Article

ਰਾਤਾਂ ਨੂੰ ਲਏ ਸੁਪਨੇ ਅਵਚੇਤਨ ਵਿਚੋਂ ਜਨਮਦੇ ਹਨ ਅਤੇ ਅੱਧ-ਪਚੱਧੇ ਚੇਤਨ ਤੱਕ ਪਹੁੰਚਦੇ ਹੋਏ ਅਗਲੀ ਰਾਤ ਫਿਰ ਆਉਣ ਦੇ ਵਾਅਦੇ ਨਾਲ ਦਮ ਤੋੜ ਜਾਂਦੇ ਹਨ। ਪਰ ਜਾਗਦੇ ਹੋਏ ਲਏ ਸੁਪਨੇ ਚੇਤਨ ਵਿਚੋਂ ਜਨਮਦੇ ਹਨ ਅਤੇ ਅਵਚੇਤਨ ਤੱਕ ਪਹੁੰਚਦੇ ਹਨ ਅਤੇ ਮੁੜ ਪੱਕੇ ਤੌਰ 'ਤੇ ਅਵਚੇਤਨ ਵਿਚ ਟਿਕ ਜਾਂਦੇ ਹਨ ਅਤੇ ਬੰਦਾ ਸਾਰੀ ਉਮਰ ਇਨ੍ਹਾਂ ਦੀ ਪੂਰਤੀ ਲਈ ਜੂਝਦਾ ਅਤੇ ਤਾਂਘਦਾ ਹੈ। ਅਜਿਹਾ ਹੀ ਇਕ ਸੁਪਨਾ ਲਿਆ ਸੀ ਮਾਰਟਿਨ ਲੂਥਰ ਜੂਨੀਅਰ ਕਿੰਗ ਨੇ ਜਿਸ ਨੂੰ ਗੁਲਾਮੀ ਦੀ ਸਦੀਆਂ ਲੰਮੀ ਪਰੰਪਰਾ ਵਿਰਾਸਤ ਵਿਚ ਮਿਲੀ ਸੀ, ਉਹ ਪਰੰਪਰਾ ਜੋ ਮਨੁੱਖੀ ਇਤਿਹਾਸ ਦੇ ਮੱਥੇ 'ਤੇ ਸਭ ਤੋਂ ਵੱਡਾ ਬਦਨੁਮਾ ਦਾਗ ਬਣ ਗਈ। ਮਨੁੱਖ ਹੱਥੋਂ ਮਨੁੱਖ ਨੂੰ ਗੁਲਾਮ ਬਣਾਉਣ ਦੀ ਪਰੰਪਰਾ, ਮਨੁੱਖ ਦੁਆਰਾ ਮਨੁੱਖਾਂ ਨੂੰ ਖਰੀਦੇ ਤੇ ਵੇਚੇ ਜਾਣ ਦੀ ਪਰੰਪਰਾ, ਮਨੁੱਖ ਹੱਥੋਂ ਮਨੁੱਖ ਤੋਂ ਪਸ਼ੂਆਂ ਤੋਂ ਵੀ ਵਧਰੇ ਜ਼ਾਲਿਮਾਨਾ ਤਰੀਕੇ ਨਾਲ ਕੰਮ ਕਰਾਏ ਜਾਣ ਦੀ ਪਰੰਪਰਾ, ਮਨੁੱਖ ਹੱਥੋਂ ਮਨੁੱਖ ਨੂੰ ਚਮੜੀ ਦੇ ਰੰਗ ਦੇ ਆਧਾਰ 'ਤੇ ਦੋਇਮ ਦਰਜੇ ਦੇ ਨਾਗਰਿਕ ਮੰਨਣ ਦੀ ਪਰੰਪਰਾ.. ਜਿਸ ਨੇ ਚਾਰ ਸਦੀਆਂ ਤੋਂ ਵੀ ਵੱਧ ਸਮੇਂ ਲਈ ਲੱਖਾਂ ਲੋਕਾਂ ਨੂੰ ਜ਼ਹਾਲਤ ਅਤੇ ਜ਼ਲਾਲਤ ਦੇ ਡੂੰਘੇ ਸਮੁੰਦਰ ਵਿਚ ਧੱਕ ਦਿੱਤਾ। ਇਹ ਪਰੰਪਰਾ ਅਫਰੀਕੀ ਨਸਲ ਦੇ ਕਾਲੇ ਰੰਗ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਰੰਗ ਦੇ ਆਧਾਰ 'ਤੇ ਗੋਰੇ ਰੰਗ ਵਾਲਿਆਂ ਵੱਲੋਂ ਨਫ਼ਰਤ ਕਰਨ ਅਤੇ ਉਨ੍ਹਾਂ ਨੂੰ ਗੁਲਾਮ ਬਣਾ ਕੇ ਰਖਣ ਦੀ ਪਰੰਪਰਾ ਸੀ। ਇਸ ਪਰੰਪਰਾ ਤੋਂ ਮੁਕਤੀ ਲਈ ਪਹਿਲਾਂ ਅਬਰਾਹਮ ਲਿੰਕਨ ਨੇ ਘਰੇਲੂ ਖਾਨਾਜੰਗੀ ਦਾ ਸਾਹਮਣਾ ਕਰਦੇ ਹੋਏ ਵੀ ਇਸ ਦੇ ਖਿਲਾਫ਼ ਸੰਵਿਧਾਨ ਵਿਚ ਤੇਰ੍ਹਵੀਂ ਸੋਧ ਰਾਹੀਂ ਕਾਨੂੰਨ ਬਣਾਇਆ। ਪਰ ਕਾਨੂੰਨੀ ਤੌਰ 'ਤੇ ਪ੍ਰਤੀਬੰਧਿਤ ਹੋਣ ਦੇ ਬਾਵਜੂਦ ਇਹ ਅਮਨੁੱਖੀ ਭਾਵ ਅਮਰੀਕੀ ਗੋਰੀ ਨਸਲ ਦੇ ਲੋਕਾਂ ਦੇ ਅੰਦਰੋਂ ਨਹੀਂ ਨਿਕਲ ਸਕਿਆ ਅਤੇ ਉਸੇ ਤਰ੍ਹਾਂ ਕਾਲਿਆਂ ਨੂੰ ਦੁਰਕਾਰਨ ਤੇ ਫਿਟਕਾਰਨ ਦਾ ਸਿਲਸਿਲਾ ਚਲਦਾ ਰਿਹਾ।

