ਹਰ ਪ੍ਰਾਣੀ ਦਾ ਜੀਵਨ ਕਿਰਤ ਨਾਲ ਜੁੜਿਆ ਹੋਇਆ ਹੈ। ਮਨੁੱਖ, ਪਸ਼ੂ, ਪੰਛੀ ਤੇ ਜੀਵ ਜੰਤੂ ਸਮੇਤ ਸਾਰੇ ਹੀ ਆਪਣਾ ਪੇਟ ਭਰਨ ਲਈ ਹੱਥ ਪੈਰ ਮਾਰਦੇ ਹਨ। ਪੰਛੀ ਭੋਜਨ ਦੀ ਭਾਲ ਲਈ ਦੂਰ ਦੂਰ ਤੱਕ ਉਡਾਰੀ ਮਾਰ ਜਾਂਦੇ ਹਨ।ਜੰਗਲੀ ਜਾਨਵਰ ਆਪਣਾ ਪੇਟ ਮਿਹਨਤ ਨਾਲ ਭਰਦੇ ਹਨ ਪਰੰਤੂ ਪਾਲਤੂ ਜਾਨਵਰਾਂ ਨੂੰ ਮਨੁੱਖ ਚਾਰਾ ਪਾਉਂਦਾ ਹੈ ਜਿਸਦੇ ਬਦਲੇ ਵਿੱਚ ਉਹ ਮਨੁੱਖ ਦੇ ਕੰਮਾਂ ਵਿੱਚ ਉਸਦੀ ਸਹਾਇਤਾ ਕਰਦੇ ਹਨ। ਦੁਧਾਰੂ ਪਸ਼ੂ ਮਨੁੱਖ ਦੇ ਖਾਦ ਪਦਾਰਥਾਂ ਦੀ ਪੂਰਤੀ ਕਰਦੇ ਹਨ। ਮੱਝਾਂ ਅਤੇ ਗਾਵਾਂ ਦੁੱਧ ਦਿੰਦੀਆਂ ਹਨ ਅਤੇ ਬਾਕੀ ਜਾਨਵਰ ਜਿਵੇਂ ਬਲ਼ਦ,ਊਠ ਆਦਿ ਤੋਂ ਹਲ ਵਾਹੁਣ ਦਾ ਕੰਮ ਲਿਆ ਜਾਂਦਾ ਸੀ।ਇਸ ਤਰ੍ਹਾਂ ਪਾਲਤੂ ਜਾਨਵਰਾਂ ਦੇ ਖਾਣ ਪੀਣ ਦੀ ਜ਼ਿੰਮੇਵਾਰੀ ਮਨੁੱਖ ਦੀ ਹੈ।
ਜੰਗਲੀ ਜਾਂ ਆਵਾਰਾ ਪਸ਼ੂਆਂ ਨੂੰ ਪਾਣੀ ਅਤੇ ਭੋਜਨ ਆਪਣੀ ਮਿਹਨਤ ਨਾਲ ਹੀ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੂੰ ਆਪਣਾ ਭੋਜਨ ਵੀ ਆਪ ਹੀ ਲੱਭਣਾ ਪੈਂਦਾ ਹੈ ਜਿਵੇਂ ਪੀਣ ਲਈ ਪਾਣੀ, ਖਾਣ ਲਈ ਘਾਹ ਵਗੈਰਾ। ਪਾਣੀ ਪੀਣ ਲਈ ਉਹ ਛੱਪੜ,ਤਲਾਅ,ਖਾਲ਼, ਨਹਿਰ ਅਤੇ ਦਰਿਆ ਆਦਿ ਲੱਭਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਨੂੰ ਆਪਣੇ ਤੋਂ ਤਾਕਤਵਰ ਜਾਨਵਰਾਂ ਤੋਂ ਬਚਣ ਲਈ ਵੀ ਆਪਣਾ ਬਚਾਅ ਆਪ ਹੀ ਕਰਨਾ ਪੈਂਦਾ ਹੈ।
