਹੇ ਵਿੱਚ ਵੀ ਵਸਾਏ ਗਏ। ਸਮੇਂ ਦੇ ਨਾਲ ਨਾਲ ਇਹ ਪੋਠੋਹਾਰੀਏ ਆਪਣੇ ਆਪ ਨੂੰ ਸਥਾਨਕ ਸਾਂਚੇ ਵਿੱਚ ਢਾਲਦੇ ਗਏ ਤੇ ਪੋਠੋਹਾਰੀ ਵੀ ਭੁੱਲਦੇ ਗਏ। ਕੁਰੂਕਸ਼ੇਤਰ ਵੱਸਦੇ ਬੀਰ ਬਹਾਦਰ ਸਿੰਘ ਜੋ ਕਿ ਵੰਡ ਤੋਂ ਪਹਿਲਾਂ ਜ਼ਿਲ੍ਹਾ ਰਾਵਲਪਿੰਡੀ, ਤਹਿਸੀਲ ਕਹੂਟਾ ਦੇ ਥੋਹਾ ਖਾਲਸਾ ਪਿੰਡ ਵਿੱਚ ਰਹਿੰਦੇ ਸੀ, ਵੰਡ ਵੇਲੇ ਸੋਲਾਂ ਸਤਾਰਾਂ ਸਾਲ ਦੇ ਸਨ। ਇੱਕ ਇੰਟਰਵਿਊ ਵਿੱਚ ਦੱਸਦੇ ਨੇ ਕਿ ਜਦੋਂ 2002 ਵਿੱਚ ਉਹ ਆਪਣੇ ਪਿੰਡ ਗਏ ਸਨ ਤਾਂ ਪਿੰਡ ਵਾਸੀਆਂ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਤਾਂ ਬੋਲੀ ਹੀ ਬਦਲ ਗਈ। ਪਿੰਡ ਦੀਆਂ ਬਜ਼ੁਰਗ ਔਰਤਾਂ ਨੇ ਕਿਹਾ ਪਹਿਲਾਂ ਵਾਲੀ ਪੋਠੋਹਾਰੀ ਤਾਂ ਤੂੰ ਬੋਲਦਾ ਹੀ ਨਹੀਂ। ਸ਼ਾਹਪੁਰ ਤੇ ਗੁਜਰਾਤ ਜ਼ਿਲ੍ਹਿਆਂ ਦੇ ਪੰਜਾਬੀ ਅੰਬਾਲਾ ਜ਼ਿਲ੍ਹੇ ਵਿੱਚ ਵਸਾਏ ਗਏ ਜਿੱਥੇ ਉਹਨਾਂ ਦੀਆਂ ਅੱਜ ਦੀਆਂ ਪੀੜ੍ਹੀਆਂ ਚੰਗੀ ਪੁਆਧੀ ਬੋਲਦੀਆਂ ਹਨ ਪਰ ਪੋਠੋਹਾਰੀ ਹੌਲੀ ਹੌਲੀ ਖਤਮ ਹੋ ਰਹੀ ਹੈ। ਮੀਆਂਵਾਲੀ ਦੇ ਗੁੜਗਾਓ ਵਸਾਏ ਗਏ ਪੰਜਾਬੀਆਂ ਦੀਆਂ ਨਵੀਂਆਂ ਪੀੜ੍ਹੀਆਂ ਉੱਪਰ ਵੀ ਹਿੰਦੀ ਤੇ ਹਰਿਆਣਵੀ ਦਾ ਕਾਫ਼ੀ ਅਸਰ ਪੈ ਚੁੱਕਾ ਹੈ।

ਮੁਲਤਾਨ, ਲਾਇਲਪੁਰ ਅਤੇ ਮਿੰਟਗੁਮਰੀ ਦੀਆਂ ਬਾਰਾਂ ਵਿੱਚ ਨਵੀਂ ਵਸਾਈ ਅਬਾਦੀ ਨੂੰ ਉਹਨਾਂ ਦੇ ਜੱਦੀ ਜ਼ਿਲ੍ਹਿਆਂ ਵਿੱਚ ਹੀ ਭੇਜ ਦਿੱਤਾ ਗਿਆ ਜਿੱਥੋਂ ਇਹਨਾਂ ਨੂੰ ਬਾਰਾਂ ਆਬਾਦ ਕਰਨ ਲਈ ਲਿਜਾਇਆ ਗਿਆ ਸੀ। ਬਹੁਤਿਆਂ ਨੂੰ ਤਾਂ ਉਹਨਾਂ ਦੇ ਪੁਰਾਣੇ ਜਾਂ ਜੱਦੀ ਪਿੰਡਾਂ ਵਿੱਚ ਹੀ ਵਸਾ ਦਿੱਤਾ। ਲਾਇਲਪੁਰ ਤੇ ਮਿੰਟਗੁਮਰੀ ਦੇ ਬਹੁਤੇ ਉੱਜੜੇ ਲੋਕ ਵੱਡੇ ਵੱਡੇ ਕਾਫ਼ਲਿਆਂ ਵਿੱਚ ਪੂਰਬੀ ਪੰਜਾਬ ਪੁੱਜੇ। ਲਾਇਲਪੁਰ ਜ਼ਿਲ੍ਹੇ ਦੇ ਹੀ ਗਿਆਨੀ ਕਰਤਾਰ ਸਿੰਘ ਜੋ ਕਿ ਉੱਘੇ ਸਿਆਸਤਦਾਨ ਸਨ, ਉਹਨਾਂ ਨੇ ਵੀ ਲਾਇਲਪੁਰ ਤੇ ਮਿੰਟਗੁਮਰੀ ਦੇ ਪੇਂਡੂ ਕਿਸਾਨਾਂ ਨੂੰ ਉਹਨਾਂ ਦੇ ਜੱਦੀ ਤੇ ਮਰਜ਼ੀ ਦੇ ਖੇਤਰਾਂ ਵਿੱਚ ਮੁੜ ਵੱਸਣ ਵਿੱਚ ਬਹੁਤ ਮਦਦ ਕੀਤੀ। ਸਰਦਾਰ ਤਰਲੋਕ ਸਿੰਘ ਆਈ.ਸੀ. ਐੱਸ. ਅਫਸਰ ਦੇ ਯਤਨਾਂ ਸਦਕਾ ਲਾਇਲਪੁਰੀਏ ਤੇ ਮਿੰਟਗੁਮਰੀਏ ਪੰਜਾਬ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫ਼ਾਜ਼ਿਲਕਾ, ਮਾਨਸਾ, ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ, ਫਤਹਿਗੜ੍ਹ ਸਾਹਿਬ, ਮੋਹਾਲੀ, ਲੁਧਿਆਣਾ, ਰੋਪੜ, ਨਵਾਂਸ਼ਹਿਰ, ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਖੇਤਰਾਂ ਵਿੱਚ ਵੱਸ ਰਹੇ ਨੇ ਤੇ ਪੰਜਾਬੀ ਨਾਲ ਜੁੜੇ ਹੋਏ ਨੇ।

ਹੁਣ ਦੇ ਹਰਿਆਣਾ ਵਿੱਚ ਅੰਬਾਲਾ, ਸਿਰਸਾ ਅਤੇ ਫਤਿਆਬਾਦ ਵਿੱਚ ਵਸਾਏ ਲਾਇਲਪੁਰ ਤੇ ਮਿੰਟਗੁਮਰੀ ਦੇ ਪੁਰਾਣੇ ਜਾਂ ਮੂਲ ਵਸਨੀਕ ਹਿੰਦੂ ਸਿੱਖ (ਨਹਿਰੀ ਕਲੋਨੀਆਂ ਬਣਨ ਤੋਂ ਪਹਿਲਾਂ ਉੱਥੇ ਵੱਸਣ ਵਾਲੇ) ਵੀ ਹਜੇ ਆਪਣੀ ਬੋਲੀ ਨਾਲ ਜੁੜੇ ਹੋਏ ਨੇ ਪਰ ਸਥਾਨਕ ਬੋਲੀਆਂ ਦਾ ਥੋੜ੍ਹਾ ਪ੍ਰਭਾਵ ਜ਼ਰੂਰ ਪਿਆ ਹੈ। ਝੰਗ, ਮੁਲਤਾਨ ਅਤੇ ਮਿੰਟਗੁਮਰੀ ਜ਼ਿਲ੍ਹਿਆਂ ਦੇ ਕੁਝ ਮੂਲ ਵਸਨੀਕ ਸ਼ਰਨਾਰਥੀ ਹੁਸ਼ਿਆਰਪੁਰ ਤੇ ਲੁਧਿਆਣਾ ਵਿੱਚ ਵਸਾਏ ਗਏ। ਸਥਾਨਕ ਲੋਕਾਂ ਵਿੱਚ ਇਹਨਾਂ ਦੀ ਗਿਣਤੀ ਘੱਟ ਹੋਣ ਕਰਕੇ ਹੌਲੀ ਹੌਲੀ ਇਹ ਆਪਣੀਆਂ ਮੂਲ 'ਜਾਂਗਲੀ' ਤੇ 'ਮੁਲਤਾਨੀ' ਉਪਬੋਲੀਆਂ ਬੋਲਣਾ ਛੱਡਦੇ ਗਏ ਤੇ ਇਹਨਾਂ ਦੀਆਂ ਹੁਣ ਵਾਲ਼ੀਆਂ ਪੀੜ੍ਹੀਆਂ ਵਿੱਚ ਕੋਈ ਵਿਰਲਾ ਹੀ ਇਹ ਬੋਲੀਆਂ ਬੋਲਦਾ ਜਾਂ ਸਮਝਦਾ ਹੈ।

