ਵਸਤ ਲਿਫ਼ਾਫ਼ਿਆਂ ਨਾਲ ਨ੍ਹੀ
ਵੱਟਿਆਂ ਨਾਲ ਤੋਲਦਾ ਹਾਂ।
ਇੱਕ ਛਾਬੇ 'ਚ ਗਾਹਕ ਦੀ
ਕਿਰਤ ਰੱਖਦਾ ਹਾਂ।
ਇੱਕ ਛਾਬੇ 'ਚ ਆਪਣਾ
ਇਮਾਨ ਧਰਦਾ ਹਾਂ।
ਇਨ੍ਹਾਂ ਵੱਟਿਆਂ ਨੂੰ
"ਮੇਰਾ-ਮੇਰਾ" ਦਾ ਨਹੀਂ,
"ਤੇਰਾ-ਤੇਰਾ" ਦਾ ਵਰ ਹੈ ।
ਮਜ਼ਦੂਰ ਹਾਂ,
ਚੌਂਕ 'ਚ ਖੜ੍ਹਦਾ ਹਾਂ।
ਜਿਸ ਘਰ ਜਾਂਦਾ ਹਾਂ।
ਉਸ ਦੀਆਂ ਨੀਹਾਂ 'ਚ,
ਇੱਟ ਨ੍ਹੀ ਅਰਦਾਸ ਧਰਦਾ ਹਾਂ।
ਸੁਪਨੇ ਤੇ ਸੁਪਨਾ ਰੱਖ,
ਕੰਧਾਂ ਉੱਚੀਆਂ ਕਰਦਾ ਹਾਂ।
ਸਿਰ ਤੇ,
ਸੀਮੈਂਟ, ਰੇਤ, ਬਜਰੀ ਨਹੀਂ,
"ਆਸ" ਚੁੱਕਦਾ ਹਾਂ।
ਇਸ ਆਸ ਨੂੰ,
ਆਪਣੇ ਪਸੀਨੇ 'ਚ ਗੁੰਨ੍ਹਦਾ ਹਾਂ।
ਇਸ ਪਸੀਨੇ ਨੂੰ,
ਭਾਈ ਲਾਲੋ ਦਾ ਵਰ ਹੈ।
Add a review