ਸਤਿਗੁਰੂ ਨਾਨਕ ਦੇਵ ਜੀ ਕਿਸ ਮਹੀਨੇ ਪ੍ਰਗਟ ਹੋਏ? ਕੱਤਕ ਕਿ ਵੈਸਾਖ ਵਿੱਚ? ਇਸਦਾ ਨਿਰਣਾ ਕੋਈ ਔਖੀ ਗੱਲ ਨਹੀਂ। ਇਸ ਵੇਲੇ ਤੀਕ ਜਿੰਨੀਆਂ ਪੁਰਾਣੀਆਂ ਲਿਖਤਾਂ ਮਿਲਦੀਆਂ ਹਨ, ਉਹਨਾਂ ਸਾਰੀਆਂ ਤੋਂ ਇਹੀ ਸਿੱਧ ਹੁੰਦਾ ਹੈ ਕਿ ਸਤਿਗੁਰੂ ਜੀ ਵਸਾਖ ਸੁਦੀ ਤਿੰਨ ਨੂੰ ਪ੍ਰਗਟ ਹੋਏ, ਪਰ ਇਹਨਾਂ ਦੇ ਉਲਟ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਪ੍ਰਗਟ ਹੋਣ ਦੀ ਤਾਰੀਖ ਕੱਤਕ ਪੂਰਨਮਾਸ਼ੀ ਮੰਨੀ ਹੈ। ਵੇਖਣਾ ਹੁਣ ਇਹ ਹੈ ਕਿ ਕਿਹੜੀ ਤਾਰੀਖ ਸ਼ੁੱਧ ਹੈ ਅਤੇ ਕਿਹੜੀ ਅਸ਼ੁੱਧ ਹੈ?
ਸੱਭ ਤੋਂ ਪੁਰਾਣੀ ਲਿਖਤ ਉਹ ਜਨਮ ਸਾਖੀ ਹੈ ਜੋ ਛੇਵੀਂ ਪਾਤਸ਼ਾਹੀ ਜੀ ਦੇ ਸਮੇਂ ਤੋਂ ਪਹਿਲਾਂ ਦੀ ਲਿਖੀ ਹੋਈ ਪ੍ਰਤੀਤ ਹੁੰਦੀ ਹੈ। ਇੱਕ ਪੋਥੀ ਜੋ ਛੇਵੀਂ ਪਾਤਸ਼ਾਹੀ ਜੀ ਦੇ ਸਮੇਂ ਲਿਖੀ ਗਈ ਸੀ, ਮੈਂ ਵੇਖੀ ਹੈ। ਇਹ ਪੋਥੀ ਕਿਸੇ ਪੁਰਾਤਨ ਪੋਥੀ ਦਾ ਉਤਾਰਾ ਸੀ, ਜੋ ਸ਼ਾਇਦ ਪੰਚਮ ਪਾਤਸ਼ਾਹ ਜੀ ਦੇ ਸਮੇਂ ਵਿੱਚ ਲਿਖੀ ਗਈ ਹੋਵੇ। ਪੁਰਾਣੀਆਂ ਜਨਮ ਸਾਖੀਆਂ ਜੋ ਮੈਂ ਵੇਖੀਆਂ ਹਨ, ਉਹ ਸਾਰੀਆਂ ਉਸ ਜਨਮ ਸਾਖੀ ਦੇ ਉਤਾਰੇ ਹਨ, ਜੋ ਪੰਚਮ ਪਾਤਸਾਹ ਜੀ ਦੇ ਸਮੇਂ ਲਿਖੀ ਗਈ ਸੀ। ਇਸ ਜਨਮ ਸਾਖੀ ਵਿੱਚ ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵੈਸਾਖ ਸੁਦੀ ਤਿੰਨ ਦਿੱਤੀ ਹੈ।
ਇਸ ਪੁਰਾਣੀ ਲਿਖਤ ਤੋਂ ਉਤਰ ਕੇ ਦੂਜੀ ਪੁਰਾਣੀ ਲਿਖਤ ਜੋ ਮੈਂ ਵੇਖੀ ਹੈ, ਉਹ ਬਾਬਾ ਮਿਹਰਵਾਨ ਜੀ ਦੀ ਲਿਖੀ ਪੋਥੀ ਹੈ। ਬਾਬਾ ਮਿਹਰਵਾਨ ਜੀ ਪੰਚਮ ਪਾਤਸ਼ਾਹ ਜੀ ਤੇ ਛੇਵੇਂ ਪਾਤਸ਼ਾਹ ਜੀ ਦੇ ਸਮਕਾਲੀ ਸਨ। ਆਪ ਦੀ ਪੋਥੀ ਵਿੱਚ ਵੀ ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵੈਸਾਖ ਸੁਦੀ ਤਿੰਨ ਹੀ ਦਿੱਤੀ ਹੈ।
