Article

(ਭਾਗ ਦੂਜਾ) – ਲੜੀ ਜੋੜਨ ਲਈ ਪਿਛਲੇ ਅੱਕ ਦਾ ਆਖ਼ਰੀ ਹਿੱਸਾ:

ਅੱਜ ਕੱਲ੍ਹ ਸਾਰੇ ਵਿਭਾਗਾਂ ਵਿਚ ਇਹ ਦੁਸ਼ਟਤਾ ਦਾ ਚੱਕਰ ਚੱਲ ਰਿਹਾ ਹੈ। ਸੰਵਾਦ ਤੇ ਸੁਝਾਅ ਕਿਤੇ ਨਹੀਂ ਹਨ, ਜੇ ਹੈ ਤਾਂ ਸਿਰਫ਼ ਕਮਾਂਡ ਤੇ ਬਸ ਕਮਾਂਡ। ਸਭ ਤੋਂ ਵੱਡੇ ਅਧਿਕਾਰੀ ਆਪਣੇ ਖ਼ੁਸ਼ਾਮਦਾਂ ਦੇ ਵਿਚਕਾਰ ਏਨੇ ਕੁ ਘਿਰੇ ਹੁੰਦੇ ਹਨ ਕਿ ਉਹ ਖ਼ੁਸ਼ਾਮਦੀ ਟੋਲਾ ਕੋਈ ਫੀਡਬੈਕ ਉਸ ਕੋਲ ਜਾਣ ਹੀ ਨਹੀਂ ਦਿੰਦਾ ਅਤੇ ਨਾ ਹੀ ਬਹੁਤੇ ਅਫ਼ਸਰ ਆਪਣੇ ਮਾਤਹਿਤਾਂ ਤੋਂ ਕੋਈ ਸਲਾਹ ਲੈਣੀ ਹੀ ਚਾਹੁੰਦੇ ਹਨ। ਜਦ ਕਿਸੇ ਬੰਦੇ ਨੂੰ ‘ਸਰਬਗਿਆਤਾ’ ਹੋਣ ਦਾ ਅਤੇ ਆਪਣੀ ਆਲੋਚਨਾ ਨਾ ਸੁਣਨ ਦਾ ਝੱਲ ਵੱਜ ਜਾਂਦਾ ਹੈ ਤਾਂ ਇਹ ਉਸ ਲਈ ਵੀ ਤੇ ਸਮਾਜ ਲਈ ਵੀ ਸਭ ਤੋਂ ਵੱਧ ਘਾਤਕ ਹੁੰਦਾ ਹੈ। ਅਜਿਹੇ ਲੋਕ ਕਈ ਵਾਰ ਏਨੇ ਵੱਡੇ ਨੁਕਸਾਨ ਕਰ ਜਾਂਦੇ ਹਨ ਕਿ ਕਈ ਪੀੜ੍ਹੀਆਂ ਉਸ ਦਾ ਘਾਟਾ ਭੁਗਤਦੀਆਂ ਰਹਿੰਦੀਆਂ ਹਨ। ਜਦ ਮਾਹੌਲ ਸਿਰਫ਼ ਕਮਾਂਡ ਜਾਂ ਉਪਦੇਸ਼ ਜਾਂ ਹੁਕਮ ਦਾ ਹੋਵੇ ਤਾਂ ਫਿਰ ਉੱਪਰ ਤੋਂ ਥੱਲੇ ਤੱਕ ਕਮਾਂਡ ਦੇ ਰੂਪ ਵਿਚ ਦੁਸ਼ਟਤਾ ਦਾ ਵੱਖਰੀ ਕਿਸਮ ਦਾ ਗੇੜ ਚੱਲ ਪੈਂਦਾ ਹੈ। ਕੋਈ ਵੀ ਵਿਚਕਾਰਲੀ ਕੜੀ ਉੱਪਰਲੇ ਨੂੰ ਸਵਾਲ ਕਰਨ ਦੀ ਬਜਾਏ ਹੇਠਲੇ 'ਤੇ ਦਬਾਅ ਬਣਾਉਂਦੀ ਹੈ ਕਿ ਉਹ ਬਿਨਾਂ ਕਿਸੇ ਹੀਲ-ਹੁੱਜਤ ਦੇ ਕਮਾਂਡ ਸਵੀਕਾਰ ਕਰੇ ਤੇ ਰੋਬੋਟ ਬਣ ਜਾਵੇ। ਕਿਉਂਕਿ ਕੋਈ ਵੀ ਕਮਾਂਡ ਬਿਲਕੁਲ ਹੇਠਲੇ ਪੱਧਰ 'ਤੇ ਜਾ ਕੇ ਲਾਗੂ ਹੋਣੀ ਹੁੰਦੀ ਹੈ ਤੇ ਉਸ ਦਾ ਖ਼ਮਿਆਜ਼ਾ ਵੀ ਹੇਠਲੇ ਪੱਧਰ 'ਤੇ ਵਿਚਰਨ ਵਾਲੇ ਲੋਕਾਂ ਨੂੰ ਹੀ ਝੱਲਣਾ ਪੈਂਦਾ ਹੈ, ਇਸ ਲਈ ਉੱਪਰਲੇ ਗ਼ਲਤ ਕਮਾਂਡ ਦੇ ਕੇ ਵੀ ਹਰ ਵਾਰ ਬਰੀ ਹੋ ਜਾਂਦੇ ਹਨ ਤੇ ਗਾਜ਼ ਹੇਠਲਿਆਂ 'ਤੇ ਡਿਗ ਪੈਂਦੀ ਹੈ।

ਸਿੱਖਿਆ ਦੇ ਗਲਿਆਰਿਆਂ ਵਿਚ ਸਮੁੱਚੇ ਭਾਰਤ ਵਿਚ ਇੰਜ ਹੀ ਵਾਪਰ ਰਿਹਾ ਹੈ। ਸੱਤਾ ਗ਼ਲਤ ਸਿੱਖਿਆ ਨੀਤੀ ਬਣਾਉਂਦੀ ਹੈ, ਅਫ਼ਸਰ ਤੇ ਨੇਤਾ ਉਸ ਨੂੰ ਲਾਗੂ ਕਰਦੇ ਹਨ ਤੇ ਖ਼ਮਿਆਜ਼ਾ ਹੇਠਲੇ ਪੱਧਰ 'ਤੇ ਕੰਮ ਕਰਨ ਵਾਲੇ ਅਧਿਆਪਕ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਭੁਗਤਦੇ ਹਨ। ਅਧਿਆਪਕ ਦੀ ਖਿਝ, ਗ਼ੁੱਸਾ, ਚਿੜਚਿੜਾਪਣ, ਕਮਾਂਡ, ਹੁਕਮ ਦੇਣ ਦੀ ਮਾਨਸਿਕਤਾ ਤੇ ਸਿੱਧੇ ਕਰਨ ਵਾਲੀ ਸਜ਼ਾ ਦੇਣ ਦਾ ਵਰਤਾਰਾ ਇਸ ਸਮਾਜਿਕ ਵਾਤਾਵਰਣ ਦੀ ਹੀ ਦੇਣ ਹੁੰਦਾ ਹੈ।

ਇਸ ਲਈ ਜਦ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਅਸੀਂ ਸਿਰਫ਼ ਉਸ ਘਟਨਾ ਦੇ ਪਾਤਰਾਂ ਨੂੰ ਨਿਸ਼ਾਨਾ ਬਣਾ ਕੇ ਮਸਲੇ ਦੀ ਸਮਾਜਿਕਤਾ ਨੂੰ ਛੱਡ ਦਿੰਦੇ ਹਾਂ। ਜਦ ਕਿਸੇ ਰੇਪਿਸਟ ਨੂੰ ਫਾਂਸੀ ਹੁੰਦੀ ਹੈ ਤਾਂ ਬਹੁਤ ਸਾਰੇ ਉਹ ਲੋਕ ਜੋ ਕਿਸੇ ਨਾ ਕਿਸੇ ਰੂਪ ਵਿਚ ਸਮਾਜ ਵਿਚ ਰੇਪ ਮਾਨਸਿਕਤਾ ਦਾ ਨਿਰਮਾਣ ਕਰਦੇ ਹਨ, ਉਹ ਸੁੱਖ ਦਾ ਸਾਹ ਲੈਂਦੇ ਹਨ ਕਿ ਚੱਲ ਸਾਡੇ ਵੱਲ ਉਂਗਲ ਨਹੀਂ ਉੱਠੀ। ਇਸੇ ਤਰ੍ਹਾਂ ਜਦ ਵਿੱਦਿਅਕ ਅਦਾਰਿਆਂ ਵਿਚ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਅਸੀਂ ਉਸ ਦੇ ਵੱਡੇ ਪਸਾਰਾਂ 'ਤੇ ਇਸ ਕਰਕੇ ਚਰਚਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਸ ਵਿਚ ਕਿਸੇ ਨਾ ਕਿਸੇ ਰੂਪ ਵਿਚ ਇਕ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਘੱਟ ਜਾਂ ਵੱਧ ਅਸੀਂ ਵੀ ਜ਼ਿੰਮੇਵਾਰ ਹੁੰਦੇ ਹਾਂ। ਇਸ ਲਈ ਅਸੀਂ ਅਜਿਹੇ ਮਾਮਲਿਆਂ ਨੂੰ ਦੱਬਣ ਦੇ ਜਾਂ ਲਾਂਭੇ ਕਰਨ ਦੇ ਬਹੁਤ ਸਾਰੇ ਤਰਕ ਲੱਭ ਲੈਂਦੇ ਹਾਂ। ਇਸ ਮਾਮਲੇ ਵਿਚ ਵੀ ਅਜਿਹੇ ਕਈ ਤਰਕ ਸਾਹਮਣੇ ਆਏ ਹਨ :
·    ਕਿਸੇ ਅਧਿਆਪਕ ਨੇ ਵਿਚੋਂ ਹੀ ਵੀਡੀਓ ਬਣਾ ਕੇ ਸਿੱਖਿਆ ਮਹਿਕਮੇ ਨੂੰ ਬਦਨਾਮ ਕੀਤਾ ਹੈ।
·    ਇਹੋ ਜਿਹੀ ਕੁੱਟ ਪਹਿਲਾਂ ਵੀਹ ਵਾਰ ਪੈਂਦੀ ਸੀ, ਐਵੇਂ ਲੋਕ ‘ਬਾਤ ਦਾ ਬਤੰਗੜ’ ਬਣਾ ਲੈਂਦੇ ਹਨ।
·    ਅਧਿਆਪਕ ਵਿਦਿਆਰਥੀ ਵਿਚ ਮਾਪੇ ਤੇ ਔਲਾਦ ਵਾਲਾ ਰਿਸ਼ਤਾ ਹੁੰਦਾ ਹੈ, ਉਹ ਕੁਝ ਵੀ ਕਰੇ,

ਦੂਜਿਆਂ ਨੂੰ ਤਕਲੀਫ਼ ਕਿਉਂ?

·    ਏਨੀ ਕੁ ‘ਛਿਤਰੌਲ’ ਤੋਂ ਬਿਨਾਂ ਨਿਆਣੇ ਕਿੱਥੇ ਠੀਕ ਆਉਂਦੇ ਹਨ।
·    ਕੀ ਵੀਡੀਓ ਦਿਖਾ ਦਿਖਾ ਕੇ ਅਸੀਂ ਉਸ ਕੁੜੀ ਨੂੰ ਹੋਰ ਵੱਧ ਜ਼ਲੀਲ ਨਹੀਂ ਕਰ ਰਹੇ?

ਹੁਣ ਅੱਗੇ:

ਇਨ੍ਹਾਂ ਵਿਚੋਂ ਕੋਈ ਦਲੀਲ ਵੀ ਪਾਏਦਾਰ ਨਹੀਂ ਹੈ। ਅੱਜ ਜਦ ਘਰਾਂ ਵਿਚ ਇੱਕ-ਇੱਕ ਜਾਂ ਦੋ-ਦੋ ਬੱਚੇ ਹਨ, ਤਾਂ ਮਾਪਿਆਂ ਦਾ ਬਹੁਤ ਕੁਝ ਉਨ੍ਹਾਂ ਨਾਲ ਜੁੜਿਆ ਹੁੰਦਾ ਹੈ। ਬਦਲ ਰਹੇ ਦੌਰ ਵਿਚ ਬੱਚਿਆਂ ਕੋਲ ਸਿੱਖਣ ਸਿਖਾਉਣ ਦੀਆਂ ਬਹੁਤ ਸਾਰੀਆਂ ਏਜੰਸੀਆਂ ਹਨ। ਟੀਵੀ, ਇੰਟਰਨੈੱਟ, ਫ਼ਿਲਮਾਂ, ਸੀਰੀਅਲ, ਸ਼ਾਰਟ ਫ਼ਿਲਮਾਂ, ਕਾਰਟੂਨ, ਪੀਅਰ ਗਰੁੱਪ ਆਦਿ। ਇਹ ਸਾਰੇ ਮਾਧਿਅਮ ਬੱਚੇ ਨੂੰ ਆਪਣੇ ਆਪੇ ਦੀ ਪਹਿਚਾਣ ਵੀ ਕਰਨੀ ਸਿਖਾਉਂਦੇ ਹਨ ਤੇ ਉਸ ਅੰਦਰ ਇਕ ਆਤਮ ਗੌਰਵ ਦੀ ਭਾਵਨਾ ਦਾ ਵੀ ਨਿਰਮਾਣ ਕਰਦੇ ਹਨ। ਹੁਣ ਸਰੀਰਕ ਸਜ਼ਾ ਦਾ ਰੁਝਾਨ ਘਰਾਂ ਵਿਚ ਵੀ ਨਹੀਂ ਰਿਹਾ। ਯਾਦ ਕਰੋ, ਜਦ ਮਰਦਾਂ ਵੱਲੋਂ ਆਪਣੀਆਂ ਪਤਨੀਆਂ ਨੂੰ ਕੁੱਟ ਦੇਣਾ ਆਮ ਜਿਹਾ ਵਰਤਾਰਾ ਸੀ, ਪਰ ਹੁਣ ਇਹ ਕਿੰਨਾ ਸੀਮਤ ਹੋ ਗਿਆ। ਕੁੜੀਆਂ ਨੂੰ ਆਪਣੀ ਇੱਛਾ ਦੇ ਮੁਤਾਬਕ ਮੁੰਡਾ ਲੱਭਣ ਜਾਂ ਮੁੰਡੇ ਬਾਰੇ ਗੱਲ ਕਰਨ 'ਤੇ ਵੀ ਗੱਲ ਵੱਢ ਦਿੱਤਾ ਜਾਂਦਾ ਸੀ, ਪਰ ਹੁਣ ਕੋਰਟ ਮੈਰਿਜਾਂ ਤੇ ਲਵ ਮੈਰਿਜਾਂ ਖਾਪ ਮਾਨਸਿਕਤਾ ਨੂੰ ਚੈਲੰਜ ਕਰ ਰਹੀਆਂ ਹਨ। ਪੁਰਾਣੇ ਸਮਿਆਂ ਵਿਚ ਮਾਲਕਾਂ ਵੱਲੋਂ ਸੀਰੀਆਂ ਪਾਲੀਆਂ ਤੇ ਨੌਕਰਾਂ ਨੂੰ ਕੁੱਟ ਦੇਣਾ ਵੀ ਆਮ ਵਰਤਾਰਾ ਸੀ ਪਰ ਹੁਣ ਜਾਤੀਸੂਚਕ ਸ਼ਬਦ ਬੋਲਣ 'ਤੇ ਵੀ ਗੱਲ ਦਲਿਤ ਕਮਿਸ਼ਨ ਤੱਕ ਪਹੁੰਚ ਜਾਂਦੀ ਹੈ। ਪੁਰਾਣੇ ਸਮਿਆਂ ਵਿਚ ਮਾਂ-ਬਾਪ ਅਕਸਰ ਆਪ ਹੀ ਬੱਚਿਆਂ ਨੂੰ ਗਲੀਆਂ ਵਿਚ ਧੂੰਹਦੇ ਹੋਏ ‘ਛਿੱਤਰ ਪਰੇਡ’ ਕਰਦੇ ਦੇਖੇ ਜਾਂਦੇ ਸੀ, ਪਰ ਹੁਣ ਇਹ ਦ੍ਰਿਸ਼ ਕਿਤੇ ਵਿਰਲੇ ਟਾਂਵੇਂ ਹੀ ਮਿਲਣਗੇ, ਫਿਰ ਇਹ ਸਾਰਾ ਕੁਝ ਸਕੂਲਾਂ ਵਿਚ ਕਿਵੇਂ ਕਾਇਮ ਰਹਿ ਸਕੇਗਾ? ਹੁਣ ਕਿਹੜਾ ਮਾਂ-ਬਾਪ ਹੈ ਜੋ ਆਪਣੇ ਪੁੱਤ-ਧੀ ਨੂੰ ਜਨਤਕ ਤੌਰ 'ਤੇ ਕੁੱਟਦਾ-ਮਾਰਦਾ ਹੈ? ਸਗੋਂ ਇਸ ਦੇ ਉਲਟ ਅੰਦਰ ਵੜ ਕੇ ਸਮਝਾਉਂਦਾ ਹੈ। ਜਦ ਇਕ ਅਧਿਆਪਕ ਇਕ ਮਾਂ-ਬਾਪ ਦੇ ਰੂਪ ਵਿਚ ਆਪਣੇ ਬੱਚਿਆਂ ਨਾਲ ਇੰਜ ਨਹੀਂ ਕਰਦਾ, ਜਦ ਇਕ ਪਤੀ ਹੁਣ ਆਪਣੀ ਪਤਨੀ ਨੂੰ ਸਰੀਰਕ ਸਜ਼ਾ ਨਹੀਂ  ਦੇ ਸਕਦਾ, ਇਕ ਜਗੀਰਦਾਰ ਕਿਸੇ ਸੀਰੀ ਪਾਲੀ ਦੀ ਕੁੱਟ ਮਾਰ ਨਹੀਂ ਕਰ ਸਕਦਾ, ਫਿਰ ਸਕੂਲਾਂ ਵਿਚ ਇੰਜ ਜਨਤਕ ਰੂਪ ਵਿਚ ਸਰੀਰਕ ਸਜ਼ਾ ਕਿਵੇਂ ਸੰਭਵ ਹੈ?

·    ਕਿਸੇ ਵੀ ਬੰਦੇ ਦੇ ਆਤਮ ਸਨਮਾਨ ਨੂੰ  ਠੇਸ ਪਹੁੰਚਾਉਣਾ ਅੱਜ ਦੇ ਦੌਰ ਵਿਚ ਇਕ ਵੱਡੀ ਘਟਨਾ ਹੈ। ਬੱਚੇ ਦੇ ਮਾਮਲੇ ਵਿਚ ਤਾਂ ਇਹ ਹੋਰ ਵੀ ਵੱਡੀ ਹੈ। ਆਤਮ ਸਨਮਾਨ ਨੂੰ ਠੇਸ ਪਹੁੰਚਾਉਣ ਦੇ ਕਈ ਸਿੱਟੇ ਹੋ ਸਕਦੇ ਹਨ :
·    ਬੱਚੇ ਸਾਰੀ ਉਮਰ ਲਈ ਦੱਬੂ ਮਾਨਸਿਕਤਾ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਹੀਣਤਾ ਉਨ੍ਹਾਂ ਦੀ ਹੋਣੀ ਬਣ ਜਾਂਦੀ ਹੈ।
·    ਡਰ ਕਾਰਨ ਸਕੂਲੋਂ ਹਟ ਕੇ ਜ਼ਿੰਦਗੀ ਵਿਚੋਂ ਹੀ ਬਾਹਰ ਨਿਕਲ ਸਕਦੇ ਹਨ।
·    ਨਿਰਾਸ਼ ਹੋ ਕੇ ਅਪਰਾਧ ਜਾਂ ਨਸ਼ਿਆਂ ਦੇ ਦੌਰ ਵਿਚ ਜਾ ਸਕਦੇ ਹਨ।
·    ਅਪਰਾਧਬੋਧ ਦੇ ਤਹਿਤ ਖ਼ੁਦਕੁਸ਼ੀ ਵੱਲ ਜਾ ਸਕਦੇ ਹਨ।

ਇਸ ਦਾ ਇਹ ਮਤਲਬ ਵੀ ਨਹੀਂ ਕਿ ਸਜ਼ਾ ਦੀ ਬਿਲਕੁਲ ਵੀ ਹਾਂ ਪੱਖੀ ਭੂਮਿਕਾ ਨਹੀਂ ਹੁੰਦੀ। ਸਜ਼ਾ ਦੇ ਮਾਮਲੇ ਵਿਚ ਸਭ ਤੋਂ ਮਹੱਤਵਪੂਰਨ ਤੱਥ ਸਜ਼ਾ ਨੂੰ ਆਖ਼ਰੀ ਵਿਕਲਪ ਦੇ ਤੌਰ 'ਤੇ ਚੁਣਨਾ ਹੁੰਦਾ ਹੈ। ਉਹ ਵੀ ਸਰੀਰਕ ਨਹੀਂ ਬਲਕਿ ਮਨੋਵਿਗਿਆਨਕ ਅਤੇ ਪ੍ਰਤੀਕਾਤਮਕ। ਸਜ਼ਾ ਦੇਣ ਤੋਂ ਪਹਿਲਾਂ, ਪ੍ਰੇਰਨਾ, ਸੁਝਾਅ, ਸਲਾਹ, ਕੌਂਸਲਿੰਗ, ਮਾਪਿਆਂ ਦੀ ਸ਼ਮੂਲੀਅਤ, ਹੱਲਾਸ਼ੇਰੀ, ਜ਼ਿੰਮੇਵਾਰੀ, ਇਨਾਮ ਆਦਿ ਸੈਂਕੜੇ ਟੂਲਜ਼ ਹੁੰਦੇ ਹਨ, ਜਿਨ੍ਹਾਂ ਨਾਲ ਬੱਚਿਆਂ ਨੂੰ ਟਰੀਟ ਕਰਨਾ ਚਾਹੀਦਾ ਹੈ। ਜੇ ਇਹ ਤਰੀਕੇ ਅਸਫਲ ਹੁੰਦੇ ਹਨ ਤਾਂ ਹਲਕੀ ਮਨੋਵਿਗਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਜਿਵੇਂ ਉਸ ਨੂੰ ਕੁਝ ਦੇਰ ਲਈ ਜਮਾਤ ਤੋਂ ਅਲੱਗ ਬਿਠਾ ਦੇਣਾ, ਉਸ ਨਾਲ ਕੁਝ ਸਮੇਂ ਲਈ ਗੱਲ ਨਾ ਕਰਨਾ, ਉਸ ਨੂੰ ਦਿੱਤੀਆਂ ਜਾਣ ਵਾਲੀਆਂ ਜ਼ਿੰਮੇਵਾਰੀਆਂ ਜਿਨ੍ਹਾਂ ਨੂੰ ਉਹ ਚਾਈਂ ਚਾਈਂ ਕਰਦਾ ਸੀ, ਉਸ ਤੋਂ ਲੈ ਲੈਣੀਆਂ, ਬਾਕੀ ਬੱਚਿਆਂ ਨੂੰ ਖੇਡਣ ਭੇਜ ਦੇਣਾ, ਉਸ ਨੂੰ ਕੁਝ ਸਮੇਂ ਲਈ ਰੋਕ ਲੈਣਾ, ਪੜ੍ਹਾਈ ਨਾ ਕਰਨ 'ਤੇ ਉਸ ਨੂੰ ਅੱਧੀ ਛੁੱਟੀ ਵੇਲੇ ਜਾਂ ਸਾਰੀ ਛੁੱਟੀ ਵੇਲੇ ਕੁਝ ਮਿੰਟਾਂ ਲਈ ਬਿਠਾ ਲੈਣਾ ਤੇ ਕਹਿਣਾ ਕਿ ਬੈਠ ਕੇ ਕੰਮ ਕਰ, ਉਸ ਨੂੰ ਉਸ ਦੇ ਪੀਅਰ ਗਰੁੱਪ ਤੋਂ ਕੁਝ ਸਮੇਂ ਲਈ ਅਲੱਗ ਕਰ ਦੇਣਾ, ਉਸ ਨੂੰ ਅੱਜ ਦੀ ਘਟਨਾ ਬਾਰੇ ਲਿਖਣ ਲਈ ਕਹਿਣਾ ਆਦਿ। ਇਨ੍ਹਾਂ ਵਿਚੋਂ ਜਾਂ ਇਨ੍ਹਾਂ ਵਰਗੇ ਹੋਰ ਕੋਈ ਮਨੋਵਿਗਿਆਨਕ ਤਰੀਕੇ ਬਹੁਤ ਸੀਮਤ ਸਮੇਂ ਲਈ ਵਰਤਣੇ ਚਾਹੀਦੇ ਹਨ।
ਸਜ਼ਾ ਦੇਣ ਸਮੇਂ ਅਧਿਆਪਕ ਦਾ ਗ਼ੁੱਸੇ ਹੋਣਾ, ਖਿਝ ਜਾਣਾ, ਬਦਲਾ ਲਊ ਭਾਵਨਾ ਦਾ ਸ਼ਿਕਾਰ ਹੋ ਜਾਣਾ, ਹਉਮੈਂ ਗ੍ਰਸਤ ਹੋ ਜਾਣਾ ਬਹੁਤ ਖ਼ਤਰਨਾਕ ਹੁੰਦਾ ਹੈ ਕਿਉਂਕਿ ਅਜਿਹੀ ਮਾਨਸਿਕ ਅਵਸਥਾ ਵਿਅਕਤੀ ਨੂੰ ਬੇਕਾਬੂ ਕਰਦੀ ਹੈ ਤੇ ਬੇਕਾਬੂ ਹੋਇਆ ਬੰਦਾ ‘ਅੰਨ੍ਹਾ’ ਹੁੰਦਾ ਹੈ ਤੇ ਉਹ ਸਾਹਮਣੇ ਵਾਲੇ ਦਾ ਕੋਈ ਵੀ ਨੁਕਸਾਨ ਕਰ ਦਿੰਦਾ ਹੈ, ਚਾਹੇ ਬਾਅਦ ਵਿਚ ਉਹ ਕਿੰਨਾ ਵੀ ਪਛਤਾਵਾ ਕਿਉਂ ਨਾ ਕਰੇ। ਬੱਚੇ ਨੂੰ ਸਜ਼ਾ ਦੇਣਾ ਬਹੁਤ ਹੀ ਇਹਤਿਆਤ ਭਰਿਆ ਸੁਚੇਤ ਕਾਰਜ ਹੈ। ਸਜ਼ਾ ਦੀ ਕਿਸਮ ਤੇ ਸਜ਼ਾ ਦੀ ਮਿਕਦਾਰ ਬਹੁਤ ਸੋਚ ਸਮਝ ਕੇ ਤੈਅ ਕਰਨੀ ਹੁੰਦੀ ਹੈ ਤਾਂ ਜੋ ਉਸ ਦੇ ਵਿਹਾਰ ਵਿਚ ਹਾਂ ਪੱਖੀ ਤਬਦੀਲੀ ਆਉਣ ਦੀ ਥਾਂ ਨਾ ਪੱਖੀ ਤਬਦੀਲੀ ਨਾ ਆਵੇ। ਸਜ਼ਾ ਹਰ ਹਾਲਤ ਵਿਚ ਆਖ਼ਰੀ ਵਿਕਲਪ ਹੋਣਾ ਚਾਹੀਦਾ ਹੈ। ਪਰ ਬਹੁਤੇ ਅਧਿਆਪਕ ਇਸ ਨੂੰ ਪਹਿਲਾਂ ਹੀ ਮੰਨ ਲੈਂਦੇ ਹਨ ਤੇ ਗੱਲ ਨੂੰ ਸੌਖਿਆਂ ਨਿਬੇੜਨ ਦੇ ਰੂਪ ਵਿਚ ਅਜਿਹੀਆਂ ਸਜ਼ਾਵਾਂ ਦਿੰਦੇ ਹਨ, ਜਿਨ੍ਹਾਂ ਨਾਲ ਬੱਚੇ ਦਾ ਆਤਮ ਸਨਮਾਨ ਤਬਾਹ ਹੋ ਜਾਂਦਾ ਹੈ ਤੇ ਬੱਚੇ ਦੀ ਗੱਡੀ ਪਟੜੀ ਤੋਂ ਉੱਤਰ ਜਾਂਦੀ ਹੈ।
