Article

ਅੱਜ ਜਦੋਂ ਮਨੁੱਖ ਜੀਵਨ ਦੇ ਬਿਖਮ ਹਾਲਾਤ ਤੋਂ ਹਾਰਨ ਲੱਗਦਾ ਹੈ ਤਾਂ ਧਰਮ ’ਤੇ ਵੀ ਉਸ ਦਾ ਭਰੋਸਾ ਡੋਲਣ ਲੱਗ ਜਾਂਦਾ ਹੈ। ਨਿਰਾਸ਼ਾ ਦੀ ਅਵਸਥਾ ’ਚ ਉਸ ਨੂੰ ਯਕੀਨ ਹੋਣ ਲੱਗਦਾ ਹੈ ਕਿ ਸਿਧਾਂਤਕ ਜੀਵਨ ਬਸ ਕਿਤਾਬੀ ਜੀਵਨ ਹੈ । ਵਿਘਨ , ਦੁੱਖ , ਸੋਗ ਹਰ ਕਿਸੇ ਦੇ ਜੀਵਨ ਵਿਚ ਆਉਂਦੇ ਹਨ, ਜੋ ਧਰਮੀ ਪੁਰਖਾਂ , ਭਗਤਾਂ ਦੇ ਜੀਵਨ ਵਿਚ ਵੀ ਆਏ। ਜਿਨ੍ਹਾਂ ਦਾ ਭਰੋਸਾ ਧਰਮ ’ਤੇ ਟਿਕਿਆ ਰਿਹਾ, ਉਹ ਮੁਸ਼ਕਲ ਤੋਂ ਮੁਸ਼ਕਲ ਰਾਹ ਵੀ ਸਹਿਜ ਹੀ ਪਾਰ ਕਰ ਗਏ। ਅੱਜ ਦੇ ਸੰਕਟਪੂਰਨ ਦੌਰ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿਮਰਨ , ਧਿਆਨ ਪੂਰੇ ਸੰਸਾਰ ਲਈ ਆਤਮਿਕ ਬਲ ਦਾ ਸ੍ਰੇਸ਼ਠ ਸ੍ਰੋਤ ਸਾਬਿਤ ਹੋ ਸਕਦਾ ਹੈ।

ਮੁਸ਼ਕਲ ਪ੍ਰੀਖਿਆਵਾਂ ਭਰਿਆ ਸੀ ਗੁਰੂ ਜੀ ਦਾ ਪੂਰਾ ਜੀਵਨ

ਗੁਰੂ ਜੀ ਦਾ ਪੂਰਾ ਜੀਵਨ ਹੀ ਕਠਿਨ ਪ੍ਰੀਖਿਆਵਾਂ ਦਾ ਜੀਵਨ ਸੀ। ਲੱਗਦਾ ਹੈ ਕਿ ਉਨ੍ਹਾਂ ਦਾ ਸੰਸਾਰ ਅੰਦਰ ਆਉਣ ਦਾ ਮਨੋਰਥ ਸਿਦਕ ਤੇ ਸਿਰੜ ਦੀ ਪਰਿਭਾਸ਼ਾ ਨੂੰ ਇਕ ਨਵੀਂ ਨੁਹਾਰ ਦੇਣਾ ਸੀ ਤਾਂ ਜੋ ਕੋਈ ਧਰਮੀ ਜਦੋਂ ਕਦੇ ਨਿਰਾਸ਼ ਹੋਣ ਲੱਗੇ ਤਾਂ ਉਨ੍ਹਾਂ ਨੂੰ ਯਾਦ ਕਰ ਲਵੇ ਤੇ ਹੌਸਲੇ ਨਾਲ ਭਰ ਜਾਵੇ। ਜੋ ਹਾਲਾਤ ਗੁਰੂ ਸਾਹਿਬ ਦੇ ਜੀਵਨ ’ਚ ਬਣਦੇ ਰਹੇ, ਵੱਡੀ ਤੋਂ ਵੱਡੀ ਧਰਮੀ ਆਤਮਾ ਡੋਲ ਜਾਂਦੀ ਪਰ ਗੁਰੂ ਜੀ ਦਾ ਸਿਦਕ ਸੂਰਜ ਵਾਂਗੂੰ ਸੀ, ਜੋ ਸੰਸਾਰ ਦੇ ਆਕਾਸ਼ ’ਤੇ ਉਦੈ ਹੋਇਆ ਤਾਂ ਸਹਿਜ ਗਤੀ ਨਾਲ ਚੜ੍ਹਦਾ ਗਿਆ। ਸਬਰ , ਸੰਤੋਖ, ਸੰਕਲਪ ਦੀਆਂ ਕਿਰਨਾਂ ਤੇਜ਼ ਹੁੰਦੀਆਂ ਗਾਈਆਂ ਤੇ ਚਾਂਦਨੀ ਚੌਕ ਤਕ ਪੁੱਜਦਿਆਂ ਇੰਨੀਆਂ ਊਰਜਾਵਾਨ ਹੋ ਗਈਆਂ ਕਿ ਜਬਰ ਜ਼ੁਲਮ ਦੀ ਸੁਰਤਿ ਨੂੰ ਝੁਲਸ ਕੇ ਅੱਖਾਂ ਮੀਟ ਲੈਣੀਆਂ ਪਈਆਂ। ਸੰਸਾਰ ਅੰਦਰ ਅੱਜ ਤਕ ਦੀ ਇਹ ਮਨੁੱਖੀ ਗੁਣਾਂ ਤੇ ਧਰਮ ਦੀ ਸਭ ਤੋਂ ਕਰੜੀ ਤੇ ਲੰਮੀ ਪ੍ਰੀਖਿਆ ਸੀ। ਉਨ੍ਹਾਂ ਨੇ ਬੜੀ ਹੀ ਸਹਿਜਤਾ ਨਾਲ ਧਰਮ ਦੀ ਇਹ ਜੰਗ ਲੜੀ ਤੇ ਜਿੱਤੀ। ਧਰਮ ਦੀ ਇਸ ਜੰਗ ਦੇ ਜਰਨੈਲ ਵੀ ਉਹ ਆਪ ਸਨ ਤੇ ਫ਼ੌਜ ਵੀ। ਸਬਰ, ਸੰਤੋਖ ਤੇ ਸੰਕਲਪ ਦੇ ਸ਼ਸਤਰਾਂ ਨਾਲ ਧਰਮ ਲਈ ਉਨ੍ਹਾਂ ਨੇ ਜੋ ਯੁੱਧ ਲੜਿਆ, ਉਸ ਦੀ ਦੁਨੀਆ ਅੰਦਰ ਕੋਈ ਦੂਜੀ ਮਿਸਾਲ ਨਹੀਂ ਹੈ।

