Article

ਇਸ ਲੇਖ ਦਾ ਸਬੰਧ ਮਹਾਰਾਜੇ ਦੀਆਂ ਫੇਰੀਆਂ ਜਾਂ ਯਾਤਰਾਵਾਂ ਨਾਲ ਹੈ ਜੋ ਉਸ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ/ ਕਰਾਉਣ ਲਈ ਤੇ ਇਸ਼ਨਾਨ ਜਾਂ ਦਾਨ ਲਈ ਸਮੇਂ ਸਮੇਂ ਕੀਤੀਆਂ। ਦਰਬਾਰ ਸਾਹਿਬ ਵਿਖੇ ਕੀਤਾ ਦਾਨ ਪੁੰਨ ਅੰਮ੍ਰਿਤਸਰ ਵਿਚ ਕੀਤੇ ਦਾਨ ਤੋਂ ਵਖ ਸੀ। ਯਾਤਰਾਵਾਂ ਸਮੇਂ ਦਰਬਾਰ ਸਾਹਿਬ ਮਥਾ ਟੇਕਦਿਆਂ ਦਿਤੇ ਚੜ੍ਹਾਵੇ ਜਾਂ ਅਰਦਾਸਾਂ ਦੇ ਵੇਰਵੇ ਜਿਸ ਤਰ੍ਹਾਂ ਉਮਦਾ ਅਤੇ ਤਵਾਰੀਖ ਵਿਚ ਦਿਤੇ ਗਏ ਹਨ, ਨੂੰ ਹੀ ਮੁਖ ਰੂਪ ਵਿਚ ਆਧਾਰ ਬਣਾ ਕੇ ਇਨ੍ਹਾਂ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਸਮਝਣ ਦਾ ਯਤਨ ਕੀਤਾ ਗਿਆ ਹੈ। ਤਵਾਰੀਖ ਦੇ ਦੂਜੇ ਤੇ ਤੀਜੇ ਦਫਤਰ ਦਾ ਇਸਤੇਮਾਲ ਕੀਤਾ ਗਿਆ। ਹਾਂ ਦਲੀਲਾਂ ਦੀ ਪ੍ਰੋੜ੍ਹਤਾ ਲਈ ਸਮਕਾਲੀ ਅੰਗਰੇਜ਼ੀ ਲਿਖਤਾਂ ਦਾ ਵੀ ਸਹਾਰਾ ਲਿਆ ਗਿਆ ਹੈ। ਵੇਰਵੇ 1802 ਈ ਤੋਂ ਸੁਰੂ ਹੁੰਦੇ ਹਨ ਤੇ ਅਧ ਅਪ੍ਰੈਲ 1839 ਤਕ ਦੇ ਹਨ। ਬੇਸ਼ਕ ਇਕ ਅੱਧਾ ਵੇਰਵਾ 1799 ਈ ਬਾਰੇ ਵੀ ਦਰਜ ਮਿਲਦਾ ਹੈ।

