ਜਿਨ੍ਹਾਂ ਨੇ ਪਿੰਡ ਦੇ ਟੋਭੇ ਵਿਚ ਅਰਸੇ ਤੋਂ ਖੜ੍ਹਾ ਪਾਣੀ ਤੇ ਪਿੰਡ ਦੇ ਕੋਲੋਂ ਨਿਕਲਦੀ ਨਹਿਰ ਵਿਚ ਵਗਦਾ ਪਾਣੀ, ਦੋਨੋਂ ਹੀ ਮਨ ਦੀ ਸਜਗ ਅਵਸਥਾ ਵਿਚ ਵੇਖੇ ਹਨ, ਇਕ ਦਾਰਸ਼ਨਿਕ ਅਨੁਸਾਰ, ਉਨ੍ਹਾਂ ਨੂੰ ਧਰਮ ਅਤੇ ਵਿਗਿਆਨ ਵਿਚਲਾ ਫ਼ਰਕ ਸਮਝਣ ਵਿਚ ਬੜੀ ਸਹੂਲਤ ਹੋ ਸਕਦੀ ਹੈ।
ਆਪਣੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਕਹਿਣਾ ਚਾਹੁੰਦਾ ਹਾਂ ਕਿ ਸੱਚ ਦੀ ਤਲਾਸ਼ ਕਰਨਾ ਅਤੇ ਕਿਸੇ ਧਾਰਨਾ ਵਿਚ ਵਿਸ਼ਵਾਸ ਕਰਕੇ ਉਸ ਨੂੰ ਸੱਚ ਸਾਬਤ ਕਰਨਾ ਦੋ ਵੱਖਰੀਆਂ ਗੱਲਾਂ ਹਨ। ਕਿਸੇ ਖੋਜ ਦੇ ਸਿੱਟੇ ਖੋਜੀ ਦੀ ਧਾਰਨਾ ਦੇ ਅਨੁਕੂਲ ਵੀ ਨਿਕਲ ਸਕਦੇ ਹਨ ਤੇ ਧਾਰਨਾ ਦੇ ਉਲਟ ਵੀ। ਖੋਜੀ ਜੇ ਨਿਰੋਲ ਜਿਗਿਆਸਾ-ਵੱਸ, ਸਿੱਟਿਆਂ ਦੀ ਤਲਾਸ਼ ਵਿਚ ਹੈ ਤਾਂ ਇਸ ਗਲ ਦੀ ਪ੍ਰਵਾਹ ਨਹੀਂ ਕਰੇਗਾ ਕਿ ਸਿੱਟਾ ਉਸ ਦੀ ਸੋਚ ਮੁਤਾਬਕ ਨਿਕਲਿਆ ਹੈ ਜਾਂ ਉਸ ਦੇ ਉਲਟ, ਉਹ ਇਮਾਨਦਾਰੀ ਨਾਲ ਸਿੱਟਾ ਕਬੂਲ ਕਰੇਗਾ, ਪਰ ਜੇ ਉਹ ਅਜੇਹੀ ਮਾਨਸਿਕਤਾ ਦਾ ਧਾਰਨੀ ਹੈ ਕਿ ਸਚਾਈ ਖੋਜਣ ਦੇ ਓਹਲੇ ਆਪਣੀ ਕਿਸੇ ਵਿਚਾਰਧਾਰਾ ਨੂੰ ਸਿੱਧ ਕਰਨਾ ਚਾਹੁੰਦਾ ਹੋਵੇ ਤਾਂ ਉਸ ਦੀ ਇਛਾ ਅਨੁਸਾਰ ਨਾ ਨਿਕਲੇ ਸਿੱਟਿਆਂ ਬਾਰੇ ਉਹ ਕੰਨੀ ਕਤਰਾਵੇਗਾ ਜਾਂ ਝੂਠ ਬੋਲੇਗਾ।
ਵਿਗਿਆਨ ਦੀ ਵਿਲੱਖਣਤਾ ਹੈ ਕਿ ਇਹ ਕਦੇ ਕਿਸੇ ਨੂੰ ਵਿਸ਼ਵਾਸ ਕਰਨ ਲਈ ਨਹੀਂ ਕਹਿੰਦਾ ਬਲਕਿ 'ਹੱਥ ਕੰਗਣ ਨੂੰ ਆਰਸੀ ਕੀ' ਵਾਲੀ ਕਹਾਵਤ ਮੁਤਾਬਕ ਪ੍ਰਤੱਖ ਪ੍ਰਮਾਣ ਵਿਖਾਉਂਦਾ ਹੈ ਤੇ ਜੇ ਕੋਈ ਗੱਲ ਸਾਬਤ ਨਾ ਕਰ ਸਕੇ ਤਾਂ ਆਪਣੇ ਹੀ ਬਣਾਏ ਹੋਏ ਸਿਧਾਂਤ ਖ਼ਾਰਜ ਕਰ ਕੇ ਨਵੇਂ ਸਿਧਾਂਤ ਬਣਾਉਂਦਿਆਂ ਆਪਣੀ ਖੋਜ ਜਾਰੀ ਰਖਦਾ ਹੈ। ਵਿਗਿਆਨਕ ਤਰੱਕੀ ਦੇ ਪੜਾਵਾਂ ਦੀ ਇਸ ਕਹਾਣੀ ਦੇ ਨਾਲ ਹੀ ਇਨਸਾਨੀ ਤਰੱਕੀ ਦੀ ਦਾਸਤਾਨ ਵੀ ਜੁੜੀ ਹੋਈ ਹੈ।
ਵਿਗਿਆਨ ਕਦੇ ਵੀ ਆਪਣੀ ਕਿਸੇ ਖੋਜ ਨੂੰ 'ਆਖ਼ਰੀ ਖੋਜ' ਨਹੀਂ ਮੰਨਦਾ ਤੇ ਨਵੀਆਂ ਰਾਹਾਂ ਖੁੱਲਣ ਦੀ ਸੰਭਾਵਨਾ ਨੂੰ ਹਮੇਸ਼ਾ ਜੀ-ਆਇਆਂ ਆਖਦਾ ਹੈ। ਇਹ ਵਿਗਿਆਨਕ ਹੀ ਨਹੀਂ ਕੁਦਰਤੀ ਵਿਹਾਰ ਵੀ ਹੈ ਜਿਸ ਦਾ ਸਿੱਧਾ ਸਬੰਧ ਆਦਮ ਨਸਲ ਦੇ ਦੋ ਪੈਰਾਂ ਉਪਰ ਖੜੇ ਹੋ ਸਕਣ ਦੀ ਸਲਾਹੀਅਤ ਅਤੇ ਚੌਗਿਰਦੇ ਬਾਰੇ ਜਿਗਿਆਸੂ ਹੋ ਸਕਣ ਦੀ ਸਮਰਥਾ ਦੇ ਅਰੰਭ ਨਾਲ ਜੁੜਿਆ ਹੋਇਆ ਹੈ। ਇਹ ਪ੍ਰਕਿਰਿਆ ਅੱਜ ਤੋਂ ਲਗਭਗ 60 ਲੱਖ ਸਾਲ ਪਹਿਲਾਂ ਦੇ ਬਣਮਾਨਸ ਤੋਂ ਮਨੁੱਖ ਵਿਚ ਤਬਦੀਲ ਹੋ ਰਹੇ ਜਾਨਵਰ ਤੋਂ ਸ਼ੁਰੂ ਹੋਈ ਜਿਸ ਦਾ ਵੱਖਰਾ ਇਤਿਹਾਸ ਹੈ।
ਧਰਤੀ ਉਪਰ ਮਨੁੱਖ ਹੀ ਅਜੇਹਾ ਜਾਨਵਰ ਹੈ ਜਿਸ ਨੇ ਆਪਣੇ ਨਾਲ-ਨਾਲ ਪੂਰੇ ਬ੍ਰਹਿਮੰਡ ਦੇ ਹੋਂਦ ਵਿਚ ਆਉਣ ਬਾਰੇ ਸਵਾਲ-ਜਵਾਬ ਸ਼ੁਰੂ ਕੀਤਾ, ਜਿਸ ਦੇ ਨਤੀਜੇ ਵਜੋਂ ਅਸੀਂ ਮਨੁੱਖਤਾ ਦੇ ਇਤਿਹਾਸ ਦੇ ਕਦੀਮੀ ਪੜਾਵਾਂ ਦੀਆਂ ਕਲਪਨਾ 'ਤੇ ਆਧਾਰਤ ਮਾਨਤਾਵਾਂ/ ਮਿਥਿਆਵਾਂ ਤੋਂ ਲੈ ਕੇ ਸਥਾਪਤ ਧਰਮਾਂ ਦੀ ਹੋਂਦ, ਵੈਦਿਕ ਅਤੇ ਯੂਨਾਨੀ ਫ਼ਲਸਫ਼ੇ ਦਾ ਜਨਮ ਹੁੰਦਾ ਵੇਖਦੇ ਹਾਂ। ਯੂਨਾਨ ਵਿਚ ਏਥਨਜ਼ ਗਣਰਾਜ ਮਨੁੱਖੀ ਸਭਿਅਤਾ ਦੇ ਇਤਿਹਾਸ ਵਿਚ ਨਵੇਕਲੀ ਥਾਂ ਰੱਖਦਾ ਹੈ, ਜਿਸ ਨੂੰ ਸਮਾਜ ਦੀਆਂ ਕਦਰਾਂ ਦੇ ਮਾਪਦੰਡ ਤੈਅ ਕਰਨ ਵਿਚ ਮੋਹਰੀ ਸਮਝਿਆ ਗਿਆ ਹੈ। ਲਗਭਗ ਉਸੇ ਸਮੇਂ ਜਦੋਂ ਭਾਰਤੀ ਉਪ-ਮਹਾਂਦੀਪ ਵਿਚ ਗੌਤਮ ਬੁੱਧ ਆਪਣੀ ਨਿਵੇਕਲੀ ਸ਼ੈਲੀ ਨਾਲ ਦੁੱਖ ਦੀ ਪਰਿਭਾਸ਼ਾ ਕਰਦਿਆਂ, ਬ੍ਰਾਹਮਣਵਾਦ ਦੀਆਂ ਕੁਰੀਤੀਆਂ ਦੇ ਖ਼ਿਲਾਫ਼ ਲੋਕਾਂ ਨੂੰ ਸਜਗ ਕਰਨ ਅਤੇ ਸੁਖੀ ਰਹਿਣ ਦੇ ਨਵੇਂ ਤਰੀਕੇ ਦਾ ਸੰਦੇਸ਼ ਦੇ ਰਿਹਾ ਸੀ, ਏਥਨਜ਼ ਵਿਚ ਯੂਨਾਨੀ ਦਰਸ਼ਨ ਦਾ ਸੂਰਜ ਉੱਗ ਰਿਹਾ ਸੀ।
ਉਨ੍ਹਾਂ ਸਮਿਆਂ ਵਿਚ ਵਿਗਿਆਨ ਦੇ ਵਿਸ਼ੇ, ਜਿਵੇਂ ਗਣਿਤ, ਜਿਓਮੈਟਰੀ, ਭੂ-ਵਿਗਿਆਨ, ਤਾਰਾ-ਵਿਗਿਆਨ, ਜੀਵ-ਵਿਗਿਆਨ ਅਤੇ ਸਮਾਜਕ ਵਿਸ਼ੇ, ਜਿਵੇਂ ਨੈਤਿਕਤਾ, ਰਾਜਨੀਤੀ, ਧਰਮ ਆਦਿ ਸਭ ਤਰ੍ਹਾਂ ਦਾ ਅਧਿਐਨ ਦਰਸ਼ਨ ਤਹਿਤ ਹੀ ਹੁੰਦਾ ਵੇਖਿਆ ਗਿਆ ਹੈ, ਇਸ ਲਈ ਇਸ ਸਮੇਂ ਦੇ ਮਹਾਨ ਵਿਚਾਰਕਾਂ ਨੂੰ ਦਾਰਸ਼ਨਿਕ ਕਿਹਾ ਜਾਂਦਾ ਸੀ। 'ਜ਼ਿੰਦਗੀ ਦਾ ਮਕਸਦ ਕੀ ਹੈ? ਅਸੀਂ ਕਿਥੋਂ ਆਏ ਹਾਂ ਤੇ ਮਰ ਕੇ ਕਿਥੇ ਜਾਂਦੇ ਹਾਂ? ਦੁਨੀਆ ਵਿਚ ਦੁੱਖ ਕਿਉਂ ਹੈ? ਸੂਰਜ-ਚੰਦ-ਤਾਰੇ ਇਹ ਸਭ ਕੀ ਹਨ? ਧਰਤੀ ਦਾ ਅੰਤ ਕਿਥੇ ਹੈ? ਸ੍ਰਿਸ਼ਟੀ ਦਾ ਰਚਨਹਾਰ ਕੌਣ ਹੈ?' ਵਰਗੇ ਸਵਾਲਾਂ ਨੂੰ ਯੂਨਾਨੀ ਦਾਰਸ਼ਨਿਕ ਸੰਬੋਧਤ ਹੋਏ ਤੇ ਹਰੇਕ ਨੇ ਆਪਣੀ-ਆਪਣੀ ਸਮਝ ਮੁਤਾਬਕ ਜਵਾਬ ਦੇਣ ਦੀ ਕਸ਼ਿਸ਼ ਕੀਤੀ। ਅੱਜ ਇਹ ਸਾਰੇ ਸਵਾਲ ਦਰਸ਼ਨ ਦੀ ਬਜਾਇ ਵਿਗਿਆਨ ਦੇ ਘੇਰੇ ਵਿਚ ਆ ਗਏ ਹਨ। ਉਨ੍ਹਾਂ ਦੇ ਜਵਾਬ ਸਹੀ ਸਨ ਜਾਂ ਗ਼ਲਤ ਪਰ ਅੱਜ ਉਹ ਸਾਰੇ ਦਾਰਸ਼ਨਿਕ ਦੁਨੀਆ ਭਰ ਵਿਚ ਇੱਜ਼ਤ ਦੀ ਨਜ਼ਰ ਨਾਲ਼ ਵੇਖੇ ਜਾਂਦੇ ਹਨ। ਲਗਭਗ ਅਜੇਹੇ ਹੀ ਸਵਾਲਾਂ ਦੇ ਜਵਾਬ ਦੁਨੀਆ ਦੇ ਧਾਰਮਿਕ ਨੁਮਾਇੰਦਿਆਂ ਨੇ ਵੀ ਦੇਣ ਦੀ ਕੋਸ਼ਿਸ਼ ਕੀਤੀ, ਭਾਵੇਂ ਉਹ ਪੰਜ ਹਜ਼ਾਰ ਸਾਲ ਪਹਿਲਾਂ ਦਾ ਕੋਈ ਵੈਦਿਕ ਰਿਸ਼ੀ ਹੋਵੇ ਜਾਂ ਢਾਈ ਹਜ਼ਾਰ ਸਾਲ ਪਹਿਲਾਂ ਦਾ ਬੁੱਧ, ਦੋ ਹਜ਼ਾਰ ਸਾਲ ਪਹਿਲਾਂ ਵਾਲਾ ਈਸਾ, ਡੇਢ ਹਜ਼ਾਰ ਸਾਲ ਪੁਰਾਣਾ ਮੁਹੰਮਦ ਜਾਂ ਪੰਜ ਸੌ ਸਾਲ ਪਹਿਲਾਂ ਵਾਲਾ ਨਾਨਕ। ਇਨ੍ਹਾਂ ਨੇ ਵੀ ਆਪਣੇ ਸਮੇਂ-ਸਥਾਨ ਅਨੁਸਾਰ ਅਰਜਤ ਹੋ ਚੁੱਕੇ ਗਿਆਨ ਦੇ ਆਧਾਰ 'ਤੇ ਹੀ ਸਿੱਟੇ ਕੱਢੇ ਜੋ ਦਾਰਸ਼ਨਿਕ/ਵਿਗਿਆਨਕ ਸਿੱਟਿਆਂ ਵਾਂਗ ਹੀ ਕੋਈ 'ਆਖ਼ਰੀ ਸਚਾਈ' ਨਹੀਂ ਸਨ ਪਰ 'ਧਰਮ' ਬਣਾ ਦਿਤਾ ਗਿਆ ਫ਼ਲਸਫ਼ਾ ਜਾਂ ਫ਼ਲਸਫ਼ੇ ਦਾ ਉਹ ਰੂਪ ਜਿਸ ਨੂੰ ਉਸ ਦੇ ਪੈਰੋਕਾਰ ਧਰਮ ਦਾ ਰੂਪ ਦੇ ਦਿੰਦੇ ਹਨ, ਇੱਥੇ ਹੀ ਆਪਣੇ ਵਿਗਿਆਨਕ ਸਰੂਪ ਤੋਂ ਟੁੱਟ ਜਾਂਦਾ ਹੈ, ਜਿਸ ਦਾ ਇਕੋ ਇਕ ਕਾਰਨ ਹੈ ਕਿ ਧਰਮ ਵਿਚ 'ਸੋਧ' ਦੀ ਗੁੰਜਾਇਸ਼ ਨਹੀਂ ਹੈ ਜਦੋਂ ਕਿ ਵਿਗਿਆਨਕ ਖੋਜਾਂ ਦੇ ਸਿੱਟਿਆਂ ਦਾ ਪਰਪੱਕ ਹੋਣਾ ਸਿਰਫ਼ ਅਤੇ ਸਿਰਫ਼ ਸਬੂਤ 'ਤੇ ਨਿਰਭਰ ਕਰਦਾ ਹੈ। ਜਿਸ ਦਿਨ ਵੀ ਕਿਸੇ ਖੋਜੀ ਦੇ ਨਤੀਜੇ ਖ਼ਿਲਾਫ਼ ਕੋਈ ਸਬੂਤ ਪੇਸ਼ ਕਰ ਦਿਤਾ ਜਾਵੇ, ਉਸੇ ਦਿਨ ਉਸ ਖੋਜ ਦੇ ਸਿੱਟੇ ਰੱਦ ਕਰਕੇ ਨਵੇਂ ਨਤੀਜੇ ਦੀ ਘੋਖ ਚਾਲੂ ਹੋ ਜਾਂਦੀ ਹੈ। ਦੁਨੀਆ ਦੇ ਮਹਾਨ ਭੌਤਿਕ ਵਿਗਿਆਨੀ ਆਈਨਸਟਾਈਨ ਦੇ ਕਈ ਸਿਧਾਂਤਾਂ ਉਪਰ ਅੱਜ ਦੇ ਆਧੁਨਿਕ ਵਿਗਿਆਨੀ ਕਿੰਤੂ ਕਰਨ ਜੋਗੇ ਹੋ ਗਏ ਹਨ, ਉਸੇ ਤਰ੍ਹਾਂ ਜਿਵੇਂ ਖ਼ੁਦ ਆਈਨਸਟਾਈਨ ਨੇ ਨਿਊਟਨ ਦੇ ਸਿਧਾਂਤਾਂ ਨੂੰ ਸੋਧਿਆ ਸੀ। ਇਸ ਤਰ੍ਹਾਂ ਤਰੱਕੀ ਦੀ ਇਹ ਇਕ ਨਿਰੰਤਰ ਪ੍ਰਕਿਰਿਆ ਹੈ ਜਿਸ ਅਨੁਸਾਰ ਪਿਛਲਾ ਖ਼ਾਰਜ ਕਰ ਕੇ ਹੀ ਅਗਾਂਹ ਵਧਿਆ ਜਾ ਸਕਦਾ ਹੈ ਪਰ ਅਗਾਂਹ ਵਧਣ ਲਈ ਪਿਛਲੇ ਦਾ ਹੋਣਾ ਵੀ ਲਾਜ਼ਮੀ ਹੈ। ਕੋਪਰਨਿਕਸ ਤੋਂ ਬਿਨਾਂ ਗਲੈਲੀਓ ਸੰਭਵ ਨਹੀਂ ਸੀ, ਗਲੈਲੀਓ ਬਿਨਾ ਆਈਨਸਟਾਈਨ ਤੇ ਆਈਨਸਟਾਈਨ ਬਿਨਾ ਸਟੀਫਨ ਹਾਕਿੰਸ ਦੀ ਹੋਂਦ ਵਜੂਦ ਵਿਚ ਨਹੀਂ ਆ ਸਕਦੀ ਸੀ
ਪੜਾਅਵਾਰ ਹੋ ਰਹੀ ਇਸ ਤਰੱਕੀ ਨੂੰ ਹੀ ਮੈਂ ਦਰਿਆ ਵਿਚ ਵਹਿੰਦੇ ਪਾਣੀ ਵਾਂਗ ਮੰਨਿਆ ਹੈ ਤੇ ਟੋਭੇ-ਛੱਪੜਾਂ ਵਿਚ ਖੜਾ ਪਾਣੀ ਕਿਸੇ ਸਥਾਪਤ ਧਰਮ ਵਾਂਗ। ਟੋਭੇ ਦਾ ਪਾਣੀ ਵੀ ਟੋਭੇ ਦੇ ਜਨਮ ਵੇਲੇ ਸਰੋਵਰ ਦੇ ਸਵੱਛ ਜਲ ਵਾਂਗ ਸੀ ਪਰ ਸਮਾਂ ਪੈਣ ਨਾਲ਼ ਵੀ ਇਸ ਵਿਚ ਕੋਈ ਤਬਦੀਲੀ ਨਹੀਂ ਆਈ, ਕੋਈ ਸੋਧ ਦੀ ਸੰਭਾਵਨਾ ਨਹੀਂ ਬਣੀ। ਇਸ ਵਿਚ ਨਵਾਂ ਪਾਣੀ ਰਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਨਾ ਹੀ ਗੰਧਲਿਆ ਪਾਣੀ ਉਥੋਂ ਬਾਹਰ ਜਾਣ ਦਾ ਨਿਕਾਸ ਕੀਤਾ ਗਿਆ। ਉਹੀ ਸਵੱਛ ਸਰੋਵਰ ਜਿਸ ਵਿਚ ਪ੍ਰਾਣ ਬਚਾਉਣ ਦੀ ਸਲਾਹੀਅਤ ਸੀ, ਪੀਣ ਲਾਇਕ ਨਹੀਂ ਰਿਹਾ, ਜ਼ਹਿਰੀਲਾ ਹੋ ਗਿਆ। ਇਸ ਦੇ ਪ੍ਰਮੁੱਖ ਜ਼ਿੰਮੇਵਾਰ ਹਨ ਧਰਮਾਂ ਦੇ ਪੈਰੋਕਾਰ ਜਿਨ੍ਹਾਂ ਨੇ ਆਪਣੇ-ਆਪਣੇ ਜਗਿਆਸੂ ਪੁਰਸ਼ਾਂ ਨੂੰ 'ਰੱਬ ਦੇ ਦੂਤ' ਅਤੇ ਉਨ੍ਹਾਂ ਵੱਲੋਂ ਪ੍ਰਗਟਾਏ ਵਿਚਾਰਾਂ ਨੂੰ 'ਰੱਬੀ ਬਾਣੀ' ਵਰਗੀਆਂ ਫ਼ਜ਼ੂਲ ਉਪਾਧੀਆਂ ਵਿਚ ਕੈਦ ਕਰ ਦਿਤਾ ਤੇ ਉਨ੍ਹਾਂ ਵੱਲੋਂ ਕੀਤੇ ਗਏ ਉਪਰਾਲਿਆਂ ਨੂੰ 'ਕਰਤੱਵ/ਕੌਤਕ' ਗਰਦਾਨ ਕੇ, ਗੁੰਝਲਦਾਰ ਸਵਾਲਾਂ ਦੇ ਹੱਲ ਲੱਭਣ ਦੇ ਯਤਨਾਂ ਨੂੰ ਹਮੇਸ਼ਾ ਲਈ ਅੰਧਵਿਸ਼ਵਾਸ ਹੇਠਾਂ ਦਫ਼ਨ ਕਰ ਦਿਤਾ। ਕਲਪਨਾ ਕਰੋ ਕਿ ਯੂਨਾਨ ਦੇ ਦਾਰਸ਼ਨਿਕ, ਜਿਨ੍ਹਾਂ ਨੇ ਵਿਗਿਆਨਕ ਨਜ਼ਰ ਤੋਂ ਸੋਚਦਿਆਂ ਨੈਤਿਕਤਾ, ਰਾਜਨੀਤੀ, ਬ੍ਰਹਿਮੰਡ, ਗਣਿਤ ਆਦਿ ਵਿਸ਼ਿਆਂ 'ਤੇ ਵਿਚਾਰ ਕੀਤਾ ਸੀ, ਨੂੰ ਵੀ ਉਨ੍ਹਾਂ ਦੇ ਪੈਰੋਕਾਰਾਂ ਵੱਲੋਂ 'ਰੱਬ ਦੇ ਦੂਤ' ਹੋਣ ਦਾ ਢੋਲ ਵਜਾ ਦਿੱਤਾ ਗਿਆ ਹੁੰਦਾ ਤੇ ਉਨ੍ਹਾਂ ਦੇ ਨਾਮ 'ਤੇ ਵੱਖੋ ਵੱਖਰੇ ਧਰਮਾਂ ਦੀ ਕਾਢ ਕੱਢ ਛੱਡੀ ਹੁੰਦੀ! ਅੱਜ ਉਹੀ ਦਾਰਸ਼ਨਿਕ ਜੋ ਸਾਰੀ ਦੁਨੀਆ ਵੱਲੋਂ ਇਕੋ ਜਿਹੀ ਨਜ਼ਰ ਨਾਲ ਵੇਖੇ ਜਾਂਦੇ ਹਨ, ਕਿਸੇ ਨਾ ਕਿਸੇ ਫ਼ਿਰਕੇ ਦੇ ਗੁਰੂ ਹੁੰਦੇ ਤੇ ਬਾਕੀ ਫ਼ਿਰਕਿਆਂ ਲਈ ਨਫ਼ਰਤ ਦੇ ਭਾਗੀ, ਪਖੰਡੀ। ਇਸੇ ਤਰ੍ਹਾਂ ਇਸ ਦੇ ਉਲਟ ਵੀ ਕਲਪਨਾ ਕੀਤੀ ਜਾ ਸਕਦੀ ਹੈ – ਬੁੱਧ, ਈਸਾ, ਮੁਹੰਮਦ, ਨਾਨਕ ਆਦਿ ਨੂੰ ਜੇ ਅਸਮਾਨੋਂ ਉਤਰੇ ਅਵਤਾਰ ਮੰਨਣ ਦੀ ਬਜਾਇ ਮਹਿਜ਼ ਸਮਾਜ ਸੁਧਾਰਕ ਮੰਨਿਆ ਗਿਆ ਹੁੰਦਾ ਜਿਨ੍ਹਾਂ ਨੇ ਆਪਣੇ ਸਮੇਂ ਦੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨਾਲ ਨਜਿੱਠਣ ਅਤੇ ਮਨੁੱਖੀ ਮਨ ਅੰਦਰ ਬੁਝਾਰਤ ਵਾਂਗ ਵਸੇ ਸਵਾਲਾਂ ਨੂੰ ਸਮੇਂ ਅਨੁਸਾਰ ਉਪਲਬਧ ਗਿਆਨ ਦੇ ਆਧਾਰ 'ਤੇ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਜੇ ਇਨ੍ਹਾਂ ਦੇ ਦਾਅਵਿਆਂ ਨੂੰ ਤਰਕ ਦੀ ਕਸੌਟੀ 'ਤੇ ਚਣੌਤੀ ਦਿੱਤੀ ਗਈ ਹੁੰਦੀ ਤੇ ਉਨ੍ਹਾਂ ਨੂੰ ਅਪਣੇ ਸਮੇਂ ਦੇ ਸਮਾਜੀ ਆਗੂਆਂ ਦੀ ਹੈਸੀਅਤ ਤੱਕ ਹੀ ਸੀਮਤ ਰਖਿਆ ਗਿਆ ਹੁੰਦਾ ਤਾਂ ਇਹ ਵੀ ਅੱਜ ਸਾਰੀ ਦੁਨੀਆ ਲਈ ਇਕੋ ਜਿਹੀ ਇੱਜ਼ਤ ਮਾਨਣ ਵਾਲੇ ਇਤਿਹਾਸਕ ਸ਼ਖ਼ਸੀਅਤਾਂ ਹੁੰਦੇ, ਨਾ ਕਿ ਇਕ ਹਿੱਸੇ ਵਿਚ ਪੂਜੇ ਜਾਣ ਵਾਲੇ ਤੇ ਦੂਜੇ ਪਾਸੇ ਕਤਲੋ-ਗਾਰਤ ਦੀ ਪੇ੍ਰਰਨਾ ਬਣਨ ਵਾਲੇ। ਨਾ ਯੂਰਪ ਵਿਚ ਯਹੂਦੀਆਂ ਦੇ ਲਹੂ ਦੀਆਂ ਨਦੀਆਂ ਵਹਿੰਦੀਆਂ ਨਾ ਫ਼ਲਸਤੀਨ ਵਿਚ ਯਹੂਦੀਆਂ ਹੱਥੋਂ ਕੀੜੇ-ਮਕੌੜਿਆਂ ਵਾਲੀ ਜ਼ਿੰਦਗੀ ਨਸੀਬ ਹੁੰਦੀ, ਨਾ ਤੁਰਕ ਸਾਮਰਾਜ ਵਿਚ ਇਸਾਈਆਂ ਦੀ ਅਧੋਗਤੀ ਹੁੰਦੀ ਨਾ ਮੱਧ-ਏਸ਼ੀਆ ਵਿਚ 'ਫ਼ਰੰਗੀ' ਖੂਨ ਦੀ ਹੋਲੀ ਖੇਡਣ ਆਉਂਦੇ, ਨਾ ਹੀ ਲਾਤੀਨੀ ਅਮਰੀਕਾ ਵਿਚ ਈਸਾਈਆਂ ਹੱਥੋਂ ਮੂਲ ਨਿਵਾਸੀਆਂ ਦੀ ਨਸਲਕੁਸ਼ੀ ਹੁੰਦੀ, ਨਾ ਕਾਲੇ ਅਫ਼ਰੀਕਾ ਦੇ ਮੂਲ ਨਿਵਾਸੀ ਬਾਹਰੋਂ ਲਿਆਂਦੇ ਗਏ ਧਰਮਾਂ ਮਗਰ ਲੱਗ ਕੇ ਇਕ-ਦੂਜੇ ਦਾ ਬੀਅ ਨਾਸ ਕਰਨ 'ਤੇ ਤੁਲੇ ਰਹਿੰਦੇ। ਦੂਰ ਜਾਣ ਦੀ ਲੋੜ ਨਹੀਂ, ਪੰਜਾਬ ਦੇ '47 ਦੇ ਘੱਲੂਘਾਰੇ ਨੂੰ ਕੌਣ ਭੁੱਲ ਸਕਦਾ ਹੈ, ਜਿੱਥੇ ਮਨੁੱਖਤਾ ਵੱਲੋਂ ਅਰਜਤ ਪੰਜ ਹਜ਼ਾਰ ਸਾਲ ਦੀਆਂ ਸਭਿਅਕ ਕਦਰਾਂ ਕੀਮਤਾਂ ਇਕੋ ਝਟਕੇ ਵਿਚ ਧਰਮ ਦੀ ਖ਼ਾਤਰ ਛਿੱਕੂ ਟੰਗ ਦਿੱਤੀਆਂ ਗਈਆਂ। ਇਹ ਸਭ ਤਾਂ ਇਤਿਹਾਸ ਹੋ ਨਿਬੜਿਆ ਪਰ ਕੀ ਧਰਮ ਦੇ ਨਾਮ 'ਤੇ ਖੂੰਰੇਜ਼ੀ ਬੰਦ ਹੋ ਗਈ ਹੈ? ਭਾਰਤੀ ਪੰਜਾਬ ਵਿਚ ਦੋ ਦਹਾਕੇ ਹਨੇਰੀ ਵਾਂਗ ਝੁੱਲੀ ਦਹਿਸ਼ਤਗਰਦੀ ਦੀ ਤਾਨਾਸ਼ਾਹੀ, '84 ਵਿਚ ਹਜ਼ਾਰਾਂ ਬੇ-ਦੋਸ਼ੇ ਸਿੱਖਾਂ ਦਾ ਜਿਓਂਦਿਆਂ ਫੂਕੇ ਜਾਣਾ, ਗੁਜਰਾਤ ਵਿਚ ਮੁਸਲਮਾਨਾਂ ਦੇ ਸਰਵਨਾਸ਼ ਦੀ ਮਨੁੱਖਤਾ ਨੂੰ ਸ਼ਰਮਸਾਰ ਕਰਦੀ ਤਸਵੀਰ ਅਜੇ ਕੱਲ੍ਹ ਦੀਆਂ ਗੱਲਾਂ ਹਨ। ਅੱਜ ਵੀ ਇਸੇ ਧਰਮ ਅਤੇ ਰੱਬ ਦੇ ਨਾਮ 'ਤੇ ਜੋ ਹੋ ਰਿਹਾ ਹੈ, ਕਿਸੇ ਤੋਂ ਲੁਕਿਆ ਨਹੀਂ। ਵਾਘਿਓਂ ਪਾਰ ਮਜ਼੍ਹਬ ਲਈ ਖ਼ਾਸ ਤੌਰ 'ਤੇ ਬਣਾਏ ਗਏ ਦੇਸ਼ ਵਿਚ ਵੀ ਧਰਮ ਨੇ ਮਨੁੱਖਤਾ ਨੂੰ ਅਗਵਾ ਕਰ ਰਖਿਆ ਹੈ ਜਿੱਥੇ ਹਰ ਉਹ ਸ਼ਖ਼ਸ ਜੋ ਇਸਲਾਮ ਦੀ ਇਕ ਖ਼ਾਸ ਸ਼ਾਖਾ ਨੂੰ ਨਹੀਂ ਮੰਨਦਾ, 'ਹਲਾਲ' ਹੋਣ ਨੂੰ ਤਿਆਰ ਬੈਠਾ ਹੈ। ਨਾਈਜੀਰੀਆ ਵਿਚ ਇਸਲਾਮੀ ਕਾਤਲਾਂ ਹੱਥੋਂ ਬੇਦੋਸ਼ੇ ਈਸਾਈ ਸ਼ਹਿਰੀਆਂ ਦਾ ਖੂਨ ਡੋਲੇ ਜਾਣ ਦੀਆਂ ਖ਼ਬਰਾਂ ਆਮ ਹਨ। ਇਰਾਕ, ਸੀਰੀਆ, ਬਹਿਰੀਨ, ਲੈਬਨਾਨ ਵਿਚ ਇਕੋ ਮਜ਼੍ਹਬ ਦੇ ਫ਼ਿਰਕਿਆਂ ਵਿਚਕਾਰ ਹੋ ਰਹੇ ਘਮਸਾਣ ਵਿਚਕਾਰ ਰੁਲਦੀ-ਫਿਰਦੀ ਇਨਸਾਨੀਅਤ, ਸ਼੍ਰੀ ਲੰਕਾ ਅਤੇ ਬਰਮਾ ਵਿਚ ਬੋਧੀ ਬਹੁਗਿਣਤੀ ਵੱਲੋਂ ਘੱਟ-ਗਣਿਤੀ ਦੇ ਫ਼ਿਰਕਿਆਂ ਉਪਰ ਤਸ਼ੱਦਦ ਤੇ ਹੁਣ 21ਵੀਂ ਸਦੀ ਵਿਚ ਵੀ ਅਫਗਾਨੀ ਬੁਰਕਿਆਂ ਵਿਚ ਗ਼ਰਕ ਹੁੰਦੀ ਜ਼ਿੰਦਗੀ, ਇਰਾਕ/ਸੀਰੀਆ ਦੇ ਹਿੱਸੇ 'ਤੇ ਕਾਬਜ਼ ਘੋਰ-ਅਤਿਵਾਦੀ ਇਸਲਾਮੀ ਜਥੇਬੰਦੀ ਵੱਲੋਂ ਗੈਰ-ਮੁਸਲਮਾਨ ਮਰਦਾਂ ਦੀਆਂ ਲੱਥਦੀਆਂ ਗਰਦਨਾਂ, ਬੱਚੀਆਂ/ਔਰਤਾਂ ਦੀਆਂ ਮੰਡੀਆਂ…! ਕੀ-ਕੀ ਗਿਣਾਇਆ ਜਾਵੇ? ਮਨੁੱਖਤਾ ਦੇ ਲਹੂ-ਭਿੱਜੇ ਇਤਿਹਾਸ ਦਾ ਬਹੁਤਾ ਹਿੱਸਾ ਧਰਮਾਂ ਦੇ ਹਿੱਸੇ ਹੀ ਆਇਆ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਸਾਰਾ ਜ਼ੁਲਮ, ਸਭ ਤਰ੍ਹਾਂ ਦੀ ਹਨੇਰ-ਗਰਦੀ ਉਸੇ ਵਿਚਾਰਧਾਰਾ ਦੇ ਨਾਮ 'ਤੇ ਹੋ ਰਿਹਾ ਹੈ ਜਿਸ ਨੂੰ ਉਸ ਦੇ ਮੰਨਣ ਵਾਲੇ ਮਨੁੱਖਤਾ ਲਈ ਸ਼ਾਂਤੀ, ਪ੍ਰੇਮ, ਭਾਈਚਾਰਾ ਵਰਗੇ ਸੁਪਨਮਈ ਅਲੰਕਾਰਾਂ ਨਾਲ ਸੁਸ਼ੋਭਿਤ ਕਰਦੇ ਹਨ
ਸਵਾਲ ਇਹ ਹੈ ਕਿ ਅਜੇਹੀ ਮੂੜ੍ਹਮੱਤ ਕਦੋਂ ਤੱਕ ਬਰਦਾਸ਼ਤ ਕੀਤੀ ਜਾਂਦੀ ਰਹੇਗੀ। ਦੁਨੀਆ ਦੀਆਂ ਜੇਲ੍ਹਾਂ ਵਿਚ ਬੰਦ ਹਰ ਮੁਜਰਮ ਕਿਸੇ ਨਾ ਕਿਸੇ ਧਰਮ ਨੂੰ ਮੰਨਣ ਵਾਲਾ ਹੁੰਦਾ ਹੈ। ਧਰਮ ਜੇ ਸਚ-ਮੁਚ ਹੀ ਪ੍ਰੇਮ-ਭਾਈਚਾਰੇ ਦਾ ਪਾਠ ਪੜ੍ਹਾਉਣ ਦੀ ਸਲਾਹੀਅਤ ਰਖਦਾ ਹੁੰਦਾ ਤਾਂ ਸਿਰਫ਼ ਧਰਮ ਨੂੰ ਨਾ ਗੌਲ਼ਨ ਵਾਲੇ ਹੀ ਮੁਜਰਮ ਹੁੰਦੇ ਪਰ ਅਸਲੀਅਤ ਅਕਸਰ ਇਸ ਦੇ ਉਲਟ ਵੇਖੀ ਗਈ ਹੈ, ਕਿਉਂ? ਜੇ ਧਰਮ ਕਿਸੇ ਨੂੰ ਜੁਰਮ ਕਰਨ ਤੋਂ ਨਹੀਂ ਰੋਕ ਸਕਦਾ ਤਾਂ ਅਜੇਹੇ ਪਰਪੰਚ ਦੇ ਭੇਡਾਂ ਬੱਕਰੀਆਂ ਵਾਂਗ ਅੰਨ੍ਹੇਵਾਹ ਪਿੱਛੇ ਲੱਗਣਾ ਕਿਥੋਂ ਦੀ ਸਿਆਣਪ ਹੈ?
ਲਗਭਗ ਸਾਰੇ ਹੀ ਸਥਾਪਤ ਧਰਮਾਂ ਦੇ ਮੰਨਣ ਵਾਲਿਆਂ ਵੱਲੋਂ ਉਨ੍ਹਾਂ ਦੇ ਧਰਮ ਦੇ 'ਵਿਗਿਆਨਕ' ਹੋਣ ਦੇ ਦਾਅਵੇ ਕੀਤੇ ਜਾਂਦੇ ਹਨ। ਇਹ ਦਾਅਵੇ ਝੂਠੇ ਹਨ ਜਾਂ ਸੱਚੇ ਇਹ ਵਿਚਾਰਨ ਤੋਂ ਪਹਿਲਾਂ ਇਸ ਗੱਲ ਵੱਲ ਗ਼ੌਰ ਕੀਤਾ ਜਾਣਾ ਚਾਹੀਦਾ ਹੈ ਕਿ ਕੋਈ ਰੂਹਾਨੀ ਵਿਚਾਰਧਾਰਾ ਆਪਣੇ-ਆਪ ਲਈ 'ਵਿਗਿਆਨਕ' ਹੋਣ ਦਾ ਪ੍ਰਮਾਣ-ਪੱਤਰ ਕਿਉਂ ਲੈਣਾ ਚਾਹੁੰਦੀ ਹੈ। ਵਿਗਿਆਨ ਜੇ ਇਤਨਾ ਹੀ ਬੁਰਾ ਹੈ ਜੋ ਧਰਮਾਂ ਦੇ ਨੱਕ ਹੇਠ ਨਹੀਂ ਆਉਂਦਾ ਤਾਂ ਫਿਰ ਉਸੇ ਵਿਗਿਆਨ ਦੀ ਸ਼ਰਨ ਵਿਚ ਜਾਣ ਵਾਲੀ ਮਾਨਸਿਕਤਾ ਨੂੰ ਕੀ ਨਾਮ ਦਿੱਤਾ ਜਾਵੇ? ਮੂਲਵਾਦੀ ਹਿੰਦੂਆਂ ਦਾ ਇਹ ਦਾਅਵਾ ਕਿ “ਪੱਛਮ ਦੀ ਸਾਇੰਸ ਤਾਂ ਉਨ੍ਹਾਂ ਦੇ ਵੇਦਾਂ ਵਿਚ ਪਹਿਲਾਂ ਹੀ ਮੌਜੂਦ ਹੈ”, ਕੋਰੀ ਬਕਵਾਸ ਤਾਂ ਹੈ ਹੀ ਪਰ ਇਸ ਦੇ ਨਾਲ ਨਾਲ ਉਨ੍ਹਾਂ ਨੇ ਪੂਰੇ ਭਾਰਤ ਦੇਸ਼ ਨੂੰ ਸਜਗ ਦੁਨੀਆ ਵਿਚ ਇਕ ਭੱਦੇ ਮਜ਼ਾਕ ਦਾ ਨਿਸ਼ਾਨਾ ਬਣਨ ਲਈ ਵੀ ਮਜਬੂਰ ਕੀਤਾ ਹੈ। ਇਸੇ ਤਰ੍ਹਾਂ ਬੌਧ, ਈਸਾਈ, ਮੁਸਲਮਾਨ, ਪਾਰਸੀ, ਸਿੱਖ ਵੀ ਕਿਸੇ ਨਾ ਕਿਸੇ ਬਹਾਨੇ ਅਪਣੇ ਬਾਨੀਆਂ ਦੇ 'ਤਰਕਸ਼ੀਲ' ਹੋਣ ਦਾ ਦਮ ਭਰਦੇ ਰਹਿੰਦੇ ਹਨ ਤੇ ਆਪਣੀਆਂ ਕਿਤਾਬਾਂ ਵਿਚ ਬ੍ਰਹਿਮੰਡ, ਸੂਰਜ, ਤਾਰਿਆਂ ਦਾ ਜ਼ਿਕਰ ਹੋਣ ਬਾਰੇ ਮਿਸਾਲਾਂ ਦਿੰਦੇ ਹਨ। ਜਿਸ ਤਰਾਂ, ਮੈਂ ਪਹਿਲਾਂ ਕਹਿ ਚੁੱਕਿਆ ਹਾਂ ਕਿ ਮਨੁੱਖ ਦਾ ਜਗਿਆਸੂ ਮਨ ਸ਼ੁਰੂ ਤੋਂ ਹੀ ਆਪਣੇ ਚੌਗਿਰਦੇ ਬਾਰੇ ਘੋਖ ਦੀ ਨਜ਼ਰ ਨਾਲ ਵੇਖਦਾ ਰਿਹਾ ਹੈ, ਇਸ ਲਈ ਇਹ ਕੋਈ ਵੱਡੀ ਗੱਲ ਨਹੀਂ ਜੇ ਇਨ੍ਹਾਂ ਕਿਤਾਬਾਂ ਦੇ ਰਚਨਾਕਾਰਾਂ ਨੇ ਵੀ ਬ੍ਰਹਮੰਡ ਬਾਰੇ, ਜਿੰਨੀ ਕੁ ਉਨ੍ਹਾਂ ਨੂੰ ਉਸ ਸਮੇਂ ਸਮਝ ਸੀ, ਆਪਣੇ ਵਿਚਾਰ ਪਰਗਟ ਕੀਤੇ ਹੋਣ। ਇਸ ਦੀ ਸਭ ਤੋਂ ਵਧੀਆ ਮਿਸਾਲ ਹੈ ਰਿਗਵੇਦ ਵਿਚ ਰਚਿਤ 'ਸਰਿਸ਼ਟੀ ਉਸਤਤ'। ਇਹ ਆਪਣੇ ਆਪ ਵਿਚ ਲਾ-ਮਿਸਾਲ ਫ਼ਲਸਫ਼ਾ ਹੈ ਤੇ ਕਾਵਿ ਦਾ ਅਦਭੁਤ ਰੂਪ ਵੀ ਪਰ ਇਸ ਵਿਚ ਜਵਾਬਾਂ ਨਾਲੋਂ ਸਵਾਲ ਵਧੇਰੇ ਦਰਜ ਹਨ – ਕਮਾਲ ਦੇ ਸਵਾਲ ਜੋ 'ਰੱਬ' ਵਰਗੀ ਕਿਸੇ ਤਾਕਤ ਦੀ ਹੋਂਦ ਉਪਰ ਵੀ ਕਿੰਤੂ ਕਰਦੇ ਹਨ। ਪੁਰਾਤਨ ਭਾਰਤੀ ਗਣਿਤ ਨੇ ਵੀ ਆਧੁਨਿਕ ਵਿਗਿਆਨ ਨੂੰ ਹਿੰਦਸਿਆਂ ਅਤੇ ਸਿਫ਼ਰ ਦੇ ਅੰਕੜੇ ਵਰਗੀ ਅਦੁੱਤੀ ਦੇਣ ਦਿੱਤੀ ਹੈ। ਇਸੇ ਤਰ੍ਹਾਂ ਵਿਗਿਆਨ ਨੂੰ ਬਾਕੀ ਦੇ ਪੁਰਾਣੇ ਸਭਿਆਚਾਰਾਂ ਦਾ ਵੀ ਯੋਗਦਾਨ ਰਿਹਾ ਹੈ ਜਿਸ ਵਿਚ ਅਰਬਾਂ, ਫਾਰਸੀਆਂ ਦਾ ਨਾਮ ਮਹੱਤਵਪੂਰਨ ਹੈ। ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਕਿਸੇ ਹਿੰਦੂ ਰਿਸ਼ੀ, ਈਸਾ, ਮੁਹੰਮਦ, ਜਾਂ ਨਾਨਕ ਨੇ ਹਬਲ ਖ਼ਲਾਅ ਦੂਰਬੀਨ ਵਿਚੋਂ ਵੇਖਦਿਆਂ ਸਾਨੂੰ ਸਰਿਸ਼ਟੀ ਦੀ ਰਚਨਾ ਬਾਰੇ ਗਿਆਨਵਾਨ ਕੀਤਾ। ਹਾਂ, ਅਤੀਤ ਦੇ ਜਗਿਆਸੂ ਮਨੁੱਖਾਂ ਦੀਆਂ ਸਰਿਸ਼ਟੀ ਬਾਰੇ ਕਿਆਸ-ਆਰਾਈਆਂ ਨੇ ਸਾਨੂੰ ਇਸ ਸਮਰੱਥ ਜ਼ਰੂਰ ਕੀਤਾ ਕਿ ਅਸੀਂ ਹਬਲ ਦੂਰਬੀਨ ਵਰਗੀ ਨਾਯਾਬ ਚੀਜ਼ ਬਣਾ ਸਕੇ। ਇਹ ਪੜ੍ਹਾਅਵਾਰ ਤਰੱਕੀ ਹੈ ਜੋ ਸਦੀਆਂ ਤੋਂ ਚੱਲ ਰਹੀ ਹੈ। ਇਸ ਯਾਤਰਾ ਵਿਚ ਕੁੱਝ ਵੀ 'ਆਖ਼ਰੀ' ਨਹੀਂ ਪਰ ਜਿਨ੍ਹਾਂ ਨੂੰ ਆਖ਼ਰੀ ਕਰਾਰ ਦੇ ਦਿੱਤਾ ਗਿਆ ਹੈ ਉਹ ਵਿਗਿਆਨ ਦੇ ਘੇਰੇ 'ਚੋਂ ਬਾਹਰ ਹੋ ਗਏ ਹਨ ਤੇ ਚਿਰਾਂ ਤੋਂ ਸੜਦੇ ਪਾਣੀ ਦੇ ਟੋਭਿਆਂ ਵਿਚ ਤਬਦੀਲ ਹੋ ਗਏ ਹਨ ਜਦਕਿ ਵਿਗਿਆਨ ਦੀ ਧਾਰਾ ਲਗਾਤਾਰ ਅੱਗੇ ਵਧਦੀ ਜਾ ਰਹੀ ਹੈ।
ਭਾਵੇਂ ਯੂਨਾਨ ਦੇ ਵਿਗਿਆਨੀ ਅਰਿਸਤਰਖੋਸ (3ਜੀ ਸਦੀ ਈ. ਪੂ.) ਨੂੰ ਅੰਦਾਜ਼ਾ ਹੋ ਗਿਆ ਸੀ ਕਿ ਸਾਡੀ ਧਰਤੀ ਸਾਰੇ ਬ੍ਰਹਿਮੰਡ ਦਾ ਧੁਰਾ ਨਹੀਂ ਹੈ ਤੇ ਉਸ ਨੇ ਸਭ ਤੋਂ ਪਹਿਲਾਂ ਸਾਡੇ ਸੂਰਜ ਮੰਡਲ ਦੇ ਸੂਰਜ-ਕੇਂਦਰਤ ਹੋਣ ਦਾ ਸਿਧਾਂਤ ਪੇਸ਼ ਕੀਤਾ ਸੀ, ਜੋ ਇਤਿਹਾਸ ਦੇ ਹਨੇਰੇ ਵਿਚ ਬੜੀ ਦੇਰ ਤੱਕ ਲੁਕਿਆ ਰਿਹਾ। ਪਰ ਇਹ ਤੱਥ ਸਾਬਤ ਕਰਨ ਲਈ ਪੰਦ੍ਹਰਵੀਂ ਸਦੀ ਵਿਚ (ਨਾਨਕ ਦਾ ਸਮਕਾਲੀ) ਪੋਲੈਂਡ ਦਾ ਵਿਗਿਆਨੀ ਨਿਕੋਲਈ ਕੋਪੇਰਨਿਕ ਪਹਿਲ ਕਰਦਾ ਹੈ। ਉਸ ਨੇ ਬਾਕਾਇਦਾ ਇਕ ਮਾਡਲ ਬਣਾ ਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਨਾ ਕਿ ਇਸ ਦੇ ਉਲਟ। ਕੋਪੇਰਨਿਕ ਦੀ ਬਦਕਿਸਮਤੀ ਸੀ ਕਿ ਉਸ ਵੇਲੇ ਤੱਕ ਇਸ ਵਿਸ਼ੇ 'ਤੇ ਕੀਤੀਆਂ ਗਈਆਂ ਕਿਆਸਆਰੀਆਂ ਕਿ ਸੂਰਜ, ਚੰਦ, ਤਾਰੇ ਸਭ ਧਰਤੀ ਦੁਆਲੇ ਘੁੰਮਦੇ ਹਨ, ਨੂੰ 'ਰੱਬੀ ਬਾਣੀ' ਕਰਾਰ ਦੇ ਦਿੱਤਾ ਜਾ ਚੁੱਕਾ ਸੀ ਜੋ ਧਰਮ ਦੇ ਕਾਨੂੰਨ ਅਨੁਸਾਰ 'ਆਖ਼ਰੀ ਸਚਾਈ' ਸੀ। ਨਤੀਜੇ ਵਜੋਂ, ਕੋਪੇਰਨਿਕ ਹੀ ਨਹੀਂ ਬਲਕਿ ਉਸ ਤੋਂ ਬਾਅਦ ਦੇ ਕਈ ਮਹਾਨ ਵਿਗਿਆਨੀਆਂ ਅਤੇ ਸੱਚ ਦੇ ਖੋਜੀਆਂ ਨੂੰ ਧਰਮ ਦੇ ਕਹਿਰ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਵੀਹਵੀਂ ਸਦੀ ਦੇ ਮਹਾਨ ਜੀਵ ਵਿਗਿਆਨੀ ਚਾਰਲਸ ਡਾਰਵਿਨ ਲਈ ਵੀ ਧਰਮ-ਗ੍ਰੱਸੇ ਸਮਾਜ ਵਿਚ ਆਪਣੀ ਖੋਜ ਦਾ ਨਤੀਜਾ ਜ਼ਾਹਿਰ ਕਰਨਾ ਆਸਾਨ ਨਹੀਂ ਸੀ।