ਸ਼ਬਦ, ਸੁਰਤਿ ਤੇ ਸ਼ਸਤਰ ਦੇ ਧਨੀ

ਗੁਰੂ ਤੇਗ ਬਹਾਦਰ ਜੀ ਸ਼ਬਦ , ਸੁਰਤਿ ਤੇ ਸ਼ਸਤਰ ਤਿੰਨਾਂ ਦੇ ਧਨੀ ਸਨ। ਗੁਰੂ ਜੀ ਦਾ ਗੁਰੂਕਾਲ ਤੋਂ ਪਹਿਲਾਂ ਤੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਤੋਂ ਬਾਅਦ ਦਾ ਪੂਰਾ ਜੀਵਨ ਭਗਤੀ ਦਾ ਜੀਵਨ ਸੀ। ਸ੍ਰੀ ਹਰਿਮੰਦਰ ਸਾਹਿਬ ਦਾ ਸ਼ਬਦ ਕੀਰਤਨ ਸੁਣਦਿਆਂ ਆਪ ਦਾ ਸੰਸਾਰਕ ਜੀਵਨ ਆਰੰਭ ਹੋਇਆ ਤੇ ਸ਼ਬਦ ਦੀ ਸੰਪੂਰਨਤਾ ਨਾਲ ਹੀ ਆਪ ਜੀ ਜੋਤਿ ਜੋਤ ਸਮਾਏ। ਆਪ ਜੀ ਸਿੱਖਾਂ ਨੂੰ ਸਿਮਰਨ ਕਰਨ ਦਾ ਉਪਦੇਸ਼ ਦਿੰਦੇ :

ਸਗਲ ਭਰਮ ਡਾਰਿ ਦੇਹਿ

ਗੋਬਿੰਦ ਕੋ ਨਾਮਿ ਲੇਹਿ

ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ

ਨਾਮ ਜਪਣ ਦਾ ਸੰਦੇਸ਼

ਗੁਰੂ ਜੀ ਨੇ ਵਚਨ ਕੀਤੇ ਕਿ ਪਰਮਾਤਮਾ ਦਾ ਨਾਮ ਜਪਣਾ ਹੀ ਸਭ ਤੋਂ ਵੱਡੀ ਕਮਾਈ ਹੈ, ਜੋ ਜੀਵਨ ਸਫਲ ਬਣਾਉਂਦੀ ਹੈ। ਜਿਨ੍ਹਾਂ ਸੰਸਾਰਕ ਪਦਾਰਥਾਂ ਤੇ ਸ਼ਕਤੀਆਂ ’ਤੇ ਆਮ ਮਨੁੱਖ ਮਾਣ ਕਰਦਾ ਹੈ, ਉਹ ਨਿਰਾ ਭਰਮ ਹੈ। ਵਿਕਾਰ ਤੇ ਮਾਇਆ ਤੋਂ ਬਚ ਕੇ ਹੀ ਪਰਮਾਤਮਾ ਦੀ ਭਗਤੀ ਕੀਤੀ ਜਾ ਸਕਦੀ ਹੈ। ਜਿਵੇਂ ਕਿਸੇ ਯੋਧੇ ਨੂੰ ਜਦੋਂ ਯੁੱਧ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਵਾਰ ਕਰਨ ਤੋਂ ਪਹਿਲਾਂ ਵੈਰੀ ਦਾ ਵਾਰ ਬਚਾਉਣਾ ਦੱਸਿਆ ਜਾਂਦਾ ਹੈ। ਮਨੁੱਖ ਦੀ ਜ਼ਿੰਦਗੀ ਵਿਚ ਵਿਕਾਰ ਤੇ ਮਾਇਆ ਦੀ ਭੂਮਿਕਾ ਵੈਰੀ ਦੀ ਹੈ, ਜੋ ਲਗਾਤਾਰ ਉਸ ਦੀ ਅੰਤਰ ਮਨ ਦੀ ਅਵਸਥਾ ’ਤੇ ਵਾਰ ਕਰ ਰਹੇ ਹਨ। ਵਿਕਾਰਾਂ ਤੇ ਮਾਇਆ ਵੱਸ ਹੋ ਕੇ ਮਨੁੱਖ ਨੂੰ ਕਾਲ ਵਿੱਸਰ ਜਾਂਦਾ ਹੈ। ਬਹੁਤਾ ਧਨ, ਬਹੁਤੀ ਤਾਕਤ ਦੀ ਕਾਮਨਾ ਉਹ ਜਿਸ ਤਨ ਲਈ ਕਰਦਾ ਹੈ, ਉਹ ਤਾਂ ਅੰਤ ਖੇਹ ਹੋ ਜਾਣ ਵਾਲਾ ਹੈ:

ਅਸਥਿਰੁ ਜੋ ਮਾਨਿਓ ਦੇਹ

ਸੋ ਤਉ ਤੇਰਉ ਹੋਇ ਹੈ ਖੇਹ।

ਰਾਗ ਵਿੱਦਿਆ ’ਤੇ ਪੂਰੀ ਪਕੜ

ਗੁਰੂ ਜੀ ਨੂੰ ਬਚਪਨ ’ਚ ਸਾਰੀਆਂ ਵਿੱਦਿਆਵਾਂ ਦੀ ਸਿੱਖਿਆ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਕੋਲੋਂ ਪ੍ਰਾਪਤ ਹੋਈ। ਆਪ ਜੀ ਨੂੰ ਸ਼ਸਤਰ ਵਿੱਦਿਆ ਵੀ ਦਿੱਤੀ ਗਈ ਪਰ ਸੰਗੀਤ ਤੇ ਕਾਵਿ ਸਾਹਿਤ ਨਾਲ ਖ਼ਾਸ ਪ੍ਰੇਮ ਦਰਸਾਇਆ। ਆਪ ਜੀ ਗੁਰਬਾਣੀ ਦੇ ਰਾਗਾਂ ਵਿਚ ਡੂੰਘੀ ਦਿਲਚਸਪੀ ਲੈਂਦੇ ਸਨ, ਜੋ ਉਨ੍ਹਾਂ ਦੇ ਮਨ ਦੀਆਂ ਕੋਮਲ ਭਾਵਨਾਵਾਂ ਦਾ ਸਬੂਤ ਸੀ । ਕਈ ਵਾਰ ਅਗਿਆਨਤਾ ਕਾਰਨ ਗੁਰੂ ਜੀ ਅੰਦਰ ਨਿਰੋਲ ਵੈਰਾਗਮਈ ਮੂਰਤ ਵੇਖਣ ਦੀ ਬੇਸਬਰੀ ਕਰ ਲਈ ਜਾਂਦੀ ਹੈ ਕਿਉਂਕਿ ਸਾਗਰ ਦੀ ਡੂੰਘਾਈ ਨਹੀਂ ਜਾਣੀ ਜਾ ਸਕਦੀ ਪਰ ਜੋ ਪ੍ਰਤੱਖ ਹੋ ਕੇ ਵਰਤਿਆ, ਉਸ ਨੂੰ ਪੂਰੀ ਇਮਾਨਦਾਰੀ ਨਾਲ ਵਿਚਾਰਨਾ ਤਾਂ ਚਾਹੀਦਾ ਹੈ। ਗੁਰੂ ਜੀ ਨੇ ਰਾਗ ਜੈਜਾਵੰਤੀ ਅੰਦਰ ਵੀ ਬਾਣੀ ਰਚੀ। ਇਸ ਰਾਗ ਅੰਦਰ ਸਿਰਫ਼ ਆਪ ਜੀ ਦੀ ਹੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ। ਇਸ ਤੋਂ ਰਾਗਾਂ ਬਾਰੇ ਗੁਰੂ ਜੀ ਦੀ ਰੁਚੀ ਤੇ ਪੂਰੀ ਪਕੜ ਦਾ ਪਤਾ ਲੱਗਦਾ ਹੈ।

ਸਮੁੱਚੀ ਮਨੁੱਖਤਾ ਨੂੰ ਦਿੱਤਾ ਸੰਦੇਸ਼

ਗੁਰਬਾਣੀ ਦਾ ਸੁਨੇਹਾ ਕਿਸੇ ਇਕ ਵਿਅਕਤੀ ਜਾਂ ਵਿਅਕਤੀਆਂ ਦੇ ਕਿਸੇ ਸਮੂਹ ਲਈ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਹੈ। ਗੁਰੂ ਸਾਹਿਬਾਨ ਨੇ ਇਸ ਵਿਚ ਆਪਣੇ ਆਪ ਨੂੰ ਵੀ ਸ਼ਾਮਲ ਕੀਤਾ, ਜੋ ਉਨ੍ਹਾਂ ਦੀ ਮਹਾਨਤਾ ਦਾ ਸਿਖ਼ਰ ਸੀ। ‘ਆਪੇ ਗੁਰ ਚੇਲਾ’ ਦਾ ਸੁਨਹਿਰੀ ਸਿਧਾਂਤ ਕਿਸੇ ਵੀ ਜਗਿਆਸੂ ਨੂੰ ਡੂੰਘੇ ਅਸਚਰਜ ਵਿਚ ਪਾਉਂਦਾ ਹੈ। ਇਹ ਸਿਖ਼ਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣ ਸੱਚੇ ਸਿੱਖ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਸਥਾਪਿਤ ਕੀਤਾ ਸੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਤੋਂ ਅੰਮਿ੍ਰਤਪਾਨ ਕਰ ਕੇ ਉਸ ਸਿਖ਼ਰ ਤੇ ਵਡਿਆਈ ਦਾ ਨਿਸ਼ਾਨ ਝੁਲਾਇਆ ਸੀ।

ਗੁਰੂ ਤੇਗ ਬਹਾਦਰ ਜੀ ਲਈ ਭਗਤੀ ਦਾ ਮਨੋਰਥ ਕੁਬੁੱਧੀ ਦਾ ਨਾਸ਼ ਕਰਨਾ ਤੇ ਮਾਣ- ਅਪਮਾਨ , ਉਸਤਤਿ – ਨਿੰਦਾ , ਸੁੱਖ- ਦੁੱਖ , ਊਚ- ਨੀਚ ਆਦਿ ਤੋਂ ਉੱਪਰ ਉੱਠਣਾ ਸੀ। ਨਿਰਵਾਣ ਪਦ ਕਿਸੇ ਮਨੁੱਖ ਦੀ ਅੰਤਰ ਅਵਸਥਾ ਵੀ ਹੈ , ਕਿਸੇ ਸਮਾਜ ਦੀ ਸਮਾਜਿਕ ਵਿਵਸਥਾ ਵੀ ਤੇ ਕਿਸੇ ਦੇਸ਼ ਦੀ ਰਾਜ ਪ੍ਰਣਾਲੀ ਵੀ। ਗੁਰੂ ਜੀ ਦੀ ਚਿੰਤਾ ਮਨੁੱਖ , ਸਮਾਜ ਤੇ ਰਾਜ ਦੀ ਵੀ ਸੀ। ਆਪ ਜੀ ਜੀਵਨ ਦੇ ਕਿਸੇ ਵੀ ਪੱਖ ਤੋਂ ਅਵੇਸਲੇ ਨਹੀਂ ਸਨ। ਸਮਾਂ ਆਇਆ ਤਾਂ ਆਪ ਜੀ ਨੇ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਕਮਾਨ ਹੇਠ ਜੰਗ ਵੀ ਲੜੀ ਤੇ ਆਪਣੀ ਤੇਗ ਦੀ ਤਾਕਤ ਵਿਖਾਈ। ਸਮਾਂ ਆਇਆ ਤਾਂ ਸਬਰ , ਸੰਤੋਖ ਤੇ ਦਇਆ ਨਾਲ ਲੋਕਾਈ ਨੂੰ ਨਿਹਾਲ ਵੀ ਕੀਤਾ।

