Article

ਮੇਰੇ ਇਕ ਮਾਨਸਿਕ ਬਿਮਾਰੀਆਂ ਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਬਹੁਤ ਹੀ ਨਿੱਘੇ ਮਿੱਤਰ ਹਨ। ਇਕ ਦਿਨ ਮੈਂ ਉਨ੍ਹਾਂ ਕੋਲ ਬੈਠਾ ਸੀ। ਇਕ ਸਾਬਤ ਸੂਰਤ ਪਿਤਾ ਆਪਣੇ ਬੇਟੇ ਨੂੰ ਨਸ਼ਿਆਂ ਦੇ ਇਲਾਜ ਲਈ ਉਨ੍ਹਾਂ ਕੋਲ ਲੈ ਕੇ ਆਇਆ। ਨੌਜਵਾਨ ਬੇਟੇ ਨੇ ਜੈੱਲ ਲਾ ਕੇ ਵਾਲ ਖੜ੍ਹੇ ਕੀਤੇ ਹੋਏ ਸਨ­। ਮਹਿੰਗੀਆਂ ਐਨਕਾਂ,­ ਗਲ ਵਿਚ ਮੋਟੀ ਸੋਨੇ ਦੀ ਚੇਨੀ,­ ਕੰਨਾਂ ਵਿਚ ਮੁੰਦਰਾਂ ਤੇ ਸਰੀਰ ’ਤੇ ਡਰਾਉਣੇ ਟੈਟੂ ਬਣਵਾਏ ਹੋਏ ਸਨ। ਮੈਨੂੰ ਦੇਖ ਕੇ ਕਾਫ਼ੀ ਅਜੀਬ ਲੱਗਾ। ਮਾਤਾ-ਪਿਤਾ ਦੀ ਦਿੱਖ ਤੇ ਬੇਟੇ ਦੀ ਦਿੱਖ ਵਿਚ ਜ਼ਮੀਨ-ਅਸਮਾਨ ਦਾ ਅੰਤਰ ਸੀ। ਕੋਈ ਵੇਖ ਕੇ ਇਹ ਨਹੀਂ ਸੀ ਕਹਿ ਸਕਦਾ ਕਿ ਉਹ ਉਨ੍ਹਾਂ ਦਾ ਬੇਟਾ ਹੈ।

ਮੈਂ ਇਕ ਵਾਰ ਬੇਟੇ ਵੱਲ ਦੇਖਾਂ ਤੇ ਇਕ ਵਾਰ ਬੇਹੱਦ ਮਾਸੂਮ ਚਿਹਰੇ ਦੇ ਧਾਰਨੀ ਮਾਤਾ-ਪਿਤਾ ਵੱਲ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਮਾਤਾ-ਪਿਤਾ ਨੇ ਪੁੱਤਰ ਨੂੰ ਅਜਿਹੀ ਦਿੱਖ ਬਣਾਉਣ ਤੇ ਨਸ਼ਾ ਕਰਨ ਤੋਂ ਰੋਕਿਆ ਨਹੀਂ ਹੋਵੇਗਾ? ਜ਼ਰੂਰ ਰੋਕਿਆ ਹੋਵੇਗਾ ਪਰ ਲੜਕੇ ਦੀ ਸੋਚ ’ਤੇ ਬਿਮਾਰ ਕਲਮਾਂ ਦੇ ਗੀਤਾਂ ਦੇ ਬੋਲਾਂ ਦੇ ਅਸਰ ਅੱਗੇ ਮਾਤਾ-ਪਿਤਾ ਦੇ ਸਿੱਧਰੇ ਬੋਲਾਂ ਦੀ ਕੋਈ ਪੇਸ਼ ਨਹੀਂ ਚੱਲੀ ਹੋਵੇਗੀ। ਉਨ੍ਹਾਂ ਨੇ ਘਰ ਵਿਚ ਕਲੇਸ਼ ਤੋਂ ਡਰਦਿਆਂ ਦਿਲ ’ਤੇ ਪੱਥਰ ਰੱਖ ਲਿਆ ਹੋਵੇਗਾ। ਹੁਣ ਜਦ ਡਾਕਟਰ ਨੇ ਇਹ ਕਿਹਾ ਕਿ ਹੁਣ ਤਾਂ ਬਹੁਤ ਦੇਰ ਹੋ ਚੁੱਕੀ ਹੈ­, ਨਸ਼ੇ ਨਾਲ ਕਈ ਅੰਗ ਗਲ ਚੁੱਕੇ ਹਨ ਤਾਂ ਸੋਚੋ ਉਸ ਮਾਤਾ-ਪਿਤਾ ’ਤੇ ਕੀ ਬੀਤੀ ਹੋਵੇਗੀ? ਅੱਜ ਇਹ ਹਾਲਤ ਸਾਡੇ ਸਮਾਜ ਦੇ ਬਹੁਤ ਸਾਰੇ ਨੌਜਵਾਨਾਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਹੈ।