ਜੇ ਇਹ ਵਰਤਾਰਾ ਇਤਿਹਾਸ ਹੋ ਨਿਬੜਿਆ ਹੁੰਦਾ ਤਾਂ ਸਬਰ ਕਰ ਲਿਆ ਜਾਂਦਾ ਪਰ ਅਜੋਕੇ ਸਮੇਂ ਵਿਚ ਜਿਉਂਦਿਆਂ, ਅਤਿਆਧੁਨਿਕ ਜਾਣਕਾਰੀ ਹੁੰਦਿਆਂ ਵੀ ਧਰਮਾਂ ਦੇ ਪੈਰੋਕਾਰ ਉਸੇ ਪੁਰਾਣੀ ਬਕਵਾਸ ਨੂੰ ਆਪਣੇ ਸਿਰਾਂ 'ਤੇ ਢੋਈ ਫਿਰਨ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ। ਇਹ ਕੇਹੀ ਢੀਠਤਾਈ ਹੈ? ਉਪਰੋਂ ਚੋਰੀ ਔਰ ਸੀਨਾਜ਼ੋਰੀ ਵੇਖੋ ਕਿ ਇਹ ਲੋਕ ਫੇਸਬੁੱਕ, ਟਵਿਟਰ, ਮੋਬਾਈਲ ਫ਼ੋਨ, ਯੂ ਟਿਊਬ ਵਰਗੇ ਆਧੁਨਿਕ ਸੰਚਾਰ ਮਾਧਿਅਮ, ਜੋ ਆਧੁਨਿਕ ਵਿਗਿਆਨ ਦੀ ਅਦੁੱਤੀ ਦੇਣ ਹਨ, ਵਿਗਿਆਨ ਦੇ ਹੀ ਖ਼ਿਲਾਫ਼ ਜ਼ਹਿਰ ਉਗਲਨ ਤੇ ਆਪਣੀਆਂ ਧਾਰਮਿਕ ਆਸਥਾਵਾਂ ਦੇ ਪ੍ਰਚਾਰ ਲਈ ਵਰਤਦੇ ਹਨ। ਓ ਭਾਈ, ਜੇ ਵਿਗਿਆਨ ਤੁਹਾਡੇ ਧਰਮਾਂ ਦੇ ਮੁਕਾਬਲੇ ਇਤਨਾ ਹੀ ਹੀਣ ਹੈ ਤਾਂ ਫਿਰ ਜਾਓ ਤਾੜ ਦੇ ਪੱਤੇ ਇਕੱਠੇ ਕਰੋ, ਕਾਲਖ ਤੋਂ ਸਿਆਹੀ ਤੇ ਕਾਨਿਆਂ ਦੀਆਂ ਕਲਮਾਂ ਘੜ ਕੇ ਆਪਣੀਆਂ ਦਲੀਲਾਂ ਲਿਖੋ ਤੇ ਘੋੜਿਆਂ 'ਤੇ ਚੜ੍ਹ ਕੇ ਜਾਂ ਪੈਦਲ ਹਰਕਾਰੇ ਭੇਜ ਕੇ ਆਪਣੇ ਸੁਨੇਹੇ ਪਹੁੰਚਾਓ – ਵਿਗਿਆਨ ਦੀਆਂ ਦਿੱਤੀਆਂ ਸਹੂਲਤਾਂ ਦਾ ਲਾਭ ਉਠਾਉਣ ਦਾ ਤੁਹਾਨੂੰ ਕੀ ਹੱਕ? ਪਰ ਦੋਗਲਾਪਣ ਧਾਰਮਿਕ ਮਾਨਸਿਕਤਾ ਦੀ ਖ਼ਾਸ ਪਛਾਣ ਹੈ। ਕਹਿਣੀ ਅਤੇ ਕਰਨੀ ਵਿਚ ਕੋਹਾਂ ਦਾ ਫ਼ਾਸਲਾ ਰੱਖਣਾ ਧਰਮ ਦੇ ਸ਼ਰਧਾਲੂਆਂ ਲਈ ਸ਼ਾਨ ਵਾਲੀ ਗੱਲ ਹੈ। ਇਨਸਾਨੀ ਕਿਰਦਾਰ ਦਾ ਇਹ ਪਹਿਲੂ ਸਾਰੇ ਧਰਮਾਂ ਦੇ ਮੰਨਣ ਵਾਲਿਆਂ ਲਈ ਸਾਂਝਾ ਹੈ। ਇਨ੍ਹਾਂ ਦੇ ਅਮਲ ਧਿਆਨ ਨਾਲ਼ ਵੇਖੋ ਤਾਂ ਇਹੀ ਗੱਲ ਵਾਰ-ਵਾਰ ਸਾਹਮਣੇ ਆਉਂਦੀ ਹੈ। ਯਹੂਦੀ, ਮੁਸਲਮਾਨ ਤੇ ਈਸਾਈਆਂ ਦੇ ਕੁਝ ਫ਼ਿਰਕੇ ਇਕ ਪਾਸੇ ਸਾਰੇ ਬ੍ਰਹਿਮੰਡ ਨੂੰ 'ਰੱਬੀ ਸਿਰਜਣਾ' ਮੰਨਦੇ ਹਨ ਤੇ ਦੂਜੇ ਪਾਸੇ ਮਰਦ ਦੇ ਲਿੰਗ ਉਪਰ ਕੁਦਰਤੀ ਚਮੜੀ ਦੀ ਪਰਤ ਨੂੰ ਅੱਗਿਓਂ ਕੱਟਣਾ ਜ਼ਰੂਰੀ ਸਮਝਦੇ ਹਨ- ਕਿਉਂ? ਇਹ ਚਮੜੀ ਰੱਬ ਨੇ ਨਹੀਂ ਬਣਾਈ? ਕੀ ਮੁੱਛਾਂ ਰੱਬ ਨੇ ਨਹੀਂ ਬਣਾਈਆਂ, ਜਿਹੜੀਆਂ ਇਨ੍ਹਾਂ ਦੇ ਮੌਲਵੀ ਕਤਰੀ ਫਿਰਦੇ ਹਨ? ਇਸੇ ਤਰ੍ਹਾਂ ਗੁਰੂ ਨਾਨਕ ਦੇ ਜੀਵਨ ਨਾਲ਼ ਸਬੰਧਤ ਸਿੱਖਾਂ ਦੀਆਂ ਬਣਾਈਆਂ ਸਾਖੀਆਂ ਦੀ ਉਦਾਹਰਣ ਵੇਖੋ: ਇਕ ਸਾਖੀ ਅਨੁਸਾਰ ਨਾਨਕ ਨੇ ਹਰਦਵਾਰ ਵਿਖੇ ਬ੍ਰਾਹਮਣਾਂ ਦੀਆਂ ਰੀਤਾਂ ਦੇ ਉਲਟ ਪਾਸੇ ਪਾਣੀ ਵਾਰ ਕੇ ਤਰਕਸ਼ੀਲ ਨਜ਼ਰੀਏ ਦਾ ਸਬੂਤ ਦਿੱਤਾ ਤੇ ਲੋਕਾਂ ਨੂੰ ਅੰਧਵਿਸ਼ਵਾਸ ਤੋਂ ਬਚਣ ਦੀ ਸਿੱਖਿਆ ਦਿੱਤੀ, ਤੇ ਦੂਜੇ ਪਾਸੇ ਇਸੇ ਗੁਰੂ ਦੇ ਚੇਲੇ ਇਹ ਪ੍ਰਚਾਰ ਕਰਦੇ ਨਹੀਂ ਥੱਕਦੇ ਕਿ ਫਲਾਣੀ ਥਾਂ 'ਤੇ ਗੁਰੂ ਨੇ ਪੰਜਾ ਲਗਾ ਕੇ ਚਟਾਨ ਰੋਕ ਦਿੱਤੀ। ਇਹੀ ਨਹੀਂ ਜਿਹੜੇ ਸਿੱਖ ਆਪਣੇ ਆਪ ਨੂੰ ਹਿੰਦੂ ਮਿਥਿਆਵਾਦ ਤੋਂ ਮੁਕਤ ਦੱਸਦੇ ਹਨ ਉਹੀ ਸਿੱਖ ਹਿਮਾਲਿਆ ਦੀਆਂ ਬਰਫ਼ਾਨੀ ਚੋਟੀਆਂ ਉਪਰ ਹਰ ਸਾਲ ਗੁਰੂ ਦੇ ਪਿਛਲੇ ਜਨਮ ਦੀ ਭਗਤੀ ਦਾ ਸਥਾਨ ਵੇਖਣ ਲਈ ਯਾਤਰਾਵਾਂ 'ਤੇ ਤੁਰੇ ਰਹਿੰਦੇ ਹਨ।