ਮਾਰਟਿਨ ਲੂਥਰ ਕਿੰਗ ਅਤੇ ਉਸ ਦੇ ਸਹਿਯੋਗੀਆਂ ਨੇ ਅਮਰੀਕਾ ਵਿਚ ਨਸਲਪ੍ਰਸਤੀ ਦੀਆਂ ਨੀਤੀਆਂ ਲਈ ਬਦਨਾਮ ਬਰਮਿੰਘਮ ਅਲਬਾਮਾ ਸ਼ਹਿਰ ਵਿਚ 12 ਅਪ੍ਰੈਲ 1963 ਨੂੰ ਇਕ ਪ੍ਰਦਰਸ਼ਨ ਕੀਤਾ, ਜਿਸ ਨੂੰ ਉੱਥੋਂ ਦੀ ਪੁਲਿਸ ਨੇ ਬੇਰਹਿਮੀ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਅਤੇ ਜਿਸ ਦੇ ਵਿਰੋਧ ਵਿਚ ਕਾਲੇ ਲੋਕਾਂ ਦਾ ਸੰਘਰਸ਼ ਹੋਰ ਵੀ ਤਿੱਖਾ ਹੋਇਆ ਅਤੇ ਇਹ ਪੂਰੇ ਅਮਰੀਕਾ ਵਿਚ ਫੈਲਿਆ। ਤਤਕਾਲੀ ਰਾਸ਼ਟਰਪਤੀ ਜਾਨ ਐਫ ਕਨੇਡੀ ਨੇ ਇਹ ਐਲਾਨ ਕੀਤਾ ਕਿ ਉਹ ਅਮਰੀਕਾ ਵਿਚ ਰੰਗ ਭੇਦ ਨੂੰ ਖ਼ਤਮ ਕਰਨ ਲਈ ਕਨੂੰਨ ਲਿਆਉਣਗੇ। ਇਸ ਦੇ ਸਮਰਥਨ ਵਿਚ ਮਾਰਟਿਨ ਲੂਥਰ ਕਿੰਗ ਨੇ ਵਸ਼ਿੰਗਟਨ ਮਾਰਚ ਕੀਤਾ ਜਿਸ ਵਿਚ ਬਹੁਤ ਵੱਡੀ ਗਿਣਤੀ ਵਿਚ ਗੋਰੇ ਅਤੇ ਕਾਲੇ ਲੋਕ ਸ਼ਾਮਿਲ ਹੋਏ। ਭਾਵੇ ਇਸੇ ਵਜ੍ਹਾ ਨਾਲ ਬਾਅਦ ਵਿਚ ਜਾਨ ਐਫ ਕਨੇਡੀ ਦੀ ਹੱਤਿਆ ਵੀ ਹੋ ਗਈ ਸੀ। ਇਸ ਵਿਸ਼ਾਲ ਅਗਵਾਈ ਦੀ ਬਦੌਲਤ ਹੀ ਮਾਰਟਿਨ ਲੂਥਰ ਕਿੰਗ ਨੂੰ ਟਾਈਮਜ਼ ਮੈਗਜ਼ੀਨ ਨੇ ‘ਮੈਨ ਆਫ ਦ ਈਅਰ’ ਐਵਾਰਡ ਦਿੱਤਾ ਅਤੇ ਬਾਅਦ ਵਿਚ ਉਹ ਉਸ ਦੌਰ ਦੇ ਸਭ ਤੋਂ ਛੋਟੀ ਉਮਰ ਦੇ ਨੋਬੇਲ ਪੁਰਸਕਾਰ ਜੇਤੂ ਵੀ ਬਣੇ। ਇਸ ਇਤਹਾਸਿਕ ਮਾਰਚ ਵਿਚ ਉਸ ਨੇ ਇਤਿਹਾਸ ਪੁਰਸ਼ ਅਬਰਾਹਮ ਲਿੰਕਨ ਦੀ ਯਾਦ ਵਿਚ ਬਣੇ ‘ਲਿੰਕਨ ਮੈਮੋਰੀਅਲ’ ਦੀਆਂ ਪੌੜੀਆਂ 'ਤੇ ਖਲੋ ਕੇ ਇਕ ਯਾਦਗਾਰੀ ਲੈਕਚਰ ਦਿੱਤਾ ਜਿਸ ਦਾ ਨਾਂ ਸੀ :ਆਈ ਹੈਵ ਏ ਡਰੀਮ (I HAVE A DREAM)