ਇਸ ਲਈ ਜ਼ਿੰਮੇਵਾਰ ਕੌਣ ਹੈ? ਜਵਾਬ ਹੈ ਬਿਮਾਰ ਕਲਮਾਂ। ਇਹ ਸਾਡੇ ਗਾਇਕਾਂ/ਗੀਤਕਾਰਾਂ ਦੀਆਂ ਬਿਮਾਰ ਕਲਮਾਂ ਦਾ ਹੀ ਨਤੀਜਾ ਸੀ, ਜਿਨ੍ਹਾਂ ਦੇ ਗੀਤਾਂ ਦਾ ਵਿਸ਼ਾ ਸਦਾ ਹਥਿਆਰ,­ ਸ਼ਰਾਬ,­ ਸਮੈਕ,­ ਚਿੱਟਾ, ਇਸ਼ਕ ਤੇ ਧੀਆਂ-ਭੈਣਾਂ ਨੂੰ ਨੀਵਾਂ ਦਿਖਾਉਣ ਵਾਲਾ ਹੁੰਦਾ ਹੈ। ਇਹ ਬਿਮਾਰ ਕਲਮਾਂ ਅਨੇਕਾਂ ਸਮਾਜਿਕ ਬੁਰਾਈਆਂ ਲਈ ਜ਼ਿੰਮੇਵਾਰ ਹਨ। ਕਿਸੇ ਵਿਦਵਾਨ ਦਾ ਕਥਨ ਹੈ ਕਿ ਕਿਸੇ ਸਮਾਜ ਦੇ ਭਵਿੱਖ ਦਾ ਪਤਾ ਉੱਥੋਂ ਦੇ ਨੌਜਵਾਨਾਂ ਦੀ ਜ਼ੁਬਾਨ ’ਤੇ ਮਕਬੂਲ ਹੋਏ ਗੀਤਾਂ ਤੋਂ ਲੱਗਦਾ ਹੈ। ਇਹ ਕਥਨ ਬਿਲਕੁਲ ਠੀਕ ਹੈ।

ਜਿਸ ਸਮਾਜ ਵਿਚ ਪੈਰਾਂ ਵਿਚ ਪਾਉਣ ਵਾਲੀ ਜੁੱਤੀ ਸੁੰਦਰ ਖਾਨਿਆਂ ਵਿਚ ਸਜੀ ਹੋਵੇ ਅਤੇ ਸਿਰ ਦੀ ਤਾਜ ਕਿਤਾਬ ਫੁੱਟਪਾਥ ’ਤੇ ਵਿਕਣ ਲਈ ਮਜਬੂਰ ਹੋਵੇ,­ ਉਸ ਸਮਾਜ ਦਾ ਪਤਨ ਯਕੀਨੀ ਹੈ। ਸਾਡੇ ਸਮਾਜ ਵਿਚ ਅਜਿਹਾ ਹੀ ਹੋ ਰਿਹਾ ਹੈ। ਇਸ ਦਾ ਕਾਰਨ ਤੰਦਰੁਸਤ ਕਲਮਾਂ ਦੀ ਘਾਟ ਹੈ। ਹਰ ਕੋਈ ਤੰਦਰੁਸਤ ਸਮਾਜ ਲਈ ਇੱਛੁਕ ਤਾਂ ਹੈ ਪਰ ਬੇਵੱਸ ਹੈ। ਕੋਈ ਰਾਹ ਨਹੀਂ ਦਿਸਦਾ। ਤੰਦਰੁਸਤ ਕਲਮਾਂ ਕੌਣ ਤੇ ਕਿਵੇਂ ਪੈਦਾ ਕਰੇ? ਇਹ ਸਵਾਲ ਬਿਮਾਰ ਸਮਾਜ ਲਈ ਚਿੰਤਕਾਂ ਦੇ ਸਾਹਮਣੇ ਨਿਰਉੱਤਰ ਖੜ੍ਹਾ ਹੈ। ਹਰ ਨਵੀਂ ਪੀੜ੍ਹੀ ਨਵਾਂ ਸਮਾਜ ਹੈ। ਸਮੇਂ ਦੇ ਨਾਲ ਹਰ ਸਮਾਜ ਵਿਚ ਤਬਦੀਲੀ ਹੁੰਦੀ ਹੈ। ਤਬਦੀਲੀ ਕੁਦਰਤ ਦਾ ਨਿਯਮ ਹੈ ਪਰ ਇਹ ਤਬਦੀਲੀ ਚੰਗੀ ਹੋਣੀ ਚਾਹੀਦੀ ਹੈ, ਮਾੜੀ ਨਹੀਂ। ਵੈਸੇ ਅਸੀਂ ਬੇਹੱਦ ਆਧੁਨਿਕ ਹੋ ਰਹੇ ਹਾਂ ਪਰ ਨੈਤਿਕ ਕਦਰਾਂ-ਕੀਮਤਾਂ ਤੋਂ ਬਗੈਰ ਇਹ ਕਿਹੋ ਜਿਹੀ ਆਧੁਨਿਕਤਾ ਹੈ ਕਿ ਹਰ ਕੋਈ ਢਿੱਡੋਂ ਜ਼ਿੰਦਗੀ ਜੀਣ ਦਾ ਇੱਛੁਕ ਨਹੀਂ­, ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੈ।

