ਦੁਨੀਆ ਭਰ ਵਿਚ ਖ਼ੁਦਕੁਸ਼ੀਆਂ ਦੀ ਤਦਾਦ ਲਗਾਤਾਰ ਵੱਧ ਰਹੀ ਹੈ। ਭਾਵੇਂ ਲਗਭਗ ਹਰ ਉਮਰ ਵਰਗ ਵਿਚ ਖ਼ੁਦਕੁਸ਼ੀਆਂ ਦਾ ਰੁਝਾਨ ਵਧਿਆ ਹੈ ਪਰ ਸ਼ੁਰੂਆਤੀ ਗਭਰੇਟ ਉਮਰ ਤੋਂ ਭਰ ਜਵਾਨੀ ਵੱਲ ਜਾਂਦੇ ਨੌਜਵਾਨਾਂ ਵਿਚ ਇਹ ਰੁਝਾਨ ਖ਼ਤਰਨਾਕ ਹੱਦ ਤੱਕ ਫੈਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (World Health Organisation) ਮੁਤਾਬਕ ਹਰ ਸਾਲ ਦੁਨੀਆ ਭਰ ਵਿਚ ਕਰੀਬ 13 ਲੱਖ ਲੋਕ ਆਤਮਹੱਤਿਆ ਕਰਦੇ ਹਨ। ਇਸ ਸਾਲ ਦੇ ਅਖ਼ੀਰ ਤੱਕ ਇਹ ਤਾਦਾਦ 15 ਲੱਖ ਤੋਂ ਪਾਰ ਜਾਣ ਦੀ ਸੰਭਾਵਨਾ ਹੈ। ਸੰਸਾਰ ਭਰ ਵਿਚ ਹੁੰਦੀਆਂ ਇੱਕ ਲੱਖ ਮੌਤਾਂ ਵਿਚੋਂ 17 ਦੇ ਕਰੀਬ ਲੋਕ ਖ਼ੁਦਕੁਸ਼ੀ ਕਰਦੇ ਹਨ। ਪਿਛਲੇ 45 ਸਾਲਾਂ ਵਿਚ ਸੰਸਾਰ ਭਰ ਵਿਚ ਆਤਮਹੱਤਿਆ ਦੀ ਦਰ 60 ਫ਼ੀਸਦੀ ਵੱਧ ਗਈ ਹੈ। ਇਹ ਬੇਹੱਦ ਖ਼ਤਰਨਾਕ ਸਥਿਤੀ ਹੈ।
ਭਾਰਤ ਵਿਚ ਵੀ ਖ਼ੁਦਕੁਸ਼ੀਆਂ ਦਾ ਰੁਝਾਨ ਤੇਜ਼ੀ ਨਾਲ਼ ਵਧਿਆ ਹੈ। ਪਿਛਲੇ 40 ਸਾਲਾਂ ਵਿਚ ਭਾਰਤ ਵਿਚ ਆਤਮਹੱਤਿਆ ਦੀ ਦਰ 48 ਫੀਸਦੀ ਵੱਧ ਗਈ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਦਸਤਾਵੇਜ਼ਾਂ ਦਾ ਅਧਿਐਨ ਕਰਨ 'ਤੇ ਪਤਾ ਲੱਗਾ ਹੈ ਕਿ ਸਾਲ 2000 ਤੋਂ 2020 ਦੇ ਦੌਰਾਨ ਭਾਰਤ ਵਿਚ 24 ਲੱਖ ਲੋਕਾਂ ਨੇ ਆਤਮਹੱਤਿਆ ਕੀਤੀ ਹੈ।
ਆਤਮਹੱਤਿਆ ਦਾ ਸਿੱਧਾ ਅਰਥ ਹੈ ਆਪਣੇ ਆਪ ਨੂੰ ਮਾਰਨਾ ਅਰਥਾਤ ਖ਼ੁਦ ਹੀ ਆਪਣੀ ਮੌਤ ਦਾ ਕਾਰਨ ਬਣ ਜਾਣਾ। ਆਤਮਹੱਤਿਆ ਅਜਿਹੀ ਸਮਾਜਿਕ ਸਮੱਸਿਆ ਹੈ, ਜਿਸ ਦਾ ਸਮਾਜ 'ਤੇ ਡੂੰਘਾ ਭਾਵਨਾਤਮਕ ਅਤੇ ਆਰਥਕ ਅਸਰ ਪੈਂਦਾ ਹੈ।
ਜ਼ਿੰਦਗੀ ਤਾਂ ਜੀਉਣ ਲਈ ਹੁੰਦੀ ਹੈ; ਫਿਰ ਸਵਾਲ ਹੈ ਕਿ ਕੋਈ ਖ਼ੁਦਕੁਸ਼ੀ ਕਿਉਂ ਕਰਦਾ ਹੈ?
