ਅੱਜ ਦੇ ਯੁੱਗ ਵਿਚ ਯੂਰਪੀ ਦੇਸ਼ ਅਤੇ ਅਮਰੀਕਾ ਮਾਨਵ ਸੁਤੰਤਰਤਾ, ਤਰੱਕੀ, ਖ਼ੁਸ਼ਹਾਲੀ ਅਤੇ ਸਹਿਹੋਂਦ ਦੇ ਮਾਡਲ ਬਣੇ ਦਿਸਦੇ ਹਨ, ਇਨ੍ਹਾਂ ਦੇ ਉਲਟ ਇਸਲਾਮੀ ਦੇਸ਼ਾਂ ਅਤੇ ਇਸਲਾਮ ਨੂੰ ਅੱਤਵਾਦ ਅਤੇ ਮੂਲਵਾਦ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸਲਾਮੀ ਮੁਲਕਾਂ ਦੀਆਂ ਗਤੀਵਿਧੀਆਂ ਇਹ ਪ੍ਰਭਾਵ ਪਾਉਂਦੀਆਂ ਦਿਸਦੀਆਂ ਹਨ ਕਿ ਇਸਲਾਮ ਵਿੱਚ ਸਹਿਹੋਂਦ ਅਤੇ ਸਹਿਣਸ਼ੀਲਤਾ ਲਈ ਕੋਈ ਸਥਾਨ ਨਹੀਂ।
ਪਰ ਵੇਖਣਾ ਇਹ ਹੈ ਕਿ ਪੱਛਮੀ ਦੇਸ਼, ਜੋ ਮੂਲ ਤੌਰ 'ਤੇ ਈਸਾਈ ਮਤ ਦੇ ਭਗਤ ਹਨ; ਕੀ ਉਹ ਹਮੇਸ਼ਾ ਇਸੇ ਤਰ੍ਹਾਂ ਉਦਾਰਤਾ, ਸਹਿਹੋਂਦ, ਮਾਨਵ ਸੁਤੰਤਰਤਾ ਆਦਿ ਵਰਗੀਆਂ ਕੀਮਤਾਂ ਵਿੱਚ ਯਕੀਨ ਰੱਖਦੇ ਸਨ? ਅਤੇ ਇਹ ਵੀ ਕਿ ਕੀ ਇਸਲਾਮ ਦੇ ਪੈਰੋਕਾਰ ਹਮੇਸ਼ਾ ਇਸੇ ਤਰ੍ਹਾਂ ਤੁਅੱਸਬੀ, ਪਿਛਾਂਹ-ਖਿੱਚੂ ਅਤੇ ਮੂਲਵਾਦੀ ਰਹੇ ਹਨ?
ਅਸਲੀਅਤ ਇਹ ਹੈ ਕਿ ਅਸੀਂ 100 ਵਰ੍ਹਿਆਂ ਤੱਕ ਹਿੰਦੁਸਤਾਨ ਦੀ ਇਸ ਧਰਤੀ 'ਤੇ ਮੁਸਲਮਾਨਾਂ ਨਾਲ ਰਹਿੰਦਿਆਂ ਵੀ ਇਸਲਾਮ ਬਾਰੇ ਬਹੁਤ ਘੱਟ ਜਾਣਦੇ ਹਾਂ। ਅੱਜ ਦਾ ਮਨੁੱਖ ਇਸਲਾਮ ਬਾਰੇ ਉਸੇ ਤਰ੍ਹਾਂ ਦੇ ਪ੍ਰਭਾਵ ਗ੍ਰਹਿਣ ਕਰਦਾ ਜਾਂ ਸੋਚਦਾ ਹੈ ਜੋ ਉਹ ਅੱਜ ਦੇ ਯੁੱਗ ਵਿੱਚ ਵੇਖ ਰਿਹਾ ਹੈ। ਇਸਲਾਮ ਬਾਰੇ ਹੀ ਨਹੀਂ ਬਲਕਿ ਹਰ ਧਰਮ ਬਾਰੇ। ਜੇ ਮੈਂ ਆਪਣੇ ਬਾਰੇ ਜਾਂ ਕਾਰਤੀਆਂ ਬਾਰੇ ਗੱਲ ਕਰਾਂ ਤਾਂ ਇਸਲਾਮ ਦੇ ਸੰਦਰਭ ਵਿੱਚ ਸੋਚਦਿਆਂ ਸਭ ਤੋਂ ਪਹਿਲਾਂ ਮਹਿਮੂਦ ਗ਼ਜ਼ਨਵੀ ਜ਼ਹਿਨ ਵਿੱਚ ਆਉਂਦਾ ਹੈ। ਉਸ ਤੋਂ ਬਾਅਦ ਔਰੰਗਜ਼ੇਬ, ਫਰਖ਼ ਸਈਅਰ ਆਦਿ। ਜਾਂ ਫੇਰ ਸੰਨ 1947 ਵਿੱਚ ਪਾਕਿਸਤਾਨ ਵਿੱਚ ਹਿੰਦੂ-ਸਿੱਖਾਂ ਦਾ ਕਤਲੇਆਮ। ਪਰ ਸਭ ਤੋਂ ਵੱਧ ਅਸੀਂ 'ਤਾਲਿਬਾਨਵਾਦ' ਨੂੰ ਮੁੱਖ ਰੱਖਦਿਆਂ ਇਸਲਾਮ ਬਾਰੇ ਆਪਣੀਆਂ ਧਾਰਨਾਵਾਂ ਬਣਾਉਂਦੇ ਹਾਂ।
ਇਸ ਤੋਂ ਇਲਾਵਾ ਅਸੀਂ ਆਪਣੇ ਧਰਮ ਦੀਆਂ ਘਾਟਾਂ, ਔਗੁਣਾਂ ਨੂੰ ਇਸ ਤਰ੍ਹਾਂ ਆਤਮਸਾਤ ਕਰ ਲਿਆ, ਅਪਣਾ ਲਿਆ ਹੈ ਕਿ ਉਹ ਸਾਨੂੰ ਨਜ਼ਰ ਹੀ ਨਹੀਂ ਆਉਂਦੇ। ਉਨ੍ਹਾਂ ਨੂੰ ਦੂਸਰੇ ਧਰਮਾਂ ਵਾਲੇ ਹੀ ਵੇਖ ਕੇ ਸੰਕੇਤ ਕਰ ਸਕਦੇ ਹਨ। ਉਦਾਹਰਣ ਦੇ ਤੌਰ 'ਤੇ ਦੁਨੀਆ ਵਿੱਚ ਕੋਈ ਵੀ ਧਰਮ ਐਸਾ ਨਹੀਂ ਜਿਸ ਨੇ ਆਪਣੇ ਹੀ ਧਰਮ ਦੀ ਤੀਹ ਫ਼ੀਸਦੀ (ਜਾਂ ਇਸ ਤੋਂ ਕੁਝ ਘੱਟ ਵੱਧ) ਵਸੋਂ ਨੂੰ ਗ਼ੁਲਾਮਾਂ ਜਾਂ ਪਸ਼ੂਆਂ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਨਾ ਕਰ ਦਿੱਤਾ ਹੋਵੇ। ਤਕਰੀਬਨ ਐਵੇਂ ਹੀ ਆਦਿਵਾਸੀਆਂ ਨਾਲ ਜੋ ਵਰਤਾਅ ਧਰਮ ਦੇ ਨਾਮ 'ਤੇ ਜਾਂ ਵਿਸ਼ਵੀਕਰਨ, ਆਧੁਨਿਕੀਕਰਨ ਦੇ ਨਾਮ 'ਤੇ ਕਰਦਿਆਂ ਜਾਇਜ਼ ਠਹਿਰਾਉਂਦੇ ਹਾਂ, ਉਸ ਤਰ੍ਹਾਂ ਦੀਆਂ ਜ਼ਿਆਦਤੀਆਂ ਸ਼ਾਇਦ ਹੀ ਕਿਸੇ ਧਰਮ ਜਾਂ ਧਰਤੀ ਦੇ ਹਿੱਸੇ 'ਤੇ ਹੁੰਦੀਆਂ ਹੋਣ।
ਮੇਰੇ ਇਸ ਲੇਖ ਦਾ ਵਿਸ਼ਾ ਇਸਲਾਮ ਬਨਾਮ ਹਿੰਦੂ/ ਸਿੱਖ ਨਾ ਹੋ ਕੇ ਇਸਲਾਮ ਬਨਾਮ ਈਸਾਈਅਤ ਜਾਂ ਪੂਰਬ ਬਨਾਮ ਪੱਛਮ ਹੈ। ਹਿੰਦੁਸਤਾਨ ਦੇ ਪੱਛਮ ਵੱਲ ਦੀ ਧਰਤੀ 'ਤੇ ਤਿੰਨ ਮਹੱਤਵਪੂਰਨ ਧਰਮ ਈਸਾਈ, ਯਹੂਦੀ ਅਤੇ ਇਸਲਾਮ ਹੋਏ ਹਨ। ਦੂਜੇ ਸ਼ਬਦਾਂ ਵਿੱਚ ਇਹ ਕਿ ਇਹ ਤਿੰਨੇ ਧਰਮ ਅਤੇ ਦੋ ਸਭਿਅਤਾਵਾਂ (ਪੂਰਬ ਅਤੇ ਪੱਛਮ) ਰਾਜਨੀਤਕ, ਸਭਿਅਕ ਅਤੇ ਧਰਮ ਦੇ ਪੱਖ ਤੋਂ ਕਈ ਵਰ੍ਹਿਆਂ ਤਕ ਇਕ ਦੂਜੇ ਨਾਲ ਖਹਿੰਦੀਆਂ ਰਹੀਆਂ ਹਨ। ਉਂਜ ਧਰਤੀ ਦੇ ਪਿਛਲੇ 6-7 ਹਜ਼ਾਰ ਵਰ੍ਹਿਆਂ ਦੇ ਇਤਿਹਾਸ ਵਿੱਚ ਮੱਧ ਏਸ਼ੀਆ (ਇਰਾਨ, ਮਿਸਰ, ਤੁਰਕੀ, ਸੀਰੀਆ ਆਦਿ) ਵਿੱਚ ਇਨ੍ਹਾਂ ਤਿੰਨਾਂ ਧਰਮਾਂ ਦੇ ਇਲਾਵਾ ਹੋਰ ਵੀ ਕਈ ਸਭਿਅਤਾਵਾਂ ਨੇ ਜਨਮ ਲਿਆ, ਜੋ ਕੁਝ ਸੌ ਵਰ੍ਹਿਆਂ ਤਕ ਆਪਣਾ ਜਲੌਅ ਵਿਖਾ ਕੇ ਲੋਪ ਹੋ ਜਾਂਦੀਆਂ ਰਹੀਆਂ।
ਇਨ੍ਹਾਂ ਖੇਤਰਾਂ ਵਿੱਚ ਬੁਨਿਆਦੀ ਅਤੇ ਮਹੱਤਵਪੂਰਨ ਤਬਦੀਲੀਆਂ ਉਦੋਂ ਆਉਣੀਆਂ ਸ਼ੁਰੂ ਹੋਈਆਂ ਜਦੋਂ ਰੋਮ ਸਾਮਰਾਜ ਨੇ ਦੂਜੀ ਸਦੀ ਈਸਵੀ ਵਿੱਚ ਈਸਾਈ ਧਰਮ ਨੂੰ ਸਰਕਾਰੀ ਪੱਧਰ 'ਤੇ ਅਪਣਾ ਲਿਆ। ਕੁਝ ਸੌ ਵਰ੍ਹਿਆਂ ਵਿੱਚ ਜਿੱਥੇ ਜਿੱਥੇ ਰੋਮ ਸਾਮਰਾਜ ਦਾ ਕਬਜ਼ਾ ਸੀ, ਉੱਥੇ ਉੱਥੇ ਈਸਾਈ ਮਤ ਵੀ ਫੈਲ ਗਿਆ। ਇਸ ਦਾ ਪਸਾਰ ਰੋਮ ਤੋਂ ਲੈ ਕੇ ਇਸਤਾਂਬੁਲ (ਤੁਰਕੀ), ਯੇਰੂਸ਼ਲਮ ਅਤੇ ਇਰਾਕ ਤੱਕ ਸੀ। ਸੰਨ 565 ਈਸਵੀ ਵਿੱਚ ਜਿਸ ਸਮੇਂ ਰੋਮ ਸਾਮਰਾਜ ਦੀ ਰਾਜਧਾਨੀ ਇਸਤਾਂਬੁਲ ਸੀ, ਰੋਮ ਦੇ ਆਖ਼ਰੀ ਬਾਦਸ਼ਾਹ ਜਸਟੀਨੀਅਨ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਰੋਮਨਾਂ ਦੇ ਆਪਣੇ ਸਾਮਰਾਜ ਦੀਆਂ ਸੀਮਾਵਾਂ ਨੂੰ ਵਧਾਉਣ ਦੇ ਸੁਪਨੇ ਵੀ ਮਿੱਟੀ ਵਿੱਚ ਮਿਲ ਗਏ। ਇਸ ਸਮੇਂ ਦੀ ਮਹੱਤਤਾ ਇਤਿਹਾਸ ਦੀ ਦੂਸਰੀ ਮਹੱਤਵਪੂਰਨ ਘਟਨਾ ਇਸਲਾਮ ਦੀ ਉਤਪਤੀ ਨਾਲ ਹੈ।