ਆਪਣੀ ਗੱਲ ਮੁਕਾਉਣ ਤੋਂ ਪਹਿਲਾਂ ਇਕ ਹੋਰ ਸਬੰਧਤ ਵਿਸ਼ੇ 'ਤੇ ਗੱਲ ਕਰਨੀ ਜ਼ਰੂਰੀ ਸਮਝਦਾ ਹਾਂ। ਮੈਨੂੰ ਪਤਾ ਹੈ ਕਿ ਜਦ ਵੀ ਕੋਈ ਧਰਮਾਂ ਦੇ ਪੈਰੋਕਾਰਾਂ ਵੱਲੋਂ ਮਨੁੱਖਤਾ ਦੇ ਖ਼ਿਲਾਫ਼ ਕੀਤੀ ਦਰਿੰਦਗੀ ਦਾ ਜ਼ਿਕਰ ਕਰਦਾ ਹੈ ਤਾਂ ਅਕਸਰ ਲੋਕ ਇਸ ਦੇ ਪ੍ਰਤੀਕਰਮ ਵਜੋਂ ਸਾਮਵਾਦ (ਕਮਿਊਨਿਜ਼ਮ) ਵਰਗੀਆਂ ਵਿੱਤੀ ਵਿਚਾਰਧਾਰਾਵਾਂ ਦੇ ਨਾਮ ਥੱਲੇ ਪਣਪੀਆਂ ਤਾਨਾਸ਼ਾਹ ਸਰਕਾਰਾਂ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਦਾ ਜ਼ਿਕਰ ਕਰ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਨਾਸਤਿਕ ਵੀ ਉਤਨੇ ਹੀ ਗੈਰ-ਇਖ਼ਲਾਕੀ ਹਨ। ਮੇਰਾ ਮੰਨਣਾ ਹੈ ਕਿ ਤਾਨਾਸ਼ਾਹੀ ਵਿਚ ਮਨੁੱਖਤਾ ਦਾ ਘਾਣ ਹੋਣਾ ਹੀ ਹੁੰਦਾ ਹੈ ਭਾਵੇਂ ਉਹ ਧਾਰਮਿਕ ਹੋਵੇ ਜਾਂ ਸਿਆਸੀ ਜਾਂ ਵਿੱਤੀ। ਸਾਮਵਾਦ ਇਕ ਨਿਰੋਲ ਵਿੱਤੀ ਵਿਚਾਰਧਾਰਾ ਹੈ ਜਿਸ ਅਨੁਸਾਰ ਪੂੰਜੀ ਦੀ ਵੰਡ ਇਨਸਾਨੀ ਲੋੜਾਂ ਮੁਤਾਬਕ ਹੋਣੀ ਚਾਹੀਦੀ ਹੈ ਨਾ ਕਿ 'ਜਿਸ ਕੀ ਲਾਠੀ ਉਸਕੀ ਭੈਂਸ' ਮੁਤਾਬਕ, ਤਾਂ ਕਿ ਨਿਰਬਲ ਦੀ ਬਲਸ਼ਾਲੀ ਹੱਥੋਂ ਖੁਆਰੀ 'ਤੇ ਨੱਥ ਪਾਈ ਜਾ ਸਕੇ। ਇਹ ਵੱਖਰੀ ਗੱਲ ਹੈ ਕਿ ਇਸ ਵਿੱਤੀ-ਸਿਧਾਂਤ ਦੇ ਖੋਜੀ ਕਾਰਲ ਮਾਰਕਸ ਨੇ ਗਰੀਬ ਦੀ ਅਮੀਰ ਹੱਥੋਂ ਹੁੰਦੀ ਲੁੱਟ ਦਾ ਇਕ ਕਾਰਨ ਧਰਮ ਵੀ ਮੰਨਿਆ ਹੈ ਜੋ ਸਹੀ ਵੀ ਹੈ। ਪਰ ਇਸ ਦਾ ਇਹ ਅਰਥ ਨਹੀਂ ਕਿ ਸਾਮਵਾਦ ਅਤੇ ਨਾਸਤਿਕਤਾ ਸਮਾਨਾਰਥਕ ਸ਼ਬਦ ਹਨ। ਅਜੇਹਾ ਸਮਝਣਾ ਕੋਰੀ ਮੂਰਖਤਾ ਹੈ। ਇਕ ਨਿਰੋਲ ਵਿੱਤੀ ਵਿਚਾਰਧਾਰਾ ਅਤੇ ਨਿਰੋਲ ਨੈਤਿਕ ਨਜ਼ਰੀਆ ਇਕ ਦੂਜੇ ਦੇ ਪੂਰਕ ਹੋਣਾ ਬਿਲਕੁਲ ਜ਼ਰੂਰੀ ਨਹੀਂ। ਆਧੁਨਿਕ ਪੂੰਜੀਵਾਦੀ ਦੁਨੀਆ ਦੇ ਬਹੁਤ ਸਾਰੇ ਨਾਸਤਿਕ ਚਿੰਤਕ ਹਨ ਜੋ ਸਟਾਲਿਨ ਦੇ ਰੂਸ, ਮਾਓ ਦੇ ਚੀਨ ਜਾਂ ਪੋਲਪੋਟ ਦੇ ਕੰਬੋਡੀਆ, ਅੱਜ ਦੇ ਉਤਰੀ-ਕੋਰੀਆ ਵਿਚ ਪ੍ਰੀਖਣ ਕੀਤੇ ਗਏ 'ਸਾਮਵਾਦ' ਨੂੰ ਕਦੇ ਵੀ ਸਵੀਕਾਰ ਨਹੀਂ ਕਰਦੇ ਜਿੱਥੇ ਆਤਮ ਪ੍ਰਗਟਾਅ ਦੀ ਆਜ਼ਾਦੀ ਉਪਰ ਪਾਬੰਦੀ ਲਗਾ ਦਿੱਤੀ ਗਈ ਹੋਵੇ। ਦੂਜੇ ਪਾਸੇ ਬੁੱਧ ਅਤੇ ਨਾਨਕ ਵਰਗੀਆਂ ਧਾਰਮਿਕ ਸ਼ਖ਼ਸੀਅਤਾਂ ਹਨ ਜੋ ਸਮਾਜਕ ਬਰਾਬਰੀ, ਵੰਡ-ਛਕਣ, ਕਿਰਤ ਕਰਨ ਵਰਗੇ ਗੁਣਾਂ ਦਾ ਫ਼ਲਸਫ਼ਾ ਦੇ ਕੇ ਸਮਾਜਵਾਦ ਦੇ ਨੇੜੇ ਖੜਦੀਆਂ ਹਨ। ਅੱਜ ਇਕ ਪਾਸੇ ਚੀਨ ਜਿਹਾ 'ਕਮਿਊਨਿਸਟ' ਦੇਸ਼ ਹੈ ਜੋ ਪੂੰਜੀਵਾਦ ਦੀਆਂ ਹੱਦਾਂ ਟੱਪ ਰਿਹਾ ਹੈ ਤੇ ਦੂਜੇ ਪਾਸੇ ਪੱਛਮੀ ਯੂਰਪ ਦੇ ਨਿਰੋਲ ਪੂੰਜੀਵਾਦੀ ਦੇਸ਼ ਹਨ ਜਿੱਥੇ ਸਾਰੇ ਸ਼ਹਿਰੀਆਂ ਲਈ ਜਿਊਣ ਜੋਗੇ ਵਸੀਲੇ ਮੁਹੱਈਆ ਕਰਵਾਉਣਾ ਸਰਕਾਰਾਂ ਦੇ ਜ਼ਿੰਮੇ ਹੈ, ਜੋ ਸਮਾਜਵਾਦ ਦਾ ਹੀ ਸਿਧਾਂਤ ਹੈ। ਅੰਧਵਿਸ਼ਵਾਸ ਨੂੰ ਤਰਕ ਨਾਲ ਹੀ ਖੰਡਤ ਕੀਤਾ ਜਾ ਸਕਦਾ ਹੈ ਤੇ ਤਰਕਸ਼ੀਲ ਸੋਚ ਦੀ ਸਹਿਜ ਪ੍ਰਫੁੱਲਤਾ ਲਈ ਸਭ ਤੋਂ ਮੁੱਢਲੀ ਲੋੜ ਹੈ – ਸ਼ਖ਼ਸੀ ਆਜ਼ਾਦੀ।
Add a review