ਜ਼ਿੰਮੇਵਾਰੀਆਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ

ਅਕਸਰ ਇਹ ਅਸਰ ਲੈ ਲਿਆ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬਕਾਲੇ ਰਹਿੰਦਿਆਂ ਭੌਰੇ ਵਿਚ ਬੈਠ ਕੇ ਜਪ-ਤਪ ਕਰਦਿਆਂ ਸਮਾਂ ਬਤੀਤ ਕੀਤਾ। ਗੁਰੂ ਜੀ ਜਾਣਦੇ ਸਨ ਕਿ ਇਹ ਜੀਵਨ ਕਿੰਨਾ ਅਨਮੋਲ ਹੈ। ਇਸ ਕਾਰਨ ਉਨ੍ਹਾਂ ਨੇ ਜੀਵਨ ਦਾ ਇਕ- ਇਕ ਪਲ ਲੇਖੇ

ਲਾਇਆ ਆਪਣੇ ਲਈ ਵੀ , ਕੌਮ ਤੇ ਮਨੁੱਖਤਾ ਲਈ ਵੀ :

ਸਾਧੋ ਗੋਬਿੰਦ ਕੇ ਗੁਨ ਗਾਵਉ

ਮਾਨਸ ਜਨਮੁ ਅਮੋਲਕੁ ਪਾਇਓ

ਬਿਰਥਾ ਗਵਾਵਉ

ਸਿੱਖ ਪੰਥ ਅੰਦਰ ਸੰਨਿਆਸ , ਤਿਆਗ ਦਾ ਅਰਥ ਕਦੇ ਵੀ ਉਨ੍ਹਾਂ ਸਮਾਜਿਕ , ਆਰਥਿਕ ਤੇ ਧਾਰਮਿਕ ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ ਰਿਹਾ ਜਿਵੇਂ ਕਿ ਉਸ ਸਮੇਂ ਪ੍ਰਚਲਿਤ ਸੀ। ਗੁਰੂ ਨਾਨਕ ਦੇਵ ਜੀ ਦਾ ਜਦੋਂ ਸਿੱਧਾਂ ਨਾਲ ਮੇਲ ਹੋਇਆ ਤਾਂ ਉਨ੍ਹਾਂ ਗੁਰੂ ਸਾਹਿਬ ਕੋਲੋਂ ਮਾਤ੍ਰ ਲੋਕ ਦਾ ਹਾਲ ਪੁੱਛਿਆ ਸੀ :

ਫਿਰਿ ਪੁਛਣਿ ਸਿਧ ਨਾਨਕਾ

ਮਾਤ ਲੋਕ ਵਿਚਿ ਕਿਆ ਵਰਤਾਰਾ

ਗੁਰੂ ਨਾਨਕ ਸਾਹਿਬ ਨੇ ਬਹੁਤ ਖਰਾ ਜਵਾਬ ਦਿੱਤਾ ਕਿ ਜਿਨ੍ਹਾਂ ਨੂੰ ਧਰਮ ਬਚਾਉਣਾ ਚਾਹੀਦਾ ਸੀ, ਉਹ ਤਾਂ ਪਰਬਤ ’ਤੇ ਆ ਬੈਠੇ ਹਨ :

ਸਿਧ ਛਪਿ ਬੈਠੇ ਪਰਬਤੀ

ਕਉਣੁ ਜਗਤਿ ਕਉ ਪਾਰਿ ਉਤਾਰਾ

ਗੁਰੂ ਤੇਗ ਬਹਾਦਰ ਜੀ ਜਿੱਥੇ ਵੀ ਰਹੇ, ਧਰਮੀ ਹੋਣ ਦੇ ਨਾਤੇ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਪੂਰੇ ਸੁਚੇਤ ਰਹੇ । ਆਪ ਜੀ ਬੜੇ ਹੀ ਬਿਖਮ ਹਾਲਾਤ ’ਚ ਗੁਰਗੱਦੀ ’ਤੇ ਬਿਰਾਜਮਾਨ ਹੋਏ। ਇਹ ਸਿੱਖੀ ਸਿਧਾਂਤਾਂ ਦੀ ਪ੍ਰੀਖਿਆ ਦੀ ਬਹੁਤ ਔਖੀ ਘੜੀ ਸੀ। ਗੁਰੂ ਜੀ ਨੇ ਬੇਮਿਸਾਲ ਸੰਜਮ ਤੇ ਸਹਿਜ ਦਾ ਸਬੂਤ ਸੰਸਾਰ ਨੂੰ ਦਿੱਤਾ।

ਬਕਾਲੇ ਅੰਦਰ ਗੁਰਗੱਦੀ ਦੇ ਬਾਇਸ ਦਾਅਵੇਦਾਰ ਗੱਦੀਆਂ ਲਾ ਕੇ ਬਹਿ ਗਏ ਪਰ ਗੁਰੂ ਜੀ ਨੂੰ ਸਿੱਖਾਂ ’ਤੇ ਭਰੋਸਾ ਸੀ ਕਿ ਉਹ ਆਪ ਗੁਰੂ ਦੀਆਂ ਸਿੱਖਿਆਵਾਂ, ਗੁਰਬਾਣੀ ਦੀ ਰੋਸ਼ਨੀ ਵਿਚ ਸੱਚੇ ਗੁਰੂ ਦੀ ਪਛਾਣ ਕਰ ਲੈਣਗੇ। ਗੁਰੂ ਆਪ ਰਾਹ ਵਿਖਾਉਂਦਾ ਹੈ। ਇਹ ਪਹਿਲਾ ਤੇ ਆਖ਼ਰੀ ਅਵਸਰ ਸੀ, ਜਦੋਂ ਗੁਰੂ ਆਪਣੀ ਗੁਰਗੱਦੀ ਅਗਲੇ ਗੁਰੂ ਨੂੰ ਸੌਂਪਣ ਲਈ ਆਪ ਮੌਜੂਦ ਨਹੀਂ ਸੀ। ਫ਼ੈਸਲਾ ਸਿੱਖਾਂ ਨੇ ਕਰਨਾ ਸੀ ਕਿਉਂਕਿ ਗੁਰੂ ਹਰਿਕਿ੍ਰਸ਼ਨ ਜੀ ਦਾ ਹੁਕਮ ਸੰਕੇਤ ਮਾਤਰ ਸੀ।

