ਚਿੱਠੀਆਂ? ਉਹ ਕੌਣ ਹੁੰਦੀਆਂ ਨੇ? ਅਸਾਂ ਤਾਂ ਕਦੀ ਨਾ ਵੇਖੀਆਂ, ਨਾ ਸੁਣੀਆਂ…ਮੈਸੇਜ…ਵੱਟਸਐਪ…ਮੋਬਾਈਲ ਤੇ ਹੋਰ ਲਟਰਮ ਪਟਰਮ ਤਾਂ ਵੇਖੇ-ਸੁਣੇ ਨੇ…ਚੌਵੀ ਘੰਟੇ…ਹਰ ਘੰਟੀ ਨਾਲ ਹਾਜ਼ਰ ਨਾਜ਼ਰ, ਪਰ ਇਕ ਵਾਰ ਵੇਖੋ, ਸੁਣੋ ਤੇ ਇਹ ਐਸੇ ਜਾਂਦੇ ਨੇ ਕਿ ਕਦੀ ਮੁੜ ਕੇ ਨਹੀਂ ਆਉਂਦੇ ਇਹ ਸਿਰ ਸੜੇ…।
ਤੇ ਚਿੱਠੀਆਂ? ਬਿਨ ਖੰਭੋਂ ਉਡਦੀਆਂ ਇਹ ਤਿੱਤਲੀਆਂ…ਇਨ੍ਹਾਂ ਨੂੰ ਹੱਥਾਂ ਵਿਚ ਫੜ ਕੇ ਚੁੰਮੋ, ਦੁਲਾਰੋ, ਕਲੇਜੇ ਨਾਲ ਲਾਓ… ਠੰਢ ਪੈ ਜਾਏ ਜਨਮਾਂ-ਜਨਮਾਂਤਰਾਂ ਤਕ…ਫਿਰ ਸਾਂਭ ਸਾਂਭ ਰੱਖੋ… ਰੇਸ਼ਮੀ ਰੁਮਾਲਾਂ ਵਿਚ, ਭਾਵੇਂ ਛੁਪਾ ਛੁਪਾ ਕੇ ਪੜ੍ਹਨ ਵਾਲੀਆਂ ਕਾਪੀਆਂ-ਕਿਤਾਬਾਂ ਵਿਚ। ਜਦੋਂ ਜੀਅ ਕਰੇ ਕੱਢੋ, ਤੈਹਾਂ ਖੋਲ੍ਹੋ ਤੇ ਵਿਚੋਂ ਲਿਸ਼ਕਦੀਆਂ ਅੱਖਾਂ ਦਿਸਣ, ਮੁਸਕਰਾਉਂਦੇ ਹੋਠ ਹਿੱਲਣ, ਹੱਸਦੇ ਰੁੱਸਦੇ ਨਿਹੌਰੇ ਦਿਸਣ…ਫਿਰ ਚੁੰਮ ਕੇ ਠੱਪ ਕੇ ਰੱਖ ਦਿਓ…ਜਦੋਂ ਦਿਲ ਉਦਾਸ ਹੋਵੇ ਜਾਂ ਮਨ ਵਿਚ ਹੁਲਾਸ ਹੋਵੇ…ਫਿਰ ਕੱਢੋ, ਫਿਰ ਵੇਖੋ, ਫਿਰ ਪੜ੍ਹੋ…ਹਜ਼ਾਰ ਵਾਰ, ਸਾਲਾਂ ਦੇ ਸਾਲ ਸਾਂਭੋ…ਇਹ ਚਿਰ ਜੀਵੀਆਂ…ਕਦੀ ਵੀ ਸਾਥ ਨਾ ਛੱਡਣ ਵਾਲੀਆਂ ਇਹ ਤੁਹਾਡੀਆਂ ਗੂੜ੍ਹੀਆਂ ਮਿੱਤਰ…ਤੁਹਾਡੀਆਂ ਹਮਰਾਜ਼, ਹਮਦਰਦ ਨੇ ਇਹ ਚਿੱਠੀਆਂ।
ਤੇ ਜੇ ਕਦੀ ਆ ਜਾਏ ਕੋਈ ਗਰਮ ਗਰਮ, ਸੜੀ ਹੋਈ… ਸਾਰੇ ਪਾਸੋਂ ਲੂਹੀ ਹੋਈ… ਬਦਦਿਮਾਗ਼, ਬਦਤਮੀਜ਼, ਜਿਹੜੀ ਅਥਰੂਆਂ ਦੀ ਬਰਸਾਤ ਲੈ ਆਏ… ਕਲੇਜਾ ਬਾਹਰ ਨਿਕਲਣ ਨੂੰ ਆਏ… ਬਲਦੇ ਚੁੱਲ੍ਹੇ ਵਿਚ ਸੁੱਟਣ ਨੂੰ ਦਿਲ ਕਰੇ… ਪੁਰਜ਼ਾ ਪੁਰਜ਼ਾ ਕਰਕੇ ਕਲੇਜੇ ਵਿਚ ਮਸਾਂ ਠੰਢ ਪਵੇ… ਨਾ ਹੁੰਦਿਆਂ ਵੀ ਦਿਸਦੀਆਂ ਰਹਿਣ, ਵਾਰ ਵਾਰ ਯਾਦ ਆਉਣ ਆਪਣਿਆਂ ਦੇ ਜ਼ਹਿਰ ਭਿੱਜੇ ਬਾਣਾਂ ਨਾਲ।
ਜ਼ਿੰਦਗੀ ਵਿਚ ਹਜ਼ਾਰਾਂ ਚਿੱਠੀਆਂ ਆਈਆਂ। ਇਕ ਵੇਲਾ ਸੀ ਕਿ ਰਾਤੀਂ ਸੌਣ ਤੋਂ ਪਹਿਲਾਂ ਆਪਣੀਆਂ ਸਹੇਲੀਆਂ, ਦੋਸਤਾਂ ਨੂੰ ਲੰਮੇ ਲੰਮੇ ਖ਼ਤ ਲਿਖਦੀ…ਰਾਤੀਂ ਜੋ ਵੀ ਸੁਪਨਾ ਆਉਂਦਾ, ਉਹ ਵਰਕਿਆਂ 'ਤੇ ਚਿਤਰਦੀ, ਅਸਮਾਨ ਵਾਲੀ ਫੁੱਲਾਂ ਲੱਦੀ ਸੜਕ 'ਤੇ ਆਪਣੇ ਮਨਭਾਉਂਦੇ ਦੋਸਤ ਨਾਲ ਤੁਰਦੀ, ਗਾਉਂਦੀ.. ਐਸੀਆਂ ਅਵੱਲੀਆਂ, ਝੱਲੀਆਂ ਹਰਕਤਾਂ ਕਰਦੀ, ਜੋ ਜੀਅ ਕਰਦਾ ਉਹ ਕਰ ਸਕਦੀ… ਲਿਖ ਮਾਰਦੀ ਤੇ ਆਪਣੀ ਸਭ ਤੋਂ ਪਿਆਰੀ ਸਹੇਲੀ ਨੂੰ ਲਿਖਦੀ।