ਅਸਲ ਵਿਚ ਇਹ ਸਾਰਾ ਮਸਲਾ ਬੱਚਿਆਂ ਦੇ ਸੰਵੇਗਾਂ ਨੂੰ ਸਮਝਣ ਤੇ ਕੰਟਰੋਲ ਕਰਨ ਦਾ ਹੈ। ਬੱਚਿਆਂ ਦੇ ਮਨ ਵਿਚ ਭਾਵਨਾਵਾਂ ਦੇ ਬਹੁਤ ਸਾਰੇ ਉਛਾਲ, ਬਹੁਤ ਸਾਰੇ ਜੁਆਰਭਾਟੇ ਤੇ ਪ੍ਰਤੀਕ੍ਰਿਆ ਵਾਂ ਚੱਲਦੀਆਂ ਰਹਿੰਦੀਆਂ ਹਨ। ਕਿਸ ਸਥਿਤੀ ਵਿਚ ਕੀ ਪ੍ਰਤੀਕਿਰਿਆ ਦੇਣੀ ਹੈ, ਬੱਚਿਆਂ ਨੂੰ ਬਹੁਤੀ ਵਾਰ ਇਸ ਦੀ ਸਮਝ ਨਹੀਂ ਹੁੰਦੀ ਅਤੇ ਉਹ ਆਪਣੇ ਸੰਵੇਗਾਂ ਦੇ ਮੁਤਾਬਕ ਰੀਐਕਟ ਕਰਦੇ ਹਨ। ਬੱਚਿਆਂ ਦੀਆਂ ਇਨ੍ਹਾਂ ਭਾਵਨਾਤਮਕ ਲਹਿਰਾਂ ਨੂੰ ਸਮਝਣਾ ਤੇ ਇਨ੍ਹਾਂ ਨੂੰ ਠੀਕ ਦਿਸ਼ਾ ਦੇਣਾ ਹੀ ਸਫਲ ਅਧਿਆਪਨ ਹੈ।

ਅਮਰੀਕਾ ਦੇ ਸਕੂਲਾਂ ਦੀਆਂ ਘਟਨਾਵਾਂ ਆਪਾਂ ਸਾਰਿਆਂ ਨੇ ਅਕਸਰ ਸੁਣੀਆਂ-ਸੁਣਾਈਆਂ ਹਨ। ਉੱਥੇ ਬੱਚੇ ਪਿਸਟਲ ਲੈ ਕੇ ਸਕੂਲ ਆਉਂਦੇ ਹਨ ਤੇ ਜਮਾਤ ਵਿਚ ਸ਼ਰੇਆਮ ਗੋਲੀ ਚਲਾ ਦਿੰਦੇ ਹਨ। ਅਮਰੀਕਾ ਦੇ ਸਕੂਲਾਂ ਵਿਚ ਅਜਿਹੀਆਂ ਬਹੁਤ ਸਾਰੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ। ਪਰ ਕੀ ਤੁਸੀਂ ਇਹ ਸੁਣਿਆ ਹੈ ਕਿ ਉਨ੍ਹਾਂ ਸਕੂਲਾਂ ਵਿਚ ਕਦੇ ਅਧਿਆਪਕ ਨੇ ਬੱਚੇ ਦੇ ਮੋੜਵੀਂ ਗੋਲੀ ਮਾਰੀ ਹੋਵੇ, ਜਾਂ ਕੁੱਟਿਆ ਹੋਵੇ, ਜਾਂ ਸਕੂਲੋਂ ਬਾਹਰ ਕੱਢ ਦਿੱਤਾ ਹੋਵੇ। ਅਜਿਹਾ ਕਦੇ ਨਹੀਂ ਹੁੰਦਾ। ਕਿਉਂਕਿ ਉੱਥੇ ਅਧਿਆਪਕਾਂ ਨੂੰ ਇਹ ਸਿਖਾਇਆ ਹੀ ਨਹੀਂ ਜਾਂਦਾ। ਉੱਥੇ ਇਹ ਸਿਖਾਇਆ ਜਾਂਦਾ ਹੈ ਕਿ ਅਜਿਹੇ ਬੱਚੇ ਮਾਨਸਿਕ ਰੋਗੀ ਹੁੰਦੇ ਹਨ ਅਤੇ ਅਧਿਆਪਕ ਨੇ ਇਹ ਦੇਖਣਾ ਹੁੰਦਾ ਹੈ ਕਿ ਬੱਚੇ ਅਜਿਹਾ ਕਰਦੇ ਕਿਉਂ ਹਨ? ਇਹ ਲੱਭਣ ਤੋਂ ਬਾਅਦ ਉਨ੍ਹਾਂ ਦੇ ਕਾਰਨਾਂ ਨੂੰ ਦੂਰ ਕਰਨ ਲਈ ਕਿਹਾ ਜਾਂਦਾ ਹੈ। ਸਭ ਨੂੰ ਪਤਾ ਹੈ ਕਿ ਅਮਰੀਕਾ ਵਿਚ ‘ਗੰਨ ਕਲਚਰ’ ਹੈ। ਕਰੋਨਾ ਕਾਲ ਵਿਚ ਵੀ ਉੱਥੇ ਸੈਨੇਟਾਈਜ਼ਰ ਨਾਲੋਂ ਵੱਧ ਗੰਨਾਂ ਤੇ ਪਿਸਟਲਾਂ ਦੀ ਖ਼ਰੀਦ ਹੋਈ। ਅਜਿਹੇ ਮਨੋਰੋਗੀ ਹੋ ਚੁੱਕੇ ਬੱਚੇ ਅਜਿਹੇ ਘਰਾਂ ‘ਚੋਂ ਆਉਂਦੇ ਹਨ, ਜਿੱਥੇ ਵੱਡੀ ਪੱਧਰ 'ਤੇ ਡਰੱਗ ਕਲਚਰ ਹੈ ਤੇ ਗੰਨ ਕਲਚਰ ਹੈ। ਅਮਰੀਕਾ ਵਸੀ ਪੰਜਾਬੀ ਲੇਖਕਾ ਗੁਲਸ਼ਨ ਪੀ ਦਿਆਲ ਦੱਸਦੀ ਹੈ :
ਸਾਰੀ ਦੁਨੀਆ ਵਿਚ ਬੱਚੇ ਇੱਕੋ ਜਿਹੀਆਂ ਹੀ ਸ਼ਰਾਰਤਾਂ ਕਰਦੇ ਸਨ। ਗੱਲ ਕੁੱਟ ਦੀ ਨਹੀਂ ਹੈ – ਗੱਲ ਇਹ ਹੈ ਕਿ ਤੁਸੀਂ ਬੱਚੇ ਨੂੰ ਕਿੰਨਾ ਪਿਆਰ ਕਰਦੇ ਹੋ – ਕਿਵੇਂ ਜਾਨ ਨਾਲ ਪੜ੍ਹਾਉਂਦੇ ਹੋ। ਇੱਥੇ ਜਦ ਬੱਚੇ ਕੁਝ ਗ਼ਲਤ ਕਰਦੇ ਹਨ ਤਾਂ ਟੀਚਰ ਉਸ ਇਕੱਲੇ ਨਾਲ ਗੱਲ ਕਰਦਾ ਹੈ – ਕਲਾਸ ਸਾਹਮਣੇ ਕਦੀ ਵੀ ਨਹੀਂ। ਇਸ ਗੱਲ ਬਾਤ ਵਿੱਚ ਉਹ ਉਸ ਨੂੰ ਜੱਜ ਨਹੀਂ ਕਰਦਾ ਬਲਕਿ ਉਸ ਨੂੰ ਆਪਣੀ ਕੀਤੀ ਗ਼ਲਤੀ ਨੂੰ ਖ਼ੁਦ ਲੱਭਣਾ ਤੇ ਅਹਿਸਾਸ ਕਰਨਾ ਸਿਖਾਉਂਦਾ ਹੈ ਤਾਂ ਕਿ ਬੱਚੇ ਨੂੰ ਖ਼ੁਦ ਲੱਗੇ ਕਿ ਉਹ ਗ਼ਲਤ ਸੀ। ਜੇ ਬੱਚੇ ਨੇ ਗ਼ੁੱਸੇ ਵਿੱਚ ਕੁਝ ਗ਼ਲਤ ਕੀਤਾ ਹੈ ਤਾਂ ਉਸ ਨੂੰ ਸਿਖਾਇਆ ਜਾਂਦਾ ਹੈ ਕਿ ਆਪਣੀਆਂ ਭਾਵਨਾਵਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ। ਮੈਨੂੰ ਪਤਾ ਹੈ ਕਿ ਅਮਰੀਕਾ ਦੇ ਸਕੂਲਾਂ ਵਿੱਚ ਵਾਇਲੈਂਸ ਹੁੰਦਾ ਹੈ – ਉਸ ਦੇ ਬਹੁਤ ਘਰੇਲੂ ਕਾਰਨ ਹਨ – ਇੱਥੋਂ ਦੇ ਟੁੱਟ ਰਹੇ ਪਰਿਵਾਰਾਂ ਵਿਚੋਂ ਜਾਂ ਡਰੱਗ ਲੈਂਦੇ ਮਾਪਿਆਂ ਦੇ ਘਰਾਂ ਵਿਚੋਂ ਜੋ ਬੱਚੇ ਆਉਂਦੇ ਹਨ – ਉਨ੍ਹਾਂ ਨਾਲ ਇੰਨੀਆਂ ਦੁੱਖ ਭਰੀਆਂ ਕਹਾਣੀਆਂ ਜੁੜੀਆਂ ਹੁੰਦੀਆਂ ਹਨ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਇੱਥੇ ਬੱਚਿਆਂ ਨੂੰ ਸਜ਼ਾ ਇਸ ਤਰ੍ਹਾਂ ਦੀ ਮਿਲਦੀ ਹੈ ਕਿ ਜਿਵੇਂ ਬੱਚੇ ਨੂੰ ਸਕੂਲ ਤੋਂ ਬਾਅਦ ‘ਡਿਟੇਨ’ ਕਰਨਾ। ਜ਼ਿਆਦਾ ਤੌਰ 'ਤੇ ਇੱਥੇ ਟੀਚਰ ਤੇ ਪ੍ਰਿੰਸੀਪਲ ਬੱਚੇ ਨਾਲ ਇਸ ਤਰ੍ਹਾਂ ਕੌਂਸਲਿੰਗ ਕਰਦੇ ਹਨ ਕਿ ਉਹ ਆਪਣੀਆਂ ਕੀਤੀਆਂ ਗ਼ਲਤੀਆਂ ਨੂੰ ਸਮਝਣ, ਉਸ ਦੀ ਜ਼ਿੰਮੇਵਾਰੀ ਲੈਣ, ਤੇ ਬੱਚੇ ਨੂੰ ਆਖਿਆ ਜਾਂਦਾ ਹੈ ਕਿ ਜਦ ਉਸ ਨੇ ਗ਼ਲਤੀ ਕੀਤੀ ਸੀ ਤਾਂ ਉਸ ਦੇ ਮਨ ਵਿੱਚ ਕੀ ਚੱਲ ਰਿਹਾ ਸੀ – ਉਨ੍ਹਾਂ ਗੱਲਾਂ ਨੂੰ ਉਹ ਲਿਖੇ ਤੇ ਫਿਰ ਖ਼ੁਦ ਪੜ੍ਹੇ -ਜੋ ਫਿਰ ਇਹ ਸਾਰਾ ਕੁਝ ਕਿਸੇ ਮਨੋਵਿਗਿਆਨੀ ਨੇ ਦੇਖਣਾ ਹੁੰਦਾ ਹੈ।“
ਸੋ ਦੋਸਤੋ ! ਅਧਿਆਪਕ ਇਕ ਪਾਸੇ ਇਕ ਸਾਧਾਰਨ ਪ੍ਰਾਣੀ ਹੁੰਦਾ ਹੈ, ਜਿਸ ਦੇ ਸਮਾਜ ਦੇ ਦਬਾਅ, ਆਦਤਾਂ, ਵਰਤਾਰੇ ਅਤੇ ਰੁਝਾਨ ਓਵੇਂ ਅਸਰ-ਅੰਦਾਜ਼ ਹੁੰਦੇ ਹਨ, ਜਿਵੇਂ ਬਾਕੀ ਲੋਕਾਂ 'ਤੇ ਹੁੰਦੇ ਹਨ। ਦੂਜੇ ਪਾਸੇ ਅਧਿਆਪਕ ਇਕ ਅਸਾਧਾਰਨ ਪ੍ਰਾਣੀ ਹੁੰਦਾ ਹੈ। ਉਸ ਨੂੰ ਸਮਾਜ ਦੇ ਸਭ ਤੋਂ ਵੱਧ ਮਹੱਤਵਪੂਰਨ ਵਰਗ ‘ਬਚਿਆਂ’ ਨੂੰ ਡੀਲ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਇਸ ਲਈ ਉਸ ਨੇ ਆਪਣੀਆਂ ਸੀਮਾਵਾਂ ਤੇ ਕਮਜ਼ੋਰੀਆਂ ਨੂੰ ਸੰਭਾਵਨਾਵਾਂ ਤੇ ਸਮਰਥਾਵਾਂ ਵਿਚ ਬਦਲਣਾ ਹੁੰਦਾ ਹੈ। ਹਰ ਬੰਦੇ ਨੇ ‘ਵਾਇਆ ਅਧਿਆਪਕ’ ਸਮਾਜ ਦੇ ਸਾਗਰ ਵਿਚ ਠਿੱਲ੍ਹਣਾ ਹੁੰਦਾ ਹੈ। ਅਧਿਆਪਕ ਦਾ ਚੰਗਾ ਜਾਂ ਮਾੜਾ ਹੋਣਾ ਸਿਰਫ਼ ਇਕ ਇਨਸਾਨ ਦਾ ਚੰਗਾ ਜਾਂ ਮਾੜਾ ਹੋਣਾ ਨਹੀਂ ਹੋਣਾ ਹੁੰਦਾ, ਬਲਕਿ ਉਸ ਰਾਹੀਂ ਕਈ ਪੀੜ੍ਹੀਆਂ ਚੰਗੀਆਂ ਜਾਂ ਮਾੜੀਆਂ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਸੋ ਇਹ ਸਵੀਕਾਰ ਕਰਦੇ ਹੋਏ ਵੀ ਕਿ ਸਮਾਜ ਵਿਚ ਬਹੁਤ ਕੁਝ ਅਧਿਆਪਕ ਦੇ ਅਨੁਕੂਲ ਨਹੀਂ ਹੈ, ਇਸ ਦੀ ਕੀਮਤ ਬੱਚੇ ਨਾਲ ਅਨਿਆਂ ਕਰਕੇ ਨਹੀਂ ਚੁਕਾਈ ਜਾ ਸਕਦੀ। ਅਧਿਆਪਕ ਨੂੰ ਅਨਿਆਂ ਦੇ ਖ਼ਿਲਾਫ਼ ਲੜਨਾ ਚਾਹੀਦਾ ਹੈ, ਅਤੇ ਆਪਣੇ ਵਿਦਿਆਰਥੀਆਂ ਅੰਦਰ ਵੀ ਇਹ ਭਾਵਨਾ ਭਰਨੀ ਚਾਹੀਦੀ ਹੈ, ਪਰ ਕਦੇ ਵੀ ਤੈਸ਼, ਗ਼ੁੱਸੇ, ਖਿਝ, ਜਾਂ ਚਿੜ ਵਿਚ ਬੱਚਿਆਂ ਨਾਲ ਅਨਿਆਂ ਹਰਗਿਜ਼ ਨਹੀਂ ਕਰਨਾ ਚਾਹੀਦਾ। ਇਹੀ ਅਧਿਆਪਕ ਹੋਣ ਦਾ ਗੌਰਵ ਹੈ।

Related Region
  • No comments yet.
  • Add a review