ਇਹ ਡਰੀਮ ਏਨਾ ਪ੍ਰਭਾਵਸ਼ਾਲੀ ਸੀ ਕਿ ਪੂਰਾ ਅਮਰੀਕਾ ਉਸ ਦੇ ਪਿੱਛੇ ਲੱਗ ਤੁਰਿਆ। ਮਾਰਟਿਨ ਲੂਥਰ ਦੁਆਰਾ ਦਿੱਤਾ ਗਿਆ ਇਹ ਭਾਸ਼ਣ ਮਨੁੱਖੀ ਅਜ਼ਮਤ ਦੀ ਰਾਖੀ ਦਾ ਮਹੱਤਵਪੂਰਨ ਅਤੇ ਵਿਸ਼ਵ ਪ੍ਰਸਿੱਧ ਦਸਤਵੇਜ਼ ਬਣ ਗਿਆ। ਪਿਛਲੇ ਸਾਲ ਜਦੋਂ ਅਮਰੀਕਾ ਵਿਚ ਗੋਰੇ ਪੁਲਿਸ ਅਫ਼ਸਰ ਨੇ ਕਾਲੇ ਜਾਰਜ ਫਲਾਇਡ ਦੀ ਗਰਦਨ 'ਤੇ ਗੋਡਾ ਰੱਖ ਕੇ ਉਸ ਦੀ ਹੱਤਿਆ ਕਰ ਦਿੱਤੀ ਤਾਂ ਅਮਰੀਕਾ ਵਿਚ ਰਾਤੋ-ਰਾਤ ਵੱਡਾ ਅੰਦੋਲਨ ਖੜਾ ਹੋ ਗਿਆ। ਲੋਕ ਕਰੋਨਾ ਦੇ ਖੌਫ਼ ਤੋਂ ਮੁਕਤ ਹੋ ਕੇ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚ ਸ਼ਾਮਿਲ ਹੋਏ ਅਤੇ ਇਹ ਸਿੱਧ ਕੀਤਾ ਕਿ ਜਾਗਦੀ ਅੱਖ ਦੁਆਰਾ ਲਏ ਸੁਪਨੇ ਕਦੇ ਮਰਦੇ ਨਹੀਂ ਹੁੰਦੇ। ਜੇਕਰ ਮਾਰਨ ਵਾਲਾ ਇਕ ਜ਼ਾਲਮ ਸਾਹਮਣੇ ਆਇਆ ਤਾਂ ਉਸ ਦਾ ਵਿਰੋਧ ਕਰਨ ਲਈ ਲੱਖਾਂ ਲੋਕ ਸੜਕਾਂ 'ਤੇ ਨਿੱਤਰ ਪਏ। ਲੋਕ ਰਾਸ਼ਟਰਪਤੀ ਭਵਨ ਤੱਕ ਪਹੁੰਚ ਗਏ ਅਤੇ ਰਾਸ਼ਟਰਪਤੀ ਬੰਕਰਾਂ ਤੱਕ ਪਹੁੰਚ ਗਿਆ। ਇਸ ਦਸਤਾਵੇਜ਼ ਵਿਚ ਉਸ ਨੇ ਬਹੁਤ ਹੀ ਬੁਲੰਦ ਅਤੇ ਦਾਰਸ਼ਨਿਕ ਤਰੀਕੇ ਨਾਲ ਨਸਲਭੇਦ ਦੇ ਖ਼ਿਲਾਫ਼ ਬੋਲਿਆ ਅਤੇ ਨਾਲ ਹੀ ਉਸ ਨੇ ਆਪਣੇ ਲੋਕਾਂ ਨੂੰ ਦੇਸ਼ ਤੋਂ ਅਲਹਿਦਾ ਹੋਣ, ਹਿੰਸਾ ਕਰਨ ਅਤੇ ਦੂਜਿਆਂ ਪ੍ਰਤੀ ਮੰਦਭਾਗਾ ਰੁਖ਼ ਅਪਣਾਉਣ ਤੋਂ ਵੀ ਸਖ਼ਤੀ ਨਾਲ ਵਰਜਿਆ। ਇਸ ਦੇ ਨਾਲ ਹੀ ਉਸ ਨੇ ਇਹ ਗੱਲ ਵੀ ਕਹੀ ਕਿ ਜਦ ਮੇਰੇ ਦੇਸ਼ ਅਮਰੀਕਾ ਵਿਚ ਬੰਦੇ ਦੀ ਪਛਾਣ ਉਸ ਦੀ ਚਮੜੀ ਕਰਕੇ  ਨਹੀਂ ਕਿਰਦਾਰ ਕਰਕੇ ਹੋਣੀ ਸ਼ੁਰੂ ਹੋਵੇਗੀ ਤਦ ਅਮਰੀਕਾ ਦੁਨੀਆ ਲਈ ਚਾਨਣ ਮੁਨਾਰਾ ਬਣ ਸਕੇਗਾ।

ਅਸਲ ਵਿਚ ਆਜ਼ਾਦ ਹੋਣ ਵੱਲ ਪਹਿਲਾ ਕਦਮ ਗੁਲਾਮੀ ਦਾ ਅਹਿਸਾਸ ਹੋਣਾ ਹੀ ਹੁੰਦਾ ਹੈ। ਜਦ ਮਨੁੱਖ ਨੂੰ ਗੁਲਾਮੀ ਦਾ ਅਹਿਸਾਸ ਹੁੰਦਾ ਹੈ ਤਾਂ ਆਜ਼ਾਦ ਹੋਣ ਲਈ ਤਾਂਘਦਾ ਹੈ, ਤੜਫ਼ਦਾ ਹੈ, ਛਟਪਟਾਉਂਦਾ ਹੈ ਅਤੇ ਜੂਝਦਾ ਹੈ। ਇਹ ਉਸ ਦੇ ਅੰਦਰ ਪੈਦਾ ਹੋਈ ਆਪਣੇ ਆਪੇ ਦੀ ਸੋਝੀ ਦਾ ਪ੍ਰਮਾਣ ਹੁੰਦਾ ਹੈ। ਪਰ ਇਕੱਲਿਆਂ ਛਟਪਟਾਉਣ ਨਾਲ ਮੁਕਤੀ ਨਹੀਂ ਮਿਲਦੀ। ਬਲਕਿ ਇਸ ਕਾਰਜ ਲਈ ਇਕਮੁੱਠਤਾ ਤੇ ਇਕ ਜੁੱਟਤਾ ਦੀ ਲੋੜ ਹੁੰਦੀ ਹੈ, ਜਿਸ ਨਾਲ ਸਮੂ੍ਹਕ ਚੇਤਨਾ ਦਾ ਰਾਹ ਪੱਧਰਾ ਹੁੰਦਾ ਹੈ ਤੇ ਸਮਾਜ ਆਪਣੀਆਂ ਹਾਲਤਾਂ ਨੂੰ ਬਦਲਣ ਲਈ ਬਗਾਵਤਾਂ ਦੇ ਰਾਹ ਪੈਂਦਾ ਹੈ। ਦੁਨੀਆ ਦਾ ਇਤਿਹਾਸ ਅਜਿਹੀਆਂ ਸੈਂਕੜੇ ਕਹਾਣੀਆਂ ਨਾਲ ਭਰਿਆ ਪਿਆ ਹੈ ਜਿੱਥੇ ਗੁਲਾਮ ਹੋਣ ਦੇ ਅਹਿਸਾਸ ਨੂੰ ਮਹਿਸੂਸ ਕਰਨ ਤੋਂ ਬਾਅਦ ਗੁਲਾਮੀ ਤੋਂ ਮੁਕਤੀ ਲਈ ਵੱਡੀਆਂ ਲਹਿਰਾਂ ਉੱਠੀਆਂ ਅਤੇ ਇਨ੍ਹਾਂ ਨੇ ਵੱਡੀ ਸਮਾਜਿਕ ਉਥਲ-ਪੁਥਲ ਕੀਤੀ। ਗ਼ਦਰ ਲਹਿਰ ਵੀ ਇਕ ਅਜਿਹੀ ਹੀ ਲਹਿਰ ਸੀ, ਜਿਸ ਦੇ ਬਹੁਤ ਮੈਂਬਰ ਰੁਜ਼ਗਾਰ ਪ੍ਰਾਪਤੀ ਦੇ ਚੱਕਰ ਵਿਚ ਅਮਰੀਕਾ ਅਤੇ ਕਨੇਡਾ ਦੀਆਂ ਧਰਤੀਆਂ 'ਤੇ ਗਏ। ਉਥੇ ਉਨ੍ਹਾਂ ਨੂੰ ਭਾਰਤੀਆਂ ਦੀ ਲਾਹਣਤੀ ਸਥਿਤੀ ਦਾ ਤਦ ਅਹਿਸਾਸ ਹੋਇਆ ਜਦ ਉਨ੍ਹਾਂ ਨੂੰ ਥਾਂ ਥਾਂ ਗੁਲਾਮ ਹੋਣ ਦੇ ਤਾਹਨੇ ਮਾਰੇ ਗਏ ਅਤੇ ਉਨ੍ਹਾਂ ਦੀ ਅਣਖ ਨੂੰ ਹਲੂਣਾ ਦਿੱਤਾ ਗਿਆ। ਇਸ ਹਲੂਣੇ ਵਿਚੋਂ ਹੀ ਉਹ ਇੱਕਜੁੱਟ ਹੋਏ, ਗ਼ਦਰ  ਅਖ਼ਬਾਰ ਕੱਢਿਆ, ਭਾਰਤ ਵੱਲ ਕੂਚ ਕੀਤਾ ਅਤੇ ਭਾਰਤ ਵਿਚ ਕਰਾਂਤੀ ਲਈ ਜਾਨ ਹੂਲਵੀਆਂ ਕੋਸ਼ਿਸ਼ਾਂ ਕੀਤੀਆਂ। ਭਾਵੇਂ ਇਹ ਲਹਿਰ ਨਿਰਧਾਰਿਤ ਸਿੱਟੇ ਨਾ ਕਢ ਸਕੀ ਪਰ ਭਾਰਤੀਆਂ ਅੰਦਰੋਂ ਗੁਲਾਮੀ ਦੇ ਅਹਿਸਾਸ ਤੋਂ ਮੁਕਤ ਹੋਣ ਦਾ ਬੀਜ ਪੈਦਾ ਕਰਨਾ ਇਸ ਲਹਿਰ ਦੀ ਵੱਡੀ ਤੇ ਇਤਿਹਾਸਿਕ ਪ੍ਰਾਪਤੀ ਸੀ।

ਜਿਹੜਾ ਕਾਰਜ ਮਾਰਟਿਨ ਲੂਥਰ ਕਿੰਗ ਨੇ ਅਮਰੀਕੀ ਕਾਲੀ ਨਸਲ ਦੇ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਕੇ ਤੇ ਇਸ ਤੋਂ ਮੁਕਤ ਹੋਣ ਦਾ ਸੱਦਾ ਦੇ ਕੇ ਕੀਤਾ, ਲਗਭਗ ਅਜਿਹਾ ਹੀ ਕਾਰਜ ਭਾਰਤ ਦੀ ਧਰਤੀ 'ਤੇ ਭੀਮ ਰਾਓ ਅੰਬੇਡਕਰ ਨੇ ਬ੍ਰਾਹਮਣਵਾਦੀ ਮਾਨਸਿਕਤਾ ਤਹਿਤ ਦਰੜੀਆਂ ਜਾਣ ਵਾਲੀਆਂ ਦਲਿਤ ਜਾਤੀਆਂ ਨਾਲ ਹੋ ਰਹੇ ਸ਼ੋਸ਼ਣ ਤੇ ਵਿਤਕਰੇ ਨੂੰ ਸਮਾਪਤ ਕਰਨ ਵਿਚ ਅਦਾ ਕੀਤਾ। ਡਾ. ਭੀਮ ਰਾਓ ਅੰਬੇਡਕਰ ਅਜਿਹੇ ਇਨਸਾਨ ਸਨ, ਜਿਨ੍ਹਾਂ ਨੇ ਸਦੀਆਂ ਤੋਂ ਲਤਾੜੇ ਜਾ ਰਹੇ ਦਲਿਤਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਅਤੇ ਉਨ੍ਹਾਂ ਨੂੰ ਸਮੂਹਕ ਤੌਰ 'ਤੇ ਜੂਝਣ ਦਾ ਜਜ਼ਬਾ ਦੇਣ ਦੀ ਕੋਸ਼ਿਸ਼ ਕੀਤੀ। ਉਸ ਦੇ ਯਤਨਾਂ ਨਾਲ ਸੰਵਿਧਾਨ ਵਿਚ ਦਲਿਤ ਮੁਕਤੀ ਦੇ ਬਹੁਤ ਸਾਰੇ ਪ੍ਰਬੰਧ ਵੀ ਕੀਤੇ ਗਏ, ਪਰ ਬਦਨੀਤੇ ਹਾਕਮਾਂ ਨੇ ਸੰਵਿਧਾਨ ਨੂੰ ਹੀ ਦਾਅ 'ਤੇ ਲਗਾ ਦਿੱਤਾ। ਬ੍ਰਾਹਮਣਵਾਦੀ ਮਾਨਸਿਕਤਾ ਦੇ ਬੁਰੀ ਤਰ੍ਹਾਂ ਸ਼ਿਕਾਰ ਭਾਰਤੀ ਹਾਕਮਾਂ ਨੇ ਦਲਿਤ ਮੁਕਤੀ ਨੂੰ ਸਿਰਫ਼ ਰਿਜ਼ਰਵੇਸ਼ਨ ਤੱਕ ਸੀਮਤ ਕਰ ਦਿੱਤਾ। 73 ਸਾਲਾਂ ਦੀ ਸਾਰੀ ਸਿਆਸਤ ਇਸ ਇਕ ਆਰਜ਼ੀ ਸੰਵਿਧਾਨਕ ਵਿਵਸਥਾ ਦੇ ਚੁੱਲ੍ਹੇ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੀ ਰਹੀ। ਡਾ. ਭੀਮ ਰਾਓ ਅੰਬੇਦਕਾਰ ਦਾ ਅਖੀਰ ਵਿਚ ਬੁੱਧ ਧਰਮ ਵੱਲ ਝੁਕ ਜਾਣਾ ਇਕ ਅਜਿਹਾ ਫੈਸਲਾ ਸੀ ਜਿਸ ਨੂੰ ਵਕਤ ਦੀ ਮਜਬੂਰੀ ਵਿਚੋਂ ਵਿਰਾਸਤ ਵਿਚ ਸ਼ਰਣ ਲੈਣ ਦੇ ਇਕ ਯਤਨ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਕਿਉਂਕਿ ਹਿੰਦੂ ਧਰਮ ਦੀ ਮਨੂਵਾਦੀ ਸੋਚ ਕਾਰਨ ਉਸ ਵਿਚ ਦਲਿਤਾਂ ਲਈ ਉਂਝ ਹੀ ਕੋਈ ਸਪੇਸ ਨਹੀਂ ਸੀ, ਅਤੇ ਸਿੱਖ ਧਰਮ ਵਿਚ ਵੀ ਉਸ ਦੌਰ ਦੇ ਹਾਲਾਤਾਂ ਮੁਤਾਬਕ ਉਸ ਦੀ ਸਨਮਾਨਯੋਗ ਐਂਟਰੀ ਨਹੀਂ ਹੋ ਸਕੀ ਤੇ ਅੰਬੇਡਕਰ ਨੇ ਆਪਣੇ ਆਪ ਨੂੰ ਬੁੱਧ ਮਾਨਤਾਵਾਂ ਨੂੰ ਸਮਰਪਿਤ ਕਰ ਦਿੱਤਾ। ਬੇਸ਼ਕ ਬੁੱਧ ਧਰਮ ਬ੍ਰਾਹਮਣਵਾਦੀ ਸੋਚ ਦੇ ਮੁਕਾਬਲੇ ਵਧੇਰੇ ਲਚਕੀਲਾ ਅਤੇ ਤਾਰਕਿਕ ਅਤੇ ਦਲਿਤਾਂ ਲਈ ਸਨਮਾਨਯੋਗ ਸੀ, ਪਰ ਆਧੁਨਿਕ ਦੌਰ ਵਿਚ ਦਲਿਤ ਮੁਕਤੀ ਦਾ ਮੁਕੰਮਲ ਮਾਡਲ ਨਹੀਂ ਸੀ। ਦਲਿਤ ਸੰਵੇਦਨਾ ਅਤੇ ਦਲਿਤ ਚੇਤਨਾ ਤੋਂ ਬਾਅਦ ਸੰਘਰਸ਼ ਚਿੰਤਨ ਦੀਆਂ ਅਗਲੀਆਂ ਦਿਸ਼ਾਵਾਂ ਅਖ਼ਤਿਆਰ ਕਰਨੀਆਂ ਸਨ, ਪਰ ਹਾਲਾਤ ਇਹ ਬਣ ਗਈ ਕਿ ਦਲਿਤਾਂ ਅੰਦਰ ਜਾਤੀਗਤ ਚੇਤਨਾ ਤਾਂ ਪੈਦਾ ਹੋਈ, ਪਰ ਇਹ ਜਾਤੀਗਤ ਚੇਤਨਾ ਜਮਾਤੀ ਚੇਤਨਾ ਦਾ ਰੂਪ ਨਾ ਲੈ ਸਕੀ। ਇਸ ਦਾ ਸਿੱਟਾ ਤਿੰਨ ਰੂਪਾਂ ਵਿਚ ਨਿਕਲਿਆ :

  • ਪਹਿਲਾ ਇਹ ਕਿ ਦਲਿਤਾਂ ਅੰਦਰ 'ਦਲਿਤ' ਵਰਗ ਪੈਦਾ ਹੋਏ ਜੋ ਸੱਤਾ ਤੋਂ ਖ਼ੈਰਾਤ ਦੇ ਰੂਪ ਵਿਚ ਨਿਗੁਣੀਆਂ ਸਹੂਲਤਾਂ ਲੈਣ ਨੂੰ ਹੀ ਆਪਣੀ ਮੁਕਤੀ ਦਾ ਮਾਡਲ ਸਮਝਣ ਲੱਗ ਪਏ।
  • ਦੂਜਾ ਸਿੱਟਾ ਦਲਿਤਾਂ ਅੰਦਰ ਪੈਦਾ ਹੋਏ 'ਮਿਡਲ ਅਤੇ ਈਲੀਟ' ਵਰਗ ਦੇ ਰੂਪ ਵਿਚ ਨਿਕਲਿਆ ਜੋ ਆਪਣੇ ਆਪ ਨੂੰ ਇਸ ਦਾਇਰੇ ਅੰਦਰ 'ਜਗੀਰਦਾਰ' ਵਾਂਗੂ ਵਿਚਰਨ ਲੱਗੇ ਤੇ ਆਪਣੇ ਹੀ ਵਰਗ ਪ੍ਰਤੀ ਨਫ਼ਰਤ ਤੇ ਸੂਗ ਦੇ ਭਾਵ ਪੈਦਾ ਕਰਨ ਲੱਗੇ।·
  • ਤੀਜਾ ਸਿਟਾ ਜਾਤੀਗਤ ਆਧਾਰ 'ਤੇ ਉੱਸਰੀ ਸਿਆਸਤ ਦੇ ਰੂਪ ਵਿਚ ਨਿਕਲਿਆ, ਜਿਸ ਤਹਿਤ ਵੀ ਦਲਿਤਾਂ ਦੇ ਜਾਤੀ ਤੇ ਜਮਾਤੀ ਉਸਾਰ ਦੇ ਮਾਮਲੇ ਅੱਗੇ ਨਹੀਂ ਵਧੇ ਬਲਕਿ ਪਹਿਲਾਂ ਤੋਂ ਹੀ ਸਥਾਪਤ ਬ੍ਰਾਹਮਣੀ ਸੋਚ ਵਾਲੀਆਂ ਪਾਰਟੀਆਂ ਦੇ ਪੈਟਰਨ 'ਤੇ ਹੀ ਗਲੀ-ਸੜੀ ਸਿਆਸਤ ਹੋਣ ਲੱਗੀ। ਖੱਬੇ ਪੱਖੀ ਪਾਰਟੀਆਂ ਨੇ ਦਲਿਤ ਮਸਲੇ ਨੂੰ ਸਿਰਫ਼ ਆਰਥਿਕ ਨਾਬਰਾਬਰੀ ਦਾ ਮਸਲਾ ਤਸਲੀਮ ਕਰਕੇ ਜਾਤੀਗਤ ਬਣਤਰ ਰਾਹੀਂ ਪੈਦਾ ਹੋਈ ਜ਼ਿੱਲਤ ਤੇ ਅਮਾਨਵੀ ਵਿਹਾਰ ਨੂੰ ਅਣਗੌਲਾ ਕੀਤਾ ਅਤੇ ਇਸ ਤਰ੍ਹਾਂ ਦਲਿਤਾਂ ਪ੍ਰਤੀ ਆਪਣੀ ਸੀਮਤ ਤੇ ਪੇਤਲੀ ਪਹੁੰਚ ਕਾਰਨ ਅੱਲਗ-ਥਲੱਗ ਹੋਈ।·

ਇਸ ਪ੍ਰਕਾਰ ਦਲਿਤ ਮੁਕਤੀ ਦਾ ਮਸਲਾ ਡਾ. ਭੀਮ ਰਾਓ ਅੰਬੇਡਕਰ ਦੁਆਰਾ ਪੈਦਾ ਕੀਤੀ ਮੁਢਲੀ ਚੇਤਨਾ ਤੇ ਦਲਿਤ ਮੁਕਤੀ ਲਈ ਕੀਤੇ ਗਏ ਮੁਢਲੇ ਪ੍ਰਬੰਧਾਂ ਤੋਂ ਬਹੁਤਾ ਅੱਗੇ ਨਾ ਵਧ ਸਕਿਆ।