ਪਹਿਲੀਆਂ ਐਵੇਂ ਜਿਹੀਆਂ ਚਿੱਠੀਆਂ ਤਾਂ ਤੀਜੀ ਚੌਥੀ ਜਮਾਤ ਵਿਚ ਸਕੂਲੀ ਭੈਣ ਜੀ ਦੀਆਂ ਸਿਖਾਈਆਂ ਹੀ ਸਨ, ਪਰ ਜਦੋਂ ਮੈਂ ਪ੍ਰੀਤ ਨਗਰ ਨੂੰ ਆਖ਼ਰੀ ਸਲਾਮ ਕਹਿ ਕੇ ਅਟਾਰੀ ਆਈ ਤਾਂ ਅੱਧੀ ਉਥੇ ਹੀ ਰਹਿ ਗਈ… ਅੱਧੀ ਹੀ ਵਾਪਸ ਆ ਸਕੀ। ਮੇਰੀ ਪੱਕੀ ਸਹੇਲੀ ਮੇਰੀ ਕ੍ਰਿਸ਼ਨਾ ਤਾਂ ਉਥੇ ਹੀ ਰਹਿ ਗਈ ਜਿਸ ਨਾਲ ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਐਹੋ ਜਿਹੀ ਅਟੁੱਟਵੀਂ ਸਾਂਝ ਪਾਈ ਸੀ। ਅਸੀਂ ਰਾਤ, ਡੂੰਘੀ ਰਾਤ ਤਕ ਤਲਾਅ ਦੇ ਚੱਕਰ ਲਾਉਂਦੀਆਂ। ਮੈਂ ਆਪਣੀ ਹਰ ਗੱਲ ਉਸ ਨਾਲ ਸਾਂਝੀ ਕਰਦੀ… ਪਰ ਹੁਣ ਤਾਂ ਦੂਰ ਦਾ ਵਿਛੋੜਾ ਸੀ। ਭਾਵੇਂ ਅਟਾਰੀ ਪ੍ਰੀਤਨਗਰ ਤੋਂ ਕੁੱਲ ਚੌਦਾਂ ਕੁ ਮੀਲ ਹੀ ਦੂਰ ਸੀ, ਪਰ ਮੇਰੀ ਛੋਟੀ ਜਿਹੀ ਦੀ ਵੁੱਕਤ ਹੀ ਕੀ ਸੀ। ਸਭ ਤੋਂ ਵੱਡਾ ਦੁਖਾਂਤ ਇਹ ਸੀ ਕਿ ਮੈਨੂੰ ਹਿੰਦੀ ਲਿਖਣੀ ਪੜ੍ਹਨੀ ਨਹੀਂ ਸੀ ਆਉਂਦੀ ਤੇ ਏਸੇ ਤਰ੍ਹਾਂ ਉਸ ਨੂੰ ਪੰਜਾਬੀ ਨਹੀਂ ਸੀ ਆਉਂਦੀ..ਪਰ
''ਤੇਰੇ ਇਸ਼ਕ ਨਚਾਇਆ, ਕਰ ਥਈਆ ਥਈਆ''। ਉਸ ਵੇਲੇ ਮਸਾਂ ਬਾਰ੍ਹਾਂ ਕੁ ਸਾਲ ਦੀ ਉਮਰ ਵਿਚ ਮੈਂ ਉਸ ਨੂੰ ਚਿੱਠੀ ਲਿਖੀ…ਬੜੀ ਕੋਸ਼ਿਸ਼ ਕਰਕੇ…ਹਿੰਦੀ ਦੇ ਕਾਇਦੇ ਵਿੱਚੋਂ ਅੱਖਰ ਚੁੱਕ ਚੁੱਕ ਕਾਗ਼ਜ਼ 'ਤੇ ਜੜੇ ਤੇ ਚਿੱਠੀ ਪੁਸ਼ਾਕੇ ਪਹਿਨ ਕੇ ਤਿਆਰ ਹੋ ਗਈ। ਇਸ ਤੋਂ ਪਹਿਲਾਂ ਨਾ ਕਦੀ ਲੋੜ ਪਈ ਸੀ ਤੇ ਨਾ ਹੀ ਅਜਿਹਾ ਵੈਰਾਗ। ਸੋ, ਏਸੇ ਤਰ੍ਹਾਂ ਕ੍ਰਿਸ਼ਨਾ ਨੇ ਪੰਜਾਬੀ ਅੱਖਰ ਜੋੜ ਜੋੜ ਕੇ ਜਵਾਬ ਦਿੱਤਾ ਤੇ ਮੇਰਾ ਪਲੇਠਾ ਚਿੱਠੀਆਂ ਦਾ ਸਿਲਸਿਲਾ ਇੰਜ ਸ਼ੁਰੂ ਹੋਇਆ ਪਿਛੋਂ ਤਾਂ ਮੇਰੇ ਤੋਂ ਵੱਧ ਉਸ ਨੇ ਮਿਹਨਤ ਕੀਤੀ ਤੇ ਮੈਨੂੰ ਹਿੰਦੀ ਲਿਖਣ ਦੀ ਖੇਚਲ ਵੀ ਨਹੀਂ ਕਰਨੀ ਪਈ।
ਜਿਸ ਅਹਿਸਾਸ ਤੇ ਸ਼ਿੱਦਤ ਨਾਲ ਮੈਂ ਖ਼ਤ ਲਿਖਦੀ ਸਾਂ, ਉਸ ਦਾ ਮੈਨੂੰ ਤਾਂ ਨਹੀਂ ਸੀ ਪਤਾ ਪਰ ਕ੍ਰਿਸ਼ਨਾ ਨੇ ਦੱਸਿਆ ਕਿ ਜਦੋਂ ਵੀ ਤੇਰੀ ਚਿੱਠੀ ਆਉਂਦੀ ਹੈ, ਅਸੀਂ ਸਾਰਾ ਟੱਬਰ ਰਲ ਕੇ ਪੜ੍ਹਦੇ ਹਾਂ, ਸੁਣਦੇ ਹਾਂ। ਇਹ ਮੇਰਾ ਸਭ ਤੋਂ ਪਹਿਲਾ ਕੀਮਤੀ ਤੋਹਫ਼ਾ ਸੀ।