ਸਿਦਕ ਦੀ ਕਾਇਮ ਕੀਤੀ ਮਿਸਾਲ

ਜਦੋਂ ਸਾਰੀ ਸਿੱਖ ਸੰਗਤ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ’ਚ ਆ ਗਈ ਤਾਂ ਧੀਰਮੱਲ ਨੂੰ ਬਹੁਤ ਰੋਹ ਚੜ੍ਹਿਆ। ਸਿੱਖਾਂ ਨੇ ਉਸ ਨੂੰ ਸਬਕ ਸਿਖਾਉਣਾ ਚਾਹਿਆ ਪਰ ਗੁਰੂ ਜੀ ਨੇ ਉਸ ਨੂੰ ਮਾਫ਼ ਕਰ ਦਿੱਤਾ। ਮੰਗਿਆਂ ਮਾਫ਼ ਕਰਨਾ ਵੱਖ ਹੈ ਪਰ ਬਿਨਾਂ ਮੰਗਿਆਂ ਮਾਫ਼ੀ ਦੇਣਾ ਇਤਿਹਾਸ ਅੰਦਰ ਸਿਦਕ ਦੀ ਇਕੱਲੀ ਮਿਸਾਲ ਹੈ।

ਗੁਰੂ ਤੇਗ ਬਹਾਦਰ ਜੀ ਨੇ ਚੱਕ ਨਾਨਕੀ ਨਾਂ ਦਾ ਨਗਰ ਵਸਾਇਆ ਤੇ ਛੇਤੀ ਹੀ ਧਰਮ ਯਾਤਰਾਵਾਂ ’ਤੇ ਨਿਕਲ ਗਏ। ਪਟਨਾ ਸਾਹਿਬ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਹੋਇਆ ਤਾਂ ਗੁਰੂ ਤੇਗ ਬਹਾਦਰ ਜੀ ਢਾਕਾ ਵਿਚ ਸਨ। ਆਪ ਚਾਹੁੰਦੇ ਤਾਂ ਪਟਨਾ ਵਾਪਸ ਆ ਸਕਦੇ ਸਨ ਜਾਂ ਆਸਾਮ ਤੋਂ ਪਰਤਦਿਆਂ ਪਟਨਾ ਸਾਹਿਬ ਹੋ ਕੇ ਪੰਜਾਬ ਜਾ ਸਕਦੇ ਸਨ। ਪਟਨਾ ਸਾਹਿਬ ਤੋਂ ਚੰਦ ਕਿੱਲੋਮੀਟਰ ਦੂਰ ਦਾ ਰਾਹ ਫੜ ਕੇ ਆਪ ਜੀ ਦਿੱਲੀ ਹੁੰਦਿਆਂ ਪੰਜਾਬ ਆ ਗਏ। ਬਾਲਕ ਰੂਪ ਗੁਰੂ ਗੋਬਿੰਦ ਸਿੰਘ ਜੀ ਨਾਲ ਜਦੋਂ ਆਪ ਜੀ ਮਿਲੇ ਤਾਂ ਗੁਰੂ ਗੋਬਿੰਦ ਸਿੰਘ ਜੀ ਪੰਜ ਵਰ੍ਹਿਆਂ ਦੇ ਹੋ ਚੁੱਕੇ ਸਨ । ਗੁਰੂ ਜੀ ਜਾਣਦੇ ਸਨ ਕਿ ਉਨ੍ਹਾਂ ਦੇ ਸੰਸਾਰਕ ਜੀਵਨ ’ਤੇ ਪਹਿਲਾ ਹੱਕ ਧਰਮ ਦਾ ਹੈ, ਮਨੁੱਖੀ ਹਿਤਾਂ ਦਾ ਹੈ। ਏਨਾ ਮਹਾਨ ਸੰਜਮ ਅਤੇ ਸਬਰ ਧਾਰਨ ਕਰਨ ਤੋਂ ਬਾਅਦ ਹੀ ਆਪ ਜੀ ਨੇ ਕਿਹਾ :

ਸਭ ਕਿਛੁ ਜੀਵਤ ਕੋ ਬਿਵਹਾਰ

ਇਸ ਇਕ ਪੰਕਤੀ ਰਾਹੀਂ ਮਨੁੱਖੀ ਚੇਤਨਾ ਨੂੰ ਪੁਰਜ਼ੋਰ ਹਲੂਣਾ ਦੇਣ ਦੀ ਤਾਕਤ ਸਮੋ ਗਈ। ਗੁਰੂ ਸਾਹਿਬ ਨੇ ਆਪਣੇ ਗੁਣਾਂ, ਕਿਰਦਾਰ, ਬਾਣੀ ਤੇ ਬਲੀਦਾਨ ਰਾਹੀਂ ਮਨੁੱਖੀ ਚੇਤਨਾ ਨੂੰ ਜਾਗਿ੍ਰਤ ਕਰਨ ਦਾ ਮਹਾਨ ਉਪਕਾਰ ਕੀਤਾ:

ਚੇਤਨਾ ਹੈ ਤਉ ਚੇਤ ਲੈ

ਨਿਸਿ ਦਿਨਿ ਮੈ ਪ੍ਰਾਨੀ

ਛਿਨੁ ਛਿਨੁ ਅਉਧ ਬਿਹਾਤੁ ਹੈ

ਫੂਟੈ ਘਟ ਜਿਉ ਪਾਨੀ

ਲੋਕਾਂ ’ਚ ਜਗਾਈ ਚੇਤਨਾ

ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਤੇ ਪਰਮਾਤਮਾ ਸਵਰੂਪ ਸਨ। ਆਪ ਜੀ ਦੇ ਗੁਣਾਂ ਤੇ ਮਹਿਮਾ ਨੂੰ ਦੁਨਿਆਵੀ ਦਿ੍ਰਸ਼ਟੀ ਨਾਲ ਵੇਖਣਾ ਭੁੱਲ ਹੋਵੇਗੀ। ਆਪ ਜੀ ਦੇ ਸਿਦਕ, ਸ਼ਬਦ ਤੇ ਸ਼ਹੀਦੀ ਵਿਚ ਰੱਬੀ ਵਰਤਾਰੇ ਦੇ ਦਰਸ਼ਨ ਹੁੰਦੇ ਹਨ ਪਰ ਆਪ ਜੀ ਨੇ ਜੋ ਚੇਤਨਾ ਜਗਾਈ, ਉਹ ਕਿਸੇ ਦੀ ਵੀ ਸੋਚ ਤੋਂ ਪਰੇ ਸੀ।

ਕਸ਼ਮੀਰ ਦੇ ਬ੍ਰਾਹਮਣਾਂ ਨੂੰ ਸੰਸਾਰ ਵਿਚ ਕੋਈ ਹੋਰ ਰਾਖਾ ਨਜ਼ਰ ਨਹੀਂ ਆਇਆ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਪੱਕਾ ਭਰੋਸਾ ਬਣਿਆ ਕਿ ਗੁਰੂ ਸਾਹਿਬ ਹੀ ਜ਼ੁਲਮ ਤੇ ਜਬਰ ਤੋਂ ਉਭਾਰ ਸਕਦੇ ਹਨ। ਇਹ ਆਪ ਜੀ ਦੀ ਜਗਾਈ ਚੇਤਨਾ ਦਾ ਹੀ ਫਲ ਸੀ, ਜਿਸ ਨਾਲ ਸਮਾਜ ਅੰਦਰ ਭਰੋਸਾ ਬਣਿਆ ਕਿ ਔਰੰਗਜ਼ੇਬ ਜਿਹੇ ਅਧਰਮੀ , ਕੱਟੜ ਤੇ ਜ਼ੁਲਮੀ ਬਾਦਸ਼ਾਹ ਨੂੰ ਠੱਲ ਪਾਈ ਜਾ ਸਕਦੀ ਹੈ।

ਗੁਰੂ ਜੀ ਦੀ ਸ਼ਹੀਦੀ ਤੋਂ ਪਹਿਲਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਹੋਈ। ਇਨ੍ਹਾਂ ਸ਼ਹੀਦੀਆਂ ਦਾ ਢੰਗ ਇੰਨਾ ਖ਼ੌਫ਼ਨਾਕ ਸੀ ਕਿ ਅੱਜ ਵੀ ਪੜ੍ਹ-ਸੁਣ ਕੇ ਰੋਮ- ਰੋਮ ਕੰਬ ਉੱਠਦਾ ਹੈ। ਇਨ੍ਹਾਂ ਤਿੰਨਾਂ ਕੋਲ ਜਾਨ ਬਚਾਉਣ ਦੇ ਬਦਲ ਸਨ ਪਰ ਨਾ ਉਹ ਡਰੇ, ਨਾ ਲਾਲਚ ਵਿਚ ਆਏ ਨਾ ਹੀ ਭਰਮ ’ਚ ਪਏ। ਤਿੰਨਾਂ ਹੀ ਸਿੱਖਾਂ ਨੇ ਖੇੜੇ ਅੰਦਰ ਰਹਿ ਕੇ ਯਾਤਨਾਵਾਂ ਸਹੀਆਂ ਤੇ ਤਨ ਤਿਆਗ ਕੇ ਅਦੁੱਤੀ ਇਤਿਹਾਸ ਲਿਖ ਗਏ। ਅੰਤਰ ’ਚ ਜੋਤ ਜਗ ਰਹੀ ਹੋਵੇ ਤਾਂ ਸੱਚ ਦੀ ਪਛਾਣ ਕਰਨ ਦੀ ਦਿ੍ਰਸ਼ਟੀ ਪ੍ਰਾਪਤ ਹੋ ਜਾਂਦੀ ਹੈ ਤੇ ਸੱਚ ਲਈ ਖੜੇ੍ਹ ਹੋਣ ਦਾ ਬਲ ਵੀ ਆ ਜਾਂਦਾ ਹੈ। ਇਹ ਦਿ੍ਰਸ਼ਟੀ ਤੇ ਬਲ ਭਾਈ ਜੈਤਾ ਜੀ ਤੇ ਭਾਈ ਲੱਖੀ ਸ਼ਾਹ ਵਣਜਾਰਾ ਵਿਚ ਵੀ ਪ੍ਰਗਟ ਹੋਇਆ, ਜਿਨ੍ਹਾਂ ਨੇ ਸ਼ਹੀਦੀ ਤੋਂ ਬਾਅਦ ਗੁਰੂ ਸਾਹਿਬ ਦੇ ਤਨ ਦੀ ਸੰਭਾਲ ਕੀਤੀ।