ਅੱਜ ਵੀ ਇਸ ਸਵਾਲ 'ਤੇ ਦਲਿਤਾਂ ਲਈ ਜੂਝ ਰਹੀਆਂ ਧਿਰਾਂ ਬੁਰੀ ਤਰ੍ਹਾਂ ਵੰਡੀਆਂ ਹੋਈਆਂ ਹਨ। ਕੁਝ ਧਿਰਾਂ ਅੱਜ ਵੀ ਇਸ ਨੂੰ ਨਿਰੋਲ ਜਾਤੀ ਦਾ ਸਵਾਲ ਮੰਨ ਰਹੀਆਂ ਹਨ ਤੇ ਕੁਝ ਨਿਰੋਲ ਜਮਾਤੀ..ਕੁਝ ਮੁਢਲੀਆਂ ਸਹੂ਼ਲਤਾਂ ਦੀ ਮੰਗ ਤੋਂ ਅੱਗੇ ਨਹੀਂ ਵਧ ਰਹੀਆਂ ਤੇ ਕੁਝ ਇਨ੍ਹਾਂ ਦੇ ਨਾਂ 'ਤੇ ਉਹੀ ਰਵਾਇਤੀ ਬ੍ਰਾਹਮਣਵਾਦੀ ਸਿਆਸਤ ਕਰ ਰਹੀਆਂ ਹਨ। ਇੱਥੋਂ ਤੱਕ ਕਿ ਦਲਿਤ ਸਾਹਿਤ ਦਾ ਬਹੁਤਾ ਹਿੱਸਾ ਵੀ ਦਲਿਤ ਸੰਵੇਦਨਾ ਨੂੰ ਤਾਂ ਪੇਸ਼ ਕਰਨ ਵਿਚ ਕਾਮਯਾਬ ਰਿਹਾ, ਪਰ ਇਸ ਤੋਂ ਅੱਗੇ ਦਲਿਤ ਮੁਕਤੀ ਦੇ ਮਾਡਲ 'ਤੇ ਜਾਂ ਤਾਂ ਚੁੱਪ ਕਰ ਜਾਂਦਾ ਰਿਹਾ ਤੇ ਜਾਂ ਫਿਰ ਸਪਸ਼ਟ ਦਿਸ਼ਾ ਵੱਲ ਸੰਕੇਤ ਨਾ ਕਰ ਸਕਿਆ। ਬਦਕਿਸਮਤੀ ਇਹ ਵੀ ਹੈ ਕਿ ਅੱਜ ਵੀ ਅਸੀਂ ਡਾ. ਅੰਬੇਡਕਰ ਵਰਗੀਆਂ ਸ਼ਖ਼ਸੀਅਤਾਂ ਦੇ ਜਨਮ ਦਿਨ ਸਿਰਫ਼ ਰਸਮੀ ਤੌਰ 'ਤੇ ਮਨਾ ਕੇ ਬੁੱਤਾ ਸਾਰ ਲੈਂਦੇ ਹਾਂ.. ਇਨ੍ਹਾਂ ਮਸਲਿਆਂ 'ਤੇ ਕੋਈ ਗੰਭੀਰ ਚਿੰਤਨ ਨਹੀਂ ਕਰਦੇ ਕਿ ਆਖਿਰ ਅੱਜ ਦਲਿਤ ਮੁਕਤੀ ਦੀ ਕਿਹੜੀ ਦਿਸ਼ਾ ਕਾਰਗਰ ਹੋ ਸਕਦੀ ਹੈ?

ਦਿੱਲੀ ਦੀ ਕੇਂਦਰੀ ਸੱਤਾ 'ਤੇ ਕਾਬਜ਼ ਧਿਰ ਨੇ ਪਹਿਲਾਂ ਖੇਤੀ ਵਿਰੁਧ ਤਿੰਨ ਕਨੂੰਨ ਬਣਾ ਕੇ ਤੇ ਫਿਰ ਕਿਰਤ ਕਨੂੰਨਾਂ ਵਿਚ ਸੋਧ ਕਰਕੇ ਇਹ ਤਾਂ ਸਿੱਧ ਕਰ ਦਿੱਤਾ ਹੈ ਕਿ ਹਮਲਾ ਕਿਸਾਨ ਤੇ ਮਜ਼ਦੂਰ ਸਮੇਤ ਸਮੁਚੇ ਕਿਰਤੀ ਵਰਗ 'ਤੇ ਹੀ ਹੋਣਾ ਹੈ। ਖੇਤੀ ਕਨੂੰਨਾਂ ਦੇ ਵਿਰੁਧ ਚੱਲ ਰਹੇ ਘੋਲ ਨੇ ਇਹ ਵੀ ਤੈਅ ਕੀਤਾ ਹੈ ਕਿ ਭਵਿੱਖ ਵਿਚ ਕਿਰਤੀ-ਕਿਸਾਨ ਦੀ ਮੁਕਤੀ ਦਾ ਰਾਹ ਵੀ ਸਾਂਝੇ ਸੰਘਰਸ਼ਾਂ ਰਾਹੀਂ ਹੀ ਨਿਕਲਣਾ ਹੈ। ਜਾਤੀਗਤ ਨਫ਼ਰਤਾਂ ਨੂੰ ਘਟਾ ਕੇ ਅਤੇ ਸਦੀਆਂ ਤੋਂ ਪੈਦਾ ਹੋਈ ਜ਼ਿੱਲਤ, ਤਿਰਸਕਾਰ ਤੇ ਹੀਣਤਾ ਦੇ ਕੰਪਲੈਕਸਾਂ ਨੂੰ ਸਮਝ ਕੇ ਜਮਾਤੀ ਆਧਾਰ 'ਤੇ ਇਕਮੁੱਠ ਹੋਣ ਦੇ ਯਤਨ ਇਸ ਕਿਸਾਨ ਅੰਦੋਲਨ ਰਾਹੀਂ ਮੁੱਢਲੇ ਪੱਧਰ 'ਤੇ ਸਾਹਮਣੇ ਆਏ ਹਨ। ਅਜੇ ਕਿਰਤ ਕਨੂੰਨਾਂ ਦੇ ਖਿਲਾਫ਼ ਵੱਡੇ ਘੋਲ ਵਿੱਢੇ ਜਾਣੇ ਹਨ, ਭਵਿੱਖ ਦੇ ਉਨ੍ਹਾਂ ਸੰਘਰਸ਼ਾਂ ਵਿਚ ਕਿਸਾਨਾਂ ਤੇ ਹੋਰ ਸੰਘਰਸ਼ੀ ਅਵਾਮ ਦੀ ਸ਼ਮੂਲੀਅਤ ਨੇ ਭਵਿੱਖ ਦੇ ਸੰਘਰਸ਼ਾਂ ਦੀ ਰੂਪ ਰੇਖਾ ਉਲੀਕਣੀ ਹੈ।

