ਸ੍ਰ. ਦੁਲਚਾ ਸਿੰਘ ਜੰਮੂ ਦੇ ਰਾਜਾ ਰਣਜੀਤ ਦਿਓ ਦੀ ਫੌਜ ਵਿਚ ਕੰਮ ਕਰਦਾ ਸੀ। ਉਸ ਦਾ ਪੁੱਤਰ ਰਾਮ ਦਾਤ ਸਿੰਘ ਸ਼ੁਕਰਚਾਰੀਆ ਮਿਸਲ ਵਿਚ ਮਹਾਂ ਸਿੰਘ ਨਾਲ ਜੰਗ ਲੜਦਾ ਰਿਹਾ। ਰਾਮ ਦਾਤ ਦੇ ਪੁੱਤਰ ਰਾਮ ਸਿੰਘ ਨੇ ਸੰਨ 1798 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸ਼ਾਮਲ ਹੋ ਕੇ ਜੰਗ ਲੜੀ ਤੇ ਸੰਨ 1799 ਵਿਚ ਲਾਹੌਰ ਉੱਤੇ ਕਬਜ਼ਾ ਕਰਨ ਵਾਲੀ ਟੁਕੜੀ ਵਿਚ ਵੀ ਲੜਿਆ। ਉਸ ਦਾ ਪੁੱਤਰ ਨਿਧਾਨ ਸਿੰਘ ਸੇਵਾਦਾਰ ਵਜੋਂ ਮਹਾਰਾਜੇ ਦੀ ਫੌਜ ਵਿਚ ਸ਼ਾਮਲ ਹੋਇਆ।
ਉਸ ਦੀ ਬਹਾਦਰੀ, ਡੀਲ ਡੌਲ ਅਤੇ ਫੁਰਤੀਲੇਪਨ ਨੂੰ ਵੇਖ ਬੱਬਰ ਸ਼ੇਰ ਹਰੀ ਸਿੰਘ ਨਲੂਏ ਨੇ ਉਸ ਦੇ ਮੋਢੇ ਉੱਤੇ ਹੱਥ ਧਰਿਆ ਤੇ ਸ੍ਰ. ਸ਼ੇਰ ਸਿੰਘ ਨਾਲ ਸੰਨ 1823 ਵਿਚ ਜਹਾਂਗੀਰਾ ਦੀ ਜੰਗ ਵਿਚ ਜੌਹਰ ਵਿਖਾਉਣ ਲਈ ਕਿਹਾ।
ਉਹ ਜੰਗ ਨਿਧਾਨ ਸਿੰਘ ਦੀ ਬਹਾਦਰੀ ਦੇ ਝੰਡੇ ਗੱਡ ਗਈ।
ਉਦੋਂ ਅਫਗਾਨੀ ਫੌਜ ਹਾਰ ਦਾ ਮੂੰਹ ਵੇਖਣ ਬਾਅਦ ਦੁਬਾਰਾ ਹੱਲਾ ਬੋਲਣ ਲਈ ਟੀਹੜੀ ਪਹਾੜੀ ਵੱਲ ਤੁਰ ਪਈ ਸੀ। ਅੱਟਕ ਦੇ ਪੱਛਮ ਵੱਲੋਂ ਤੁਰਦਿਆਂ ਮੁਹੰਮਦ ਆਜ਼ਮ ਖਾਂ, ਜੋ ਅਫ਼ਗਾਨਿਸਤਾਨ ਦਾ ਨਾਜ਼ਮ ਸੀ, ਨੇ ਸਿੱਖਾਂ ਨੂੰ ਢਾਹੁਣ ਲਈ ਨੌਸ਼ਿਹਰਾ ਵੱਲ ਚਾਲੇ ਪਾ ਦਿੱਤੇ।