ਜ਼ਿਲ੍ਹਾ ਮੁਲਤਾਨ ਦੇ ਬਹੁ ਗਿਣਤੀ ਸ਼ਰਨਾਰਥੀ ਪੰਜਾਬੀਆਂ ਨੂੰ ਹਿਸਾਰ ਵਿੱਚ, ਝੰਗ-ਮੁਜੱਫਰਗੜ੍ਹ ਦੇ ਰੋਹਤਕ ਵਿੱਚ ਅਤੇ ਡੇਰਾ ਗ਼ਾਜ਼ੀ ਖਾਂ ਦੇ ਪੰਜਾਬੀਆਂ ਨੂੰ ਗੁੜਗਾਓ ਜ਼ਿਲ੍ਹਿਆ ਵਿੱਚ ਵਸਾਇਆ ਗਿਆ। ਹਿਸਾਰ, ਰੋਹਤਕ ਤੇ ਗੁੜਗਾਓ ਗ਼ੈਰ ਪੰਜਾਬੀ ਬੋਲਦੇ ਜ਼ਿਲ੍ਹੇ ਸਨ ਜਿਸ ਕਰਕੇ ਪੱਛਮੀ ਪੰਜਾਬੀਆਂ ਦੀਆਂ ਪਹਿਲੀਆਂ ਪੀੜ੍ਹੀਆਂ ਨੇ ਬੜੀ ਮੁਸ਼ਕਿਲ ਨਾਲ ਆਪਣੀਆਂ ਜੱਦੀ ਉਪ ਬੋਲੀਆਂ ਬਚਾਈ ਰੱਖੀਆਂ ਪਰ ਅੱਜ-ਕੱਲ੍ਹ ਦੀਆਂ ਪੀੜ੍ਹੀਆਂ ਹਿੰਦੀ ਪੜ੍ਹ ਰਹੀਆਂ ਹਨ ਤੇ ਹਿੰਦੀ-ਹਰਿਆਣਵੀ ਰਲੇਵੇਂ ਵਾਲੀ ਪੰਜਾਬੀ ਬੋਲ ਰਹੀਆਂ ਨੇ।

ਤਿੰਨ ਸਾਲ ਪਹਿਲਾਂ ਹਰਿਆਣਾ ਦੇ ਸਿਰਸਾ ਸ਼ਹਿਰ ਦੇ ਇੱਕ ਬਜ਼ਾਰ ਵਿੱਚ ਇੱਕ ਸੱਜਣ ਨਾਲ ਮੈਂ ਕਰਿਆਨੇ ਦੀ ਦੁਕਾਨ ਤੇ ਗਿਆ। ਦੁਕਾਨਦਾਰ ਇੱਕ ਬਜ਼ੁਰਗ ਪੰਜਾਬੀ ਗੁਰਸਿੱਖ ਸੀ ਤੇ ਉਸ ਦੇ ਨਾਲ ਉਸਦਾ ਪੁੱਤਰ ਤੇ ਦੋ ਪੋਤਰੇ ਵੀ ਦੁਕਾਨ ਤੇ ਸਨ। ਵੈਸੇ ਤਾਂ ਉਹ ਬਜ਼ੁਰਗ ਦੁਕਾਨਦਾਰ ਹਿੰਦੀ ਵਿੱਚ ਗੱਲ ਕਰ ਰਿਹਾ ਸੀ ਪਰ ਸਾਡੇ ਨਾਲ ਉਸ ਨੇ ਪੰਜਾਬੀ ਵਿੱਚ ਗੱਲ ਕੀਤੀ। ਕਿਉਂ ਕਿ ਮੇਰੇ ਨਾਲ ਵਾਲੇ ਸੱਜਣ ਦੇ ਦਸਤਾਰ ਸਜਾਈ ਹੋਈ ਸੀ। ਸ਼ਾਇਦ ਉਹ ਸੱਜਣ ਉਸ ਦੁਕਾਨਦਾਰ ਦਾ ਪੱਕਾ ਗਾਹਕ ਵੀ ਹੋਵੇ ਪਰ ਮੈਂ ਉੱਥੇ ਪਹਿਲੀ ਵਾਰ ਗਿਆ ਸੀ। ਮੈਂ ਉਸ ਬਜ਼ੁਰਗ ਨਾਲ ਹੋਰ ਗੱਲਾਂ ਬਾਤਾਂ ਕੀਤੀਆਂ ਤਾਂ ਪਤਾ ਲੱਗਾ ਕਿ ਉਹ ਲਾਇਲਪੁਰ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਸੀ। ਲਾਇਲਪੁਰ ਤੋਂ ਆਕੇ ਪਹਿਲਾਂ ਉਹ ਪਾਣੀਪਤ ਵੱਲ ਜਾ ਵੱਸੇ ਸਨ ਪਰ ਬਾਅਦ ਵਿੱਚ ਸਿਰਸਾ ਆ ਗਏ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਹੋਰ ਵੀ ਭਰਾ ਤੇ ਅੱਗੋਂ ਉਹਨਾਂ ਦੇ ਪਰਿਵਾਰ ਵੀ ਹੁਣ ਸਿਰਸਾ ਵਿੱਚ ਰਹਿ ਰਹੇ ਨੇ। ਸਾਰਾ ਪਰਿਵਾਰ ਘਰ ਵਿੱਚ ਪੰਜਾਬੀ ਬੋਲਦਾ ਹੈ ਪਰ ਘਰ ਤੋਂ ਬਾਹਰ ਹਿੰਦੀ ਵਿੱਚ ਗੱਲ ਕਰਨੀ ਪੈਂਦੀ ਹੈ। ਕਾਫ਼ੀ ਸਮਾਂ ਦੁਕਾਨ ਤੇ ਰੁਕਣ ਕਰਕੇ ਉਸ ਬਜ਼ੁਰਗ ਦੀ ਅਤੇ ਉਸ ਦੇ ਪੁੱਤ ਪੋਤਰਿਆਂ ਦੀ ਪੰਜਾਬੀ ਵਿੱਚ ਕਾਫ਼ੀ ਅੰਤਰ ਮਹਿਸੂਸ ਕੀਤਾ। ਬਜ਼ੁਰਗ ਸਾਡੇ ਨਾਲ ਬੜੀ ਵਧੀਆ, ਸ਼ੁੱਧ ਤੇ ਮਿਆਰੀ ਪੰਜਾਬੀ ਵਿੱਚ ਗੱਲਾਂ ਕਰ ਰਿਹਾ ਸੀ ਜਦੋਂਕਿ ਉਸਦਾ ਪੁੱਤ ਤੇ ਪੋਤਰੇ ਹਿੰਦੀ ਰਲੇਵੇਂ ਵਾਲੀ ਪੰਜਾਬੀ ਬੋਲ ਰਹੇ ਸੀ।