ਭਾਵ ਇਹ ਕਿ ਇਸ ਦੇ ਪੰਜ ਸਾਲ ਬਾਅਦ ਸੰਨ 570 ਈਸਵੀ ਵਿੱਚ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਦਾ ਜਨਮ ਹੁੰਦਾ ਹੈ। ਇਨ੍ਹਾਂ ਦਾ ਜਨਮ ਚਾਹੇ ਰੋਮ ਸਾਮਰਾਜ ਦੀਆਂ ਸੀਮਾਵਾਂ ਤੋਂ ਬਾਹਰ ਅਰਬ ਦੇ ਬਦਾਸੂਨੀ ਕਬੀਲੇ ਵਿੱਚ ਹੋਇਆ, ਪਰ ਮੱਕਾ, ਬਗ਼ਦਾਦ ਦੇ ਵਪਾਰੀ ਕਾਫ਼ਲਿਆਂ ਦਾ ਆਉਣਾ ਜਾਣਾ ਰੋਮ ਦੇ ਮਤੈਹਤ ਸ਼ਹਿਰਾਂ ਬੈਰੂਦ, ਡਮਸਕਸ, ਪਲਮੀਰਾ, ਇਸਤਾਂਬੁਲ ਆਦਿ ਵਿੱਚ ਬਣਿਆ ਰਹਿੰਦਾ ਸੀ।
ਮੈਂ ਇੱਥੇ ਇਸਲਾਮ ਧਰਮ ਦੇ ਮੂਲ ਸੰਦੇਸ਼ਾਂ, ਅਸੂਲਾਂ ਆਦਿ ਬਾਰੇ ਕੋਈ ਗੱਲ ਨਾ ਕਰਦਿਆਂ ਸਿਰਫ਼ ਉਨ੍ਹਾਂ ਇਤਿਹਾਸਕ, ਗਤੀਵਿਧੀਆਂ ਦਾ ਹੀ ਜ਼ਿਕਰ ਕਰਾਂਗਾ, ਜਿਨ੍ਹਾਂ ਨੇ ਉਸ ਸਮੇਂ ਰਾਜਨੀਤਕ ਇਤਿਹਾਸ ਨੂੰ ਪ੍ਰਭਾਵਤ ਕੀਤਾ ਹੈ। ਸਿਆਸਤ ਦੇ ਦ੍ਰਿਸ਼ਟੀਕੋਣ ਤੋਂ ਸਭ ਤੋਂ ਮਹੱਤਵਪੂਰਨ ਨੁਕਤਾ ਇਹ ਕਿ ਸੰਨ 565 ਵਿੱਚ ਰੋਮ ਸਾਮਰਾਜ ਦੇ ਅੰਤ ਹੋ ਜਾਣ ਕਾਰਨ ਇਸ ਸਾਰੇ ਖੇਤਰ ਵਿੱਚ ਇਕ ਰਾਜਨੀਤਕ ਖ਼ਲਾਅ ਦਾ ਵਾਤਾਵਰਣ ਪੈਦਾ ਹੋ ਗਿਆ ਸੀ। ਇਸ ਖ਼ਲਾਅ ਦਾ ਹਜ਼ਰਤ ਮੁਹੰਮਦ ਦੇ ਪੈਰੋਕਾਰਾਂ ਨੂੰ ਪੂਰਾ ਲਾਭ ਪ੍ਰਾਪਤ ਹੋਇਆ। ਉਹ ਬਦਾਸੂਨੀ ਜੋ ਕਈ ਸ਼ਤਾਬਦੀਆਂ ਤੋਂ ਰੇਗਿਸਤਾਨਾਂ ਵਿੱਚ ਵੱਸਦਿਆਂ ਇਤਿਹਾਸ ਦੇ ਹਾਸ਼ੀਏ 'ਤੇ ਹੀ ਰਹਿੰਦੇ ਆਏ ਸਨ, ਇਸਲਾਮ ਕਬੂਲਣ ਤੋਂ ਬਾਅਦ ਦੋ ਤਿੰਨ ਸੌ ਵਰ੍ਹਿਆਂ ਵਿੱਚ ਹੀ ਸਪੇਨ ਤੋਂ ਲੈ ਕੇ ਇੰਡੋਨੇਸ਼ੀਆ ਤਕ ਦੇ ਬੇਇੰਤਹਾ ਮੀਲਾਂ ਦੀ ਧਰਤੀ ਦੇ ਮਾਲਕ ਬਣ ਗਏ। ਇਤਿਹਾਸ ਦੀਆਂ ਪੁਸਤਕਾਂ ਅਤੇ ਉਸ ਸਮੇਂ ਦੀਆਂ ਘਟਨਾਵਾਂ ਇਹ ਕਹਿੰਦੀਆਂ ਹਨ ਕਿ ਉਨ੍ਹਾਂ ਨੇ ਇਹ ਜਿੱਤਾਂ ਬਹੁਤ ਅਨੁਸਾਸ਼ਨਬੱਧ ਤਰੀਕੇ ਨਾਲ, ਉਨ੍ਹਾਂ ਮੁਲਕਾਂ ਦੇ ਵਸਨੀਕਾਂ ਦੇ ਇੱਜ਼ਤ ਇਮਾਨ ਦੀ ਕਦਰ ਕਰਦਿਆਂ ਅਤੇ ਬਹੁਤ ਘੱਟ ਜ਼ੁਲਮ ਤਸ਼ੱਦਦ ਦੀ ਵਰਤੋਂ ਕਰਦਿਆਂ ਕੀਤਾ।
ਇੱਥੇ ਮੇਰੇ ਕਹਿਣ ਦਾ ਭਾਵ ਇਹ ਨਹੀਂ ਕਿ ਉਸ ਸਮੇਂ ਦਾ ਇਸਲਾਮ ਸਹਿਣਸ਼ੀਲਤਾ ਅਤੇ ਉਦਾਰਤਾ ਦਾ ਵਧੀਆ ਨਮੂਨਾ ਪੇਸ਼ ਕਰਦਾ ਹੈ। ਜਿੱਥੋਂ ਤਕ ਇਸਲਾਮ ਵਿੱਚ ਤਸ਼ੱਦਦ ਜਾਂ ਦੂਜੇ ਮਜ਼੍ਹਬਾਂ ਉੱਤੇ ਜ਼ੁਲਮਾਂ ਅਤੇ ਜ਼ਿਆਦਤੀਆਂ ਦਾ ਸਵਾਲ ਹੈ ਤਾਂ ਇਸਲਾਮ ਦੇ ਖ਼ਿਲਾਫ਼ ਬੋਲਣ ਵਾਲਿਆਂ ਦਾ ਕਹਿਣਾ ਹੈ ਕਿ ਇਸਲਾਮ ਸ਼ੁਰੂ ਤੋਂ ਹੀ ਤਲਵਾਰ ਦਾ ਮਜ਼੍ਹਬ ਰਿਹਾ ਹੈ, ਜਿਸ ਵਿੱਚ ਲੜਾਈ ਵਿੱਚ ਮਰਨ ਮਾਰਨ ਨੂੰ ਬਹੁਤ ਤਰਜ਼ੀਹ ਦਿੱਤੀ ਗਈ ਹੈ। ਇਸ ਦਾ ਇਕ ਵੱਡਾ ਕਾਰਨ ਇਹ ਕਿ ਇਸਲਾਮ ਦੀ ਪੈਦਾਇਸ਼ ਹੀ ਜੰਗਜੂ ਬਦਾਸੂਨੀ ਕਬੀਲਿਆਂ ਦੁਆਰਾ ਹੋਈ ਜੋ ਆਪਸ ਵਿੱਚ ਲੜਦੇ ਰਹਿੰਦੇ ਸਨ। ਇਸਲਾਮ 'ਤੇ ਇਨ੍ਹਾਂ ਕਬੀਲਿਆਂ ਦੀ ਜ਼ਹਿਨੀਅਤ ਦੀ ਮੋਹਰ ਲੱਗੀ ਹੋਈ ਹੈ। ਦੂਜਾ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸਲਾਮ ਵਿੱਚ ਕਾਫ਼ਰਾਂ, ਯਾਨੀ ਇਸਲਾਮ ਨੂੰ ਨਾ ਮੰਨਣ ਵਾਲਿਆਂ ਦੇ ਖ਼ਿਲਾਫ਼ ਜੰਗ ਕਰਨ ਦੀ ਹਦਾਇਤ ਦਿੱਤੀ ਗਈ ਹੈ। ਇਸਲਾਮ ਬਾਰੇ ਲਿਖਣ ਵਾਲਿਆਂ ਨੇ ਤਸ਼ੱਦਦ ਰੋਕਣ ਬਾਰੇ ਬਹੁਤ ਘੱਟ ਲਿਖਿਆ ਹੈ। ਅਸਲੀਅਤ ਇਹ ਵੀ ਹੈ ਕਿ ਇਸਲਾਮ ਵਿਚ ਗੈਰ ਤਸ਼ੱਦਦ, ਅਹਿੰਸਾ ਦਾ ਤਸੱਵਰ ਹੀ ਤਕਰੀਬਨ ਗ਼ਾਇਬ ਹੈ। ਇਸ ਦੇ ਇਲਾਵਾ ਸਦੀਆਂ ਦੇ ਬੀਤਣ ਨਾਲ ਇਸਲਾਮ ਇਕ ਕੱਟੜਪੰਥੀ ਮਜ਼੍ਹਬ ਹੋ ਗਿਆ ਹੈ। ਮਜ਼੍ਹਬ ਅਤੇ ਸਿਆਸਤ ਇਕਮਿਕ ਹਨ। ਇਨ੍ਹਾਂ ਕੱਟੜਪੰਥੀਆਂ ਦਾ ਕਹਿਣਾ ਹੈ ਕਿ ਦਾਰ-ਅਲ-ਇਸਲਾਮ, ਯਾਨੀ ਇਸਲਾਮ ਨੂੰ ਮੰਨਣ ਵਾਲੇ ਅਮਨ ਦੀ ਦੁਨੀਆ ਵਿੱਚ ਸ਼ਾਮਲ ਹਨ ਅਤੇ ਦੂਸਰੇ ਦਾਰ-ਅਲ-ਹਰਬ, ਯਾਨੀ ਜੰਗ ਦੀ ਦੁਨੀਆ ਵਿਚ। ਦੂਸਰਾ, ਇਸਲਾਮ ਦੇ ਅਨੁਯਾਈਆਂ ਦੁਆਰਾ ਦੂਜੇ ਮੁਲਕਾਂ 'ਤੇ ਹਮਲੇ ਕਰ ਕੇ ਕਬਜ਼ੇ ਜਮਾਉਂਦੇ ਰਹਿਣ ਦਾ ਵੱਡਾ ਕਾਰਨ ਇਹ ਹੈ ਕਿ ਪਹਿਲਾਂ ਪਹਿਲ ਇਸਲਾਮ ਜਿੱਥੇ ਜਿੱਥੇ ਵੀ ਪਹੁੰਚਿਆ, ਉੱਥੇ ਦੀ ਜ਼ਮੀਨ ਬਹੁਤ ਘੱਟ ਉਪਜਾਊ ਸੀ। ਇਹ ਜ਼ਮੀਨ ਉਨ੍ਹਾਂ ਨੂੰ ਜੀਵਨ ਦੇ ਸੁੱਖ ਆਰਾਮ ਮੁਹੱਈਆ ਨਹੀਂ ਸੀ ਕਰ ਸਕਦੀ।
…….