ਤਿੰਨ ਵਰਗ ਤੰਦਰੁਸਤ ਕਲਮਾਂ ਪੈਦਾ ਕਰ ਸਕਦੇ ਹਨ-ਸੁੱਘੜ ਲੇਖਕ,­ ਅਧਿਆਪਕ ਤੇ ਮਾਪੇ। ਹਰੇਕ ਪੰਜਾਬੀ,­ ਹਿੰਦੀ ਜਾਂ ਅੰਗਰੇਜ਼ੀ ਅਖ਼ਬਾਰ ਬੱਚਿਆਂ ਦਾ ਇਕ ਵੱਖਰਾ ਪੰਨਾ ਸ਼ੁਰੂ ਕਰੇ। ਕਈ ਅਖ਼ਬਾਰਾਂ ਅਜਿਹਾ ਕਰ ਵੀ ਰਹੀਆਂ ਹਨ। ਅੱਜ ਦੇ ਬਾਲ ਲੇਖਕ ਕੱਲ੍ਹ ਦੇ ਤੰਦਰੁਸਤ ਕਲਮਾਂ ਦੇ ਸ਼ਾਹ ਅਸਵਾਰ ਬਣਨਗੇ। ਅਖ਼ਬਾਰਾਂ ਨੂੰ ਭਵਿੱਖ ਵਿਚ ਚੰਗੀਆਂ ਕਲਮਾਂ ਦੀ ਘਾਟ ਨਹੀਂ ਰੜਕੇਗੀ। ਰਚਨਾ ਦੀ ਚੋਣ ਵਾਸਤੇ ਰਚਨਾ ਦੇ ਮਿਆਰ ਨੂੰ ਨਾ ਦੇਖਿਆ ਜਾਵੇ ਕਿਉਂਕਿ ਬਾਲ ਲੇਖਕਾਂ ਦੇ ਲਿਖਣ ਦਾ ਮਿਆਰ ਤਾਂ ਉਨ੍ਹਾਂ ਦੀ ਉਮਰ ਮੁਤਾਬਕ ਹੀ ਹੋਵੇਗਾ। ਸਕੂਲ ਦੇ ਅਧਿਆਪਕਾਂ/ਪ੍ਰਬੰਧਕਾਂ ਨੂੰ ਤਿਮਾਹੀ ਜਾਂ ਛਿਮਾਹੀ ਮੈਗਜ਼ੀਨ/ਸੋਵੀਨਾਰ ਪ੍ਰਕਾਸ਼ਿਤ ਕਰਨੇ ਚਾਹੀਦੇ ਹਨ, ਜਿਨ੍ਹਾਂ ਵਿਚ ਸਿਰਫ਼ ਵਿਦਿਆਰਥੀਆਂ ਦੀਆਂ ਰਚਨਾਵਾਂ ਹੀ ਹੋਣ।