ਸਿਆਲਕੋਟੀਏ ਡੇਰਾ ਬਾਬਾ ਨਾਨਕ ਤੇ ਪਠਾਨਕੋਟ ਦੇ ਰਸਤੇ ਪੂਰਬੀ ਪੰਜਾਬ ਵਿੱਚ ਦਾਖਲ ਹੋਏ। ਸਰਦਾਰ ਤਰਲੋਕ ਸਿੰਘ ਨੇ ਪੇਂਡੂ ਸਿਆਲਕੋਟੀਆ ਨੂੰ ਗੁਰਦਾਸਪੁਰ, ਬਟਾਲਾ, ਭੁਲੱਥ, ਦਸੂਹਾ, ਅਜਨਾਲਾ ਤੇ ਰਿਆਸਤ ਕਪੂਰਥਲਾ ਵਿੱਚ ਵਸਾਇਆ। ਸ਼ਹਿਰੀ ਸਿਆਲਕੋਟੀਏ ਜਿਆਦਾਤਰ ਬਟਾਲੇ, ਜਲੰਧਰ ਤੇ ਕਪੂਰਥਲੇ ਵਿੱਚ ਵਸਾਏ ਗਏ। ਇਹਨਾਂ ਸਾਰਿਆਂ ਨੇ ਅੱਜ ਵੀ ਸਿਆਲਕੋਟੀ ਬੋਲੀ ਤੇ ਸੱਭਿਆਚਾਰ ਜਿਉਂਦਾ ਰੱਖਿਆ ਹੈ। ਜਲੰਧਰ ਸ਼ਹਿਰ ਦੇ ਬਹੁਗਿਣਤੀ ਮੁਸਲਮਾਨ ਇੱਥੋਂ ਚਲੇ ਗਏ ਸਨ ਤੇ ਬਹੁ ਗਿਣਤੀ ਵਿੱਚ ਸਿਆਲਕੋਟੀਏ ਇੱਥੇ ਆ ਗਏ। ਸਰਦਾਰ ਹਰਜਾਪ ਸਿੰਘ ਔਜਲਾ ਮੁਤਾਬਕ ਹੁਣ ਸ਼ਹਿਰ ਜਲੰਧਰ ਵਿੱਚ ਠੇਠ ਦੁਆਬੀ ਨਹੀਂ ਬਲਕਿ ਕੇਂਦਰੀ ਛੋਹ ਵਾਲੀ ਸਿਆਲਕੋਟੀ ਪੰਜਾਬੀ ਹਾਵੀ ਹੈ ਜਦਕਿ ਠੇਠ ਦੁਆਬੀ ਸਿਰਫ ਪੇਂਡੂ ਖੇਤਰਾਂ ਵਿੱਚ ਚੱਲਦੀ ਹੈ। ਮਸ਼ਹੂਰ ਪੰਜਾਬੀ ਕਾਮੇਡੀਅਨ ਕਲਾਕਾਰ ਗੁਰਪ੍ਰੀਤ ਘੁੱਗੀ ਦੇ ਵਡੇਰੇ ਵੀ ਸਿਆਲਕੋਟ ਤੋਂ ਆਏ ਸਨ। ਗੁਰਪ੍ਰੀਤ ਘੁੱਗੀ ਦੀ ਪੰਜਾਬੀ ਵੀ ਸਿਆਲਕੋਟੀ ਪੰਜਾਬੀ ਹੈ। ਗੁਰਦਾਸਪੁਰ ਦੀ ਪਾਕਿਸਤਾਨ ਵੱਲ ਕੀਤੀ ਗਈ ਤਹਿਸੀਲ ਸ਼ੰਕਰਗੜ੍ਹ ਦੇ ਬਹੁਗਿਣਤੀ ਉੱਜੜੇ ਹਿੰਦੂ ਸਿੱਖ ਸ਼ਰਨਾਰਥੀ ਵੀ ਗੁਰਦਾਸਪੁਰ ਜ਼ਿਲ੍ਹੇ ਤੇ ਰਿਆਸਤ ਕਪੂਰਥਲਾ ਵਿੱਚ ਵਸਾਏ ਗਏ। ਸਿਆਲਕੋਟ ਦੀਆਂ ਡਸਕਾ ਤੇ ਪਸਰੂਰ ਤਹਿਸੀਲਾਂ ਤੋਂ ਆਏ ਕੁਝ ਸ਼ਰਨਾਰਥੀ ਜ਼ਿਲ੍ਹਾ ਲੁਧਿਆਣਾ ਤੇ ਰਿਆਸਤ ਪਟਿਆਲਾ ਵਿੱਚ ਵੀ ਵਸਾਏ ਗਏ। ਸਮੇਂ ਦੇ ਨਾਲ ਇਹਨਾਂ ਦੇ ਵੰਸ਼ਜ ਵੀ ਇੱਥੋਂ ਦੀਆਂ ਸਥਾਨਕ ਬੋਲੀਆਂ ਬੋਲਣ ਲੱਗੇ ਕਿਉਕਿ ਸਥਾਨਕ ਲੋਕਾਂ ਵਿੱਚ ਇਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ।

ਸਿਆਲਕੋਟੀਆਂ ਦੇ ਨਾਲ ਹੀ ਪੇਂਡੂ ਲਾਹੌਰੀਏ ਵੀ ਪਹਿਲਾਂ ਪੂਰਬੀ ਪੰਜਾਬ ਵਿੱਚ ਦਾਖਲ ਹੋਏ। ਇਹ ਅਟਾਰੀ-ਵਾਹਗਾ ਸਰਹੱਦ ਅਤੇ ਫ਼ਿਰੋਜ਼ਪੁਰ ਦੇ ਗੰਡਾ ਸਿੰਘ-ਹੁਸੈਨੀਵਾਲਾ ਸਰਹੱਦ ਦੇ ਰਸਤੇ ਪੂਰਬੀ ਪੰਜਾਬ ਵਿੱਚ ਦਾਖਲ ਹੋਏ। ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਹਿਲਾਂ ਹੀ ਕਾਫ਼ੀ ਆਬਾਦੀ ਹੋਣ ਕਰਕੇ ਬਹੁਤ ਥੋੜ੍ਹੇ ਪੇਂਡੂ ਲਾਹੌਰੀਏ ਅਜਨਾਲਾ ਤੇ ਤਰਨਤਾਰਨ ਤਹਿਸੀਲਾਂ ਵਿੱਚ ਵਸਾਏ ਗਏ ਅਤੇ ਕਾਫੀ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਵਿੱਚ ਵਸਾਏ ਗਏ। ਸਭ ਤੋਂ ਜਿਆਦਾ ਪੇਂਡੂ ਲਾਹੌਰੀਏ ਫ਼ਿਰੋਜ਼ਪੁਰ ਜ਼ਿਲ੍ਹੇ ਦੀਆ ਤਹਿਸੀਲਾਂ ਫ਼ਿਰੋਜ਼ਪੁਰ, ਜ਼ੀਰਾ, ਮੋਗਾ, ਮੁਕਤਸਰ ਅਤੇ ਗੁਰੂ ਹਰਸਹਾਏ ਵਿੱਚ ਵਸਾਏ ਗਏ। ਇਹ ਪੇਂਡੂ ਲਾਹੌਰੀਏ ਅੱਜ ਵੀ ਆਪਣੀ ਬੋਲੀ ਤੇ ਸੱਭਿਆਚਾਰ ਸਾਂਭੀ ਬੈਠੇ ਹਨ, ਸਗੋਂ ਮੇਰੇ ਹੁਣ ਦੇ ਜ਼ਿਲ੍ਹਾ ਮੋਗਾ ਦੇ ਫਤਿਹਗੜ੍ਹ ਪੰਜਤੂਰ, ਧਰਮਕੋਟ ਤੇ 'ਕੋਟ ਈਸੇ ਖਾਨ' ਦੇ ਇਲਾਕਿਆਂ ਵਿੱਚ ਲਾਹੌਰੀ ਸੱਭਿਆਚਾਰ ਇੱਥੋਂ ਦੇ ਮਲਵਈ ਸੱਭਿਆਚਾਰ ਤੇ ਪੂਰਾ ਹਾਵੀ ਹੈ। ਜਿਸਦਾ ਕਾਰਨ ਇਹਨਾਂ ਇਲਾਕਿਆਂ ਵਿੱਚ ਵੱਸਦੇ ਬਹੁ ਗਿਣਤੀ ਪੇਂਡੂ ਲਾਹੌਰੀਏ ਨੇ। ਕੁਝ ਪੇਂਡੂ ਲਾਹੌਰੀਏ ਹੁਣ ਦੇ ਹਰਿਆਣਾ ਦੇ ਸਿਰਸਾ ਤੇ ਫਤਿਹਾਬਾਦ ਇਲਾਕਿਆਂ ਵਿੱਚ ਵੀ ਵਸਾਏ ਗਏ ਸਨ। ਇਹਨਾਂ ਨੇ ਵੀ ਕਾਫ਼ੀ ਹੱਦ ਤੱਕ ਹਜੇ ਆਪਣੀ ਬੋਲੀ ਤੇ ਸੱਭਿਆਚਾਰ ਸਾਂਭ ਕੇ ਰੱਖਿਆ ਹੋਇਆ ਹੈ। ਕਸੂਰ ਤਹਿਸੀਲ ਦੇ ਜਿਹੜੇ ਪਿੰਡ ਪੱਟੀ ਸਮੇਤ ਅੰਮ੍ਰਿਤਸਰ ਵਿੱਚ ਜੋੜੇ ਗਏ ਸਨ ਇਹਨਾਂ ਹੀ ਪਿੰਡਾਂ ਵਿੱਚ ਪਾਕਿਸਤਾਨ ਵਾਲੇ ਪਾਸੇ ਗਈ ਤਹਿਸੀਲ ਕਸੂਰ ਦੇ ਪਿੰਡਾਂ ਤੋਂ ਉੱਜੜਕੇ ਆਏ ਪੇਂਡੂ ਜ਼ਿਮੀਂਦਾਰ ਵਸਾਏ ਗਏ। ਜਿਸਦਾ ਨਤੀਜਾ ਇਹ ਹੋਇਆ ਕਿ ਹੁਣ ਇਸ ਇਲਾਕੇ ਵਿੱਚ ਅਬਾਦੀ ਦੇ ਹਿਸਾਬ ਨਾਲ ਕਿਸਾਨਾਂ ਕੋਲ ਬਹੁਤ ਥੋੜ੍ਹੀ ਜ਼ਮੀਨ ਰਹਿ ਗਈ।

