ਕਸ਼ਮੀਰ ਦੀ ਵਾਦੀ ਹਰੇ ਭਰੇ ਬਾਗ-ਬਗੀਚਿਆਂ, ਬਰਫ਼ਾਂ ਲੱਦੀਆਂ ਪਹਾੜੀਆਂ,ਚਸ਼ਮਿਆਂ ਆਦਿ ਲਈ ਪ੍ਰਸਿੱਧ ਹੈ, ਪਰ ਜੰਮੂ-ਕਸ਼ਮੀਰ ਪ੍ਰਾਂਤ ਦਾ ਹੀ ਇਕ ਹਿੱਸਾ ਹੈ ਲੇਹ-ਲੱਦਾਖ, ਜਿੱਥੇ ਦੂਰ ਦੂਰ ਤੱਕ ਬਨਸਪਤੀ ਤੋਂ ਕੋਰੇ ਪਹਾੜ ਸਿਰ ਚੁੱਕੀ ਖੜ੍ਹੇ ਹਨ।ਮਟਮੈਲੀਆਂ ਵਾਦੀਆਂ ਮੀਲਾਂ ਤੱਕ ਫੈਲੀਆਂ ਹੋਈਆਂ ਹਨ। ਮਿੱਟੀ ਦੇ ਪਹਾੜਾਂ ਦੇ ਪਿਛੋਕੜ ਵਿਚ ਦੂਰ ਕਿੱਤੇ ਬਰਫ ਲੱਦੀਆਂ ਚੋਟੀਆਂ ਵੀ ਦਿਖਾਈ ਦਿੰਦੀਆਂ ਹਨ।ਦੁਨੀਆਂ ਵਿਚ ਇਹ ਇਲਾਕਾ ਸਮੁੰਦਰੀ ਤੱਟ ਤੋਂ ਸਭ ਤੋਂ ਵੱਧ ਉਚਾਈ 'ਤੇ ਫੈਲਿਆ ਅਰਧ-ਮਾਰੂਥਲ ਹੈ। ਲੇਹ ਦੀ ਧਰਤੀ ਭਾਵੇਂ ਬਰਸਾਤ ਨੂੰ ਤਰਸਦੀ ਰਹਿੰਦੀ ਹੈ, ਬਰਫ ਲੱਦੀਆਂ ਚੋਟੀਆਂ ਕੇਵਲ ਦੂਰ ਤੋਂ ਹੀ ਝਾਤ ਮਾਰਦੀਆਂ ਹਨ। ਪਰ ਫੇਰ ਵੀ ਜਨਵਰੀ ਵਿਚ ਇਥੋਂ ਦਾ ਤਾਪਮਾਨ - 40 ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈ। ਅਕਤੂਬਰ ਤੋਂ ਲੈ ਕੇ ਮਈ ਤੱਕ ਇਹ ਇਲਾਕਾ ਸੜਕ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟਿਆ ਰਹਿੰਦਾ ਹੈ। ਸਿਰਫ ਹਵਾਈ ਜਹਾਜ਼ ਰਾਹੀਂ ਹੀ ਇਥੇ ਪਹੁੰਚਿਆ ਜਾ ਸਕਦਾ ਹੈ। ਲੇਹ ਵਿਚ ਇੰਡਿਸ (ਸਿੰਧ) ਦਰਿਆ ਵਹਿੰਦਾ ਹੈ ਪਰ ਇਸ ਦੇ ਬਾਵਜੂਦ ਹਰਿਆਲੀ ਘੱਟ ਹੀ ਹੈ। ਅੱਜ ਕੱਲ੍ਹ ਇਸ ਦਰਿਆ ਦੇ ਪਾਣੀ ਦੀ ਸੁਯੋਗ ਵਰਤੋਂ ਕਾਰਨ ਬਨਸਪਤੀ ਉਗਾਉਣ ਦੇ ਉਪਰਾਲੇ ਹੋ ਰਹੇ ਹਨ। ਕਈ ਥਾਂ ਹਰੇ ਭਰੇ ਖੇਤ, ਉਨ੍ਹਾਂ ਦੇ ਪਿੱਛੇ ਬੰਜਰ ਧਰਤੀ ਜਾਂ ਵਿਰਾਨ ਪਹਾੜ ਅਤੇ ਉਨ੍ਹਾਂ ਦੇ ਪਿਛਵਾੜੇ ਬਰਫ ਲੱਦੀਆਂ ਪਹਾੜੀਆਂ- ਕੁਦਰਤ ਦੇ ਤਿੰਨ ਰੰਗਾਂ ਦੇ ਇਸ ਅਜੀਬ ਸੁਮੇਲ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ, ਸ਼ਬਦਾਂ ਰਾਹੀਂ ਬਿਆਨ ਨਹੀਂ ਹੋ ਸਕਦਾ।
ਸੜਕ ਰਾਹੀਂ ਲੇਹ ਪਹੁੰਚਣ ਦੇ ਦੋ ਹੀ ਰਸਤੇ ਹਨ-ਇਕ ਸ੍ਰੀਨਗਰ, ਕਾਰਗਿਲ ਰਾਹੀਂ ਅਤੇ ਦੂਜਾ ਮਨਾਲੀ ਤੋਂ। ਮਨਾਲੀ ਤੋਂ ਲੇਹ ਤੱਕ 475 ਕਿਲੋਮੀਟਰ ਦਾ ਸਫਰ ਦੋ ਦਿਨਾਂ ਵਿਚ ਪੂਰਾ ਹੁੰਦਾ ਹੈ। ਮਨਾਲੀ ਤੋਂ ਲੇਹ ਲਈ ਟੈਕਸੀਆਂ ਆਮ ਮਿਲ ਜਾਂਦੀਆਂ ਹਨ। ਕੁਝ ਟੂਰਿਸਟ ਕੰਪਨੀਆਂ ਵੀ ਟੂਰ ਲੈ ਕੇ ਜਾਂਦੀਆਂ ਹਨ।
ਪਹਿਲੇ ਦਿਨ ਤਕਰੀਬਨ 250 ਕਿਲੋਮੀਟਰ ਸਫਰ ਕਰਨਾ ਪੈਂਦਾ ਹੈ ਅਤੇ ਇਸ ਲਈ 12-13 ਘੰਟੇ ਲੱਗ ਜਾਂਦੇ ਹਨ। ਚੰਗਾ ਹੋਵੇ ਜੇ ਸਵੇਰੇ 5 ਜਾਂ 6 ਵਜੇ ਤੱਕ ਗੱਡੀਆਂ ਮਨਾਲੀ ਤੋਂ ਤੋਰ ਲਈਆਂ ਜਾਣ। ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਚਾਹ-ਬਿਸਕੁਟ ਵਗੈਰਾ ਦਾ ਹਲਕਾ ਨਾਸ਼ਤਾ ਕਰ ਲਿਆ ਜਾਵੇ। ਰਸਤੇ ਵਿਚ ਚਾਹ ਵਗੈਰਾ ਮਿਲ ਜਾਂਦੀ ਹੈ ਪਰ ਨਾਸ਼ਤਾ ਅਤੇ ਲੰਚ ਆਪਣੇ ਨਾਲ ਹੀ ਲੈ ਕੇ ਚੱਲਣਾ ਚਾਹੀਦਾ ਹੈ। ਰਸਤੇ ਲਈ ਪਾਣੀ ਦਾ ਵੀ ਪੂਰਾ ਪ੍ਰਬੰਧ ਰੱਖਣਾ ਚਾਹੀਦਾ ਹੈ। ਇਕ ਅੱਧਾ ਸਵੈਟਰ ਜਾਂ ਕੋਟੀ ਵੀ ਬਾਹਰ ਰੱਖ ਲੈਣੀ ਚਾਹੀਦੀ ਹੈ ਤਾਂ ਜੋ ਜਦੋਂ ਵੀ ਜ਼ਰੂਰਤ ਪਵੇ ਪਾ ਲਓ, ਨਹੀਂ ਤਾਂ ਸਮਾਨ ਖੋਲ੍ਹਣਾ ਪੈਂਦਾ ਹੈ।
ਮਨਾਲੀ ਤੋਂ ਰੋਹਤਾਂਗ ਪਾਸ ਤੱਕ ਸੜਕ ਵਧੀਆ ਹੈ। 55 ਕਿਲੋਮੀਟਰ ਦੇ ਸਫਰ ਵਿਚ ਢਾਈ ਕੁ ਘੰਟੇ ਲੱਗ ਜਾਂਦੇ ਹਨ। ਮਨਾਲੀ ਤੋਂ ਜਲਦੀ ਇਸ ਲਈ ਵੀ ਚੱਲਣਾ ਚਾਹੀਦਾ ਹੈ ਕਿ ਰੋਹਤਾਂਗ ਤੋਂ ਪਹਿਲਾਂ ਕਿਤੇ ਜਾਮ ਨਾ ਲੱਗ ਜਾਵੇ। ਜੇ ਕਦੀ ਮਿਲਟਰੀ ਦੀਆਂ ਗੱਡੀਆਂ ਦਾ ਕਾਫਲਾ ਆ ਰਿਹਾ ਹੋਵੇ ਤਾਂ ਵੀ ਅੱਧਾ-ਪੌਣਾ ਘੰਟਾ ਰੁਕਣਾ ਪੈ ਜਾਂਦਾ ਹੈ। ਜੇਕਰ ਰੋਹਤਾਂਗ ਪਾਸ 'ਤੇ ਬਰਫ ਹੋਵੇ ਫੇਰ ਤਾਂ ਕੁਝ ਸਮੇਂ ਲਈ ਉਥੇ ਰੁਕਿਆ ਜਾ ਸਕਦਾ ਹੈ, ਨਹੀਂ ਤਾਂ ਰੁਕਣ ਦਾ ਕੋਈ ਫਾਇਦਾ ਨਹੀਂ।
ਮਨਾਲੀ ਤੋਂ 70 ਕਿਲੋਮੀਟਰ ਦੂਰ ਕੋਕਸਰ ਨਾਂ ਦਾ ਸਥਾਨ ਆਉਂਦਾ ਹੈ। ਇਥੇ ਚਾਹ-ਨਾਸ਼ਤੇ ਦੀਆਂ ਦੁਕਾਨਾਂ ਹਨ। ਇਸ ਲਈ ਇਥੇ ਨਾਸ਼ਤਾ ਕਰ ਲੈਣਾ ਚਾਹੀਦਾ ਹੈ, ਜਿਸ ਨਾਲ ਕੁਝ ਦੇਰ ਲਈ ਡਰਾਇਵਰ ਵੀ ਆਰਾਮ ਕਰ ਲੈਂਦਾ ਹੈ ਅਤੇ ਸਵਾਰੀਆਂ ਵੀ ਆਪਣੀਆਂ ਲੱਤਾਂ ਸਿੱਧੀਆਂ ਕਰ ਲੈਂਦੀਆਂ ਹਨ।