ਨਲੂਏ ਨੇ ਕੁੱਝ ਗਿਣੇ ਚੁਣੇ ਸਿੰਘਾਂ ਦਾ ਚਾਰਜ ਦੇ ਕੇ ਨਿਧਾਨ ਸਿੰਘ ਅਤੇ ਮਹਾਂ ਸਿੰਘ ਅਕਾਲੀ ਨੂੰ ਉੱਧਰ ਮੋਰਚਾ ਸਾਂਭਣ ਦਾ ਹੁਕਮ ਦਿੱਤਾ। ਵੱਡੀ ਗਿਣਤੀ ਵਿਚ ਹੱਲਾ ਬੋਲਣ ਆਏ ਅਫਗਾਨੀਆਂ ਨੇ ਗਿਣੇ ਚੁਣੇ ਸਿੰਘਾਂ ਉੱਤੇ ਗੋਲੀਆਂ ਤੇ ਤੀਰਾਂ ਦਾ ਮੀਂਹ ਵਸਾ ਦਿੱਤਾ। ਇਸ ਹੱਲੇ ਵਿਚ ਫੂਲਾ ਸਿੰਘ ਅਕਾਲੀ ਵੀ ਕਈ ਹੋਰਨਾਂ ਨਾਲ ਸ਼ਹੀਦ ਹੋ ਗਏ।
ਨਿਧਾਨ ਸਿੰਘ ਨੇ ਵੇਖਿਆ ਕਿ ਵੈਰੀ ਪੂਰਾ ਜ਼ੋਰ ਵਿਖਾ ਰਹੇ ਹਨ। ਇਸੇ ਲਈ ਉਸ ਨੇ ਆਪ ਸਭ ਤੋਂ ਅੱਗੇ ਹੋ ਕੇ ਮੈਦਾਨ ਸਾਂਭ ਲਿਆ। ਪੂਰਾ ਗੱਜ ਕੇ ਜੈਕਾਰਾ ਲਾਉਂਦਿਆਂ ਜਿਵੇਂ ਉਹ ਵੈਰੀਆਂ ਉੱਤੇ ਟੁੱਟ ਕੇ ਪਿਆ, ਇੰਜ ਜਾਪਦਾ ਸੀ ਜਿਵੇਂ ਭੁੱਖਾ ਸ਼ੇਰ ਸ਼ਿਕਾਰ ਉੱਤੇ ਝਪੱਟਾ ਮਾਰ ਰਿਹਾ ਹੋਵੇ।
ਉਸ ਨੇ ਆਪਣੇ ਸਿਪਾਹੀਆਂ ਦੀ ਸ਼ਹਾਦਤ ਨੂੰ ਰੋਕਣ ਲਈ ਜਿੱਥੇ ਲੋੜ ਪਈ, ਆਪ ਓਹਲੇ ਤੋਂ ਬਾਹਰ ਨਿਕਲ ਕੇ ਕਈ ਦੁਸ਼ਮਨਾਂ ਦੇ ਸਿਰ ਝਟਕਾ ਦਿੱਤੇ ਤੇ ਕਈ ਹੱਥੋਪਾਈ ਕਰ ਮਾਰ ਮੁਕਾਏ। ਅਜਿਹਾ ਕਰਦਿਆਂ ਉਸ ਦੇ ਜਿਸਮ ਦਾ ਇੰਚ-ਇੰਚ ਜ਼ਖਮੀ ਹੋ ਗਿਆ। ਦੁਸ਼ਮਨਾਂ ਦੀ ਗਿਣਤੀ ਵਧਦੀ ਜਾ ਰਹੀ ਸੀ। ਇਸ ਲਈ ਸ੍ਰ. ਹਰੀ ਸਿੰਘ ਨਲੂਏ ਕੋਲੋਂ ਗੋਰਖਾ ਤੇ ਨਜੀਬ ਬਟਾਲੀਅਨ ਦੀ ਮੰਗ ਕੀਤੀ ਗਈ ਜਿਸ ਦੇ ਆਉਣ ਵਿਚ ਕਾਫੀ ਸਮਾਂ ਲੱਗਣਾ ਸੀ।
ਇਹ ਸਮਾਂ ਨਿਧਾਨ ਸਿੰਘ ਨੇ ਜਿਸ ਨਿਡਰਤਾ ਅਤੇ ਬਹਾਦਰੀ ਨਾਲ ਲੰਘਾਇਆ ਤੇ ਦੁਸ਼ਮਨਾਂ ਨੂੰ ਇੱਕ ਇੰਚ ਵੀ ਅਗਾਂਹ ਆਉਣ ਤੋਂ ਰੋਕਿਆ, ਉਹ ਬੇਮਿਸਾਲ ਸਾਬਤ ਹੋ ਗਿਆ।