ਤਵਾਰੀਖ ਦੇ ਇੰਦਰਾਜ਼ਾਂ ਤੋਂ ਦਰਬਾਰ ਸਾਹਿਬ ਦੀ ਵਧ ਰਹੀ ਰਾਜਸੀ ਮਹਤਤਾ ਝਲਕਦੀ ਹੈ। ਇਸ ਤੋਂ ਬਿਨਾਂ ਮਹਾਰਾਜੇ ਦੀ ਪਤਲੀ ਪੈਂਦੀ ਸਰੀਰਕ ਅਵਸਥਾ ਤੇ ਸੋਹਨ ਲਾਲ ਸੂਰੀ ਦੀ ਇਤਿਹਾਸਕਾਰੀ ਦੇ ਵੀ ਦਰਸ਼ਨ ਹੁੰਦੇ ਹਨ। ਜਾਤੀ ਧਾਰਮਿਕ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਨਾਲ ਮਹਾਰਾਜੇ ਦੀਆਂ ਰਾਜਸੀ ਇਛਾਵਾਂ ਤੇ ਉਲਝਣਾਂ ਕਰਕੇ ਤੇਜ਼ੀ ਨਾਲ ਗਿਰ ਰਹੀ ਦੇਹ ਮਹਿਸੂਸ ਕੀਤੀ ਜਾ ਸਕਦੀ ਹੈ। ਅੰਗਰੇਜ਼ਾਂ ਦੀ ਤਿਖੀ ਦਿਲਚਸਪੀ ਵੀ ਨਜ਼ਰ ਆਊਂਦੀ ਹੈ। ਉਦਾਹਰਣ ਲਈ ਦਫਤਰ ਦੂਜੇ ਤੇ ਤੀਜੇ ਦੀ ਸਰਸਰੀ ਤੁਲਨਾ ਦਸਦੀ ਹੈ ਕਿ 1831 ਈ ਪਿਛੋਂ ਜਾਂ ਦਫਤਰ ਤੀਜੇ ਵਿਚ ਆਏ ਵੇਰਵੇ ਖੁਲ੍ਹੇ ਤੇ ਵਧੇਰੇ ਵਿਸਤ੍ਰਿਤ ਜਾਣਕਾਰੀ ਵਾਲੇ ਹਨ। ਯਾਤਰਾਵਾਂ ਦੀ ਗਿਣਤੀ ਵਧਦੀ ਹੈ। ਸਾਨੂੰ ਪਤਾ ਹੈ ਕਿ ਇਹ ਸਾਲ ਰੋਪੜ ਮੁਲਾਕਾਤ ਦਾ ਸੀ ਪਰ ਸਾਨੂੰ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਇਸੇ ਵਰ੍ਹੇ ਵੇਡ ਤਵਾਰੀਖ ਸੁਣਦਾ ਹੈ ਤੇ ਸੂਰੀ ਦੀ ਤਾਰੀਫ ਕਰਦਾ ਹੈ। ਇੰਝ 1831 ਤੋਂ ਬਾਅਦ ਤਵਾਰੀਖ ਵਿਚ ਦਰਬਾਰ ਸਾਹਿਬ ਦਾ ਆਇਆ ਵਧੇਰੇ ਜ਼ਿਕਰ ਇਸ ਗਲ ਦਾ ਸਬੂਤ ਹੈ ਕਿ ਅੰਗਰੇਜ਼ਾਂ ਦੀ ਦਿਲਚਸਪੀ ਹਰਮੰਦਰ ਸਾਹਿਬ ਜੀ ਨੂੰ ਹੀ ਨਹੀਂ ਸਗੋਂ ਸਿਖ ਇਤਿਹਾਸਕਾਰੀ ਨੂੰ ਵੀ ਪ੍ਰਭਾਵਤ ਕਰਦੀ ਹੈ।

ਯਾਤਰਾਵਾਂ ਦੇ ਤਵਾਰੀਖ ਵਿਚ ਆਏ ਚਿਤਰਣਾਂ ਦੀਆਂ ਅਨੇਕ ਵੰਨਗੀਆਂ ਹਨ। ਪਹਿਲੀ, ਲਾਹੌਰ ਤੇ ਅੰਮ੍ਰਿਤਸਰ ਦੀਆਂ ਜਿਤਾਂ ਵਿਚਕਾਰ ਛੇ ਸਾਲਾਂ ਦੌਰਾਨ ਰਣਜੀਤ ਸਿੰਘ ਦੋ ਵਾਰ ਹਰਮੰਦਰ ਆਏ। ਪਹਿਲਾਂ ਲਾਹੌਰ ਦੀ ਜਿਤ ਦਾ ਫਿਰ ਅੰਮ੍ਰਿਤਸਰ ਦੀ ਜਿਤ ਦਾ ਇਸ਼ਨਾਨ ਕੀਤਾ। ਸੂਰੀ ਦੇ ਇੰਦਰਾਜ ਅਤਿ ਸੰਖੇਪ ਹਨ। ਬੇਟ ਜਾਂ ਅਰਦਾਸ ਦੀ ਰਕਮ ਦਾ ਜ਼ਿਕਰ ਨਹੀਂ। ਇਸ ਤੋਂ ਵਖ 1805 ਈ ਦੇ ਅੰਤ ਵਿਚ ਹੁਲਕਰ ਤੇ ਲਾਰਡ ਲੇਕ ਵਾਲੀ ਘਟਨਾ ਦਾ ਵਿਸਤ੍ਰਿਤ ਹਵਾਲਾ ਹੈ। ਤਵਾਰੀਖ ਦਸਦੀ ਹੈ ਕਿ ਮਹਾਰਾਜੇ ਤੇ ਮਰਾਠੇ ਸਰਦਾਰ ਦੋਹਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਸਰਕਾਰ ਨੇ ਅੰਗਰੇਜ਼ਾਂ ਨਾਲ ਏਕਤਾ ਤੇ ਹੁਲਕਰ ਦਾ ਸਾਥ ਦੇਣ ਦਾ ਫੈਸਲ਼ਾ ਗੁਰੂ ਗ੍ਰੰਥ ਦੀ ਹਾਜ਼ਰੀ ਵਿਚ ਦੋ ਪਰਚੀਆਂ ਪਾ ਕੇ ਕੀਤਾ, ਹਾਲਾਂਕਿ ਇਸ ਫੈਸਲ਼ੇ ਦਾ ਡੇਰੇ ਦੇ ਕੁਝ ਵਿਅਕਤੀਆਂ ਵਲੋਂ ਵਿਰੋਧ ਵੀ ਹੋਇਆ। ਸਾਨੂੰ ਪਤਾ ਹੈ ਕਿ ਹੁਲਕਰ ਨੇ ਦਰਬਾਰ ਸਾਹਿਬ ਨਕਦੀ ਭੇਟਾ ਕੀਤੀ ਤੇ ਧਰਮ ਦਾ ਵਾਸਤਾ ਪਾਇਆ।