ਹਰ ਪ੍ਰਾਣੀ ਨੂੰ ਹਵਾ ਅਤੇ ਪਾਣੀ ਮੁਫ਼ਤ ਵਿੱਚ ਮਿਲੇ ਹੋਏ ਹਨ।ਇਹ ਕੁਦਰਤ ਦੀ ਦਾਤ ਹੈ ਤੇ ਮਨੁੱਖ ਦੇ ਜੀਵਨ ਲਈ ਇਹ ਬਹੁਮੁੱਲੀ ਸੌਗਾਤ ਹੈ ਜਿਸਦੀ ਉਸਨੂੰ ਜਿਉਂਦੇ ਰਹਿਣ ਲਈ ਲੋੜ ਹੈ।ਸਾਹ ਲੈਣ ਲਈ ਲਈ ਸਾਨੂੰ ਕਿਸੇ ਮਿਹਨਤ ਦੀ ਲੋੜ ਨਹੀਂ ਕਿਉਂਕਿ ਇਹ ਦਾਤ ਸਾਨੂੰ ਕੁਦਰਤ ਵੱਲੋਂ ਮਿਲੀ ਹੋਈ ਹੈ ਪਰੰਤੂ ਪੀਣ ਲਈ ਪਾਣੀ ਦੀ ਜ਼ਰੂਰਤ ਹੈ ਜਿਸ ਕਰਕੇ ਇਸਨੂੰ ਸਾਂਭ ਕੇ ਰੱਖਣ ਦੀ ਲੋੜ ਹੈ।
ਕੁੱਝ ਸਮਾਂ ਪਹਿਲਾਂ ਪਾਣੀ ਖੂਹਾਂ, ਟੋਭਿਆਂ ਅਤੇ ਨਹਿਰਾਂ ਤੋਂ ਹੀ ਮਿਲਦਾ ਸੀ । ਖੂਹ ਤੋਂ ਪਾਣੀ ਭਰਨ ਲਈ ਇੱਕ ਆਦਮੀ ਸਪੈਸ਼ਲ ਰੱਖਿਆ ਹੁੰਦਾ ਸੀ ਜੋ ਸਵੇਰੇ ਸ਼ਾਮ ਖੂਹ ਵਿੱਚੋਂ ਬੋਕੇ ਨਾਲ ਪਾਣੀ ਕੱਢਦਾ ਸੀ ਤੇ ਘੜਿਆਂ ਜਾਂ ਗਾਗਰਾਂ ਵਿੱਚ ਉਲਟਾਅ ਦਿੰਦਾ ਸੀ ਤੇ ਔਰਤਾਂ ਪਾਣੀ ਲੈਕੇ ਆਪਣੇ ਘਰ ਆ ਜਾਂਦੀਆਂ ਸਨ। ਤਕੜੇ ਭਾਵ ਅਮੀਰ ਘਰਾਂ ਵਿੱਚ ਮਹਿਰੇ ਵੀ ਪਾਣੀ ਭਰਦੇ ਸਨ।ਇਹ ਪਾਣੀ ਨੂੰ ਉਸ ਸਮੇਂ ਬਹੁਤ ਹੀ ਸੰਕੋਚ ਨਾਲ ਵਰਤਿਆ ਜਾਂਦਾ ਸੀ। ਇਸ ਦਾ ਲੋਕ ਗੀਤਾਂ ਵਿੱਚ ਇਸ ਤਰ੍ਹਾਂ ਜ਼ਿਕਰ ਕੀਤਾ ਜਾਂਦਾ ਹੈ।
- ਗਾਗਰ ਲਿਆਈ ਮਾਂਜ ਕੇ,ਵੀਰਾ,
ਠੰਢਾ ਪਾਣੀ ਵੇ ਪੀ,
ਤੈਨੂੰ ਦੇਖ ,ਤੇਰੇ ਰੂਪ ਨੂੰ,
ਮੇਰਾ ਸੀਤਲ ਹੋ ਗਿਆ,
ਵੇ ਵੀਰ ਸੁਲੱਖਣਿਆਂ ਜੀਅ।
ਪਾਣੀ ਭਰਨ ਲਈ ਮੁਟਿਆਰਾਂ ਦੇ ਝੁੰਡ ਵੱਡੇ ਤੜਕੇ ਹੀ ਚੱਲ ਪੈਂਦੇ ਹਨ। ਹਰ ਕੋਈ ਸਵੇਰੇ ਜਲਦੀ ਹੀ ਕੰਮ ਨਿਪਟਾਉਣਾ ਚਾਹੁੰਦੀ ਸੀ। ਪਾਣੀ ਭਰਨ ਵੇਲੇ ਹਰ ਇੱਕ ਨੂੰ ਕਾਹਲੀ ਹੁੰਦੀ ਸੀ ਤੇ ਕਈ ਵਾਰ ਇਸ ਵੇਲੇ ਚੂੜੀਆਂ ਬਗੈਰਾ ਵੀ ਟੁੱਟ ਜਾਂਦੀਆਂ।
