ਮੈਂ ਖਫ਼ਾ ਹਾਂ, ਖਫ਼ਾ ਕਰਨ ਵਾਲਿਆਂ ਤੇ
ਸਿਆਸੀ ਨੇਤਾ, ਧਰਮ ਦੀ ਗੱਲ ਕਰਨ ਵਾਲਿਆਂ ਤੇ
ਹਾਂ ਮੈਂ ਖਫ਼ਾ ਹਾਂ, ਇਸੇ ਗੱਲੋਂ ਨਹੀਂ ਇਤਬਾਰ ਧਰਦਾ
ਦੋਗਲੇ ਪੁਜਾਰੀ, ਸਿਆਸਤ ਕਰਨ ਵਾਲਿਆਂ ਤੇ
ਮੈਂ ਖਫ਼ਾ ਹਾਂ, ਅਗੇਤੇ ਹੀ ਜਹਾਨੋਂ ਕੂਚ ਕਰਨ ਵਾਲਿਆਂ ਤੇ
ਰੰਗ ਬਿਰੰਗੀ ਜ਼ਿੰਦਗੀ ਬੇਰੰਗ ਕਰਨ ਵਾਲਿਆਂ ਤੇ
ਹਾਂ ਮੈਂ ਖਫ਼ਾ ਹਾਂ, ਕੋਸ਼ਿਸ਼ ਕਰਕੇ ਵੀ ਨਹੀਂ ਰੋਕ ਸਕਦਾ
ਪੈਰ ਅਗਲੇ ਜਹਾਨ ਧਰਨ ਵਾਲਿਆਂ ਦੇ
ਮੈਂ ਖਫ਼ਾ ਹਾਂ, ਟੁੱਟੇ ਲੋਕਾਂ ਨੂੰ ਚੂਰ ਚੂਰ ਕਰਨ ਵਾਲਿਆਂ ਤੇ
ਆਖਰੀ ਬੂੰਦ ਕਿਵੇਂ ਪੀਏ, ਲਹੂ ਦੀਆਂ ਘੁੱਟਾਂ ਭਰਨ ਵਾਲਿਆਂ ਤੇ
ਹਾਂ ਮੈਂ ਖਫਾ ਹਾਂ, ਬਿਲਕੁਲ ਭਰੋਸਾ ਨਹੀਂ ਕਰਦਾ
ਤਰੱਕੀ ਦੀ ਆੜ ‘ਚ, ਲੁੱਟਾਂ ਕਰਨ ਵਾਲਿਆਂ ਤੇ
ਮੈਂ ਖਫ਼ਾ ਹਾਂ, ਗ਼ਲਤੀ ਮੰਨ ਕੇ ਫੇਰ ਗ਼ਲਤੀ ਕਰਨ ਵਾਲਿਆਂ ਤੇ
ਕਿਸੇ ਆਦਤ ਤੋਂ ਮਜਬੂਰ, ਵਾਰ ਵਾਰ ਕਰਨ ਵਾਲਿਆਂ ਤੇ
ਹਾਂ ਮੈਂ ਖਫਾ ਹਾਂ, ਸ਼ਾਇਦ ਗੱਲ ਖਾਨੇ ਨਹੀਂ ਪਾ ਸਕਦਾ
ਹਰ ਵਿਸ਼ੇ ਤੇ ਤਰਕ ਚਾਰ ਚਾਰ ਕਰਨ ਵਾਲਿਆਂ ਦੇ
ਮੈਂ ਖਫ਼ਾ ਹਾਂ, ਮੋਮ ਦੀ ਦੁਨੀਆਂ ‘ਚ ਦਿਲ ਪੱਥਰ ਕਰਨ ਵਾਲਿਆਂ ਤੇ
ਜੋ ਆਪ ਹੀ ਨਾ ਰੋਇਆ, ਕਿਵੇਂ ਪੂੰਜੇ ਅੱਥਰੂ ਫਰਿਆਦ ਕਰਨ ਵਾਲਿਆਂ ਦੇ
ਹਾਂ ਮੈਂ ਖਫਾ ਹਾਂ, ਕਲਾਵੇ ਲੈ ਕੇ ਵੀ ਮਨ ਨਹੀਂ ਪਿਘਲਾ ਸਕਦਾ
ਕਿਸੇ ਗੈਬੀ ਸ਼ਕਤੀ ਲਈ ਆਪਾ ਨਿਲਾਮ ਕਰਨ ਵਾਲਿਆਂ ਦੇ
ਮੈਂ ਖਫ਼ਾ ਹਾਂ, ਜਮਦੂਤ ਦੇ ਡਰੋਂ ਅਦਿੱਖ ਹੋ ਜਾਣ ਵਾਲਿਆਂ ਤੇ
ਮੇਰੀ ਵਾਰੀ ਦੂਰ ਹੈ, ਸੋਚ ਅੱਖਾਂ ਫੇਰ ਲੈਣ ਵਾਲਿਆਂ ਤੇ
ਹਾਂ ਮੈਂ ਖਫਾ ਹਾਂ, ਕਿਓਂਕਿ ਘੁੱਟੇ ਬੁੱਲ੍ਹ ਨਹੀਂ ਖੁਲਵਾ ਸਕਦਾ
ਕਿਸੇ ਨਿਗਰਾਨੀ ਡਰੋਂ ਚੁੱਪ ਸਹਿਮੇ ਵਿਚਾਰਿਆਂ ਦੇ
ਮੈਂ ਬਹੁਤ ਖੁਸ਼ ਹਾਂ, ਉਸਾਰੂ ਖਫ਼ਾ ਦੀ ਤਰਫ ਕਰਨ ਵਾਲਿਆਂ ਤੇ
ਇਨਸਾਨੀਅਤ ਲਈ ਹਾਅ ਦਾ ਨਾਅਰਾ ਧਰਨ ਵਾਲਿਆਂ ਤੇ
ਹਾਂ ਮੈਂ ਖੁਸ਼ ਹਾਂ, ਪਰ ਕਦੇ ਵੀ ਕਰਜ਼ ਨਹੀਂ ਉਤਾਰ ਸਕਦਾ
ਡਿੱਗਦੇ ਢਹਿੰਦੇ ‘ਗਿੱਲ’ ਨੂੰ ਉਡਾਰ ਕਰਨ ਵਾਲਿਆਂ ਦੇ
Add a review