ਜਦੋਂ ਪਿੱਛੋਂ ਹੋਰ ਬਟਾਲੀਅਨ ਪਹੁੰਚੀ ਅਤੇ ਉਨ੍ਹਾਂ ਨਿਧਾਨ ਸਿੰਘ ਦੀ ਹਾਲਤ ਵੇਖੀ ਤਾਂ ਉਹ ਵੀ ਉਸ ਦੀ ਹਿੰਮਤ ਵੇਖ ਕੇ ਦੰਗ ਰਹਿ ਗਏ। ਸਾਥੀਆਂ ਨੇ ਤਾਂ ਕਹਿਣਾ ਹੀ ਸੀ ਪਰ ਦੁਸ਼ਮਨ ਫੌਜੀ ਵੀ ਕਹਿ ਉੱਠੇ ਕਿ ਖ਼ੌਰੇ ਨਿਧਾਨ ਦੇ ਦੋ ਨਹੀਂ ਪੰਜ ਹੱਥ ਹਨ ਕਿਉਂਕਿ ਜਿਸ ਬਿਜਲੀ ਵਰਗੀ ਤੇਜ਼ੀ ਨਾਲ ਉਹ ਇੱਕ ਨਹੀਂ, ਦੋ ਨਹੀਂ, ਬਲਕਿ ਪੰਜ-ਪੰਜ ਦੁਸ਼ਮਨਾਂ ਨੂੰ ਅੱਖ ਦੇ ਫੋਰ ਵਿਚ ਇੱਕੋ ਸਮੇਂ ਪਟਕਾ ਕੇ ਮਾਰ ਰਿਹਾ ਸੀ, ਉਹ ਕਿਸੇ ਇੱਕ ਬੰਦੇ ਦਾ ਕੰਮ ਹੋ ਹੀ ਨਹੀਂ ਸਕਦਾ। ਮੌਤ ਦਾ ਭੈਅ ਤਾਂ ਉਸ ਦੇ ਨੇੜੇ ਤੇੜੇ ਵੀ ਨਹੀਂ ਸੀ ਛਟਕ ਰਿਹਾ।
ਬੇਖ਼ੌਫ਼ ਨਿਧਾਨ ਨੂੰ ਆਪਣੇ ਵਿੰਨ੍ਹੇ ਹੋਏ ਸਰੀਰ ਦੀ ਪਰਵਾਹ ਹੀ ਨਹੀਂ ਸੀ। ਜ਼ਖ਼ਮਾਂ ਦੀ ਪੀੜ ਉਸ ਨੂੰ ਮਹਿਸੂਸ ਹੀ ਨਹੀਂ ਸੀ ਹੋ ਰਹੀ। ਚੜ੍ਹਦੀ ਕਲਾ ਉਸ ਦੇ ਚਿਹਰੇ ਤੋਂ ਡੁੱਲ-ਡੁੱਲ ਪੈ ਰਹੀ ਸੀ।
ਦੁਸ਼ਮਨਾਂ ਨੇ ਉਸ ਦੇ ਘੋੜੇ ਨੂੰ ਮਾਰ ਮੁਕਾਇਆ ਤਾਂ ਘੇਰੇ ਵਿਚ ਫਸ ਜਾਣ ਬਾਅਦ ਵੀ ਉਸ ਇਕੱਲੇ ਜਾਂਬਾਜ਼ ਨੇ ਆਪਣੀਆਂ ਤਗੜੀਆਂ ਦੋਨਾਂ ਬਾਹਵਾਂ ਵਿਚ ਫੜੀਆਂ ਤਲਵਾਰਾਂ ਨਾਲ ਘੇਰਾ ਪਾ ਕੇ ਖੜ੍ਹੇ ਪੰਜ ਉੱਚੇ ਲੰਮੇ ਪਠਾਣ ਉਨ੍ਹਾਂ ਦੇ ਹਥਿਆਰਾਂ ਸਮੇਤ ਘੜੀਸ ਕੇ ਵੱਢ ਸੁੱਟੇ। ਇਹ ਕੌਤਕ ਅੱਖਾਂ ਸਾਹਮਣੇ ਵੇਖ ਕੇ ਵੀ ਕਿਸੇ ਨੂੰ ਇਤਬਾਰ ਨਹੀਂ ਸੀ ਹੋ ਰਿਹਾ।
ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਨਿਧਾਨ ਸਿੰਘ ਦੇ ਤਾਂਡਵ ਵਾਂਗ ਘੂਮਾਊਦਾਰ ਵਾਰਾਂ ਨੂੰ ਅੱਖੀਂ ਵੇਖਿਆ ਤਾਂ ਉਨ੍ਹਾਂ ਨਿਧਾਨ ਸਿੰਘ ਨੂੰ ਖ਼ਿਤਾਬ ਬਖ਼ਸ਼ਿਆ-‘ਪੰਜ-ਹੱਥਾ’!