ਆਪਣੇ ਦਿਲ ਦੀ ਗੱਲ ਜਿਹੜੀ ਮੂੰਹ ਤਕ ਨਹੀਂ ਆਉਂਦੀ, ਜ਼ੁਬਾਨ ਬੋਲ ਨਹੀਂ ਸਕਦੀ…ਇਕ ਵੇਲਾ ਅਜਿਹਾ ਹੁੰਦਾ ਸੀ, ਹੁਣ ਤਾਂ ਬਿਨਾਂ ਸੋਚੇ ਸਮਝੇ, ਬੇਝਿਜਕ ਜੋ ਮੂੰਹ ਆਵੇ ਲੋਕੀ ਬੋਲ ਲੈਂਦੇ ਨੇ, ਬੋਲ ਸਕਦੇ ਨੇ ਪਰ ਅਸੀਂ ਲਿਹਾਜ਼ ਦੇ ਮਾਰੇ ਲੋਕ ਸਾਂ। ਸੌ ਵਾਰੀ ਸੋਚ ਕੇ ਵੀ ਗੱਲ ਮੂੰਹ ਤਕ ਆ ਕੇ ਰੁਕ ਜਾਂਦੀ ਸੀ ਕਿ ਕਿਸੇ ਦਾ ਦਿਲ ਨਾ ਦੁਖ ਜਾਏ…ਬਦਜ਼ੁਬਾਨੀ ਨਾ ਹੋ ਜਾਏ…ਇਹ ਸਿਰਫ਼ ਇਕ ਸੁਨੇਹਾ ਨਾ ਹੋ ਕੇ ਇਕ ਜੁਗਤ ਹੋ ਜਾਂਦੀ ਸੀ, ਆਪਾ ਦਰਸਾਉਣ ਦੀ, ਅੰਦਰਲੇ ਸੂਖ਼ਮ ਜਜ਼ਬਾਤਾਂ ਨੂੰ ਪ੍ਰਗਟਾਉਣ ਦੀ।
ਜੁਆਨੀ ਦੀ ਦਹਿਲੀਜ਼ 'ਤੇ ਖੜ੍ਹੀ ਸਾਂ…ਆਪਣੇ ਪੂਰੇ ਜਲੌਅ ਨਾਲ। ਜਿਵੇਂ ਹਰ ਜਗਦਾ ਦੀਵਾ ਸਮਝਦਾ ਹੈ ਕਿ ਉਸ ਵਰਗੀ ਰੌਸ਼ਨੀ ਹੋਰ ਕੋਈ ਨਹੀਂ ਦੇ ਸਕਦਾ… ਕਈ ਪਤੰਗੇ ਆਉਂਦੇ ਹਨ, ਮੰਡਰਾਉਂਦੇ ਹਨ…ਸਭ ਨਾਲ ਇੰਜ ਹੀ ਹੁੰਦਾ ਹੈ, ਕੋਈ ਮੰਨੇ ਨਾ ਮੰਨੇ…।
ਮੇਰੇ ਨਾਲ ਵੀ ਇੰਜ ਹੋ ਰਿਹਾ ਸੀ। ਸੱਤਾਂ ਪਰਦਿਆਂ ਵਿਚ ਵਲ੍ਹੇਟੀ ਵਿੱਚੋਂ ਵੀ ਸ਼ੁਆਵਾਂ ਨਿਕਲ ਰਹੀਆਂ ਸਨ, ਪਤੰਗੇ ਆ ਰਹੇ ਸਨ, ਖੰਭ ਸੜਾਅ ਕੇ ਜਾ ਰਹੇ ਸਨ।
ਇਕ ਚਿੱਠੀ ਨੇ ਤਾਂ ਐਨਾ ਵਖ਼ਤ ਪਾਇਆ ਕਿ ਮੇਰੀ ਕਹਾਣੀ ਹੀ ਬਣ ਗਈ।
ਮੇਰੇ ਭਾਪਾ ਜੀ ਕੰਟਰੈਕਟਰ ਸਨ। ਉਨ੍ਹੀਂ ਦਿਨੀਂ ਉਨ੍ਹਾਂ (ਬ੍ਰਹਮਪੁਰ) ਉੜੀਸਾ ਵਿਚ ਪੁਲੀਸ ਪੋਸਟ ਬਣਾਉਣ ਦਾ ਠੇਕਾ ਲਿਆ ਹੋਇਆ ਸੀ। ਸੰਘਣੇ ਸੁੰਨਸਾਨ ਜੰਗਲਾਂ ਵਿਚ, ਜਿੱਥੇ ਆਦੀਵਾਸੀਆਂ ਤੋਂ ਸਿਵਾ ਕੋਈ ਨਹੀਂ ਸੀ ਰਹਿੰਦਾ…ਉਥੇ ਵੀ ਪੁਲੀਸ ਦੇ ਠਿਕਾਣੇ ਬਣਾਉਣ ਲਈ ਉਹ ਆਪ ਤਾਂ ਕਦੀ-ਕਦਾਈਂ ਹੀ ਜਾਂਦੇ, ਪਰ ਆਪਣੇ ਕਰਿੰਦੇ ਰੱਖੇ ਹੋਏ ਸਨ।
ਉਨ੍ਹਾਂ ਵਿਚ ਹੀ ਕਰਤਾਰ ਸਿੰਘ ਦੁੱਗਲ ਦਾ ਭਣਵੱਈਆ ਵੀ ਸੀ, ਜੋ ਆਪਣੇ ਟੱਬਰ ਨਾਲ ਉਥੇ ਰਹਿੰਦਾ। ਇਕ ਵਾਰ ਉਹ ਆਪਣੀ ਧੀ ਨੂੰ ਵੀ ਨਾਲ ਲੈ ਆਇਆ ਜੋ ਮੇਰੇ ਹਾਣ ਦੀ ਹੀ ਸੀ…ਬੜੀ ਚੁਸਤ…ਜੋ ਛੇਤੀ ਹੀ ਮੇਰੀ ਸਹੇਲੀ ਬਣ ਗਈ ਤੇ ਹਰ ਵੇਲੇ ਆਪਣੇ ਮਾਮੇ ਦੀਆਂ ਸਿਫ਼ਤਾਂ ਕਰਦੀ…ਮੇਰਾ ਹੁੰਗਾਰਾ ਉਡੀਕਦੀ, ਹਫ਼ਤਾ ਕੁ ਰਹਿ ਕੇ ਵਾਪਸ ਚਲੀ ਗਈ।
ਕੁਝ ਦਿਨਾਂ ਪਿਛੋਂ ਹੀ ਇਕ ਗੋਰਾ ਚਿੱਟਾ, ਨੀਲੀਆਂ ਅੱਖਾਂ ਵਾਲਾ ਨੌਜਵਾਨ ਸਾਡੇ ਰਾਤ ਦੇ ਖਾਣੇ ਦੀ ਮੇਜ਼ 'ਤੇ ਸੀ, ਜੋ ਅੱਖਾਂ ਚੁਰਾ ਚੁਰਾ ਕੇ ਮੇਰੇ ਵੱਲ ਵੇਖ ਰਿਹਾ ਸੀ। ਪਤਾ ਨਹੀਂ ਕਿਉਂ ਮੈਨੂੰ ਉਸ ਦੀਆਂ ਅੱਖਾਂ ਵਿੱਚੋਂ ਨਿਕਲਦੇ ਸ਼ੋਅਲੇ ਅਸੁਖਾਵਾਂ ਸੇਕ ਦੇ ਰਹੇ ਸਨ ਤੇ ਅਜੀਬ ਜਿਹਾ ਖ਼ੌਫ਼ ਆ ਰਿਹਾ ਸੀ।
ਛੇਤੀ ਹੀ ਮੈਨੂੰ ਕੱਟਕ (ਉੜੀਸਾ) ਭੈਣ ਜੀ ਕੋਲ ਉਨ੍ਹਾਂ ਦੀ ਤੀਮਾਰਦਾਰੀ ਲਈ ਜਾਣਾ ਪਿਆ ਤੇ ਬੇਹੱਦ ਹੈਰਾਨ ਹੋਈ ਕਿ ਉਹ ਉਥੇ ਵੀ ਪਹੁੰਚ ਗਿਆ। ਇਕੋ ਕੰਪਨੀ ਵਿਚ ਕੰਮ ਕਰਨ ਕਰਕੇ ਭਾਈਆ ਜੀ ਦੀ ਵੀ ਜਾਣ-ਪਛਾਣ ਸੀ। ਦੋ ਤਿੰਨ ਗੇੜੇ ਉਸ ਉਨ੍ਹਾਂ ਦੇ ਘਰ ਦੇ ਵੀ ਲਾਏ… ਮੇਰੇ ਨਾਲ ਗੱਲ ਕਰਨ ਦਾ ਉਸ ਨੂੰ ਮੌਕਾ ਨਹੀਂ ਮਿਲ ਸਕਿਆ…ਉਸ ਭਖਦੀ ਅਸੁਖਾਵੀਂ ਤੱਕਣੀ ਤੋਂ ਮੈਨੂੰ ਖ਼ੌਫ਼ ਹੀ ਆਉਂਦਾ ਰਿਹਾ।
ਕੁਝ ਦਿਨਾਂ ਪਿਛੋਂ ਇਕ ਬੰਦ ਲਿਫ਼ਾਫ਼ਾ ਮੇਰੇ ਨਾਂਅ ਦਾ ਮੈਨੂੰ ਦਫ਼ਤਰ ਦੇ ਕਲਰਕ ਨੇ ਫੜਾਇਆ। ਮੇਰੀ ਡਾਕ ਤਾਂ ਬਹੁਤ ਆਉਂਦੀ ਸੀ, ਜਿਸ ਵਿਚ ਸਹੇਲੀਆਂ ਤੇ ਦੋਸਤ ਇਕ ਦੋ ਮੁੰਡਿਆਂ ਦੇ ਖਤ ਵੀ ਹੁੰਦੇ, ਭਾਵੇਂ ਅੱਜ ਤਕ ਭਾਪਾ ਜੀ ਜਾਂ ਕਿਸੇ ਨੇ ਵੀ ਮੇਰੀ ਡਾਕ ਨੂੰ ਕਦੀ ਖੋਲ੍ਹਿਆ ਨਹੀਂ ਸੀ, ਸਗੋਂ ਜਦੋਂ ਕੁਝ ਦਿਨ ਮੇਰੀ ਚਿੱਠੀ ਨਾ ਆਉਂਦੀ ਤਾਂ ਉਹ ਢੇਰ ਸਾਰੇ ਕਾਰਡ ਤੇ ਲਿਫ਼ਾਫ਼ੇ ਮੈਨੂੰ ਦਿੰਦੇ ਤੇ ਕਹਿੰਦੇ… ''ਰੌਣਕ ਖ਼ਤਮ ਹੋ ਰਹੀ ਹੈ, ਚਿੱਠੀਆਂ ਲਿਖ ਤਾਂ ਹੀ ਤੇ ਜਵਾਬ ਆਵੇਗਾ।'' ਤੇ ਮੈਂ ਹੱਸ ਕੇ ਥੱਬਾ ਫੜ ਲੈਂਦੀ।
ਪਰ ਇਹ ਓਪਰੀ ਜਿਹੀ ਲਿਖਾਈ ਸੀ। ਅਕਸਰ ਹੀ ਸ਼ੋਹਦਿਆਂ ਦੀਆਂ ਚਿੱਠੀਆਂ ਵੀ ਆ ਜਾਂਦੀਆਂ ਸਨ। ਚਿੱਠੀ ਅੰਗਰੇਜ਼ੀ ਵਿਚ ਸੀ। ਮੈਂ ਪੜ੍ਹਨੀ ਸ਼ੁਰੂ ਕੀਤੀ…ਉਹੀ…'ਚੌਧਵੀਂ ਕਾ ਚਾਂਦ' ਵਾਲੀ। ਹਾਲੀ ਮੈਂ ਪੂਰੀ ਪੜ੍ਹੀ ਵੀ ਨਹੀਂ ਸੀ ਕਿ ਦੂਜੇ ਕਮਰੇ ਵਿੱਚੋਂ ਭਾਈਆ ਜੀ ਨੂੰ ਆਉਂਦੇ ਦੇਖ ਕੇ ਪੁਰਜ਼ਾ ਪੁਰਜ਼ਾ ਕਰਕੇ ਬਾਰੀ ਵਿੱਚੋਂ ਹੇਠਾਂ ਸੁੱਟ ਦਿੱਤੀ।
ਇਨ੍ਹਾਂ ਭਾਈਆ ਜੀ ਹੁਰਾਂ ਬਾਰੇ ਵੀ ਲਿਖਣਾ ਜ਼ਰੂਰੀ ਹੈ ਕਿ ਉਹ ਸਾਡੇ ਸਭ ਤੋਂ ਵੱਡੇ ਭੈਣ ਜੀ ਦੇ ਪਤੀ ਸਨ ਜੋ ਬੇਹੱਦ ਅੱਖੜ ਤੇ ਬਦਦਿਮਾਗ਼ ਸਨ, ਉਹ ਦੱਸਵੀਂ ਫੇਲ੍ਹ ਪਰ ਆਪਣੇ ਆਪ ਨੂੰ ਯੂਨੀਵਰਸਿਟੀ ਦੇ ਸਕਾਲਰ ਤੋਂ ਘੱਟ ਨਾ ਸਮਝਦੇ। ਅੰਗਰੇਜ਼ੀ ਉਂਜ ਉਹ ਬਹੁਤ ਕੀ ਥੋੜ੍ਹੀ ਵੀ ਪੜ੍ਹ-ਲਿਖ ਨਾ ਸਮਝਦੇ…ਜਿਓਗਰਾਫੀਕਲੀ… ਤਾਂ ਉਹ ਕੋਸ਼ਿਸ਼ ਕਰਦੇ ਕਿ ਗੱਲ ਕਰਦਿਆਂ ਦੋ ਚਾਰ ਵਾਰ ਤਾਂ ਬੋਲ ਕੇ ਅਗਲੇ 'ਤੇ ਧਾਕ ਜਮਾ ਹੀ ਸਕਣ।
ਉਹ ਬੇਹੱਦ ਅੱਖੜ ਤੇ ਅੜੀਅਲ ਸਨ। ਘਰ ਵਿਚ ਪਹਿਲਾ ਜਵਾਈ ਹੋਣ ਕਰਕੇ ਬੜੇ ਲਾਡਾਂ ਮਲ੍ਹਾਰਾਂ ਨਾਲ ਪਾਲੀ ਆਪਣੀ ਲਾਹੌਰ ਲੇਡੀ ਮਕਲੈਗਨ ਕਾਲਜ ਪੜ੍ਹੀ ਬੱਚੀ ਨੂੰ ਉਨ੍ਹਾਂ ਦੇ ਲੜ ਲਾਇਆ ਸੀ, ਪਰ ਉਨ੍ਹਾਂ ਭੈਣ ਜੀ ਸਣੇ ਸਾਰੇ ਖਾਨਦਾਨ ਦੀ ਐਸੀ ਸੰਘੀ ਨੱਪੀ ਕਿ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ ਗੱਲ ਹੋ ਗਈ।