ਦੂਸਰੀ, 1806 ਈ ਦੀ ਇੰਦਰਾਜ ਹੈ ਕਿ ਮਹਿਤਾਬ ਕੌਰ ਦੇ ਘਰ ਸ਼ੇਰ ਸਿੰਘ ਦੇ ਪੈਦਾ ਹੋਣ ਦੀ ਖਬਰ ਸੁਣ ਕੇ ਸਰਕਾਰ ਤੇਜ਼ ਰਫਤਾਰ ਘੋੜੇ ਤੇ ਸਵਾਰ ਹੋ ਕੇ ਅੰਮ੍ਰਿਤਸਰ ਜਾ ਪੁਜੇ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਬੇਹਦ ਖੁਸ਼ ਹੋਏ। ਹੈਨਰੀ ਪਿਸੰਪ ਦਾ ਸ਼ੇਰ ਸਿੰਘ ਦੇ ਜਨਮ ਬਾਰੇ ਬਿਊਰਾ ਅਫਵਾਹ ਤੋਂ ਵਧ ਮਹਿਜ਼ ਪ੍ਰਾਪੇਗੰਡਾ ਸੀ। ਪਿੰਸਪ ਦਾ ਕਥਨ ਹੈ ਕਿ ਸ਼ੇਰ ਸਿੰਘ ਮਹਾਰਾਜੇ ਦਾ ਸਪੁਤਰ ਨਹੀਂ ਸੀ।

ਤੀਸਰਾ, 1807 ਤੇ 1811 ਈ ਦੇ ਪੰਜ ਸਾਲਾਂ ਬਾਰੇ ਸੂਰੀ ਫਿਰ ਖਾਮੋਸ਼ ਹੈ। 1807 ਨੂੰ ਮਹਾਰਾਜੇ ਨੇ ਮਾਘੀ ਤੇ ਇਸ਼ਨਾਨ ਜ਼ਰੂਰ ਕੀਤਾ। 1808 ਤੇ 1809 ਦੇ ਰਾਜਨੀਤਕ ਮਹਤਵਪੂਰਨ ਸਮੇਂ ਪਖੋਂ ਦਰਬਾਰ ਸਾਹਿਬ ਬਾਰੇ ਤਵਾਰੀਖ ਚੁਪ ਹੈ। ਚਾਰਲਸ ਮੈਟਕਾਫ ਤੇ ਹੋਰ ਅੰਗਰੇਜ਼ੀ ਲੇਖਕ ਦਸਦੇ ਹਨ ਕਿ ਕੰਪਨੀ ਕਿਸ ਤਰ੍ਹਾਂ ਮਹੰਤਾਂ, ਪੁਜਾਰੀਆਂ ਅਕਾਲੀਆਂ ਵਰਗੇ ਸਿਖ ਧਾਰਮਿਕ ਵਰਗਾਂ ਨੂੰ ਖੁਸ਼ ਕਰਨ ਲਈ ਸਰਗਰਮ ਸੀ। ਜੋਨਜ ਨੇ 1808 ਈ ਵਿਚ ਹਰਮੰਦਰ ਜੀ ਦੇ ਨੌਜੀ ਪੁਜਾਰੀਆਂ ਗ੍ਰੰਥੀਆਂ ਦੀ ਗਿਣਤੀ 500-600 ਦਿਤੀ ਹੈ। ਮੈਟਕਾਫ ਨੇ 2600 ਤੋਂ ਵਧ ਰੁਪਏ ਦਰਬਾਰ ਸਾਹਿਬ ਵਿਚ ਖਰਚੇ। ਉਸ ਨੇ ਗਵਰਨਰ ਜਰਨਲ ਨੂੰ ਲਿਖਿਆ ਕਿ ਸਿਖਾਂ ਉਪਰ ਚੰਗਾ ਪ੍ਰਭਾਵ ਪਾਉਣ ਦਾ ਇਕ ਤਰੀਕਾ ਇਹ ਵੀ ਸੀ।