ਕਿਸੇ ਮੁਲਕ ਜਾਂ ਧਰਮ ਦੇ ਇਤਿਹਾਸ ਜਾਂ ਘਟਨਾ ਨੂੰ ਉਸ ਸਮੇਂ ਦੇ ਹਾਲਾਤ ਅਤੇ ਵਾਤਾਵਰਣ ਨੂੰ ਮੁੱਖ ਰੱਖ ਕੇ ਹੀ ਵੇਖਣਾ ਪਰਖਣਾ ਉਚਿੱਤ ਹੈ। ਧਰਮਾਂ ਦੇ ਸੰਦਰਭ ਵਿੱਚ ਇਹ ਵੇਖਣ ਵਿੱਚ ਆਇਆ ਹੈ ਕਿ ਹਰ ਧਰਮ ਜਾਂ ਸਭਿਅਤਾ ਦਾ ਇਕ ਆਰੰਭ, ਇਕ ਮੱਧ ਅਤੇ ਇਕ ਅੰਤ ਜਾਂ ਵਰਤਮਾਨ ਹੁੰਦਾ ਹੈ। ਆਮ ਕਰ ਕੇ ਇਹ ਤਿੰਨੋਂ ਕਾਲ ਇਕ ਦੂਜੇ ਤੋਂ ਬਹੁਤ ਵੱਖਰੇ ਹੁੰਦੇ ਹਨ। ਉਦਾਹਰਣ ਦੇ ਤੌਰ 'ਤੇ ਭਾਰਤ ਦੀ ਵੈਦਿਕ (ਹਿੰਦੂ) ਸਭਿਅਤਾ, ਧਰਮ ਉਹ ਨਹੀਂ ਸੀ ਜੋ ਮੱਧਕਾਲ ਵਿੱਚ ਸੀ। ਜੋ ਮੱਧਕਾਲ ਸੀ, ਉਹ ਅੱਜ ਨਹੀਂ ਹੈ। ਬੋਧ ਧਰਮ ਮਹਾਤਮਾ ਬੁੱਧ ਜਨਮ ਤੋਂ ਲੈ ਕੇ ਤਕਰੀਬਨ ਪੰਜ ਸੌ ਵਰ੍ਹੇ ਤਕ ਆਪਣੇ ਮੂਲ 'ਤੇ ਕਾਇਮ ਰਿਹਾ ਪਰ ਬਾਅਦ ਵਿੱਚ ਇਹੀ ਧਰਮ 'ਮਹਾਯਾਨ' ਵਿੱਚ ਤਬਦੀਲ ਹੋ ਗਿਆ। ਅਨੇਕਾਂ ਕਿਸਮਾਂ ਦੀਆਂ ਤਾਂਤਰਿਕ ਰਸਮਾਂ, ਕਰਮਕਾਂਡਾਂ ਨੇ ਆਣ ਪ੍ਰਵੇਸ਼ ਕੀਤਾ।
ਇਸਲਾਮ ਬਾਰੇ ਅੱਗੇ ਗੱਲ ਕਰਨ ਤੋਂ ਪਹਿਲਾਂ ਜੇ ਅਸੀਂ ਇਸਲਾਮ ਦੇ ਮੁੱਢਲੇ ਦਿਨਾਂ ਵੱਲ ਨਜ਼ਰਸਾਨੀ ਕਰ ਲਈਏ ਤਾਂ ਚੰਗਾ ਹੈ। ਇੱਥੇ ਮੈਂ ਆਪਣੇ ਵਲੋਂ ਕੁਝ ਨਾ ਕਹਿੰਦਿਆਂ ਪੱਛਮੀ ਦੇਸ਼ਾਂ (ਈਸਾਈ) ਦੇ ਵਿਦਵਾਨਾਂ, ਸਕਾਲਰਾਂ ਦੇ ਵਿਚਾਰਾਂ ਨਾਲ ਆਪਣੀ ਗੱਲ ਸਾਫ਼ ਕਰਨਾ ਚਾਹਾਂਗਾ। ਆਕਸਫੋਰਡ ਯੂਨੀਵਰਸਿਟੀ ਪੈ੍ਰੱਸ ਦੁਆਰਾ ਪ੍ਰਕਾਸ਼ਤ ਅਤੇ 'ਐਨਟਨੀ ਬਲੇਕ' ਦੁਆਰਾ ਲਿਖੀ ਪੁਸਤਕ ਵਿੱਚ ਲੇਖਕ ਹਜ਼ਰਤ ਮੁਹੰਮਦ ਦੀ ਮੌਤ ਤੋਂ ਕੁਝ ਵਰ੍ਹਿਆਂ ਬਾਅਦ ਦੀ ਗੱਲ ਕਰਦਿਆਂ ਲਿਖਦਾ ਹੈ :
The decline of the caliphate coincided with golden age of Islamic humanism and Philosophy. Culture and intellectual life benefited from the political and religious diversity of Islam, just as it did later in Europe. Rulers became patron of art and sciences ….. In sixth century the S-assanians (Islamic rulers) had given sanctuary to the philosophers of Atheur and Alexandria fleeing Byzantine (ਈਸਾਈ ਹਕੂਮਤ) ਪਾਰਕਿੰਨ ਆਪਣੀ ਪ੍ਰਸਿੱਧ ਪੁਸਤਕ 'ਈਸਟ ਐਂਡ ਵੈਸਟ' ਵਿਚ ਲਿਖਦਾ ਹੈ :
“But Muslims, although perfectly convinced of their own salvation, were tolerant, in practice, of other’s beliefs. In the Lands they conquered, they came to liberate rather than oppress …..”
ਮੁਸਲਮਾਨਾਂ ਨੇ ਗਿਆਨ ਪ੍ਰਾਪਤੀ ਨੂੰ ਆਪਣੇ ਜੀਵਨ ਵਿੱਚ ਉੱਚਾ ਦਰਜਾ ਅਤੇ ਆਦਰ ਸਤਿਕਾਰ ਪ੍ਰਦਾਨ ਕੀਤਾ। ਹਜ਼ਰਤ ਮੁਹੰਮਦ ਚਾਹੇ ਆਪ ਅਨਪੜ੍ਹ ਹੀ ਸਨ, ਪਰ ਵਿਦਿਆ-ਗਿਆਨ ਨੂੰ ਫੈਲਾਉਣ ਉੱਤੇ ਜ਼ੋਰ ਦੇਂਦੇ ਸਨ। ਅਰਬਾਂ ਦੀ ਫਤੇਹਾਬੀ ਦੇ ਨਾਲ-ਨਾਲ ਇਸ ਵਿਦਿਆ, ਗਿਆਨ ਦਾ ਪਸਾਰ ਵੀ ਹੋਇਆ। ਬਗ਼ਦਾਦ, ਡਮਸਕਸ ਦੇ ਇਲਾਵਾ ਬੁਖਾਰਾ ਵਿੱਚ ਭੂਗੋਲ ਅਤੇ ਖਗੋਲ/ਨਛੱਤਰ ਵਿਗਿਆਨ ਦੇ ਕੇਂਦਰ ਸਥਾਪਤ ਹੋਏ।
ਵਿਸ਼ਵ ਪ੍ਰਸਿੱਧ ਪੁਸਤਕ ‘Decline and fall of the Roman Empire’ ਵਿਚ ਇਸ ਦਾ ਲੇਖਕ 'ਟਿਮਸਨ' ਲਿਖਦਾ ਹੈ : ‘The cause of the dramatic success of Islam was spiritual as well as social and political… . It was more pure than system of Zoroaster, more liberal than the laws of moles….!’
ਇਹੀ ਵਿਦਵਾਨ ਇਕ ਹੋਰ ਥਾਵੇਂ ਲਿਖਦਾ ਹੈ : “It should of course be emphasized that chivalry is a code of conduct among horsemen … but it was something the Arabs (Muslim) had involved and which Roman and Greek had conspicuously Lacked. In as sense which was quite new to the world, they (Arab) were gentlemen.”