ਸਵਾਲ ਬਹੁਤ ਡੂੰਘੇ ਹਨ ਅਤੇ ਸੁਪਨੇ ਬਹੁਤ ਵੱਡੇ ਹਨ। ਨਾ ਸੁਪਨੇ ਮਰਨੇ ਚਾਹੀਦੇ ਹਨ ਅਤੇ ਨਾ ਸਵਾਲ ਨਿਰ-ਉੱਤਰ ਰਹਿਣ ਚਾਹੀਦੇ ਹਨ। ਅੱਜ ਵੀ ਨਾ ਅਬਰਾਹਮ ਲਿੰਕਨ ਅਤੇ ਮਾਰਟਿਨ ਲੂਥਰ ਕਿੰਗ ਦੇ ਦੇਸ਼ ਅਮਰੀਕਾ ਵਿਚ ਨਸਲੀ ਵਿਤਕਰਿਆਂ ਦਾ ਸਿਲਸਿਲਾ ਖ਼ਤਮ ਹੋਇਆ ਹੈ, ਨਾ ਹੀ ਭਾਰਤ ਵਿਚ ਗ਼ਦਰੀਆਂ ਦੀ ਭਾਵਨਾ ਵਾਲੀ ਆਜ਼ਾਦੀ ਆਈ ਹੈ ਤੇ ਨਾ ਹੀ ਡਾ. ਭੀਮ ਰਾਓ ਅੰਬੇਦਕਰ ਦੇ ਸੁਪਨੇ ਮੁਤਾਬਕ ਦਲਿਤਾਂ ਨਾਲ ਜਾਤੀਗਤ ਬੇਇਨਸਾਫ਼ੀਆਂ ਤੇ ਅਨਿਆਂ ਸਮਾਪਤ ਹੋਇਆ ਹੈ। ਜਦ ਤੱਕ ਇਹ ਪੈਂਡੇ ਬਾਕੀ ਹਨ, ਇਸ ਨੂੰ ਸਮਝਣ ਵਾਲੇ ਤੇ ਹੱਲ ਕਰਨ ਵਾਲੇ ਚਿੰਤਕ ਅਤੇ ਸੰਘਰਸ਼ਸ਼ੀਲ ਕਾਮੇ ਹਰ ਦੌਰ ਵਿਚ ਪੈਦਾ ਹੁੰਦੇ ਆਏ ਹਨ ਤੇ ਅੱਜ ਵੀ ਹੋ ਰਹੇ ਹਨ। 2017 ਵਿਚ ਕਰਨਾਟਕ ਵਿਚ ਹੋਏ ਇਕ ਅੰਤਰਰਾਸ਼ਟਰੀ ਸੰਮੇਲਨ ਵਿਚ ਮਾਰਟਿਨ ਲੂਥਰ ਕਿੰਗ ਦੇ ਬੇਟੇ ਮਾਰਟਿਨ ਲੂਥਰ ਤੀਜੇ ਨੇ ਡਾ. ਭੀਮ ਰਾਓ ਅੰਬੇਡਕਰ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਇਕ ਉਹ ਦੋਵੇਂ ‘ਕਰਾਂਤੀਕਾਰੀ ਭਾਈ’ (BROTHER REVOLUTIONARIES) ਸਨ। ਇਸ ਦਾ ਅਰਥ ਇਹ ਹੋਇਆ ਕਿ ਧਰਤੀਆਂ ਭਾਵੇਂ ਵੱਖ ਸਨ ਪਰ ਸੁਪਨੇ ਉਹੀ ਸਨ ਅਤੇ ਸਮਾਜਿਕ ਅਨਿਆਂ ਨਾਲ ਲੜਨ ਦੀ ਭਾਵਨਾ ਇੱਕੋ ਸੀ। ਸੰਕਟ ਅੱਜ ਵੀ ਹਨ, ਅਮਾਨਵੀ ਵਿਹਾਰ ਅੱਜ ਵੀ ਹੈ, ਸੱਤਾ ਦੀਆਂ ਬਦਨੀਤੀਆਂ ਅੱਜ ਵੀ ਹਨ ਅਤੇ ਉਨ੍ਹਾਂ ਨਾਲ ਜੂਝਣ ਦਾ ਜਜ਼ਬਾ ਅੱਜ ਵੀ ਹੈ। ਮਸਲਾ ਵਰਤਾਰਿਆਂ ਨੂੰ ਠੀਕ ਪ੍ਰਸੰਗ ਵਿਚ ਸਮਝਣ ਤੇ ਢੁੱਕਵੀਂ ਰਣਨੀਤੀ ਘੜਨ ਦਾ ਹੈ ਤਾਂ ਜੋ ਇਸ ਧਰਤੀ 'ਤੇ ਕਿਸੇ ਵੀ ਮਨੁੱਖ ਜਾਂ ਮਨੁੱਖੀ ਸਮੂਹ ਨਾਲ ਅਣਹੋਣੀਆਂ ਨਾ ਵਾਪਰਨ ਅਤੇ ਅਸੀਂ ਆਪਣੇ ਆਪ ਨੂੰ ਸਚਮੁਚ ਦੇ ‘ਇਨਸਾਨ’ ‘ਸਿੱਧ ਕਰ ਸਕੀਏ।

Related Region
  • No comments yet.
  • Add a review