ਕੋਕਸਰ ਤੋਂ 45 ਕਿਲੋਮੀਟਰ ਬਾਅਦ ਕਿਲੌਂਗ ਸ਼ਹਿਰ ਆਉਂਦਾ ਹੈ। ਧਿਆਨ ਰੱਖਣਾ ਚਾਹੀਦਾ ਹੈ ਗੱਡੀ ਵਿਚ ਜੇ ਕੋਈ ਖਰਾਬੀ ਹੋਵੇ ਜਾਂ ਟਾਇਰ ਪੈਂਚਰ ਹੋ ਗਿਆ ਹੋਵੇ ਤਾਂ ਕਿਲੌਂਗ ਤੋਂ ਠੀਕ ਕਰਵਾ ਲੈਣਾ ਚਾਹੀਦਾ ਹੈ। ਕਿਲੌਂਗ ਤੋਂ ਬਾਅਦ ਕਿਸੇ ਮਕੈਨਿਕ ਦੀ ਦੁਕਾਨ ਮਿਲਣੀ ਬਹੁਤ ਮੁਸ਼ਕਿਲ ਹੈ। ਕਿਲੌਂਗ ਤੋਂ ਅੱਠ ਕੁ ਕਿਲੋਮੀਟਰ ਪਹਿਲਾਂ ਇਕ ਪਿੰਡ ਆਉਂਦਾ ਹੈ ‘ਟਾਂਡੀ' ਜਿੱਥੇ ਇਕ ਦਰਖਤ ਦੇ ਨਿੱਚੇ ਹੀ ਇਕ ਪੈਟਰੋਲ ਪੰਪ ਲੱਗਿਆ ਹੋਇਆ ਹੈ। ਸੈਲਾਨੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਪੈਟਰੋਲ/ਡੀਜ਼ਲ ਨਾਲ ਭਵਾ ਲੈਣ ਕਿਉਂਕਿ ਇਸ ਤੋਂ ਅਗਲਾ ਪੈਟਰੋਲ ਸਟੇਸ਼ਨ 365 ਕਿਲੋਮੀਟਰ ਦੂਰ ਹੈ। ਵੈਸੇ ਡਰਾਇਵਰਾਂ ਦੀ ਸੂਚਨਾ ਹਿੱਤ ਇੱਥੇ ਇਕ ਬੋਰਡ ਵੀ ਲੱਗਿਆ ਹੋਇਆ ਹੈ, ਜਿਸ 'ਤੇ ਇਸ ਸਬੰਧੀ ਜਾਣਕਾਰੀ ਦਿੱਤੀ ਹੋਈ ਹੈ। ਇਥੇ ਕਈ ਵਾਰ ਕੁਝ ਵਿਦੇਸ਼ੀ ਸੈਲਾਨੀ ਵੀ ਆਪਣੇ ਸਾਈਕਲਾਂ ਦੀਆਂ ਛੋਟੀਆਂ ਛੋਟੀਆਂ ਟੈਂਕੀਆਂ ਭਰਵਾਉਂਦੇ ਮਿਲ ਜਾਂਦੇ ਹਨ। ਉਨ੍ਹਾਂ ਦੇ ਵਿਸ਼ੇਸ਼ ਗਰਾਰੀਆਂ ਵਾਲੇ ਸਾਈਕਲ ਪੈਡਲ ਮਾਰ ਕੇ ਵੀ ਚੱਲਦੇ ਹਨ ਅਤੇ ਪੈਟਰੋਲ ਨਾਲ ਵੀ। ਇਨ੍ਹਾਂ ਸਾਇਕਲਾਂ ਦੀ ਕੀਮਤ ਇਕ ਲੱਖ ਰੁਪਏ ਤੋਂ ਕੁਝ ਵੱਧ ਹੀ ਹੁੰਦੀ ਹੈ।
ਕਿਲੌਂਗ ਤਕ ਸੜਕ ਤਕਰੀਬਨ ਠੀਕ ਹੀ ਹੈ। ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਕਦੇ ਚੜ੍ਹਾਈ ਆ ਜਾਂਦੀ ਹੈ ਅਤੇ ਕਦੇ ਉਤਰਾਈ। ਜਿੱਥੇ ਕਿਤੇ ਗਲੇਸ਼ੀਅਰ ਦਾ ਪਾਣੀ ਗਿਰਦਾ ਹੈ, ਉਥੋਂ ਸੜਕ ਜ਼ਰੂਰ ਟੁੱਟੀ ਹੁੰਦੀ ਹੈ। ਕਿਲੌਂਗ ਤੋਂ ਥੋੜ੍ਹੀ ਦੂਰ ਇਕ ਥਾਂ ਹੈ ‘ਸਟਿੰਗਰੀ'। ਇਥੇ ਇਕ ਪੀ ਸੀ ਓ ਹੈ ਜਿੱਥੇ ਬੋਰਡ ਲੱਗਾ ਹੋਇਆ ਹੈ ਕਿ ਇਸ ਤੋਂ ਬਾਅਦ ਪੀ•ਸੀ•ਓ• 350 ਕਿਲੋਮੀਟਰ ਤੋਂ ਬਾਅਦ ਆਵੇਗਾ। ਇਸ ਦਾ ਭਾਵ ਹੈ ਕਿ ਅਗਲੇ 30-35 ਘੰਟੇ ਤੁਸੀਂ ਕਿਤੇ ਫੋਨ ਜਾਂ ਮੋਬਾਇਲ ਰਾਹੀਂ ਸੰਪਰਕ ਨਹੀਂ ਕਰ ਸਕਦੇ।
ਕਿਲੌਂਗ ਤੋਂ ਬਾਅਦ ਇਕ ਹੋਰ ਪਿੰਡ ਆਉਂਦਾ ਹੈ ‘ਦਰਚਾ' ਅਤੇ ਦਰਚਾ ਤੋਂ ਪਹਿਲਾਂ ‘ਪਾਸਤਾ' ਨਾਂ ਦਾ ਸਥਾਨ ਆਉਂਦਾ ਹੈ। ਦਰਚਾ ਅਤੇ ਸੜਕ 'ਤੇ ਇਕ ਝੀਲ ਹੈ, ਜਿੱਥੋਂ ਦਾ ਨਜ਼ਾਰਾ ਦੇਖਣ ਵਾਲਾ ਹੈ। ਰਮਣੀਕ ਚੌਗਿਰਦੇ ਵਾਲੀ ਝੀਲ ਦੇ ਪਿਛੋਕੜ ਵਿਚ ਫੈਲੇ ਪਹਾੜ ਅਤੇ ਪਹਾੜਾਂ ਦੇ ਪਿੱਛੇ ਨਜ਼ਰ ਆ ਰਹੀਆਂ ਬਰਫ ਦੀਆਂ ਚੋਟੀਆਂ ਦੀ ਸੁੰਦਰਤਾ ‘ਗੁੰਗੇ ਲਈ ਗੁੜ' ਦੇ ਸਵਾਦ ਵਾਲੀ ਗੱਲ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਵੈਸੇ ਤਾਂ ਇਸ ਤੋਂ ਪਹਿਲੇ ਸਫਰ ਵਿਚ ਵੀ ਅਤੇ ਇਸ ਤੋਂ ਬਾਅਦ ਵਾਲੇ ਸਫਰ ਵਿਚ ਵੀ ਕਈ ਸੁੰਦਰ ਨਜ਼ਾਰੇ ਦੇਖਣ ਨੂੰ ਮਿਲਦੇ ਹਨ ਪਰ ਇਸ ਛੋਟੀ ਜਿਹੀ ਝੀਲ ਦਾ ਨਜ਼ਾਰਾ ਆਪਣਾ ਹੀ ਹੈ। ਝੀਲ ਦੇ ਕੋਲ ਠੰਡ ਵੀ ਇਕੋ ਦਮ ਵਧ ਜਾਂਦੀ ਹੈ ਕਿਉਂ ਜੋ ਠੰਡੀ ਹਵਾ ਦੇ ਬੁੱਲੇ ਕੁਝ ਹਲਕੇ, ਕੁਝ ਤੇਜ਼ ਠੁਮਕਦੇ ਹੀ ਰਹਿੰਦੇ ਹਨ।
‘ਦਰਚਾ' ਪਹੁੰਚ ਕੇ ਪੁਲੀਸ ਦੀ ਚੌਂਕੀ 'ਤੇ ਸੂਚਨਾ ਦਰਜ਼ ਕਰਵਾਉਣੀ ਪੈਂਦੀ ਹੈ। ਇਥੇ ਵੀ ਚਾਹ-ਨਾਸ਼ਤੇ ਦੀਆਂ ਕੁਝ ਦੁਕਾਨਾਂ ਹਨ। ਜੇ ਸਫਰ ਦੀ ਥਕਾਵਟ ਜ਼ਿਆਦਾ ਹੋ ਰਹੀ ਹੋਵੇ ਤਾਂ ਕੁਝ ਦੇਰ ਆਰਾਮ ਕੀਤਾ ਜਾ ਸਕਦਾ ਹੈ। ਦਰਚਾ ਤੋਂ ਇਕ ਪੁਲ ਪਾਰ ਕਰਕੇ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ। ਡੂੰਘੀਆਂ ਖਾਈਆਂ ਕਈਆਂ ਲਈ ਘਬਰਾਹਟ ਦਾ ਕਾਰਨ ਬਣ ਜਾਂਦੀਆਂ ਹਨ। ਸਿਰ ਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ ਜਾਂ ਉਲਟੀਆਂ ਸ਼ੁਰੂ ਹੋ ਜਾਂਦੀਆਂ ਹਨ।
ਦਰਚਾ ਤੋਂ ਬਾਅਦ ਦੇ ਸਫਰ ਦੌਰਾਨ ਬਸਤੀਆਂ ਨਾ ਦੇ ਬਰਾਬਰ ਹੀ ਦਿਖਦੀਆਂ ਹਨ। ਆਵਾਜਾਈ ਬਹੁਤ ਘੱਟ ਹੈ। ਕਿਤੇ ਕਿਤੇ ਕੋਈ ਟਰੱਕ ਜਾਂ ਗੱਡੀ ਦਿਖਾਈ ਦਿੰਦੀ ਹੈ। ਰਸਤੇ ਵਿਚ ‘ਬਾਰਾਲਾਚਾ ਲਾ' ਵਿਚੋਂ ਦੀ ਲੰਘੇ ਜਿਸ ਦੀ ਸਮੁੰਦਰ ਤੱਟ ਤੋਂ ਉਚਾਈ 4895 ਮੀਟਰ ਹੈ। ਇਸ ਰਸਤੇ 'ਤੇ ਸੜਕ ਦੀ ਹਾਲਤ ਪਹਿਲੀ ਵਰਗੀ ਨਹੀਂ ਭਾਵ ਸੜਕ ਬਹੁਤੀ ਠੀਕ ਨਹੀਂ। ਕਈ ਥਾਂ ਤਾਂ ਸੜਕ ਨਾਂ ਦੀ ਕੋਈ ਚੀਜ਼ ਹੀ ਨਹੀਂ। ਕਈ ਵਾਰ ਡਰਾਇਵਰ ਨੂੰ ਇਕੋ ਦਮ ਕਿਸੇ ਖਤਰਨਾਕ ਮੋੜ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ।