- ਵੇ ਮੈਂ ਪਾਣੀ ਭਰੇਨੀ ਆਂ ਸੱਜਰਾ
ਟੁੱਟ ਗਿਆ ਬਲੌਰੀ ਗਜਰਾ
ਠੋਕ੍ਹਰ ਲੱਗੀ ਮੌਣਾਂ ਦੇ ਨਾਲ।
ਪਾਣੀ ਭਰਨ ਲਈ ਘੜੇ ਨੂੰ ਸਿਰ ਤੇ ਟਿਕਾਉਣਾ ਕੋਈ ਸੌਖਾ ਕੰਮ ਨਹੀਂ ਕਿਉਂਕਿ ਘੜੇ ਦਾ ਥੱਲਾ ਗੋਲ ਹੁੰਦਾ ਹੈ ਅਤੇ ਡਿੱਗਣ ਦਾ ਡਰ ਹੀ ਨਹੀਂ ਬਲਕਿ ਯਕੀਨ ਹੈ।ਸੋ ਘੜੇ ਦੀ ਸਥਿਰਤਾ ਲਈ ਇੰਨੂ ਦੀ ਕਾਢ ਕੱਢੀ ਗਈ। ਇੱਥੇ ਇਹ ਕਹਿਣਾ ਉਚਿਤ ਹੋਵੇਗਾ ਕਿ ਔਰਤ ਨੇ ਵੀ ਲੋੜ ਅਨੁਸਾਰ ਕਾਢਾਂ ਕੱਢੀਆਂ।
ਇੰਨੂ, ਈਨੂੰ,ਏਂਡੂਆ,ਏਂਡੁਰੀ ਆਦਿ ਨਾਂ ਸਾਮਾਨ ਹਨ।ਇਹ ਇੱਕ ਅਜਿਹੀ ਵਸਤੂ ਹੈ ਜਿਸ ਨਾਲ ਘੜਾ ਸਥਿਰ ਰਹਿੰਦਾ ਹੈ।ਇਹ ਕੱਪੜੇ ਦਾ ਬਣਦਾ ਹੈ। ਇਸਨੂੰ ਹੱਥ ਦੇ ਦੁਆਲੇ ਵਲਿਆ ਜਾਂਦਾ ਹੈ। ਉਸਤੋਂ ਬਾਅਦ ਉਸਨੂੰ ਮੜ੍ਹਿਆ ਜਾਂਦਾ ਹੈ। ਫਿਰ ਉਸਨੂੰ ਵਰਤਿਆ ਜਾਂਦਾ ਹੈ। ਪਾਣੀ ਭਰਨ ਵਾਲੀਆਂ ਮੁਟਿਆਰਾਂ ਇਸਨੂੰ ਸ਼ਿੰਗਾਰਦੀਆਂ ਵੀ ਸਨ। ਉਸ ਦੇ ਦੁਆਲੇ ਡੋਰਾਂ, ਮਣਕੇ ਤੇ ਫੁੱਲ ਵੀ ਲਾਉਂਦੀਆਂ ਸਨ।ਹਰ ਇੱਕ ਦਾ ਆਪਣਾ ਆਪਣਾ ਇੰਨੂ ਹੁੰਦਾ ਸੀ। ਜਦੋਂ ਕੁੜੀ ਸਹੁਰੇ ਘਰ ਨੂੰ ਵਿਦਾ਼ ਹੁੰਦੀ ਹੈ ਤਾਂ ਉਸ ਵੇਲੇ ਇੰਨੂ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ।
-ਬੀਬੀ , ਛੱਡ ਨੀਂ ਇੰਨੂ ਦੀ ਡੋਰ
ਸਾਡਾ ਨਹੀਓਂ ਜੋਰ,
ਜ਼ੋਰਾਂ ਵਾਲੇ ਲੈ ਨੀਂ ਚੱਲੇ।