ਹਰ ਆਤਮਹੱਤਿਆ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਲਾਜ਼ਮੀ ਹੀ ਹੁੰਦਾ ਹੈ। ਬਿਨਾਂ ਕਿਸੇ ਕਾਰਨ ਖ਼ੁਦਕੁਸ਼ੀ ਦੇ ਮਾਮਲੇ ਹਨ ਹੀ ਨਹੀਂ। ਆਮ ਤੌਰ 'ਤੇ ਆਰਥਕ ਸੰਕਟ, ਕਸ਼ਟਦਾਇਕ ਲੰਬਾ ਸਮਾਂ ਚਲਣ ਵਾਲੀਆਂ ਬਿਮਾਰੀਆਂ, ਮਾਨਸਿਕ ਤਣਾਅ, ਇਕੱਲਤਾ ਆਦਿ ਆਤਮਹੱਤਿਆ ਦੇ ਪ੍ਰਮੁੱਖ ਕਾਰਨ ਮੰਨੇ ਗਏ ਹਨ। ਪਰ ਸ਼ੁਰੂਆਤੀ ਗਭਰੇਟ ਉਮਰ ਤੋਂ ਭਰ ਜਵਾਨੀ ਵੱਲ ਜਾਂਦੇ ਨੌਜਵਾਨਾਂ ਵਿਚ ਆਤਮਹੱਤਿਆ ਦਾ ਪ੍ਰਮੁੱਖ ਕਾਰਨ ਸੋਸ਼ਲ ਮੀਡੀਆ ਬਣ ਗਿਆ ਹੈ।
ਦੁਨੀਆ ਬੜੀ ਤੇਜ਼ੀ ਨਾਲ਼ ਬਦਲ ਰਹੀ ਹੈ। ਬਦਲਾਅ ਲਾਜ਼ਮੀ ਹੈ ਪਰ ਪਿਛਲੇ 30 ਕੁ ਸਾਲ ਤੋਂ ਜਿਸ ਅਸਾਵੇਂ ਢੰਗ ਨਾਲ਼ ਬਦਲਾਅ ਆਏ ਹਨ, ਉਹਨੇ ਜ਼ਿੰਦਗੀ ਨੂੰ ਜੀਉਣ ਦੇ ਤੌਰ ਤਰੀਕਿਆਂ ਦੇ ਨਾਲ਼ ਨਾਲ਼ ਜ਼ਿੰਦਗੀ ਪ੍ਰਤੀ ਨਜ਼ਰੀਏ ਵਿਚ ਵੀ ਨੌਜਵਾਨਾਂ ਵਿਚ ਬੇਹੱਦ ਨਾਂਹ-ਪੱਖੀ ਰੁਝਾਨ ਪੈਦਾ ਕਰ ਦਿੱਤੇ ਹਨ। ਸੋਸ਼ਲ ਮੀਡੀਏ ਦੀ ਬੜੀ ਸਾਰਥਕ ਭੂਮਿਕਾ ਵੀ ਹੈ ਪਰ ਸਵਾਲ ਇਸ ਦੀ ਵਰਤੋਂ/ਦੁਰਵਰਤੋਂ ਦਾ ਹੈ। ਕਿਸੇ ਵੀ ਚੀਜ਼ ਦੀ ਸੁਯੋਗ ਵਰਤੋਂ ਜਿੱਥੇ ਜ਼ਿੰਦਗੀ ਨੂੰ ਚਾਰ ਚੰਨ ਲਾ ਦਿੰਦੀ ਹੈ ਉੱਥੇ ਦੁਰਵਰਤੋਂ ਇਸ ਦੇ ਬਿਲਕੁਲ ਉਲਟ ਪ੍ਰਸਥਿਤੀਆਂ ਪੈਦਾ ਕਰ ਕੇ ਹੱਸਦੀ ਜ਼ਿੰਦਗੀ ਨੂੰ ਮਾਤਮ ਵਿਚ ਤਬਦੀਲ ਕਰ ਦਿੰਦੀ ਹੈ।