ਚੌਥਾ, 1812 ਈ ਤੋਂ ਮਹਾਰਾਜੇ ਦੀਆਂ ਯਾਤਰਾਵਾਂ ਦੀ ਗਿਣਤੀ ਵਧਦੀ ਚਲੀ ਜਾਂਦੀ ਹੈ। ਸ਼ਹਿਜਾਦੇ ਦੀ ਸ਼ਾਦੀ, ਦੀਵਾਲੀ, ਮਾਘੀ ਤੇ ਤਾਰਾਗੜ੍ਹ ਦੇ ਕਿਲ੍ਹੇ ਨੂੰ ਜਿਤ ਕੇ ਰਣਜੀਤ ਸਿੰਘ ਨੇ ਦਰਸ਼ਨ ਇਸ਼ਨਾਨ ਕੀਤੇ। 1813 ਵਿਚ ਅਟਕ ਦੀ ਜਿਤ ਤੇ 1814 ਵਿਚ ਮੋਹਕਮ ਚੰਦ ਦੇ ਚਲਾਣੇ ਬਾਅਦ ਵੀ ਇਸ਼ਨਾਨ ਦਾ ਜ਼ਿਕਰ ਹੈ। 1815 ਵਿਚ ਖਾਲਸਾ ਜੋਧ ਸਿੰਘ ਰਾਮਗੜ੍ਹੀਆ ਦੇ ਚਲਾਣੇ ਬਾਅਦ ਇਸ਼ਨਾਨ ਹੈ। 1815 ਵਿਚ ਖਾਲਸਾ ਜੋਧ ਸਿੰਘ ਰਾਮਗੜ੍ਹੀਆ ਦੇ ਚਲਾਣੇ ਬਾਅਦ ਇਸ਼ਨਾਨ ਦਾ ਵੇਰਵਾ ਵੀ ਹੈ। 1816 ਦੀ ਏਕਾਦਸੀ ਤੇ ਖੜ੍ਹਕ ਸਿੰਘ ਨੂੰ ਰਾਜ ਤਿਲਕ ਦੇ ਦਰਸ਼ਨ ਇਸ਼ਨਾਨ ਕਰਨ ਦਾ ਜ਼ਿਕਰ ਹੈ।

1817 ਈ ਦੀ ਵਿਸਾਖੀ ਨੂੰ ਤੇ ਫਿਰ ਨੂਰਪੁਰ ਕਿਲ੍ਹੇ ਦੀ ਫਤਹਿ ਤੇ ਇਸ਼ਨਾਨ ਕੀਤੇ। ਫਤਿਹ ਇਸ਼ਨਾਨ ਵੇਲੇ ਪੰਜ ਹਜ਼ਾਰ ਰੁਪਏ ਹਰਮੰਦਰ ਜੀ ਨੂੰ ਭੇਟ ਕੀਤੇ ਗਏ। ਪਹਿਲੀ ਵਾਰ ਤਵਾਰੀਖ ਆਖਦੀ ਹੈ ਕਿ ਸਰਕਾਰ ਨੂੰ ਅਜਿਹੇ ਇਸ਼ਨਾਨ "ਸਾਰੇ ਮਾਲੀ ਤੇ ਮੁਲਕੀ ਮਾਮਲਿਆਂ ਨਾਲੋਂ ਵਾਜਬ ਉਤਮ ਲਗਦੇ ਹਨ"। ਜ਼ਿਕਰਯੋਗ ਹੈ ਕਿ ਇਸ ਵਰ੍ਹੇ ਨੂੰ ਅੰਗਰੇਜ਼ੀ ਹਲਕੇ ਮਹਾਰਾਜੇ ਦੀ ਸਿਹਤ ਲਈ ਸਹੀ ਨਹੀਂ ਮੰਨਦੇ। ਇਸ ਵਰ੍ਹੇ ਉਹ ਕਿਸੇ ਮੁਹਿੰਮ ਤੇ ਨਹੀਂ ਨਿਕਲੇ।

ਛੇਵਾਂ 1818 ਤੋਂ ਬਾਅਦ ਤਵਾਰੀਖ ਹਰਮੰਦਰ ਸਾਹਿਬ ਦੇ ਨਾਲ ਨਾਲ ਅਕਾਲ ਬੁੰਗੇ ਦਾ ਜ਼ਿਕਰ ਕਰਦੀ ਹੈ। ਪੁਜਾਰੀਆਂ ਲਈ ਦੂਸਰਾ ਸਬਦ ਅਕਾਲੀ ਹੈ। ਇਸ ਸਾਲ ਮਹਾਰਾਜੇ ਨੇ ਚਾਰ ਵਾਰ ਯਾਤਰਾ ਕੀਤੀ।

ਸੱਤਵਾਂ, 1819 ਈ ਦੀ ਪਹਿਲੀ ਫੇਰੀ ਸਮੇਂ ਸਰਕਾਰ ਨੇ 500 ਰੁਪਏ ਦਰਬਾਰ ਸਾਹਿਬ ਨੂੰ ਚੜ੍ਹਾਵੇ ਵਜੋਂ ਤੇ ਇੰਨੇ ਹੀ ਗ੍ਰੰਥ ਜੀ ਨੂੰ ਭੇਟ ਕੀਤੇ। ਦੂਸਰੀ ਯਾਤਰਾ ਸਮੇਂ ਇੰਨੀ ਹੀ ਰਕਮ ਦਰਬਾਰ ਸਾਹਿਬ ਤੇ ਅਕਾਲੀ ਬੁੰਗੇ ਚੜ੍ਹਾਈ ਗਈ। ਤੀਸਰੀ ਵਾਰ ਕਸ਼ਮੀਰ ਦੀ ਜਿਤ ਤੇ 1000 ਰੁਪਏ ਦਰਬਾਰ ਜੀ ਤੇ ਅਕਾਲ ਬੁੰਗੇ ਅਰਦਾਸ ਕੀਤੇ ਗਏ।

ਅੱਠਵਾਂ, 1820 ਈ ਦੀ ਇਕਲੀ ਇੰਦਰਾਜ ਵਿਚ ਪਹਿਲੀ ਵਾਰ ਮਹਾਰਾਜੇ ਦੀ ਸਿਹਤ ਦਾ ਜ਼ਿਕਰ ਹੈ। ਸਿਹਤ ਸੁਕਰਾਨੇ ਵਜੋਂ ਉਨ੍ਹਾਂ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ। 1000 ਰੁਪਏ ਦਰਬਾਰ ਸਾਹਿਬ ਤੇ 500 ਰੁਪਏ ਅਕਾਲ ਬੁੰਗੇ ਤੇ ਗ੍ਰੰਥ ਜੀ ਨੂੰ ਅਰਦਾਸ ਕੀਤੇ।

ਨੌਵਾਂ, 1827 ਈ ਨੂੰ ਰਾਜਾ ਧਿਆਨ ਸਿੰਘ ਨੇ ਵੇਡ ਨੂੰ ਹਰਮੰਦਰ ਦੇ ਦਰਸ਼ਨ ਕਰਵਾਏ। ਵੇਡ ਸਾਹਿਬ ਪਹਿਲਾਂ ਅਕਾਲ ਬੁੰਗੇ ਗਏ ਤੇ ਸਵਾ ਪੰਜ ਸੌ ਰੁਪਏ ਦੀ ਅਰਦਾਸ ਕਰਵਾਈ।

ਦਸਵਾਂ , 1828 ਈ ਤੋਂ ਮਹਾਰਾਜੇ ਦੀਆਂ ਯਾਤਰਾਵਾਂ ਵਿਚ ਵਾਧਾ ਹੁੰਦਾ ਹੈ। ਦਰਬਾਰ ਸਾਹਿਬ ਦੇ ਪੂਜਾ ਸਥਾਨ, ਜਿਨ੍ਹਾਂ ਤੇ ਉਹ ਜਾਂਦੇ ਹਨ, ਵੀ ਗਿਣਤੀ ਵਿਚ ਵਧ ਜਾਂਦੇ ਹਨ। ਅਕਾਲ ਬੁੰਗੇ ਨਾਲ ਝੰਡੇ ਬੁੰਗੇ ਦਾ ਵੀ ਹਵਾਲਾ ਸੁਰੂ ਹੁੰਦਾ ਹੈ। ਸੰਗਰਾਂਦ ਦੇ ਇਸ਼ਨਾਨ ਵਧਦੇ ਹਨ। 1829 ਈ ਸਰਕਾਰ ਪੰਜ ਵਾਰ ਦਰਬਾਰ ਸਾਹਿਬ ਗਏ। 1830 ਵਿਚ ਤੁਲਾਦਾਨ ਕੀਤਾ।