ਇੰਨੂ ਕੁੜੀਆਂ ਨੂੰ ਦਾਜ ਵਿੱਚ ਵੀ ਦਿੱਤੇ ਜਾਂਦੇ ਸਨ।ਇਹ ਬਹੁਤ ਵਧੀਆ ਤਿਆਰ ਕੀਤੇ ਜਾਂਦੇ ਸਨ।ਇੰਨੂ ਨੂੰ ਲੰਮੀਆਂ ਡੋਰਾਂ ਮਣਕੇ ਪਰੋ ਕੇ ਲਾਈਆਂ ਜਾਂਦੀਆਂ ਸਨ।ਲੋਗੜੀ ਦੇ ਫੁੱਲ ਵੀ ਲਾਏ ਜਾਂਦੇ ਸਨ। ਲੰਮੇ ਪਤਲੇ ਮਣਕੇ ਜਿਨ੍ਹਾਂ ਨੂੰ ਜੌਂ ਮਣਕੇ ਕਿਹਾ ਜਾਂਦਾ ਸੀ ਉਹ ਵੀ ਡੋਰਾਂ ਵਿੱਚ ਪਰੋਏ ਜਾਂਦੇ ਸਨ।ਕਈ ਵਾਰ ਤਾਂ ਡੋਰਾਂ ਵਿੱਚ ਘੁੰਗਰੂ ਵੀ ਪਾਏ ਜਾਂਦੇ ਸਨ।
ਇੰਨੂ ਨਾਲ ਘੜਾ ਚੁੱਕਣ ਲਈ ਆਸਾਨੀ ਹੋ ਜਾਂਦੀ ਹੈ।ਇਸ ਨਾਲ ਘੜਾ ਡੋਲਦਾ ਨਹੀਂ। ਇੰਨੂ ਰੱਖ ਕੇ ਕਈ ਔਰਤਾਂ ਘੜਾ ਸਿਰ ਤੇ ਰੱਖ ਕੇ ਆਰਾਮ ਨਾਲ ਤੁਰਦੀਆਂ ਹਨ ਤੇ ਹੱਥ ਵੀ ਨਹੀਂ ਪਾਉਣਾ ਪੈਂਦਾ। ਹਰਿਆਣਾ ਤੇ ਰਾਜਸਥਾਨ ਦੇ ਕੁੱਝ ਇਲਾਕਿਆਂ ਵਿੱਚ ਔਰਤਾਂ ਇੱਕ ਘੜਾ ਹੀ ਨਹੀਂ ਬਲਕਿ ਦੋ ਜਾਂ ਤਿੰਨ ਘੜੇ ਚੁੱਕ ਕੇ ਵੀ ਹੱਥ ਛੱਡ ਕੇ ਤੁਰਦੀਆਂ ਹਨ।
ਅੱਜ ਘਰ ਘਰ ਵਿੱਚ ਪਾਣੀ ਦੇ ਅਨੇਕਾਂ ਪ੍ਰਬੰਧ ਹੋਣ ਕਾਰਨ ਸਿਰ ਤੇ ਘੜੇ ਚੁੱਕਣ ਦਾ ਰਿਵਾਜ ਕਾਫੀ ਘੱਟ ਹੋਗਿਆ ਪਰ ਗੋਹਾਕੂੜਾ ਸੁੱਟਣ ਲਈ ਅੱਜ ਵੀ ਇੰਨੂ ਦੀ ਲੋੜ ਹੈ।ਤੂਤ ਦੇ ਟੋਕਰੇ ਸਿਰ ਵਿੱਚ ਚੁਭਣ ਤੋਂ ਬਚਾਅ ਲਈ ਵੀ ਇੰਨੂ ਦੀ ਲੋੜ ਹੈ। ਅੱਜ ਕੱਲ੍ਹ ਬੱਠਲ ਵੀ ਲੋਹੇ ਜਾਂ ਐਲੂਮੀਨੀਅਮ ਦੀ ਥਾਂ ਪਲਾਸਟਿਕ ਦੇ ਆ ਗਏ ਹਨ ਪਰ ਇੰਨੂ ਬਗੈਰ ਸਰਦਾ ਨਹੀਂ।