ਅਜੋਕੇ ਸਮਿਆਂ ਦੌਰਾਨ ਜਦੋਂ ਨੌਜਵਾਨਾਂ ਵਿਚ ਸੋਸ਼ਲ ਮੀਡੀਆ ਦਾ ਚਲਨ ਬੇਹੱਦ ਵੱਧ ਗਿਆ ਹੈ ਤਾਂ ਇਹੀ ਸੋਸ਼ਲ ਮੀਡੀਆ ਨੌਜਵਾਨਾਂ ਦੀ ਜਾਨ ਦਾ ਖੌਅ ਵੀ ਬਣਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਨੌਜਵਾਨਾਂ ਵਿਚ ਆਤਮਹੱਤਿਆ ਦੀ ਪ੍ਰਵਿਰਤੀ ਵਧਾਉਣ ਵਿਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ।
ਅਮਰੀਕਾ ਦੇ 'ਸੈਂਟਰ ਫ਼ਾਰ ਡੀਸ਼ੀਜ਼ ਕੰਟਰੋਲ (Centers for Disease Control) ਅਮਰੀਕਾ ਵਿਚ ਪਿਛਲੇ 40 ਸਾਲਾਂ ਵਿਚ ਸਾਲ 2015 ਦੌਰਾਨ ਮੁਟਿਆਰ ਹੁੰਦੀਆਂ ਕੁੜੀਆਂ ਵਿਚ ਆਮਹੱਤਿਆ ਦਾ ਰੁਝਾਨ ਸਭ ਤੋਂ ਵੱਧ ਸੀ ਜਦਕਿ ਸਾਲ 2007 ਤੋਂ 2015 ਦੌਰਾਨ ਜਵਾਨ ਹੁੰਦੇ ਮੁੰਡਿਆਂ ਵਿਚ ਆਮਹੱਤਿਆ ਦੀ ਦਰ 30 ਫ਼ੀਸਦੀ ਵੱਧ ਗਈ। ਭਾਰਤ ਵਿਚ ਵੀ ਨੌਜਵਾਨਾਂ ਵਿਚ ਲਗਭਗ ਇਸੇ ਦਰ ਨਾਲ਼ ਆਤਮਹੱਤਿਆ ਦਾ ਰੁਝਾਨ ਵਧਿਆ ਹੈ। ਇਸ ਉਮਰ ਵਰਗ ਦੇ ਲਗਭਗ ਹਰ ਮੁੰਡੇ-ਕੁੜੀ ਕੋਲ ਘੱਟੋ ਘੱਟ ਇਕ ਸੋਸ਼ਲ ਪਲੇਟਫਾਰਮ ਤਾਂ ਹੈ ਹੀ; ਕਈਆਂ ਕੋਲ ਦੋ-ਦੋ,ਤਿੰਨ-ਤਿੰਨ ਸੋਸ਼ਲ ਪਲੇਟਫਾਰਮ ਵੀ ਹਨ। ਇੰਸਟਾਗਰਾਮ, ਫੇਸਬੁੱਕ, ਯੂ.ਟਿਊਬ, ਟਵਿਟਰ, ਸਨੈਪਚੈਟ ਆਦਿ ਮੁੰਡੇ, ਕੁੜੀਆਂ ਦੇ ਪਸੰਦੀਦਾ ਪਲੇਟਫਾਰਮ ਹਨ। ਏਥੇ ਹੀ ਵਰਤੋਂ/ਦੁਰਵਰਤੋਂ ਦਾ ਮਾਮਲਾ ਹੈ।
ਬੱਚੇ, ਨੌਜਵਾਨ ਇਨ੍ਹਾਂ ਸੋਸ਼ਲ ਪਲੇਟਫਾਰਮਸ 'ਤੇ ਕੀ ਕਰਦੇ ਹਨ?