1828 ਈ ਨੂੰ ਮਹਾਰਾਜੇ ਨੇ ਦਰਬਾਰ ਸਾਹਿਬ ਵਿਚ ਆਪਣੇ ਪ੍ਰਬੰਧਕ ਬਦਲੇ। ਭਾਈ ਸੰਤ ਸਿੰਘ ਦੀ ਥਾਂ ਭਾਈ ਹਰਜਸ ਰਾਏ ਦੇ ਪੁਤਰਾਂ ਭਾਈ ਰਾਮ ਸਿੰਘ ਤੇ ਗੋਬਿੰਦ ਰਾਮ ਨੂੰ ਨਿਯੁਕਤ ਕੀਤਾ ਕਿਉਂਕਿ ਪੁਰਾਣੇ ਭਾਈਆਂ ਸੋਢੀਆਂ ਤੇ ਬੇਦੀਆਂ ਰਾਹੀਂ ਦਾਨ ਪੁੰਨ ਕੇਵਲ ਅਮੀਰਾਂ ਤੇ ਲੋੜਵੰਦਾਂ ਤੇ ਹੀ ਖਰਚ ਹੁੰਦਾ ਸੀ, ਗਰੀਬਾਂ ਤਕ ਨਹੀਂ ਪੁਜਦਾ ਸੀ।

9 ਜੁਲਾਈ, 1831 ਨੂੰ ਮਹਾਰਾਜੇ ਨੇ ਗ੍ਰੰਥ ਜੀ ਤੋਂ ਫਿਰ ਪੁਛਿਆ ਲਈ। ਤਵਾਰੀਖ ਗਵਾਹ ਹੈ ਕਿ ਹੁਲਕਰ ਵਾਲਾ ਫੈਸਲ਼ਾ ਵੀ ਇੰਜ ਹੀ ਲਿਆ ਗਿਆ ਸੀ। ਅਗਸਤ ਦੇ ਅਧ ਵਿਚ ਮਹਾਰਾਜੇ ਨੇ ਆਪ ਐਲਗਜੈਂਡਰ ਬਰਨਸ਼ ਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਕਰਵਾਏ। ਅਕਾਲੀਆਂ ਤੋਂ ਹਿਫਾਜ਼ਤ ਜ਼ਰੂਰੀ ਸੀ। ਇਸ ਮੌਕੇ ਵਡੀ ਗਿਣਤੀ ਵਿਚ ਲੋਕ ਦਰਬਾਰ ਸਾਹਿਬ ਅੰਦਰ ਆ ਗਰੇ ਸਨ। ਮਹਾਰਾਜਾ ਕਈ ਦਿਨ ਅੰਮ੍ਰਿਤਸਰ ਟਿਕੇ ਰਹੇ।

1832 ਈ ਦੀਆਂ ਫੇਰੀਆਂ ਦੋ ਗਲਾਂ ਕਾਰਨ ਦਿਲਚਸਪ ਹਨ। ਪਹਿਲਾ, ਅਰਦਾਸ ਦੀ ਰਕਮ ਵਿਚ ਅਸ਼ਰਫੀਆਂ ਸ਼ਾਮਲ ਕੀਤੀਆਂ ਗਈਆਂ। ਦੂਜਾ ਲੋਕਾਂ ਪ੍ਰਤੀ ਮਹਾਰਾਜਾ ਵਧੇਰੇ ਸੰਵੇਦਨਸ਼ੀਲ ਹੋ ਗਏ। ਉਨ੍ਹਾਂ ਵਿਸਾਖੀ ਇਸ਼ਨਾਨ ਕੀਤਾ ਕਿਉਂਕਿ ਇਸ ਮੌਕੇ ਲੋਕ ਵਡੀ ਗਿਣਤੀ ਵਿਚ ਇਕਤਰ ਹੁੰਦੇ ਹਨ। ਇਕ ਫੇਰੀ ਦੌਰਾਨ ਸਰਕਾਰ ਨੇ ਘੰਟਾ ਭਰ ਗ੍ਰੰਥ ਜੀ ਨੂੰ ਸੁਣਿਆ। ਗ੍ਰੰਥ ਜੀ ਦੀ ਵਧਦੀ ਮਹਤਤਾ ਇੰਝ ਵੀ ਮਹਸੂਸ ਕੀਤੀ ਜਾ ਸਕਦੀ ਹੈ ਕਿ ਜੁਲਾਈ ਦੀ ਫੇਰੀ ਸਮੇਂ ਮਹਾਰਾਜੇ ਨੇ 125 ਰੁਪਏ ਗ੍ਰੰਥ ਨੂੰ ਉਂਝ ਹੀ ਭੇਟ ਕੀਤੇ ਗਏ। ਇਸ ਤੋਂ ਅੰਮ੍ਰਿਤਸਰ ਦੀ ਲੋਕਾਂ ਦੀ ਵਧ ਰਹੀ ਮਹਤਤਾ ਵੀ ਨਜ਼ਰ ਆਉਂਦੀ ਹੈ, ਜਦ ਨਵੰਬਰ 1833 ਈ ਦੀ ਇਕ ਫੇਰੀ ਸਮੇਂ ਮਹਾਰਾਜੇ ਨੇ ਆਪਣਾ ਸੁਹਣੇ ਮੋਤੀਆਂ ਦਾ ਹਾਰ ਗ੍ਰੰਥ ਜੀ ਨੂੰ ਮਥਾ ਟੇਕ ਦਿਤਾ।