ਇਸ ਤੋਂ ਬਿਨ੍ਹਾਂ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਵਿੱਚ ਵੀ ਵੈਸਾਖ ਸੁਦੀ ਤਿੰਨ ਹੀ ਹੈ। ਮਹਿਮਾ ਪ੍ਰਕਾਸ਼ ਦਾ ਪਹਿਲਾ ਹਿੱਸਾ ਸੰਮਤ 1826 ਬਿ: ਵਿੱਚ ਲਿਖਿਆ ਗਿਆ ਸੀ, ਉਸ ਹਿੱਸੇ ਵਿੱਚ ਤਾਂ ਵੈਸਾਖ ਸੁਦੀ 3 ਤਾਰੀਖ ਮੰਨੀ ਹੈ, ਪਰ ਪਿੱਛਲਾ ਹਿੱਸਾ ਜੋ ਸੰਮਤ 1856 ਦੇ ਲੱਗ ਭਗ ਲਿਖਿਆ ਗਿਆ ਸੀ, ਉਸ ਵਿੱਚ ਭਾਈ ਬਾਲੇ ਦਾ ਵੀ ਨਾਮ ਆਇਆ। ਇਸ ਤੋਂ ਜਾਪਦਾ ਹੈ ਕਿ ਉਸ ਸਮੇਂ ਭਾਈ ਬਾਲੇ ਵਾਲੀ ਸਾਖੀ ਦਾ ਰਿਵਾਜ਼ ਹੋ ਚੱਲਿਆ ਸੀ।
ਪੁਰਾਣੀਆਂ ਲਿਖਤਾਂ ਮੈਂ ਹੋਰ ਭੀ ਵੇਖੀਆਂ ਸਨ, ਜਿਨ੍ਹਾਂ ਵਿੱਚ ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵੈਸਾਖ ਸੁਦੀ ਤਿੰਨ ਦਿੱਤੀ ਹੈ, ਪਰ ਉਹਨਾਂ ਸਾਰੀਆਂ ਵਿੱਚ ਪੁਰਾਣੀ ਜਨਮ ਸਾਖੀ ਦੀ ਹੀ ਨਕਲ ਕੀਤੀ ਗਈ ਹੈ, ਜੋ ਸਾਖੀ ਪੰਚਮ ਪਾਤਸਾਹ ਜੀ ਦੇ ਸਮੇਂ ਲਿਖੀ ਗਈ ਸੀ।
ਇਹਾਂ ਸੱਭ ਲਿਖਤਾਂ ਦੇ ਉਲਟ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਮੰਨਿਆ ਹੈ ਕਿ ਸਤਿਗੁਰੂ ਜੀ ਕੱਤਕ ਪੂਰਨਮਾਸ਼ੀ ਨੂੰ ਪ੍ਰਗਟ ਹੋਏ। ਜੇਕਰ ਗਹੁ ਨਾਲ ਇਸ ਜਨਮ ਸਾਖੀ ਨੂੰ ਪੜ੍ਹਿਆ ਜਾਵੇ ਤਾਂ ਸਹਿਜੇ ਪਤਾ ਲੱਗ ਜਾਂਦਾ ਹੈ ਕਿ ਇਹ ਜਨਮ ਸਾਖੀ ਕਦੋਂ ਕੁ ਲਿਖੀ ਹੋਵੇਗੀ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦਾਂ ਦੀ ਜੋ ਤਰਤੀਬ ਹੈ, ਉਹ ਪੰਚਮ ਪਾਤਸ਼ਾਹ ਜੀ ਦੀ ਬਣਾਈ ਹੋਈ ਹੈ, ਪਰ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਕਈ ਥਾਈਂ ਉਸੇ ਤਰਤੀਬ ਨਾਲ ਸ਼ਬਦ ਦਿੱਤੇ ਹੋਏ ਹਨ, ਜਿਸ ਤਰਤੀਬ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਹਨ ਅਤੇ ਪਹਿਲੀ ਪਾਤਸ਼ਾਹੀ ਤੋਂ ਬਿਨ੍ਹਾਂ ਦੂਜੀਆਂ ਪਾਤਸ਼ਾਹੀਆਂ ਦੇ ਸ਼ਬਦ ਵੀ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਹਨ। ਮਸੰਦ ਸ਼ਬਦ ਸਿੱਖਾਂ ਵਿੱਚ ਪੰਚਮ ਪਾਤਸ਼ਾਹ ਜੀ ਦੇ ਸਮੇਂ ਤੋਂ ਪ੍ਰਚੱਲਿਤ ਹੋਇਆ ਹੈ, ਪਰ ਇਹ ਸ਼ਬਦ ਵੀ ਇਸ ਜਨਮ ਸਾਖੀ ਵਿੱਚ ਮਿਲਦਾ ਹੈ। ਕਸ਼ਮੀਰ ਵਾਲੀ ਸਾਖੀ ਅੱਖਰੋ-ਅੱਖਰ ਪੁਰਾਤਨ ਜਨਮ ਸਾਖੀ ਦੀ ਨਕਲ ਹੈ ਅਤੇ ਹੋਰ ਵੀ ਐਸੀਆਂ ਕਈ ਗੱਲਾਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਸ੍ਰੀ ਦਸਮੇਸ਼ ਜੀ ਦੇ ਸਮੇਂ ਵਿੱਚ ਹੀ ਲਿਖੀ ਗਈ ਹੋਵੇਗੀ, ਇਸ ਤੋਂ ਪਹਿਲਾਂ ਨਹੀਂ।
ਭਾਈ ਬਾਲੇ ਵਾਲੀ ਜਨਮ ਸਾਖੀ ਜੋ ਅੱਜ ਕਲ੍ਹ ਪਰਚੱਲਤ ਹੈ, ਇਸ ਵਿੱਚ ਤੇ ਅਸਲੀ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਬਹੁੱਤ ਭੇਦ ਹੈ। ਸਿੱਖਾਂ ਨੇ “ਪੁਰਾਤਨ ਜਨਮ ਸਾਖੀ” ਨੂੰ ਤਾਂ ਭੁਲਾ ਦਿੱਤਾ, ਪਰ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਕੱਢ ਕੇ ਬਾਕੀ ਸਾਰੀ ਨੂੰ ਪ੍ਰਵਾਨ ਕਰ ਲਿਆ ਹੈ। ਜੇ ਕਰ ਭਾਈ ਬਾਲੇ ਵਾਲੀ ਅਸਲ ਜਨਮ ਸਾਖੀ ਨੂੰ ਵੇਖਿਆ ਜਾਵੇ ਤਾਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਸਦਾ ਲਿਖਣ ਵਾਲਾ ਕੋਈ ਹੰਦਾਲੀਆ ਹੈ ਅਤੇ ਜੇਕਰ ਬਾਲਾ ਹੰਦਾਲ ਜੀ ਦੇ ਪੁੱਤਰ ਦੀਆਂ ਪਰਚੀਆਂ ਤੇ ਇਸ ਜਨਮ ਸਾਖੀ ਨੂੰ ਰਲਾ ਕੇ ਪੜ੍ਹਿਆ ਜਾਵੇ ਤਾਂ ਸਾਫ਼ ਸਿੱਧ ਹੋ ਜਾਂਦਾ ਹੈ ਕਿ ਇਹ ਦੋਵੇਂ ਸਾਖੀਆਂ ਇੱਕ ਹੀ ਕਲਮ ਦੀਆਂ ਲਿਖੀਆਂ ਹੋਈਆਂ ਹਨ। ਜਿਸਦਾ ਅੰਤ੍ਰਿਵ ਭਾਵ ਸਤਿਗੁਰੂ ਜੀ ਨੂੰ ਛੋਟਾ ਤਟ ਬਾਬਾ ਹੰਦਾਲ ਨੂੰ ਵੱਡਾ ਸਿੱਧ ਕਰਨਾ ਹੈ।