ਉਹ ਆਪਣੇ ਦੋਸਤਾਂ ਨਾਲ਼ ਚੈਟ ਕਰਦੇ ਹਨ, ਇਕ ਦੂਜੇ ਨਾਲ਼ ਅਨੁਭਵ ਸਾਂਝੇ ਕਰਦੇ ਹਨ ਅਤੇ ਇਕ ਦੂਜੇ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਹੁਣ ਜੇ ਉਨ੍ਹਾਂ ਦਾ ਇਹ ਆਪਸੀ ਅਦਾਨ-ਪ੍ਰਦਾਨ ਹਾਂ-ਪੱਖੀ ਅਤੇ ਜ਼ਿੰਦਗੀ ਪ੍ਰਤੀ ਸਿਹਤਮੰਦ ਨਜ਼ਰੀਏ ਵਾਲਾ ਰਹਿੰਦਾ ਹੈ ਤਾਂ ਸਭ ਕੁਝ ਚੰਗਾ ਚੰਗਾ ਹੀ ਹੋਵੇਗਾ ਪਰ ਜੇਕਰ ਇਹ ਆਪਸੀ ਅਦਾਨ-ਪ੍ਰਦਾਨ ਨਾਂਹ-ਪੱਖੀ ਨਜ਼ਰੀਏ ਨਾਲ ਹੋਵੇਗਾ ਤਾਂ ਇਕ ਨਾ ਇਕ ਦਿਨ ਉਹ ਵਾਪਰ ਜਾਏਗਾ ਜੋ ਕਿਸੇ ਵੀ ਕਿਆਸਿਆ ਨਹੀਂ ਹੁੰਦਾ।
ਪਿੱਛੇ ਜਿਹੇ 1500 ਦੇ ਕਰੀਬ ਗਭਰੇਟ ਉਮਰ ਦੇ ਮੁੰਡੇ, ਕੁੜੀਆਂ ਅਤੇ ਬਾਲਗ ਨੌਜਵਾਨਾਂ ਵਿਚਾਲੇ ਇਕ ਸਰਵੇਖਣ ਕਰਵਾਇਆ ਗਿਆ। ਇਸ ਸਰਵੇਖਣ ਅਨੁਸਾਰ ਅੱਜ ਦੀ ਤਰੀਕ ਵਿਚ ਇੰਸਟਾਗਰਾਮ ਮਾਨਸਿਕ ਸਿਹਤ ਅਤੇ ਸਮਾਜਕ ਭਲਾਈ ਲਈ ਸਭ ਤੋਂ ਬੁਰਾ ਜਾਂ ਖ਼ਰਾਬ ਸੋਸ਼ਲ ਨੈੱਟਵਰਕ ਹੈ ਤੇ ਇਹ ਇੰਸਟਾਗਰਾਮ ਹੀ ਤਾਂ ਹੈ ਜੋ ਇਸ ਉਮਰ ਦੇ ਮੁੰਡੇ, ਕੁੜੀਆਂ ਵਿਚਾਲੇ ਸਭ ਤੋਂ ਜ਼ਿਆਦਾ ਲੋਕਪ੍ਰਿਅ ਹੈ। ਸਰਵੇਖਣ ਵਿਚ ਇਹ ਤੱਥ ਵੀ ਉਭਰ ਕੇ ਸਾਮ੍ਹਣੇ ਆਇਆ ਕਿ ਇਸ ਦੀ ਵਰਤੋਂ ਕਰਨ ਵਾਲਿਆਂ ਵਿਚ ਚਿੰਤਾ, ਡਰ, ਮਾਨਸਿਕ ਤਣਾਅ ਅਤੇ ਕਿਸੇ ਨੂੰ ਧਮਕਾਉਣ ਅਤੇ ਹਿੰਸਕ ਪ੍ਰਵਿਰਤੀ ਪੈਦਾ ਹੋਣ ਦੀਆਂ ਭਰਪੂਰ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਸਰਵੇਖਣ ਵਿਚ ਸ਼ਾਮਲ ਇਨ੍ਹਾਂ ਪੰਜਾਂ ਸੋਸ਼ਲ ਨੈੱਟਵਰਕਸ ਵਿਚੋਂ ਯੂ.ਟਿਊਬ ਨੂੰ ਸਿਹਤ ਅਤੇ ਭਲਾਈ ਲਈ ਸਭ ਤੋਂ ਵੱਧ ਅੰਕ ਮਿਲੇ ਅਤੇ ਇਹ ਹੀ ਇਕੋ ਇਕ ਸਾਈਟ ਸੀ, ਜਿਸ ਨੂੰ ਸਕਾਰਾਤਮਕ ਮੰਨਿਆ ਗਿਆ।