ਔਰੰਗਜ਼ੇਬ ਬਹੁਤ ਹੀ ਜ਼ਾਲਮ ਤੇ ਤਾਕਤਵਰ ਬਾਦਸ਼ਾਹ ਸੀ ਪਰ ਇੱਥੇ ਉਸ ਦੇ ਜਬਰ-ਜ਼ੁਲਮ ਦੀ ਬਹੁਤ ਬੁਰੀ ਹਾਰ ਹੋਈ। ਉਹ ਨਾ ਤਾਂ ਸਿੱਖਾਂ ਨੂੰ ਡਰਾ, ਭਰਮਾ ਸਕਿਆ ਤੇ ਨਾ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਿਲ ਮਾਤਰ ਵੀ ਵਿਚਲਿਤ ਕਰ ਸਕਿਆ। ਔਰੰਗਜ਼ੇਬ ਤਾਂ ਮੌਤ ਵੀ ਨਹੀਂ ਦੇ ਸਕਿਆ ਕਿਉਂਕਿ ਸਿੱਖਾਂ ਨੇ ਤਾਂ ਮੌਤ ਆਪ ਅੱਗੇ ਵਧ ਕੇ ਆਪਣੇ ਗਲੇ ਵਿਚ ਫੁੱਲਾਂ ਦੇ ਹਾਰ ਵਾਂਗੂੰ ਪਾਈ।

ਸ੍ਰੀ ਗੁਰੂ ਤੇਗ ਬਹਾਦਰ ਜੀ ਤਾਂ ਸ਼ਹੀਦੀ ਨੂੰ ਜਿਵੇਂ ਵਿਆਹੁਣ ਆਏ ਸਨ। ਆਪ ਜੀ ਆਨੰਦਪੁਰ ਸਾਹਿਬ ਤੋਂ ਦਿੱਲੀ ਲਈ ਆਪਣੀ ਮਰਜ਼ੀ ਨਾਲ ਨਿਕਲੇ ਸਨ। ਆਪ ਜੀ ਨੇ ਘੋੜੇ ’ਤੇ ਸਵਾਰ ਹੋ ਕੇ ਯਾਤਰਾ ਆਰੰਭ ਕੀਤੀ ਸੀ। ਆਨੰਦਪੁਰ ਸਾਹਿਬ ਤੋਂ ਦਿੱਲੀ ਤਕ ਦੀ ਯਾਤਰਾ ਆਪ ਜੀ ਨੇ ਵੱਡੀ ਧਰਮ ਯਾਤਰਾ ਦੀ ਤਰ੍ਹਾਂ ਪੂਰੀ ਕੀਤੀ ਸੀ। ਆਪ ਜੀ ਰਾਹ ਵਿਚ ਸੰਗਤ ਨੂੰ ਮਿਲਦੇ ਅਤੇ ਉਪਦੇਸ਼ ਦਿੰਦੇ ਦਿੱਲੀ ਤਕ ਆਏ ਸਨ। ਅੰਤਰਜਾਮੀ ਗੁਰੂ ਸਾਹਿਬ ਜਾਣਦੇ ਸਨ ਕਿ ਦਿੱਲੀ ਵਿਚ ਕੀ ਵਰਤਣ ਵਾਲਾ ਹੈ। ਆਪ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਸੌਂਪ ਕੇ ਆਏ ਸਨ। ਹਰ ਤਰ੍ਹਾਂ ਦੇ ਹਾਲਾਤ ਦੇ ਬਾਵਜੂਦ ਉਨ੍ਹਾਂ ਦਾ ਸਹਿਜ , ਸੰਜਮ ਤੇ ਸ਼ੁਕਰ ਅੰਦਰ ਰਹਿਣਾ ਸੰਸਾਰ ਅੰਦਰ ਗੁਣਾਂ ਦਾ ਵਿਲੱਖਣ ਸਰੂਪ ਪ੍ਰਗਟ ਹੋਣਾ ਸੀ। ਆਪ ਜੀ ਸੈਫ਼ਾਬਾਦ ਇਕ ਮਹੀਨਾ ਠਹਿਰੇ। ਖਟਕੜ ਪੁੱਜੇ ਤਾਂ ਉੱਥੇ ਮਿੱਠੇ ਪਾਣੀ ਦੇ ਖੂਹ ਦੀ ਸੁਗਾਤ ਦਿੱਤੀ।

ਖੌਫ਼ ਤਾਂ ਹੁੰਦਾ ਹੈ ਜੇ ਕੋਈ ਖੌਫ਼ ਮੰਨੇ। ਜ਼ੁਲਮ ਤਾਂ ਹੁੰਦਾ ਹੈ ਜੇ ਕੋਈ ਜ਼ੁਲਮ ਸਹਿ ਜਾਵੇ। ਧਰਮ ਤਾਂ ਚੱਲਦਾ ਹੈ ਜੇ ਧਰਮ ਲਈ ਪੂਰਨ ਸਮਰਪਣ ਹੋਵੇ। ਸਿਦਕ ਤਾਂ ਕਾਇਮ ਰਹਿੰਦਾ ਹੈ ਜੇ ਸੱਚ ਦੀ ਰਾਹ ਦਿਸਦੀ ਹੋਵੇ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜੋ ਆਪਣੇ ਜੀਵਨ ਵਿਚ ਹੰਢਾਇਆ, ਉਸ ਦੀ ਪ੍ਰੇਰਨਾ ਸਿੱਖਾਂ ਦੇ ਮਨ ਵਿਚ ਵੀ ਭਰੀ :