ਪਹਿਲੇ ਦਿਨ ਦਾ ਆਖਰੀ ਪੜਾ ‘ਸੁਰਚੂ' ਕਰਨਾ ਪੈਂਦਾ ਹੈ। ਪਰ ਸਰਚੂ ਤੋਂ ਪਹਿਲਾਂ ਰਸਤਾ ਕਾਫੀ ਖਰਾਬ ਹੈ। ਕਈ ਵਾਰ ਤਾਂ ਦਰਿਆਨੁਮਾ ਪਾਣੀ ਵਿਚੋਂ ਗੱਡੀਆਂ ਕੱਢਣੀਆਂ ਪੈਂਦੀਆਂ ਹਨ। ਸੁਰਚੂ ਤੋਂ 20 ਕੁ ਕਿਲੋਮੀਟਰ ਪਹਿਲਾਂ ‘ਭਰਤਪੁਰ' ਆਉਂਦਾ ਹੈ। ਖੁੱਲ੍ਹੀ ਥਾਂ 'ਤੇ ਕਈ ਟੈਂਟ ਲੱਗੇ ਹੋਏ ਹਨ। ਅਸਲ ਵਿਚ ਇਹ ਸਾਰੇ ਢਾਬੇਨੁਮਾ ਟੈਂਟ ਹਨ ਜਿੱਥੇ ਚਾਹ-ਪਾਣੀ ਦਾ ਇਤਜਾਮ ਹੈ। ਜੇ ਕਿਸੇ ਤੋਂ ਸੁਰਚੂ ਨਾ ਪਹੁੰਚਿਆ ਜਾ ਸਕਦਾ ਹੋਵੇ ਤਾਂ ਇਥੇ ਰਾਤ ਵੀ ਕੱਟੀ ਜਾ ਸਕਦੀ ਹੈ। ਪਰ ਰਾਤ ਨੂੰ ਠੰਡ ਬਹੁਤ ਹੋ ਜਾਂਦੀ ਹੈ ਕਿਉਂਕਿ ਟੈਂਟਾਂ ਤੋਂ ਥੋੜ੍ਹੀ ਦੂਰ ਹੀ ਪਾਣੀ ਵਹਿੰਦਾ ਹੈ ਜਿਵੇਂ ਬਿਨਾਂ ਕੰਢਿਆਂ ਤੋਂ ਕੋਈ ਨਹਿਰ ਹੋਵੇ।ਭਰਤਪੁਰ ਤੋਂ ਸੁਰਚੂ ਤੱਕ ਦਾ ਰਸਤਾ ਭਾਵੇਂ ਬਹੁਤਾ ਪਹਾੜੀ ਨਹੀਂ, ਪਰ ਸੜਕ ਬਹੁਤ ਖਰਾਬ ਹੈ। ਭਰਤਪੁਰ ਤੋਂ ਪੰਜ ਸੱਤ ਕਿਲੋਮੀਟਰ ਦੂਰ ਗਲੇਸ਼ੀਅਰ ਦੇ ਪਾਣੀ ਦਾ ਵਹਾਅ ਹੈ। ਇਥੇ ਪੱਥਰ ਵੀ ਬਹੁਤ ਪਏ ਹਨ। ਕਈ ਵਾਰ ਗੱਡੀਆਂ ਪਾਣੀ ਵਿਚ ਫਸ ਜਾਂਦੀਆਂ ਹਨ। ਇਸ ਲਈ ਦਿਨ ਦੇ 4-5 ਵਜੇ ਤੱਕ ਇਥੋਂ ਲੰਘ ਜਾਣਾ ਚਾਹੀਦਾ ਹੈ, ਕਿਉਂਕਿ ਜੇ ਗੱਡੀ ਪਾਣੀ ਵਿਚ ਫਸ ਜਾਵੇ ਤਾਂ ਕਿਸੇ ਤੋਂ ਸਹਾਇਤਾ ਲਈ ਜਾ ਸਕਦੀ ਹੈ। ਇਸ ਤੋਂ ਬਾਅਦ ਵੀ ਕੁਝ ਦੇਰ ਪਾਣੀ ਵਿਚ ਹੀ ਗੱਡੀ ਚਲਾਉਣੀ ਪੈਂਦੀ ਹੈ, ਪਰ ਇਥੇ ਬਹੁਤਾ ਖਤਰਾ ਨਹੀਂ।
‘ਸਰਚੂ' ਤੋਂ ਚਾਰ ਕੁ ਕਿਲੋਮੀਟਰ ਪਹਿਲਾਂ ਇਕ ਖੁੱਲ੍ਹੀ ਵਾਦੀ ਹੈ। ਇਥੇ ਕੁਝ ਟੂਰਿਸਟ ਕੰਪਨੀਆਂ ਨੇ ਆਪਣੇ ਟੈਂਟ ਲਾਏ ਹੋਏ ਹਨ ਪਰ ਇਨ੍ਹਾਂ ਟੈਂਟਾਂ ਦੀ ਬੁਕਿੰਗ ਮਨਾਲੀ ਤੋਂ ਹੀ ਕਰਵਾਉਣੀ ਪੈਂਦੀ ਹੈ। ਇਕ ਟੈਂਟ ਵਿਚ ਤਿੰਨ ਜਾਂ ਚਾਰ ਮੰਜੇ ਅਤੇ ਬਿਸਤਰੇ ਹੁੰਦੇ ਹਨ। ਇਕ ਟੈਂਟ ਲਈ 1600 ਰੁਪਏ ਦੇਣੇ ਪੈਂਦੇ ਹਨ। ਚਾਹ, ਰਾਤ ਦਾ ਖਾਣਾ, ਸਵੇਰ ਦੀ ਚਾਹ, ਨਾਸ਼ਤਾ ਅਤੇ ਪੈਕਡ ਲੰਚ ਇਸੇ ਵਿਚ ਹੀ ਹੁੰਦਾ ਹੈ। ਇਥੇ ਠੰਡ ਕਾਫੀ ਹੁੰਦੀ ਹੈ, ਖਾਸ ਕਰ ਸ਼ਾਮ ਤੋਂ ਬਾਅਦ।ਪਰ ਸੂਰਜ ਦੀਆਂ ਕਿਰਨਾਂ ਜਦੋਂ ਪਹਾੜਾਂ 'ਤੇ ਪੈਂਦੀਆਂ ਹਨ ਤਾਂ ਪਹਾੜ ਕਿਸੇ ਅਜਬ ਜਿਹੇ ਰੰਗ ਵਿਚ ਹੀ ਰੰਗੇ ਹੁੰਦੇ ਹਨ। ਸਵੇਰ ਦੇ ਸੂਰਜ ਦੀਆਂ ਕਿਰਨਾਂ ਕਿਸੇ ਦੂਜੇ ਪਾਸੇ ਦੀ ਪਹਾੜੀ ਨੂੰ ਨਵੀਂ ਰੰਗਤ ਪ੍ਰਦਾਨ ਕਰ ਰਹੀਆਂ ਹੁੰਦੀਆਂ ਹਨ। ਇਹ ਥਾਂ ਸਮੁੰਦਰੀ ਤੱਟ ਤੋਂ 5000 ਮੀਟਰ ਦੀ ਉਚਾਈ 'ਤੇ ਹੈ। ਇਥੇ ਆਕਸੀਜਨ ਦੀ ਮਾਤਰਾ ਘੱਟ ਹੈ, ਇਸ ਲਈ ਕਈਆਂ ਨੂੰ ਸਾਹ ਲੈਣ ਵਿਚ ਦਿੱਕਤ ਮਹਿਸੂਸ ਹੁੰਦੀ ਹੈ। ਕਈ ਵਾਰ ਰਾਤ ਨੂੰ ਸੁੱਤੇ ਸੁੱਤੇ ਨੀਂਦ ਖੁੱਲ੍ਹ ਜਾਂਦੀ ਹੈ ਕਿਉਂ ਜੋ ਸਾਹ ਲੈਣ 'ਚ ਮੁਸ਼ਕਿਲ ਹੁੰਦੀ ਹੈ।
ਸਵੇਰ ਦੇ ਸਮੇਂ ਵੀ ਸੂਰਜ ਦੀਆਂ ਕਿਰਨਾਂ ਜਦੋਂ ਕਿਸੇ ਪਹਾੜੀ ਨਾਲ ਅਠਖੇਲੀਆਂ ਕਰਦੀਆਂ ਹਨ ਤਾਂ ਮਨ ਮੰਤਰ ਮੁਗਧ ਹੋ ਜਾਂਦਾ ਹੈ। ਅਸਲ ਵਿਚ ਸੁਰਚੂ ਵਰਗੀ ਥਾਂ 'ਤੇ ਕੁਝ ਪਲ ਨਿਵੇਕਲੇ ਜਿਹੇ ਬੈਠ ਕੇ ਕੁਦਰਤ ਨੂੰ ਜ਼ਰੂਰ ਨਿਹਾਰਣਾ ਚਾਹੀਦਾ ਹੈ ਕਿਉਂ ਜੋ ਜ਼ਿੰਦਗੀ ਵਿਚ ਅਜਿਹੇ ਦ੍ਰਿਸ਼ਾਂ ਨੂੰ ਦੇਖਣ ਦਾ ਮੌਕਾ ਵਾਰ ਵਾਰ ਨਹੀਂ ਮਿਲਦਾ।
ਸਰਚੂ ਤੋਂ ਸਵੇਰੇ 7-8 ਵਜੇ ਸਫਰ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਥੋਂ ਲੇਹ ਤੱਕ ਦਾ ਸਫਰ ਵੀ ਤਕਰੀਬਨ ਪਹਿਲੇ ਦਿਨ ਜਿਨ੍ਹਾਂ ਹੀ ਹੈ। ਸੁਰਚੂ ਤੋਂ ਪਾਂਗ' ਤੱਕ ਦਾ 73ਕਿਲੋਮੀਟਰ ਦਾ ਸਫਰ ਤਾਂ ਕਾਫੀ ਦੁਸ਼ਵਾਰੀ ਭਰਿਆ ਹੈ। ਦੋ ਪਹਾੜਾਂ ਨੂੰ ਪਾਰ ਕਰਨਾ ਪੈਂਦਾ ਹੈ। ਕਿਤੇ ਕਿਤੇ ਸੜਕ ਦੀ ਹਾਲਤ ਵੀ ਕਾਫੀ ਤਰਸਯੋਗ ਹੈ। ਚੜ੍ਹਾਈ ਚੜ੍ਹਦੇ ਸਮੇਂ ਗੱਡੀ ਦਾ ਜ਼ੋਰ ਵੀ ਜ਼ਿਆਦਾ ਲੱਗਦਾ ਹੈ। ਜਦੋਂ ਕਿਤੇ ਦੂਜੇ ਪਾਸਿਓਂ ਕੋਈ ਫੌਜੀ ਟਰੱਕ ਜਾਂ ਹੋਰ ਗੱਡੀ ਆ ਜਾਵੇ ਤਾਂ ਗੱਡੀਆਂ ਨੂੰ ਅੱਗੇ ਪਿੱਛੇ ਕਰਕੇ ਇਕ ਦੂਜੇ ਲਈ ਰਸਤਾ ਬਣਾਉਣਾ ਪੈਂਦਾ ਹੈ। ਇਕ ਪਾਸੇ ਖੱਡਾਂ ਦੀ ਗਹਿਰਾਈ ਵਧਦੀ ਜਾਂਦੀ ਹੈ, ਦੂਜੇ ਪਾਸੇ ਪਹਾੜਾਂ ਦੀ ਉਚਾਈ। ਗੱਡੀ ਜਿਵੇਂ ਜਿਵੇਂ ਉਪਰ ਜਾਂਦੀ ਹੈ ਦਿਲ ਉਵੇਂ ਉਵੇਂ ਹੀ ਬੈਠਦਾ ਜਾਂਦਾ ਹੈ। ਰਸਤੇ ਵਿਚ ਇਨਸਾਨ ਤਾਂ ਕੀ ਕੋਈ ਪਰਿੰਦਾ ਵੀ ਨਹੀਂ ਦਿਖਦਾ। ਸਿਰਫ ਪਹਾੜਾਂ ਦੀ ਦੁਨੀਆਂ। ਪਰ ਕੁਦਰਤੀ ਸੁੰਦਰਤਾ ਅਸੀਮ ਹੈ। ਕਈ ਥਾਂ ਤਾਂ ਦਿਲ ਕਰਦਾ ਹੈ ਕਿ ਗੱਡੀ ਰੋਕ ਕੇ ਕਿਸੇ ਇਕ ਪਾਸੇ ਟਿਕਟਕੀ ਲਗਾਈ ਦੇਖਦੇ ਜਾਓ ਪਰ ਦਿਲ ਦੀ ਕਿਸੇ ਨੁੱਕਰੇ ਬੈਠਾ ਡਰ ਇਹ ਵੀ ਕਹਿੰਦਾ ਹੈ ਕਿ ਜਿੰਨੀ ਜਲਦੀ ਹੋ ਸਕੇ ਇਥੋਂ ਲੰਘੋ। ਸਾਈਕਲਾਂ 'ਤੇ ਜਾਣ ਵਾਲੇ ਵਿਦੇਸ਼ੀ ਸੈਲਾਨੀ ਅਜਿਹੀ ਸੁੰਦਰਤਾ ਨੂੰ ਜ਼ਿਆਦਾ ਮਾਣਦੇ ਹਨ।