ਯੂਨਾਈਟਿਡ ਕਿੰਗਡਮ ਦੀ ਰਾਇਲ ਸੁਸਾਇਟੀ ਫ਼ਾਰ ਪਬਲਿਕ ਹੈਲਥ ਵਲੋਂ ਪ੍ਰਕਾਸ਼ਤ #StatusOfMind ਸਰਵੇਖਣ ਵਿਚ ਇੰਗਲੈਂਡ, ਸਕਾਟਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਦੇ 1,479 ਮੁੰਡੇ, ਕੁੜੀਆਂ (14 ਤੋਂ 24 ਸਾਲ) ਦੇ ਵਿਚਾਰ ਸ਼ਾਮਲ ਸਨ। ਦੇਖਿਆ ਗਿਆ ਕਿ ਜਿਹੜੇ ਨੌਜਵਾਨ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਰੋਜ਼ਾਨਾ ਦੋ ਘੰਟੇ ਤੋਂ ਜ਼ਿਆਦਾ ਸਮਾਂ ਬਿਤਾਉਂਦੇ ਹਨ, ਉਨ੍ਹਾਂ ਵਿਚ ਮਨੋਵਿਗਿਆਨਿਕ ਸੰਕਟ ਪੈਦਾ ਹੋਣ ਦੇ ਹਾਲਾਤ ਵਧੇਰੇ ਬਣਦੇ ਹਨ। #StatusOfMind ਰਿਪੋਰਟ ਵਿਚ ਕਿਹਾ ਗਿਆ ਕਿ ਸੋਸ਼ਲ ਸਾਈਟਸ 'ਤੇ ਤਸਵੀਰਾਂ ਅਤੇ ਵੀਡੀਓਜ਼ ਰਾਹੀ ਦੋਸਤਾਂ ਨੂੰ ਲਗਾਤਾਰ ਬਾਹਰ ਛੁੱਟੀਆਂ ਮਨਾਉਂਦੇ ਦੇਖਣਾ ਜਾਂ ਘਰਾਂ ਤੋਂ ਬਾਹਰ ਰਾਤਾਂ ਦੇ ਜਸ਼ਨਾਂ ਵਿਚ ਡੁੱਬਿਆਂ ਦੇਖਣਾ ਘਰੀਂ ਇੱਕਿਲਤਾ ਹੰਢਾ ਰਹੇ ਨੌਜਵਾਨਾਂ ਵਿਚ ਨਿਰਾਸ਼ਾ ਦਾ ਆਲਮ ਸਿਰਜ ਦਿੰਦਾ ਹੈ। ਨਿਰਾਸ਼ਾ ਅਤੇ ਉਦਾਸੀਨਤਾ ਵਿਚ ਡੁੱਬੇ ਨੌਜਵਾਨ ਫਿਰ ਸਿਰੇ ਦਾ ਆਤਮਘਾਤੀ ਕਦਮ ਚੁੱਕ ਲੈਂਦੇੇ ਹਨ।