ਇੱਥੇ ਵੇਖਣਾ ਇਹ ਹੈ ਕਿ ਕੀ ਉਸ ਸਮੇਂ ਦਾ ਜਾਂ 18ਵੀਂ, 19ਵੀਂ ਸਦੀ ਦਾ ਈਸਾਈ ਧਰਮ ਸਹਿਣਸ਼ੀਲਤਾ, ਲੋਕਤੰਤਰ ਮਨੁੱਖ ਦੀ ਵਿਅਕਤੀਗਤ ਸੁਤੰਤਰਤਾ ਵਿੱਚ ਆਸਥਾ ਰੱਖਣ ਵਾਲਾ ਧਰਮ ਹੈ? ਇਸ ਦਾ ਉੱਤਰ ਸਾਫ਼ ਤੌਰ 'ਤੇ 'ਨਹੀਂ ਨਹੀਂ' ਹੀ ਹੋਵੇਗਾ। ਇਸ ਨੂੰ ਕੇਵਲ ਪਿਛਲੇ ਸੌ-ਦੋ ਸੌ ਸਾਲ ਦੇ ਅੰਤਰਾਲ ਵਿਚ ਨਾ ਵੇਖਦਿਆਂ ਪਿਛਲੇ 2000 ਵਰ੍ਹੇ ਦੀਆਂ ਈਸਾਈ ਧਰਮ ਦੀਆਂ ਗਤੀਵਿਧੀਆਂ ਵੱਲ ਨਜ਼ਰ ਮਾਰੀਏ ਤਾਂ ਵੇਖਦੇ ਹਾਂ ਕਿ ਧਰਮ ਦੇ ਨਾਂ 'ਤੇ ਜਿੰਨੇ ਜ਼ੁਲਮ, ਅੱਤਿਆਚਾਰ ਈਸਾਈ ਮੱਤ ਦੇ ਅਨੁਯਾਈਆਂ ਨੇ ਲੋਕਾਈ ਉੱਤੇ ਕੀਤੇ, ਉਹ ਸ਼ਾਇਦ ਹੀ ਕਿਸੇ ਹੋਰ ਧਰਮ ਦੇ ਅਨੁਯਾਈਆਂ ਨੇ ਕੀਤੇ ਹੋਣ। ਬਹੁਤ ਪਿੱਛੇ ਵੱਲ ਨਾ ਜਾਂਦਿਆਂ ਪਿਛਲੇ ਸੌ, ਦੋ ਸੌ ਵਰ੍ਹਿਆਂ ਵਿੱਚ ਈਸਾਈ ਮੁਲਕਾਂ ਦੇ ਹਰ ਨਾਗਰਿਕ ਨੇ ਗ਼ੁਲਾਮਾਂ ਦੀ ਤਜਾਰਤ, ਖ਼ਰੀਦੋ-ਫ਼ਰੋਖ਼ਤ ਨੂੰ ਪ੍ਰਵਾਨ ਕੀਤਾ ਹੈ। ਲੱਖਾਂ ਦੀ ਗਿਣਤੀ ਵਿੱਚ ਅਫ਼ਰੀਕਾ ਦੇ ਵਸਨੀਕਾਂ ਨੂੰ ਜੰਗਲੀ ਜਾਨਵਰਾਂ ਵਾਂਗ ਫੜ ਕੇ, ਬੰਨ੍ਹ ਕੇ, ਪਿੰਜਰਿਆਂ ਵਿੱਚ ਪਾ ਕੇ ਸਪੇਨ ਤੋਂ ਅਮਰੀਕਾ ਤਕ ਲੈ ਜਾ ਕੇ ਵੇਚਿਆ ਖ਼ਰੀਦਿਆ ਜਾਂਦਾ ਰਿਹਾ। ਇਸ ਦੇ ਮੁਕਾਬਲੇ ਇਸਲਾਮੀ ਮੁਲਕਾਂ ਵਿੱਚ ਵੀ ਗ਼ੁਲਾਮ ਵੇਚੇ ਖ਼ਰੀਦੇ ਜਾਂਦੇ ਸਨ। ਪਰ ਉਹ ਜਾਂ ਉਨ੍ਹਾਂ ਦੀ ਸੰਤਾਨ ਹਮੇਸ਼ਾ ਲਈ ਗ਼ੁਲਾਮ ਨਹੀਂ ਸਨ ਬਣੇ ਰਹਿੰਦੇ। ਕੁਝ ਵਰ੍ਹਿਆਂ ਜਾਂ ਪੁਸ਼ਤਾਂ ਬਾਅਦ ਆਜ਼ਾਦ ਨਾਗਰਿਕ ਹੋ ਜਾਂਦੇ ਸਨ। ਕਈ ਤਾਂ ਹਕੂਮਤ ਦੇ ਵੱਡੇ ਵੱਡੇ ਅਹੁਦਿਆਂ, ਪਦਵੀਆਂ ਹਾਸਲ ਕਰਦੇ ਜਾਂ ਖ਼ੁਦ ਸੁਲਤਾਨ ਬਣਦੇ ਰਹੇ ਹਨ। ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਘਟੀਆ ਕਿਸਮ ਦੀ ਡਿਕਟੇਟਰਸ਼ਿਪ ਵੀ ਈਸਾਈ ਮੁਲਕਾਂ (ਜਰਮਨੀ, ਇਟਲੀ) ਵਿੱਚ ਹੀ ਹੋਂਦ ਵਿਚ ਆਈ। ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦਾ ਆਰੰਭ, ਲੱਖਾਂ ਮਨੁੱਖਾਂ ਦੀ ਮੌਤ ਅਤੇ ਪਰਿਵਾਰਾਂ, ਸ਼ਹਿਰਾਂ ਦੇ ਉਜਾੜਨ ਦੇ ਜ਼ਿੰਮੇਵਾਰ ਵੀ ਇਹ ਈਸਾਈ ਮੁਲਕ ਹੀ ਸਨ। ਇਹ 'ਸਪੇਨ' ਦੇ ਈਸਾਈ ਜਰਨੈਲ ਹੀ ਸਨ ਜਿਨ੍ਹਾਂ ਨੇ ਦੱਖਣੀ ਅਮਰੀਕਾ (ਮੈਕਸੀਕੋ ਆਦਿ) ਦੇ ਖੇਤਰਾਂ ਨੂੰ ਫਤਿਹ ਕਰ ਕੇ ਨਾ ਸਿਰਫ਼ ਉੱਥੋਂ ਦੇ ਲੋਕਾਂ ਦੀ ਬਹੁਗਿਣਤੀ ਨੂੰ ਮੌਤ ਦੇ ਘਾਟ ਉਤਾਰਿਆ ਬਲਕਿ ਉਨ੍ਹਾਂ ਦੀਆਂ 'ਮਾਯਾ' ਅਤੇ 'ਐਜੁਟਿਕ' ਜਿਹੀਆਂ ਸਭਿਅਤਾਵਾਂ ਨੂੰ ਵੀ ਨੇਸਤੋ-ਨਾਬੂਦ ਕਰ ਦਿੱਤਾ। ਇਹ ਅਮਰੀਕਾ ਵਿੱਚ ਜਾ ਕੇ ਵਸੇ ਈਸਾਈ ਹੀ ਸਨ ਜਿਨ੍ਹਾਂ ਨੇ ਉਨ੍ਹਾਂ ਦੇ ਮੂਲ ਵਾਸੀਆਂ (ਜਿਨ੍ਹਾਂ ਨੂੰ ਰੈੱਡ ਇੰਡੀਅਨ ਕਿਹਾ ਜਾਂਦਾ ਹੈ) ਦੀ ਸਾਰੀ ਧਰਤੀ ਨੂੰ ਹੀ ਨਹੀਂ ਹਥਿਆਇਆ ਬਲਕਿ ਸਾਰੇ ਕਬੀਲਿਆਂ ਨੂੰ ਹੀ ਖ਼ਤਮ ਕਰ ਦਿੱਤਾ। ਯੂਰਪੀ ਦੇਸ਼ਾਂ ਦੁਆਰਾ ਸਾਰੇ ਅਫ਼ਰੀਕੀ, ਏਸ਼ੀਆਈ ਦੇਸ਼ਾਂ 'ਤੇ ਆਪਣੀਆਂ ਆਧੁਨਿਕ ਤੋਪਾਂ, ਬੰਦੂਕਾਂ ਦੀ ਸਹਾਇਤਾ ਨਾਲ ਫਤਿਹ ਕਰ ਲੈਣ ਵਾਲਿਆਂ ਦੀ ਗੱਲ ਮੈਂ ਨਹੀਂ ਕਰਦਾ ਕਿਉਂਕਿ ਪਾਠਕ ਕਹਿਣਗੇ ਕਿ ਇਹ ਤਾਂ ਰਾਜਨੀਤਕ ਕਰਮ ਸਨ। ਪਰ ਇਹ ਕੁਝ ਕਰਨ ਵਾਲੇ ਤਾਂ ਈਸਾਈ ਮਤ ਦੇ ਅਨੁਯਾਈ ਹੀ ਸਨ।
ਈਸਾਈ ਮੱਤ ਦਾ ਮੂਲ ਸਿਧਾਂਤ ਅਤੇ ਈਸਾ ਮਸੀਹ ਦਾ ਸਭ ਤੋਂ ਪਹਿਲਾ ਉਪਦੇਸ਼ ਹੈ, 'ਤੁਸੀਂ ਕਿਸੇ ਦਾ ਕਤਲ ਨਹੀਂ ਕਰੋਗੇ' ਪਰ ਜੇ ਮਨੁੱਖੀ ਇਤਿਹਾਸ ਦੇ ਡੇਢ ਹਜ਼ਾਰ ਵਰ੍ਹਿਆਂ ਦੇ ਪੰਨਿਆਂ ਵੱਲ ਧਿਆਨ ਮਾਰੀਏ ਤਾਂ ਅਸਲੀਅਤ ਪ੍ਰਤੱਖ ਨਜ਼ਰ ਆਉਣ ਲੱਗਦੀ ਹੈ। ਪੱਛਮੀ ਦੇਸ਼ਾਂ ਦਾ, ਖ਼ਾਸ ਕਰ ਕੇ ਅਮਰੀਕਾ ਦਾ ਮਾਡਲ ਰੋਮ ਦੀ ਸਭਿਅਤਾ ਰਿਹਾ ਹੈ। ਇਸ ਦੀ ਤੁਲਨਾ ਵਿੱਚ ਸੱਤਵੀਂ ਸਦੀ ਤੋਂ ਲੈ ਕੇ ਪੰਦ੍ਹਰਵੀਂ ਸਦੀ ਤਕ ਇਸਲਾਮੀ ਮੁਲਕਾਂ, ਬਗ਼ਦਾਦ, ਡਮਸਕਸ, ਕੈਰੋ, ਕੌਰਡੋਬਾ, ਟਯੂਨਿਸ ਆਦਿ ਨੇ ਕਈ ਵਿਦਵਾਨ, ਵਿਚਾਰਕ, ਸਕਾਲਰ ਅਤੇ ਕਲਾਕਾਰ ਪੈਦਾ ਕੀਤੇ। ਈਰਾਨ ਦਾ ਅਸਫਾਗ਼ਨ ਸ਼ਹਿਰ, ਸਮਰਕੰਦ ਅਤੇ ਇਸਤਾਂਬੁਲ ਸਤਾਰ੍ਹਵੀਂ ਸਦੀ ਤਕ ਵਿਦਵਾਨਾਂ, ਵਿਚਾਰਕਾਂ ਅਤੇ ਸ਼ਾਇਰਾਂ ਨੂੰ ਪੈਦਾ ਕਰਦਾ ਰਿਹਾ। ਰੋਮੀ ਅਤੇ ਉਮਰ ਖ਼ਿਆਮ ਨੂੰ ਭਲਾ ਕੌਣ ਨਹੀਂ ਜਾਣਦਾ। ਇਸਲਾਮ ਨੇ ਭੂਗੋਲ, ਖਗੋਲ, ਅਲਜਬਰਾ ਅਤੇ ਮੈਡੀਕਲ ਦੇ ਸੰਦਰਭ ਵਿੱਚ ਦੁਨੀਆ ਨੂੰ ਬਹੁਤ ਕੁਝ ਦਿੱਤਾ। ਯੂਨਾਨੀ ਅਤੇ ਭਾਰਤੀ ਵਿਦਵਾਨਾਂ, ਦਾਰਸ਼ਨਕਾਂ ਦੇ ਵਿਚਾਰਾਂ ਨੂੰ ਅਰਬੀ ਭਾਸ਼ਾ ਵਿੱਚ ਅਨੁਵਾਦ ਕੀਤਾ। ਪੱਛਮੀ ਮੁਲਕਾਂ ਕੋਲ ਇਹ ਸਭ ਕੁਝ ਅਰਬੀ ਭਾਸ਼ਾ ਤੋਂ ਹੀ ਪ੍ਰਾਪਤ ਹੋਇਆ। ਇਸ ਦੇ ਮੁਕਾਬਲੇ ਰੋਮ ਸਵਾਏ ਆਲੀਸ਼ਾਨ ਇਮਾਰਤਾਂ, ਐਂਫੀਥੀਏਟਰਾਂ ਦੇ ਕੋਈ ਸਕਾਰਾਤਮਕ ਭੂਮਿਕਾ ਨਿਭਾਉਣ ਤੋਂ ਅਸਮਰਥ ਹੀ ਰਿਹਾ। ਇਹ ਵੱਡੇ ਵੱਡੇ ਐਂਫੀਥੀਏਟਰ, ਜਿੱਥੇ ਗਲੈਡੀਏਟਰਾਂ, ਦੁਨੀਆ ਭਰ ਤੋਂ ਫੜ ਕੇ ਲਿਆਂਦੇ ਗ਼ੁਲਾਮਾਂ ਨੂੰ ਆਪਣੇ ਫਿੱਟੇ ਹੋਏ ਨਾਗਰਿਕਾਂ ਦੇ ਮਨੋਰੰਜਨ ਲਈ ਆਪਸ ਵਿੱਚ ਦਵੰਦ ਯੁੱਧ ਕਰਵਾਇਆ ਜਾਂਦਾ ਸੀ, ਜੇ ਇਨ੍ਹਾਂ ਦੀ ਕੋਈ ਈਜਾਦ ਸੀ ਤਾਂ ਉਹ ਸੀ ਦੁਨੀਆ ਭਰ ਦੇ ਗ਼ੁਲਾਮਾਂ ਨੂੰ ਆਪਣੀ ਫ਼ੌਜ ਵਿੱਚ ਭਰਤੀ ਕਰ ਕੇ ਉਨ੍ਹਾਂ ਨੂੰ ਯੁੱਧ ਦੀ ਇਕ ਅਜਿੱਤ ਮਸ਼ੀਨ ਬਣਾ ਦੇਣਾ। ਜੇ ਕੋਈ ਪ੍ਰਾਪਤੀ ਸੀ ਤਾਂ ਜ਼ੁਲਮ ਅਤੇ ਤਸ਼ੱਦਦ ਉੱਤੇ ਨਿਰਭਰ ਵਿਸ਼ਾਲ ਹਕੂਮਤ।