‘ਪਾਂਗ' ਤੋਂ ਤਕਰੀਬਨ ਵੀਹ ਕੁ ਕਿਲੋਮੀਟਰ ਪਹਿਲਾਂ ਰਸਤਾ ਕਾਫੀ ਖਰਾਬ ਹੈ। ਇਕ ਥਾਂ ਬੋਰਡ 'ਤੇ ਚਿਤਾਵਨੀ ਲਿਖੀ ਹੋਈ ਹੈ ‘‘ਜ਼ਮੀਨ ਧਸ ਰਹੀ ਹੈ।''ਇਕ ਥਾਂ ਪਾਣੀ ਵਿਚ ਪੱਥਰ ਹੀ ਪੱਥਰ ਹਨ। ਇਕ ਪਾਸੇ ਦਾ ਪਹਾੜ ਇੰਜ ਲੱਗਦਾ ਹੈ ਜਿਵੇਂ ਗਿਰਿਆ ਕਿ ਗਿਰਿਆ। ਇਸ ਰਸਤੇ 'ਤੇ ਗੱਡੀ ਚਲਾਉਣਾ ਵੀ ਇਕ ਕਿਸਮ ਦੀ ਕਲਾਕਾਰੀ ਹੀ ਹੈ। ਧੰਨ ਹਨ ਟੱਰਕਾਂ ਵਾਲੇ ਡਰਾਈਵਰ ਜਿਹੜੇ ਟਨਾ ਦਾ ਭਾਰ ਲੱਦੇ ਟਰੱਕਾਂ ਨੂੰ ਅਜਿਹੇ ਰਸਤਿਆਂ ਤੋਂ ਲੈ ਕੇ ਜਾਂਦੇ ਹਨ।
ਸਰਚੂ ਤੋਂ ਪਾਂਗ ਤੱਕ ਸਾਢੇ ਚਾਰ ਜਾਂ ਪੰਜ ਘੰਟੇ ਲੱਗ ਜਾਂਦੇ ਹਨ। ਪਾਂਗ ਪਹੁੰਚ ਕੇ ਖੁੱਲ੍ਹੀ ਜਿਹੀ ਵਾਦੀ ਦੇਖ ਕੇ ਆਦਮੀ ਖੁੱਲ੍ਹ ਕੇ ਸਾਹ ਲੈਂਦਾ ਹੈ। ਚਾਹ ਪਾਣੀ ਦੀਆਂ ਦੁਕਾਨਾਂ ਹਨ। ਖਾਣ ਦਾ ਸਮਾਨ ਵੀ ਮਿਲ ਜਾਂਦਾ ਹੈ। ਗੱਡੀਆਂ ਦੀ ਮੁਰੰਮਤ ਲਈ ਮਕੈਨਿਕ ਵੀ ਹੈ। ਛੋਟੇ ਜਿਹੇ ਬਾਜ਼ਾਰ ਦੇ ਨਾਲ ਹੀ ਫੌਜੀਆਂ ਦੀ ਛਾਉਣੀ ਹੈ।
ਪਾਂਗ ਤੋਂ ਬਾਅਦ ਫੇਰ ਪਹਾੜੀ ਚੜ੍ਹਨੀ ਪੈਂਦੀ ਹੈ ਪਰ ਥੋੜ੍ਹੀ ਦੇਰ ਬਾਅਦ ਹੀ ਪੱਧਰੀ ਸੜਕ ਬਣੀ ਹੋਈ ਹੈ।ਸੜਕ ਭਾਵੇਂ ਛੋਟੀ ਹੈ ਪਰ ਹੈ ਵਧੀਆ ਹਾਲਤ 'ਚ। ਅਸਲ ਵਿਚ ਇਹ ਇਲਾਕਾ ਇਕ ਖੁੱਲ੍ਹੀ ਵਾਦੀ ਹੈ। ਜੇ ਗੱਡੀ ਦੇ ਦੋਵੇਂ ਪਾਸੇ ਦੂਰ ਦਿਖਦੇ ਪਹਾੜਾਂ ਵੱਲ ਨਾ ਦੇਖੀਏ ਤਾਂ ਮੈਦਾਨੀ ਇਲਾਕਾ ਹੀ ਲੱਗਦਾ ਹੈ। ਪਹਾੜੀ ਸਫਰ ਵਿਚ ਅਜਿਹੀ ਸੜਕ ਖੁਸ਼ਕਿਸਮਤੀ ਨਾਲ ਹੀ ਮਿਲਦੀ ਹੈ ਪਰ ਰਸਤੇ ਵਿਚ ਕਿਤੇ ਕੋਈ ਆਬਾਦੀ ਨਹੀਂ। ਇਕ ਦੋ ਥਾਂ ਮਿਲਟਰੀ ਵਾਲਿਆਂ ਦੇ ਬੈਰੀਅਰ 'ਤੇ ਆਪਣੇ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ। ਇਸ ਤੋਂ ਬਾਅਦ ਵੀ ਥੋੜ੍ਹਾ ਜਿਹਾ ਵਿੰਗਾ-ਟੇਡਾ ਰਾਹ ਆਉਂਦਾ ਹੈ ਪਰ ਇਸ 'ਤੇ ਬਹੁਤਾ ਡਰ ਨਹੀਂ ਲੱਗਦਾ।