ਇਕ ਹੋਰ ਸਰਵੇਖਣ ਵਿਚ ਇਕ ਨੌਜਵਾਨ ਲੜਕੀ ਦੱਸਦੀ ਹੈ ਕਿ ਇੰਸਟਾਗਰਾਮ ਸੌਖਿਆਂ ਹੀ ਕੁੜੀਆਂ ਅਤੇ ਔਰਤਾਂ ਨੂੰ ਇਹ ਮਹਿਸੂਸ ਕਰਵਾਉਂਦਾ ਹੈ ਕਿ ਜਿਵੇਂ ਉਨ੍ਹਾਂ ਦਾ ਸ਼ਰੀਰ ਬਹੁਤਾ ਚੰਗਾ ਨਹੀਂ ਹੈ ਜਾਂ ਉਹ ਖ਼ੂਬਸੂਰਤ ਨਹੀਂ ਹਨ ਕਿਉਂਕਿ ਇੰਸਟਾਗਰਾਮ 'ਤੇ ਤਸਵੀਰਾਂ ਅਤੇ ਵੀਡੀਓਜ਼ ਪਾਉਣ ਵਾਲੇ ਲੋਕ ਫਿਲਟਰ ਦੀ ਵਰਤੋਂ ਕਰਦੇ ਹਨ ਅਤੇ ਐਡਿਟ ਕਰਕੇ ਅਪਲੋਡ ਕਰਦੇ ਹਨ ਤੇ ਇਸ ਤਰ੍ਹਾਂ ਉਹ ਬੇਹੱਦ ਖੂਬਸੂਰਤ ਲੱਗਦੇ ਹਨ ਖਾਸ ਕਰ ਕੇ ਲੜਕੀਆਂ ਜਿਵੇਂ ਪਰੀਆਂ ਹੋਣ। ਇਨ੍ਹਾਂ ਸੰਪਾਦਤ ਅਤੇ ਫਿਲਟਰ ਕੀਤੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਦੇਖਣ ਵਾਲੇ ਸਾਧਾਰਨ ਨੌਜਵਾਨ ਕੁੜੀਆਂ, ਮੁੰਡਿਆਂ ਦੇ ਦਿਲਾਂ ਵਿਚ ਹੌਲੀ ਹੌਲੀ ਆਪਣੇ ਪ੍ਰਤੀ ਹੀ ਨਫ਼ਰਤ ਦੀ ਭਾਵਨਾ ਵਿਕਸਤ ਹੋਣ ਲੱਗਦੀ ਹੈ, ਜੋ ਕਿਸੇ ਵੀ ਵੇਲੇ ਆਤਮਘਾਤੀ ਰਸਤਾ ਅਖ਼ਤਿਆਰ ਕਰ ਲੈਂਦੀ ਹੈ।
ਸੋਸ਼ਲ ਨੈੱਟਵਰਕ ਸਾਈਟਸ ਦੇ ਇਸ ਆਭਾਸੀ ਸੰਸਾਰ ਵਿਚ ਆਨਲਾਈਨ ਦੋਸਤਾਂ ਦੀ ਭਰਮਾਰ ਤੇ ਜ਼ਿੰਦਗੀ ਵਿਚ ਚੰਗੇ ਪਰਿਵਾਰਕ ਦੋਸਤਾਂ ਦੀ ਕਮੀ ਇਸ ਸੱਮਸਿਆ ਦੀ ਜੜ੍ਹ ਹੈ। ਨੌਜਵਾਨ ਮੁੰਡੇ-ਕੁੜੀਆਂ ਆਨਲਾਈਨ ਨਕਲੀ ਦੋਸਤ ਬਣਾਉਂਦੇ ਹਨ। ਇੱਕਾ, ਦੁੱਕਾ ਨੂੰ ਛੱਡ ਕੇ ਅਸਲੀ ਜੀਵਨ ਵਿਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ, ਉਹ ਅਸਲੀ ਜੀਵਨ ਦੇ ਮਿੱਤਰ ਹੁੰਦੇ ਹੀ ਨਹੀਂ। ਜਦੋਂ ਵੀ ਕਿਸੇ ਸੰਕਟ ਜਾਂ ਲੋੜ ਵੇਲੇ ਸੋਸ਼ਲ ਸਾਈਟਸ ਦੀ ਲਗਾਤਾਰ ਵਰਤੋਂ ਕਰਨ ਵਾਲੇ ਨੌਜਵਾਨ ਆਪਣਾ ਦੁੱਖ ਕਿਸੇ ਨਾਲ ਸਾਂਝਾ ਕਰਨਾ ਚਾਹੁੰਦੇ ਹਨ, ਉਦੋਂ ਉਨ੍ਹਾਂ ਦਾ ਹੱਥ ਫੜਨ, ਧਰਵਾਸ, ਦਿਲਾਸਾ ਦੇਣ ਜਾਂ ਮੁਹਬੱਤ ਦੇ ਦੋ ਬੋਲ ਸਾਂਝੇ ਕਰਨ ਲਈ ਕੋਈ ਅਸਲੀ ਦੋਸਤ ਹੁੰਦੇ ਹੀ ਨਹੀਂ। ਬਹੁਤ ਸਾਰੇ ਮੁੰਡੇ, ਕੁੜੀਆਂ ਨੂੰ ਜਦੋਂ ਸੋਸ਼ਲ ਸਾਈਟਸ 'ਤੇ ਪ੍ਰਵਾਨਗੀ ਹੀ ਨਹੀਂ ਮਿਲਦੀ ਤਦ ਵੀ ਉਹ ਨਿਰਾਸ਼ਾ ਦੇ ਸਾਗਰਾਂ ਵਿਚ ਗੋਤੇ ਲਾਉਣ ਲੱਗਦੇ ਹਨ।
ਅਜੋਕੇ ਦੌਰ ਵਿਚ ਸਾਈਬਰ ਕਰਾਈਮ ਅਤੇ ਸਾਈਬਰ ਧਮਕੀਆਂ ਵੀ ਏਨੀਆਂ ਵੱਧ ਗਈਆਂ ਹਨ ਕਿ ਅਚਾਨਕ ਇਸ ਤਰ੍ਹਾਂ ਦੇ ਵਰਤਾਰੇ ਨੂੰ ਨੌਜਵਾਨ ਸੰਭਾਲ ਹੀ ਨਹੀਂ ਪਾਉਂਦੇ ਤੇ ਉਹ ਆਪਣੀ ਜੀਵਨ ਲੀਲਾ ਹੀ ਸਮਾਪਤ ਕਰਨ ਦੇ ਰਾਹ 'ਤੇ ਤੁਰ ਪੈਂਦੇ ਹਨ। ਗਭਰੇਟ ਉਮਰ ਵਿਚ ਮੁੰਡੇ-ਕੁੜੀਆਂ ਵਿੱਚ ਇਕ ਦੂਜੇ ਪ੍ਰਤੀ ਖਿੱਚ ਤੇ ਫਿਰ ਉਸ ਖਿੱਚ ਦਾ ਜਨੂੰਨ ਵਿਚ ਬਦਲ ਜਾਣਾ ਵੀ ਸੋਸ਼ਲ ਸਾਈਟਸ 'ਤੇ ਆਮ ਵਰਤਾਰਾ ਹੈ। ਬਹੁਤੀ ਵਾਰ ਇਹ ਜਨੂੰਨ ਵੀ ਆਤਮਹੱਤਿਆ ਦਾ ਕਾਰਨ ਬਣ ਜਾਂਦਾ ਹੈ।
ਸੋਸ਼ਲ ਸਾਈਟਸ ਦੀ ਦੁਰਵਰਤੋਂ ਕਰਦਿਆਂ ਪੈਦਾ ਹੋ ਰਹੇ ਮਾਨਸਿਕ ਤਣਾਅ ਦਾ ਸ਼ੁਰੂਆਤੀ ਸਮਾਂ ਤਾਂ ਪਤਾ ਹੀ ਨਹੀਂ ਲੱਗਣ ਦਿੰਦਾ ਕਿ ਬੱਚਾ ਇਹਦਾ ਸ਼ਿਕਾਰ ਹੋ ਰਿਹਾ ਹੈ। ਹੌਲੀ ਹੌਲੀ ਪੈਦਾ ਹੋ ਰਿਹਾ ਆਤਮਹੱਤਿਆ ਦਾ ਵਿਚਾਰ ਵੀ ਦਿਖਾਈ ਨਹੀਂ ਦਿੰਦਾ। ਜਿਹੜੇ ਨੌਜਵਾਨ ਖ਼ੁਦਕੁਸ਼ੀ ਬਾਰੇ ਸੋਚ ਵੀ ਰਹੇ ਹੁੰਦੇ ਹਨ, ਉਹ ਕਦੇ ਵੀ ਇਹਦੇ ਬਾਰੇ ਕਿਸੇ ਨੂੰ ਨਹੀਂ ਦੱਸਦੇ। ਇਕ ਪਲ ਵਿਚ ਹੀ ਕਈ ਨੌਜਵਾਨ ਆਤਮਹੱਤਿਆ ਦਾ ਰਸਤਾ ਚੁਣ ਲੈਂਦੇ ਹਨ।