ਇਸ ਦੇ ਖ਼ਰਚੇ ਲਈ ਵਿਦਿਆਰਥੀਆਂ ਕੋਲੋਂ ਪੈਸੇ ਇਕੱਠੇ ਕੀਤੇ ਜਾ ਸਕਦੇ ਹਨ ਜਾਂ ਕੋਈ ਫੁਟਕਲ ਫੰਡ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਵੈਸੇ ਵੀ ਤਾਂ ਸਕੂਲ ਵਿਦਿਆਰਥੀਆਂ ਦਾ ਮਹਿੰਗੇ ਪ੍ਰਾਜੈਕਟ ਆਦਿ ਬਣਵਾਉਣ ’ਤੇ ਖ਼ਰਚਾ ਕਰਵਾਉਂਦੇ ਹਨ। ਪ੍ਰਾਜੈਕਟ ਬਣਾਉਣ ਦਾ ਸੰਕਲਪ ਬਹੁਤ ਵਧੀਆ ਹੈ। ਜਿਸ ਨੇ ਵੀ ਇਸ ਰੁਝਾਨ ਦੀ ਸ਼ੁਰੂਆਤ ਕੀਤੀ ਹੈ ਅਸੀਂ ਉਸ ਦੀ ਸੋਚ ਦੀ ਦਾਦ ਦਿੰਦੇ ਹਾਂ। ਇਸ ਨਾਲ ਵਿਦਿਆਰਥੀਆਂ ਵਿਚ ਰਚਨਾਤਮਿਕ ਰੁਚੀ ਪੈਦਾ ਹੁੰਦੀ ਹੈ,­ ਮਾਨਸਿਕ ਵਿਕਾਸ ਹੁੰਦਾ ਹੈ। ਜੇ ਵਿਦਿਆਰਥੀ ਇਹ ਪ੍ਰਾਜੈਕਟ ਖ਼ੁਦ ਬਣਾਉਣ ਤਾਂ ਬਹੁਤ ਵਧੀਆ ਗੱਲ ਹੈ। ਅਕਸਰ ਵਿਦਿਆਰਥੀਆਂ ਦੇ ਮਿਆਰ ਨਾਲੋਂ ਪ੍ਰਾਜੈਕਟਾਂ ਦਾ ਮਿਆਰ ਵੱਡਾ ਹੋਣ ਕਾਰਨ ਇਹ ਪ੍ਰਾਜੈਕਟ ਸਿਰਫ਼ ਮਾਤਾ-ਪਿਤਾ ਦੀ ਕਸਰਤ ਬਣ ਕੇ ਰਹਿ ਗਏ ਹਨ। ਜ਼ਿਆਦਾਤਰ ਬੱਚੇ ਇਹ ਪ੍ਰਾਜੈਕਟ ਬਾਜ਼ਾਰੋਂ ਜਾਂ ਮਾਤਾ-ਪਿਤਾ ਕੋਲੋਂ ਬਣਵਾਉਂਦੇ ਹਨ। ਇਸ ਨਾਲ ਵਿਦਿਆਰਥੀਆਂ ਨੂੰ ਕੋਈ ਫ਼ਾਇਦਾ ਨਹੀਂ ਹੋ ਰਿਹਾ­।

ਉਨ੍ਹਾਂ ਦੀ ਰਚਨਾਤਮਿਕ ਰੁਚੀ ਵਿਚ ਵਾਧਾ ਨਹੀਂ ਹੋ ਰਿਹਾ। ਰਚਨਾਵਾਂ ਲਿਖਣ ਨਾਲ ਵਿਦਿਆਰਥੀਆਂ ਦੀ ਰਚਨਾਤਮਿਕ ਰੁਚੀ ਵੀ ਵਧੇਗੀ ਤੇ ਮਾਨਸਿਕ ਵਿਕਾਸ ਵੀ ਹੋਵੇਗਾ। ਉਹ ਇਕ=ਦੂਜੇ ਦੀਆਂ ਰਚਨਾਵਾਂ ਪੜ੍ਹਨਗੇ ਤਾਂ ਉਨ੍ਹਾਂ ਵਿਚ ਮੁਕਾਬਲਿਆਂ ਦੀ ਰੁਚੀ ਵੀ ਵਧੇਗੀ। ਵਿਦਿਆਰਥੀਆਂ ਨੂੰ ਪੜ੍ਹਨ ਦੀ ਆਦਤ ਪਵੇਗੀ। ਵਿਦਿਆਰਥੀ ਸਿਲੇਬਸ ਦੀਆਂ ਕਿਤਾਬਾਂ ਦੇ ਨਾਲ-ਨਾਲ ਹੋਰ ਚੰਗੀਆਂ ਕਿਤਾਬਾਂ ਵੀ ਪੜ੍ਹਨਗੇ। ਅਧਿਆਪਕਾਂ ਦਾ ਇਹ ਉਲਾਂਭਾ ਦੂਰ ਹੋ ਜਾਵੇਗਾ ਕਿ ਵਿਦਿਆਰਥੀ ਹਰ ਸਮੇਂ ਇੰਟਰਨੈੱਟ ’ਤੇ ਲੱਗੇ ਰਹਿੰਦੇ ਹਨ,­ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ। ਮਾਤਾ-ਪਿਤਾ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਚੰਗਾ ਲਿਖਣ ਤੇ ਪੜ੍ਹਨ ਲਈ ਪ੍ਰੇਰਿਤ ਕਰਦੇ ਰਹਿਣ। ਗਾਇਕਾਂ ਤੇ ਗੀਤਕਾਰਾਂ ਨੂੰ ਬੇਨਤੀ ਹੈ ਕਿ ਉਹ ਚੰਗਾ ਲਿਖਣ ਤੇ ਚੰਗਾ ਗਾਉਣ। ਸ਼ੋਹਰਤ ਜਾਂ ਪੈਸੇ ਪਿੱਛੇ ਸਮਾਜ ਨੂੰ ਹਨੇਰੇ ਵੱਲ ਨਾ ਧੱਕਣ। ਜਦ ਸਾਡੀ ਨੌਜਵਾਨ ਪੀੜ੍ਹੀ ਚੰਗਾ ਸੁਣੇਗੀ­, ਚੰਗਾ ਗਾਵੇਗੀ ਤਾਂ ਉਸ ਵਿਚ ਚੰਗਾ ਕਰਨ ਦੇ ਗੁਣ ਸੁਤੇ-ਸਿੱਧ ਪ੍ਰਵੇਸ਼ ਕਰ ਜਾਣਗੇ। ਜ਼ਿੰਦਗੀ ਦੀ ਅਸਲੀਅਤ ਦੀ ਸਮਝ ਆ ਜਾਵੇਗੀ।