ਜੇ ਉਹ ਜਿਉਂਦੇ ਹੁੰਦੇ ਤਾਂ 'ਮੀ ਟੂ' ਵਾਲੀ ਲਹਿਰ ਨੇ ਉਨ੍ਹਾਂ ਨੂੰ ਸੌ ਵਾਰ ਫਾਂਸੀ ਦੇਣੀ ਸੀ। ਉਹ ਸ਼ਰਾਬ ਨਹੀਂ ਸਨ ਪੀਂਦੇ, ਪਰ ਆਪਣੇ ਆਪ ਨੂੰ ਕਿਸੇ ਤੋਂ ਵੀ ਵੱਧ ਪਾਕ-ਸਾਫ਼ ਤੇ ਕਰੈਕਟਰ ਵਾਲਾ ਸਮਝਦੇ। ਸਾਡੀਆਂ ਸਹੇਲੀਆਂ ਉਤੇ ਉਹ ਅਕਸਰ ਬੇਵਕੁਫ਼ਾਨਾ ਵਿਅੰਗ ਕੱਸਦੇ…ਉਨ੍ਹਾਂ ਕੋਲ ਹੁੰਦਿਆਂ ਸਾਡੇ ਵਿੱਚੋਂ ਕੋਈ ਵੀ ਕੁੜੀ ਆਪਣੇ ਆਪ ਨੂੰ ਸੁਰੱਖਿਅਤ ਨਾ ਸਮਝਦੀ…।
ਪਰ ਉਨ੍ਹਾਂ ਤਾਂ ਸਾਰੀਆਂ ਕੁੜੀਆਂ ਦੇ ਕਰੈਕਟਰ ਦਾ ਠੇਕਾ ਲਿਆ ਹੋਇਆ ਸੀ…ਉਨ੍ਹਾਂ ਮੇਰੇ ਹੱਥ ਵਿਚ ਚਿੱਠੀ ਵੇਖੀ ਤਾਂ ਚੌਥੇ ਕਮਰੇ ਵਿੱਚੋਂ ਭੱਜੇ ਆਏ। ਉਨ੍ਹਾਂ ਤੋਂ ਖ਼ੌਫ਼ਜ਼ਦਾ ਹੋ ਕੇ ਹੀ ਮੈਂ ਚਿੱਠੀ ਪਾੜੀ, ਕਿਉਂਕਿ ਹਰ ਵਾਰੀ ਉਨ੍ਹਾਂ ਦੇ ਭੱਦੇ ਤੇ ਅਸਭਿਅਕ ਵਿਅੰਗ ਸੁਣਨੇ ਤੇ ਸਹਿਣ ਕਰਨੇ ਔਖੇ ਹੀ ਨਹੀਂ ਸਗੋਂ ਬਰਦਾਸ਼ਤ ਤੋਂ ਬਾਹਰ ਸਨ, ਪਰ ਕੀ ਕਰਦੀ…ਵੱਡਾ ਭਾਈਆ ਸੀ, ਇੱਜ਼ਤ ਕਰਨੀ ਬਣਦੀ ਸੀ।
ਭਾਈਆ ਜੀ ਦੌੜ ਕੇ ਬਗ਼ੀਚੇ ਵਿਚ ਗਏ…ਚਿੱਠੀ ਦੇ ਟੋਟੇ ਚੁਣੇ, ਇਕ ਸਾਦਾ ਕਾਗ਼ਜ਼ ਲੈ ਕੇ ਆਪਣੀ ਅਕਲ ਮੁਤਾਬਕ ਗੋਂਦ ਨਾਲ ਜੋੜੇ ਤੇ ਐਨੀ ਮਿਹਨਤ ਕਰਕੇ ਚਿੱਠੀ ਤਿਆਰ ਕਰ ਲਈ… ਵਿਚੋਂ ਕੁਝ ਖੁੰਝ ਵੀ ਗਿਆ ਪਰ ਉਨ੍ਹਾਂ ਮੁਤਾਬਕ ਚਿੱਠੀ ਸਮਝ ਆਉਣ ਯੋਗ ਹੋ ਗਈ। ਚਿੱਠੀ ਵਿਚ ਲਿਖਿਆ ਸੀ, ਕਿ ਜਦ ਤੋਂ ਤੈਨੂੰ ਵੇਖਿਆ ਮੈਂ ਆਪਣੇ ਵਸ ਵਿਚ ਨਹੀਂ ਰਿਹਾ। ਤੂੰ ਮੈਨੂੰ ਬਹੁਤ ਹੀ ਸੋਹਣੀ ਤੇ ਸਿਆਣੀ ਲੱਗੀ। ਉਸ ਦਿਨ ਤੋਂ ਮੇਰੇ ਖ਼ਿਆਲਾਂ ਵਿਚ ਸਿਰਫ਼ ਤੂੰ ਏਂ… ਵਗੈਰਾ ਵਗੈਰਾ…।
ਹੁਣ ਤੂੰ ਮੈਨੂੰ ਇਹ ਦਸ ਕਿ ਮੈਂ ਤੈਨੂੰ ਕਿਹੋ ਜਿਹਾ ਲੱਗਾ… ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ। ਜ਼ਿੰਦਗੀ ਭਰ ਦਾ ਸਾਥ ਚਾਹੁੰਦਾ ਹਾਂ। ਕੀ ਤੈਨੂੰ ਮਨਜ਼ੂਰ ਹੈ? ਜੇ ਹਾਂ, ਤਾਂ ਮੈਂ ਆਪਣੀ ਭੈਣ ਨਾਲ ਗੱਲ ਕਰਾਂ ਤੇ ਉਹ ਤੇਰੇ ਪਿਤਾ ਜੀ ਨਾਲ ਗੱਲ ਕਰਕੇ ਤੈਨੂੰ ਮੇਰੇ ਲਈ ਮੰਗ ਲੈਣ। ਚਿੱਠੀ ਦਾ ਜਵਾਬ ਵਾਪਸੀ ਡਾਕ ਦੇਣਾ। ਮੈਂ ਸ਼ਿੱਦਤ ਨਾਲ ਉਡੀਕਾਂਗਾ। ਹੇਠਾਂ ਉਹਦਾ ਨਾ ਤੇ ਪਤਾ ਲਿਖਿਆ ਹੋਇਆ ਸੀ।