ਗੁੱਜਰਾਂਵਾਲ਼ਾ ਅਤੇ ਸ਼ੇਖ਼ੂਪੁਰਾ ਜ਼ਿਲ੍ਹਿਆ ਦੇ ਉੱਜੜੇ ਪੰਜਾਬੀ ਜਦੋਂ ਤੱਕ ਪੂਰਬੀ ਪੰਜਾਬ ਪਹੁੰਚੇ ਤਾਂ ਉਦੋਂ ਤੱਕ ਇੱਥੋਂ ਦੇ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਸਿਆਲਕੋਟੀਏ, ਲਾਇਲਪੁਰੀਏ, ਮਿੰਟਗੁਮਰੀਏ ਅਤੇ ਦਿਹਾਤੀ ਲਾਹੌਰੀਆਂ ਨੂੰ ਹਿਜਰਤ ਕਰਕੇ ਗਏ ਮੁਸਲਮਾਨਾਂ ਦੁਆਰਾ ਖਾਲ਼ੀ ਛੱਡੀਆਂ ਸਾਰੀਆਂ ਜ਼ਮੀਨਾਂ ਤੇ ਵਸਾਏ ਜਾਣ ਦੀ ਵਿਉਂਤ ਲਗ-ਪਗ ਬਣ ਚੁੱਕੀ ਸੀ। ਇਸ ਤਰ੍ਹਾਂ ਜਦੋਂ ਪੰਜਾਬੀ ਇਲਾਕਿਆਂ ਵਿੱਚ ਇਹਨਾਂ ਲਈ ਕੋਈ ਬਹੁਤੀ ਜਗ੍ਹਾ ਨਾ ਰਹੀ ਤਾਂ ਬਹੁਤ ਥੋੜ੍ਹਿਆਂ ਨੂੰ ਪਟਿਆਲਾ ਅਤੇ ਸੁਨਾਮ ਵਿੱਚ ਵਸਾਇਆ ਜਾ ਸਕਿਆ। ਬਹੁਗਿਣਤੀ ਗੁੱਜਰਾਂਵਾਲ਼ੀਏ ਤੇ ਸ਼ੇਖੂਪੁਰੀਏ ਕਰਨਾਲ ਜ਼ਿਲ੍ਹੇ ਵਿੱਚ ਭੇਜ ਦਿੱਤੇ ਗਏ। ਇਹਨਾਂ ਨਾਲ ਹੀ ਲਾਹੌਰ ਦੀ ਚੂਨੀਆਂ ਤਹਿਸੀਲ ਦੇ ਬਹੁਤ ਥੋੜ੍ਹੇ ਜ਼ਿਮੀਂਦਾਰ ਵੀ ਇੱਥੇ ਆਏ। ਡਾ. ਮਹਿੰਦਰ ਸਿੰਘ ਰੰਧਾਵਾ ਨੇ ਬੜੀ ਸਮਝਦਾਰੀ ਨਾਲ ਜ਼ਮੀਨੀ ਵੰਡ ਕਰਕੇ ਇਹਨਾਂ ਨੂੰ ਇੱਥੇ ਵਸਾਇਆ। ਪਰ ਕਰਨਾਲ ਗ਼ੈਰ ਪੰਜਾਬੀ ਬੋਲਦਾ ਜ਼ਿਲ੍ਹਾ ਸੀ ਜਿਸ ਕਰਕੇ ਕੁਝ ਹੀ ਸਾਲਾਂ ਵਿੱਚ ਇਹਨਾਂ ਦੀ ਕੇਂਦਰੀ ਮਿਆਰੀ ਪੰਜਾਬੀ ਵਿੱਚ ਇੱਥੋਂ ਦੀ ਸਥਾਨਕ ਹਰਿਆਣਵੀ ਬੋਲੀ ਦਾ ਰਲੇਵਾਂ ਸ਼ੁਰੂ ਹੋ ਗਿਆ। ਹਰਿਆਣਾ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਇਹ ਪੰਜਾਬ ਦਾ ਇੱਕੋ ਇੱਕ ਜ਼ਿਲ੍ਹਾ ਸੀ ਜਿਸ ਵਿੱਚ ਗੁੱਜਰਾਂਵਾਲ਼ੀਏ ਤੇ ਸ਼ੇਖੂਪੁਰੀਏ ਪੰਜਾਬੀਆਂ ਦਾ ਪੂਰਾ ਦਬਦਬਾ ਸੀ। ਪਰ ਹੁਣ ਇਹਨਾਂ ਦੀਆਂ ਪੀੜ੍ਹੀਆਂ ਹਿੰਦੀ ਪੜ੍ਹ ਰਹੀਆਂ ਹਨ ਤੇ ਸਥਾਨਕ ਹਰਿਆਣਵੀ ਸੱਭਿਆਚਾਰ ਵਿੱਚ ਰਹਿ ਰਹੀਆਂ ਹਨ ਜਿਸ ਕਰਕੇ ਹੌਲੀ ਹੌਲੀ ਇਹ ਆਪਣੀ ਮੂਲ ਕੇਂਦਰੀ ਪੰਜਾਬੀ ਬੋਲੀ ਤੇ ਸੱਭਿਆਚਾਰ ਤੋਂ ਹੌਲੀ ਹੌਲੀ ਦੂਰ ਹੋ ਰਹੀਆਂ ਹਨ, ਪਰ ਪੁਰਾਣੀ ਪੀੜ੍ਹੀ ਦੇ ਹਜੇ ਜਿਉਂਦੇ ਲੋਕਾਂ ਨਾਲ ਅੱਜ ਵੀ ਕੇਂਦਰੀ ਪੰਜਾਬੀ ਜਿਉਂਦੀ ਹੈ। ਗੁੱਜਰਾਂਵਾਲ਼ਾ ਤੇ ਸ਼ੇਖ਼ੂਪੁਰਾ ਦੇ ਸ਼ਹਿਰੀ ਵਸਨੀਕਾਂ ਨੂੰ ਕਰਨਾਲ, ਕੁਰੂਕਸ਼ੇਤਰ ਤੇ ਪਾਣੀਪਤ ਸ਼ਹਿਰਾਂ ਵਿੱਚ ਵਸਾਇਆ ਗਿਆ ਸੀ ਜੋ ਬਾਅਦ ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਚਲੇ ਗਏ। ਉੱਥੇ ਉਹਨਾਂ ਦੀਆਂ ਹੁਣ ਦੀਆਂ ਪੀੜ੍ਹੀਆਂ ਪੰਜਾਬੀ ਨਾਲ਼ੋਂ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ।

ਗੁਰਦੁਆਰਾ ਸੁਧਾਰ ਲਹਿਰ ਦੇ ਮਸ਼ਹੂਰ ਸਿੱਖ ਲੀਡਰ ਗਿਆਨੀ ਕਰਤਾਰ ਸਿੰਘ ਝੱਬਰ ਦਾ ਜੱਦੀ ਪਿੰਡ ਝੱਬਰ ਜ਼ਿਲ੍ਹਾ ਸ਼ੇਖ਼ੂਪੁਰਾ ਵਿੱਚ ਸੀ ਤੇ ਇਹਨਾਂ ਨੂੰ ਵੀ ਵੰਡ ਤੋਂ ਬਾਅਦ ਕਰਨਾਲ ਜ਼ਿਲ੍ਹੇ ਦੇ ਪਿੰਡ ਹਾਂਬਰੀ ਵਿੱਚ ਵਸਾਇਆ ਗਿਆ ਜੋ ਹੁਣ ਬਾਅਦ ਵਿੱਚ ਕਰਨਾਲ ਵਿੱਚੋਂ ਨਵੇਂ ਬਣੇ ਕੈਥਲ ਜ਼ਿਲ੍ਹੇ ਵਿੱਚ ਹੈ। ਗਿਆਨੀ ਜੀ ਆਪਣੇ ਅੰਤਿਮ ਸਮੇਂ ਤੱਕ ਇੱਥੇ ਹੀ ਰਹੇ।

ਰਿਆਸਤ ਬਹਾਵਲਪੁਰ ਵਿੱਚ ਸਿਰਫ 3% ਸਿੱਖ ਅਬਾਦੀ ਸੀ। ਇਹ ਜਿਆਦਾਤਰ ਰਿਆਸਤ ਦੇ ਉੱਤਰੀ ਹਿੱਸੇ ਵਿੱਚ ਨਹਿਰੀ ਕਲੋਨੀਆਂ ਬਣਾਏ ਜਾਣ ਤੇ ਇੱਥੇ ਵਸਾਈ ਗਈ ਸੀ। ਸਭ ਤੋਂ ਪਹਿਲਾਂ ਇਹਨਾਂ ਨੂੰ ਹਿਸਾਰ ਜ਼ਿਲ੍ਹੇ ਦੇ ਸਿਰਸਾ ਅਤੇ ਬਠਿੰਡਾ ਇਲਾਕਿਆਂ ਵਿੱਚ ਭੇਜ ਦਿੱਤਾ। ਇਹ ਸਾਰੀ ਸਿੱਖ ਅਬਾਦੀ ਆਪਣੇ ਉਹਨਾਂ ਜੱਦੀ ਇਲਾਕਿਆਂ ਵਿੱਚ ਚਲੀ ਗਈ ਜਿੱਥੋਂ ਜਿੱਥੋਂ ਇਹਨਾਂ ਨੂੰ ਬਹਾਵਲਪੁਰ ਲਿਜਾਇਆ ਗਿਆ ਸੀ ਤੇ ਬਾਕੀ ਇਹਨਾਂ ਇਲਾਕਿਆਂ ਵਿੱਚ ਹੀ ਵੱਸ ਗਏ। ਮੇਰੀ ਨਾਨੀ ਜੀ ਦੇ ਦੱਸਣ ਮੁਤਾਬਕ ਪਹਿਲਾਂ ਉਹ ਵੀ ਬਹਾਵਲਪੁਰ ਤੋਂ ਬਠਿੰਡੇ ਪਹੁੰਚੇ ਸਨ ਅਤੇ ਬਾਅਦ ਵਿੱਚ ਫ਼ਿਰੋਜ਼ਪੁਰ ਦੇ ਮੁੱਦਕੀ ਨੇੜੇ ਪੈਂਦੇ ਪਿੰਡ ਤੂੰਬੜ ਭੰਨ ਜਾ ਵੱਸੇ। ਕਿਉਕਿ ਉਹਨਾਂ ਦੇ ਵਡੇਰੇ ਇੱਥੋਂ ਹੀ ਬਹਾਵਲਪੁਰ ਜਾ ਕੇ ਵੱਸੇ ਸਨ।

ਰਿਆਸਤ ਦੇ ਬਾਕੀ ਹਿੱਸਿਆਂ ਤੋਂ ਆਏ ਸ਼ਰਨਾਰਥੀਆਂ ਨੂੰ ਬਹੁ ਗਿਣਤੀ ਵਿੱਚ ਹੁਣ ਦੇ ਰਾਜਪੁਰਾ ਅਤੇ ਬਾਕੀਆਂ ਨੂੰ ਪਟਿਆਲਾ ਤੇ ਸੁਨਾਮ ਦੇ ਖੇਤਰਾਂ ਵਿੱਚ ਵਸਾਇਆ ਗਿਆ ਸੀ, ਇਹ ਸਾਰੀ ਅਬਾਦੀ ਲਗ-ਪਗ ਹਿੰਦੂ ਸੀ। ਰਾਜਪੁਰਾ ਵਿੱਚ ਇਹਨਾਂ ਨੂੰ ਵਸਾਉਣ ਵਿੱਚ ਅਹਿਮ ਯੋਗਦਾਨ ਬੀਬੀ 'ਅਮਤੁਸ ਸਲਾਮ' ਦਾ ਸੀ। ਇਸ ਬੀਬੀ ਦੀਆਂ ਕੋਸ਼ਿਸ਼ਾਂ ਸਦਕਾ ਸੰਤਾਲੀ ਤੋਂ ਬਾਅਦ ਵੀ ਬਹਾਵਲਪੁਰ ਵਿੱਚ ਰਹਿ ਗਏ ਗ਼ੈਰ-ਮੁਸਲਿਮ ਲੋਕਾਂ ਨੂੰ ਉੱਥੋਂ ਲਿਆਕੇ ਰਾਜਪੁਰੇ ਵਸਾਇਆ ਗਿਆ। ਰਾਜਪੁਰਾ ਟਾਊਨ ਨੂੰ ਅੱਜ-ਕੱਲ੍ਹ ਬਹਾਵਲਪੁਰੀਆਂ ਦਾ ਗੜ੍ਹ ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਅੱਜ ਵੀ ਚੰਗਾ ਬਹਾਵਲਪੁਰੀ ਸੱਭਿਆਚਾਰ ਕਾਇਮ ਹੈ। ਬਹਾਵਲਪੁਰੀਆਂ ਦੀਆਂ ਪਹਿਲੀਆਂ ਪੀੜ੍ਹੀਆਂ ਨੇ ਵੀ ਆਪਣੀ ਬੋਲੀ ਤੇ ਵਿਰਾਸਤ ਨੂੰ ਜਿਉਂਦਾ ਰੱਖਿਆ। ਇਹਨਾਂ ਦੀਆਂ ਹੁਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਵੱਡੀ ਗਿਣਤੀ ਲੋਕ ਆਪਣੀ ਬਹਾਵਲਪੁਰੀ ਉਪ-ਬੋਲੀ ਬੋਲਦੇ ਹਨ। ਬੋਲੀ ਤੇ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਬਹਾਵਲਪੁਰੀਆਂ ਨੇ 'ਭਾਰਤੀ ਬਹਾਵਲਪੁਰੀ ਮਹਾਂਸੰਘ' ਤੇ ਹੋਰ ਵੀ ਸੰਸਥਾਵਾਂ ਕਾਇਮ ਕੀਤੀਆਂ ਜੋ ਸਮੇਂ ਸਮੇਂ ਤੇ ਇਹਨਾਂ ਨੂੰ ਇਕੱਠਿਆਂ ਕਰਦੇ ਹਨ। ਬਹਾਵਲਪੁਰੀਆਂ ਦੀ ਕੋਸ਼ਿਸ਼ ਸਦਕਾ ਸਾਲ 2018 ਵਿੱਚ 'ਯੂ ਟਿਊਬ' ਤੇ ਇੱਕ ਬਹਾਵਲਪੁਰੀ ਚੈਨਲ ਵੀ ਸ਼ੁਰੂ ਕੀਤਾ ਗਿਆ ਹੈ। ਬੀਕਾਨੇਰ ਰਿਆਸਤ ਦੇ ਨਾਲ ਲੱਗਦੇ ਖੇਤਰਾਂ ਵਿੱਚ ਪਹੁੰਚਣ ਵਾਲੇ ਬਹਾਵਲਪੁਰੀਏ ਬਾਅਦ ਵਿੱਚ ਉੱਥੇ ਹੀ ਵੱਸ ਗਏ। ਕੁਝ ਛੋਟੇ ਸਮੂਹਾਂ ਵਿੱਚ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਚਲੇ ਗਏ। ਜਿੱਥੇ ਉਹਨਾਂ ਦੀ ਬੋਲੀ ਤੇ ਸੱਭਿਆਚਾਰ ਲਗ-ਪਗ ਹੁਣ ਖ਼ਤਮ ਹੀ ਹੈ।

ਪੰਜਾਬੀ ਬੋਲਦੇ ਇਲਾਕਿਆਂ ਵਿੱਚ ਪੱਛਮੀ ਪੰਜਾਬ ਤੋਂ ਆਕੇ ਵੱਸੇ ਪੰਜਾਬੀਆਂ ਦੀ ਬੋਲੀ ਤੇ ਸੱਭਿਆਚਾਰ ਹਜੇ ਕਾਇਮ ਹੈ ਪਰ ਉੱਥੇ ਜਿੱਥੇ ਇਹ ਬਹੁਗਿਣਤੀ ਵਿੱਚ ਵੱਸੇ ਅਤੇ ਜਿੱਥੇ ਇਹਨਾਂ ਦੀ ਗਿਣਤੀ ਸਥਾਨਕ ਲੋਕਾਂ ਵਿੱਚ ਥੋੜ੍ਹੀ ਸੀ ਉੱਥੇ ਬਹੁਤ ਜਿਆਦਾ ਪ੍ਰਭਾਵ ਪਿਆ। ਗ਼ੈਰ ਪੰਜਾਬੀ ਬੋਲਣ ਵਾਲੇ ਇਲਾਕਿਆਂ ਵਿੱਚ ਵਸੇ ਪੱਛਮੀ ਪੰਜਾਬੀਆਂ ਦਾ ਜਿੱਥੇ ਵੰਡ ਵੇਲੇ ਜਾਨੀ ਮਾਲੀ ਨੁਕਸਾਨ ਤਾਂ ਹੋਇਆ ਹੀ ਉੱਥੇ ਹੀ ਬਾਅਦ ਵਿੱਚ ਸੱਭਿਆਚਾਰਕ ਨੁਕਸਾਨ ਵੀ ਹੋਇਆ। 1966 ਵਿੱਚ ਜਦੋਂ ਬੋਲੀ ਦੇ ਅਧਾਰ ਤੇ ਹਰਿਆਣਾ ਰਾਜ ਪੰਜਾਬ ਨਾਲ਼ੋਂ ਵੱਖ ਕਰ ਦਿੱਤਾ ਉੱਥੇ ਹੀ ਕਈ ਪੰਜਾਬੀ ਬੋਲਦੇ ਇਲਾਕੇ ਵੀ ਇਸ ਵਿੱਚ ਚਲੇ ਗਏ। ਇੱਥੇ ਵੱਸਣ ਵਾਲੇ ਮੂਲ ਤੇ ਸ਼ਰਨਾਰਥੀ ਪੰਜਾਬੀਆਂ ਦੇ ਬੱਚੇ ਪੰਜਾਬੀ ਦੀ ਪੜ੍ਹਾਈ ਤੋਂ ਵਾਂਝੇ ਹੋ ਗਏ। ਨਤੀਜਾ ਇਹ ਹੋਇਆ ਕਿ ਇੱਥੋਂ ਦੇ ਪੰਜਾਬੀ ਬੱਚੇ ਹੁਣ ਸ਼ੁੱਧ ਪੰਜਾਬੀ ਲਿਖ ਪੜ੍ਹ ਨਹੀਂ ਸਕਦੇ। ਸੋਸ਼ਲ ਮੀਡੀਆ  ਦੇ ਦੌਰ ਵਿੱਚ ਹਰਿਆਣਾ ਵਿੱਚ ਵੱਸਦੇ ਕਈ ਪੰਜਾਬੀ ਦੋਸਤ ਬਣੇ। ਉਹ ਪੰਜਾਬੀ ਲਿਖਣ ਦੀ ਬਹੁਤ ਵਧੀਆ ਕੋਸ਼ਿਸ਼ ਕਰਦੇ ਹਨ ਪਰ ਕਈ ਗਲਤੀਆਂ ਕਰ ਜਾਂਦੇ ਨੇ। ਪਰ ਇਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਉਹਨਾਂ ਨੂੰ ਪਹਿਲੀ ਬੋਲੀ ਵਜੋਂ ਪੰਜਾਬੀ ਨਹੀਂ ਬਲਕਿ ਹਿੰਦੀ ਪੜ੍ਹਾਈ ਜਾਂਦੀ ਹੈ। ਇਹੀ ਹਾਲ ਪੰਜਾਬ ਤੋਂ ਵੱਖ ਹੋਏ ਦੂਜੇ ਸੂਬੇ ਹਿਮਾਚਲ ਪ੍ਰਦੇਸ਼ ਤੇ ਹੋਰ ਰਾਜਾਂ ਵਿੱਚ ਵੱਸਦੇ ਪੰਜਾਬੀਆਂ ਦਾ ਹੈ। ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਕਈ ਸ਼ਹਿਰੀ ਪੰਜਾਬੀ ਮੂਲ ਦੇ ਹਿੰਦੂਆਂ ਨੇ ਵੀ ਕੁਝ ਪੰਜਾਬੀ ਵਿਰੋਧੀ ਅਨਸਰਾਂ ਦੇ ਕਹਿਣ ਤੇ 1961 ਵਿੱਚ ਹੋਈ ਮਰਦਮਸ਼ੁਮਾਰੀ ਵਿੱਚ ਆਪਣੀ ਪਹਿਲੀ ਮਾਂ-ਬੋਲੀ ਹਿੰਦੀ ਦਰਜ ਕਰਵਾਈ।