ਮਹਾਰਾਜਾ ਰਣਜੀਤ ਸਿੰਘ ਨੇ ਨਿਧਾਨ ਸਿੰਘ ਨੂੰ ਸੀਨੇ ਨਾਲ ਘੁੱਟ ਕੇ ਲਾ ਕੇ ਐਲਾਨ ਕੀਤਾ ਸੀ, ‘‘ਇਹ ਹੈ ਮੇਰਾ ਪੰਜ-ਹੱਥਾ ਸੂਰਮਾ। ਅੱਜ ਇਸ ਨੇ ਖਾਲਸਾਈ ਸ਼ਾਨ ਨੂੰ ਪੰਜ ਗੁਣਾ ਵਧਾ ਦਿੱਤਾ ਹੈ। ਇਸ ਨੂੰ ਸਰਕਾਰੀ ਕਾਗਜ਼ਾਂ ਵਿਚ ਵੀ ਪੰਜ-ਹੱਥਾ ਹੀ ਮੰਨਿਆ ਜਾਏਗਾ।’’ ਉਸ ਤੋਂ ਬਾਅਦ ਬਹਾਦਰ ਨਿਧਾਨ ਸਿੰਘ ਨੂੰ ‘ਨਿਧਾਨ ਸਿੰਘ ਪੰਜ-ਹੱਥਾ’ ਕਹਿ ਕੇ ਬੁਲਾਇਆ ਜਾਣ ਲੱਗ ਪਿਆ।
ਜਰਨੈਲ ਨਿਧਾਨ ਸਿੰਘ ਪੰਜ-ਹੱਥਾ ਨੂੰ ਸ਼ੇਰ-ਏ-ਪੰਜਾਬ ਹਮੇਸ਼ਾ ਹੀ ਉਸ ਸਮੇਂ ਨਾਲ ਰੱਖਦੇ ਸਨ ਜਦੋਂ ਕੋਈ ਬਾਹਰੀ ਮੁਲਕ ਦੇ ਨੁਮਾਇੰਦੇ ਜਾਂ ਰਾਜੇ ਮਿਲਣ ਆਉਂਦੇ। ਉਨ੍ਹਾਂ ਨੂੰ ਨਿਧਾਨ ਸਿੰਘ ਦੇ ਸਰੀਰ ਦੇ ਫੱਟ ਵਿਖਾਏ ਜਾਂਦੇ ਤਾਂ ਜੋ ਉਹ ਯਾਦ ਰੱਖਣ ਕਿ ਸਿੱਖ ਰਾਜ ਦੇ ਜੋਧੇ ਕਿਹੋ ਜਿਹੇ ਹੁੰਦੇ ਹਨ।
ਉਸ ਬਾਰੇ ਮਸ਼ਹੂਰ ਸੀ ਕਿ ਅਜਿਹਾ ਤਾਕਤਵਰ ਤੇ ਜਾਂਬਾਜ਼ ਹਜ਼ਾਰਾਂ ਸਾਲਾਂ ’ਚ ਇੱਕ ਹੀ ਪੈਦਾ ਹੁੰਦਾ ਹੈ। ਨਿਧਾਨ ਸਿੰਘ ਨੂੰ ਪੁੱਛੇ ਜਾਣ ਉੱਤੇ ਉਸ ਦਾ ਸਦਾ ਇੱਕ ਹੀ ਜਵਾਬ ਹੁੰਦਾ ਕਿ ਉਸ ਦੀ ਇਹ ਤਾਕਤ ਸਿਰਫ਼ ਸਰੀਰਕ ਨਹੀਂ, ਮਾਨਸਿਕ ਬੁਲੰਦੀ ਵੀ ਨਾਲ ਹੀ ਸ਼ਾਮਲ ਹੈ। ਇਹ ਮਾਨਸਿਕ ਤਾਕਤ ਉਸ ਨੂੰ ਦਸਮ ਪਾਤਸ਼ਾਹ ਵੱਲੋਂ ਬਖ਼ਸ਼ੇ ਇਨਕਲਾਬੀ ਜੈਕਾਰੇ ਰਾਹੀਂ ਸਦਾ ਹਾਸਲ ਹੁੰਦੀ ਰਹਿੰਦੀ ਹੈ।