ਇਨ੍ਹਾਂ ਪ੍ਰਸਥਿਤੀਆਂ ਵਿਚ ਸੋਸ਼ਲ ਨੈੱਟਵਰਕ ਸਾਈਟਸ ਦੀ ਦੁਰਵਰਤੋਂ ਨੂੰ ਠੱਲ ਪਾ ਕੇ ਸਹੀ ਤੇ ਸੁਯੋਗ ਵਰਤੋਂ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਜ਼ਰੂਰਤ ਹੈ। ਅਜੋਕੇ ਸਮਿਆਂ ਵਿਚ ਸਕੂਲੀ ਪਾਠਕ੍ਰਮ ਵਿਚ ਸੋਸ਼ਲ ਮੀਡੀਏ ਦੀ ਸਾਰਥਕ ਵਰਤੋਂ ਨੂੰ ਇਕ ਜ਼ਰੂਰੀ ਵਿਸ਼ੇ ਦੇ ਤੌਰ 'ਤੇ ਪੜ੍ਹਾਏ ਜਾਣ ਦੀ ਅਹਿਮ ਲੋੜ ਹੈ।
ਬਾਲਗ ਨੌਜਵਾਨਾਂ ਵਿਚਾਲੇ ਵੀ ਸੋਸ਼ਲ ਮੀਡੀਏ ਦੀ ਸਹੀ ਵਰਤੋਂ ਪ੍ਰਤੀ ਜਾਗਰੂਕਤਾ ਫੈਲਾਏ ਜਾਣ ਲਈ ਸਮਾਜਿਕ ਸੰਗਠਨਾਂ ਵਲੋਂ ਉਚੇਚੇ ਯਤਨ ਕਰਨ ਦੀ ਜ਼ਰੂਰਤ ਹੈ। ਮਾਨਸਿਕ ਤਣਾਅ ਅਤੇ ਬੱਚੇ ਦੇ ਵਰਤੋਂ ਵਿਹਾਰ ਨੂੰ ਦੇਖਣਾ ਤੇ ਉਸ 'ਤੇ ਪੈਂਦੇ ਅਸਰ ਨੂੰ ਪਛਾਨਣਾ ਜਿੱਥੇ ਬੇਹੱਦ ਜ਼ਰੂਰੀ ਹੈ, ਉੱਥੇ ਤੁਰੰਤ ਮਾਨਸਿਕ ਰੋਗਾਂ ਦੇ ਮਾਹਰਾਂ ਦੀ ਮਦਦ ਲੈਣਾ, ਮਾਤਾ-ਪਿਤਾ ਤੇ ਬਾਕੀ ਪਰਿਵਾਰਕ ਮੈਂਬਰਾਂ ਵਲੋਂ ਪੀੜਤ ਨੌਜਵਾਨਾਂ ਦੀ ਹਰ ਤਰ੍ਹਾਂ ਨਾਲ਼ ਮਦਦ ਕਰਨਾ, ਉਨ੍ਹਾਂ ਦੇ ਕੋਲ ਰਹਿਣਾ, ਉਨ੍ਹਾਂ ਨਾਲ਼ ਬੇਹੱਦ ਮੁਹਬੱਤੀ ਅਤੇ ਦੋਸਤਾਨਾ ਤਰੀਕੇ ਨਾਲ਼ ਪੇਸ਼ ਆਉਣਾ, ਕੁਝ ਅਜਿਹੇ ਤਰੀਕੇ ਹਨ, ਜੋ ਸਕਾਰਾਤਮਕ ਨਤੀਜੇ ਦੇ ਸਕਦੇ ਹਨ।
ਲੋੜਾਂ ਦੀ ਲੋੜ ਹੈ ਕਿ ਸੋਸ਼ਲ ਨੈੱਟਵਰਕਿੰਗ ਰਾਹੀਂ ਨਸ਼ੇ ਦੇ ਸ਼ਿਕਾਰ ਨੌਜਵਾਨਾਂ ਨਾਲ਼ ਅਸਲੀ ਜੀਵਨ ਦੀ ਬਾਤ ਪਾਉਣ ਦੇ ਢੰਗ ਤਰੀਕੇ ਲੱਭੇ ਜਾਣ, ਉਨ੍ਹਾਂ ਨੂੰ ਸਮਝਿਆ ਜਾਵੇ ਅਤੇ ਸੰਵਾਦ ਨਾਲ਼ ਮਸਲੇ ਦੀ ਜੜ੍ਹ ਨੂੰ ਹੱਥ ਪਾਇਆ ਜਾਵੇ।
Add a review