ਹੁਣ ਆ ਗਈ ਮੇਰੀ ਸ਼ਾਮਤ। ''ਜ਼ਰੂਰ ਇਸ ਨੇ ਉਸ ਨਾਲ ਸੱਟੀ-ਪੱਟੀ ਲਾਈ ਹੋਵੇਗੀ… ਹਨੇਰ ਆ ਗਿਆ, ਵੇਖੋ ਇਸ ਦੀਆਂ ਕਰਤੂਤਾਂ…ਜੇ ਅੱਜ ਮੈਂ ਨਾ ਚਿੱਠੀ ਫੜਦਾ, ਇਸ ਨੇ ਤਾਂ ਉਧਲ ਜਾਣਾ ਸੀ। ਮੈਂ ਤਾਂ ਸ਼ੁਰੂ ਤੋਂ ਇਸ ਦੀਆਂ ਹਰਕਤਾਂ ਨੋਟ ਕਰਦਾ ਰਿਹਾ ਹਾਂ, ਇਸ ਪ੍ਰੀਤ ਨਗਰ ਦੀ ਪੜ੍ਹੀ ਨੇ ਹਾਲੀਂ ਹੋਰ ਖੋਰੇ ਕੀ ਕਰਤੂਤਾਂ ਕਰਨੀਆਂ ਸਨ…।''
ਸਾਡੇ ਘਰ ਵਿਚ ਤਾਂ ਤੂਫ਼ਾਨ ਆ ਗਿਆ। ਭਾਪਾ ਜੀ ਘਰ ਨਹੀਂ ਸਨ, ਉਨ੍ਹਾਂ ਦੋ ਦਿਨ ਬਾਅਦ ਆਉਣਾ ਸੀ। ਵੱਡੀਆਂ ਭੈਣਾਂ ਵੀ ਜਿੰਨਾ ਕੁ ਹੋ ਸਕਿਆ ਮੈਨੂੰ ਸ਼ਰਮਿੰਦਾ ਕੀਤਾ।'' ਇਸ ਤੋਂ ਤਾਂ ਤੂੰ ਮਰ ਕਿਉਂ ਨਾ ਗਈ…ਸਾਡਾ ਤਾਂ ਤੂੰ ਲੱਕ ਤੋੜ ਦਿੱਤਾ, ਅਸੀਂ ਤਾਂ ਤੇਰੇ ਤੋਂ ਵੱਡੀਆਂ ਆਸਾਂ ਲਾਈਆਂ ਹੋਈਆਂ ਸਨ…ਬੇ ਜੀ ਚੁੱਪ ਸਨ ਸਿਰਫ਼ ਰੋ ਰਹੇ ਸਨ। ਉਹ ਨਿਰਜੀਵ ਜਹੇ ਮੰਜੇ 'ਤੇ ਮੂੰਹ ਸਿਰ ਵਲ੍ਹੇਟ ਕੇ ਪਏ ਸਨ ਕਿ ਜਵਾਈ ਨੂੰ ਕੀ ਮੂੰਹ ਵਿਖਾਉਣ। ਉਸ ਦਿਨ ਸਾਡੇ ਘਰ ਨਾ ਰਿਝਿਆ, ਨਾ ਪੱਕਿਆ।
ਮੇਰਾ ਰੋ ਰੋ ਕੇ ਬੁਰਾ ਹਾਲ…ਬੱਸ, ਐਨਾ ਕੁ ਹੀ ਸਮਝਿਆ ਮੇਰੇ ਘਰ ਵਾਲਿਆਂ ਮੈਨੂੰ। ਕਿਸ ਮੂੰਹ ਨਾਲ ਉਨ੍ਹਾਂ ਦੇ ਸਾਹਮਣੇ ਜਾਂਦੀ… ਰਾਤੀਂ ਛੱਤ 'ਤੇ ਟਹਿਲਦੀ ਰਹੀ…ਕੋਠੇ ਤੋਂ ਛਾਲ ਮਾਰ ਕੇ ਮਰ ਜਾਵਾਂ? ਜੇ ਨਾ ਮਰੀ ਤਾਂ? ਲਤ-ਬਾਂਹ ਟੁੱਟ ਗਈ ਤਾਂ?
ਉਸ ਮਾਤਾ ਦੇ ਦਾਗ਼ਾਂ ਤੇ ਅਜੀਬ ਜਿਹੀਆਂ ਭੂਤਾਂ ਵਰਗੀਆਂ ਅੱਖਾਂ ਵਾਲੇ ਕਲਰਕ ਪਟਨਾਇਕ ਨਾਲ ਨੱਸ ਜਾਵਾਂ ਜਿਹੜਾ ਐਨਾ ਬਦਸੂਰਤ ਹੁੰਦਾ ਹੋਇਆ ਵੀ ਬੜਾ ਹਲੀਮ ਤੇ ਮਿਠਬੋਲੜਾ ਸੀ।
ਨਹੀਂ…ਨਹੀਂ… ਭਾਪਾ ਜੀ ਆ ਲੈਣ…ਫਿਰ ਫ਼ੈਸਲਾ ਕਰਾਂਗੀ, ਜਿਉਣਾ ਹੈ ਜਾਂ ਮਰਨਾ…।
ਦੋ ਦਿਨ ਤਾਂ ਜਿਵੇਂ ਹਵਾ ਠਹਿਰ ਗਈ। ਭਾਪਾ ਜੀ ਦੇ ਆਉਣ 'ਤੇ ਘਰ ਵਿਚ ਜਾਨ ਆ ਗਈ। ਚਾਹ-ਪਾਣੀ ਤੋਂ ਪਿਛੋਂ ਉਨ੍ਹਾਂ ਨੂੰ ਸਾਰੀ ਕਹਾਣੀ ਦੱਸੀ ਗਈ… ਚਿੱਠੀ ਵਿਖਾਈ ਗਈ…ਉਨ੍ਹਾਂ ਧਿਆਨ ਨਾਲ ਪੜ੍ਹੀ…।
ਚਿੱਠੀ ਵਿਚ ਕਿੱਥੇ ਕੋਈ ਗ਼ਲਤ ਗੱਲ ਲਿਖੀ ਹੈ…ਤਾਰਨ ਬਾਰੇ ਕਿੱਥੇ ਲਿਖਿਆ ਹੈ ਕਿ ਇਸ ਨੇ ਉਸ ਨਾਲ ਕੋਈ ਗੱਲਬਾਤ ਜਾਂ ਇਸ਼ਾਰਾ ਹੀ ਉਸ ਨੂੰ ਕੀਤਾ ਹੈ? ਤੁਸਾਂ ਬਾਤ ਦਾ ਬਤੰਗੜ ਕਿਉਂ ਬਣਾਇਆ? ਮੇਰੀ ਧੀ ਨੂੰ ਬਿਨਾਂ ਮਤਲਬ, ਬਿਨਾਂ ਸੋਚੇ ਸਮਝੇ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ… ਤੁਹਾਨੂੰ ਜ਼ਰਾ ਵੀ ਸ਼ਰਮ ਨਾ ਆਈ?