ਪੰਜ-ਪੰਜ ਪਠਾਣਾਂ ਨੂੰ ਉਨ੍ਹਾਂ ਦੇ ਹਥਿਆਰਾਂ ਸਮੇਤ ਇੱਕੋ ਸਮੇਂ ਕਬਜ਼ੇ ਵਿਚ ਇਕੱਲੇ ਬੰਦੇ ਵੱਲੋਂ ਲੈ ਲੈਣਾ, ਕੋਈ ਖਾਲਾ ਜੀ ਦਾ ਘਰ ਨਹੀਂ ਹੁੰਦਾ। ਆਮ ਬੰਦਾ ਅਜਿਹਾ ਸੋਚ ਵੀ ਨਹੀਂ ਸਕਦਾ।
ਹਰ ਜੰਗ ਵਿਚ ਨਿਧਾਨ ਸਿੰਘ ਪੰਜ-ਹੱਥਾ ਹਮੇਸ਼ਾ ਸਭ ਤੋਂ ਅੱਗੇ ਹੁੰਦਾ ਤੇ ਸਭ ਤੋਂ ਅਖ਼ੀਰ ਵਿਚ ਦੁਸ਼ਮਨਾਂ ਨੂੰ ਮਾਰ ਮੁਕਾ ਕੇ ਹੀ ਵਾਪਸ ਮੁੜਦਾ। ਉਸ ਦਾ ਸਰੀਰ ਹਰ ਜੰਗ ਵਿਚ ਵਿੰਨਿਆ ਜਾਂਦਾ ਪਰ ਉਸ ਕਦੇ ਪਰਵਾਹ ਨਹੀਂ ਕੀਤੀ। ਜੰਗ ਵਿਚਲੇ ਮਿਲੇ ਜ਼ਖ਼ਮਾਂ ਨੂੰ ਉਹ ਟਰਾਫੀਆਂ ਗਿਣਦਾ ਸੀ।
ਸਰੀਰ ਦੇ ਹਰ ਇੰਚ-ਇੰਚ ਉੱਤੇ ਲੱਗੇ ਬਹਾਦਰੀ ਦੇ ਜ਼ਖ਼ਮ, ਜੋ ਡੂੰਘੇ ਨਿਸ਼ਾਨ ਛੱਡ ਗਏ ਸਨ, ਉਨ੍ਹਾਂ ਸਦਕਾ ਕਈ ਜਣੇ ਉਸ ਨੂੰ ਟਰਾਫ਼ੀਆਂ ਵਾਲਾ ਬੱਬਰ ਸ਼ੇਰ ਕਹਿੰਦੇ ਸਨ! ਇਨ੍ਹਾਂ ਜੰਗੀ ਟਰਾਫ਼ੀਆਂਨੂੰ ਉਹ ਬੜੇ ਫ਼ਖ਼ਰ ਨਾਲ ਹਰ ਕਿਸੇ ਨੂੰ ਵਿਖਾਉਂਦਾ ਸੀ।
ਇੱਕ ਵਾਰ ਸ਼ੇਰ-ਏ-ਪੰਜਾਬ ਨੂੰ ਗਵਰਨਰ ਜਨਰਲ ਲਾਹੌਰ ਮਿਲਣ ਆਇਆ ਤਾਂ ਉਸ ਨੇ ਨਿਧਾਨ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਜਦੋਂ ਉਸ ਨੇ ਨਿਧਾਨ ਸਿੰਘ ਨੂੰ ਵੇਖਿਆ ਤਾਂ ਹੈਰਾਨ ਹੋ ਗਿਆ ਕਿ ਇਸ ਦੇ ਤਾਂ ਦੋ ਹੀ ਹੱਥ ਹਨ। ਇਸ ਨੂੰ ਪੰਜ-ਹੱਥਾ ਕਿਉਂ ਕਿਹਾ ਜਾਂਦਾ ਹੈ।