ਭਾਰਤ ਵਿੱਚ ਸ਼ਹਿਰੀ ਲਾਹੌਰੀ ਸੱਭਿਆਚਾਰ ਦਾ ਪਤਨ
ਸਦੀਆਂ ਤੋਂ ਪੰਜਾਬ ਦੀ ਰਾਜਧਾਨੀ ਤੇ ਸੱਭਿਆਚਾਰਕ ਕੇਂਦਰ ਰਿਹਾ ‘ਲਾਹੌਰ’ ਵੀ ਸਾਡੇ ਤੋਂ ਵੱਖ ਹੋ ਗਿਆ। ਪੰਜਾਬ ਦੀ ਵੰਡ ਵੇਲੇ ਇਹ ਪਾਕਿਸਤਾਨ ਦੇ ਹਿੱਸੇ ਆਇਆ ਤਾਂ ਸ਼ਹਿਰ ਦੀ ਹਿੰਦੂ ਸਿੱਖ ਅਬਾਦੀ ਵੀ ਭਾਰਤ ਆ ਗਈ। ਸਭ ਤੋਂ ਪਹਿਲਾਂ ਇਹ ਸ਼ਹਿਰੀ ਲਾਹੌਰੀਏ ਹਿੰਦੂ ਸਿੱਖ ਅੰਮ੍ਰਿਤਸਰ ਪਹੁੰਚੇ। ਪਰ ਜੁਲਾਈ ਅਗਸਤ ਦੌਰਾਨ ਤਾਂ ਇਹਨਾਂ ਦੀ ਆਮਦ ਹੜ੍ਹ ਵਾਂਗ ਹੋਈ। ਕਈ ਕਾਰਣਾਂ ਕਰਕੇ ਇਹ ਸਾਰੇ ਅੰਮ੍ਰਿਤਸਰ ਵਿੱਚ ਵੱਸਣਾ ਚਾਹੁੰਦੇ ਸਨ। ਪਰ ਲਾਹੌਰ ਦੇ ਮੁਕਾਬਲੇ ਅੰਮ੍ਰਿਤਸਰ ਛੋਟਾ ਸ਼ਹਿਰ ਸੀ। ਭਾਂਵੇ ਇੱਥੋਂ ਦੋ ਲੱਖ ਮੁਸਲਮਾਨ ਪਾਕਿਸਤਾਨ ਚਲੇ ਗਏ ਸਨ ਪਰ ਆਰਥਿਕ ਤੇ ਰਹਿਣ ਸਹਿਣ ਪੱਖੋਂ ਉਹ ਅਮੀਰ ਅਤੇ ਤਹਿਜ਼ੀਬ ਯਾਫਤਾ ਲਾਹੌਰੀ ਹਿੰਦੂ ਸਿੱਖਾਂ ਤੋਂ ਕਿਤੇ ਪਿੱਛੇ ਸਨ। ਇਸ ਕਰਕੇ 3,00,000 ਤੋਂ 3,50,000 ਵਿੱਚੋਂ ਸਿਰਫ 50,000 ਲਾਹੌਰੀ ਸ਼ਹਿਰੀਏ ਅੰਮ੍ਰਿਤਸਰ ਵਿੱਚ ਵਸਾਏ ਜਾ ਸਕੇ। ਕੁਝ ਸੈਂਕੜਿਆ ਵਿੱਚ ਸ਼ਹਿਰੀ ਲਾਹੌਰੀਏ ਪੰਜਾਬੀ ਬੋਲਦੇ ਸ਼ਹਿਰਾਂ (ਲੁਧਿਆਣਾ, ਜਲੰਧਰ, ਬਟਾਲਾ, ਕਪੂਰਥਲਾ, ਹੁਸ਼ਿਆਰਪੁਰ ਤੇ ਅੰਬਾਲਾ ਸ਼ਹਿਰਾਂ) ਵਿੱਚ ਅਤੇ ਕੁਝ ਗ਼ੈਰ ਪੰਜਾਬੀ ਬੋਲਦੇ ਸ਼ਹਿਰਾਂ (ਕਰਨਾਲ ਤੇ ਪਾਣੀਪਤ) ਵਿੱਚ ਵਸਾਏ ਗਏ ਜਿੱਥੇ ਸਥਾਨਕ ਉਪ ਬੋਲੀਆਂ ਤੇ ਪ੍ਰਭਾਵ ਹੇਠ ਇਹ ਆਪਣੀ ਲਾਹੌਰੀ ਬੋਲੀ ਤੇ ਸੱਭਿਆਚਾਰ ਤੋਂ ਹੌਲੀ ਹੌਲੀ ਦੂਰ ਹੋ ਗਏ ਕਿਉਂਕਿ ਸਥਾਨਕ ਲੋਕਾਂ ਵਿੱਚ ਇਹ ਆਟੇ ਵਿੱਚ ਲੂਣ ਬਰਾਬਰ ਸਨ। ਪਰ ਹਜੇ ਵੀ ਸ਼ਹਿਰੀ ਲਾਹੌਰੀਏ ਵੱਡੀ ਗਿਣਤੀ ਵਿੱਚ ਵੱਖ ਵੱਖ ਸ਼ਰਨਾਰਥੀ ਕੈਂਪਾਂ ਵਿੱਚ ਬੈਠੇ ਸਨ। ਮੁੜ ਵਸੇਬਾ ਅਧਿਕਾਰੀਆਂ ਦੇ ਕੋਲ ਇਹਨਾਂ ਸ਼ਹਿਰੀ ਲਾਹੌਰੀਆਂ ਨੂੰ ਹੁਣ ਪੰਜਾਬ ਤੋਂ ਬਾਹਰ ਵਸਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਜਿਸਦੀ ਪਹਿਲੀ ਵਜ੍ਹਾ ਇਹ ਸੀ ਕਿ ਲਾਹੌਰ ਦੇ ਮੁਕਾਬਲੇ ਦਾ ਕੋਈ ਵੀ ਵੱਡਾ ਤੇ ਵਿਕਸਿਤ ਸ਼ਹਿਰ ਪੂਰਬੀ ਪੰਜਾਬ ਵਿੱਚ ਨਹੀਂ ਸੀ। ਨਾ ਹੀ ਪੂਰਬੀ ਪੰਜਾਬ ਵਿੱਚ ਐਨੇ ਵੱਡੇ ਪੱਧਰ ਦੇ ਕਾਰੋਬਾਰ ਤੇ ਜਾਇਦਾਦਾਂ ਸਨ ਜਿੰਨੀਆਂ ਇਹ ਪਾਕਿਸਤਾਨ ਵਿੱਚ ਛੱਡ ਕੇ ਆਏ ਸਨ।