ਰੋਮਨ ਸਭਿਅਤਾ ਦੇ ਨਾਕਾਰਾਤਮਕ ਪਹਿਲੂਆਂ ਨੂੰ ਜਦ ਇਕ ਪ੍ਰਸਿੱਧ ਲੇਖਕ 'ਹਾਵਰਡ ਫਾਸਟ' ਨੇ ਆਪਣੇ ਨਾਵਲ 'ਸਪਾਰਟਾਕਸ' ਵਿੱਚ ਪੇਸ਼ ਕੀਤਾ ਤਾਂ ਪੰਦ੍ਹਰਾਂ ਵਰ੍ਹਿਆਂ ਤਕ ਪੱਛਮ ਦਾ ਕੋਈ ਵੀ ਪ੍ਰਕਾਸ਼ਕ ਇਸ ਨੂੰ ਛਾਪਣ ਲਈ ਤਿਆਰ ਨਹੀਂ ਸੀ ਹੋਇਆ। ਆਖ਼ਰ ਉਸ ਦੇ ਦੋਸਤਾਂ ਨੇ ਆਪਣੇ ਕੋਲੋਂ ਪੈਸੇ ਪਾ ਕੇ ਉਸ ਨਾਵਲ ਨੂੰ ਪੁਸਤਕ ਦਾ ਰੂਪ ਦਿੱਤਾ। ਹੁਣ ਵੀ ਸਚਾਈ ਇਹ ਹੈ ਕਿ ਇਸ ਦਾ ਕੋਈ ਸੰਸਕਰਨ ਤੁਹਾਨੂੰ ਪੁਸਤਕਾਂ ਦੀ ਕਿਸੇ ਦੁਕਾਨ 'ਤੇ ਨਹੀਂ ਮਿਲ ਸਕਦਾ।
ਹਰ ਕਿਸੇ ਦੀ ਵਿਅਕਤੀਗਤ ਹੋਂਦ ਬਹੁਤ ਸਾਰੇ ਤੱਤਾਂ ਦਾ ਜੋੜ ਫਲ ਹੁੰਦਾ ਹੈ, ਜਿਸ ਨੂੰ ਦੋ ਤਿੰਨ ਖ਼ਾਨਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ। ਇਹ ਬੇਸ਼ੱਕ ਦਰੁਸਤ ਹੈ ਕਿ ਉਸ ਦਾ ਧਰਮ ਅਤੇ ਦੇਸ਼ ਵਿਅਕਤੀ ਨੂੰ ਸਭ ਤੋਂ ਮਹੱਤਵਪੂਰਨ ਪਛਾਣ ਦੇਂਦਾ ਹੈ। ਇਨ੍ਹਾਂ ਦੋਹਾਂ ਵਿੱਚੋਂ ਵੀ ਬੰਦਾ ਕਦੇ ਇਕ ਅਤੇ ਕਦੇ ਦੂਜੇ ਨੂੰ ਤਰਜੀਹ ਦੇਂਦਾ ਹੈ; ਕਦੀ ਦੋਵੇਂ ਧਰਮ ਅਤੇ ਦੇਸ਼ ਇਕ ਦੂਜੇ ਨਾਲ ਰਲ ਮਿਲ ਜਾਂਦੇ ਹਨ। ਪਰ ਇਨ੍ਹਾਂ ਦੇ ਇਲਾਵਾ ਮਨੁੱਖ ਹੋਰ ਬਹੁਤ ਕੁਝ ਨਾਲ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰਦਾ ਹੈ। ਕਦੀ ਆਪਣੀ ਉਪ ਜਾਤੀ ਨਾਲ, ਕਦੀ ਆਪਣੇ ਕਿੱਤੇ, ਲੇਖਕ, ਬਾਜ਼ੀਗਰ, ਲੁਹਾਰ, ਚੋਰ ਡਾਕੂ, ਸਿਆਸਤਦਾਨ, ਕਦੀ ਕਿਸੇ ਵਾਦ ਨਾਲ, ਕਮਿਊਨਿਜ਼ਮ, ਸਿੱਖਇਜ਼ਮ, ਬ੍ਰਾਹਮਣਵਾਦ ਆਦਿ, ਜਾਂ ਭਾਸ਼ਾ ਨਾਲ। ਸਮੇਂ-ਸਮੇਂ 'ਤੇ ਬੰਦਾ ਕਦੀ ਕਿਸੇ ਨੂੰ ਤਰਜੀਹ ਦੇਂਦਾ ਹੈ ਤੇ ਕਦੇ ਕਿਸੇ ਨੂੰ।
'ਤੁਰਕ' ਅਤੇ 'ਕੁਰਦ' ਦੋਵੇਂ ਮੁਸਲਮਾਨ ਹਨ, ਪਰ ਫੇਰ ਵੀ ਉਹ ਇਕ ਦੂਜੇ ਦੇ ਜਾਨੀ ਦੁਸ਼ਮਣ ਹਨ। ਚੈਕ ਅਤੇ ਸਲੋਵਾਕ ਦੋਵੇਂ ਕੈਥੋਲਿਕ ਈਸਾਈ ਹਨ, ਪਰ ਇਹ ਇਕ ਦੂਜੇ ਨਾਲ ਨਹੀਂ ਰਹਿ ਸਕਦੇ। ਚੀਨੀ ਅਤੇ ਜਪਾਨੀ ਦੋਵੇਂ ਬੋਧ ਧਰਮ ਦੇ ਅਨੁਯਾਈ ਹਨ ਪਰ ਫਿਰ ਵੀ ਸਦਾ ਇਕ ਦੂਜੇ ਨਾਲ ਭਿੜਦੇ ਰਹੇ ਹਨ। ਇਹੀ ਸਥਿਤੀ ਆਇਰਲੈਂਡ ਅਤੇ ਇੰਗਲੈਂਡ ਦੇ ਨਾਗਰਿਕਾਂ ਵਿਚਕਾਰ ਹੈ। ਮੇਰਾ ਭਾਵ ਹੈ ਕਿ ਇਹ ਜ਼ਰੂਰੀ ਨਹੀਂ ਕਿ ਕਿਸੇ ਧਰਮ ਦੇ ਅਨੁਯਾਈਆਂ ਦੁਆਰਾ ਧਰਮ ਦੇ ਨਾਮ 'ਤੇ ਹੀ ਜ਼ੁਲਮ ਹੁੰਦੇ ਆਏ ਹਨ। ਆਧੁਨਿਕ ਯੁੱਗ ਵਿੱਚ ਸਟਾਲਿਨਿਜ਼ਮ ਅਤੇ ਨਾਜ਼ੀਇਜ਼ਮ, ਜਿਸ ਦਾ ਕਿਸੇ ਧਰਮ ਨਾਲ ਕੋਈ ਵਾਸਤਾ ਨਹੀਂ, ਏਨੇ ਜ਼ੁਲਮਾਂ, ਮੌਤਾਂ ਦੇ ਜ਼ਿੰਮੇਵਾਰ ਰਹੇ ਹਨ, ਜਿਸ ਦੇ ਮੁਕਾਬਲੇ ਤਾਲੀਬਾਨਿਜ਼ਮ ਬਹੁਤ ਛੋਟਾ ਪ੍ਰਤੀਤ ਹੁੰਦਾ ਹੈ। ਈਸਾਈ ਮੱਤ ਦੇ ਅਨੁਯਾਈ ਡੇਢ ਹਜ਼ਾਰ ਵਰ੍ਹਿਆਂ ਤਕ ਜੋ ਜੋ ਜ਼ੁਲਮ ਯਹੂਦੀਆਂ 'ਤੇ ਕਰਦੇ ਰਹੇ, ਉਸ ਦੇ ਸਾਹਮਣੇ ਮੀਰ ਮਨੂੰ ਜਾਂ ਔਰੰਗਜ਼ੇਬ ਦੁਆਰਾ ਸਿੱਖਾਂ ਉੱਤੇ ਕੀਤੇ ਜ਼ੁਲਮ ਕਿਸੇ ਸਰੋਵਰ ਵਿੱਚ ਇਕ ਬਾਲਟੀ ਜਿੰਨੇ ਪਾਣੀ ਵਾਂਗ ਹਨ।
ਅਸਹਿਣਸ਼ੀਲਤਾ, ਤੰਗਦਿਲੀ ਹਰ ਧਰਮ ਦਾ ਭਾਗ ਰਿਹਾ ਹੈ। ਇਹ ਲਿਖਦਿਆਂ ਮੁੱਖ ਤੌਰ 'ਤੇ ਮੈਂ ਇਸਲਾਮ ਅਤੇ ਈਸਾਈਅਤ ਬਾਰੇ ਹੀ ਸੋਚ ਰਿਹਾ ਹਾਂ। ਲਿਬਨਾਨ ਵਿੱਚ ਉੱਥੋਂ ਦੇ ਪੰਜਾਹ ਫ਼ੀਸਦੀ ਈਸਾਈ ਨਾਗਰਿਕਾਂ ਨੂੰ ਉਹ ਸਾਰੇ ਹੱਕ ਹਾਸਲ ਹਨ, ਜੋ ਜੋ ਮੁਸਲਮਾਨਾਂ ਨੂੰ। ਸਪੇਨ ਵਿੱਚ ਕਈ ਸੌ ਵਰ੍ਹੇ, ਸੱਤਵੀਂ ਸਦੀ ਤੋਂ 12ਵੀਂ, 13ਵੀਂ ਸਦੀ ਤਕ, ਇਸਲਾਮ ਦੀ ਹਕੂਮਤ ਰਹੀ। ਉਦੋਂ ਤਕ ਸਪੇਨ ਦੀ ਬਹੁਗਿਣਤੀ ਈਸਾਈ ਵਸੋਂ ਆਪਣੇ ਪੂਰੇ ਅਧਿਕਾਰਾਂ ਅਤੇ ਸ਼ਾਂਤੀ ਨਾਲ ਵਸਦੀ ਰਹੀ ਪਰ ਈਸਾਈਆਂ ਦੀ ਹਕੂਮਤ ਦੇ ਆਉਂਦਿਆਂ ਹੀ ਜਾਂ ਤੇ ਉਨ੍ਹਾਂ ਨੇ ਮੁਸਲਮਾਨਾਂ ਨੂੰ ਸਪੇਨ ਵਿੱਚੋਂ ਭੱਜਣ ਲਈ ਮਜਬੂਰ ਕਰ ਦਿੱਤਾ ਅਤੇ ਜਾਂ ਫਿਰ ਜਬਰਨ ਈਸਾਈ ਮਤ ਕਬੂਲ ਕਰਨ ਲਈ ਮਜਬੂਰ ਕਰ ਦਿੱਤਾ।
ਪਿਛਲੇ ਕਈ ਸੌ ਵਰ੍ਹਿਆਂ ਦੇ (ਯੂਰਪ ਦੇ) ਈਸਾਈ ਦੇਸ਼ਾਂ ਅਤੇ ਇਸਲਾਮੀ ਦੇਸ਼ਾਂ ਦੀ ਤੁਲਨਾ ਕਰਦਿਆਂ, ਮੈਂ ਇਸੇ ਨਤੀਜੇ 'ਤੇ ਪਹੁੰਚਿਆ ਹਾਂ ਕਿ ਇਸਲਾਮ ਦੀ ਸਹਿਣਸ਼ੀਲਤਾ ਦਾ 'ਰਿਕਾਰਡ' ਇਤਿਹਾਸਕ ਪ੍ਰਮਾਣ, ਈਸਾਈ ਦੇਸ਼ਾਂ ਤੋਂ ਕਿਤੇ ਬਿਹਤਰ ਰਿਹਾ ਹੈ। ਇਹ ਤੇ ਸਿਰਫ਼ ਅਠਾਰ੍ਹਵੀਂ ਜਾਂ 19ਵੀਂ ਸਦੀ ਵਿੱਚ ਹੀ ਯੂਰਪ ਦੇ ਕੁਝ ਈਸਾਈ ਦੇਸ਼ਾਂ ਦੀ ਮਾਨਸਿਕਤਾ ਵਿੱਚ ਕੁਝ ਸਕਾਰਾਤਮਕ ਸੁਧਾਰ ਸ਼ੁਰੂ ਹੋਇਆ ਹੈ। ਅਸਹਿਣਸ਼ੀਲਤਾ ਦੇ ਹਾਲਾਤ ਜੋ ਅਸੀਂ ਇਸਲਾਮੀ ਮੁਲਕਾਂ ਵਿੱਚ ਅੱਜ ਵੇਖ ਰਹੇ ਹਾਂ, ਉਹ ਬਹੁਤ ਪੁਰਾਣੇ ਨਹੀਂ; ਉਹ ਆਧੁਨਿਕ ਸਮੇਂ ਦੀ ਪੈਦਾਵਾਰ ਹੈ।