1835 ਈ ਨੂੰ 11,000 ਰੁਪਏ ਹਰਮੰਦਰ ਦੀ ਪਰਕਰਮਾ ਪਕਿਆਂ ਕਰਨ ਲਈ ਭੇਜੇ ਗਏ। ਅਕਤੂਬਰ ਦੀ ਫੇਰੀ ਸਮੇਂ 500 ਅਸ਼ਰਫੀਆਂ ਸੋਨ ਪਤਰੇ ਚੜ੍ਹਾਉਣ ਲਈ ਭੇਟ ਕੀਤੀਆਂ। ਇਸ ਸਮੇਂ ਮਹਾਰਾਜੇ ਦੇ ਸਟਾਫ ਵਲੋਂ ਤੇ ਖੁਦ ਸਰਕਾਰ ਨੇ ਅਨੇਕ ਸੁਗਾਤਾਂ ਗ੍ਰੰਥ ਜੀ ਨੂੰ ਭੇਟ ਕੀਤੀਆਂ। ਇਸ ਸਮੇਂ ਮਹਾਰਾਜੇ ਦੇ ਸਟਾਫ ਵਲੋਂ ਤੇ ਖੁਦ ਸਰਕਾਰ ਨੇ ਅਨੇਕ ਸੁਗਾਤਾਂ ਗ੍ਰੰਥ ਜੀ ਨੂੰ ਭੇਟ ਕੀਤੀਆਂ। ਇਨ੍ਹਾਂ ਵਿਚ 100 ਰੁਮਾਲੇ ਤੇ ਮਹਾਰਾਜੇ ਦੇ 2500 ਰੁਪਏ ਨਕਦ ਸਨ। ਇਸ ਵਰ੍ਹੇ ਦੀਵਾਲੀ ਨੂੰ 511 ਅਸ਼ਰਫੀਆਂ ਵੀ ਭੇਟ ਕੀਤੀਆਂ ਗਈਆਂ।

ਗਿਆਰਵਾਂ, 1836 ਈ ਦੇ ਸੁਰੂ ਵਿਚ ਅੰਗਰੇਜ਼ ਮਹਿਮਾਨਾਂ ਨੇ ਦਰਬਾਰ ਸਹਿਬ ਦੇ ਦਰਸ਼ਨ ਕੀਤੇ। 1835 ਈ ਵਿਚ ਦਰਬਾਰ ਸਾਹਿਬ ਦੀ ਸਜਾਵਟ ਦਾ ਇਹ ਵੀ ਕਾਰਨ ਸੀ। ਜਨਵਰੀ ਵਿਚ ਸਰਦਾਰ ਲਹਿਣਾ ਸਿੰਘ ਮਜੀਠੀਆ ਨੂੰ ਹੁਕਮ ਹੋਇਆ ਕਿ ਬੈਰਨ ਹੁਗਲ ਦੀ ਫੇਰੀ ਦਾ ਉਹ ਆਪ ਪ੍ਰਬੰਧ ਕਰੇ ਤਾਂ ਕਿ ਨਿਹੰਗ ਜਾਂ ਕੋਈ ਹੋਰ ਸ਼ਰਾਰਤ ਨਾ ਕਰਨ। 1837 ਈ ਵਿਚ ਉਨ੍ਹਾਂ ਪੰਜ ਵਾਰ ਦਰਸ਼ਨ ਇਸ਼ਨਾਨ ਕੀਤੇ।