ਪਾਂਗ ਤੋਂ ਉਪਸੀ ਤੱਕ 125 ਕਿਲੋਮੀਟਰ ਦਾ ਸਫਰ ਹੈ। ਉਪਸੀ ਤੋਂ ਬਾਅਦ ਦੇ ਨਿਵਾਣ ਪਹਾੜਾਂ ਵਿਚ ਕਿਤੇ ਕਿਤੇ ਹਰਿਆਲੀ ਦਿਖਾਈ ਦੇਣ ਲੱਗ ਜਾਂਦੀ ਹੈ। ਬਸਤੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ। ਰੰਗ-ਬਰੰਗੇ ਪਹਾੜ ਵੀ ਆ ਝਲਕਦੇ ਹਨ ਜਿਨ੍ਹਾਂ ਲਈ ਲੇਹ ਵਿਸ਼ਵ ਪ੍ਰਸਿੱਧ ਹੈ। ਕਿਤੇ ਕਿਤੇ ਹਲਕੇ ਭੂਰੇ, ਲਾਲ,ਸਲੇਟੀ, ਕਾਲੇ ਰੰਗਾਂ ਦੇ ਪਹਾੜਾਂ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਹੈ, ਜੋ ਮੀਲਾਂ ਤੱਕ ਚਲਦਾ ਰਹਿੰਦਾ ਹੈ।ਸੜਕ ਦੇ ਇਕ ਪਾਸੇ ਮਿੱਟੀ ਦੇ ਪਹਾੜ, ਦੂਜੇ ਪਾਸੇ ਸਿੰਧ ਦਰਿਆ ਅਤੇ ਨਾਲ ਹੀ ਰੰਗ ਬਰੰਗੇ ਪਹਾੜ।ਕਈ ਥਾਂ ਪਹਾੜਾਂ ਵਿਚ ਇਕੋ ਰੰਗ ਦੀ ਬਰਾਬਰ ਦੀ ਪੱਟੀ ਵੀ ਕਈ ਕਈ ਮੀਲ ਤੱਕ ਦਿਖਾਈ ਦਿੰਦੀ ਹੈ।
‘ਕਾਰੂ' ਮਿਲਟਰੀ ਦੀ ਵੱਡੀ ਛਾਉਣੀ ਹੈ। ਇਥੇ ਹੀ ਦੁਨੀਆਂ ਵਿਚ ਸਭ ਤੋਂ ਵੱਧ ਉਚਾਈ 'ਤੇ ਸਥਿਤ ਗੋਲਫ ਗਰਾਊਂਡ ਹੈ।
ਸੁਰਚੂ ਤੋਂ ਲੇਹ ਤੱਕ ਤਕਰੀਬਨ 12 ਘੰਟੇ ਦਾ ਸਫਰ ਹੈ ਪਰ ਸੁਰਚੂ ਤੋਂ ਪਾਂਗ ਤੱਕ ਦਾ ਸਫਰ ਜੇ ਅਕਾਊ ਅਤੇ ਡਰਾਉਣ ਵਾਲਾ ਹੈ ਤਾਂ ਲੇਹ ਤੋਂ ਪਹਿਲਾਂ ਦੇ ਰੰਗ ਬਰੰਗੇ ਪਹਾੜਾਂ ਦਾ ਨਜ਼ਾਰਾ ਦਿਲ ਨੂੰ ਹੁਲਾਰਾ ਦੇਣ ਵਾਲ ਹੈ। ਲੇਹ ਪਹੁੰਚ ਕੇ ਇਕ ਅਕਹਿ ਖੁਸ਼ੀ ਹੁੰਦੀ ਹੈ ਕਿ ਦੇਸ਼ ਦੇ ਦੂਜੇ ਹਿੱਸੇ ਵਿਚ ਪਹੁੰਚ ਗਏ ਹਾਂ।
ਜੇ ਦਿੱਲੀ ਤੋਂ ਲੇਹ ਤੱਕ ਹਵਾਈ ਜਹਾਜ਼ ਰਾਹੀਂ ਜਾਣਾ ਹੋਵੇ ਤਾਂ ਸਿਰਫ ਪੰਜਾਹ ਮਿੰਟ ਲਗਦੇ ਹਨ, ਪਰ ਜੋ ਅਨੁਭਵ ਸੜਕ ਰਾਹੀਂ ਪ੍ਰਾਪਤ ਹੁੰਦਾ ਹੈ, ਉਸ ਦਾ ਕੋਈ ਸਾਨੀ ਨਹੀਂ। ਜਦੋਂ ਵੀ ਕਦੇ ਲੇਹ ਜਾਣ ਦਾ ਮੌਕਾ ਮਿਲੇ ਤਾਂ ਇਕ ਪਾਸੇ ਦਾ ਸਫਰ ਸੜਕ ਰਾਹੀਂ ਜ਼ਰੂਰ ਕਰਨਾ ਚਾਹੀਦਾ ਹੈ।
ਇਹ ਸਫਰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਮਜ਼ਦੂਰਾਂ, ਇੰਜੀਨੀਅਰਾਂ ਨੂੰ ਜਿਨ੍ਹਾਂ ਨੇ ਅਜਿਹੇ ਰਸਤਿਆਂ 'ਤੇ ਸੜਕਾਂ ਦਾ ਨਿਰਮਾਣ ਕੀਤਾ, ਉਹ ਫੌਜੀ ਜੋ ਰਸਤਿਆਂ ਤੋਂ ਬਰਫ ਹਟਾਉਂਦੇ ਹਨ, ਉਹ ਡਰਾਈਵਰ ਜੋ ਭਰੇ ਟਰੱਕਾਂ ਨੂੰ ਲੈ ਕੇ ਪਹਾੜਾਂ ਨੂੰ ਚੀਰਦੇ ਜਾਂਦੇ ਹਨ ਅਤੇ ਉਹ ਸੈਲਾਨੀ ਵੀ ਜੋ ਕਾਦਰ ਦੀ ਕੁਦਰਤ ਨੂੰ ਮਾਨਣ ਲਈ ਅਜਿਹੇ ਦੁਸ਼ਵਾਰ ਰਸਤਿਆਂ ਦਾ ਸਫਰ ਕਰਦੇ ਹਨ ਸਭ ਨੂੰ ਨਤਮਸਤਕ ਹੋਣ ਨੂੰ ਦਿਲ ਕਰਦਾ ਹੈ।
Add a review