ਇਸਲਾਮ ਵਿੱਚ ਮੂਲਵਾਦ ਦੇ ਕਾਰਨ
ਮਹੱਤਵਪੂਰਨ ਸਵਾਲ ਇਹ ਹੈ ਕਿ ਉਹ ਈਸਾਈ ਸਮਾਜ ਜੋ ਕਈ ਸੌ ਵਰ੍ਹਿਆਂ ਤਕ ਅਸਹਿਣਸ਼ੀਲ, ਕੱਟੜ ਅਤੇ ਸਹਿਹੋਂਦ ਦੇ ਖ਼ਿਲਾਫ਼ ਰਿਹਾ, ਉਸ ਨੇ ਉਸ ਸਮਾਜ ਨੂੰ ਜਨਮ ਦਿੱਤਾ ਜੋ ਅੱਜ ਮਨੁੱਖੀ ਸੁਤੰਤਰਤਾ ਅਤੇ ਸਹਿਣਸ਼ੀਲਤਾ ਦਾ ਹਾਮੀ ਹੈ। ਉਹ ਮੁਸਲਿਮ ਸੁਸਾਇਟੀ ਜੋ ਸਹਿਹੋਂਦ ਵਿੱਚ ਯਕੀਨ ਰੱਖਦੀ ਸੀ, ਅੱਜ ਐਨੀ ਕੱਟੜ ਅਤੇ ਤੁਅੱਸਬੀ ਹੋ ਗਈ ਹੈ।
ਪੱਛਮੀ ਵਿਦਵਾਨਾਂ, ਸਿਆਸਤਦਾਨਾਂ ਅਤੇ ਕਿਸੇ ਹੱਦ ਤਕ ਹਿੰਦੁਸਤਾਨੀ ਸਕਾਲਰਾਂ ਦਾ ਇਹ ਕਹਿਣਾ ਹੈ ਕਿ ਇਸਲਾਮ ਧਰਮ ਹੀ ਮੁਸਲਿਮ ਸਮਾਜ ਵਿੱਚ ਅੱਜ ਵੇਖੀਆਂ ਜਾ ਰਹੀਆਂ ਬਹੁਤ ਸਾਰੀਆਂ ਬੁਰਾਈਆਂ, ਕੁਰੀਤੀਆਂ ਲਈ ਜ਼ਿੰਮੇਵਾਰ ਹੈ। ਇਹ ਦਰੁਸਤ ਹੈ ਕਿ ਧਰਮ ਨੂੰ ਉਨ੍ਹਾਂ ਦੇ ਅਨੁਯਾਈਆਂ ਦੀ ਕਿਸਮਤ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਪਰ ਮੈਨੂੰ ਲਗਦਾ ਹੈ ਕਿ ਲੋਕਾਂ ਉੱਤੇ ਉਨ੍ਹਾਂ ਦੇ ਧਰਮ ਦਾ ਪ੍ਰਭਾਵ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਉਸ ਦੀ ਤੁਲਨਾ ਵਿੱਚ ਕਿਸੇ ਸਮੇਂ ਦੇ ਸਮਾਜ ਜਾਂ ਉਨ੍ਹਾਂ ਦੇ ਆਗੂਆਂ ਦਾ ਧਰਮ ਉੱਤੇ ਚੰਗੇ ਜਾਂ ਮੰਦੇ ਪ੍ਰਭਾਵ ਨੂੰ ਅੱਖੋਂ ਓਹਲੇ ਕਰ ਦਿੱਤਾ ਜਾਂਦਾ ਹੈ। ਇਸ ਦੀ ਉਦਾਹਰਣ ਦਿੰਦਿਆਂ ਮੈਂ ਰੂਸੀ ਸਮਾਜਵਾਦ 'ਤੇ ਸਟਾਲਿਨ ਦਾ ਪ੍ਰਭਾਵ ਜਾਂ ਚੀਨੀ ਸਮਾਜਵਾਦ 'ਤੇ ਮਾਓ ਜੇ ਤੁੰਗ ਦੇ ਰੈੱਡ ਗਾਰਡ ਦਾ ਜ਼ਿਕਰ ਕਰ ਸਕਦਾ ਹਾਂ। ਨਾ ਹੀ 19ਵੀਂ ਸਦੀ ਦੀ ਇਸਲਾਮੀ ਦੁਨੀਆ ਵਿੱਚ ਇਰਾਨ ਦੇ 'ਖੋਮੀਨੀ' ਵਰਗਾ ਕੋਈ ਦਿਸਦਾ ਹੈ।
ਇਸਲਾਮ ਦੀ ਦੁਨੀਆ ਵਿਚ ਵੀ ਕਿਸੇ ਮੁਲਕ ਦੇ ਸਮਾਜ ਨੇ ਇਸਲਾਮ 'ਤੇ ਆਪਣਾ ਪ੍ਰਭਾਵ ਪਾ ਕੇ ਉਸ ਨੂੰ ਆਪਣੀਆਂ ਮਾਨਸਿਕਤਾਵਾਂ ਅਨੁਸਾਰ ਦਿਸ਼ਾ ਜਾ ਵਿਆਖਿਆ ਦਿੱਤੀ ਹੈ। ਇਸਲਾਮ ਦਾ ਰੂਪ ਅਰਬ ਦੇਸ਼ਾਂ ਵਿੱਚ ਉਹ ਨਹੀਂ ਰਿਹਾ ਜੋ ਇਰਾਨ ਜਾਂ ਅਫ਼ਗ਼ਾਨਿਸਤਾਨ ਵਿੱਚ ਰਿਹਾ। ਇਸ ਦਾ ਰੂਪ ਸਮੇਂ-ਸਮੇਂ 'ਤੇ ਬਦਲਦਾ ਰਿਹਾ। ਉਹ ਸਮਾਜ ਜਿਸ ਨੂੰ ਆਪਣੇ ਆਪ ਵਿੱਚ ਵਿਸ਼ਵਾਸ ਹੋਵੇ, ਕੋਈ ਬਾਹਰਲਾ, ਅੰਦਰਲਾ ਭੈਅ ਜਾਂ ਖ਼ਤਰਾ ਨਾ ਹੋਵੇ, ਉਹ ਸਮਾਜ ਹਮੇਸ਼ਾ ਸ਼ਾਂਤ, ਸਥਿਰ ਅਤੇ ਖੁੱਲ੍ਹਾ ਡੁੱਲ੍ਹਾ ਹੁੰਦਾ ਹੈ। ਭੈਅ ਵਿੱਚ ਵਿਚਰਦੀ ਸੁਸਾਇਟੀ ਹਮੇਸ਼ਾ ਤਣਾਅ ਅਤੇ ਅਸਥਿਰਤਾ ਵਿੱਚ ਰਹਿੰਦੀ ਹੈ। ਭੈਅ, ਅਸਥਿਰਤਾ ਅਤੇ ਤਣਾਅ ਵਿੱਚ ਰਹਿਣ ਵਾਲੀ ਸੁਸਾਇਟੀ ਹਿੰਸਕ ਵੀ ਹੋ ਜਾਂਦੀ ਹੈ ਅਤੇ ਕਿਸੇ ਤਰ੍ਹਾਂ ਦੀ ਤਬਦੀਲੀ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਗਵਾ ਬੈਠਦੀ ਹੈ।
ਇਸ ਸੰਦਰਭ ਵਿੱਚ ਅਸੀਂ ਵੇਖਦੇ ਹਾਂ ਕਿ ਬੜੀ ਰਫ਼ਤਾਰ ਨਾਲ ਤਰੱਕੀ ਕਰਦੀ ਇਸਲਾਮ ਦੀ ਦੁਨੀਆ ਵਿੱਚ ਪੰਦ੍ਹਰਵੀਂ ਸਦੀ ਤੋਂ ਲੈ ਕੇ 19ਵੀਂ-20ਵੀਂ ਸਦੀ ਵਿਚਕਾਰ ਖੜੋਤ ਆ ਗਈ ਅਤੇ ਪੱਛਮੀ ਦੇਸ਼ ਬੜੀ ਤੇਜ਼ੀ ਅਤੇ ਜੋਸ਼ ਨਾਲ ਵਧਣੇ ਸ਼ੁਰੂ ਹੋ ਗਏ। ਹਿੰਦੂ ਸੁਸਾਇਟੀ ਦੇ ਸੰਦਰਭ ਵਿੱਚ ਵੀ ਅਸੀਂ ਇਹੀ ਕੁਝ ਵੇਖ ਸਕਦੇ ਹਾਂ। ਇਸ ਦਾ ਮੁੱਖ ਕਾਰਨ ਇਹ ਕਿ ਜਦ ਕਿ ਪੱਛਮੀ/ਈਸਾਈ ਦੇਸ਼ਾਂ ਨੇ ਆਪਣੇ ਧਰਮਾਂ ਨੂੰ ਆਧੁਨਿਕਪਨ ਵਿੱਚ ਰੰਗ ਦਿੱਤਾ, ਇਸਲਾਮੀ ਦੁਨੀਆ ਵਿੱਚ ਇਹ ਕੁਝ ਨਹੀਂ ਵਾਪਰਿਆ।
ਇਸਲਾਮ ਦੇ ਅੱਜ ਦੇ ਮੂਲਵਾਦੀ ਅਤੇ ਇਤਿਹਾਸ ਵਿੱਚ ਹੋ ਗੁਜ਼ਰੇ ਉਹ ਬਾਦਸ਼ਾਹ ਜਿਨ੍ਹਾਂ ਨੇ ਇਸਲਾਮ ਦੇ ਨਾਮ 'ਤੇ ਬੇਇੰਤਹਾ ਜ਼ੁਲਮ ਕੀਤੇ, ਉਹ ਵੀ ਹਜ਼ਰਤ ਮੁਹੰਮਦ ਦੇ ਜੀਵਨ ਅਤੇ ਉਸ ਦੇ ਉਪਦੇਸ਼ਾਂ ਤੋਂ ਪ੍ਰੇਰਨਾ ਲੈਂਦੇ ਦਿਸਦੇ ਹਨ। ਜਿੱਥੇ ਹਜ਼ਰਤ ਮੁਹੰਮਦ ਨੇ ਸਹਿਣਸ਼ੀਲਤਾ ਅਤੇ ਉਦਾਰਤਾ ਦਾ ਪ੍ਰਦਰਸ਼ਨ ਕੀਤਾ, ਉੱਥੇ ਜ਼ੋਰ ਜ਼ਬਰ ਅਤੇ ਹਿੰਸਾ ਦੁਆਰਾ ਆਪਣੇ ਅਨੁਆਈਆਂ ਨੂੰ ਪ੍ਰਭਾਵਤ ਕੀਤਾ ਹੈ।
ਸਾਇੰਸ, ਉਦਯੋਗ, ਲੜਾਈ ਦੇ ਹਥਿਆਰਾਂ ਆਦਿ ਵਿੱਚ ਪੱਛਮੀ ਦੇਸ਼ਾਂ ਦੀ ਤਰੱਕੀ ਨੇ ਇਸਲਾਮੀ ਅਤੇ ਪੂਰਬੀ ਦੇਸ਼ਾਂ ਨੂੰ ਹਾਸ਼ੀਏ 'ਤੇ ਸੁੱਟ ਦਿੱਤਾ। ਸਿਰਫ਼ ਹਾਸ਼ੀਏ 'ਤੇ ਹੀ ਨਹੀਂ ਸੁੱਟਿਆ ਬਲਕਿ ਪੱਛਮ ਦੇ ਖ਼ਾਸ ਕਰ ਕੇ ਅਮਰੀਕਾ ਦੇ ਸਮੁੱਚੇ ਕਲਚਰ ਨੇ ਇਸਲਾਮੀ ਦੇਸ਼ਾਂ ਦੇ ਮਨਾਂ ਵਿੱਚ ਇਹ ਡਰ ਪੈਦਾ ਕਰ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਕਦਰਾਂ-ਕੀਮਤਾਂ, ਸਦਾਚਾਰ ਕਾਰ ਵਿਹਾਰ ਉੱਤੇ ਪੱਛਮੀ ਰੰਗ ਹੀ ਨਾ ਚੜ੍ਹ ਜਾਏ। ਉਹ ਕਿਤੇ ਖ਼ਤਮ ਹੀ ਨਾ ਹੋ ਜਾਣ।
ਜੇ ਅਸੀਂ ਅੱਜ ਦੇ ਯੁੱਗ ਵੱਲ ਧਿਆਨ ਮਾਰੀਏ ਤਾਂ ਪੱਛਮ ਜਾਂ ਇਉਂ ਕਹੋ ਅਮਰੀਕਾ ਨੂੰ ਹੀ ਹਰ ਪਾਸੇ ਛਾਇਆ ਹੋਇਆ ਵੇਖਦੇ ਹਾਂ। ਯੇਰੂਸ਼ਲਮ ਤੋਂ ਲੈ ਕੇ ਅਲਜੀਰੀਆ ਤਕ। ਸਿੰਘਾਪੁਰ ਤੋਂ ਲੈ ਕੇ ਬੋਸਟਨ ਤਕ, ਦੁਬਈ ਤੋਂ ਲੈ ਕੇ ਮੈਕਸੀਕੋ ਤਕ, ਕੰਨਿਆ ਕੁਮਾਰੀ ਤੋਂ ਲੈ ਕੇ ਟੋਕੀਓ ਤਕ। ਪਿਛਲੇ ਪੰਜਾਹ ਸੱਠ ਵਰ੍ਹਿਆਂ ਤੋਂ ਪੱਛਮ ਦੇ ਬੱਦਲ ਹੀ ਸਾਰੇ ਮੁਲਕਾਂ 'ਤੇ ਛਾਏ ਹੋਏ ਹਨ ਅਤੇ ਆਪਣਾ ਪ੍ਰਭਾਵ ਪਾ ਰਹੇ ਹਨ :
ਕਮਿਊਨਿਜ਼ਮ, ਸਰਮਾਏਦਾਰੀ, ਫਾਸੀਵਾਦ, ਵਾਤਾਵਰਣ, ਬਿਜਲੀ, ਆਵਾਜਾਈ ਦੇ ਸਾਧਨ, ਕਾਰਾਂ, ਰੇਲ ਗੱਡੀਆਂ, ਮੈਟਰੋ, ਮੋਬਾਈਲ, ਟੈਲੀਵਿਜ਼ਨ, ਕੰਪਿਊਟਰ, ਦਵਾਈਆਂ, ਮਨੁੱਖ ਦੀ ਵਿਅਕਤੀਗਤ ਸੁਤੰਤਰਤਾ ਆਦਿ ਦੇ ਨਾਲ-ਨਾਲ ਗੈਸ ਚੈਂਬਰ, ਐਟਮ ਬੰਬ, ਵਿਨਾਸ਼ਕਾਰੀ ਹਥਿਆਰ ਜੋ ਕੁਝ ਵੀ ਹੈ, ਉਹ ਪੱਛਮ ਤੋਂ ਹੀ ਆਇਆ ਦਿਸਦਾ ਹੈ। ਇਹ ਵੀ ਵੇਖਦੇ ਹਾਂ ਕਿ ਜੋ ਪੱਛਮ ਦੇ ਰੰਗ ਵਿੱਚ ਰੰਗਿਆ ਗਿਆ, ਉਸ ਦਾ ਸੁਰਮੇਲ ਸਮੇਂ ਨਾਲ ਬਣਿਆ ਹੋਇਆ ਹੈ। ਜੋ ਪੱਛਮ ਨੂੰ ਨਕਾਰ ਰਹੇ ਹਨ, ਉਹ ਸਮੇਂ ਤੋਂ ਪਿਛੜੇ ਦਿਸ ਰਹੇ ਹਨ ਪਰ ਨਾਲ ਹੀ ਇਹ ਵੇਖਣ ਵਿੱਚ ਵੀ ਆਇਆ ਹੈ ਕਿ ਪੂਰਬੀ ਦੇਸ਼ਾਂ ਦੇ ਸਮਾਜਾਂ ਨੇ ਪਹਿਲਾਂ ਇਸ ਦਾ ਵਿਰੋਧ ਕੀਤਾ। ਉਨ੍ਹਾਂ ਨੂੰ ਇਸ ਵਿਚ ਆਪਣੇ ਧਰਮ, ਆਚਾਰ ਵਿਹਾਰ ਅਤੇ ਸਭਿਅਤਾ ਦੀ ਹੋਂਦ ਲਈ ਖ਼ਤਰਾ ਮਹਿਸੂਸ ਹੋਇਆ।
ਇਹ ਖ਼ਤਰਾ ਸਿਰਫ਼ ਪੂਰਬੀ ਜਾਂ ਇਸਲਾਮੀ ਦੇਸ਼ਾਂ ਨੂੰ ਹੀ ਮਹਿਸੂਸ ਨਹੀਂ ਹੋਇਆ, ਫਰਾਂਸ ਵਰਗੇ ਦੇਸ਼ਾਂ ਵਿੱਚ ਵੀ ਬਹੁਤ ਸਾਰੇ ਬੁੱਧੀਜੀਵੀ ਵਿਸ਼ਵੀਕਰਨ ਨੂੰ ਆਪਣੇ ਕਲਚਰ ਲਈ ਵਿਨਾਸ਼ਕਾਰੀ ਸਮਝਦੇ ਹਨ। ਇਸ ਲਈ ਵੀ ਕਿ ਵਿਸ਼ਵੀਕਰਨ ਦਾ ਹੁਣ ਭਾਵ ਹੈ ਅਮਰੀਕੀਕਰਨ। ਉਨ੍ਹਾਂ ਵਾਂਗ ਹੀ ਇਸਲਾਮੀ ਦੇਸ਼ਾਂ ਦੇ ਲੋਕ ਅਤੇ ਭਾਰਤੀ ਵੀ 'ਮੌਲਾਂ' (ਸੁਪਰ ਮਾਰਕੀਟ), ਮਾਈਕ੍ਰੋਸਾਫਟ, ਸੀ.ਐਨ.ਐਨ., ਮੈਕਡੋਨਲਡ ਆਦਿ ਨੂੰ ਟ੍ਰੋਜਨਾਂ ਦਾ ਘੋੜਾ ਸਮਝਦੇ ਹਨ, ਜੋ ਉਨ੍ਹਾਂ ਦੇ ਅੰਦਰ ਘੁਸਪੈਠ ਕਰਕੇ ਉਨ੍ਹਾਂ ਦੇ ਰਵਾਇਤੀ ਰਹਿਣ-ਸਹਿਣ ਅਤੇ ਸਭਿਆਚਾਰ ਨੂੰ ਤਹਿਸ ਨਹਿਸ ਕਰਦਾ ਜਾ ਰਿਹਾ ਹੈ।
ਅੱਜ ਦੀ ਇਸਲਾਮੀ ਦੇਸ਼ਾਂ ਦੀ ਤੁਅੱਸਬੀ, ਜਨੂਨੀ ਮਾਨਸਿਕਤਾ ਅਤੇ ਵਾਤਾਵਰਣ ਨੂੰ ਸਮਝਣ ਲਈ ਸਾਨੂੰ ਕੁਝ ਹੋਰ ਪਿੱਛੇ ਵੱਲ ਜਾਣਾ ਪਵੇਗਾ। 18ਵੀਂ ਸਦੀ ਦੇ ਅੰਤ ਵਿੱਚ ਇਸਲਾਮੀ ਦੇਸ਼ਾਂ, ਖ਼ਾਸ ਕਰ ਕੇ ਮੈਡੀਟ੍ਰੇਨੀਅਨ ਸਾਗਰ ਦੁਆਲੇ ਵੱਸਦੇ ਇਸਲਾਮੀ ਮੁਲਕਾਂ ਨੂੰ ਇਹ ਅਨੁਭਵ ਹੋਣ ਲੱਗਾ ਕਿ ਉਹ ਇਤਿਹਾਸ ਦੇ ਹਾਸ਼ੀਏ 'ਤੇ ਸੁੱਟੇ ਜਾ ਰਹੇ ਹਨ। ਸਭ ਤੋਂ ਪਹਿਲਾਂ ਇਨ੍ਹਾਂ ਨੂੰ ਇਹ ਅਨੁਭਵ ਉਦੋਂ ਹੋਇਆ ਜਦੋਂ ਫਰਾਂਸ ਦੇ (ਸੰਨ 1799 ਵਿਚ) ਨਪੋਲੀਅਨ ਨੇ ਮਿਸਰ, ਸੀਰੀਆ, ਲਿਬਨਾਨ ਦੇ ਖੇਤਰਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਹਾਰ ਦਿੱਤੀ। ਉਨ੍ਹਾਂ ਦੀਆਂ ਪ੍ਰਾਚੀਨ ਸਭਿਅਤਾਵਾਂ, ਸਮਾਰਕਾਂ ਨੂੰ ਲੁੱਟ ਲੁੱਟ ਕੇ ਆਪਣੇ ਮਿਊਜ਼ੀਅਮ ਭਰ ਲਏ। (ਜਿਨ੍ਹਾਂ ਪੈਰਿਸ ਦਾ ਲੂਵਰੋ ਮਿਊਜ਼ੀਅਮ ਵੇਖਿਆ ਹੈ, ਉਹ ਇਸ ਗੱਲ ਨੂੰ ਭਲੀਭਾਂਤ ਸਮਝ ਸਕਦੇ ਹਨ।) ਜਦੋਂ ਮਿਸਰ ਅਤੇ ਤੁਰਕੀ ਆਦਿ ਨੂੰ ਮਹਿਸੂਸ ਹੋਇਆ ਕਿ ਅਸੀਂ ਤਾਂ ਪਿੱਛੇ ਰਹਿ ਗਏ ਹਾਂ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਆਧੁਨਿਕ ਕਰਨਾ ਸ਼ੁਰੂ ਕੀਤਾ। ਪਰ ਪੱਛਮੀ ਦੇਸ਼ਾਂ ਨੂੰ ਇਹ ਵੀ ਪਸੰਦ ਨਹੀਂ ਆਇਆ। ਪੱਛਮੀ ਦੇਸ਼ ਖ਼ਾਸ ਕਰ ਕੇ ਇੰਗਲੈਂਡ ਅਤੇ ਫਰਾਂਸ, ਯੂਰਪ ਤੋਂ ਹਿੰਦੁਸਤਾਨ ਵੱਲ ਦੇ ਰਸਤੇ ਦੇ ਹਰ ਮੁਲਕ ਨੂੰ ਕਮਜ਼ੋਰ ਹੀ ਵੇਖਣਾ ਚਾਹੁੰਦੇ ਸਨ। ਉਹ ਇਨ੍ਹਾਂ ਮੁਲਕਾਂ ਨੂੰ ਕਮਜ਼ੋਰ ਰੱਖਣ ਦੇ ਉਪਰਾਲੇ ਹੀ ਕਰਦੇ ਰਹੇ। ਇਹੀ ਕੁਝ ਪੱਛਮੀ ਮੁਲਕਾਂ ਨੇ ਹਿੰਦੁਸਤਾਨ ਅਤੇ ਚੀਨ ਦੇ ਸੰਦਰਭ ਵਿੱਚ ਕੀਤਾ। ਹਿੰਦੁਸਤਾਨ ਵਿੱਚ ਇਸ ਦੇ ਸਾਰੇ ਉਦਯੋਗਾਂ ਨੂੰ ਤਬਾਹ ਕਰ ਕੇ ਅਤੇ ਬਾਹਰਲੇ ਮੁਲਕਾਂ ਨਾਲ ਇਸ ਦੀ ਤਜਾਰਤ ਨੂੰ ਆਪਣੇ ਹੱਥ ਵਿੱਚ ਲੈ ਕੇ ਅਤੇ ਚੀਨ ਦੇ ਸੰਦਰਭ ਵਿੱਚ ਚੀਨ ਦੇ ਲੋਕਾਂ ਨੂੰ ਅਫ਼ੀਮ ਖਾਣ ਦੀ ਆਦਤ ਪਾ ਕੇ।
ਸੰਨ 1956 ਤੋਂ ਬਾਅਦ ਇਸ ਵੇਲੇ ਮਿਸਰ ਦੇ ਪ੍ਰਧਾਨ 'ਨਾਸਿਰ' ਨੇ ਆਪਣੇ ਮੁਲਕ ਦਾ ਆਧੁਨਿਕੀਕਰਨ ਸ਼ੁਰੂ ਕੀਤਾ, ਤਾਕਤ ਫੜੀ ਤਾਂ ਇਹ ਵੀ ਪੱਛਮੀ ਦੇਸ਼ਾਂ ਨੂੰ ਪਸੰਦ ਨਾ ਆਇਆ। ਉਨ੍ਹਾਂ ਨੇ ਤਾਲਿਬਾਨ ਵਰਗੇ ਕੱਟੜਵਾਦੀਆਂ ਨੂੰ ਆਪਣੀਆਂ ਖ਼ੁਫ਼ੀਆ ਏਜੰਸੀਆਂ ਰਾਹੀਂ ਪੈਸੇ ਦੇ ਕੇ ਨਾਸਿਰ ਨੂੰ ਮਾਰ ਦੇਣ ਦੀਆਂ ਸਾਜ਼ਿਸ਼ਾਂ ਰਚੀਆਂ, ਰੁਕਾਵਟਾਂ ਪਾਈਆਂ। ਇਹ ਕਹਿਣਾ ਵੀ ਇੱਥੇ ਵਾਜਬ ਹੋਵੇਗਾ ਕਿ ਨਾਸਿਰ ਉਂਜ ਕੱਟੜਵਾਦੀਆਂ ਦਾ ਜ਼ਬਰਦਸਤ ਦੁਸ਼ਮਣ ਸੀ ਪਰ ਪੱਛਮੀ ਦੇਸ਼ਾਂ ਨਾਲ ਲੜਾਈ ਵਿੱਚ ਹਾਰ ਖਾਣ ਅਤੇ ਆਪਣੇ ਮੁਲਕ ਨੂੰ ਆਧੁਨਿਕਤਾ ਤਕ ਪਹੁੰਚਾਉਣ ਵਿਚ ਨਾਕਾਮ ਹੋ ਜਾਣ ਬਾਅਦ ਉੱਥੋਂ ਦੇ ਲੋਕਾਂ ਨੇ ਕੱਟੜਵਾਦ ਦਾ ਰਸਤਾ ਅਖ਼ਤਿਆਰ ਕਰ ਲਿਆ।