ਬਾਰ੍ਹਵਾਂ, 1838 ਈ ਵਿਚ ਮਹਾਰਾਜੇ ਨੇ ਆਪਣੇ ਜੀਵਨ ਦੀਆਂ ਸਭ ਤੋਂ ਵਧ ਫੇਰੀਆਂ ਦਰਬਾਰ ਸਾਹਿਬ ਪਾਈਆਂ। ਇਕ ਦਰਜਨ ਤੋਂ ਵਧ ਵਾਰ ਭੇਟ ਅਰਦਾਸਾਂ ਕੀਤੀਆਂ ਗਈਆਂ। ਜਨਵਰੀ ਅਪ੍ਰੈਲ ਦੌਰਾਨ ਸੋਨੇ ਦੇ ਘਵੇ ਚੜ੍ਹਾਏ ਗਏ। 1839 ਦੀ ਭਜ ਨਸ ਉਨ੍ਹਾਂ ਦੇ ਅਚਾਨਕ ਅੰਤ ਲਈ ਜ਼ਿੰਮੇਵਾਰ ਸੀ। ਲਾਟ ਨੇ 11,250 ਰੁਪਏ ਦਰਬਾਰ ਜੀ ਨੂੰ ਭੇਟ ਕੀਤੇ। ਇਥੇ ਆਕਲੈਂਡ ਨੇ ਦੋਹਾਂ ਸਰਕਾਰਾਂ ਵਿਚਕਾਰ ਦੋਸਤੀ ਲਈ ਹਥ ਬੰਨ੍ਹ ਕੇ ਪ੍ਰਾਰਥਨਾ ਕੀਤੀ। ਫਿਰ ਦੋਵੇਂ ਸਰਕਾਰਾਂ ਸ਼ੁਕਰਚਕੀਆਂ ਬੁੰਗੇ ਗਈਆਂ ਤੇ ਸਾਂਝੈ ਦਰਸ਼ਨ ਜਨਤਾ ਨੂੰ ਦਿਤੇ।

5 ਫਰਵਰੀ, 1839 ਨੂੰ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਸ਼ਿਕਵਾ ਕੀਤਾ ਕਿ ਉਸ ਵਲੋਂ ਦੀਪਮਾਲਾ ਤੇ ਕੀਤਾ ਗਿਆ ਖਰਚ ਸਰਕਾਰ ਨੇ ਪੂਰਾ ਨਹੀਂ ਕੀਤਾ। ਨਿਰਸੰਦੇਹ ਆਕਲੈਂਡ ਦੀ ਨੀਤੀ ਤੇ ਦੌਰਾ ਮਹਾਰਾਜੇ ਲਈ ਫਜ਼ੂਲ ਬੋਝ ਵਾਂਗ ਸੀ। ਸਿਖਾਂ ਨੂੰ ਅਫਗ਼ਾਨਿਸਤਾਨ ਖਿਲਾਫ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਸੀ।

17 ਦਸੰਬਰ 1838 ਤੋਂ 7 ਮਾਰਚ, 1839 ਤਕ ਮਹਾਰਾਜੇ ਵਲੋਂ ਦਰਬਾਰ ਸਾਹਿਬ ਦੀ ਯਾਤਰਾ ਦਾ ਕੋਈ ਜ਼ਿਕਰ ਨਹੀਂ। 8 ਮਾਰਚ ਨੂੰ ਉਨ੍ਹਾਂ ਹਰਮੰਦਰ ਦੇ ਦਰਸ਼ਨ ਕੀਤੇ। 23 ਮਾਰਚ ਨੂੰ ਪਹਿਲਾਂ ਆਪਣੇ ਬੁੰਗੇ ਆ ਕੇ ਸਾਹ ਲਿਆ। ਫੇਰ ਕਾਸ ਕਿਸ਼ਤੀ ਰਾਹੀਂ ਹਰ ਕੀ ਪਾਉੜੀ ਹੋ ਕੇ ਦਰਬਾਰ ਸਾਹਿਬ ਗੁਰਬਾਣੀ ਸੁਣੀ ਤੇ 525 ਰੁਪਏ ਅਰਦਾਸ ਕਰਾਈ। 250 ਰੁਪਏ ਅਕਾਲ ਬੁੰਗੇ ਭੇਟ ਕੀਤੇ। 9 ਅਪ੍ਰੈਲ ਨੂੰ ਭਾਈ ਗੁਰਮੁਖ ਸਿੰਘ ਲਾਹੌਰ ਚੜ੍ਹਾਵਾ ਲੈ ਕੇ ਆਇਆ। ਤਵਾਰੀਖ ਦੇ ਇੰਦਰਾਜ ਅਤਿਅੰਤ ਸੰਖੇਪ ਹਨ। ਕਹਾਣੀ ਆਪਣੇ ਅੰਤ ਨੂੰ ਪਹੁੰਚ ਰਹੀ ਸੀ।

  • No comments yet.
  • Add a review