ਇਸ ’ਤੇ ਮਹਾਰਾਜਾ ਰਣਜੀਤ ਸਿੰਘ ਨੇ ਹੱਸ ਕੇ ਕਿਹਾ, ‘‘ਸ਼ੁਕਰ ਕਰ ਤੈਨੂੰ ਇਸ ਦੇ ਪੰਜ ਹੱਥ ਵੇਖਣ ਦਾ ਮੌਕਾ ਨਹੀਂ ਮਿਲਿਆ। ਜੇ ਇਸ ਨੇ ਵਿਖਾ ਦਿੱਤੇ ਤਾਂ ਤੂੰ ਦੁਨੀਆ ਵੇਖਣ ਜੋਗਾ ਹੀ ਨਹੀਂ ਰਹਿਣਾ। ਇਹ ਸੂਰਮਾ ਤਾਂ ਹਾਥੀਆਂ ਦੀਆਂ ਹਿੱਕਾਂ ਵੀ ਇੱਕੋ ਹੱਥ ਨਾਲ ਚੀਰ ਦਿੰਦਾ ਹੈ। ਇਹੋ ਜਿਹੇ ਜੋਧਿਆਂ ਦੀਆਂ ਹਿੱਕਾਂ ਉੱਤੇ ਹੀ ਖਾਲਸਾ ਰਾਜ ਟਿਕਿਆ ਹੈ। ਜਦ ਤੱਕ ਇਹੋ ਜਿਹੇ ਸਿਰੜ ਸਿਰ ਖਾਲਸਾ ਰਾਜ ਵਿਚ ਹਨ, ਕਿਸੇ ਵੈਰੀ ਦੀ ਅੱਖ ਇਸ ਪਾਸੇ ਝਾਕ ਵੀ ਨਹੀਂ ਸਕਣ ਲੱਗੀ।’’
ਨਿਧਾਨ ਸਿੰਘ ਨੂੰ ‘ਗੁੱਡਵਿੱਲ ਮਿਸ਼ਨ’ ਤਹਿਤ ਸ਼ਿਮਲੇ ਵਿਚ ਸੰਨ 1831 ਵਿਚ 'ਲੌਰਡ ਵਿਲੀਅਮ ਬੈਨਟਿੰਗ' ਨਾਲ ਮੁਲਾਕਾਤ ਕਰਨ ਵੀ ਬਤੌਰ ਮੈਂਬਰ ਭੇਜਿਆ ਗਿਆ।
ਸੰਨ 1834 ਵਿਚ ਉਹ ਕੰਵਰ ਨੌਨਿਹਾਲ ਸਿੰਘ, ਸ੍ਰ. ਹਰੀ ਸਿੰਘ ਨਲੂਆ ਤੇ ਜਨਰਲ ਵੈਨਚੂਰਾ ਨਾਲ ਪੇਸ਼ਾਵਰ ਵੀ ਗਿਆ।
ਪੇਸ਼ਾਵਰ ਉੱਤੇ ਸਿੰਘਾਂ ਦੇ ਕਬਜ਼ੇ ਬਾਅਦ ਨਿਧਾਨ ਸਿੰਘ ਪੰਜ-ਹੱਥਾ ਨੂੰ ਸ੍ਰ. ਹਰੀ ਸਿੰਘ ਨਲੂਏ ਨੇ ਆਪਣੇ ਨਾਲ ਹੀ ਰੱਖਿਆ। ਫਿਰ ਸੰਨ 1837 ਵਿਚ ਜਮਰੂਦ ਦੀ ਜੰਗ ਵਿਚ ਵੀ ‘ਪੰਜ-ਹੱਥਾ’ ਦੇ ਬਾਕਮਾਲ ਜੌਹਰ ਵੇਖਣ ਨੂੰ ਮਿਲੇ।