ਤਪੇ ਹੋਏ ਭਾਪਾ ਜੀ ਮੇਰੇ ਕਮਰੇ ਵਿਚ ਆਏ। ਮੈਨੂੰ ਰੋਂਦੀ ਨੂੰ ਗਲ ਨਾਲ ਲਾ ਕੇ ਸਿਰ ਚੁੰਮਿਆ ਤੇ ਕਿਹਾ, ''ਪੁੱਤਰ, ਉਹ ਮੁੰਡਾ ਬਹੁਤ ਚੰਗਾ ਮਿਹਨਤੀ ਤੇ ਸਾਊ ਹੈ। ਜੇ ਤੈਨੂੰ ਪਸੰਦ ਹੈ ਤਾਂ ਦਸ, ਮੈਂ ਉਸੇ ਨਾਲ ਤੇਰਾ ਵਿਆਹ ਕਰ ਦੇਵਾਂਗਾ।''
ਮੈਂ ਰੋਂਦੀ ਰੋਂਦੀ ਭਾਪਾ ਜੀ ਨਾਲ ਚਿੰਬੜ ਗਈ। ਮੈਂ ਨਹੀਂ ਉਸ ਨਾਲ ਵਿਆਹ ਕਰਵਾਉਣਾ। ਮੈਨੂੰ ਉਹ ਪਸੰਦ ਨਹੀਂ।
ਪਰ ਜਦੋਂ ਸਚਮੁਚ ਹੀ ਮੈਨੂੰ ਕੋਈ ਪਸੰਦ ਆਇਆ। ਮੇਰੇ ਸੁਪਨਿਆਂ ਵਿਚ ਆ ਕੇ ਰੰਗ ਘੋਲ ਦਿੱਤੇ ਤਾਂ ਮੈਂ ਭਾਪਾ ਜੀ ਨੂੰ ਇਸ ਬਾਰੇ ਚਿੱਠੀ ਲਿਖੀ।
ਜ਼ਰਾ ਸੋਚੋ 1951… ਜਦੋਂ ਮੁੰਡੇ ਬਾਰੇ ਆਪਣੀ ਪਸੰਦ ਦਸ ਸਕਣੀ? ਤੌਬਾ…ਤੌਬਾ ਪਰ ਮੈਂ? ਇਹ ਬੈਰੀਅਰ ਤੋੜ ਦਿੱਤਾ। ਭਾਪਾ ਜੀ ਨੇ ਬਹੁਤ ਪਿਆਰੀ ਚਿੱਠੀ ਲਿਖੀ…ਕਾਸ਼! ਕਿ ਉਹ ਮੈਂ ਸਾਂਭ ਕੇ ਰੱਖੀ ਹੁੰਦੀ।
ਉਨ੍ਹਾਂ ਲਿਖਿਆ ਕਿ ਮੇਰੀ ਬੱਚੀ, ਲਗਦੈ ਹੁਣ ਤੇਰੇ ਖੰਭ ਉਗ ਆਏ ਨੇ ਤੇ ਤੂੰ ਆਕਾਸ਼ ਵਿਚ ਉਡਾਰੀਆਂ ਮਾਰਨਾ ਚਾਹੁੰਦੀ ਹੈਂ। ਮਾਰ…ਜੀ ਸਦਕੇ …ਪਰ ਬੱਚੀ ਤੂੰ ਹਾਲੀਂ ਨਾ ਤਜ਼ਰਬਾਕਾਰ ਹੈਂ, ਤੂੰ ਦੁਨੀਆ ਵੇਖੀ ਹੀ ਕਿੰਨੀ ਕੁ ਹੈ…ਤੇਰੀ ਪਸੰਦ ਤੈਨੂੰ ਮੁਬਾਰਕ ਪਰ ਮੈਨੂੰ ਉਸ ਬਾਰੇ ਲਿਖ ਜਾਂ ਆਪਣੀ ਭਾਬੀ ਜੀ ਨੂੰ ਦਸ। ਜੇ ਸਾਨੂੰ ਠੀਕ ਲੱਗਾ ਤਾਂ ਅਸੀਂ ਆਪਣੇ ਹੱਥੀਂ ਤੈਨੂੰ ਉਸ ਨੂੰ ਸੌਂਪ ਦੇਵਾਂਗੇ।
ਉਹ ਮੇਰਾ ਸੁਪਨਾ ਟੁੱਟ ਗਿਆ… ਦੋ ਦਿਨ ਪਹਿਲਾਂ ਹੀ ਉਸ ਦਾ ਸ਼ਗਨ ਹੋ ਚੁੱਕਿਆ ਹੋਇਆ ਸੀ…ਉਸ ਦੀ ਬਹੁਤ ਹੀ ਪਛਤਾਵੇ ਵਾਲੀ ਚਿੱਠੀ ਭਾਬੀ ਜੀ ਨੇ ਮੈਨੂੰ ਪੜ੍ਹਨ ਲਈ ਦਿੱਤੀ…ਜਿਸ ਵਿਚ ਲਿਖਿਆ ਸੀ ਕਿ ਮੈਂ ਤਾਂ ਕਈ ਚਿਰ ਤੋਂ ਉਡੀਕ ਰਿਹਾ ਸਾਂ…ਤੁਸਾਂ ਬਹੁਤ ਦੇਰ ਕਰ ਦਿੱਤੀ। ਹੁਣ ਮੈਂ ਸਿਰਫ਼ ਵਾਹਿਗੁਰੂ ਅੱਗੇ ਅਰਦਾਸ ਹੀ ਕਰ ਸਕਦਾ ਹਾਂ ਕਿ ਤਾਰਨ ਜਿੱਥੇ ਵੀ ਰਹੇ, ਖ਼ੁਸ਼ ਰਹੇ।
ਇਹੋ ਜਿਹੀਆਂ ਖ਼ੁਸ਼ੀਆਂ ਤੇ ਗ਼ਮੀਆਂ ਦੇ ਸਮੁੰਦਰਾਂ ਵਿਚ ਡੋਬਦੀਆਂ ਤਾਰਦੀਆਂ ਚਿੱਠੀਆਂ…ਭਾਵੇਂ ਗੁੰਮ ਗਵਾਚ ਗਈਆਂ…ਟੋਟਾ ਟੋਟਾ ਕਰਕੇ ਪਾਣੀਆਂ ਜਾਂ ਅੱਗ ਵਿਚ ਸਾੜੀਆਂ ਦੇ ਅੱਖਰ ਏਨੇ ਵਰ੍ਹਿਆਂ ਤਕ ਤਾਂ ਜੀਅ ਹੀ ਰਹੇ ਨੇ। ਮਰ ਕਿੰਜ ਸਕਦੇ ਨੇ?