ਇਕ ਭਗਤਿ ਨਾਰਾਇਨ ਹੋਇ ਸੰਗਿ ਕਹੁ ਨਾਨਕ ਭਜੁ ਤਿਹ ਏਕ ਰੰਗਿ

ਇਕ ਰੰਗ ਵਿੱਚ ਰੰਗੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ , ਭਾਈ ਦਿਆਲਾ ਜੀ , ਭਾਈ ਜੈਤਾ ਜੀ ਤੇ ਭਾਈ ਲੱਖੀ ਸ਼ਾਹ ਜਿਹੇ ਸਿੱਖਾਂ ਦਾ ਸਮਾਜ ਉਸਾਰ ਕੇ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਬੁਨਿਆਦ ਨੂੰ ਹੋਰ ਪੱਕਾ ਕੀਤਾ। ਗੁਰੂ ਜੀ ਦਾ ਅੰਮਿ੍ਰਤਸਰ ਤੋਂ ਦਿੱਲੀ ਤਕ ਦਾ ਸੰਸਾਰਕ ਜੀਵਨ ਸਫ਼ਰ ਧਰਮ ਤੇ ਸਿਦਕ ਦੀ ਵਿਲੱਖਣ ਚੜ੍ਹਤ ਦਾ ਸਫ਼ਰ ਸੀ। ਹਰ ਔਕੜ ਨੂੰ ਪਾਰ ਕਰ ਕੇ ਗੁਰੂ ਸਾਹਿਬ ਜਿਵੇਂ ਨਿਰਭੈ , ਨਿਰਵੈਰ ਭਾਵ ਨਾਲ ਨਿਰੰਤਰ ਅੱਗੇ ਵਧਦੇ ਵਿਖਾਈ ਦਿੱਤੇ, ਉਹ ਸਿਦਕ ਦੀ ਨਵੀਂ ਪਰਿਭਾਸ਼ਾ ਤੋਂ ਜਾਣੂ ਕਰਵਾਉਣ ਵਾਲਾ ਸੀ। ਇਸ ਤੋਂ ਹੀ ‘ਨਿਸ਼ਚੈ ਕਰ ਆਪਨੀ ਜੀਤ ਕਰੋ’ ਦੀ ਭਾਵਨਾ ਦਾ ਜਨਮ ਹੋਇਆ ਸੀ। ਸੰਸਾਰ ਨੂੰ ਰਹਿਣ ਜੋਗ ਬਣਾਉਣਾ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਰਾਹ ਹੀ ਇੱਕੋ ਬਦਲ ਹੈ।

ਨਹੀਂ ਕੀਤਾ ਸੰਸਾਰ ਨਾਲ ਮੋਹ

ਸੰਸਾਰ ਅੰਦਰ ਮੌਤ ਨੂੰ ਕੋਲੋਂ ਵੇਖਣਾ ਮਨ ’ਤੇ ਡੂੰਘਾ ਅਸਰ ਪਾਉਂਦਾ ਹੈ। ਮਹਾਤਮਾ ਬੁੱਧ ਨੇ ਕਿਸੇ ਦੀ ਅੰਤਿਮ ਯਾਤਰਾ ਵੇਖ ਲਈ ਤਾਂ ਵੈਰਾਗ ਹੋ ਗਿਆ ਸੀ। ਵੈਰਾਗ ਸੁਭਾਵਿਕ ਹੈ ਪਰ ਦੁੱਖ ਵੇਖ ਕੇ ਵੀ ਸਹਿਜ , ਸਬਰ ਬਣਾਈ ਰੱਖਣਾ ਵਡਿਆਈ ਹੈ, ਜੋ ਦੁਰਲੱਭ ਹੈ । ਗੁਰੂ ਤੇਗ ਬਹਾਦਰ ਜੀ ਅੰਦਰ ਇਹ ਵਡਿਆਈ ਨਿਰੰਤਰ ਪ੍ਰਗਟ ਹੁੰਦੀ ਰਹੀ। ਆਪ ਜੀ ਨੇ ਤਨ ਨਾਲ ਨਹੀਂ ਸਗੋਂ ਤਨ ਅੰਦਰ ਵਸ ਰਹੇ ਰਾਮ ਨਾਲ ਪ੍ਰੇਮ ਕੀਤਾ। ਜਿਸ ਰਾਮ ਨਾਲ ਉਨ੍ਹਾਂ ਨੇ ਪ੍ਰੇਮ ਕੀਤਾ, ਉਹ ਕਾਲ ਤੋਂ ਪਰੇ ਸੀ। ਪਿਤਾ ਗੁਰੂ ਹਰਿਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਤੇ ਗੁਰੂ ਹਰਿਰਾਇ ਜੀ ਦੇ ਗੁਰਗੱਦੀ ’ਤੇ ਵਿਰਾਜਮਾਨ ਹੋਣ ਤੋਂ ਬਾਅਦ ਆਪ ਜੀ ਆਪਣੀ ਮਾਤਾ ਨਾਨਕੀ ਜੀ ਤੇ ਮਹਿਲ ਗੁਜਰੀ ਜੀ ਨਾਲ ਬਕਾਲੇ ਆ ਗਏ। ਇਹ ਵੀ ਵੈਰਾਗ ਨਹੀਂ ਸੀ ਸਗੋਂ ਅੰਤਰ ਚੇਤਨਾ ਦੀ ਵਡਿਆਈ ਸੀ, ਜਿਸ ਨੇ ਸਮਝ ਲਿਆ ਸੀ ਕਿ ਸੰਸਾਰ ਤਾਂ ਸੁਪਨੇ ਜਿਹਾ ਹੈ, ਜਿਸ ’ਤੇ ਕੋਈ ਦਾਅਵਾ ਕਰਨਾ ਅਗਿਆਨਤਾ ਹੈ। ਜੋ ਸੱਚ ਨਹੀਂ , ਨਾਸ਼ਵਾਨ ਹੈ , ਨਾਲ ਨਹੀਂ ਜਾਣ ਵਾਲਾ, ਉਸ ਦਾ ਮੋਹ ਕਰਨਾ ਧਰਮ ਦੇ ਮਾਰਗ ਤੋਂ ਫਿਸਲਣਾ ਹੈ। ਸੰਸਾਰ ਦਾ ਮੋਹ ਨਾ ਹੋਣਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਨਾ ਨਹੀਂ ਹੁੰਦਾ। ਸੰਸਾਰ ਦੇ ਮੋਹ ਤੋਂ ਉੱਪਰ ਉੱਠ ਕੇ ਸੰਸਾਰ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਕਰਨਾ ਇਕ ਬੇਸ਼ਕੀਮਤੀ ਸਿੱਖੀ ਸਿਧਾਂਤ ਸੀ, ਜੋ ਗੁਰੂ ਤੇਗ ਬਹਾਦਰ ਜੀ ਵਿਚ ਦੁਪਹਿਰ ਦੇ ਸੂਰਜ ਵਾਂਗੂੰ ਲਿਸ਼ਕਦਾ ਵਿਖਾਈ ਦਿੰਦਾ ਹੈ।

  • No comments yet.
  • Add a review