ਇਤਿਹਾਸ ਵਿਚ ਸਭ ਕੁਝ ਪ੍ਰਤੀਕਾਂ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ। ਮਹਾਨਤਾ ਅਤੇ ਗਿਰਾਵਟ, ਜਿੱਤ ਅਤੇ ਹਾਰ, ਤਰੱਕੀ, ਥੁੜ੍ਹਾਂ, ਪ੍ਰਸੰਨਤਾ ਅਤੇ ਸਭ ਤੋਂ ਉਪਰ ਹੈ ਆਪਣੀ 'ਹੋਂਦ' ਆਧੁਨਿਕਤਾ, ਵਰਤਮਾਨ ਨਾਲ ਕਦਮ ਨਾਲ ਕਦਮ ਮਿਲਾ ਕੇ ਨਾ ਚੱਲ ਸਕਣਾ। ਇਸਲਾਮੀ ਦੇਸ਼ ਵਾਸੀਆਂ ਨੂੰ ਹਰ ਪੱਧਰ 'ਤੇ, ਹਾਰ ਦਾ ਅਨੁਭਵ ਕਰਾਉਂਦੀ ਪ੍ਰਤੀਤ ਹੁੰਦੀ ਹੈ। ਚਾਹੇ ਉਪਰੋਂ ਨਹੀਂ ਪਰ ਮਨ ਹੀ ਮਨ ਇਹ ਅਨੁਭਵ ਕਰ ਰਹੇ ਹਨ ਕਿ ਉਹ ਹਾਰੇ, ਪੱਛੜੇ ਹੋਏ ਹਨ। ਉਨ੍ਹਾਂ ਦੀ ਭਾਸ਼ਾ ਅਰਬੀ ਜਾਂ ਫ਼ਾਰਸੀ ਨੂੰ ਕੋਈ ਨਹੀਂ ਜਾਣਦਾ। ਉਨ੍ਹਾਂ ਦੇ ਸ਼ਾਇਰਾਂ, ਵਿਦਵਾਨਾਂ, ਫਲਾਸਫਰਾਂ ਦੀ ਕੋਈ ਪੁੱਛ ਨਹੀਂ ਰਹੀ। ਉਨ੍ਹਾਂ ਨੂੰ ਜਦੋਂ ਵੀ ਕਿਸੇ ਬਾਹਰਲੇ ਬੰਦੇ ਨਾਲ ਗੱਲ ਕਰਨੀ ਪੈਂਦੀ ਹੈ ਤਾਂ ਫਰੈਂਚ ਜਾਂ ਅੰਗਰੇਜ਼ੀ ਵਿੱਚ। ਨਾ ਵਪਾਰ ਵਿੱਚ, ਨਾ ਹੀ ਫ਼ੌਜੀ ਤਾਕਤ ਵਿੱਚ ਉਹ ਪੱਛਮ ਦੇ ਕਿਸੇ ਦੇਸ਼ ਦੇ ਮੁਕਾਬਲੇ 'ਤੇ ਖੜ੍ਹੇ ਹੋ ਸਕਦੇ ਹਨ। ਹਰ ਮੋੜ 'ਤੇ ਉਨ੍ਹਾਂ ਨੂੰ ਨਿਰਾਸ਼ਾ, ਅਪਮਾਨ ਅਤੇ ਭਰਮ ਭੁਲੇਖਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਫਿਰ ਉਹ ਕਿਉਂ ਨਾ ਸੋਚਣ ਕਿ ਉਨ੍ਹਾਂ ਦੀ ਹੋਂਦ ਖ਼ਤਰੇ ਵਿੱਚ ਹੈ। ਉਨ੍ਹਾਂ ਦੇ ਵਿਸ਼ਵਾਸ, ਸਭਿਆਚਾਰ, ਧਰਮ ਖ਼ਤਰੇ ਵਿਚ ਹਨ। ਉਨ੍ਹਾਂ ਨੂੰ ਇਸ ਨਾਉਮੀਦੀ ਦੇ ਵਾਤਾਵਰਣ ਵਿੱਚ ਹਰ ਕੋਈ ਆਪਣਾ ਦੁਸ਼ਮਣ ਨਜ਼ਰ ਆਉਂਦਾ ਹੈ। ਇਸ ਨਿਰਾਸ਼ਾ ਨੇ ਤਾਲਿਬਾਨ ਪੈਦਾ ਕੀਤਾ ਅਤੇ ਤਾਲਿਬਾਨ ਨੇ ਇਸਲਾਮ ਦੇ ਰੂਪ ਨੂੰ ਆਪਣੇ ਤੁਅੱਸਬੀ, ਵਹਿਸ਼ੀ ਰੰਗ ਵਿੱਚ ਬਦਲ ਦਿੱਤਾ। ਅਮਰੀਕਾ ਦੇ ਇਹ ਟਰੇਡ ਟਾਵਰ, ਜਿਨ੍ਹਾਂ ਨੂੰ ਇਨ੍ਹਾਂ ਤੁਅੱਸਬੀਆਂ ਨੇ ਉਡਾਇਆ, ਇਹ ਪੱਛਮੀ ਤਾਕਤ ਅਤੇ ਪੱਛਮੀ ਵਧੀਕੀਆਂ ਦੇ ਪ੍ਰਤੀਕ ਹਨ ਅਤੇ ਨਾਲ ਹੀ ਇਹ ਪੱਛਮੀ ਸਭਿਅਤਾ ਦੇ ਖ਼ਿਲਾਫ਼ ਇਨ੍ਹਾਂ ਕੱਟੜਵਾਦੀਆਂ ਦਾ ਪ੍ਰਤੀਕਰਮ ਵੀ ਹੈ।
ਦੇਸ਼ ਦੇ ਨਾਮ 'ਤੇ, ਕੌਮ ਦੇ ਨਾਮ 'ਤੇ ਜਾਂ ਆਧੁਨਿਕਤਾ, ਵਿਸ਼ਵੀਕਰਨ ਦੇ ਨਾਮ 'ਤੇ ਸ਼ੋਸ਼ਣ ਕਰਨਾ ਜਾਂ ਯੁੱਧ ਕਰ ਕੇ, ਬੰਬ ਵਰਸਾਉਣੇ ਉਨੇ ਹੀ ਨਿੰਦਣਯੋਗ ਹਨ, ਜਿੰਨਾ ਧਰਮ ਦੇ ਨਾਂ 'ਤੇ ਦਹਿਸ਼ਤਗਰਦੀ ਕਰਨਾ। ਆਪਣੀਆਂ ਤਰੁੱਟੀਆਂ, ਪੱਛੜੇਪਣ ਨੂੰ ਲੁਕਾਉਣ ਜਾਂ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਅੱਜ ਇਸਲਾਮੀ ਦੇਸ਼ਾਂ ਨੇ ਕੱਟੜਪੁਣੇ ਦਾ ਆਸਰਾ ਲਿਆ ਹੈ। ਚਾਹੇ ਉਹ ਬੁਰਕਾ ਹੋਵੇ, ਚਾਹੇ ਨਮਾਜ਼ਾਂ, ਚਾਹੇ ਸੰਗੀਤ ਦੀ ਮਨਾਹੀ, ਚਾਹੇ ਪੈਂਟਾਂ ਦੀ ਬਜਾਏ ਸਲਵਾਰਾਂ ਹੋਣ।
ਮੈਂ ਕੋਈ ਇਸਲਾਮ ਅਤੇ ਇਸ ਦੀ ਸਭਿਅਤਾ ਦਾ ਮਾਹਰ ਨਹੀਂ। ਨਾ ਹੀ ਮੈਂ ਇਹ ਦਾਅਵਾ ਕਰਦਾ ਹਾਂ ਕਿ ਜੋ ਕੁਝ ਮੈਂ ਲਿਖ ਰਿਹਾ ਹਾਂ, ਉਹੀ ਅਸਲੀਅਤ ਹੈ। ਮੇਰੇ ਇਸ ਲੇਖ ਦਾ ਆਧਾਰ ਆਪਣੀਆਂ ਯਾਤਰਾਵਾਂ ਦੌਰਾਨ ਬਹੁਤ ਸਾਰੇ ਇਸਲਾਮੀ ਦੇਸ਼ਾਂ ਵਿੱਚ ਘੁੰਮਣਾ ਫਿਰਨਾ, ਉੱਥੋਂ ਦੇ ਵਸਨੀਕਾਂ ਨਾਲ ਵਿਚਾਰਾਂ ਦਾ ਅਦਾਨ ਪ੍ਰਦਾਨ ਹੈ। ਇਸ ਦੇ ਇਲਾਵਾ ਇਸਲਾਮ ਦੇ ਮੁਤੱਲਕ ਮਾਹਰਾਂ ਦੇ ਲੇਖ ਅਤੇ ਪੁਸਤਕਾਂ। ਜਾਂ ਫੇਰ ਸੁਹਿਰਦਤਾ ਨਾਲ ਇਸਲਾਮ ਨੂੰ ਸਮਝਣ ਦੀ ਕੋਸ਼ਿਸ਼।
“…… When I refer to the influence of societies on religion. I am thinking, for example, of the fact that when Muslim in the Third World attack the West, it is not only because they are Muslims and the West is Christian, but also because they are poor, down trodden and dried, while the West is rich and powerful. I say ‘also’, but I think ‘above all’. For when I look at the militant Islamic movements of today I can easily detect, both in their method, the Third World theory that become popular in the 1960; …….. Such movements are not a product of Muslim history; they are the product of our time, with all its tensions, distortions, stratagem and despair.”
Add a review