ਉਮਰ ਦੇ ਹਰ ਪੜਾਅ 'ਤੇ ਆਉਂਦੀਆਂ ਰਹੀਆਂ ਚਿੱਠੀਆਂ। ਗੀਤ ਗਾਉਂਦੀਆਂ, ਹੁਲਾਰੇ ਲੈਂਦੀਆਂ ਚਿੱਠੀਆਂ…ਵੈਰਾਗ ਵਿਚ ਲੱਥ-ਪੱਥ ਹਾਉਕੇ ਭਰਦੀਆਂ ਚਿੱਠੀਆਂ, ਦਰਸੇਵੇਂ ਨਾਲ ਨੀਝ ਲਾ ਲਾ ਵੇਂਹਦੀਆਂ ਬਿੜਕਾਂ ਲੈਂਦੀਆਂ ਚਿੱਠੀਆਂ। ਕਦੀ ਮੁਸਕਰਾਉਂਦੀਆਂ, ਤਾਜ਼ਗੀ ਬਖ਼ਸ਼ਦੀਆਂ, ਜ਼ਿੰਦਗੀ ਨੂੰ ਹੁਲਸਾਉਂਦੀਆਂ, ਵਾਤਾਵਰਣ ਮਹਿਕਾਉਂਦੀਆਂ, ਜਗ-ਮਗਾਉਂਦੀਆਂ ਇਹ ਮਜਾਜਣਾਂ।
ਤੇ ਜਦੋਂ ਮੂੰਹ ਮਚਕੋੜਦੀਆਂ, ਘੂਰੀਆਂ ਵੱਟਦੀਆਂ, ਬੁੜ ਬੁੜ ਕਰਦੀਆਂ, ਭੌਂਕਦੀਆਂ, ਵੱਢ ਖਾਣੀਆਂ…ਜਿਨ੍ਹਾਂ ਨੂੰ ਵੇਖਦਿਆਂ ਹੀ ਕੰਬਣੀ ਛਿੜ ਜਾਏ… ਅੱਗ ਉਗਲਦੀਆਂ…ਧੂੰਏਂ ਦੇ ਗ਼ੁਬਾਰ ਛੱਡਦੀਆਂ…ਅੰਗਾਰੇ ਖਿਲਾਰਦੀਆਂ…ਜਿਨ੍ਹਾਂ ਨੂੰ ਤਹਿਸ-ਨਹਿਸ ਕਰਨ ਮਗਰੋਂ ਵੀ ਜ਼ਿਹਨ ਵਿਚ ਚਿੰਬੜੀਆਂ, ਲੱਥਣ ਦਾ ਨਾਂਅ ਨਾ ਲੈਂਦੀਆਂ ਤੇ ਹਉਕੇ, ਹਾਵਿਆਂ, ਪਛਤਾਵਿਆਂ ਵਿਚ ਰੋੜ੍ਹਦੀਆਂ, ਸਾਥ ਨਾ ਛੱਡਦੀਆਂ ਇਹ ਡਾਹਢੀਆਂ ਚਿੱਠੀਆਂ।
ਇਕ ਉਹ ਵੀ ਜ਼ਮਾਨਾ ਸੀ ਜਦੋਂ ਕਬੂਤਰਾਂ ਦੇ ਪੰਜਿਆਂ ਨਾਲ ਚੁੰਮ ਚੁੰਮ ਚਿੱਠੀਆਂ ਰਾਹੀਂ ਆਪਣੇ ਪਿਆਰਿਆਂ ਨੂੰ ਸੁਨੇਹੇ ਭੇਜੇ ਜਾਂਦੇ। ਐਨੇ ਸਿਆਣੇ ਇਹ ਚਿੱਠੀ ਰਸਾਣ ਉਸੇ ਦੇ ਹੱਥ ਖ਼ਤ ਦਿੰਦੇ, ਜਿਹੜਾ ਉਸ ਦਾ ਹੱਕਦਾਰ ਹੁੰਦਾ। ਸਗੋਂ ਗਹਿਗੱਚ ਲੜਾਈਆਂ ਵਿਚ ਵੀ ਇਹ ਮਰਜੀਵੜੇ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਨਿਭਾਉਂਦੇ।
ਬਹੁਤ ਸਾਰੀਆਂ ਕੀਮਤੀ ਚਿੱਠੀਆਂ ਦੇ ਬੰਡਲ ਮੈਂ ਵਿਆਹ ਵੇਲੇ ਸਸਕਾਰ ਆਈ। ਦਾਜ ਵਿਚ ਲਿਆਉਣ ਦੀ ਕੋਈ ਚਾਅ ਹੀ ਨਹੀਂ ਸੀ…ਫਿਰ ਵੀ ਦੋ-ਚਾਰ ਕਿਸੇ ਖੂੰਜੇ ਵਿਚ ਲੁਕ ਲੁਕਾ ਕੇ ਬਚ ਹੀ ਗਈਆਂ। ਮੈਨੂੰ ਇਸ ਗੱਲ ਦਾ ਬੜਾ ਹੀ ਅਫ਼ਸੋਸ ਹੈ ਕਿ ਮੈਂ ਆਪਣੇ ਭਾਪਾ ਜੀ ਦੀਆਂ ਉਹ ਚਿੱਠੀਆਂ ਨਹੀਂ ਸਾਂਭ ਸਕੀ ਜਿਹੜੀਆਂ ਉਨ੍ਹਾਂ ਮੈਨੂੰ ਜ਼ਿੰਦਗੀ ਦਾ ਰਾਹ ਵਿਖਾਉਣ ਲਈ ਲਿਖੀਆਂ ਸਨ…ਭਾਵੇਂ ਉਹ ਮੇਰੇ ਜ਼ਿਹਨ ਵਿਚ ਉਸੇ ਤਰ੍ਹਾਂ ਤਾਜ਼ਾ ਤੇ ਜ਼ਿੰਦਾ ਹਨ।
ਬੇਸ਼ੁਮਾਰ ਫਾਈਲਾਂ ਵਿਚੋਂ ਇਹ ਕੁਝ ਖ਼ਤ ਮੈਂ ਖ਼ਤਾਂ ਉੱਤੇ ਆਧਾਰਤ ਆਪਣੀ ਨਵੀਂ ਕਿਤਾਬ ਲਈ ਚੁਣੇ ਹਨ, ਜਿਸ ਨੂੰ ਹੱਥਾਂ ਵਿਚ ਪਲੋਸਦੀ ਹਾਂ। ਖ਼ਤ ਵੀ ਮੇਰੇ ਨਾਲ ਲਿਪਟ ਜਾਂਦਾ ਹੈ…ਮੈਨੂੰ ਨਾ ਵਿਛੋੜ…ਨਾ ਪਾੜੀਂ ਮੈਨੂੰ… ਨਾ ਸੁੱਟੀਂ ਕੂੜੇਦਾਨ ਵਿਚ… ਨਾ ਸਾੜੀਂ ਮੈਨੂੰ… ਮੈਂ ਐਨੇ ਸਾਲ ਜਿੱਥੇ ਤੂੰ ਰੱਖਿਆ, ਉਥੇ ਹੀ ਪਿਆ ਰਿਹਾ…ਤੇਰਾ ਕੀ ਗਵਾਇਐ?
ਪਰ ਹੁਣ ਮੈਂ ਇਨ੍ਹਾਂ ਬਿਰਧ ਹੋ ਰਿਹਾਂ ਨਾਲ ਆਪਣੀ ਉਮਰ ਮੇਚਦੀ ਹਾਂ। ਮੇਰੇ ਪਿਛੋਂ ਇਹ ਕਿਸੇ ਦੇ ਪੈਰਾਂ ਵਿਚ ਨਾ ਰੁਲ ਜਾਣ। ਕੋਈ ਇਨ੍ਹਾਂ ਨੂੰ ਮੰਦੇ ਬੋਲ ਨਾ ਬੋਲੇ, ਕੋਈ ਫਿਟਕਾਰੇ ਨਾ…ਏਸੇ ਲਈ ਐ ਮੇਰੇ ਹਮਦਮੋ, ਮੇਰੇ ਦੋਸਤੋ, ਮੇਰੇ ਸਾਂਭ ਸਾਂਭ ਰੱਖੇ ਪੱਤਰੋ… ਮੈਂ ਤੁਹਾਨੂੰ ਸੌ ਸੌ ਨਮਸਕਾਰ ਕਰਕੇ ਆਪਣੇ ਤੋਂ ਵੱਖ ਕਰ ਰਹੀ ਹਾਂ… ਮੈਨੂੰ ਮਾਫ਼ ਕਰਨਾ।
Add a review