ਇਸ ਲਈ ਕਿ ਜਨਮ ਸਾਖੀ ਸਿੱਖਾਂ ਵਿੱਚ ਸਹਿਜ ਨਾਲ ਪ੍ਰਚੱਲਿਤ ਹੋ ਸਕੇ, ਇਸ ਦਾ ਕਰਤਾ ਭਾਈ ਬਾਲਾ ਬਣਾਇਆ ਗਿਆ, ਜਿਸ ਨੂੰ ਸਤਿਗੁਰੂ ਜੀ ਦਾ ਸਾਥੀ ਬਣਾ ਕੇ ਪ੍ਰਮਾਣਿਕ ਬਨਾਉਣ ਦਾ ਯਤਨ ਕੀਤਾ ਗਿਆ, ਪਰ ਅਸਲੀ ਗੱਲ ਇਹ ਹੈ ਕਿ ਭਾਈ ਬਾਲ ਕੋਈ ਹੋਇਆ ਹੀ ਨਹੀਂ।
ਭਾਈ ਗੁਰਦਾਸ ਜੀ ਨੇ ਯਾਰਵੀਂ ਵਾਰ ਵਿੱਚ ਉਹਨਾਂ ਸੱਭ ਸਿੱਖਾਂ ਦੇ ਨਾਮ ਲਿਖੇ ਹਨ, ਜ੍ਹਿਨਾਂ ਦਾ ਕਿਸੇ ਨਾ ਕਿਸੀ ਪਾਤਸਾਹੀ ਨਾਲ ਸਬੰਧ ਰਿਹਾ ਹੈ। ਸਤਿਗੁਰੂ ਨਾਨਕ ਜੀ ਦੇ ਸਿੱਖਾਂ ਵਿੱਚੋਂ ਭਾਈ ਮਰਦਾਨੇ ਦਾ ਨਾਮ ਤਾਂ ਆਉਂਦਾ ਹੈ, ਪਰ ਭਾਈ ਬਾਲੇ ਦਾ ਨਾਮ ਕਿਤੇ ਨਹੀਂ ਆਉਂਦਾ। ਜਿਸ ਤੋਂ ਸਿੱਧ ਹੈ ਕਿ ਭਾਈ ਬਾਲਾ ਕੋਈ ਸੀ ਹੀ ਨਹੀਂ। ਇਸੇ ਤਰ੍ਹਾਂ ਕਿਸੇ ਵੀ ਪੁਰਾਣੀ ਲਿਖਤ ਵਿੱਚ ਭਾਈ ਬਾਲੇ ਦਾ ਨਾਮ ਨਹੀਂ ਆਉਂਦਾ, ਪਰ ਭਾਈ ਮਰਦਾਨੇ ਦਾ ਨਾਮ ਹਰ ਇੱਕ ਲਿਖਤ ਵਿੱਚ ਹੈ। ਅਣੋਖੀ ਗੱਲ ਹੈ ਕਿ ਸਤਿਗੁਰੂਜੀ ਦਾ ਐਸਾ ਨਿਕਟ ਵਰਤੀ ਸਿੱਖ ਹੋਵੇ ਤੇ ਭਾਈ ਗੁਰਦਾਸ ਜੀ ਜਾਂ ਕਿਸੇ ਪੁਰਾਤਨ ਸਿੱਖ ਨੂੰ ਉਸਦਾ ਪਤਾ ਨਾ ਹੋਵੇ।
ਚੂੰਕਿ ਬਾਬਾ ਹੰਦਾਲ ਜੀ ਦੇ ਪੁੱਤਰ ਬਿਧੀ ਚੰਦ ਨੇ ਆਪਣੇ ਪਿਤਾ ਨੂੰ ਸਤਿਗੁਰੂ ਜੀ ਨਾਲੋਂ ਵੱਡਾ ਸਿੱਧ ਕਰਨਾ ਸੀ, ਇਸ ਲਈ ਉਸਨੇ ਭਾਈ ਬਾਲੇ ਦਾ ਨਾਮ ਘੜ ਕੇ ਕਈ ਅਯੋਗ ਗੱਲਾਂ ਭਾਈ ਬਾਲੇ ਦੇ ਮੂੰਹੋਂ ਅਖਵਾਈਆਂ ਅਤੇ ਸਤਿਗੁਰੂ ਜੀ ਨੂੰ ਛੋਟਾ ਸਿੱਧ ਕਰਨ ਦੇ ਯਤਨ ਵਿੱਚ ਹੀ ਆਪ ਦੇ ਪ੍ਰਗਟ ਹੋਣ ਦਾ ਮਹੀਨਾ ਕੱਤਕ ਮੰਨਿਆ, ਜੋ ਹਿੰਦੂਆਂ ਦਾ ਬੜਾ ਭੈੜਾ ਮਹੀਨਾ ਗਿਣਿਆ ਜਾਂਦਾ ਹੈ। ਇੱਥੋਂ ਤੱਕ ਕੇ ਜਿਸ ਤ੍ਰੀਮਤ ਦੇ ਇਸ ਮਹੀਨੇ ਬਾਲਕ ਹੋਵੇ, ਉਸਨੂੰ ਘਰੋਂ ਕੱਢ ਦੇਣ ਦਾ ਹੁਕਮ ਹੈ। ਇਸ ਤੋਂ ਲੇਖਕ ਦਾ ਇਹ ਭਾਵ ਸੀ ਕਿ ਸਤਿਗੁਰੂ ਜੀ ਦਾ ਅਵਤਾਰ ਹੋਣਾ ਤਾਂ ਕਿਤੇ ਰਿਹਾ, ਪੈਦਾਇਸ਼ ਦੇ ਹਿਸਾਬ ਨਾਲ ਮਾਮੂਲੀ ਆਦਮੀ ਵੀ ਨਹੀਂ ਸਨ।
ਆਠਾਰਾਂ ਵਰ੍ਹੇ ਹੋਏ ਹਨ ਕਿ ਮੈਂ “ਕੱਤਕ ਕਿ ਵੈਸਾਖ” ਨਾਮੇ ਇੱਕ ਪੁਸਤਕ ਲਿਖੀ ਸੀ, ਜਿਸ ਵਿੱਚ ਮੈਂ ਸਿੱਧ ਕੀਤਾ ਸੀ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਹੰਦਾਲੀਆਂ ਦੀ ਲਿਖੀ ਹੋਈ ਹੈ, ਭਾਈ ਬਾਲਾ ਕੋਈ ਨਹੀਂ ਹੋਇਆ ਅਤੇ ਸਤਿਗੁਰੂ ਨਾਨਕ ਜੀ ਕੱਤਕ ਪੂਰਨਮਾਸ਼ੀ ਨੂੰ ਨਹੀਂ ਸਗੋਂ ਵੈਸਾਖ ਸੁਦੀ ਤਿੰਨ ਨੂੰ ਪ੍ਰਗਟ ਹੋਏ ਸਨ। ਜਿਸ ਸੱਜਣ ਨੇ ਵਿਸਥਾਰ ਨਾਲ ਇਸ ਗੱਲ ਦੀ ਖੋਜ ਕਰਨੀ ਹੋਵੇ, ਉਹ “ਕੱਤਕਮ ਕਿ ਵੈਸਾਖ’ ਨਾਮੇ ਕਿਤਾਬ ਨੂੰ ਪੜ੍ਹ ਵੇਖੇ।
ਮੁਕਦੀ ਗੱਲ ਇਹ ਹੈ ਕਿ ਵੈਸਾਖ ਸੁਦੀ 3 ਨੂੰ ਗੁਰੂ ਨਾਨਕ ਸਾਹਿਬ ਦਾ ਜਨਮ ਪੰਚਮ ਪਾਤਸਾਹੀ ਦੇਸਮੇਂ ਸ਼ੁੱਧ ਮੰਨਿਆ ਜਾਂਦਾ ਸੀ। ਇਹੋ ਤਾਰੀਖ ਪੁਰਾਤਨ ਸਿੱਖਾਂ ਵਿੱਚ ਪ੍ਰਚੱਲਿਤ ਸੀ। ਕੱਤਕ ਪੂਰਨਮਾਸ਼ੀ ਦਾ ਰਿਵਾਜ਼ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਤੁਰਿਆ, ਜੋ ਹੰਦਾਲੀਆਂ ਦੀ ਲਿਖੀ ਹੋਈ ਤੇ ਹੋਛੇ ਭਾਵ ਨਾਲ ਲਿਖੀ ਹੋਈ ਹੈ। ਇਸ ਲਈ ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀ ਤਾਰੀਖ ਵੈਸਾਖ ਸੁਦੀ 3 ਹੀ ਹੈ, ਕੱਤਕ ਪੂਰਨਮਾਸ਼ੀ ਨਹੀਂ।
Add a review