ਉੱਤਰ ਪ੍ਰਦੇਸ਼ ਦੇ ਲਖਨਊ, ਕਾਨਪੁਰ, ਮੇਰਠ, ਗਾਜ਼ੀਆਬਾਦ, ਆਗਰਾ, ਬਨਾਰਸ ਅਤੇ ਸਹਾਰਨਪੁਰ ਸ਼ਹਿਰਾਂ ਵਿੱਚੋਂ ਕਈ ਅਮੀਰ ਮੁਸਲਮਾਨ ਪਾਕਿਸਤਾਨ ਚਲੇ ਗਏ ਸਨ। ਇਸੇ ਤਰ੍ਹਾਂ ਰਾਜਸਥਾਨ ਦੇ ਜੈਪੁਰ, ਬੰਗਾਲ ਦੇ ਕੱਲਕੱਤਾ ਤੇ ਮੱਧ ਭਾਰਤ ਦੇ ਭੋਪਾਲ ਤੇ ਇੰਦੌਰ ਸ਼ਹਿਰਾਂ ਵਿੱਚੋਂ ਆਰਥਿਕ ਪੱਖੋਂ ਚੰਗੇ ਕੁਝ ਮੁਸਲਮਾਨ ਪਰਿਵਾਰ ਪਾਕਿਸਤਾਨ ਚਲੇ ਗਏ ਸਨ। ਇਹਨਾਂ ਮੁਸਲਮਾਨਾਂ ਦੇ ਖਾਲ਼ੀ ਛੱਡੇ ਘਰਾਂ ਤੇ ਕਾਰੋਬਾਰਾਂ ਵਿੱਚ ਹੋਰ ਪੰਜਾਹ ਹਜ਼ਾਰ ਸ਼ਹਿਰੀ ਲਾਹੌਰੀਏ ਵਸਾਏ ਗਏ। ਲਾਹੌਰ ਵਿੱਚ ਪਿਛਲੇ ਕੁਝ ਸਾਲਾਂ ਤੋਂ ਫ਼ਿਲਮਾਂ, ਗੀਤ ਸੰਗੀਤ, ਨਿਰਦੇਸ਼ਨ ਅਤੇ ਅਦਾਕਾਰੀ ਨਾਲ ਜੁੜੀਆਂ ਨਾਮੀ ਹਸਤੀਆਂ ਬੰਬਈ ਚਲੀਆਂ ਗਈਆਂ। ਇਹਨਾ ਵਿੱਚੋਂ ਕੁਝ ਹਸਤੀਆਂ ਦੇ ਕਈ ਲਾਹੌਰੀਏ ਰਿਸ਼ਤੇਦਾਰ ਵੀ ਇਹਨਾਂ ਨਾਲ ਬੰਬਈ ਆ ਵੱਸੇ। ਇਹਨਾਂ ਸ਼ਹਿਰਾਂ ਵਿੱਚ ਪਹਿਲੀਆਂ ਪੀੜ੍ਹੀਆਂ ਆਪਣੇ ਲਾਹੌਰੀ ਸੱਭਿਆਚਾਰ ਤੇ ਬੋਲੀ ਨਾਲ ਜੁੜੀਆਂ ਰਹੀਆਂ। ਪਰ ਬਾਅਦ ਵਾਲ਼ੀਆਂ ਨਵੀਂਆਂ ਪੀੜ੍ਹੀਆਂ ਸਥਾਨਕ ਸੱਭਿਆਚਾਰਾਂ ਦੇ ਪ੍ਰਭਾਵ ਹੇਠ ਜੰਮੀਆਂ-ਪਲੀਆਂ ਤੇ ਵੱਡੀਆਂ ਹੋਈਆਂ। ਇਸ ਤਰ੍ਹਾਂ ਇਹ ਹੌਲੀ ਹੌਲੀ ਆਪਣੇ ਮੂਲ ਸੱਭਿਆਚਾਰ ਤੇ ਬੋਲੀ ਤੋਂ ਦੂਰ ਹੋ ਗਈਆਂ। ਅੱਜ ਇਹਨਾਂ ਦੇ ਘਰਾਂ-ਪਰਿਵਾਰਾਂ ਵਿੱਚ ਪੰਜਾਬੀ ਨਹੀਂ ਬੋਲੀ ਜਾਂਦੀ।

ਸਭ ਤੋਂ ਵੱਧ ਸ਼ਹਿਰੀ ਲਾਹੌਰੀਏ (1,50,000 ਤੋਂ ਵੀ ਜਿਆਦਾ) ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵਸਾਏ ਗਏ। ਦਿੱਲੀ ਤੋਂ ਬਹੁਤ ਘੱਟ ਮੁਸਲਮਾਨ ਪਾਕਿਸਤਾਨ ਗਏ ਸਨ ਜਿਸ ਕਰਕੇ ਇੱਥੇ ਵੀ ਇਹਨਾਂ ਲਾਹੌਰੀਆਂ ਲਈ ਕੋਈ ਬਹੁਤੀ ਜਗ੍ਹਾ ਖਾਲ਼ੀ ਨਹੀਂ ਸੀ ਬਚੀ। ਦਿੱਲੀ ਵਿੱਚ ਇਹਨਾਂ ਨੂੰ ਵਸਾਉਣ ਲਈ ਕਰੋਲ ਬਾਗ, ਪਟੇਲ ਨਗਰ, ਵਿਨੈ ਨਗਰ, ਰਾਜੌਰੀ ਗਾਰਡਨ, ਪੰਜਾਬੀ ਬਾਗ, ਅਤੇ ਲਾਜਪਤ ਨਗਰ ਵਰਗੀਆਂ ਨਵੀਆਂ ਕਲੋਨੀਆਂ ਬਣਾਈਆਂ ਗਈਆਂ। ਦਿੱਲੀ, ਹਿੰਦੀ ਉਰਦੂ ਬੋਲਣ ਵਾਲਾ ਸ਼ਹਿਰ ਸੀ ਜਿਸ ਕਰਕੇ ਇੱਥੇ ਵੱਸੇ ਲਾਹੌਰੀਆਂ ਨੂੰ ਵੀ ਇਸ ਸੱਭਿਆਚਾਰਕ ਫੇਰਬਦਲ ਦਾ ਸਾਹਮਣਾ ਕਰਨਾ ਪਿਆ। ਇਸਦੇ ਬਾਵਜੂਦ ਵੀ ਇਸ ਬਿਗਾਨੇ ਸ਼ਹਿਰ ਵਿੱਚ ਪਹਿਲੀਆਂ ਪੀੜ੍ਹੀਆਂ ਨੇ ਆਪਣੀ ਬੋਲੀ ਤੇ ਆਪਣਾ ਸੱਭਿਆਚਾਰ ਕਾਇਮ ਰੱਖਿਆਂ।

1951 ਦੀ ਮਰਦਮਸ਼ੁਮਾਰੀ ਅਨੁਸਾਰ ਦਿੱਲੀ ਦੀ ਤਕਰੀਬਨ ਇੱਕ ਮਿਲੀਅਨ ਅਬਾਦੀ ਵਿੱਚੋਂ ਲਗ-ਪਗ ਅੱਧੀ ਮਿਲੀਅਨ ਅਬਾਦੀ ਪੰਜਾਬੀ ਬੋਲਣ ਵਾਲ਼ਿਆਂ ਦੀ ਹੋ ਗਈ ਸੀ। ਪਰ ਅਗਲੇ ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਭਾਰਤ ਦੇ ਯੂ.ਪੀ ਤੇ ਹੋਰਨਾਂ ਰਾਜਾਂ ਤੋਂ ਆ ਕੇ ਦਿੱਲੀ ਵਿੱਚ ਵੱਸਣੇ ਸ਼ੁਰੂ ਹੋ ਗਏ। ਜਿਸ ਕਰਕੇ ਹੌਲੀ ਹੌਲੀ ਪੰਜਾਬੀ ਬੋਲਣ ਵਾਲੇ ਘੱਟਦੇ ਗਏ। ਪੁਰਾਣੀ ਪੀੜ੍ਹੀ ਹੌਲੀ ਹੌਲੀ ਖਤਮ ਹੁੰਦੀ ਗਈ ਤੇ ਨੌਜਵਾਨ ਪੀੜ੍ਹੀ ਹਿੰਦੀ ਦੇ ਅਸਰ ਹੇਠ ਵੱਡੀ ਹੋਈ ਅਤੇ ਪੰਜਾਬੀ ਤੋਂ ਅਣਜਾਣ ਹੋਣਾ ਸ਼ੁਰੂ ਹੋ ਗਈ। ਭਾਂਵੇ ਅੱਜ ਦਿੱਲੀ ਦੇ ਪਟੇਲ ਨਗਰ, ਵਿਨੈ ਨਗਰ, ਕਰੋਲ ਬਾਗ਼, ਰਜੌਰੀ ਗਾਰਡਨ, ਪੰਜਾਬੀ ਬਾਗ਼ ਤੇ ਲਾਜਪਤ ਨਗਰ ਪੰਜਾਬੀ ਬੋਲਦੀਆਂ ਬਸਤੀਆਂ ਹਨ ਪਰ ਇਹ ਪੰਜਾਬੀ ਪਹਿਲਾਂ ਨਾਲ਼ੋਂ ਕਾਫ਼ੀ ਬਦਲ ਚੁੱਕੀ ਹੈ ਜਿਸ ਵਿੱਚ ਹਿੰਦੀ ਦਾ ਕਾਫ਼ੀ ਰਲੇਵਾਂ ਹੋ ਚੁੱਕਾ ਹੈ। ਦਿੱਲੀ ਵਿੱਚ ਹੁਣ ਲਾਹੌਰੀਆਂ ਦੇ ਬੱਚੇ ਪੰਜਾਬੀ ਸਮਝਦੇ ਤਾਂ ਜ਼ਰੂਰ ਹਨ ਪਰ ਬੋਲਦੇ ਬਹੁਤ ਘੱਟ ਹਨ ਤੇ ਕਈ ਤਾਂ ਪੰਜਾਬੀ ਬੋਲਦੇ ਹੀ ਨਹੀਂ।

ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਦੱਸਦਾ ਹੁੰਦਾ ਸੀ ਕਿ ਉਹ ਖ਼ਰੀਦਾਰੀ ਤੇ ਗੱਲਾਂ ਬਾਤਾਂ ਕਰਨ ਲਈ ਅਕਸਰ ਦਿੱਲੀ ਦੀ ਖਾਨ ਮਾਰਕਿਟ ਜਾਂਦਾ ਸੀ ਜਿੱਥੋਂ ਦੇ ਜਿਆਦਾਤਾਰ ਦੁਕਾਨਦਾਰ ਲਾਹੌਰ ਤੋਂ ਆਏ ਸਨ। ਕਈਆਂ ਨੂੰ ਉਹ ਵੰਡ ਤੋਂ ਪਹਿਲਾਂ ਦਾ ਹੀ ਜਾਣਦਾ ਸੀ। ਉਹ ਸਾਰੇ ਪੰਜਾਬੀ ਬੋਲਦੇ ਸਨ। ਪਰ ਸਮੇਂ ਦੇ ਨਾਲ ਨਾਲ ਪਹਿਲੀ ਪੀੜ੍ਹੀ ਬਹੁਤੀ ਮਰ ਗਈ ਤੇ ਅਗਲੀਆਂ ਪੀੜ੍ਹੀਆਂ ਹੁਣ ਉਹ ਲਾਹੌਰੀ ਪੰਜਾਬੀ ਨਹੀਂ ਬੋਲਦੀਆਂ। ਹੁਣ ਵੀ ਦਿੱਲੀ ਦੀ ਆਬਾਦੀ ਦਾ ਵੱਡਾ ਹਿੱਸਾ ਪੰਜਾਬੀ ਮੂਲ ਦੇ ਲੋਕਾਂ ਦਾ ਹੈ, ਪਰ ਬਹੁਤ ਸਾਰੇ ਪੰਜਾਬੀ ਸ਼ਰਨਾਰਥੀਆਂ ਦੇ ਵੰਸ਼ਜ ਜੋ ਵੰਡ ਤੋਂ ਬਾਅਦ ਦਿੱਲੀ ਆਏ ਸਨ ਉਹ ਹੁਣ ਪਹਿਲੀ ਬੋਲੀ ਵਜੋਂ ਹਿੰਦੀ ਬੋਲਦੇ ਹਨ। ਇਸ ਤਰ੍ਹਾਂ ਭਾਰਤ ਦੇ ਇਹਨਾਂ ਗੈਰ ਪੰਜਾਬੀ ਬੋਲਦੇ ਸ਼ਹਿਰਾਂ ਵਿੱਚ ਲਾਹੌਰੀਆਂ ਦੀਆਂ ਨਵੀਆਂ ਪੀੜ੍ਹੀਆਂ ਆਪਣਾ ਅਮੀਰ ਤੇ ਸੁਧਰਿਆ ਸ਼ਹਿਰੀ ਲਾਹੌਰੀ ਸੱਭਿਆਚਾਰ ਤੇ ਮਿਆਰੀ ਲਾਹੌਰੀ ਪੰਜਾਬੀ ਬੋਲੀ ਬਚਾਉਣ ਵਿੱਚ ਅਸਫ਼ਲ ਰਹੀਆਂ।

ਲਾਹੌਰੀ ਸ਼ਹਿਰੀਆਂ ਤੋਂ ਬਿਨ੍ਹਾਂ ਪੱਛਮੀ ਪੰਜਾਬ ਦੇ ਹੋਰ ਵੀ ਜ਼ਿਲ੍ਹਿਆਂ ਤੋਂ ਆਏ ਕਈ ਹਿੰਦੂ ਸਿੱਖ ਪੰਜਾਬੀ ਸ਼ਰਨਾਰਥੀ ਦਿੱਲੀ ਸਮੇਤ ਭਾਰਤ ਦੇ ਹੋਰ ਸੂਬਿਆਂ ਦੇ ਸ਼ਹਿਰਾਂ ਤੇ ਦੂਰ ਦਰਾਜ਼ ਦੀਆਂ ਥਾਂਵਾਂ ਤੇ ਛੋਟੇ ਛੋਟੇ ਸਮੂਹਾਂ ਵਿੱਚ ਵਸਾਏ ਗਏ ਸਨ। ਉਹਨਾਂ ਦੀਆਂ ਅਜੋਕੀਆਂ ਪੀੜ੍ਹੀਆਂ ਵੀ ਸਥਾਨਕ ਬੋਲੀਆਂ ਤੇ ਸੱਭਿਆਚਾਰਾਂ ਦੇ ਪ੍ਰਭਾਵ ਹੇਠ ਵੱਡੀਆਂ ਹੋਈਆਂ। ਇਸ ਤਰ੍ਹਾਂ ਉਹ ਵੀ ਆਪਣੀ ਬੋਲੀ ਤੇ ਸੱਭਿਆਚਾਰ ਤੋਂ ਦੂਰ ਹੋ ਗਈਆਂ।

ਅੱਜ ਦੇ ਭਾਰਤੀ ਪੰਜਾਬ ਵਿੱਚ ਜਿੱਥੇ ਬਹਾਵਲਪੁਰੀਆਂ ਦੀਆਂ ਕੋਸ਼ਿਸ਼ਾਂ ਸਦਕਾ ਬਹਾਵਲਪੁਰੀ ਰਾਜਪੁਰਾ ਤੇ ਪਟਿਆਲਾ ਵਿੱਚ ਜਿਉਂਦੀ ਹੈ, ਪੇਂਡੂ ਲਾਹੌਰੀਆਂ ਤੇ ਸਿਆਲਕੋਟੀਆਂ ਨੇ ਆਪਣੀ ਬੋਲੀ ਤੇ ਸੱਭਿਆਚਾਰ ਬਚਾਕੇ ਰੱਖਿਆ ਹੋਇਆ ਹੈ, ਉੱਥੇ ਹੀ ਪੋਠੋਹਾਰੀ, ਬਲੋਚੀ, ਹਿੰਦਕੋ, ਸਰਾਇਕੀ ਤੇ ਪੱਛਮੀ ਪੰਜਾਬ ਦੀਆਂ ਹੋਰ ਉਪ ਬੋਲੀਆਂ ਖਤਮ ਹੋ ਰਹੀਆਂ ਹਨ। ਪਰ ਪਾਕਿਸਤਾਨ ਵਿੱਚ ਇਹ ਹਜੇ ਵੀ ਆਪਣੇ ਆਪਣੇ ਖੇਤਰਾਂ ਵਿੱਚ ਆਮ ਬੋਲੀਆਂ ਜਾਂਦੀਆਂ ਹਨ। ਅਮੀਰ, ਵਿਕਸਿਤ ਅਤੇ ਸੁਧਰਿਆ ਹੋਇਆ ਸ਼ਹਿਰੀ ਲਾਹੌਰੀ ਸੱਭਿਆਚਾਰ ਲਗ-ਪਗ ਖਤਮ ਹੋ ਚੁੱਕਾ ਹੈ। ਪੱਛਮੀ ਪੰਜਾਬ ਤੋਂ ਉੱਜੜ ਕੇ ਆਏ ਪੰਜਾਬੀਆਂ ਨੇ ਹੁਣ ਦੇ ਚੜ੍ਹਦੇ ਪੰਜਾਬ ਵਿੱਚ ਅਤੇ ਇਸਤੋਂ ਬਾਹਰ ਸਮਾਂ ਪਾ ਕੇ ਮੁੜ ਆਪਣੇ ਕਾਰੋਬਾਰ ਜਮ੍ਹਾ ਲਏ, ਸਖ਼ਤ ਮਿਹਨਤ ਨਾਲ ਬੇ-ਅਬਾਦ ਜ਼ਮੀਨਾਂ ਅਬਾਦ ਕਰ ਲਈਆਂ ਪਰ ਉਹਨਾਂ ਦੀਆਂ ਨਵੀਂਆਂ ਪੀੜ੍ਹੀਆਂ ਦੇ ਬਹੁਤੇ ਬੱਚੇ ਆਪਣੇ ਮੂਲ ਸੱਭਿਆਚਾਰ ਤੇ ਬੋਲੀ ਦਾ ਉਹ ਪੁਰਾਣਾ ਮਿਆਰ ਕਾਇਮ ਨਹੀਂ ਰੱਖ ਸਕੇ।

.......(ਸਮਾਪਤ)

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਇਤਿਹਾਸਕ ਤੱਥ: ਪਿੰਡ ਕਿਸ਼ਨਗੜ੍ਹ ਦੇ ਮੁਜ਼ਾਰਾ ਲਹਿਰ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ

    • ਸੱਤ ਪ੍ਰਕਾਸ਼ ਸਿੰਗਲਾ
    Nonfiction
    • History

    Khalistan: How the Dream was shattered in 1947? - Part 6

    • Hardev Singh Virk
    Nonfiction
    • History
    • +1

    ਲੂਣਾ ਦਾ ਪਿੰਡ: ਚਮਿਆਰੀ

    • ਜਤਿੰਦਰ ਸਿੰਘ ਔਲ਼ਖ
    Nonfiction
    • History

    ਚਾਬੀਆਂ ਦਾ ਮੋਰਚਾ

    • ਜਗਜੀਤ ਸਿੰਘ ਗਣੇਸ਼ਪੁਰ
    Nonfiction
    • History

    ਸਾਕਾ ਸਰਹਿੰਦ ਤੇ ਮਾਲੇਰਕੋਟਲਾ ਰਿਆਸਤ

      Nonfiction
      • History
      • +1

      ਗਰਜੇ ਸੀ ਜਦੋਂ ਦੁਆਬੇ ਦੇ ਬੱਬਰ

      • ਮਨਮੋਹਨ ਸਿੰਘ ਖੇਲਾ
      Nonfiction
      • History

      ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

      Popular Links
      • Punjabi Magazine
      • Popular Places
      • Local Events
      • Punjabi Businesses
      • Twitter
      • Facebook
      • Instagram
      • YouTube
      • About
      • Privacy
      • Cookie Policy
      • Terms of Use

      ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

      Cart

      • Facebook
      • Twitter
      • WhatsApp
      • Telegram
      • Pinterest
      • LinkedIn
      • Tumblr
      • VKontakte
      • Mail
      • Copy link