ਪੰਜਾਬੀ ਸੱਭਿਆਚਾਰ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਘਰੇਲੂ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਨੂੰ ਲੋਕ ਗੀਤਾਂ ਵਿੱਚ ਜ਼ਰੂਰ ਸ਼ਾਮਲ ਕੀਤਾ ਗਿਆ ਹੈ। ਚੁੱਲ੍ਹੇ ਦੇ ਸਮਾਨ ਵਿੱਚ ਤਵਾ,ਪਰਾਤ,ਥਾਲ, ਥਾਲੀਆਂ ਅਤੇ ਚੱਕੀ ਤੋਂ ਇਲਾਵਾ ਹੋਰ ਵੀ ਬਹੁਤ ਚੀਜ਼ਾਂ ਦਾ ਜ਼ਿਕਰ ਆਉਂਦਾ ਹੈ।
ਸਮੇਂ ਸਮੇਂ ਆਉਣ ਵਾਲੀਆਂ ਤਬਦੀਲੀਆਂ ਵੀ ਸਭਿਆਚਾਰ ਵਿੱਚ ਆਈ ਤਬਦੀਲੀ ਬਾਰੇ ਦਰਸਾਉਂਦੀਆਂ ਹਨ। ਜਦੋਂ ਨਲਕੇ ਦੀ ਕਾਢ ਨਿਕਲੀ ਤਾਂ ਲੋਕਾਂ ਦੇ ਘਰਾਂ ਵਿੱਚ ਨਲਕੇ ਲਗਣੇ ਸ਼ੁਰੁ ਹੋ ਗਏ। ਪਾਣੀ ਢੋਣ ਤੋਂ ਰਾਹਤ ਤਾਂ ਮਿਲ ਗਈ ਪਰ ਮੇਲ-ਜੋਲ ਤੇ ਗੱਲਾਂਬਾਤਾਂ ਦਾ ਕੰਮ ਬੰਦ ਹੋ ਗਿਆ।
- ਔਤਰੇ ਲਵਾ ਲਏ ਨਲਕੇ
ਖੂਹਾਂ ਟੋਭਿਆਂ ਤੇ ਮਿਲਣੋਂ ਰਹਿ ਗਏ।
ਪਾਣੀ ਭਰਨ ਜਾਂਦੀਆਂ ਮੁਟਿਆਰਾਂ ਦੇ ਰਾਹ ਵਿੱਚ ਅੱਖਾਂ ਤੱਤੀਆਂ ਕਰਨ ਵਾਲੇ ਵੀ ਖੜ੍ਹ ਜਾਂਦੇ ਤੇ ਇਕੱਲੀਆਂ ਦੁਕੱਲੀਆਂ ਨੂੰ ਮਖ਼ੌਲ ਕਰ ਜਾਂਦੇ।
- ਨੀਂ ਘੜਾ ਨਾ ਚੁਕਾਇਓ ਕੁੜੀਓ
ਇਹਦੀ ਪਿੰਡ 'ਚ,ਮਲ੍ਹਾਜੇਦਾਰੀ।
ਅੱਗੋਂ ਅਗਲੀ ਨੂੰ ਆਪਣੇ ਆਪ ਤੇ ਵਿਸ਼ਵਾਸ ਹੁੰਦਾ ਸੀ ਤਾਂ ਉਹ ਵੀ ਠੋਕ ਕੇ ਜਵਾਬ ਦਿੰਦੀ।
ਘੜਾ ਚੱਕ ਲੂੰ ਮੌਣ ਤੋਂ ਖੜ੍ਹ ਕੇ
ਵੇ ਖ਼ਸਮਾਂ ਨੂੰ ਖਾਣ ਕੁੜੀਆਂ।
ਵਿਆਹ ਵੇਲੇ ਜਦੋਂ ਬਰਾਤ ਢੁੱਕਦਾ ਹੈ ਤਾਂ ਕੁੜੀ ਵਾਲੇ ਪਾਸਿਓਂ ਮੇਲਣਾਂ ਲਾੜੇ ਅਤੇ ਬਰਾਤੀਆਂ ਨੂੰ ਸਿੱਠਣੀਆਂ ਦੇ ਕੇ ਉਨ੍ਹਾਂ ਦੀ ਮਾਂ ਭੈਣ ਇੱਕ ਕਰ ਦਿੰਦੀਆਂ ਹਨ।ਉਸ ਸਮੇਂ ਵੀ ਇੰਨੂ ਦੀ ਤੁਲਨਾ ਉਨ੍ਹਾਂ ਨਾਲ ਕਰ ਦਿੰਦੀਆਂ ਹਨ।