ਬਿਮਾਰ ਕਲਮਾਂ ਪ੍ਰਤੀ ਇੰਨੇ ਸੁਚੇਤ ਹੋਣ ਦੀ ਲੋੜ ਹੈ ਕਿ ਸਮਾਜ ਵਿਚ ਇਕ ਵੀ ਬਿਮਾਰ ਕਲਮ ਪੈਦਾ ਨਾ ਹੋਵੇ। ਆਸਤਕ ਸਮਾਜ ਵਿਚ ਪੈਦਾ ਹੋਈ ਇਕ ਬਿਮਾਰ ਕਲਮ ਨੇ ਲਿਖਿਆ ਕਿ ਪਰਮਾਤਮਾ ਕਿਸੇ ਨੇ ਦੇਖਿਆ ਨਹੀ। ਇਸ ਲਈ­ ਉਸ ਨੂੰ ਮੰਨਿਆ ਵੀ ਨਾ ਜਾਵੇ। ਬਿਮਾਰ ਕਲਮਾਂ ਵਾਲੇ ਗੀਤਕਾਰ ਤੇ ਗਾਇਕ ਤੰਦਰੁਸਤ ਕਲਮਾਂ ਫੜਨ। ਉਹ ਇਹ ਨਾ ਭੁੱਲਣ ਕਿ ਉਨ੍ਹਾਂ ਦੇ ਬੱਚੇ,­ ਭੈਣ­-ਭਰਾ­ ਮਾਵਾਂ ਤੇ ਧੀਆਂ ਵੀ ਸਮਾਜ ਦਾ ਹਿੱਸਾ ਹਨ। ਬਿਮਾਰ ਸਮਾਜ ਨਾਲ ਉਹ ਵੀ ਬਿਮਾਰ ਹੋਣਗੇ। ਜੇ ਕਿਸੇ ਨੂੰ ਬਿਮਾਰ ਤੇ ਤੰਦਰੁਸਤ ਕਲਮ ਦੀ ਸਮਝ ਨਹੀਂ ਆਉਂਦੀ ਤਾਂ ਉਹ ਇਹ ਸੋਚ ਲਵੇ ਕਿ ਜੇ ਮੇਰਾ ਗੀਤ, ਮੇਰਾ ਬੱਚਾ,­ ਮੇਰੀ ਮਾਂ ਜਾਂ ਭੈਣ ਪੜ੍ਹੇ/ਸੁਣੇ ਤਾਂ ਉਸ ਨੂੰ ਚੰਗੀ ਸੇਧ ਮਿਲੇਗੀ ਜਾਂ ਮਾੜੀ। ਮੁੱਕਦੀ ਗੱਲ ਇਹ ਕਿ ਤੰਦਰੁਸਤ ਕਲਮਾਂ ਹੀ ਤੰਦਰੁਸਤ ਸਮਾਜ ਸਿਰਜ ਸਕਦੀਆਂ ਹਨ। ਸੋ, ਆਓ!­ ਸਾਰੇ ਰਲ ਕੇ ਤੰਦਰੁਸਤ ਕਲਮਾਂ ਦੀ ਸਿਰਜਣਾ ਲਈ ਯਤਨ ਕਰੀਏ।

Related Region
  • No comments yet.
  • Add a review