ਸੰਨ 1839 ਦੇ ਮਈ ਵਿਚ ਪੰਜ-ਹੱਥਾ ਬੇਮਿਸਾਲ ਜੋਧਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਸ ਦੇ ਤੁਰ ਜਾਣ ਬਾਅਦ ਵੀ ਇੱਕ ਸਦੀ ਤੱਕ ਉਸ ਨਿਆਰੇ ਸੰਤ ਸਿਪਾਹੀ ਦੀ ਬਹਾਦਰੀ ਦੇ ਕਿੱਸੇ ਮਾਵਾਂ ਆਪਣੇ ਪੁੱਤਰਾਂ ਨੂੰ ਸੁਣਾਉਂਦੀਆ ਰਹੀਆਂ।
ਉਨ੍ਹਾਂ ਕਿੱਸਿਆਂ ਵਿਚ ਇਹ ਕਿੱਸਾ ਵੀ ਸ਼ਾਮਲ ਕੀਤਾ ਜਾਂਦਾ ਸੀ-ਅਫ਼ਗਾਨਾਂ ਦਾ ਬਹੁਤ ਬਹਾਦਰ ਜਰਨੈਲ ਖ਼ਾਨ ਮੁਹੰਮਦ ਸੰਨ 1823 ਦੀ ਲੜਾਈ ਵਿਚ ਸ਼ਾਮਲ ਸੀ। ਉਸ ਦੀ ਚਰਚਾ ਪੂਰੇ ਅਫ਼ਗਾਨਿਸਤਾਨ ਵਿਚ ਸੀ ਕਿ ਉਸ ਅੱਗੇ ਖੜ੍ਹਾ ਹੋਣ ਵਾਲਾ ਸੂਰਮਾ ਹਾਲੇ ਤੱਕ ਜੰਮਿਆ ਹੀ ਨਹੀਂ। ਉਸ ਦਾ ਦਬਦਬਾ ਏਨਾ ਸੀ ਕਿ ਕਿਸੇ ਅਫ਼ਗਾਨ ਫੌਜੀ ਦਾ ਉਸ ਦੇ ਚਿਹਰੇ ਵੱਲ ਵੇਖਣ ਦਾ ਹੀਆ ਨਹੀਂ ਸੀ ਪੈਂਦਾ। ਉਸ ਜੰਗ ਵਿਚ ਇੱਕ ਮੌਕੇ ਨਿਧਾਨ ਸਿੰਘ ਤੇ ਖ਼ਾਨ ਮੁਹੰਮਦ ਆਹਮੋ ਸਾਹਮਣੇ ਹੋ ਗਏ। ਦੋਨਾਂ ਸੂਰਮਿਆਂ ਦੀ ਤੇਗ਼ ਦੇ ਜੌਹਰ ਵੇਖਣ ਲਈ ਬਾਕੀ ਫੌਜੀ ਸਾਹ ਰੋਕ ਕੇ ਖਲੋ ਗਏ। ਭਲਾ ਕਿੰਨੀ ਦੇਰ ਪੰਜ-ਹੱਥੇ ਅੱਗੇ ਦੋ ਹੱਥਾਂ ਵਾਲਾ ਟਿਕਦਾ? ਨਿਧਾਨ ਸਿੰਘ ਦੀ ਤੇਗ਼ ਖ਼ਾਨ ਮੁਹੰਮਦ ਦੇ ਸੀਨੇ ਨੂੰ ਚੀਰ ਗਈ ਤੇ ਉਹ ਠਾਹ ਕਰ ਕੇ ਜ਼ਮੀਨ ਉੱਤੇ ਡਿੱਗ ਪਿਆ। ਪੂਰੀ ਅਫਗਾਨੀ ਫੌਜ ਹੀ ਇਹ ਦ੍ਰਿਸ਼ ਵੇਖ ਕੇ ਹਿੰਮਤ ਛੱਡ ਗਈ ਸੀ।
ਹੁਣ ਵੀ ਹਰ ਸਾਲ ਮਈ ਦਾ ਮਹੀਨਾ ਆਉਂਦਾ ਹੈ ਪਰ ਅਫ਼ਸੋਸ ਕਿ ਇਸ ਬੇਮਸਾਲ ਜੰਗੀ ਟਰਾਫ਼ੀਆਂ ਵਾਲੇ ਪੰਜ-ਹੱਥੇ ਜੋਧੇ ਨੂੰ ਕੋਈ ਯਾਦ ਨਹੀਂ ਕਰਦਾ। ਚਾਰ ਪੁਸ਼ਤਾਂ ਤੱਕ ਜੰਗ ਵਿਚ ਹਿੱਸਾ ਲੈਣ ਵਾਲੇ ਟੱਬਰ ਨੂੰ ਇਤਿਹਾਸ ਦੇ ਪੰਨਿਆਂ ਨੇ ਤਾਂ ਜ਼ਿੰਦਾ ਰੱਖਿਆ ਹੈ ਪਰ ਅੱਜ ਦੇ ਵਿਖਾਵਾ ਕਰਨ ਵਾਲੇ ਸਮਾਜ ਨੇ ਉੱਕਾ ਹੀ ਵਿਸਾਰ ਦਿੱਤਾ ਹੈ।
ਇਤਿਹਾਸ ਨੂੰ ਜ਼ਿੰਦਾ ਰੱਖਣ ਨਾਲ ਹੀ ਅਸੀਂ ਕੌਮ ਦੇ ਲਹੂ ਨੂੰ ਗਰਮਾ ਸਕਦੇ ਹਾਂ ਅਤੇ ਉਨ੍ਹਾਂ ਦੇ ਵਾਰਸ ਅਖਵਾਉਣ ਦਾ ਮਾਣ ਹਾਸਲ ਕਰ ਸਕਦੇ ਹਾਂ। ਅੱਜ ਦੇ ਸਮੇਂ ਦੀ ਲੋੜ ਹੈ ਕਿ ਆਪਣੇ ਨੌਜਵਾਨਾਂ ਨੂੰ ਸੂਰਮੇ ਪੰਜ-ਹੱਥੇ ਨਿਧਾਨ ਸਿੰਘ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਰਹੀਏ ਤੇ ਉਸ ਦੀ ਯਾਦਗਾਰ ਬਣਾ ਕੇ ਰਹਿੰਦੀ ਦੁਨੀਆ ਤੱਕ ਉਸ ਨੂੰ ਅਮਰ ਕਰ ਦੇਈਏ।
ਇਹੀ ਢੰਗ ਹੈ ਪੂਰੀ ਦੁਨੀਆ ਨੂੰ ਦੱਸਣ ਦਾ ਕਿ ਕਿਹੋ ਜਿਹੇ ਮਹਾਨ ਜੋਧਿਆਂ ਨੇ ਆਪਣੇ ਸਿਰਾਂ ਉੱਤੇ ਖਾਲਸਾ ਰਾਜ ਸਥਾਪਿਤ ਕੀਤਾ ਸੀ, ਜਿਸ ਨੇ ਚੀਨ ਵਰਗੇ ਮੁਲਕ ਨੂੰ ਵੀ ਸੰਧੀ ਕਰਨ ਉੱਤੇ ਮਜਬੂਰ ਕਰ ਦਿੱਤਾ ਸੀ।
Add a review