ਮੇਰੇ ਇੰਨੂ ਦੀ ਲੰਮੀ ਲੰਮੀ ਡੋਰ
ਤੋੜੀ ਨਾ ਟੁੱਟਦੀ ਹੈ
ਨੀਂ ਇਹ ਲਾੜੇ ਭੈਣਾਂ ਬਹੇਲ
ਮੋੜੀ ਨਾ ਮੁੜਦੀ।
ਫਿਰ ਮੁੰਡੇ ਦੇ ਪਿਓ ਨਾਲ ਵੀ ਘੱਟ ਨਹੀਂ ਕੀਤੀ ਜਾਂਦੀ।
ਮੇਰੇ ਇੰਨੂ ਦੀ ਲੰਮੀ ਲੰਮੀ ਡੋਰ
ਤੋੜੀ ਨਾ ਟੁੱਟਦੀ
ਨੀਂ ਇਹ ਕੁੜਮਾਂ ਜ਼ੋਰੋ ਬਹੇਲ
ਮੋੜੀ ਨਾ ਮੁੜਦੀ।
ਵਿਆਂਦੜ ਵਹੁਟੀ ਲੈ ਕੇ ਘਰ ਆ ਜਾਂਦਾ ਹੈ। ਰਿਵਾਜ ਅਨੁਸਾਰ ਵਹੁਟੀ ਦੇ ਭਰਾ ਵੀ ਨਾਲ ਆਉਂਦੇ ਹਨ। ਮੁੰਡੇ ਦੇ ਪਰਿਵਾਰ ਦੀਆਂ ਔਰਤਾਂ ਨੂੰ ਪਹਿਲਾਂ ਹੀ ਉਨ੍ਹਾਂ ਨੂੰ ਦਿੱਤੀਆਂ ਸਿੱਠਣੀਆਂ ਬਾਰੇ ਪਤਾ ਹੁੰਦਾ ਹੈ ਕਿ ਮੁੰਡੇ ਦੀਆਂ ਸਾਲੀਆਂ ਤੇ ਹੋਰ ਮੇਲਣਾਂ ਵੱਲੋਂ ਕਿਹੋ ਜਿਹੇ ਗੀਤ ਗਾਏ ਹੋਣਗੇ। ਵਹੁਟੀ ਦੇ ਨਾਲ ਆਇਆਂ ਨੂੰ ਗੱਡੀ ਵਾਲੇ ਕਿਹਾ ਜਾਂਦਾ ਹੈ। ਸੋ ਮੁੰਡੇ ਦੀਆਂ ਭੈਣਾਂ ਵੀ ਉਨ੍ਹਾਂ ਦਾ ਮੋੜਵਾਂ ਜਵਾਬ ਦੇਣ ਲਈ ਤਿਆਰ ਹੁੰਦੀਆਂ ਹਨ ਤੇ ਇਸੇ ਤਾਕ ਵਿੱਚ ਹੁੰਦੀਆਂ ਹਨ ਕਿ ਕਦੋਂ ਮੌਕਾ ਮਿਲੇ। ਮੌਕਾ ਮਿਲਣ ਤੇ ਇੰਜ ਗਾਉਂਦੀਆਂ ਹਨ।
"ਮੇਰੇ ਇੰਨੂ ਦੀ ਲੰਮੀ ਲੰਮੀ ਡੋਰ
ਤੋੜੀ ਨਾ ਟੁੱਟਦੀ,
ਗੱਡੀ ਵਾਲਿਆਂ ਦੀ ਭੈਣ ਬਹੇਲ
ਮੋੜੀ ਨਾ ਮੁੜਦੀ।
ਸੋ ਇੰਨੂ ਕੋਈ ਅਣਗੌਲੀ ਵਸਤੂ ਨਹੀਂ।ਇਸਦੀ ਅੱਜ ਵੀ ਜ਼ਰੂਰਤ ਹੈ। ਪੇਂਡੂ ਸੱਭਿਆਚਾਰ ਦੀ ਇਹ ਅਣਮੋਲ ਤੇ ਸਸਤੀ ਵਸਤੂ ਹੈ , ਜਿਸਦੀ ਕਦਰ ਅਜੇ ਵੀ ਬਰਕਰਾਰ ਹੈ।
Add a review